ਸਾਂਝੀਵਾਲਤਾ ਵਾਲਾ ਸਭਿਆਚਾਰ ਅਤੇ ਫਿਰਕੂ ਸਿਆਸਤ

ਸੁਖਦੇਵ ਸਿੰਘ ਸਿਰਸਾ
ਫੋਨ: +91-98156-36565
ਭਾਰਤ ਦੇ ਸਾਂਝੇ, ਬਹੁ-ਰੰਗੇ, ਸਦਭਾਵਨਾ ਮੂਲਕ ਅਤੇ ਸੈਕੂਲਰ ਸਭਿਆਚਾਰ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਹਿੰਦੂ-ਮੁਸਲਿਮ ਭਾਈਚਾਰਿਆਂ ਦਾ ਫਿਰਕੂ ਆਧਾਰ ’ਤੇ ਧਰੁਵੀਕਰਨ ਕਰਨ ਲਈ ਵੱਖ-ਵੱਖ ਤਿਉਹਾਰਾਂ ਸਮੇਂ ਫਿਰਕੂ ਤਣਾਉ ਪੈਦਾ ਕੀਤਾ ਜਾਂਦਾ ਹੈ।

ਹਿੰਦੂਤਵ ਦੇ ਏਜੰਡੇ ਤਹਿਤ ਇਕ ਦੇਸ਼, ਇਕ ਧਰਮ, ਇਕ ਭਾਸ਼ਾ ਅਤੇ ਇਕ ਸੰਵਿਧਾਨ ਦੀ ਆੜ ਵਿਚ ਸਾਂਝੇ ਅਤੇ ਸਾਂਝੀਵਾਲ ਸਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ।
ਇਸ ਵਾਰ ਰਾਮਨੌਮੀ ਦੇ ਤਿਉਹਾਰ ਵਾਲੇ ਦਿਨ ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਅਤੇ ਦਿੱਲੀ ਵਿਚ ਹੋਏ ਧਾਰਮਿਕ ਵਿਵਾਦਾਂ ਨੇ ਹਰ ਸੰਵੇਦਨਸ਼ੀਲ ਭਾਰਤੀ ਨੂੰ ਚਿੰਤਾਗ੍ਰਸਤ ਅਤੇ ਸੋਚਣ ਲਈ ਮਜਬੂਰ ਕੀਤਾ ਹੈ। ਬਿਨਾਂ ਸ਼ੱਕ, ਭਗਵਾਨ ਰਾਮ ਭਾਰਤੀ ਅਵਾਮ ਦੀ ਆਸਥਾ ਦੇ ਪੁੰਜ ਹਨ। ਇਸਲਾਮ ਵਿਚ ਅਕੀਦਤ ਰੱਖਣ ਵਾਲਾ ਭਾਰਤੀ ਮੁਸਲਿਮ ਭਾਈਚਾਰਾ ਰਾਮ ਅਤੇ ਕ੍ਰਿਸ਼ਨ ਨੂੰ ਸਾਂਝੇ ਆਦਰਸ਼ ਨਾਇਕਾਂ ਵਜੋਂ ਸਤਿਕਾਰ ਦਿੰਦਾ ਹੈ। ਭਾਰਤੀ ਉਪ-ਮਹਾਂਦੀਪ ਦੇ ਸੂਫੀਆਂ, ਭਗਤਾਂ ਅਤੇ ਅਨੇਕਾਂ ਮੁਸਲਮਾਨ ਸ਼ਾਇਰਾਂ ਨੇ ਭਗਵਾਨ ਰਾਮ ਦੀ ਉਸਤਤੀ ਦੇ ਗੀਤ ਗਾਏ ਹਨ। ਡਾ. ਮੁਹੰਮਦ ਇਕਬਾਲ ਤਾਂ ਰਾਮ ਨੂੰ ਭਾਰਤ ਦਾ ਰੂਹਾਨੀ ਪੈਗੰਬਰ ‘ਹਿੰਦ ਦਾ ਇਮਾਮ’ ਕਹਿੰਦਾ ਹੈ:
ਹੈ ਰਾਮ ਕੇ ਵਜੂਦ ਸੇ ਹਿੰਦੋਸਤਾਂ ਕੋ ਨਾਜ਼
ਅਹਲੇ ਨਜ਼ਰ ਸਮਝਤੇ ਹੈ ਉਸ ਕੋ ਇਮਾਮ-ਇ-ਹਿੰਦ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਸਾਂਝੇ, ਬਹੁ-ਰੰਗੇ, ਸਦਭਾਵਨਾ ਮੂਲਕ, ਸਹਿਹੋਂਦਵਾਦੀ ਅਤੇ ਸੈਕੂਲਰ ਸਭਿਆਚਾਰ ਨੂੰ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਹੈ। ਹਿੰਦੂ-ਮੁਸਲਿਮ ਭਾਈਚਾਰਿਆਂ ਦਾ ਫਿਰਕੂ ਆਧਾਰਾਂ ਉਤੇ ਧਰੁਵੀਕਰਨ ਕਰਨ ਲਈ ਵੱਖ-ਵੱਖ ਤਿਉਹਾਰਾਂ ਸਮੇਂ ਫਿਰਕੂ ਤਣਾਉ ਪੈਦਾ ਕੀਤਾ ਜਾਂਦਾ ਹੈ। ਹਿੰਦੂਤਵ ਦੇ ਏਜੰਡੇ ਤਹਿਤ ਇਕ ਦੇਸ਼, ਇਕ ਧਰਮ, ਇਕ ਭਾਸ਼ਾ ਅਤੇ ਇਕ ਸੰਵਿਧਾਨ ਦੀ ਆੜ ਵਿਚ ਸਾਂਝੇ ਬਹੁਲਤਾਵਾਦੀ ਅਤੇ ਸਾਂਝੀਵਾਲਤਾ ਵਾਲੇ ਸਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਤਾਜ਼ਾ ਆਲਮੀ ਸਰਵੇਖਣਾਂ ਅਨੁਸਾਰ ਭਾਰਤ ਸਿੱਖਿਆ, ਸਿਹਤ, ਰੁਜ਼ਗਾਰ, ਵਿਕਾਸ ਦਰ ਅਤੇ ਸਮਾਜਕ ਨਿਆਂ ਪੱਖੋਂ ਆਪਣੇ ਗਵਾਂਢੀ, ਬੰਗਲਾਦੇਸ਼ ਵਰਗੇ ਛੋਟੇ-ਛੋਟੇ ਮੁਲਕਾਂ ਨਾਲੋਂ ਬਹੁਤ ਨੀਵੇਂ ਦਰਜੇ ਉਤੇ ਹੈ। ਸੰਸਾਰ ਸਰਮਾਏਦਾਰੀ ਅਤੇ ਕਾਰਪੋਰੇਟ ਸੰਸਾਰ ਦੀ ਅੱਖ ਭਾਰਤ ਦੇ ਕੁਦਰਤੀ ਵਸੀਲਿਆਂ ਅਤੇ ਮਨੁੱਖੀ ਕਿਰਤ ਸਰੋਤਾਂ ਉਤੇ ਹੈ। ਸੰਸਾਰ ਬਾਜ਼ਾਰ ਲਈ ਭਾਰਤ ਵੱਡੀ ਮੰਡੀ ਹੈ। ਭਾਰਤ ਦੀ ਰਾਜ-ਸੱਤਾ ਉਪਰ ਕਾਬਜ਼ ਸਥਾਨਕ ਸਰਮਾਏਦਾਰੀ ਵਿਸ਼ਵ ਬਾਜ਼ਾਰ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਮਜਬੂਰ ਹੈ। ਤਕਨਾਲੋਜੀ ਦੇ ਅਣ-ਕਿਆਸੇ ਪਾਸਾਰ ਅਤੇ ਨਿੱਜੀਕਰਨ ਕਰਕੇ ਸੇਵਾਵਾਂ ਅਤੇ ਰੁਜ਼ਗਾਰ ਦੇ ਖੇਤਰ ਸੁੰਗੜ ਗਏ ਹਨ। ਅਤਿ ਦੀ ਬੇਰੁਜ਼ਗਾਰੀ ਕਰਕੇ ਉਚ ਸਿੱਖਿਆ ਪ੍ਰਾਪਤ ਤਕਨੀਕੀ ਮਾਹਿਰ ਅਤੇ ਹੁਨਰੀ ਕਾਮੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਭਾਰਤ ਦਾ ਬੌਧਿਕ ਸਰਮਾਇਆ ਅਤੇ ਨਿਵੇਸ਼ ਯੋਗ ਪੂੰਜੀ ਬਾਹਰ ਜਾ ਰਹੀ ਹੈ। ਖੇਤੀ, ਉਦਯੋਗ ਅਤੇ ਹਰ ਤਰ੍ਹਾਂ ਦਾ ਕਾਰੋਬਾਰ ਗਹਿਰੇ ਸੰਕਟ ਦੇ ਸ਼ਿਕਾਰ ਹਨ। ਅਸਾਵੇਂ ਵਿਕਾਸ ਦੀ ਨੀਤੀ ਨੇ ਭਾਰਤੀ ਵਸੋਂ ਵਿਚਲੀ ਪਾੜੇ ਦੀ ਖਾਈ ਹੋਰ ਗਹਿਰੀ ਕੀਤੀ ਹੈ। ਭਾਰਤੀ ਅਵਾਮ ਦਾ ਵੱਡਾ ਹਿੱਸਾ ਤਿੱਖੇ ਵਿਰੋਧਾਂ ਲਈ ਸੜਕਾਂ ਉਤੇ ਉਤਰਿਆ ਹੋਇਆ ਹੈ। ਸੱਤਾ ਵਿਚ ਬਣੇ ਰਹਿਣ ਲਈ ਸਰਕਾਰ ਕੋਲ ਦੋ ਹੀ ਰਾਹ ਹਨ: ਦਮਨਕਾਰੀ ਰਾਜ-ਤੰਤਰ ਦੀ ਬੇਮੁਹਾਰ ਹਿੰਸਾ ਅਤੇ ਦੂਜਾ ਧਰਮ, ਫਿਰਕੇ, ਜਾਤੀ, ਖਿੱਤੇ, ਭਾਸ਼ਾ ਆਦਿ ਦੇ ਝਗੜੇ ਖੜ੍ਹੇ ਕਰਕੇ ਵੋਟਰਾਂ ਦਾ ਧਰੁਵੀਕਰਨ ਕਰਨਾ।
ਸਵੈ-ਨਿਰਭਰ ਰਾਸ਼ਟਰ ਲਈ ਜ਼ਰੂਰੀ ਹੈ ਕਿ ਅਸੀਂ ਸਮਕਾਲੀ ਕੌਮਾਂਤਰੀ ਰਾਜਸੀ ਮੰਚ ਅਤੇ ਵਿਸ਼ਵ ਬਾਜ਼ਾਰ ‘ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈਏ। ਟਿਕਾਊ ਤੇ ਵਿਕਾਸਸ਼ੀਲ ਆਰਥਿਕਤਾ ਲਈ ਜਿੱਥੇ ਅਮਨ, ਸ਼ਾਂਤੀ ਅਤੇ ਵਿਸ਼ਾਲ ਜਨਤਕ ਭਾਗੀਦਾਰੀ ਦੀ ਜ਼ਰੂਰਤ ਹੈ, ਉਥੇ ਵਿਗਿਆਨ ਤੇ ਤਕਨਾਲੋਜੀ ਦਾ ਪਾਸਾਰ ਅਤੇ ਤਕਨੀਕੀ ਮੁਹਾਰਤ ਵਾਲੀ ਕਿਰਤ-ਸ਼ਕਤੀ ਦਾ ਵਿਕਾਸ ਲੋੜੀਂਦਾ ਹੈ। ਸਿਹਤ, ਸਿੱਖਿਆ, ਅੰਦਰੂਨੀ ਤੇ ਬਾਹਰੀ ਸੁਰੱਖਿਆ ਅਤੇ ਜ਼ਰੂਰੀ ਸੇਵਾਵਾਂ ਦੇ ਖੇਤਰ ਵਿਚ ਨਿੱਜੀਕਰਨ ਦੇ ਅਮਲ ਨੂੰ ਬੰਦ ਕੀਤਾ ਜਾਵੇ। ਖੇਤੀ ਅਤੇ ਉਦਯੋਗਾਂ ਦੇ ਵਿਕਾਸ ਲਈ ਕਾਰਪੋਰੇਟ ਮਾਡਲ (ਨਿੱਜੀਕਰਨ) ਦੀ ਥਾਂ ਪਬਲਿਕ ਸੈਕਟਰ ਜਾਂ ਸਹਿਕਾਰੀ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਵੇ। ਸਮੇਂ ਦੀ ਮੰਗ ਹੈ ਕਿ ਫਿਰਕੂ ਧਰੁਵੀਕਰਨ ਅਤੇ ਰਾਸ਼ਟਰਵਾਦ ਅਤੇ ਫਿਰਕੂ ਹਿੰਸਾ ਤੇ ਟਿਕਾਊ ਵਿਕਾਸ ਇਕੱਠੇ ਨਹੀਂ ਚੱਲ ਸਕਦੇ। ਕੌਮੀ ਸੁਤੰਤਰਤਾ ਸੰਗਰਾਮ ਨੇ ਸੰਮਿਲਤ ਰਾਸ਼ਟਰਵਾਦ (ਸਭ ਦੀ ਸ਼ਮੂਲੀਅਤ ਤੇ ਭਾਗੀਦਾਰੀ ਵਾਲਾ) ਜਿਹੜਾ ਮਾਡਲ ਸਿਰਜਿਆ ਸੀ, ਅਜੋਕੇ ਬਹੁ-ਨਸਲੀ, ਬਹੁ-ਭਾਸ਼ੀ, ਬਹੁ-ਧਰਮੀ ਅਤੇ ਬਹੁ-ਸਭਿਆਚਾਰਕ ਸੰਸਾਰ ਵਿਚ ਉਹ ਹੀ ਇਕੋ-ਇਕ ਰਾਹਤ ਦੇਣ ਵਾਲਾ ਮਾਡਲ ਹੈ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਅਦੁੱਤੀ ਘਟਨਾ ਘਟੀ ਸੀ, ਉਹ ਸੀ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਪਹਿਲਾਂ 9 ਅਪਰੈਲ 1919 ਨੂੰ ਅੰਮ੍ਰਿਤਸਰ ਵਿਖੇ ਮਨਾਇਆ ਰਾਮਨੌਮੀ ਦਾ ਤਿਉਹਾਰ ਜਿਸ ਵਿਚ ਹਿੰਦੂ-ਮੁਸਲਿਮ ਫਿਰਕਿਆਂ ਨੇ ਕਮਾਲ ਦੀ ਧਾਰਮਿਕ ਸਦਭਾਵਨਾ ਦਾ ਮੁਜ਼ਾਹਰਾ ਕੀਤਾ ਸੀ।
ਪਹਿਲੇ ਵਿਸ਼ਵ ਯੁੱਧ ਸਮੇਂ ਬਰਤਾਨਵੀ ਸਰਕਾਰ ਵੱਲੋਂ ਪੰਜਾਬ ਵਿਚੋਂ ਜਬਰੀ ਫੌਜੀ ਭਰਤੀ, ਯੁੱਧ ਲਈ ਚੰਦਾ ਅਤੇ ਕਰਜ਼ਾ ਉਗਰਾਹਿਆ ਗਿਆ। ਜ਼ਮੀਨੀ ਸੁਧਾਰਾਂ ਦੇ ਨਾਂ ਉਤੇ ਕਿਸਾਨਾਂ ‘ਤੇ ਭਾਰੀ ਟੈਕਸ ਲਾਏ ਗਏ। ਅਕਾਲ ਪੈਣ ਕਾਰਨ ਖਾਧ ਪਦਾਰਥਾਂ ਦੀ ਕਮੀ ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਬੇਤਹਾਸ਼ਾ ਵਧੀਆਂ। ਲੋਕਾਂ ਵੱਲੋਂ ਆਜ਼ਾਦੀ, ਵੱਧ ਅਧਿਕਾਰ ਤੇ ਹੋਮ ਰੂਲ ਮੰਗਣ ਅਤੇ ਰੋਸ ਪ੍ਰਗਟਾਉਣ ਉਤੇ ਪਾਬੰਦੀਆਂ ਲਾਉਣ ਲਈ ਪ੍ਰੈੱਸ ਐਕਟ ਆਫ ਇੰਡੀਆ (1910), ਡਿਫੈਂਸ ਆਫ ਇੰਡੀਆ ਐਕਟ (1915), ਇਨਗ੍ਰੈਸ ਇੰਟੂ ਇੰਡੀਆ ਐਕਟ ਆਦਿ ਕਾਲੇ ਕਾਨੂੰਨ ਲਾਗੂ ਕੀਤੇ ਗਏ। ਯੁੱਧ ਸਮਾਪਤੀ ਉਤੇ ਹੋਮ ਰੂਲ ਦੀ ਮੰਗ ਨੂੰ ਦਬਾਉਣ ਲਈ ਸਡੀਸ਼ਨ ਕਮੇਟੀ ਬਣਾਈ ਗਈ। ਉਸ ਦੀ ਸਿਫਾਰਸ਼ ਉਤੇ ਰੌਲਟ ਐਕਟ ਬਣਾਇਆ। ਭਾਰਤੀ ਅਵਾਮ, ਪ੍ਰੈੱਸ ਅਤੇ ਨੇਤਾਵਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਇਹ ਐਕਟ 18 ਮਾਰਚ, 1919 ਨੂੰ ਪਾਸ ਕਰ ਦਿੱਤਾ ਗਿਆ। ਇਸ ਐਕਟ ਵਿਰੁੱਧ ਲਾਹੌਰ ਤੋਂ ਸ਼ੁਰੂ ਹੋਇਆ ਅੰਦੋਲਨ ਸਾਰੇ ਪੰਜਾਬ ਵਿਚ ਫੈਲ ਗਿਆ।
ਪਹਿਲੇ ਸੰਸਾਰ ਯੁੱਧ ਤੱਕ ਅੰਗਰੇਜ਼ਾਂ ਪ੍ਰਤੀ ਨਰਮ ਗੋਸ਼ਾ ਰੱਖਣ ਵਾਲੇ ਮਹਾਤਮਾ ਗਾਂਧੀ ਨੇ ਇਸ ਰੌਲਟ ਐਕਟ ਵਿਰੁੱਧ 30 ਮਾਰਚ 1919 ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਜੋ ਬਾਅਦ ਵਿਚ ਤਾਰੀਖ ਬਦਲ ਕੇ 6 ਅਪਰੈਲ ਕਰ ਦਿੱਤੀ। 30 ਮਾਰਚ ਨੂੰ ਪੰਜਾਬ ਅਤੇ ਉਤਰੀ ਭਾਰਤ ਵਿਚ ਜ਼ਬਰਦਸਤ ਹੜਤਾਲ ਹੋਈ। ਦਿੱਲੀ ਤੇ ਕੁਝ ਸ਼ਹਿਰਾਂ ਵਿਚ ਪੁਲਿਸ ਨਾਲ ਟਕਰਾਉ ਹੋਇਆ। 6 ਅਪਰੈਲ ਦੀ ਦੇਸ਼ ਵਿਆਪੀ ਹੜਤਾਲ ਸਮੇਂ ‘ਹਿੰਦੂ ਮੁਸਲਿਮ ਕੀ ਜੈ’, ‘ਮਹਾਤਮਾ ਗਾਂਧੀ ਕੀ ਜੈ’ ਦੇ ਨਾਅਰੇ ਲੱਗੇ। ਪੰਜਾਬ ਦੇ ਸ਼ਹਿਰਾਂ- ਲਾਹੌਰ, ਬਟਾਲੇ, ਕਸੂਰ ਤੇ ਅੰਮ੍ਰਿਤਸਰ ਵਿਚ ਰਾਮਨੌਮੀ ਦਾ ਤਿਉਹਾਰ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਸਾਂਝੇ ਕੌਮੀ ਦਿਹਾੜੇ ਵਜੋਂ ਮਨਾਇਆ ਗਿਆ। ਹਿੰਦੂ-ਮੁਸਲਮਾਨਾਂ ਨੇ ਇਕੋ ਭਾਂਡੇ ਵਿਚੋਂ ਪਾਣੀ ਪੀਤਾ, ਆਪਸ ਵਿਚ ਪੱਗਾਂ ਵਟਾਈਆਂ, ਸਾਂਝੇ ਪਿਆਉ ਲਗਾਏ। ਡਾ. ਸਤਯਪਾਲ ਅਤੇ ਡਾ. ਕਿਚਲੂ ਉਪਰ ਬੋਲਣ ਅਤੇ ਮੁਜ਼ਾਹਰਿਆਂ ਆਦਿ ਵਿਚ ਜਾਣ ‘ਤੇ ਪਾਬੰਦੀ ਕਾਰਨ ਡਾ. ਹਾਫਿਜ਼ ਮਹਿਮੂਦ ਬਸ਼ੀਰ ਨੇ ਅੰਮ੍ਰਿਤਸਰ ਵਿਚ ਰਾਮਨੌਮੀ ਦੇ ਜਲੂਸ ਦੀ ਅਗਵਾਈ ਕੀਤੀ। ਜਲੂਸ ਵਿਚ ਤੁਰਕੀ ਫੌਜ ਦੀ ਵਰਦੀ ਵਿਚ ਸਜੇ 15 ਮੁਸਲਮਾਨ ਮੁੰਡਿਆਂ ਦੀ ਟੋਲੀ ਵੀ ਸ਼ਾਮਿਲ ਸੀ ਜਿਸ ਨੂੰ ਮੌਲਵੀ ਗੁਲਾਮ ਜੀਲਾਨੀ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਸੀ। ਹਿੰਦੂ-ਮੁਸਲਿਮ ਏਕੇ ਦੀ ਇਸ ਅਦੁੱਤੀ ਘਟਨਾ ਨੇ ਬਰਤਾਨਵੀ ਸ਼ਾਸਨ ਦੀ ਨੀਂਦ ਉਡਾ ਦਿੱਤੀ। ਰੌਲਟ ਐਕਟ ਵਿਰੋਧ ਨੂੰ ਸਖਤੀ ਨਾਲ ਕੁਚਲਣ ਲਈ ਉਚ ਅਫਸਰਾਂ ਦੀ ਨੀਤੀ ਤਹਿਤ ਜਨਰਲ ਰੈਜ਼ੀਨਾਲਡ ਹੈਨਰੀ ਡਾਇਰ ਨੇ 13 ਮਾਰਚ, 1919 ਨੂੰ ਜੱਲ੍ਹਿਆਂ ਵਾਲਾ ਬਾਗ ਵਿਚ ਸ਼ਾਂਤਮਈ ਜਲਸਾ ਕਰਦੇ ਲੋਕਾਂ ਉਪਰ ਅੰਨ੍ਹੇਵਾਹ ਗੋਲੀਆਂ ਵਰਸਾ ਕੇ 379 ਲੋਕਾਂ ਨੂੰ ਸ਼ਹੀਦ ਕਰ ਦਿੱਤਾ। 1200 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖਮੀ ਹੋਏ।
ਬਾਅਦ ਵਿਚ ਪੰਜਾਬ ਵਿਚ ਮਾਰਸ਼ਲ ਲਾਅ ਲਗਾ ਕੇ ਲੋਕਾਂ ਉਪਰ ਅੰਨ੍ਹਾ ਜਬਰ ਢਾਹਿਆ ਗਿਆ। ਕੌੜਿਆਂ ਵਾਲੀ ਗਲੀ (ਅੰਮ੍ਰਿਤਸਰ) ਜਿੱਥੇ ਬਰਤਾਨਵੀ ਨਾਗਰਿਕ ਮਾਰਸ਼ੈਲਾ ਸ਼ੇਰਵੁੱਡ ਨਾਲ ਲੋਕਾਂ ਨੇ ਕੁੱਟ-ਮਾਰ ਕੀਤੀ ਸੀ, ਦੇ ਵਸਨੀਕਾਂ ਨੂੰ ਆਪਣੇ ਘਰਾਂ ਤੱਕ ਗਲੀ ਵਿਚੋਂ ਰੀਂਗ ਕੇ ਚੱਲਣ ਦੀ ਸਜ਼ਾ ਦਿੱਤੀ ਗਈ ਅਤੇ ਕਈਆਂ ਦੇ ਕੋੜੇ ਮਾਰੇ ਗਏ। ਕਸੂਰ ਅਤੇ ਲਾਹੌਰ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਯੂਨੀਅਨ ਜੈਕ ਨੂੰ ਦਿਨ ਵਿਚ ਚਾਰ ਵਾਰ ਸਲੂਟ ਮਾਰਨ ਦਾ ਹੁਕਮ ਸੁਣਾਇਆ ਗਿਆ। ਗੁੱਜਰਾਂਵਾਲਾ ਸ਼ਹਿਰ ਵਿਚ ਹਵਾਈ ਜਹਾਜ਼ ਰਾਹੀਂ ਬੰਬ ਸੁੱਟੇ ਗਏ ਅਤੇ ਕਈ ਵਾਰ ਲੋਕਾਂ ਦੀ ਭੀੜ ਉਪਰ ਮਸ਼ੀਨਗੰਨ ਨਾਲ ਗੋਲੀਆਂ ਚਲਾਈਆਂ ਗਈਆਂ। ਇਹ ਸਾਰਾ ਦਮਨ ਚੱਕਰ ਪੰਜਾਬੀਆਂ/ਭਾਰਤੀਆਂ ਦੇ ਆਤਮ ਸਨਮਾਨ ਨੂੰ ਕੁਚਲਣ ਅਤੇ ਉਨ੍ਹਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ। ਜੱਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਅਚਾਨਕ ਵਾਪਰੀ ਘਟਨਾ ਨਹੀਂ ਸੀ, ਨਾ ਹੀ ਇਹ ਮਾਈਕਲ ਓ’ਡਵਾਇਰ ਜਾਂ ਜਨਰਲ ਡਾਇਰ ਵਰਗੇ ਅਫਸਰਾਂ ਦੀ ਪ੍ਰਸ਼ਾਸਨਿਕ ਕੋਤਾਹੀ ਦਾ ਸਿੱਟਾ ਸੀ, ਇਹ ਬਰਤਾਨਵੀ ਸਰਕਾਰ ਦੀ ਬਸਤੀਆਂ ਦੇ ਲੋਕਾਂ ਪ੍ਰਤੀ ਦਮਨਕਾਰੀ ਤੇ ਹਿੰਸਕ ਰਣਨੀਤੀ ਦਾ ਇਤਿਹਾਸਕ ਸਿੱਟਾ ਸੀ। ਖੁਦ ਅੰਗਰੇਜ਼ ਉਚ ਅਫਸਰਾਂ, ਇਤਿਹਾਸਕਾਰਾਂ, ਲੇਖਕਾਂ ਅਤੇ ਪੱਤਰਕਾਰਾਂ ਨੇ ਇਸ ਵਹਿਸ਼ੀ ਕਤਲੇਆਮ ਨੂੰ ‘ਮੁਗਲਈ ਤਸ਼ੱਦਦ ਤੋਂ ਵੀ ਭੈੜਾ’ ਅਤੇ ਅੰਗਰੇਜ਼ੀ ਰਾਜ ਉਪਰ ਕਾਲਾ ਧੱਬਾ ਕਿਹਾ ਜੋ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਪਤਨ ਦਾ ਕਾਰਨ ਬਣਿਆ। ਇਸ ਸਾਕੇ ਨੇ ਅੰਗਰੇਜ਼ੀ ਰਾਜ ਦੇ ਵਿਕਾਸ ਮੁਖੀ, ਨਿਆਂਸ਼ੀਲ ਅਤੇ ਲੋਕਤੰਤਰਕ ਹੋਣ ਦਾ ਮੁਖੌਟਾ ਲਾਹ ਦਿੱਤਾ। ਇਸ ਖੌਫਨਾਕ ਸਾਕੇ ਨੇ ਭਾਰਤੀ ਆਵਾਮ ਅੰਦਰ ਆਜ਼ਾਦੀ ਦੀ ਤਾਂਘ ਤਿੱਖੀ ਕੀਤੀ ਅਤੇ ਹਿੰਦੂ-ਮੁਸਲਿਮ ਭਾਈਚਾਰਿਆਂ ਦੀ ਫਿਰਕੂ ਸਾਂਝ ਤੇ ਸਦਭਾਵਨਾ ਨੂੰ ਬਲ ਬਖਸ਼ਿਆ। ਪੰਜਾਬੀ ਕਵੀ ਫਿਰੋਜ਼ਦੀਨ ਸ਼ਰਫ ਨੇ ‘ਰਲਿਆ ਖੂਨ ਹਿੰਦੂ ਮੁਸਲਮਾਨ ਏਥੇ’ ਕਹਿ ਕੇ ਜੱਲ੍ਹਿਆਂ ਵਾਲਾ ਬਾਗ ਨੂੰ ਗੰਗਾ-ਜਮਨੀ ਤਹਿਜ਼ੀਬ ਦਾ ਮੁਕੱਦਸ ਤੀਰਥ ਬਣਾ ਦਿੱਤਾ।
ਅੱਜ ਮਸਲਾ ਇਹ ਹੈ ਕਿ ਕਾਰਪੋਰੇਟਸ ਦੇ ਆਰਥਿਕ ਤੇ ਸਭਿਆਚਾਰਕ ਹਮਲੇ ਅਤੇ ਹਿੰਦੂਤਵ ਦੇ ਫਾਸ਼ੀ ਏਜੰਡੇ ਨੂੰ ਦਰਪੇਸ਼ ਹਾਲਾਤ ਵਿਚ ਕਿਵੇਂ ਸਮਝਿਆ ਜਾਵੇ? ਭਾਰਤੀ ਉਪ-ਮਹਾਂਦੀਪ ਦੇ ਸਾਂਝੇ ਗੰਗਾ-ਜਮਨੀ ਸਭਿਆਚਾਰ ਦੀ ਵਕਾਲਤ ਕਰਨ ਵਾਲੀ ਬੁਲੰਦ ਆਵਾਜ਼ ਸਾਈਂ ਬੁੱਲ੍ਹੇ ਸ਼ਾਹ ਦੀ ਕਾਫੀ ਦੇ ਇਨ੍ਹਾਂ ਬੋਲਾਂ ਨਾਲ ਆਪਣੀ ਗੱਲ ਨੂੰ ਵਿਰਾਮ ਦਿੰਦਾ ਹਾਂ:
ਗੱਲ ਸਮਝ ਲਈ ਤੇ ਰੌਲਾ ਕੀ,
ਫਿਰ ਰਾਮ ਰਹੀਮ ਤੇ ਮੌਲਾ ਕੀ।