ਘਰ ਤੋਂ ਘਰ ਤੇ ਫਿਰ ਘਰ ਤੀਕ ਦਾ ਸਫ਼ਰ

ਡਾ ਗੁਰਬਖ਼ਸ਼ ਸਿੰਘ ਭੰਡਾਲ
ਘਰ ਸੁਖਨ ਅਤੇ ਸਕੂਨ ਦਾ ਸੱਚਾ ਨਾਮ। ਮਨ ਦੀਆਂ ਮੰਨਤਾਂ ਦਾ ਰਹਿਤਨਾਮਾ। ਆਪਣੇ ਚਾਵਾਂ ਅਤੇ ਭਾਵਾਂ ਨੂੰ ਖੁੱਲ੍ਹੀ ਪਰਵਾਜ਼ ਅਰਪਣ ਵਾਲਾ ਅੰਬਰ ਅਤੇ ਇਸਦੀ ਛਾਂ ਹੇਠ ਜੀਵਨ ਦੀਆਂ ਸੁਖਦ ਯਾਦਾਂ ਹੁੰਦੀਆਂ ਨੇ ਸਾਰੀ ਉਮਰ ਦਾ ਸਰਮਾਇਆ।

ਘਰ ਸਿਰਫ਼ ਕੰਧਾਂ ਦੀ ਚਾਰਦੀਵਾਰੀ ਨਹੀਂ ਹੁੰਦਾ। ਕਮਰੇ ਵੀ ਨਹੀਂ ਹੁੰਦਾ ਅਤੇ ਨਾ ਹੀ ਸਿਰ ਦੀ ਛੱਤ ਹੁੰਦਾ। ਸਗੋਂ ਇਸ ਤੋਂ ਵੀ ਜਿ਼ਆਦਾ ਬਹੁਤ ਕੁਝ ਹੁੰਦਾ ਅਤੇ ਇਸਦੇ ਅਸੀਮ ਅਰਥਾਂ ਤੇ ਅਜ਼ੀਮਤਾਂ ਵਿਚੋਂ ਹੀ ਜਿ਼ੰਦਗੀ ਨੂੰ ਆਪਣੀ ਹੋਂਦ ਦਾ ਅਹਿਸਾਸ ਅਤੇ ਜੀਵਨ ਵਿਚ ਕੁਝ ਪ੍ਰਾਪਤੀ ਦਾ ਸ਼ਰਫ਼ ਹੁੰਦਾ।
ਘਰ ਅਜੇਹੀ ਥਾਂ ਜਿਥੇ ਤੁਸੀਂ ਖੁੱਲ੍ਹ ਕੇ ਹੱਸ ਸਕਦੇ ਹੋ, ਰੋ ਸਕਦੇ ਹੋ, ਹੋਕਰੇ ਮਾਰ ਸਕਦੇ ਜਾਂ ਚੁੱਪ ਦੀ ਆਗੋਸ਼ ਵਿਚ ਖੁ਼ਦ ਨੂੰ ਸੁੰਨ-ਸਮਾਧੀ ਵਿਚ ਲੀਨ ਕਰ ਸਕਦੇ ਹੋ।
ਘਰ ਹੀ ਹੁੰਦਾ ਜਿੱਥੇ ਮੋਹ-ਮੁਹੱਬਤ ਦੀ ਆਬਸ਼ਾਰ ਵਗਦੀ। ਰੂਹ ਦੀ ਲੱਜ਼ਤਾ ਨੂੰ ਮਾਨਣ ਦੀ ਖੁੱਲ੍ਹਦਿਲੀ ਹੁੰਦੀ। ਜਿਥੇ ਤੁਸੀਂ ਆਪਣੇ ਪਿਆਰਿਆਂ ਦੀ ਬੁੱਕਲ ਦਾ ਨਿੱਘ ਮਾਣ ਸਕਦੇ ਅਤੇ ਮੋਹ ਦੇ ਸੇਕ ਵਿਚ ਪਿਘਲ ਵੀ ਸਕਦੇ ਹੋ। ਘਰ ਹੀ ਹੁੰਦਾ ਜਿੱਥੇ ਕਮਰਾ ਘਰ ਵਿਚ ਵੱਸਦੇ ਜੀਆਂ ਲਈ ਕਾਮਨਾ ਕਰਦਾ। ਇਸਦੇ ਬੂਹੇ ਹਮੇਸ਼ਾ ਬੰਦਗੀ ਕਰਦਿਆਂ ਘਰ ਦੀਆਂ ਸੁੱਖਾਂ ਮੰਗਦੇ। ਇਸ ਦੀਆਂ ਕੰਧਾਂ ਵੀ ਹੁੰਗਾਰਾ ਭਰਦੀਆਂ ਅਤੇ ਇਨ੍ਹਾਂ ਦੇ ਗਲ ਲੱਗ ਕੇ ਆਪਣਾ ਦੁਖ-ਸੱਖ ਵੀ ਸੁਣਾ ਸਕਦੇ। ਇਸਦੇ ਹੁੰਗਾਰੇ ਵਿਚੋਂ ਜੀਵਨ ਨੂੰ ਨਵੀਆਂ ਰਾਹਾਂ ਵੀ ਅਰਪ ਸਕਦੇ। ਘਰ ਹੀ ਅਰਦਾਸ ਕਰ ਸਕਦਾ ਕਿ ਘਰਾਂ ਵਾਲੇ ਸਦਾ ਘਰਾਂ ਨੂੰ ਘਰ ਬਣਨ ਦਾ ਵਰਦਾਨ ਬਖਸ਼ਦੇ ਰਹਿਣ। ਘਰ ਵਿਚੋਂ ਘਰ ਦੀ ਮਹਿਮਾ ਦਾ ਨਾਦ ਗੂੰਜਦਾ ਰਹੇ ਅਤੇ ਇਸਦੀ ਵਿਸਮਾਦੀ ਲੋਰ ਵਿਚ ਚੌਗਿਰਦਾ ਫੁੱਲਿਆ ਨਹੀਂ ਸਮਾਉਂਦਾ।
ਘਰ ਦੀਆਂ ਬਹੁਤ ਪਰਤਾਂ ਅਤੇ ਹਰ ਪਰਤ ਦਾ ਆਪਣਾ ਪਸਾਰਾ ਤੇ ਲਿਸ਼ਕਾਰਾ ਜਿਸਦੀ ਚਾਨਣੀ ਵਿਚ ਘਰ ਨੂੰ ਚਾਰ ਚੰਨ ਲੱਗਦੇ।
ਹਰ ਜੀਵ ਹੀ ਘਰ ਲੋਚਦਾ ਤੇ ਲੋੜਦਾ। ਪਰਿੰਦੇ ਆਲ੍ਹਣਾ ਬਣਾਉਂਦੇ ਅਤੇ ਜਾਨਵਰ ਘੁਰਨਿਆਂ ਨੂੰ ਆਪਣਾ ਰੈਣ-ਬਸੇਰਾ ਬਣਾਉਂਦੇ। ਘਰ ਅਚੇਤ ਵਿਚ ਬੈਠੀ ਉਹ ਲੋੜ ਹੁੰਦੀ ਸਿਜਦੀ ਪੂਰਤੀ ਵਿਚੋਂ ਹੀ ਕੁਝ ਪ੍ਰਾਪਤੀ ਦਾ ਅਹਿਸਾਸ ਹੁੰਦਾ। ਘਰ ਕਿੰਨਾ ਸੁੰਦਰ, ਤਹਿਜ਼ੀਬੀ ਤੇ ਤਰਤੀਬੀ ਹੁੰਦਾ, ਇਹ ਹੀ ਨਿਰਧਾਰਤ ਕਰਦਾ ਕਿ ਕੌਣ ਘਰ ਬਣਾਉਂਦਾ ਅਤੇ ਨਵਾਂ ਘਰ ਵਸਾਉਂਦਾ।
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਘਰ ਸਭ ਤੋਂ ਅਹਿਮ। ਇਸਦੀ ਲੋਚਾ ਮਨੁੱਖ ਨੇ ਆਦਿ ਸਮੇਂ ਤੋਂ ਹੀ ਆਪਣੇ ਮਨ ਵਿਚ ਪਾਲ ਰੱਖੀ ਹੈ। ਭਾਵੇਂ ਇਹ ਕੱਖਾਂ-ਕਾਨਿਆਂ ਦੀ ਕੁੱਲੀ ਤੋਂ ਲੈ ਕੇ ਮਹਿਲਾਂ ਦੀ ਤਾਮੀਰਦਾਰੀ ਹੋਵੇ।
ਘਰ ਕਦੇ ਵੀ ਵੱਡਾ/ਛੋਟਾ ਜਾਂ ਮਹਿੰਗਾ/ਸਸਤਾ ਨਹੀਂ ਹੁੰਦਾ। ਘਰ ਸਿਰਫ਼ ਘਰ ਹੁੰਦਾ ਹੈ। ਇਸਨੂੰ ਇਸਦੇ ਸੁੱਚੇ ਅਰਥਾਂ ਵਿਚ ਸਮਝ ਤੇ ਅਪਣਾ ਕੇ ਹੀ ਘਰ ਦੀ ਰੂਹਾਨੀਅਤ ਅਤੇ ਅਦਲੀ-ਖੁਸ਼ੀਆਂ ਨੂੰ ਰੂਹ ਨਾਲ ਮਾਣਿਆ ਜਾ ਸਕਦਾ ਹੈ।
ਨੈਣਾਂ ਵਿਚ ਧਰੇ ਸੁਪਨਿਆਂ ਨੂੰ ਅੰਬਰੀ ਪ੍ਰਵਾਜ਼ ਦੇਣ ਲਈ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਘਰ ਦੇ ਸੀਮਤ ਦਾਇਰੇ ਤੋਂ ਬਾਹਰ ਜਾ ਕੇ ਆਪਣੀ ਪ੍ਰਤਿਭਾ, ਸਮਰੱਥਾ, ਸਿਆਣਪ ਅਤੇ ਸੋਝੀ ਰਾਹੀਂ ਆਪਣੀ ਤਕਦੀਰ ਨੂੰ ਨਵੀਆਂ ਤਸ਼ਬੀਹਾਂ ਦਾ ਹਾਣੀ ਬਣਾਈਏ। ਮਨੁੱਖੀ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੁੰਦਾ।
1975 ਵਿਚ ਰਣਧੀਰ ਕਾਲਜ, ਕਪੂਰਥਲਾ ਤੋਂ ਬੀ.ਐਸ.ਸੀ ਕਰਨ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਜ਼ਰੂਰੀ ਸੀ ਕਿ ਆਪਣੇ ਪਿੰਡ ਦੇ ਉਸ ਪੁਰਾਣੇ ਘਰ ਦੀ ਮਹਿਫੂਜ਼ੀ ਵਿਚੋਂ ਬਾਹਰ ਨਿਕਲ ਕੇ ਬਾਹਰਲੀ ਦੁਨੀਆ ਦੇ ਰੰਗਾਂ ਨੂੰ ਨਿਹਾਰਾਂ ਅਤੇ ਆਪਣੇ ਕਦਮਾਂ ਵਿਚ ਉਗਣ ਵਾਲੇ ਨਵੇਂ ਸਫ਼ਰ ਦੀ ਤਿਆਰੀ ਲਈ ਖੁਦ ਨੂੰ ਪਰਖਾਂ ਅਤੇ ਸਾਬਤ ਕਦਮਾਂ ਰਾਹੀਂ ਉਨ੍ਹਾਂ ਰਾਹਾਂ ਦੀ ਧੂੜ ਮੱਥੇ `ਤੇ ਤਿਲਕ ਵਾਂਗ ਲਾਵਾਂ ਜਿਨ੍ਹਾਂ ਨੇ ਮੈਨੂੰ ਭਵਿੱਖ ਵਿਚ ਮੇਰੇ ਹਿੱਸੇ ਦਾ ਸੂਰਜ ਦੇਣਾ ਸੀ। ਐਮ.ਐਸ.ਸੀ. ਕਰਨ ਲਈ ਘਰ ਤੋਂ ਅਜੇਹਾ ਬਾਹਰ ਪੈਰ ਧਰਿਆ ਕਿ ਅੱਜ ਤੀਕ ਇਹ ਪੈਰ ਫਿਰ ਪਿੰਡ ਵਾਲੇ ਘਰ ਨੂੰ ਵਾਪਸ ਨਹੀਂ ਪਰਤੇ। ਘਰੋਂ ਇਕ ਅਟੈਚੀ ਲੈ ਕੇ ਤੁਰਿਆਂ ਨੂੰ ਪਤਾ ਨਹੀਂ ਸੀ ਕਿ ਘਰ ਲਈ ਕੀ ਵਸਤਾਂ/ਲੋੜਾਂ ਹੁੰਦੀਆਂ ਅਤੇ ਘਰ ਬਣਾਉਣ ਲਈ ਕਿਹੜੇ ਮਾਰਗਾਂ ਦਾ ਰਾਹੀ ਬਣਨਾ ਹੁੰਦਾ। ਖਾਲਸਾ ਕਾਲਜ ਸੁਧਾਰ ਵਿਚ ਪੜ੍ਹਾਉਂਦਿਆਂ, ਮੁੱਲਾਂਪੁਰ ਵਿਚ ਕਿਰਾਏ ਦੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਜਿਸ ਦੀਆਂ ਤਲਖ਼ੀਆਂ-ਤੰਗੀਆਂ ਹੁਣ ਵੀ ਕਈ ਵਾਰ ਮਨ ਨੂੰ ਕੁਰੇਦ ਜਾਂਦੀਆਂ ਨੇ। ਪਤਨੀ ਦਾ ਗੁਰੂ ਨਾਨਕ ਪਬਲਿਕ ਸਕੂਲ ਵਿਚ 300 ਰੁਪਏ/ਮਹੀਨੇ `ਤੇ ਪੜ੍ਹਾਉਣਾ। ਮੈਂ ਸੁਧਾਰ ਕਾਲਜ ਤੋਂ ਫਾਰਗ ਹੋਇਆ ਬੇਰੁਜ਼ਗਾਰ ਸਾਂ। ਜਦ ਮੈਂ ਡੀ.ਏ.ਵੀ. ਕਾਲਜ ਹੁਸਿ਼ਆਰਪੁਰ ਵਿਚ ਪੜ੍ਹਾਉਣ ਲੱਗਾ ਤਾਂ ਵੱਡੀ ਬੇਟੀ ਗੁਆਂਢ ਵਿਚ ਵੱਸਦੇ ਤਰਖਾਣਾਂ ਦੇ ਪਰਿਵਾਰ ਕੋਲ ਹੀ ਰਹਿੰਦੀ ਜੋ ਉਸਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸਨ ਅਤੇ ਇਹ ਰਿਸ਼ਤਾ ਸਾਡੇ ਕੈਨੇਡਾ ਆਉਣ ਤੀਕ ਬਾ-ਦਸਤੂਰ ਨਿਭਦਾ ਰਿਹਾ। ਉਸ ਵੇਲੇ ਘਰ ਸਿਰਫ਼ ਇਕ ਹੀ ਕਮਰੇ ਤੀਕ ਸਿਮਟਿਆ ਹੋਇਆ ਸੀ। ਨਿੱਕੀ ਜਿਹੀ ਰਸੋਈ ਵਿਚ ਲੱਕੜਾਂ ਦੀ ਅੰਗੀਠੀ ਨਾਲ ਰੋਟੀ ਪਕਾ ਲੈਂਦੇ ਸਾਂ। ਕਦੇ ਖਾਬੋ-ਖਿਆਲ ਨਹੀਂ ਸੀ ਕਦੇ ਅਸੀਂ ਵੀ ਗੈਸ ਵਰਤਾਂਗੇ, ਫਰਿੱਜ ਹੋਵੇਗਾ ਅਤੇ ਬੱਚੀ ਨੂੰ ਆਪਣੇ ਘਰ ਦਾ ਖੁੱਲ੍ਹਾ-ਡੁੱਲਾ ਵਾਤਾਵਰਨ ਮਿਲੇਗਾ ਭਾਵੇਂ ਕਿ ਅਜਿਹਾ ਸੁਪਨਾ ਜ਼ਰੂਰ ਲੈਂਦੇ ਸਾਂ।
ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ ਵਿਚ ਪੜ੍ਹਾਉਣ ਤੋਂ ਬਾਅਦ 1984 ਵਿਚ ਸਰਕਾਰੀ ਕਾਲਜ ਲਈ ਚੋਣ ਹੋ ਗਈ ਅਤੇ ਮੇਰੀ ਪਹਿਲੀ ਨਿਯੁਕਤੀ ਸਰਕਾਰੀ ਕਾਲਜ ਹੁਸਿ਼ਆਰਪੁਰ ਹੋ ਗਈ। ਕਿਰਾਏਦਾਰ ਬਣਨ ਦੇ ਆਦੀ ਹੋ ਗਏ ਸਾਂ ਪਰ ਹੁਸਿ਼ਆਰਪੁਰ ਵਿਚ ਸਾਡੇ ਗੁਆਂਢੀ ਬਹੁਤ ਹੀ ਕਮਾਲ ਦੇ ਸਨ। ਉਨ੍ਹਾਂ ਦਾ ਬੇਟਾ ਸੰਨੀ ਮੇਰੇ ਕੋਲ ਕਦੇ ਕਦਾਈਂ ਹਿਸਾਬ ਪੜ੍ਹਨ ਆ ਜਾਇਆ ਕਰਦਾ ਸੀ। ਉਸ ਪਰਿਵਾਰ ਨਾਲ ਬਹੁਤ ਹੀ ਨਿੱਘੇ ਪਰਿਵਾਰਕ ਰਿਸ਼ਤੇ ਬਣ ਗਏ ਹਨ ਜੋ ਅਜੇ ਤੀਕ ਵੀ ਨਿੱਭ ਰਹੇ ਹਨ। ਸੰਨੀ ਅੱਜ-ਕੱਲ੍ਹ ਹਰਸੁਨਜੀਤ ਸਿੰਘ ਥਿਆੜਾ ਬਣ ਕੇ ਹੁਸਿ਼ਆਪੁਰ ਦੀ ਐਕਗਰੀਕਲਚਰ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਹੈ।
ਹੁਸਿ਼ਆਪੁਰ ਵਿਚ ਰਹਿੰਦਿਆਂ ਰਿਸ਼ਤਿਆਂ ਦੇ ਖੋਖਲੇਪਣ ਨਾਲ ਜੁੜੀ ਇਕ ਘਟਨਾ ਹੁਣ ਵੀ ਕਦੇ ਕਦਾਈਂ ਮੈਂਨੂੰ ਸੰਬੰਧਾਂ ਦੀ ਸੰਕੀਰਨਤਾ ਦੇ ਰੂਬਰੂ ਕਰ ਜਾਂਦੀ ਹੈ। 1986 ਦੀ ਗੱਲ ਹੈ। ਮੇਰੀ ਬਦਲੀ ਸਰਕਾਰੀ ਕਾਲਜ ਕਪੂਰਥਲਾ ਦੀ ਹੋ ਗਈ ਪਰ ਮੇਰਾ ਮਨ ਹੁਸਿ਼ਆਰਪੁਰ ਵਿਚ ਅਜਿਹਾ ਲੱਗਾ ਕਿ ਮੈਂ ਚਾਹੁੰਦਾ ਸੀ ਕਿ ਮੈਂ ਹੁਸਿ਼ਆਪੁਰ ਵਿਚ ਹੀ ਰਹਾਂ। ਇਸ ਲਈ ਮੈਂ ਅਕਾਲੀ ਸਰਕਾਰ ਵਿਚ ਬੋਦਲਾਂ ਦੇ ਰਹਿਣ ਵਾਲੇ ਮਨਿਸਟਰ ਨੂੰ ਉਸਦੇ ਘਰ ਵਿਚ ਇਸ ਦਾਈਏ ਨਾਲ ਆਪਣੀ ਪਤਨੀ ਸਮੇਤ ਮਿਲਣ ਲਈ ਚਲਾ ਗਿਆ ਕਿ ਮੇਰੀ ਪਤਨੀ ਦੀ ਚਚੇਰੀ ਭੈਣ ਮਨਿਸਟਰ ਦੀ ਨੂੰਹ ਹੈ। ਮਨਿਸਟਰ ਤਾਂ ਘਰ ਨਹੀਂ ਸੀ ਪਰ ਉਸਦੀ ਪਤਨੀ ਦਾ ਵਤੀਰਾ ਅਜਿਹਾ ਸੀ ਕਿ ਚਾਹ-ਪਾਣੀ ਤਾਂ ਕੀ ਪੁੱਛਣਾ ਸੀ ਸਗੋਂ ਸਾਨੂੰ ਖੜਿਆਂ ਖੜਿਆਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ। ਬੜੀ ਹੀਣ ਭਾਵਨਾ ਨਾਲ ਘਰ ਨੂੰ ਪਰਤੇ। ਉਸ ਪਲ ਹੀ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਹੁਣ ਕਪੂਰਥਲੇ ਹੀ ਰਹਾਂਗੇ। ਅਸੀਂ ਭੁੱਲ ਹੀ ਜਾਂਦੇ ਹਾਂ ਕਿ ਜੀਵਨ ਦੇ ਕਿਸ ਮੋੜ `ਤੇ ਕਿਸਦੀ ਲੋੜ ਪੈ ਜਾਣੀ ਹੈ?
1986 ਰਣਧੀਰ ਕਲਾਜ ਕਪੂਰਥਲਾ ਵਿਚ ਬਦਲੀ ਹੋਣ `ਤੇ ਬੱਚੀ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਕਪੂਰਥਲੇ ਹੀ ਰਿਹਾਇਸ਼ ਰੱਖਣ ਦਾ ਫੈਸਲਾ ਕੀਤਾ ਭਾਵੇਂ ਕਿ ਮੈਂ ਆਪਣੀ ਬੀ.ਐਸ.ਸੀ. ਦੀ ਪੜ੍ਹਾਈ ਦੌਰਾਨ ਪਿੰਡ ਤੋਂ ਨਿੱਤ ਰਣਧੀਰ ਕਾਲਜ ਪੜ੍ਹਨ ਆਉਂਦਾ ਸਾਂ। ਕਿਰਾਏ `ਤੇ ਘਰ ਲੈ ਲਿਆ। ਦੋ ਕਮਰਿਆਂ ਦਾ ਸੈੱਟ। ਪਰ ਕੁਝ ਸਮੇਂ ਬਾਅਦ ਹੀ ਪਤਾ ਲੱਗ ਗਿਆ ਕਿ ਮਾਲਕਣ ਬਹੁਤ ਹੀ ਬਦਤਮੀਜ਼ ਅਤੇ ਹੰਕਾਰ ਨਾਲ ਭਰੀ ਹੋਈ ਹੈ। ਘਰ ਵਾਲੇ ਵਲੋਂ ਰਿਸ਼ਵਤ ਨਾਲ ਕੀਤੀ ਕਮਾਈ ਦਾ ਇੰਨਾ ਘਮੰਡ ਸੀ ਕਿ ਉਹ ਅਕਸਰ ਹੀ ਕਹਿੰਦੀ ਸੀ ਕਿ ਪ੍ਰੋਫੈਸਰ ਸਾਡੇ ਸਾਹਮਣੇ ਕੀ ਹਨ? ਟੁੱਚ ਜਿਹੇ। ਹਾਲਾਤ ਇਥੋਂ ਤੀਕ ਬਦਤਰ ਹੋ ਰਹੇ ਸਨ ਕਿ ਮੇਰੀ ਗਰਭਵਤੀ ਪਤਨੀ ਨੂੰ ਹੇਠਾਂ ਬਾਥਰੂਮ ਜਾਣ ਲਈ ਵੀ ਕਈ ਵਾਰ ਜ਼ਲੀਲ ਹੋਣਾ ਪੈਂਦਾ ਸੀ ਕਿਉਂਕਿ ਸਾਡਾ ਬਾਥਰੂਮ ਪਹਿਲੀ ਮੰਜ਼ਲ `ਤੇ ਸੀ ਅਤੇ ਡਾਕਟਰ ਵਲੋਂ ਪੌੜੀਆਂ ਚੜ੍ਹਨ ਦੀ ਮਨਾਹੀ ਸੀ। ਕਿਰਾਏਦਾਰ ਰਹਿ ਕੇ ਮਾਲਕਣ ਦੀ ਬਦਤਮੀਜ਼ੀ ਨੂੰ ਸਹਿਣਾ ਦਿਨ-ਬ-ਦਿਨ ਔਖਾ ਹੋ ਰਿਹਾ ਸੀ ਅਤੇ ਅਖੀਰ ਜੂਨ 1987 ਵਿਚ ਛੋਟੀ ਬੱਚੀ ਦੇ ਜਨਮ ਤੋਂ ਅਗਲੇ ਦਿਨ ਹੀ ਅਸੀਂ ਕਿਰਾਏ ਦਾ ਮਕਾਨ ਬਦਲ ਲਿਆ। ਇਹ ਕਸਮ ਵੀ ਖਾਧੀ ਕਿ ਹੁਣ ਆਪਣਾ ਘਰ ਜ਼ਰੂਰ ਬਣਾਉਣਾ ਹੈ। ਪਤਾ ਨਹੀਂ ਕੁਝ ਕੁ ਮਾਲਕ ਮਕਾਨਾਂ ਦੇ ਮਨ ਵਿਚ ਇਹ ਹੁੰਦਾ ਕਿ ਕਿਰਾਏਦਾਰ ਬੰਦੇ ਨਹੀਂ ਹੁੰਦੇ। ਭਾਵੇਂ ਕਿ ਜੀਵਨ ਦੇ ਇਕ ਪੜਾਅ `ਤੇ ਉਹ ਵੀ ਕਦੇ ਕਿਰਾਏਦਾਰ ਰਹੇ ਹੁੰਦੇ ਨੇ।
ਅਪ੍ਰੈਲ 1989 ਵਿਚ ਨਵੀਂ ਬਣ ਰਹੀ ਪ੍ਰੋਫੈਸਰ ਕਲੋਨੀ ਵਿਚ ਆਪਣਾ ਘਰ ਬਣਾ ਕੇ ਰਿਹਾਇਸ਼ ਕਰਨ ਵਾਲੇ ਅਸੀਂ ਪਹਿਲੇ ਸਾਂ। ਸਿਰਫ਼ ਘਰ ਦੇ ਬਾਹਰੀ ਦਰਵਾਜ਼ੇ ਹੀ ਲੱਗੇ ਸਨ। ਪੂਰਨ ਤਿਆਰੀ ਕਰਨ ਵਿਚ ਤਾਂ ਬਾਅਦ ਵਿਚ ਤਿੰਨ-ਚਾਰ ਸਾਲ ਹੋਰ ਲੱਗ ਗਏ ਸਨ ਪਰ ਆਪਣੇ ਘਰ ਵਿਚ ਇਕ ਸਕੂਨ ਸੀ। ਮੇਰੇ ਬੱਚਿਆਂ ਨੂੰ ਆਪਣੇ ਘਰ ਦੀਆਂ ਕੰਧਾਂ `ਤੇ ਲੀਕਾਂ ਮਾਰਨ ਜਾਂ ਹੁੜਦੰਗ ਮਚਾਉਣ ਦੀ ਖੁੱਲ੍ਹ ਸੀ। ਆਪਣੇ ਘਰ ਵਿਚ ਬੰਦਾ ਆਪਣੇ ਹੀ ਰੰਗ ਅਤੇ ਰਾਜ਼ ਵਿਚ ਜੀਵਨ ਨੂੰ ਜਿਉਂਦਾ ਹੈ।
ਇਸ ਘਰ ਵਿਚ ਬੱਚੇ ਵੱਡੇ ਹੋਏ ਤੇ ਵਿਦਿਆ ਪ੍ਰਾਪਤ ਕੀਤੀ। ਫਿਰ 2003 ਵਿਚ ਕੈਨੇਡਾ ਨੂੰ ਪ੍ਰਵਾਸ ਕੀਤਾ। ਸੱਚੀਂ ਘਰ ਬਹੁਤ ਉਦਾਸ ਹੋਇਆ ਸੀ ਜਦ ਪਹਿਲੀ ਵਾਰ ਹੱਥੀਂ ਬਣਾਏ ਘਰ ਤੋਂ ਬਾਹਰ ਪੈਰ ਪੁੱਟਿਆ ਸੀ ਕਿਉਂਕਿ ਘਰ ਨੂੰ ਪਤਾ ਸੀ ਕਿ ਇਨ੍ਹਾਂ ਪੈਰਾਂ ਨੇ ਫਿਰ ਉਸ ਰੰਗ ਵਿਚ ਘਰ ਨੂੰ ਵਾਪਸ ਨਹੀਂ ਪਰਤਣਾ ਜਿਵੇਂ ਇਸ ਤੋਂ ਪਹਿਲਾਂ ਹਰ ਸ਼ਾਮ ਨੂੰ ਘਰ ਦੀ ਦਹਿਲੀਜ਼ ਨੂੰ ਚੁੰਮਦੇ ਸਨ ਅਤੇ ਹੋਇਆ ਵੀ ਇੰਝ ਵੀ।
ਕੈਨੇਡਾ ਵਿਚ ਪ੍ਰਵਾਸ ਕਰਨਾ ਇੰਝ ਲੱਗਿਆ ਜਿਵੇਂ ਇਕ ਘਰ ਤੋਂ ਬਾਹਰ ਜਾਣ ਦਾ ਹਰਜਾਨਾ ਭੁਗਤਣਾ ਹੋਵੇ। ਸਾਰੀਆਂ ਸਹੂਲਤਾਂ ਨੂੰ ਛੱਡ ਕੇ ਇਕ ਅਟੈਚੀ ਲੈ ਕੇ ਫਿਰ ਤੋਂ ਜੱਦੋ-ਜਹਿਦ ਸ਼ੂਰੂ ਕਰਨ ਅਤੇ ਖੁਦ ਨੂੰ ਸਥਾਪਤ ਕਰਨ ਦੀ ਜਿ਼ੱਦ। ਫਿਰ ਤੋਂ ਘਰ ਸਮੇਤ ਉਨ੍ਹਾਂ ਸਾਰੀਆਂ ਸਹੂਲਤਾਂ ਨੂੰ ਸਿਰਜਣ ਦਾ ਹੱਠ। ਖੁਦ ਨੂੰ ਨਵੀਆਂ ਹਾਲਾਤਾਂ ਤੇ ਚੁਣੌਤੀਆਂ ਨਾਲ ਆਹਡਾ ਲਾਉਣ ਲਈ ਤਿਆਰ ਕਰਨਾ। ਇਨ੍ਹਾਂ ਵਿਚੋਂ ਉਭਰ ਕੇ ਆਪਣੇ ਸਿਰੜ ਅਤੇ ਮਿਹਨਤ ਵਿਚੋਂ ਸੰਦਲੀ ਭਾਅ ਨੂੰ ਉਘਾੜਨ ਲਈ, ਮੇਰੀ ਪਤਨੀ ਜਿਸਨੇ ਕਪੂਰਥਲੇ ਰਹਿੰਦਿਆਂ ਬੱਚੀਆਂ ਦਾ ਪਾਲਣ-ਪੋਸ਼ਣ ਕਰਦਿਆਂ ਘਰ ਨੂੰ ਬਾਖੂਬੀ ਸੰਭਾਲਿਆ ਸੀ ਉਹ ਵੀ ਇਸ ਜੱਦੋ-ਜਹਿਦ ਵਿਚ ਮੂਹਰੈਲ ਬਣ ਕੇ ਨਿੱਤਰੀ। ਇਸ ਨਾਲ ਜਿ਼ੰਦਗੀ ਨੂੰ ਆਪਣੀਆਂ ਲੀਹਾਂ `ਤੇ ਲਿਆਉਣ ਦੀ ਤਮੰਨਾ, ਮਿਹਨਤ ਦਾ ਰਾਗ ਬਣੀ ਰਹੀ।
ਖੁਸ਼ਕਿਸਮਤੀ ਸੀ ਕਿ ਅਸੀਂ ਜਿਸ ਬੇਸਮੈਂਟ ਵਿਚ ਰਹਿੰਦੇ ਸਾਂ, ਉਸ ਘਰ ਦੇ ਮਾਲਕ ਸਾਨੂੰ ਪਰਿਵਾਰ ਵਾਂਗ ਸਮਝਦੇ ਸਨ। ਸਾਡੀ ਕਿਸੇ ਵੀ ਲੋੜ ਵਿਚ ਸਾਥ ਦੇਣ ਲਈ ਹਰਦਮ ਤਿਆਰ ਭਾਵੇਂ ਕਿਸੇ ਨੂੰ ਏਅਰਪੋਰਟ ਤੋਂ ਚੁੱਕਣਾ ਹੋਵੇ, ਕਿਸੇ ਦਫ਼ਤਰ ਵਿਚ ਜਾਣਾ ਹੋਵੇ ਕਿਉਂਕਿ ਨਵੇਂ ਪ੍ਰਵਾਸੀਆਂ ਲਈ ਕਾਰ ਤੋਂ ਬਗੈਰ ਨਵੀਆਂ ਥਾਵਾਂ `ਤੇ ਜਾਣਾ ਆਸਾਨ ਨਹੀਂ ਹੁੰਦਾ। ਪਰ ਮਨ ਵਿਚ ਇਕ ਚਸਕ ਜ਼ਰੂਰ ਸੀ ਕਿ ਕੈਨੇਡਾ ਵਿਚ ਆਪਣਾ ਘਰ ਕਦੋਂ ਬਣੇਗਾ?
ਇਸ ਚਸਕ ਨੂੰ ਚੰਗਿਆੜੀ ਬਣਾਉਣ ਲਈ ਇਕ ਘਟਨਾ ਨੇ ਮੇਰੇ ਮਨ `ਤੇ ਬਹੁਤ ਅਸਰ ਕੀਤਾ ਜਿਹੜੀ ਅਕਸਰ ਹੁਣ ਵੀ ਚੇਤਿਆਂ ਵਿਚ ਆ ਜਾਂਦੀ ਹੈ। `ਕੇਰਾਂ ਮੇਰੀ ਵੱਡੀ ਬੇਟੀ ਆਪਣੇ ਤਿੰਨ ਬੱਚਿਆਂ ਸਮੇਤ ਟੋਰਾਂਟੋ ਸਾਨੂੰ ਮਿਲਣ ਆਈ। ਖੁੱਲ੍ਹੇ ਘਰ ਵਿਚ ਰਹਿਣ ਦੇ ਆਦੀ ਬੱਚਿਆਂ ਨੂੰ ਬੇਸਮੈਂਟ ਇਕ ਕੈਦ ਜਾਪੇ ਅਤੇ ਉਹ ਤਿੰਨੋਂ ਹੀ ਬੇਸਮੈਂਟ ਦੀਆਂ ਪੌੜੀਆਂ `ਤੇ ਨਿੰਮੋਝੂਣੇ ਬੈਠੇ ਸਨ। ਇਹ ਦੇਖ ਕੇ ਮਨ ਵਿਚ ਆਇਆ ਕਿ ਬੱਚੇ ਜ਼ਰੂਰ ਸੋਚਦੇ ਹੋਣਗੇ ਕਿ ਇਹ ਕੇਹੇ ਨਾਨਕੇ ਹਨ ਕਿ ਅਸੀਂ ਤਾਂ ਕਾਲ-ਕੋਠੜੀ ਵਿਚ ਕੈਦ ਹੀ ਹੋ ਗਏ। ਨਾਨਕਾ ਘਰ ਇੰਝ ਦਾ ਤਾਂ ਨਹੀਂ ਹੁੰਦਾ ਅਤੇ ਮੈਂ ਤੇ ਮੇਰੀ ਪਤਨੀ ਨੇ ਉਨ੍ਹਾਂ ਦੀ ਮਾਨਸਿਕਤਾ ਨੂੰ ਪੜ੍ਹਦਿਆਂ ਫੈਸਲਾ ਕੀਤਾ ਕਿ ਹੁਣ ਆਪਣਾ ਘਰ ਹੋਣਾ ਜ਼ਰੂਰੀ ਹੈ। ਫਿਰ ਅਸੀਂ ਕੈਨੇਡਾ ਵਿਚ ਆਪਣਾ ਘਰ ਲੈ ਲਿਆ। ਅਗਲੀ ਵਾਰ ਜਦ ਬੱਚੇ ਆਏ ਤਾਂ ਉਨ੍ਹਾਂ ਦੇ ਚਿਹਰਿਆਂ `ਤੇ ਖੁਸ਼ੀ ਦੀ ਇਬਾਰਤ ਨੂੰ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਇਹ ਘਰ ਕਰੀਕ ਦੇ ਨਾਲ ਸੀ ਅਤੇ ਬੱਚੇ ਕਰੀਕ ਵਿਚ ਵਗਦੇ ਪਾਣੀ ਵਿਚ ਤੈਰਦੀਆਂ ਬੱਤਖਾਂ ਨੂੰ ਬਰੈਡ ਪਾਉਣ ਦੀ ਹਰ ਵਾਰ ਜਿੱ਼ਦ ਕਰਦੇ। ਉਨ੍ਹਾਂ ਲਈ ਇਹ ਸਭ ਤੋਂ ਵਧੀਆ ਪਲ ਹੁੰਦੇ ਜਦ ਉਹ ਵਾਰੀ-ਵਾਰੀ ਬੱਤਖਾਂ ਨੂੰ ਬਰੈਡ ਪਾਉਂਦੇ ਅਤੇ ਫਿਰ ਨੱਚਦੇ ਟੱਪਦੇ ਘਰ ਨੂੰ ਪਰਤਦੇ। ਘਰ ਜਿਹੜਾ ਉਨ੍ਹਾਂ ਦੇ ਘਰ ਵਰਗਾ ਤਾਂ ਨਹੀਂ ਸੀ। ਪਰ ਘਰ ਦਾ ਵਾਤਵਾਰਨ ਹੀ ਵੱਖਰਾ ਹੁੰਦਾ ਜਿਸ ਵਿਚ ਬੱਚਿਆਂ ਨੂੰ ਕੁਝ ਵੀ ਕਰਨ ਦੀ ਖੁੱਲ੍ਹ ਹੁੰਦੀ ਖਾਸ ਕਰਕੇ ਜਦ ਇਹ ਨਾਨਕਾ ਘਰ ਹੋਵੇ।
ਕਪੂਰਥਲਾ ਵਿਚ ਬਣਾਏ ਘਰ ਤੋਂ ਕੈਨੇਡਾ ਵਿਚ ਲਏ ਘਰ ਦੀ ਸਫ਼ਰਦਾਰੀ ਵਿਚ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਿਆ। ਔਖਾ ਹੁੰਦਾ ਏ ਇਕ ਘਰ ਨੂੰ ਤਿਆਗ ਕੇ ਹੋਰ ਘਰ ਦੀ ਸਿਰਜਣਾ ਕਰਨਾ ਪਰ ਪਹਿਲਾ ਘਰ ਹਮੇਸ਼ਾ ਪਹਿਲਾ ਹੀ ਹੁੰਦਾ ਕਿਉਂਕਿ ਪਹਿਲੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ। ਤੁਹਾਨੂੰ ਘਰ ਦੀ ਨਿੱਕੀ ਨਿੱਕੀ ਚੀਜ਼, ਵਸਤ ਜਾਂ ਤਿਆਰੀ ਦਾ ਪਤਾ ਵੀ ਹੁੰਦਾ। ਇਸੇ ਲਈ ਪਹਿਲਾ ਘਰ ਤੁਹਾਡੇ ਚੇਤਿਆਂ ਵਿਚੋਂ ਕਦੇ ਨਹੀਂ ਵਿਸਰਦਾ।
ਕੈਨੇਡਾ ਵਿਚ ਆਪਣਾ ਘਰ ਬਣਾਉਣ ਅਤੇ ਸੁਖਨਮਈ ਜਿ਼ੰਦਗੀ ਜਿਊਣਾ ਅਤੇ ਜੀਵਨ ਦੇ ਆਖ਼ਰੀ ਪੜਾਅ ਨੂੰ ਭੱਜ-ਦੌੜ ਤੋਂ ਬਗੈਰ ਜਿਉਣਾ ਸ਼ਾਇਦ ਸਾਡੀ ਤਕਦੀਰ ਵਿਚ ਨਹੀਂ ਸੀ। ਕਈ ਵਾਰ ਤੁਹਾਡੇ ਪੈਰਾਂ ਵਿਚ ਹੀ ਅਜਿਹਾ ਸਫ਼ਰ ਲਿਖਿਆ ਹੁੰਦਾ ਜਿਸਨੂੰ ਪੂਰਾ ਕਰ ਕੇ ਹੀ ਤੁਹਾਡੇ ਮਨ ਵਿਚ ਪੂਰਨਤਾ ਦਾ ਅਹਿਸਾਸ ਹੁੰਦਾ। ਫਿਰ ਵੱਡੀ ਬੇਟੀ ਦਾ ਦਾਈਏ ਜੇਹਾ ਹੁਕਮ ਆਇਆ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਅਮਰੀਕਾ ਆ ਜਾਵੋ ਕਿਉਂਕਿ ਤੁਸੀਂ ਇਥੇ `ਕੱਲੇ ਕੀ ਕਰੋਗੇ? ਅਸੀਂ ਦੋਵੇਂ ਭੈਣਾਂ ਤਾਂ ਹੁਣ ਅਮਰੀਕਾ ਵਿਚ ਹਾਂ। ਨਾਲੇ ਸਾਡੇ ਬੱਚਿਆਂ ਨੂੰ ਨਾਨੇ-ਨਾਨੀ ਦਾ ਸੰਗ-ਸਾਥ ਮਿਲਿਆ ਰਹੇਗਾ।
ਬੇਟੀ ਦੇ ਦਾਈਏ ਨੂੰ ਕੌਣ ਮੋੜਨ ਦੀ ਅਵੱਗਿਆ ਕਰ ਸਕਦਾ। ਫਿਰ ਸ਼ੁਰੂ ਹੋ ਗਿਆ ਕੈਨੇਡਾ ਵਿਚ ਆਪਣੇ ਆਪ ਨੂੰ ਸਮੇਟਣਾ ਅਤੇ ਨਵੇਂ ਸਫ਼ਰ ਦੀ ਤਿਆਰੀ ਲਈ ਖੁਦ ਨੂੰ ਤਿਆਰ ਕਰਨਾ। ਨਵੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਨਾਲ ਆਢਾ ਲਾਉਣ ਦੀ ਵਾਰੀ। ਪਿੰਡ ਤੋਂ ਕਪੂਰਥਲਾ, ਕਪੂਰਥਲਾ ਤੋਂ ਕੈਨੇਡਾ ਅਤੇ ਹੁਣ ਕੈਨੇਡਾ ਤੋਂ ਅਮਰੀਕਾ। ਪਰ ਮਨ ਵਿਚ ਇਹ ਧਾਰੀ ਕਿ ਅਮਰੀਕਾ ਵਿਚ ਆਪਣਾ ਵੱਖਰਾ ਘਰ ਲੈ ਕੇ ਬੇਟੀ ਕੋਲ ਜਾਣਾ ਹੈ ਤਾਂ ਕਿ ਬੱਚੀਆਂ ਦੇ ਕੋਲ ਰਹਿੰਦਿਆਂ ਵੀ ਨਿੱਜੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾਵੇ। ਉਸਦੀ ਪਰਿਵਾਰਕ ਜਿ਼ੰਦਗੀ ਵਿਚ ਕਿਸੇ ਕਿਸਮ ਦੀ ਦਖਲ-ਅੰਦਾਜ਼ੀ ਤੋਂ ਨਿਰਲੇਪ ਰਿਹਾ ਜਾਵੇ। ਕੈਨੇਡਾ ਦਾ ਘਰ ਵੇਚਿਆ ਅਤੇ ਬੇਟੀ ਤੋਂ ਪੰਜ ਮਿੰਟ ਦੀ ਡਰਾਈਵ `ਤੇ ਘਰ ਲੈ ਲਿਆ ਅਤੇ ਕੈਨੇਡਾ ਵਿਚ ਸਭ ਕੁਝ ਛੱਡ ਛੁਡਾ ਕੇ ਅਮਰੀਕਾ ਪਹੁੰਚ ਗਏ।
ਦਰਅਸਲ ਘਰ ਹੀ ਹੁੰਦਾ ਜੋ ਮਨੁੱਖ ਨੂੰ ਸਕੂਨ ਬਖਸ਼ਦਾ। ਮਨੁੱਖ ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਘਰ ਦੀ ਮਹਿਫੂਜ਼ੀ ਵਿਚ ਆਪਣੇ ਆਪ ਨੂੰ ਬਹੁਤ ਹੀ ਆਰਾਮਦਾਇਕ ਅਤੇ ਅਨੰਦਮਈ ਮਹਿਸੂਸਦਾ। ਘਰ ਤੁਹਾਨੂੰ ਬੁੱਕਲ ਵਿਚ ਲੈਂਦਾ, ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰਦਾ, ਤੁਹਾਡੇ ਮੱਥੇ ਤੋਂ ਫਿਕਰਾਂ ਦੀਆਂ ਲਕੀਰਾਂ ਨੂੰ ਪੂੰਝਦਾ, ਮੁਸ਼ਕੱਤ ਦੀ ਥਕਾਨ ਉਤਾਰਦਾ ਅਤੇ ਅਗਲੇ ਦਿਨ ਲਈ ਨਵੀਂ ਤਾਜ਼ਗੀ ਅਤੇ ਤਿਆਰੀ ਵੀ ਅਰਪਿਤ ਕਰਦਾ। ਘਰ ਦੀਆਂ ਬਹੁਤ ਪਰਤਾਂ। ਸਿਰਫ਼ ਸੁਨਹਿਰੀ ਪਰਤ ਨੂੰ ਪਾਉਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਘਰ ਨੂੰ ਤੌਖਲਾ ਹੁੰਦਾ ਤਾਂ
ਦਰਾਂ ਮੂਹਰੇ ਲਾਏ ਜਾਂਦੇ ਬੈਰੀਕੇਡ,
ਆਲੇ-ਦੁਆਲੇ ਪੁੱਟੀ ਜਾਂਦੀ ਖਾਈ,
ਚੌਫੇਰੇ ਲੱਗ ਜਾਂਦੇ ਪਹਿਰੇ,
ਤੇ ਹਰੇਕ ਦੀ ਹੁੰਦੀ ਜਾਮਾ-ਤਲਾਸ਼ੀ।

ਘਰ ਨੂੰ ਡਰ ਹੁੰਦਾ ਤਾਂ
ਘਰ ਦੁਆਲੇ ਉਸਰਦੀਆਂ ਕੰਧਾਂ,
ਕੰਧਾਂ `ਤੇ ਜੜ੍ਹੇ ਜਾਂਦੇ ਕਿੱਲ ਤੇ ਕੱਚ,
ਦਰਵਾਜਿ਼ਆਂ `ਤੇ ਲੱਗਦੇ ਜੰਦਰੇ,
ਤੇ ਖੂੰਖਾਰ ਕੁੱਤੇ ਬਣ ਜਾਂਦੇ ਰਾਖੇ।

ਘਰ ਪ੍ਰਛਾਵਿਆਂ ਤੋਂ ਤ੍ਰਭਕਦਾ ਤਾਂ
ਛੱਤ ਤੋਂ ਸੁਣਦੀ ਪੈਰਾਂ ਦੀ ਆਹਟ,
ਕੰਧਾਂ ਕਰਦੀਆਂ ਚੁਗਲੀਆਂ,
ਖਿੜਕੀਆਂ `ਤੇ ਹੁੰਦੀ ਪਰਦਾਦਾਰੀ,
ਤੇ ਰੌਸ਼ਨਦਾਨਾਂ ਤੋਂ ਬੇਦਖ਼ਲ ਹੋ ਜਾਂਦੀ ਰੌਸ਼ਨੀ।

ਪਰ
ਇਹ ਬੰਦਸ਼ਾਂ ਕਿੰਝ ਰੋਕਣਗੀਆਂ
ਹਵਾਵਾਂ ਦਾ ਸਰਸਰਾਉਣਾ,
ਪੰਛੀਆਂ ਦਾ ਚਹਿਚਹਾਉਣਾ,
ਲੰਮੀਆਂ ਉਡਾਰੀਆਂ ਲਾਉਣਾ,
ਤੇ ਜਿ਼ੰਦਗੀ ਦੇ ਗੀਤ ਗਾਉਣਾ?

ਕਿਹੜੀ ਰੁਕਾਵਟ ਰੋਕੇਗੀ
ਫਿ਼ਜਾਵਾਂ `ਚ ਉਗੀ ਹੇਕ,
ਮੋਹਵੰਤਿਆਂ ਦੀ ਟੇਕ,
ਮੁਹੱਬਤਾਂ ਦਾ ਕੋਸਾ ਸੇਕ,
ਤੇ ਵਿਹੜੇ `ਚ ਮੌਲਦੀ ਧਰੇਕ?

ਕਿਹੜੀ ਕਿੱਲਾਬੰਦੀ ਰੋਕੇਗੀ
ਬੁਲੰਦ ਆਵਾਜ਼,
ਸਾਹਾਂ ਦਾ ਰਿਆਜ਼,
ਸੁਪਨਿਆਂ ਦੀ ਪ੍ਰਵਾਜ਼,
ਤੇ ਜਿਊਣ ਅੰਦਾਜ਼?

ਸਗੋਂ ਇਨ੍ਹਾਂ ਪਾਬੰਦੀਆਂ `ਚ
ਦੁਬਕੇਗਾ ਘਰ ਦਾ ਸਾਹ,
ਧੁਆਂਖੇ ਜਾਣਗੇ ਚਾਅ,
ਸੱਧਰਾਂ ਹੋਣਗੀਆਂ ਸਵਾਹ,
ਤੇ ਘਰ ਰੋਵੇਗਾ ਮਾਰ ਕੇ ਧਾਹ।

ਇਸ ਤੋਂ ਪਹਿਲਾਂ ਕਿ
ਘਰ ਕਬਰ ਬਣ ਜਾਵੇ
ਚਾਨਣ ਅਤੇ `ਵਾ ਤੋਂ ਪਹਿਰੇ ਹਟਾਓ
ਇਨ੍ਹਾਂ ਦੀ ਆਗੋਸ਼ ਵਿਚ ਬਹਿ ਕੇ
ਯੁੱਗ-ਜਿਊਣ ਦੀਆਂ ਬਾਤਾਂ ਪਾਓ
ਤੇ ਘਰ ਨੂੰ ਘਰ ਬਣਾਓ।
ਬੰਦਾ ਸਾਰੀ ਉਮਰ ਘਰ ਦੀ ਸਿਰਜਣਾ ਵਿਚ ਹੀ ਲਾ ਦਿੰਦਾ ਤਾਂ ਹੀ ਘਰ ਵੀ ਬੰਦੇ ਨੂੰ ਆਪਣੀ ਆਗੋਸ਼ ਵਿਚ ਲੈ, ਇਸਦੀਆਂ ਬਲਾਵਾਂ ਉਤਾਰਦਾ ਅਤੇ ਇਸਨੂੰ ਅੰਤਰੀਵੀ ਬਖਸਿ਼ਸ਼ਾਂ ਨਾਲ ਨਿਵਾਜਦਾ।
ਬੰਦੇ ਤੇ ਘਰ ਦਾ ਇਹ ਰਿਸ਼ਤਾ ਯੁੱਗਾਂ ਯੁੱਗਾਂ ਤੋਂ ਜਾਰੀ। ਇਸ ਸੰਬੰਧ ਨੇ ਸਦੀਵੀ ਰਹਿਣਾ ਕਿਉਂਕਿ ਘਰ ਤੋਂ ਬਗੈਰ ਬੰਦੇ ਦੀ ਕੋਈ ਹੋਂਦ ਨਹੀਂ ਅਤੇ ਬੰਦੇ ਤੋਂ ਬਗੈਰ ਘਰ ਦੀ ਸਿਰਜਣਾ ਕੌਣ ਕਰੇਗਾ? ਘਰ ਵਾਲਿਆਂ ਤੋਂ ਬਗੈਰ ਘਰ ਦੇ ਕੀ ਅਰਥ ਨੇ? ਸੰਸਾਰਕ ਸਫ਼ਰ ਲਈ ਅਤਿ ਜ਼ਰੂਰੀ ਹੈ ਕਿ ਇਹ ਸੁਹਜਭਾਵੀ ਸੰਬੰਧ ਸਦਾ ਬਰਕਰਾਰ ਰਹੇ।
ਘਰ ਬਾਹਰਲਾ ਵੀ ਹੁੰਦਾ ਜੋ ਦੁਨੀਆ ਨੂੰ ਨਜ਼ਰ ਆਉਂਦਾ। ਪਰ ਇਕ ਘਰ ਮਨੁੱਖ ਦੇ ਅੰਦਰ ਵੀ ਹੁੰਦਾ। ਜਿ਼ਆਦਾ ਵਾਰ ਮਨੁੱਖ ਦੇ ਮਨ ਵਿਚ ਬਾਹਰਲੇ ਘਰ ਦਾ ਹੀ ਤੁਸੱਵਰ ਹੁੰਦਾ। ਉਸਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸਦੇ ਅੰਤਰੀਵ ਵਿਚ ਵੀ ਇਕ ਘਰ ਹੈ। ਇਸਦੀ ਯਾਤਰਾ ਜਿ਼ੰਦਗੀ ਨੂੰ ਸੁੱਚਮ ਅਤੇ ਸਦੀਵਤਾ ਬਖਸ਼ਣ ਲਈ, ਇਸਦੀ ਜਿ਼ਆਰਤ ਕਰਨਾ, ਬਹੁਤ ਜ਼ਰੂਰੀ ਹੁੰਦਾ। ਇਹ ਵੀ ਜ਼ਰੂਰੀ ਹੁੰਦਾ ਕਿ ਬਾਹਰਲੇ ਘਰ ਦੀ ਸਲਾਮਤੀ ਦੇ ਨਾਲ ਨਾਲ ਆਪਣੇ ਅੰਦਰਲੇ ਘਰ ਦੀ ਸਾਫ਼-ਸਫ਼ਾਈ ਅਤੇ ਪਾਕੀਜ਼ਗੀ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਇਸ ਨਾਲ ਜੀਵਨ ਵਿਚ ਨਿਵੇਕਲੇ ਅਰਥਾਂ ਦੀ ਪੇਸ਼ੀਨਗੋਈ ਹੋਵੇਗੀ।