ਦਲੀਪ ਕੁਮਾਰ ਦਾ ਭਰਾ ਅਤੇ ‘ਮਜ਼ਦੂਰ’ ਦੀ ਮਹਿਮਾ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਦੇਵਧਰ ਹਾਲ ਜਿੱਥੇ ‘ਇਪਟਾ’ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦੀਆਂ ਰਿਹਰਸਲਾਂ ਹੁੰਦੀਆਂ ਸਨ, ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਗੋਸ਼ਟੀਆਂ ਦਾ ਕੇਂਦਰ ਵੀ ਸੀ। ਪ੍ਰਗਤੀਸ਼ੀਲ ਲੇਖਕ ਸੰਘ ਨੇ ਪ੍ਰਗਤੀਸ਼ੀਲ ਵਿਚਾਰਾਂ ਦੀ ਕਿਤਨੀ ਕੁ ਸੇਵਾ ਅਤੇ ਕਿਤਨੀ ਕੁ ਕੁ-ਸੇਵਾ ਕੀਤੀ ਹੈ, ਇਸ ਦਾ ਹਿਸਾਬ ਮੈਂ ਅਜੇ ਤੱਕ ਨਹੀਂ ਲਾ ਸਕਿਆ ਪਰ ਉਹਨਾਂ ਦੀਆਂ ਮਿਲਣੀਆਂ ਵਿਚ ਕੁਝ ਸੂਝਵਾਨ ਤੇ ਦਿਲ ਦੇ ਚੰਗੇ ਬੰਦਿਆਂ ਨਾਲ ਮੇਰੀ ਜਾਣ-ਪਛਾਣ ਹੋਈ ਜਿਨ੍ਹਾਂ ਵਿਚੋਂ ਇਕ ਸੀ ਅਯੂਬ ਖਾਨ, ਫਿਲਮ ਸਟਾਰ ਦਲੀਪ ਕੁਮਾਰ ਦਾ ਵੱਡਾ ਵੀਰ ਜੋ ਹੁਣ ਇਸ ਸੰਸਾਰ ਵਿਚ ਨਹੀਂ।
ਅਯੂਬ ਪੱਛਮੀ ਪਹਿਰਾਵੇ ਦੀ ਥਾਂ ਦੁੱਧ-ਚਿੱਟੀ ਸਲਵਾਰ-ਕਮੀਜ਼ ਪਾਣ ਦਾ ਸ਼ੌਕੀਨ ਸੀ। ਵੇਖਣ ਵਿਚ ਨਸੀਫ, ਬੀਬਾ, ਮਲੂਕੜਾ ਜਿਹਾ। ਸਿਹਤ ਨਿੱਕਿਆਂ ਹੁੰਦਿਆਂ ਤੋਂ ਕਮਜ਼ੋਰ ਰਹੀ ਸੀ। ਉਮਰ ਦੇ ਸਤਾਈਵੇਂ ਸਾਲ ਵਿਚ ਹੀ ਮਾੜਾ ਜਿਹਾ ਉੜ ਕੇ ਤੁਰਦਾ ਸੀ। ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਂਦਾ ਸੀ ਜਿਨ੍ਹਾਂ ਵਿਚੋਂ ਹਰ ਚੀਜ਼ ਨੂੰ ਬੜੇ ਧਿਆਨ ਤੇ ਅਸਚਰਜ ਨਾਲ ਵੇਖਦਾ, ਜਿਵੇਂ ਭਰੋਸਾ ਨਾ ਹੋਵੇ ਕਿ ਵੇਖਣ ਦੀ, ਕਿਤਨੀ ਕੁ ਮੁਹਲਤ ਮਿਲੀ ਹੈ। ਮੋਟੇ-ਮੋਟੇ ਬੁੱਲ੍ਹਾਂ ਵਿਚੋਂ ਉਸ ਦਾ ਹਾਸਾ ਇੰਜ ਫੁਟਦਾ ਸੀ, ਜਿਵੇਂ ਕਿਸੇ ਇਕ ਗੱਲ ਉਤੇ ਨਹੀਂ, ਪੂਰੀ ਕਾਇਨਾਤ ਉਤੇ ਹੱਸ ਰਿਹਾ ਹੋਵੇ। ਉਸ ਦੇ ਸ਼ਾਹ-ਕਾਲੇ ਵਾਲ ਘਣੇ ਤੇ ਘੁੰਗਰਿਆਲੇ ਸਨ। ਉਹਨਾਂ ਨੂੰ ਉਹ ਬੜਾ ਸੁਆਰ ਕੇ ਰੱਖਦਾ ਸੀ। ਰਿੰਦੀ ਤੇ ਖਬਤੁਲਵਾਸ ਲੇਖਕੀ ਮਾਹੌਲ ਵਿਚ ਉਸ ਦੀ ਸਵੱਛਤਾ ਤੇ ਕਾਇਦੇਦਾਰੀ ਖਾਹ-ਮਖਾਹ ਧਿਆਨ ਖਿੱਚ ਲੈਂਦੀ ਸੀ। ਸ਼ਾਇਦ ਇਹੋ ਸਾਡੀ ਦੋਸਤੀ ਦਾ ਬੁਨਿਆਦੀ ਕਾਰਨ ਬਣੀ। ਅਯੂਬ ਦਾ ਘਰ ਵੀ ਪਾਲੀ ਹਿਲ ਉੱਤੇ ਸੀ – ਚੇਤਨ ਦੇ ਘਰ ਦੇ ਬਿਲਕੁਲ ਨਜ਼ਦੀਕ। ਉਸ ਦੇ ਵਾਲਿਦ ਕਰਾਫੋਰਡ ਮਾਰਕਿਟ ਵਿਚ ਫਲਾਂ ਦਾ ਕਾਰੋਬਾਰ ਕਰਦੇ ਸਨ। ਚਿਰਾਂ ਤੋਂ ਪਿਸ਼ੌਰ ਤੋਂ ਆ ਕੇ ਬੰਬਈ ਵਿਚ ਵੱਸੇ ਹੋਏ, ਅਣਖ ਵਾਲੇ, ਗਰੀਬ ਨਵਾਜ਼, ਤੇ ਮਿਲਣਸਾਰ ਬਜ਼ੁਰਗ ਸਨ। ਉਹਨਾਂ ਦਾ ਪਰਵਾਰ ਪੂਰੀ ਤਰ੍ਹਾਂ ਆਪਣੀ ਪੰਜਾਬੀ ਰਹਿਤ ਦਾ ਪਾਬੰਦ ਸੀ।
ਉਹ ਅਯੂਬ ਨੂੰ ਬਹੁਤ ਪਿਆਰ ਕਰਦੇ ਸਨ। ਭਾਵੇਂ ਉਹ ਆਪਣੇ ਭਰਾਵਾਂ ਵਿਚੋਂ ਦੂਜੇ ਨੰਬਰ ਉਤੇ ਸੀ, ਫੇਰ ਵੀ ਉਹਨੂੰ ਆਪਣਾ ਸਲਾਹਕਾਰ ਤੇ ਮਦਦਗਾਰ ਮੰਨਦੇ ਸਨ। ਪਰਦੇਸ ਵਿਚ ਜਿਥੋਂ ਦੇ ਦਾਣੇ-ਪਾਣੀ ਨਾਲ ਅਜੇ ਰਬਤ ਨਹੀਂ ਸੀ ਹੋਇਆ, ਅਯੂਬ ਦਾ ਘਰ ਮੇਰੇ ਲਈ ਨਿੱਘੀ ਠਾਹਰ ਬਣ ਗਿਆ।
ਯੂਸਫ (ਦਲੀਪ ਕੁਮਾਰ) ਨੇ ਅਜੇ ਫਿਲਮਾਂ ਵਿਚ ਨਵਾਂ-ਨਵਾਂ ਪੈਰ ਧਰਿਆ ਸੀ ਤੇ ਬਾਂਬੇ ਟਾਕੀਜ਼ ਦੀ ਫਿਲਮ ‘ਜਵਾਰ ਭਾਟਾ’ ਵਿਚ ਹੀਰੋ ਦਾ ਰੋਲ ਕਰ ਰਿਹਾ ਸੀ। ਅਯੂਬ ਦਲੀਪ ਤੋਂ ਚਾਰ ਕੁ ਸਾਲ ਵੱਡਾ ਸੀ। ਉਹਨਾਂ ਤੋਂ ਛੋਟਾ ਸੀ ਨਾਸਿਰ ਖਾਨ। ਉਸ ਦੀ ਦੇਵ ਆਨੰਦ ਨਾਲ ਬੜੀ ਯਾਰੀ ਸੀ।
ਇਕ ਦਿਨ, ਸ਼ਾਇਦ ਅੱਬਾਸ (ਖਵਾਜਾ ਅਹਿਮਦ ਅੱਬਾਸ) ਦੇ ਕਹਿਣ ਉਤੇ, ਫਿਲਮਿਸਤਾਨ ਵਾਲਿਆਂ ਨੇ ‘ਜ਼ੁਬੇਦਾ’ ਡਰਾਮੇ ਦੇ ਕਲਾਕਾਰਾਂ ਨੂੰ ‘ਲੰਚ’ ਉਤੇ ਬੁਲਾ ਲਿਆ। ਉਥੇ ਨਿਤਿਨ ਬੋਸ ‘ਮਜ਼ਦੂਰ’ ਨਾਂ ਦੀ ਫਿਲਮ ਸ਼ੁਰੂ ਕਰਨ ਵਾਲੇ ਸਨ। ਜਿਨ੍ਹਾਂ ਨੇ ਇਹ ਫਿਲਮ ਵੇਖੀ ਹੈ, ਸ਼ਾਇਦ ਮੇਰੇ ਨਾਲ ਸਹਿਮਤ ਹੋਣਗੇ ਕਿ ਅਜ ਤੀਕਰ ਹਿੰਦੁਸਤਾਨ ਵਿਚ ਜਿਤਨੀਆਂ ਵੀ ਯਥਾਰਥਵਾਦੀ ਫਿਲਮਾਂ ਬਣੀਆਂ ਹਨ, ‘ਮਜ਼ਦੂਰ’ ਉਹਨਾਂ ਵਿਚ ਪਹਿਲੇ ਨੰਬਰ ਉਤੇ ਆਂਦੀ ਹੈ। ਅਜ ਤੀਕਰ ਹੋਰ ਕਿਸੇ ਫਿਲਮ ਵਿਚ ਮੈਂ ਜਮਾਤੀ ਘੋਲ ਨੂੰ ਇਤਨਾ ਬੇਨਕਾਬ ਹੋਇਆ ਨਹੀਂ ਵੇਖਿਆ। ਸਰਮਾਏਦਾਰ ਕਿਵੇਂ ਹਰ ਮੁਮਕਿਨ ਢੰਗ ਨਾਲ ਮਜ਼ਦੂਰਾਂ ਵਿਚ ਫੁੱਟ ਪਾਉਂਦੇ ਹਨ, ਦਰਮਿਆਨੇ ਤਬਕੇ ਦੇ ਢਿਲ-ਮਿਲ ਯਕੀਨਾਂ ਨੂੰ ਮਿੱਟੀ ਵਿਚੋਂ ਚੁਕ ਕੇ ਸ਼ੀਸ਼ ਮਹਿਲਾਂ ਵਿਚ ਲਿਆਉਂਦੇ ਹਨ ਤਾਂ ਜੋ ਉਹ ਆਪਣੀ ਜ਼ਮੀਰ ਵੇਚ ਕੇ ਮਜ਼ਦੂਰਾਂ ਦੀ ਰੱਤ ਨਿਚੋੜਨ ਵਿਚ ਮਾਲਕਾਂ ਦੀ ਮਦਦ ਕਰਨ, ਕਿਵੇਂ ਧਰਮ-ਮਜ਼੍ਹਬ ਤੇ ਹੋਰ ਕਈ ਤਰ੍ਹਾਂ ਦੇ ਢੁੱਚਰ ਡਾਹ ਕੇ ਉਹ ਮਜ਼ਦੂਰਾਂ ਨੂੰ ਵਰਗਲਾਂਦੇ ਹਨ, ਕਿਵੇਂ ਮਜ਼ਦੂਰਾਂ ਦੇ ਸੱਚੇ ਹਿਤੂ ਲੀਡਰਾਂ ਨੂੰ ਮਾਰ-ਮੁਕਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ – ਇਹ ਸਾਰੀਆਂ ਗੱਲਾਂ ਇਤਨੀ ਸਪਸ਼ਟਤਾ ਨਾਲ ਫਿਲਮ ਵਿਚ ਦਰਸਾਈਆਂ ਗਈਆਂ ਸਨ ਕਿ ਸੁਣਿਆ ਹੈ ਕਿ ਬਣਾਉਣ ਵਾਲੇ ਆਪ ਇਸ ਫਿਲਮ ਤੋਂ ਬੇਜ਼ਾਰ ਹੋ ਗਏ ਸਨ। ਕਈ ਸ਼ਹਿਰਾਂ ਦੇ ਸਿਨਮਿਆਂ ਵਿਚੋਂ, ਭਰਪੂਰ ਲੋਕਪ੍ਰਿਯਤਾ ਦੇ ਬਾਵਜੂਦ ਇਹ ਫਿਲਮ ਹਟਾ ਲਈ ਗਈ। ਮੈਨੂੰ ਇਕ ਦੋਸਤ ਨੇ ਦੱਸਿਆ, ਕਾਨਪੁਰ ਵਿਚ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਆਪਣੇ ਕਰੋੜਪਤੀ ਭਾਰਤੀ ਦਰਬਾਰੀਆਂ ਦੇ ਇਸਰਾਰ ਉੱਤੇ ਇਹਨੂੰ ਦੂਜੇ ਦਿਨ ਹੀ ਸਿਨੇਮੇ ਤੋਂ ਉਤਰਵਾ ਦਿੱਤਾ ਸੀ, ਅਤੇ ਸਿਨੇਮੇ ਦੇ ਮਾਲਕ ਨੂੰ ਏਸ ਧੱਕੇਸ਼ਾਹੀ ਵਜੋਂ ਬਹੁਤ ਸਾਰਾ ਆਰਥਕ ਨੁਕਸਾਨ ਜਰਨਾ ਪਿਆ ਸੀ।
ਉਸੇ ਜ਼ਮਾਨੇ ਵਿਚ ਬੰਗਾਲ ਵਿਚ ਬਿਮਲ ਰਾਏ ‘ਹਮਰਾਹੀ’ ਬਣਾ ਰਿਹਾ ਸੀ ਜਿਸ ਵਿਚ ਸਰਮਾਏਦਾਰੀ ਨਜ਼ਾਮ ਦੇ ਖਿਲਾਫ ਵਿਅੰਗ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਪਰ ਅੰਤ ਤੀਕਰ ਬਿਮਲ ਰਾਏ ਯਥਾਰਥਵਾਦ ਨਹੀਂ ਸੀ ਨਿਭਾ ਸਕਿਆ। ‘ਹਮਰਾਹੀ’ ਦੇ ਹੀਰੋ ਹੀਰੋਇਨ ਵੀ, ਜਿਵੇਂ ਨਿਊ ਥੀਏਟਰਜ਼ ਦੀਆਂ ਫਿਲਮਾਂ ਵਿਚ ਆਮ ਹੁੰਦਾ ਸੀ, ਅਖੀਰਲੇ ਦ੍ਰਿਸ਼ ਵਿਚ ਦੂਰ ਦੁਮੇਲਾਂ ਵਲ ਤੁਰਦੇ ਦਿਖਾਈ ਦੇਂਦੇ ਹਨ, ਜਿਵੇਂ ਸੰਸਾਰ ਦੀਆਂ ਸਮਸਿਆਵਾਂ ਦਾ ਹੱਲ ਪ੍ਰਾਲਬਧ ਉੱਪਰ ਛੱਡ ਦਿੱਤਾ ਗਿਆ ਹੋਵੇ ਪਰ ‘ਮਜ਼ਦੂਰ’ ਵਿਚ ਅਜਿਹੇ ਛਾਇਆਵਾਦ ਦਾ ਸਹਾਰਾ ਨਹੀਂ ਸੀ ਲਿਆ ਗਿਆ। ਨਾ ਤਾਂ ਸਰਮਾਏਦਾਰ ਦੀ ਧੀ ਨਾਲ ਹੀਰੋ ਦਾ ਵਿਆਹ ਕਰਾ ਕੇ ਸ਼ੇਰ ਤੇ ਬੱਕਰੀ ਨੂੰ ਇਕੋ ਘਾਟ ਪਾਣੀ ਪਿਆਇਆ ਗਿਆ, ਤੇ ਨਾ ਹੀ ਮਜ਼ਲੂਮਾਂ ਨੂੰ ਆਪਣੀ ਮੰਦਹਾਲੀ ਦਾ ਜ਼ਿੰਮੇਵਾਰ ਆਪ ਠਹਿਰਾਇਆ ਗਿਆ ਸਗੋਂ ਸਾਫ ਬਿਆਨ ਕੀਤਾ ਕਿ ਮਜ਼ਦੂਰਾਂ ਦੀ ਮੁਕਤੀ ਦਾ ਰਸਤਾ ਕੇਵਲ ਉਹਨਾਂ ਦਾ ਏਕਾ ਹੈ ਜਿਸ ਦੀ ਮਦਦ ਨਾਲ ਉਹ ਸਰਮਾਏਦਾਰੀ ਨਜ਼ਾਮ ਨੂੰ ਢਾਹ ਕੇ ਸਮਾਜਵਾਦ ਦੀ ਰਾਹ ਉਤੇ ਪਾ ਸਕਦੇ ਹਨ।
ਸ਼ਾਇਦ ਨਿਤਿਨ ਬੋਸ ਚਾਹੁੰਦੇ ਸਨ ਕਿ ਅਗਾਂਹਵਧੂ ਵਿਚਾਰਾਂ ਵਾਲੀ ਇਸ ਫਿਲਮ ਵਿਚ ਕੰਮ ਵੀ ਅਗਾਂਹਵਧੂ ਵਿਚਾਰਾਂ ਵਾਲੇ ਕਲਾਕਾਰ ਹੀ ਕਰਨ, ਸ਼ਾਇਦ ਏਸੇ ਆਸ਼ੇ ਨਾਲ ਉਹਨਾਂ ਇਸ ‘ਲੰਚ’ ਦਾ ਪ੍ਰਬੰਧ ਕੀਤਾ ਸੀ।
ਜਦੋਂ ਗੋਰੇਗਾਉਂ ਦੀ ਗੱਡੀ ਫੜਨ ਲਈ ਅਸੀਂ ਬਾਂਦਰਾ ਸਟੇਸ਼ਨ ਉਤੇ ਪੁੱਜੇ ਤਾਂ ਕਿਤੋਂ ਤੁਰਦਾ-ਫਿਰਦਾ ਨਾਸਿਰ ਖਾਨ ਦੇਵ (ਆਨੰਦ) ਨੂੰ ਆ ਮਿਲਿਆ। ਸਾਡੀ ਟੋਲੀ ਵਿਚ ਸਾਰੇ ਹੀ ਦੇਵ ਤੋਂ ਵੱਡੇ ਤੇ ਚੇਤਨ ਦੇ ਦੋਸਤ ਸਨ ਜਿਨ੍ਹਾਂ ਤੋਂ ਉਹ ਸੰਗਦਾ ਰਹਿੰਦਾ ਸੀ। ਉਹਨੇ ਨਾਸਿਰ ਨੂੰ ਜ਼ੋਰੀਂ ਆਪਣੇ ਨਾਲ ਲੈ ਲਿਆ।
ਉਸ ਲੰਚ ਦਾ ਨਤੀਜਾ ਬੜਾ ਅਜੀਬ ਨਿਕਲਿਆ। ਸਾਡੇ ਵਿਚੋਂ ਤਾਂ ਨਿਤਿਨ ਬੋਸ ਨੂੰ ਕੋਈ ਨਾ ਜਚਿਆ ਪਰ ਨਾਸਿਰ ਖਾਨ ਜੋ ਐਵੇਂ ਹੀ ਸਾਡੇ ਨਾਲ ਤੁਰ ਪਿਆ ਸੀ, ਨੂੰ ਅਗਲੇ ਦਿਨ ਉਹਨਾਂ ਸਟੂਡੀਓ ਬੁਲਾ ਕੇ ਹੀਰੋ ਮਿੱਥ ਲਿਆ। ਜਿਨ੍ਹਾਂ ਨੇ ਉਹ ਫਿਲਮ ਵੇਖੀ ਹੈ, ਉਹ ਜਾਣਦੇ ਹਨ ਕਿ ਨਾਸਿਰ ਖਾਨ ਨੇ ਯਬਲੋਲ ਮਿਲ ਮੈਨੇਜਰ ਦਾ ਪਾਰਟ ਬੜੇ ਸਲੀਕੇ ਨਾਲ ਅਦਾ ਕੀਤਾ ਹੈ, ਹਾਲਾਂਕਿ ਅਭਿਨੈ ਕਲਾ ਦਾ ਉਹਨੂੰ ਓਦੋਂ ਕੋਈ ਗਿਆਨ ਨਹੀਂ ਸੀ। ਇਸ ਤੋਂ ਨਾ ਸਿਰਫ ਨਿਤਿਨ ਬੋਸ ਦੇ ਉੱਤਮ ਨਿਰਦੇਸ਼ਕ ਹੋਣ ਦਾ ਸਬੂਤ ਮਿਲਦਾ ਹੈ ਸਗੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਸਹੀ ਪਾਤਰ ਦੀ ਚੋਣ ਕਿਸੇ ਵੀ ਨਾਟਕ ਜਾਂ ਫਿਲਮ ਦੇ ਪ੍ਰਫੁਲਤ ਹੋਣ ਦੀ ਪਹਿਲੀ ਸ਼ਰਤ ਹੈ।
ਖੈਰ, ਉਸ ਵੇਲੇ ਤਾਂ ਸਾਡਾ ਪ੍ਰਤੀਕਰਮ ਈਰਖਾ ਤੇ ਨਿਰਾਸ਼ਾ ਤੋਂ ਛੁੱਟ ਕੁਝ ਨਹੀਂ ਸੀ। ਖਾਸ ਕਰਕੇ ਦੇਵ ਨੂੰ ਤਾਂ ਉਸ ਵੇਲੇ ਤੋਂ ਉਠਦਿਆਂ-ਬੈਠਦਿਆਂ, ਖਾਂਦਿਆਂ-ਪੀਂਦਿਆਂ ਬਸ ਫਿਲਮਾਂ ਦੇ ਹੀ ਖਾਬ ਆਉਣ ਲਗ ਪਏ। ਉਹ ਆਪਣੇ ਦੋਸਤ ਤੋਂ ਪਿਛਾਂਹ ਨਹੀਂ ਸੀ ਰਹਿਣਾ ਚਾਹੁੰਦਾ।
ਨਾਸਿਰ ਦੇ ਏਸ ਤਰ੍ਹਾਂ ਅਚਿੰਤੇ ਹੀਰੋ ਬਣ ਜਾਣ ਨੂੰ ਭਾਗ ਜਾਗਣ ਦੀ ਗੱਲ ਕਿਹਾ ਜਾ ਸਕਦਾ ਹੈ, ਕਿਉਂਕਿ ਸਾਡੇ ਦੇਸ਼ ਵਿਚ ਲੋਕਾਂ ਦਾ ਭਾਗਾਂ ਵਿਚ ਬੜਾ ਡੂੰਘਾ ਵਿਸ਼ਵਾਸ ਹੈ ਪਰ ਇਸ ਸਿਲਸਿਲੇ ਵਿਚ ਇਕ ਗੱਲ ਮੈਂ ਜ਼ਰੂਰ ਕਹਾਂਗਾ। ਮੈਂ ਇਹਨਾਂ ਵੀਹਾਂ ਸਾਲਾਂ ਦੇ ਫਿਲਮੀ ਜੀਵਨ ਵਿਚ ਭਾਗ ਸਿਰਫ ਦਰਮਿਆਨੇ ਤਬਕੇ ਦੇ ਲੋਕਾਂ ਦੇ ਖੁੱਲ੍ਹਦੇ ਵੇਖੇ ਹਨ, ਮਜ਼ਦੂਰ ਜਮਾਤ ਦੇ ਭਾਗ ਖੁੱਲ੍ਹਦੇ ਕਦੇ ਨਹੀਂ ਵੇਖੇ। ਉਹ ਤਾਂ, ਇੰਜ ਜਾਪਦਾ ਹੈ, ਜਿਵੇਂ ਮਿਹਨਤਾਂ ਕਰਨ ਤੇ ਭੁੱਖੇ ਮਰਨ ਲਈ ਹੀ ਇਸ ਫਿਲਮ ਲਾਈਨ ਵਿਚ ਆਏ ਹਨ। ਹਾਂ, ਦਰਮਿਆਨੇ ਤਬਕੇ ਦਾ ਆਦਮੀ ਜ਼ਰੂਰ ਆਸ ਕਰ ਸਕਦਾ ਹੈ ਕਿ ਕਦੇ ਨਾ ਕਦੇ ਕੋਈ ਸਰਪ੍ਰਸਤ ਉਸ ਉਤੇ ਮਿਹਰਬਾਨ ਹੋ ਜਾਏਗਾ ਤੇ ਉਹਦੇ ਭਾਗ ਖੁੱਲ੍ਹ ਜਾਣਗੇ।
ਕੁਝ ਚਿਰ ਮਗਰੋਂ ਸਾਡੇ ਨਾਲ ਵੀ ਏਸੇ ਤਰ੍ਹਾਂ ਖੁਸ਼ਗਵਾਰ ਹਾਦਸੇ ਵਾਪਰੇ। ਪ੍ਰਿਥਵੀ ਰਾਜ ਕਪੂਰ ਜੀ ਨੇ ਆਪਣਾ ਪ੍ਰਿਥਵੀ ਥੀਏਟਰ ਖੋਲ੍ਹਿਆ, ਤੇ ਅਜ਼ਰਾ ਮੁਮਤਾਜ਼ ਤੇ ਦਮਯੰਤੀ (ਬਲਰਾਜ ਸਾਹਨੀ ਦੀ ਪਹਿਲੀ ਪਤਨੀ ਜਿਸ ਨੂੰ ਉਹ ਦਮੋ ਕਹਿੰਦਾ ਸੀ) ਦੋਵਾਂ ਨੂੰ ਕੰਮ ਦਿੱਤਾ। ਦਮੋ ਨੂੰ ਹੁਣ ਪੰਜ ਸੌ ਰੁਪਏ ਮਾਹਵਾਰ ਮਿਲਣ ਲਗ ਪਏ ਜੋ ਉਸ ਜ਼ਮਾਨੇ ਵਿਚ ਚੰਗੀ ਆਮਦਨੀ ਗਿਣੀ ਜਾ ਸਕਦੀ ਸੀ। ਅਸਾਂ ਝਟ ਜੂਹੂ ਥਿਆਸੋਫੀਕਲ ਕਾਲੋਨੀ ਵਿਚ ਨਿੱਕਾ ਜਿਹਾ ਬੰਗਲਾ ਕਿਰਾਏ ਉਤੇ ਲੈ ਲਿਆ ਭਾਵੇਂ ਉਸ ਦਾ ਕਿਰਾਇਆ ਸਾਡੀ ਵਿਤੋਂ ਕੁਝ ਬਾਹਰਾ ਸੀ।
ਅੱਜ ਦੇ ਅਤੇ ਉਸ ਜ਼ਮਾਨੇ ਦੇ ਜੂਹੂ ਦੇ ਸਮੁੰਦਰੀ ਇਲਾਕੇ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਓਦੋਂ ਓਤੇ ਆਬਾਦੀ ਨਵੀਂ-ਨਵੀਂ ਵਧਣੀ ਸ਼ੁਰੂ ਹੋਈ ਸੀ ਕੁਝ ਇਕ ਅਮੀਰਾਂ ਦੇ ਤਫਰੀਹੀ ਬੰਗਲਿਆਂ ਨੂੰ ਛਡ ਕੇ ਜ਼ਿਆਦਾ ਵਸੋਂ ਨਾਰੀਅਲ ਦੇ ਫੁਹੜਾਂ ਨਾਲ ਬਣੇ “ਸ਼ੈਕਾਂ” ਵਿਚ ਸੀ। ਬੀ. ਈ. ਐਸ਼ ਟੀ. ਦੀ ਬਸ-ਸਰਵਿਸ ਵੀ ਅਜੇ ਓਥੇ ਨਹੀਂ ਸੀ ਅੱਪੜੀ। ਬੀ. ਬੀ. ਸੀ. ਨਾਂ ਦੀ ਇਕ ਫਟੀਚਰ ਜਹੀ ਬਸ-ਸਰਵਿਸ ਚਲਦੀ ਸੀ। ਨੀਲੇ ਰੰਗ ਦੀਆਂ ਨਿੱਕੀਆਂ ਜਿਹੀਆਂ ਬੱਸਾਂ ਹੁੰਦੀਆਂ ਸਨ, ਜੋ ਕੋਇਲੇ ਦੀ ਗੈਸ ਨਾਲ ਚਲਦੀਆਂ ਸਨ। ਬਰਸਾਤ ਦੇ ਦਿਨਾਂ ਵਿਚ ਉਹਨਾਂ ਦਾ ਅੱਧੇ ਰਸਤੇ ਫੇਲ੍ਹ ਹੋ ਜਾਣਾ ਆਮ ਜਹੀ ਗੱਲ ਸੀ। (ਚੱਲਦਾ)