ਭਾਰਤ ਨੂੰ ਬਚਾਉਣ ਦੀ ਲੜਾਈ ਲੜਨੀ ਪਵੇਗੀ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ

ਮਸ਼ਹੂਰ ਲੇਖਕ ਅਤੇ ਕਾਰਕੁਨ ਅਰੁੰਧਤੀ ਰਾਏ ਨੇ 19 ਅਪਰੈਲ ਨੂੰ ਅਮਰੀਕਾ ਦੀ ਟੈਕਸਸ ਯੂਨੀਵਰਸਿਟੀ ਦੇ ਆਸਟਿਨ ਕੈਂਪਸ ਦੇ ਲਿਡਨਨ ਬੀ. ਜੋਹਸੋਨਨ ਆਡੀਟੋਰੀਅਮ ਵਿਚ ‘ਸਿਸੀ ਫੇਰੈਂਟਹੋਲਡ ਯਾਦਗਾਰੀ ਲੈਕਚਰ’ ਦਿੱਤਾ।

ਸਿਸੀ ਫੇਰੈਂਟਹੋਲਡ ਉੱਘੀ ਅਮਰੀਕਨ ਲਿਬਰਲ ਸਿਆਸਤਦਾਨ ਅਤੇ ਬਰਾਬਰੀ ਤੇ ਹੱਕਾਂ ਦੀ ਝੰਡਾਬਰਦਾਰ ਸੀ ਜੋ ਸਤੰਬਰ 2021 ‘ਚ ਸਦੀਵੀ ਵਿਛੋੜਾ ਦੇ ਗਈ। ਅਸੀਂ ਇਸ ਲੈਕਚਰ ਦਾ ਪੰਜਾਬੀ ਰੂਪ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਭਾਰਤ ਵਿਚ ਹੋ ਰਹੀ ਕੱਟੜ ਸਿਆਸੀ ਉਥਲ-ਪੁਥਲ ਨੂੰ ਬਹੁਤ ਗਹਿਰਾਈ ਵਿਚ ਫੜ ਕੇ ਅਵਾਮ ਅੱਗੇ ਰੱਖਣ ਦਾ ਯਤਨ ਕੀਤਾ ਹੈ। ਇਸ ਲੈਕਚਰ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।
ਮੈਨੂੰ ਸਿਸੀ ਫਰੈਂਟਹੋਲਡ ਲੈਕਚਰ ਦੇਣ ਵਾਸਤੇ ਸੱਦਾ ਦੇਣ ਲਈ ਧੰਨਵਾਦ। ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਯੂਕਰੇਨ ਵਿਚ ਜੰਗ ਬਾਰੇ ਕੁਝ ਸ਼ਬਦ ਕਹਿਣਾ ਚਾਹਾਂਗੀ। ਮੈਂ ਸਪਸ਼ਟ ਤੌਰ ‘ਤੇ ਯੂਕਰੇਨ ਉਪਰ ਰੂਸ ਦੇ ਹਮਲੇ ਦੀ ਨਿੰਦਾ ਕਰਦੀ ਹਾਂ ਅਤੇ ਯੂਕਰੇਨ ਦੇ ਲੋਕਾਂ ਦੇ ਬਹਾਦਰੀ ਭਰੇ ਟਾਕਰੇ ਦੀ ਸ਼ਲਾਘਾ ਕਰਦੀ ਹਾਂ। ਮੈਂ ਹਕੂਮਤ ਨਾਲ ਅਸਹਿਮਤ ਲੋਕਾਂ ਵੱਲੋਂ ਭਾਰੀ ਮੁੱਲ ਚੁਕਾ ਕੇ ਦਿਖਾਈ ਗਈ ਹਿੰਮਤ ਦੀ ਤਾਰੀਫ ਕਰਦੀ ਹਾਂ। ਇਉਂ ਕਰਦੇ ਹੋਏ ਮੈਨੂੰ ਅਮਰੀਕਾ ਅਤੇ ਯੂਰਪ ਦੇ ਦੋਗਲੇਪਣ ਦਾ ਡੂੰਘਾ ਦਰਦ ਭਰਿਆ ਅਹਿਸਾਸ ਹੈ ਜਿਨ੍ਹਾਂ ਨੇ ਮਿਲ ਕੇ ਦੁਨੀਆ ਦੇ ਹੋਰ ਮੁਲਕਾਂ ਉਪਰ ਇਸੇ ਤਰ੍ਹਾਂ ਦੇ ਯੁੱਧ ਛੇੜੇ ਹਨ।
ਉਨ੍ਹਾਂ ਨੇ ਮਿਲ ਕੇ ਪਰਮਾਣੂ ਦੌੜ ਦੀ ਅਗਵਾਈ ਕੀਤੀ ਹੈ ਅਤੇ ਐਨੇ ਹਥਿਆਰ ਜਮਾਂ੍ਹ ਕਰ ਲਏ ਹਨ ਜੋ ਇਸ ਧਰਤੀ ਨੂੰ ਕਈ ਵਾਰ ਤਬਾਹ ਕਰ ਸਕਦੇ ਹਨ। ਇਹ ਹਕੀਕਤ ਕਿੱਡੀ ਵਿਡੰਬਨਾ ਹੈ ਕਿ ਉਨ੍ਹਾਂ ਕੋਲ ਇਹ ਹਥਿਆਰ ਹੋਣ ਦੇ ਬਾਵਜੂਦ ਹੁਣ ਉਹ ਉਸ ਮੁਲਕ ਨੂੰ ਤਬਾਹ ਹੁੰਦਾ ਦੇਖਦੇ ਰਹਿਣ ਮਜਬੂਰ ਹਨ ਜਿਸ ਨੂੰ ਉਹ ਆਪਣਾ ਸੰਗੀ ਮੰਨਦੇ ਹਨ – ਅਜਿਹਾ ਮੁਲਕ ਜਿਸ ਦੇ ਲੋਕਾਂ ਅਤੇ ਜਿਸ ਦੇ ਖੇਤਰ, ਜਿਸ ਦੀ ਹੋਂਦ ਹੀ ਸਾਮਰਾਜੀ ਸ਼ਕਤੀਆਂ ਨੇ ਆਪਣੀ ਯੁੱਧ-ਖੇਡ ਅਤੇ ਦਬਦਬੇ ਦੀ ਅਨੰਤ ਲਾਲਸਾ ਕਾਰਨ ਖਤਰੇ ‘ਚ ਪਾ ਦਿੱਤੀ ਹੈ।
ਤੇ ਹੁਣ ਮੈਂ ਭਾਰਤ ਵੱਲ ਆਉਂਦੀ ਹਾਂ। ਇਹ ਗੱਲਬਾਤ ਮੈਂ ਭਾਰਤ ਵਿਚ ਜ਼ਮੀਰ ਦੇ ਕੈਦੀਆਂ ਦੀ ਵਧ ਰਹੀ ਗਿਣਤੀ ਨੂੰ ਸਮਰਪਿਤ ਕਰਦੀ ਹਾਂ। ਮੇਰੀ ਗੁਜ਼ਾਰਿਸ਼ ਹੈ ਕਿ ਆਪਾਂ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ, ਵਿਦਵਾਨਾਂ, ਕਾਰਕੁਨਾਂ, ਗਾਇਕਾਂ ਤੇ ਵਕੀਲਾਂ ਨੂੰ ਚੇਤੇ ਕਰੀਏ ਜੋ ਭੀਮਾ ਕੋਰੇਗਾਓਂ-16 ਵਜੋਂ ਜਾਣੇ ਜਾਂਦੇ ਹਨ, ਸੀ.ਏ.ਏ. (ਨਾਗਰਿਕਤਾ ਸੋਧ ਕਾਨੂੰਨ) ਦਾ ਵਿਰੋਧ ਕਰਨ ਕਰਕੇ ਜੇਲ੍ਹਾਂ ਵਿਚ ਬੰਦ ਕਾਰਕੁਨ ਅਤੇ ਪੰਜ ਮਹੀਨੇ ਪਹਿਲਾਂ ਕਸ਼ਮੀਰ ਵਿਚ ਗ੍ਰਿਫਤਾਰ ਕੀਤੇ ਖੁਰਮ ਪਰਵੇਜ਼ (ਪੱਤਰਕਾਰ) ਨੂੰ ਚੇਤੇ ਕਰੀਏ। ਖੁਰਮ ਉਨ੍ਹਾਂ ਅਸਾਧਾਰਨ ਲੋਕਾਂ ਵਿਚੋਂ ਹੈ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ। ਉਹ ਜਿਸ ਜਥੇਬੰਦੀ, ਜੰਮੂ ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ (ਜੇ.ਕੇ.ਸੀ.ਸੀ.ਐਸ.) ਲਈ ਕੰਮ ਕਰਦਾ ਹੈ, ਉਹ ਸਾਲਾਂ ਤੋਂ ਕਸ਼ਮੀਰ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਤਸੀਹਿਆਂ, ਲਾਪਤਾ ਕਰ ਦਿੱਤੇ ਜਾਣ ਅਤੇ ਮਾਰ ਦੇਣ ਦੀ ਦਾਸਤਾਂ ਨੂੰ ਬਾਰੀਕੀ ਨਾਲ ਦਸਤਾਵੇਜ਼ੀ ਰੂਪ ਦੇ ਰਹੇ ਹਨ। ਮੇਰੀ ਅੱਜ ਦੀ ਗੱਲ ਇਨ੍ਹਾਂ ਸਾਰਿਆਂ ਨੂੰ ਸਮਰਪਿਤ ਹੈ।
ਭਾਰਤ ਵਿਚ ਹਰ ਤਰ੍ਹਾਂ ਦੀ ਅਸਹਿਮਤੀ ਨੂੰ ਜੁਰਮ ਬਣਾ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਤੱਕ, ਹਕੂਮਤ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਰਾਸ਼ਟਰ-ਵਿਰੋਧੀ ਕਿਹਾ ਜਾਂਦਾ ਸੀ। ਹੁਣ ਸਾਨੂੰ ਖੁੱਲ੍ਹੇਆਮ ਬੁੱਧੀਜੀਵੀ ਦਹਿਸ਼ਤਗਰਦ ਕਿਹਾ ਜਾਂਦਾ ਹੈ। ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਵਿਚ ਇਸ ਹਕੂਮਤ ਨੇ ਇਸ ਤਰੀਕੇ ਨਾਲ ਸੋਧ ਕਰ ਲਈ ਹੈ ਤਾਂ ਜੋ ਬੌਧਿਕ ਦਹਿਸ਼ਤਵਾਦ ਬਾਰੇ ਆਪਣੇ ਫਤੂਰ ਨੂੰ ਇਸ ਵਿਚ ਸ਼ਾਮਿਲ ਕੀਤਾ ਜਾ ਸਕੇ। ਇਸ ਕਾਨੂੰਨ ਤਹਿਤ ਲੋਕਾਂ ਨੂੰ ਸਾਲਾਂ ਤੱਕ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ‘ਚ ਰੱਖਿਆ ਜਾ ਰਿਹਾ ਹੈ, ਸਾਨੂੰ ਸਭ ਨੂੰ ਮਾਓਵਾਦੀ ਕਰਾਰ ਦਿੱਤਾ ਗਿਆ ਹੈ – ਰੋਜ਼ਮੱਰਾ ਸ਼ਬਦਾਵਲੀ ‘ਚ ਸ਼ਹਿਰੀ ਨਕਸਲੀ ਜਾਂ ਜਹਾਦੀ, ਤੇ ਅਸੀਂ ਸਾਰੇ ਉਨ੍ਹਾਂ ਦੇ ਨਿਸ਼ਾਨੇ ‘ਤੇ ਹਾਂ। ਕੋਈ ਹਜੂਮ ਜਾਂ ਪ੍ਰੇਸ਼ਾਨ ਕਰਨ ਵਾਲਾ ਕੋਈ ਵੀ ਕਾਨੂੰਨੀ ਫੰਧਾ ਸਾਨੂੰ ਕਦੇ ਵੀ ਸਬਕ ਸਿਖਾਉਣ ਲਈ ਪਹੁੰਚ ਸਕਦਾ ਹੈ।
ਮੈਂ ਨਵੀਂ ਦਿੱਲੀ ਤੋਂ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਆਈ ਹਾਂ। ਇਨ੍ਹਾਂ ਥੋੜ੍ਹੇ ਦਿਨਾਂ ‘ਚ ਹੀ, ਉਥੇ ਵਾਪਰ ਰਹੀਆਂ ਘਟਨਾਵਾਂ ਦੀ ਰਫਤਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਇਕ ਤਰ੍ਹਾਂ ਦੀ ਹੱਦ ਪਾਰ ਕਰ ਲਈ ਹੈ। ਅਸੀਂ ਉਨ੍ਹਾਂ ਥਾਵਾਂ ‘ਤੇ ਵਾਪਸ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਅਸੀਂ ਕਦੇ ਆਪਣਾ ਸਮਝਦੇ ਸੀ।
ਮਾਰਚ 2022 ਵਿਚ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਨੇ ਭਾਰਤ ਦੇ ਸਭ ਤੋਂ ਵੱਡੇ ਰਾਜ, ਉਤਰ ਪ੍ਰਦੇਸ਼ (ਯੂ.ਪੀ.) ਵਿਚ ਦੂਜੀ ਵਾਰ ਬੇਮਿਸਾਲ ਜਿੱਤ ਹਾਸਲ ਕਰ ਲਈ। ਯੂ.ਪੀ. ਚੋਣਾਂ ਨੂੰ ਆਮ ਤੌਰ ‘ਤੇ ਆਮ ਚੋਣਾਂ ਦਾ ‘ਸੈਮੀ ਫਾਈਨਲ’ ਮੰਨਿਆ ਜਾਂਦਾ ਹੈ ਜੋ ਐਤਕੀਂ ਮਈ 2024 ਵਿਚ ਹੋਣੀਆਂ ਹਨ। ਚੋਣਾਂ ‘ਚ ਭਗਵੇਂ ਲਿਬਾਸ ਵਾਲੇ ਯੋਗੀਆਂ ਨੇ ਮੁਸਲਮਾਨ ਭਾਈਚਾਰੇ ਦੇ ਜਨਤਕ ਕਤਲੇਆਮ ਅਤੇ ਸਮਾਜੀ ਤੇ ਆਰਥਕ ਬਾਈਕਾਟ ਦਾ ਸ਼ਰੇਆਮ ਸੱਦਾ ਦਿੱਤਾ ਜੋ ਇਸ ਚੋਣ ਮੁਹਿੰਮ ਦੀ ਉਘੜਵੀਂ ਪਛਾਣ ਬਣਿਆ।
ਚੋਣਾਂ ਵਿਚ ਭਾਜਪਾ ਦੀ ਜਿੱਤ ਜਿੱਥੇ ਜ਼ਬਰਦਸਤ ਜਾਪਦੀ ਹੈ, ਉਥੇ ਜ਼ਮੀਨੀ ਪੱਧਰ ‘ਤੇ ਮੁਕਾਬਲਾ ਉਨ੍ਹਾਂ ਦੀਆਂ ਜਿੱਤੀਆਂ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਵਧੇਰੇ ਸਖਤ ਸੀ। ਜਾਪਦਾ ਹੈ ਕਿ ਇਨ੍ਹਾਂ ਨਤੀਜਿਆਂ ਨੇ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਦੇ ਅੰਦਰ ਚਿੰਤਾ ਅਤੇ ਲੋੜ ਤੋਂ ਜ਼ਿਆਦਾ ਆਤਮ-ਵਿਸ਼ਵਾਸ ਦਾ ਅਜੀਬ ਬੇਚੈਨੀ ਭਰਿਆ ਮਿਸ਼ਰਨ ਬਣਾ ਦਿੱਤਾ ਹੈ। ਚੋਣ ਨਤੀਜਿਆਂ ਦਾ ਐਲਾਨ ਹੋਏ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਕਿ ਹਿੰਦੂਆਂ ਨੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਜੋ ਇਸ ਸਾਲ ਰਮਜ਼ਾਨ ਦੇ ਨਾਲ-ਨਾਲ ਆਇਆ ਸੀ। ਰਾਮ ਨੌਮੀ ਮਨਾਉਣ ਲਈ ਤਲਵਾਰਾਂ ਅਤੇ ਲਾਠੀਆਂ ਨਾਲ ਲੈਸ ਹਿੰਸਕ ਹਿੰਦੂ ਹਜੂਮ ਨੇ ਗਿਆਰਾਂ ਸ਼ਹਿਰਾਂ ਵਿਚ ਭੰਨ-ਤੋੜ ਕੀਤੀ। ਆਪੇ ਬਣੇ ਸੰਤਾਂ ਅਤੇ ਭਾਜਪਾ ਦੇ ਕਾਰਕੁਨਾਂ ਦੀ ਅਗਵਾਈ ‘ਚ ਉਹ ਮੁਸਲਿਮ ਬਸਤੀਆਂ ਵਿਚ ਜਾ ਵੜੇ, ਮਸਜਿਦਾਂ ਦੇ ਬਾਹਰ ਭੜਕਾਊ ਨਾਅਰੇ ਲਗਾ ਕੇ ਹੜਦੁੰਗ ਮਚਾਇਆ ਗਿਆ, ਅਸ਼ਲੀਲ ਗਾਲੀ ਗਲੋਚ ਕੀਤਾ ਗਿਆ, ਮੁਸਲਿਮ ਔਰਤਾਂ ਦੇ ਬਲਾਤਕਾਰ ਅਤੇ ਉਨ੍ਹਾਂ ਨੂੰ ਗਰਭ ਠਹਿਰਾਉਣ ਤੇ ਮੁਸਲਮਾਨ ਮਰਦਾਂ ਦੇ ਕਤਲੇਆਮ ਦਾ ਸ਼ਰੇਆਮ ਸੱਦਾ ਦਿੱਤਾ ਗਿਆ।
ਮੁਸਲਮਾਨਾਂ ਨੇ ਕਿਸੇ ਵੀ ਤਰ੍ਹਾਂ ਦਾ ਪ੍ਰਤੀਕਰਮ ਦਿਖਾਇਆ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਬੁਲਡੋਜ਼ਰਾਂ ਨਾਲ ਢਾਹ-ਢੇਰੀ ਕਰ ਦਿੱਤੀਆਂ ਜਾਂ ਹਜੂਮ ਨੇ ਸਾੜ ਦਿੱਤੀਆਂ। ਗ੍ਰਿਫਤਾਰ ਕੀਤੇ ਲੱਗਭੱਗ ਸਾਰੇ ਵਿਅਕਤੀ ਮੁਸਲਮਾਨ ਹਨ ਅਤੇ ਉਨ੍ਹਾਂ ਉਪਰ ਸਾਜ਼ਿਸ਼ ਤੇ ਦੰਗਿਆਂ ਦੇ ਦੋਸ਼ ਲਗਾਏ ਗਏ ਹਨ। ਲੱਗਦਾ ਹੈ, ਉਨ੍ਹਾਂ ਨੂੰ ਕਈ-ਕਈ ਸਾਲ ਜੇਲ੍ਹ ਵਿਚ ਰਹਿਣਾ ਪਵੇਗਾ। ਜਿਨ੍ਹਾਂ ਉਪਰ ਦੋਸ਼ ਲਗਾਏ ਹਨ, ਉਨ੍ਹਾਂ ਵਿਚੋਂ ਇਕ ਰਾਮ ਨੌਮੀ ਤੋਂ ਬਹੁਤ ਪਹਿਲਾਂ ਜੇਲ੍ਹ ਵਿਚ ਸੀ। ਇਕ ਹੋਰ ਕਥਿਤ ਦੋਸ਼ੀ ਵਸੀਮ ਸ਼ੇਖ ਜਿਸ ‘ਤੇ ਹਿੰਦੂ ਜਲੂਸ ਉਪਰ ਪਥਰਾਓ ਕਰਨ ਦਾ ਦੋਸ਼ ਹੈ, ਦੋਵੇਂ ਬਾਹਾਂ ਤੋਂ ਅਪਾਹਜ ਹੈ, ਉਸ ਦੀਆਂ ਦੋਵੇਂ ਬਾਹਾਂ ਕੱਟੀਆਂ ਹੋਈਆਂ ਹਨ। ਉਨ੍ਹਾਂ ਦੇ ਘਰ ਅਤੇ ਦੁਕਾਨਾਂ ਸਰਕਾਰ ਨੇ ਬੁਲਡੋਜ਼ਰ ਨਾਲ ਢਾਹ ਦਿੱਤੇ। ਕੁਝ ਸ਼ਹਿਰਾਂ ਵਿਚ ਟੀ.ਵੀ. ਐਂਕਰ ਜੋਸ਼ ਵਿਚ ਐਨੇ ਪਾਗਲ ਹੋ ਗਏ ਕਿ ਬੁਲਡੋਜ਼ਰਾਂ ਉਪਰ ਚੜ੍ਹ ਗਏ।
ਇਸ ਦੌਰਾਨ ਜਿਨ੍ਹਾਂ ਭਾਜਪਾ ਆਗੂਆਂ ਨੇ 2020 ਦੇ ਦਿੱਲੀ ਕਤਲੇਆਮ ਤੋਂ ਪਹਿਲਾਂ ਹਿੰਦੂ ਦੰਗਾਕਾਰੀਆਂ ਨੂੰ ਖੁੱਲ੍ਹੇਆਮ ਭੜਕਾਇਆ ਸੀ, ਉਨ੍ਹਾਂ ਨੂੰ ਹਾਲ ਹੀ ਵਿਚ ਦਿੱਲੀ ਹਾਈ ਕੋਰਟ ਨੇਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਜਦੋਂ ਭੜਕਾਊ ਗੱਲਾਂ ਮੁਸਕਰਾ ਕੇ ਕਹੀਆਂ ਜਾਣ ਤਾਂ ਉਹ ਜੁਰਮ ਨਹੀਂ ਹੁੰਦਾ। ਉਨ੍ਹਾਂ ਵਿਚੋਂ ਕੁਝ ਹੁਣ ਹੋਰ ਸ਼ਹਿਰਾਂ ਦੀਆਂ ਸੜਕਾਂ ‘ਤੇ ਵਾਪਸ ਆ ਕੇ ਇਸੇ ਤਰ੍ਹਾਂ ਦੀ ਹਿੰਸਾ ਭੜਕਾਉਣ ‘ਚ ਜੁੱਟ ਗਏ ਹਨ। ਦੂਜੇ ਬੰਨੇ, ਨੌਜਵਾਨ ਮੁਸਲਿਮ ਵਿਦਵਾਨ ਉਮਰ ਖਾਲਿਦ ਜੇਲ੍ਹ ਵਿਚ ਹੈ। ਪੁਲਿਸ ਦੀ ਚਾਰਜਸ਼ੀਟ ਅਨੁਸਾਰ ਉਸ ਨੇ ਭਾਰਤੀ ਸੰਵਿਧਾਨ ਨੂੰ ਬੁਲੰਦ ਕਰਦਿਆਂ ਭਾਈਚਾਰੇ, ਪਿਆਰ ਅਤੇ ਅਹਿੰਸਾ ਬਾਰੇ ਸੀ.ਏ.ਏ. ਵਿਰੁੱਧ ਪ੍ਰਦਰਸ਼ਨਾਂ ਦੌਰਾਨ ਜੋ ਭਾਸ਼ਣ ਦਿੱਤਾ ਸੀ, ਉਹ 2020 ‘ਚ ਦਿੱਲੀ ਵਿਚ ਕੀਤੇ ਗਏ ਕਤਲੇਆਮ ਦੀ ਸਾਜ਼ਿਸ਼ ਤੋਂ ਧਿਆਨ ਹਟਾਉਣ ਦੀ ਚਾਲ ਸੀ। ਇਸ ਦਾ ਮਤਲਬ ਹੈ ਕਿ ਜਦੋਂ ਡੋਨਾਲਡ ਟਰੰਪ ਭਾਰਤ ਦੇ ਦੌਰੇ ‘ਤੇ ਸੀ, ਉਦੋਂ ਭਾਰਤ ਦਾ ਚੰਗਾ ਅਕਸ ਖਰਾਬ ਕਰਨ ਲਈ ਮੁਸਲਮਾਨਾਂ ਨੇ ਦੰਗੇ ਕਰਨ ਅਤੇ ਆਪਣਾ ਕਤਲੇਆਮ ਖੁਦ ਹੀ ਕਰਨ ਦੀ ਸਾਜ਼ਿਸ਼ ਰਚੀ ਸੀ!
ਇਸ ਸਭ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਪ੍ਰੇਰਨਾਦਾਇਕ ਬਣਿਆ ਹੋਇਆ ਹੈ ਜਿਸ ਨੇ ਆਪਣਾ ਰਾਜਨੀਤਕ ਕਰੀਅਰ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਉਥੇ ਸੰਨ 2002 ‘ਚ ਮੁਸਲਿਮ ਵਿਰੋਧੀ ਕਤਲੇਆਮ ਨਾਲ ਸ਼ੁਰੂ ਕੀਤਾ ਸੀ। ਅਕਸਰ ਹੀ ਚੁੱਪ ਰਹਿਣ ਵਾਲਾ ਪਰ ਇਸ਼ਾਰਿਆਂ ਰਾਹੀਂ ਆਪਣੀ ਗੱਲ ਕਹਿ ਦੇਣ ਵਾਲਾ ਪ੍ਰਧਾਨ ਮੰਤਰੀ ਇਨ੍ਹਾਂ ਹਜੂਮਾਂ ਅਤੇ ਉਨ੍ਹਾਂ ਸਵਾਮੀਆਂ ਦਾ ਮਸੀਹਾ ਹੈ ਜਿਨ੍ਹਾਂ ਦੀ ਪਰਵਰਿਸ਼ ਵ੍ਹੱਟਸਐਪ ਦੁਆਰਾ ਮੁਹੱਈਆ ਕਰਾਏ ਜਾ ਰਹੇ ਜਾਅਲੀ ਇਤਿਹਾਸ ਦੀ ਨਿਰੰਤਰ ਖੁਰਾਕ ਨਾਲ ਹੋ ਰਹੀ ਹੈ, ਤੇ ਜੋ ਆਪਣੇ ਆਪ ਨੂੰ ਮੁਸਲਮਾਨਾਂ ਦੁਆਰਾ ਕੀਤੇ ਗਏ ਇਤਿਹਾਸਕ ਜ਼ੁਲਮਾਂ ਅਤੇ ਨਸਲਕੁਸ਼ੀ ਦੇ ਪੀੜਤ ਦੱਸਦੇ ਹਨ ਜਿਸ ਦਾ ਹੁਣ ਬਦਲਾ ਲੈਣਾ ਉਨ੍ਹਾਂ ਲਈ ਜ਼ਰੂਰੀ ਹੋ ਗਿਆ ਹੈ।
ਹੁਣ ਅਸੀਂ ਐਸੀ ਖਤਰਨਾਕ ਜਗ੍ਹਾ ‘ਤੇ ਪਹੁੰਚ ਗਏ ਹਾਂ ਜਿੱਥੇ ਅਸੀਂ ਕਿਸੇ ਤਰ੍ਹਾਂ ਦੇ ਤੱਥਾਂ ਜਾਂ ਇਤਿਹਾਸ ਨਾਲ ਸਹਿਮਤ ਨਹੀਂ ਹੋ ਸਕਦੇ, ਜਾਂ ਜਿਸ ਨੂੰ ਲੈ ਕੇ ਅਸੀਂ ਬਹਿਸ ਵੀ ਨਹੀਂ ਕਰ ਸਕਦੇ। ਅਸੀਂ ਜਿਨ੍ਹਾਂ ਬਿਰਤਾਂਤਾਂ ਦੀ ਗੱਲ ਕਰਦੇ ਹਾਂ, ਉਹ ਇਕ ਦੂਜੇ ਨਾਲ ਕਿਤੇ ਵੀ ਨਹੀਂ ਮਿਲਦੇ, ਉਹ ਇਕ ਦੂਜੇ ਨੂੰ ਕੱਟਦੇ ਵੀ ਨਹੀਂ। ਇਹ ਇਤਿਹਾਸ ਅਤੇ ਮਿੱਥ ਦਾ ਟਕਰਾਓ ਹੈ। ਮਿੱਥ ਨੂੰ ਸਰਕਾਰੀ ਮਸ਼ੀਨਰੀ, ਕਾਰਪੋਰੇਟ ਧਨ ਅਤੇ ਚੌਵੀ ਘੰਟੇ ਚੱਲਣ ਵਾਲੇ ਬੇਸ਼ੁਮਾਰ ਟੀ.ਵੀ. ਨਿਊਜ਼ ਚੈਨਲਾਂ ਦੀ ਹਮਾਇਤ ਹਾਸਲ ਹੈ। ਇਸ ਦੀ ਪਹੁੰਚ ਅਤੇ ਤਾਕਤ ਬੇਮੇਚ ਹੈ। ਦੁਨੀਆ ਵਿਚ ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਅਸੀਂ ਇਹ ਪਹਿਲਾਂ ਵੀ ਦੇਖ ਚੁੱਕੇ ਹਾਂ। ਅਸੀਂ ਜਾਣਦੇ ਹਾਂ ਕਿ ਜਦੋਂ ਬਹਿਸ ਅਤੇ ਦਲੀਲ ਮੁੱਕ ਜਾਂਦੀ ਹੈ ਤਾਂ ਤਬਾਹੀ ਮਚਾਉਣ ਵਾਲਾ ਯੁੱਧ ਸ਼ੁਰੂ ਹੋ ਜਾਂਦਾ ਹੈ।
ਹੁਣ ਕਲਪਨਾ ਕਰੋ ਕਿ ਮੌਤ ਜਾਂ ਕੈਦ ਲਈ ਨਖੇੜ ਦਿੱਤਾ ਜਾਣਾ ਕਿਹੋ ਜਿਹਾ ਹੁੰਦਾ ਹੋਵੇਗਾ। ਇਕ ਭਾਈਚਾਰੇ ਦੇ ਰੂਪ ਵਿਚ, ਮੁਸਲਮਾਨਾਂ ਨੂੰ ਪਹਿਲਾਂ ਹੀ ਘੇਰਾਬੰਦ ਬਸਤੀਆਂ ‘ਚ ਬੰਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਹੁੱਕਾ-ਪਾਣੀ ਛੇਕਿਆ ਜਾ ਰਿਹਾ ਹੈ, ਤੇ ਸਮਾਜੀ ਅਤੇ ਆਰਥਕ ਤੌਰ ‘ਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਮੁਸਲਮਾਨਾਂ ਉਪਰ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਦੇ ਦੋਸ਼ ਲਗਾਏ ਜਾਂਦੇ ਹਨ: ‘ਲਵ ਜਹਾਦ’ (ਕਿ ਉਹ ਮੁਸਲਿਮ ਆਬਾਦੀ ਵਧਾਉਣ ਲਈ ਹਿੰਦੂ ਔਰਤਾਂ ਨੂੰ ਪ੍ਰੇਮ ਦੇ ਜਾਲ ‘ਚ ਫਸਾਉਂਦੇ ਹਨ), ‘ਕਰੋਨਾ ਜਹਾਦ’ (ਕਿ ਉਹ ਕੋਵਿਡ ਮਹਾਮਾਰੀ ਜਾਣਬੁੱਝ ਕੇ ਫੈਲਾਉਣ ਦੀ ਸਾਜ਼ਿਸ਼ ਕਰਦੇ ਹਨ, ਅਸੀਂ ਨਾਜ਼ੀਆਂ ਵੱਲੋਂ ਯਹੂਦੀਆਂ ‘ਤੇ ਜਾਣਬੁੱਝ ਕੇ ਟਾਈਫਸ ਫੈਲਾਉਣ ਦੇ ਦੋਸ਼ ਦੁਹਰਾਉਂਦੇ ਦੇਖ ਰਹੇ ਹਾਂ), ‘ਨੌਕਰੀ ਜਹਾਦ’ (ਸਿਵਲ ਸੇਵਾਵਾਂ ਵਿਚ ਨੌਕਰੀਆਂ ਹਾਸਲ ਕਰਕੇ ਉਨ੍ਹਾਂ ਦੀ ਸਾਜ਼ਿਸ਼ ਹਿੰਦੂ ਆਬਾਦੀ ਉਪਰ ਰਾਜ ਕਰਨ ਦੀ ਹੈ) – ਇਸ ਦੇ ਨਾਲ ਹੀ ‘ਫੂਡ ਜਹਾਦ’, ‘ਪਹਿਰਾਵਾ ਜਹਾਦ’, ‘ਸੋਚ ਜਹਾਦ’, ‘ਚੁਟਕਲਾ ਜਹਾਦ’ ਦੀ ਤਾਂ ਗੱਲ ਹੀ ਕੀ ਕਰਨੀ ਹੈ (ਨੌਜਵਾਨ ਮੁਸਲਿਮ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਇਕ ਚੁਟਕਲੇ ਲਈ ਕਈ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ ਜੋ ਉਸ ਨੇ ਕਦੇ ਸੁਣਾਇਆ ਹੀ ਨਹੀਂ ਸੀ ਪਰ ਉਸ ਉਪਰ ਦੋਸ਼ ਇਹ ਲਗਾਇਆ ਗਿਆ ਕਿ ਉਹ ਇਸ ਦੀ ਯੋਜਨਾ ਬਣਾ ਰਿਹਾ ਸੀ)।
ਕੋਈ ਵੀ ਤਕਰਾਰ, ਕੋਈ ਵੀ ਛੋਟਾ ਜਿਹਾ ਗਲਤ ਕਦਮ ਕਿਸੇ ਮੁਸਲਮਾਨ ਨੂੰ ਹਜੂਮ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣ ਦਾ ਕਾਰਨ ਬਣ ਸਕਦਾ ਹੈ ਅਤੇ ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਹਾਰ ਪਾ ਕੇ ਅਤੇ ਇਨਾਮ ਦੇ ਕੇ ਨਿਵਾਜਿਆ ਜਾ ਸਕਦਾ ਹੈ। ਨਾਲ ਹੀ ਇਹ ਉਨ੍ਹਾਂ ਦੇ ਸੁਨਹਿਰੇ ਸਿਆਸੀ ਭਵਿੱਖ ਨੂੰ ਪਾਏਦਾਰ ਬਣਾ ਸਕਦਾ ਹੈ। ਫਿਰ ਵੀ ਸਾਡੇ ਵਿਚੋਂ ਹਠੀ ਅਤੇ ਸਨਕੀ ਹੱਦ ਤੱਕ ਬੇਵਿਸ਼ਵਾਸੀ ਲੋਕ ਵੀ ਇਕ ਦੂਜੇ ਨਾਲ ਘੁਸਰ-ਮੁਸਰ ਕਰਦੇ ਦੇਖੇ ਜਾ ਸਕਦੇ ਹਨ- ਕੀ ਉਹ ਅਜੇ ਦਿਖਾਵਾ ਕਰ ਰਹੇ ਹਨ, ਜਾਂ ਉਨ੍ਹਾਂ ਨੇ ਆਪਣੀ ਖੇਡ ਸ਼ੁਰੂ ਕਰ ਦਿੱਤੀ ਹੈ? ਕੀ ਇਹ ਜਥੇਬੰਦ ਰੂਪ ‘ਚ ਹੋ ਰਿਹਾ ਹੈ ਜਾਂ ਇਹ ਆਪਮੁਹਾਰਾ ਹੈ? ਕੀ ਇਹ ਵੱਡੇ ਪੈਮਾਨੇ ‘ਤੇ ਹੋਵੇਗਾ?
ਇਕ ਮੁਲਕ ਦੇ ਰੂਪ ਵਿਚ, ਇਕ ਆਧੁਨਿਕ ਰਾਸ਼ਟਰ (ਨੇਸ਼ਨ ਸਟੇਟ) ਦੇ ਰੂਪ ਵਿਚ ਭਾਰਤ ਦੀ ਹੋਂਦ ਸਿਰਫ ਅਤੇ ਸਿਰਫ ਸਮਾਜਿਕ ਸਮਝੌਤੇ ਦੇ ਰੂਪ ‘ਚ ਹੀ ਹੈ। ਇਹ ਸਮਝੌਤਾ ਬਹੁਤ ਸਾਰੇ ਧਰਮਾਂ, ਬੋਲੀਆਂ, ਜਾਤਾਂ, ਨਸਲਾਂ ਅਤੇ ਉਪ-ਕੌਮੀਅਤਾਂ ਦਰਮਿਆਨ ਹੈ ਜਿਨ੍ਹਾਂ ਨੂੰ ਸੰਵਿਧਾਨ ਦੁਆਰਾ ਕਾਨੂੰਨੀ ਤੌਰ ‘ਤੇ ਇਕ ਡੋਰ ‘ਚ ਪਰੋਇਆ ਗਿਆ ਹੈ। ਹਰ ਭਾਰਤੀ ਨਾਗਰਿਕ, ਕਿਸੇ ਨਾ ਕਿਸੇ ਰੂਪ ‘ਚ ਘੱਟਗਿਣਤੀ ਸਮੂਹ ਦਾ ਹਿੱਸਾ ਹੈ। ਸਾਡਾ ਮੁਲਕ ਸਾਡੀਆਂ ਘੱਟਗਿਣਤੀਆਂ ਦਰਮਿਆਨ ਸਮਾਜੀ ਸਮਝੌਤਾ ਹੈ। ਰਾਜਨੀਤਿਕ ਬਹੁਮਤ ਬਣਾਉਣ ਦੀ ਪ੍ਰਕਿਰਿਆ ‘ਚ ਇਸ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਸ ਨੂੰ ਜਾਅਲੀ ਤੌਰ ‘ਤੇ ਉਸਾਰੀ ‘ਪੀੜਤ ਹਿੰਦੂ ਬਹੁਗਿਣਤੀ’ ਵੱਲੋਂ ਅਣਡਿੱਠ ਕੀਤਾ ਜਾ ਰਿਹਾ ਹੈ ਜਿਸ ਨੂੰ ਇਹ ਵਿਸ਼ਵਾਸ ਕਰਨਾ ਸਿਖਾਇਆ ਜਾ ਰਿਹਾ ਹੈ ਕਿ ਸਿਰਫ ਤੇ ਸਿਰਫ ਉਹੀ ਕਾਲਪਨਿਕ ਹਿੰਦੂ ਰਾਸ਼ਟਰ ਦੇ ਹੱਕਦਾਰ ਨਾਗਰਿਕ, ਆਦਿ ਮਨੁੱਖ ਹਨ। ਇਹ ਐਸੀ ਬਹੁਗਿਣਤੀ ਹੈ ਜੋ ਖੁਦ ਨੂੰ ‘ਰਾਸ਼ਟਰ ਵਿਰੋਧੀ ਬੇਗਾਨੇ ਲੋਕਾਂ’ ਵਿਰੁੱਧ ਪਰਿਭਾਸ਼ਤ ਕਰਦੀ ਹੈ। ਭਾਰਤ ਨੂੰ ਤਬਾਹ ਕੀਤਾ ਜਾ ਰਿਹਾ ਹੈ।
ਘੱਟਗਿਣਤੀਆਂ ਦੇ ਇਸ ਮੁਲਕ ਨੂੰ ਬਣਾਉਣ ਵਾਲੇ ਲੋਕਾਂ ਵਿਚੋਂ ਸ਼ਾਇਦ ਐਸਾ ਕੋਈ ਵੀ ਨਹੀਂ ਹੋਵੇਗਾ ਜੋ ਆਪਣਾ ਸਾਫ-ਸੁਥਰਾ, ਬੇਦਾਗ ਇਤਿਹਾਸ ਪੇਸ਼ ਕਰ ਸਕਦਾ ਹੋਵੇ ਜਿਸ ਵਿਚ ਉਹ ਹਮਲੇ ਦਾ ਬੇਗੁਨਾਹ ਪੀੜਤ ਹੀ ਹੋਵੇ। ਸਾਡੇ ਇਤਿਹਾਸ ਆਪਸ ਵਿਚ ਇਕ ਦੂਜੇ ਨੂੰ ਕੱਟਦੇ ਹਨ, ਇਕ ਦੂਜੇ ਨਾਲ ਉਲਝੇ ਹੋਏ ਹਨ, ਤੇ ਇਹ ਇਕ ਦੂਜੇ ਦਾ ਵਿਸਤਾਰ ਕਰਦੇ ਹਨ। ਇਹ ਮਿਲ ਕੇ ਸਾਨੂੰ ਉਹ ਕੁਝ ਬਣਾਉਂਦੇ ਹਨ ਜੋ ਅਸੀਂ ਅੱਜ ਹਾਂ। ਜਾਤ, ਜਮਾਤ, ਧਰਮ, ਲਿੰਗ ਅਤੇ ਨਸਲ ਦੇ ਵਿਆਪਕ ਸਿਲਸਿਲੇ ਦੇ ਨਾਲ-ਨਾਲ, ਸਾਡਾ ਸਮਾਜ ਸੂਖਮ ਪੱਧਰ ‘ਤੇ ਵੀ ਊਚ-ਨੀਚ ਦੀ ਦਰਜੇਬੰਦੀ ‘ਚ ਵੰਡਿਆ ਹੋਇਆ ਹੈ। ਸਾਡੇ ਇੱਥੇ ਸੂਖਮ ਬਸਤੀਵਾਦ, ਸੂਖਮ ਸ਼ੋਸ਼ਣ, ਸੂਖਮ ਅੰਤਰ-ਨਿਰਭਰਤਾ ਮਿਲਦੀ ਹੈ। ਇਸ ਫੁਲਕਾਰੀ ਦੇ ਹਰ ਧਾਗੇ ‘ਚ ਮਹਾਂ ਗਾਥਾਵਾਂ ਪਰੋਈਆਂ ਹੋਈਆਂ ਹਨ ਜੋ ਵਿਦਵਤਾ, ਅਧਿਐਨ, ਦਲੀਲ, ਬਹਿਸ, ਸੋਚ-ਵਿਚਾਰ ਦੀ ਮੰਗ ਕਰਦੀਆਂ ਹਨ ਪਰ ਇਸ ਬੁਣਤੀ ਵਿਚੋਂ ਇਕ ਧਾਗੇ ਨੂੰ ਵੱਖ ਕਰ ਲੈਣਾ ਅਤੇ ਉਸ ਦੀ ਵਰਤੋਂ ਸਮੂਹਿਕ ਬਲਾਤਕਾਰ, ਨਸਲਕੁਸ਼ੀ ਦੇ ਸੱਦੇ ਦੇਣ ਲਈ ਕਰਨਾ, ਕੀ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ?
ਜਦੋਂ ਭਾਰਤੀ ਉਪ-ਮਹਾਂਦੀਪ ਦੀ ਵੰਡ ਹੋਈ ਅਤੇ ਸੈਂਕੜੇ ਸੁਤੰਤਰ ਰਜਵਾੜਾ ਰਿਆਸਤਾਂ ਨੂੰ ਭਾਰਤ ਜਾਂ ਪਾਕਿਸਤਾਨ ਵਿਚ ਮਿਲਾਇਆ ਗਿਆ, ਉਨ੍ਹਾਂ ਵਿਚੋਂ ਕੁਝ ਨਾਲ ਧੱਕੇਸ਼ਾਹੀ ਕੀਤੀ ਗਈ, ਉਦੋਂ ਦਹਿ ਲੱਖਾਂ ਲੋਕ – ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਸ਼ਾਮਿਲ ਸਨ – ਇਕ ਦੂਜੇ ਦੇ ਵੈਰੀ ਬਣ ਗਏ ਸਨ। ਦਸ ਲੱਖ ਲੋਕ ਮਾਰੇ ਗਏ। ਕਰੋੜਾਂ ਲੋਕ ਬੇਘਰ ਹੋਏ। ਵਿਅਕਤੀਗਤ ਜਾਂ ਭਾਈਚਾਰਕ ਤਬਾਹੀ ਅਤੇ ਬਦਕਿਸਮਤੀ ਦੀ ਕੋਈ ਵੀ ਇਕੱਲੀ ਕਹਾਣੀ, ਭਾਵੇਂ ਉਹ ਕਿੰਨੀ ਵੀ ਸੱਚੀ ਕਿਉਂ ਨਾ ਹੋਵੇ, ਝੂਠੀ ਹੋ ਜਾਵੇਗੀ ਜਦੋਂ ਉਹ ਇਸ ਤਰ੍ਹਾਂ ਸੁਣਾਈ ਜਾਵੇਗੀ ਜੋ ਦੂਜੀਆਂ ਕਹਾਣੀਆਂ ਨੂੰ ਮਿਟਾਉਣਾ ਸ਼ੁਰੂ ਕਰ ਦੇਵੇ। ਇਹ ਖਤਰਨਾਕ ਝੂਠ ਹੋਵੇਗਾ। ਉਲਝੇ ਹੋਏ ਇਤਿਹਾਸ ਨੂੰ ਸਪਾਟ ਬਣਾਉਣ, ਉਸ ਤੋਂ ਉਸ ਦੀ ਸੂਖਮਤਾ ਖੋਹਣ, ਉਸ ਨੂੰ ਹਥਿਆਰ ਬਣਾ ਕੇ ਵਰਤਣ ਦੇ ਨਤੀਜੇ ਗੰਭੀਰ ਹੋਣਗੇ।
ਉਪ-ਮਹਾਂਦੀਪ ਵਿਚ ਵਸਦੇ ਸਾਡੇ ਸਾਰਿਆਂ ਕੋਲ ਇਹ ਚੋਣ ਕਰਨ ਦਾ ਰਸਤਾ ਹੈ ਕਿ ਜਾਂ ਤਾਂ ਅਸੀਂ ਨਿਆਂ ਦੀ ਸਾਂਝੀ ਸੋਚ ਦੀ ਦਿਸ਼ਾ ‘ਚ ਕੰਮ ਕਰੀਏ, ਉਸ ਪੀੜਾ ਅਤੇ ਨਫਰਤ ਨੂੰ ਦੂਰ ਕਰਨ ਲਈ ਕੰਮ ਕਰੀਏ ਜੋ ਸਾਡੀਆਂ ਸਮੂਹਿਕ ਯਾਦਾਂ ਨੂੰ ਖਤਮ ਕਰ ਰਹੀ ਹੈ, ਜਾਂ ਫਿਰ ਇਨ੍ਹਾਂ ਹਾਲਾਤ ਨੂੰ ਹੋਰ ਵਿਗਾੜ ਦੇਈਏ। ਭਾਰਤੀ ਪ੍ਰਧਾਨ ਮੰਤਰੀ ਜਿਸ ਸਿਆਸੀ ਪਾਰਟੀ ਦਾ ਉਹ ਆਗੂ ਹੈ, ਤੇ ਇਸ ਪਾਰਟੀ ਦੀ ਫਾਸ਼ੀਵਾਦੀ ਮਾਂ-ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਉਹ ਮੈਂਬਰ ਵੀ ਹੈ, ਨੇ ਇਸ ਪੀੜ ਅਤੇ ਨਫਰਤ ਨੂੰ ਵਧਾਉਣ ਦਾ ਰਸਤਾ ਚੁਣਿਆ ਹੈ। ਉਹ ਸਾਡੀ ਲਹੂ ਭਿੱਜੀ ਧਰਤੀ ਦੀਆਂ ਗਹਿਰਾਈਆਂ ‘ਚ ਦੱਬੀਆਂ ਮਨਹੂਸ ਚੀਜ਼ਾਂ ਨੂੰ ਖੋਦ ਕੇ ਲਿਆ ਰਹੇ ਹਨ। ਜੋ ਅੱਗ ਉਨ੍ਹਾਂ ਨੇ ਲਗਾਈ ਹੈ, ਉਹ ਕਿਸੇ ਕਾਬੂ ਹੇਠ ਨਹੀਂ ਬਲੇਗੀ। ਇਹ ਸੰਭਵ ਹੈ ਕਿ ਇਹ ਮੁਲਕ ਨੂੰ ਹੀ ਸਾੜ ਕੇ ਸੁਆਹ ਕਰ ਦੇਵੇ। ਇਸ ਦੀਆਂ ਲਾਟਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤ ਅਤੇ ਕਸ਼ਮੀਰ ਦੇ ਮੁਸਲਮਾਨਾਂ ਦੇ ਨਾਲ-ਨਾਲ ਇਸਾਈ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਸਿਰਫ ਪਿਛਲੇ ਸਾਲ ਵਿਚ ਹੀ ਚਰਚਾਂ ਉਪਰ ਸੈਂਕੜੇ ਹਮਲੇ ਹੋਏ, ਈਸਾ ਮਸੀਹ ਦੀਆਂ ਮੂਰਤੀਆਂ ਦੀ ਬੇਅਦਬੀ ਕੀਤੀ ਗਈ, ਪਾਦਰੀਆਂ ਤੇ ਇਸਾਈ ਸਾਧਵੀਆਂ ਉਪਰ ਹਿੰਸਕ ਹਮਲੇ ਕੀਤੇ ਗਏ।
ਅਸੀਂ ਆਪਣਾ ਬਚਾਓ ਆਪ ਕਰਨਾ ਹੈ। ਕੋਈ ਸਾਨੂੰ ਬਚਾਉਣ ਲਈ ਨਹੀਂ ਆਵੇਗਾ। ਯਮਨ, ਸ੍ਰੀਲੰਕਾ, ਰਵਾਂਡਾ ‘ਚ ਕੋਈ ਮਦਦ ਲਈ ਨਹੀਂ ਬਹੁੜਿਆ। ਅਸੀਂ ਭਾਰਤ ‘ਚ ਵੀ ਇਸ ਤੋਂ ਵੱਖਰੀ ਉਮੀਦ ਕਿਉਂ ਰੱਖੀਏ? ਕੌਮਾਂਤਰੀ ਸਿਆਸਤ ਵਿਚ ਸਿਰਫ ਮੁਨਾਫਾ, ਸੱਤਾ, ਨਸਲ, ਜਮਾਤ ਅਤੇ ਭੂ-ਰਾਜਨੀਤੀ ਹੀ ਤੈਅ ਕਰਦੀ ਹੈ ਕਿ ਨੈਤਿਕਤਾ ਦਾ ਊਠ ਕਿਸ ਕਰਵਟ ਬੈਠੇਗਾ। ਬਾਕੀ ਸਭ ਸਿਰਫ ਢੌਂਗ ਹੈ, ਪੈਂਤੜੇਬਾਜ਼ੀ ਹੈ।
ਭਾਰਤ ਉਪਰ ਐਸੇ ਆਦਮੀ ਰਾਜ ਕਰ ਰਹੇ ਹਨ ਜੋ ਹਜ਼ਾਰਾਂ ਮੁਸਲਮਾਨਾਂ ਦੇ ਦਿਨ-ਦਿਹਾੜੇ ਸਮੂਹਿਕ ਕਤਲੇਆਮ, ਆਪਣੀ ਹੱਤਿਆ ਦੀਆਂ ਝੂਠੀਆਂ ਸਾਜ਼ਿਸ਼ਾਂ ਦੁਆਰਾ ਸਿਰਜੇ ਪਾਗਲਪਣ ਦੀ ਮਦਦ ਨਾਲ ਸੱਤਾ ਉਪਰ ਕਾਬਜ਼ ਹੋਏ ਹਨ। ਯਕੀਨਨ, ਹਰ ਜਾਤ ਅਤੇ ਧਰਮ ਦੇ ਆਮ ਲੋਕ ਇਸ ਦਾ ਵਿਰੋਧ ਕਰਦੇ ਰਹੇ ਹਨ। ਵਿਰੋਧ ਕਰਨ ਵਾਲਿਆਂ ‘ਚ ਮੁਸਲਿਮ ਵਿਰੋਧੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਉਠ ਖੜ੍ਹੇ ਹੋਣ ਵਾਲੇ, ਪਿਛਲੇ ਸਾਲ ਲੜੇ ਗਏ ਇਤਿਹਾਸਕ ਕਿਸਾਨ ਅੰਦੋਲਨ ‘ਚ ਸ਼ਾਮਿਲ ਲੋਕ ਅਤੇ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਤੇ ਮਹਾਰਾਸ਼ਟਰ ਦੀਆਂ ਖੇਤਰੀ ਰਾਜਨੀਤਕ ਪਾਰਟੀਆਂ ਸ਼ਾਮਿਲ ਹਨ ਜਿਨ੍ਹਾਂ ਨੇ ਭਾਜਪਾ ਨਾਲ ਟੱਕਰ ਲੈ ਕੇ ਉਸ ਨੂੰ ਹਰਾਇਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੋ ਕੁਝ ਹੋ ਰਿਹਾ ਹੈ, ਉਹ ਬਹੁਗਿਣਤੀ ਭਾਰਤੀਆਂ ਨੂੰ ਮਨਜ਼ੂਰ ਨਹੀਂ ਹੈ ਪਰ ਉਨ੍ਹਾਂ ਦੀ ਨਾ-ਮਨਜ਼ੂਰੀ ਜਿਨ੍ਹਾਂ ਤਰੀਕਿਆਂ ਨਾਲ ਸਾਹਮਣੇ ਆਉਂਦੀ ਹੈ, ਉਹ ਉਸ ਉਬਲਦੇ ਹੋਏ ਵਿਚਾਰਧਾਰਕ ਜਨੂਨ ਅੱਗੇ ਪੂਰੀ ਤਰ੍ਹਾਂ ਬੇਅਸਰ ਹੈ ਜੋ ਮੋਟੀਆਂ ਰਕਮਾਂ ਉਪਰ ਪਲਣ ਵਾਲੇ ਫਾਸ਼ੀਵਾਦੀ ਕਾਡਰ ਨੇ ਫੈਲਾਇਆ ਹੋਇਆ ਹੈ। ਇਹ ਨਾ-ਮਨਜ਼ੂਰੀ ਰੁਚੀ ਨਾ ਲੈਣ, ਪ੍ਰਵਾਹ ਨਾ ਕਰਨ ਅਤੇ ਹਕੀਕਤ ਤੋਂ ਅੱਖਾਂ ਮੀਟ ਲੈਣ ਦੇ ਰੂਪ ‘ਚ ਸਾਹਮਣੇ ਆਉਂਦੀ ਹੈ। ਵਿਰੋਧੀ ਧਿਰ ਦੀ ਇਕਲੌਤੀ ਰਾਸ਼ਟਰੀ ਪਾਰਟੀ- ਇੰਡੀਅਨ ਨੈਸ਼ਨਲ ਕਾਂਗਰਸ, ਸਾਹਮਣੇ ਜਦੋਂ ਕੋਈ ਨੈਤਿਕ ਸਟੈਂਡ ਲੈਣ ਦਾ ਮੌਕਾ ਆਉਂਦਾ ਹੈ ਤਾਂ ਉਸ ਕੋਲ ਦਿਖਾਉਣ ਲਈ ਸਿਰਫ ਕਮਜ਼ੋਰੀ ਅਤੇ ਨਾ-ਕਾਬਲੀਅਤ ਹੀ ਹੁੰਦੀ ਹੈ। ਉਸ ਵਿਚ ਤਾਂ ਆਪਣੇ ਜਨਤਕ ਭਾਸ਼ਣਾਂ ‘ਚ ਮੁਸਲਿਮ ਸ਼ਬਦ ਬੋਲਣ ਦੀ ਵੀ ਹਿੰਮਤ ਨਹੀਂ। ਮੋਦੀ ਦਾ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਦਰਅਸਲ ਵਿਰੋਧੀ ਧਿਰ ਤੋਂ ਬਿਨਾਂ ਸਰਕਾਰ ਦਾ ਨਾਅਰਾ ਹੈ। ਇਸ ਨੂੰ ਹੋਰ ਜੋ ਮਰਜ਼ੀ ਕਹਿ ਲਓ ਪਰ ਇਸ ਨੂੰ ਲੋਕਤੰਤਰ ਨਹੀਂ ਕਿਹਾ ਜਾ ਸਕਦਾ।
ਭਾਰਤ ਵਿਚ ਭਾਵੇਂ ਚੁਣਾਵੀ ਲੋਕਤੰਤਰ ਵਾਲਾ ਹਰ ਤਰ੍ਹਾਂ ਦਾ ਦਿਖਾਵਾ ਜਾਰੀ ਹੈ – ਜਿੱਥੇ ਸੰਵਿਧਾਨ ਹੈ ਜੋ ਸਾਨੂੰ ਧਰਮਨਿਰਪੱਖ, ਸਮਾਜਵਾਦੀ ਗਣਰਾਜ ਦੱਸਦਾ ਹੈ, ਜਿੱਥੇ ਸੁਤੰਤਰ ਤੇ ਨਿਰਪੱਖ ਚੋਣਾਂ ਹੁੰਦੀਆਂ ਹਨ, ਜਿੱਥੇ ਲੋਕਤੰਤਰੀ ਤੌਰ ‘ਤੇ ਚੁਣੀ ਸੰਸਦ ਹੈ ਜਿਸ ਨੂੰ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਚਲਾਉਂਦੀ ਹੈ, ਜਿੱਥੇ ਸੁਤੰਤਰ ਨਿਆਂਪਾਲਿਕਾ ਤੇ ਸੁਤੰਤਰ ਮੀਡੀਆ ਹੈ – ਪਰ ਹਕੀਕਤ ਇਹ ਹੈ ਕਿ ਰਾਜ ਮਸ਼ੀਨਰੀ ਉਪਰ (ਜਿਸ ਵਿਚ ਕਾਫੀ ਹੱਦ ਤੱਕ ਨਿਆਂਪਾਲਿਕਾ, ਸਿਵਲ ਸੇਵਾਵਾਂ, ਸੁਰੱਖਿਆ ਬਲਾਂ, ਖੁਫੀਆ ਸੇਵਾਵਾਂ, ਪੁਲਿਸ ਤੇ ਚੋਣ ਢਾਂਚਾ ਸ਼ਾਮਿਲ ਹੈ) ਭਾਵੇਂ ਅਜੇ ਆਰ.ਐਸ.ਐਸ. ਦਾ ਪੂਰੀ ਤਰ੍ਹਾਂ ਕਬਜ਼ਾ ਨਾ ਹੋਵੇ ਜੋ ਭਾਰਤ ਦੀ ਸਭ ਤੋਂ ਤਾਕਤਵਰ ਫਾਸ਼ੀਵਾਦੀ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਹੈ, ਫਿਰ ਵੀ ਇਸ ਦਾ ਸਪਸ਼ਟ ਤੌਰ ‘ਤੇ ਡੂੰਘਾ ਪ੍ਰਭਾਵ ਅਤੇ ਦਬਦਬਾ ਜ਼ਰੂਰ ਹੈ। ਆਰ.ਐਸ.ਐਸ. ਜਿਸ ਦੀ ਸਥਾਪਨਾ 1925 ਵਿਚ ਕੀਤੀ ਗਈ ਸੀ, ਲੰਮੇ ਸਮੇਂ ਤੋਂ ਸੰਵਿਧਾਨ ਨੂੰ ਹਟਾਉਣ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੁਹਿੰਮ ਚਲਾ ਰਹੀ ਹੈ। ਆਰ.ਐਸ.ਐਸ. ਦੇ ਸਿਧਾਂਤ ਘਾੜੇ ਹਿਟਲਰ ਦੀਆਂ ਖੁੱਲ੍ਹ ਕੇ ਤਾਰੀਫਾਂ ਕਰਦੇ ਰਹੇ ਹਨ ਅਤੇ ਭਾਰਤ ਦੇ ਮੁਸਲਮਾਨਾਂ ਦੀ ਤੁਲਨਾ ਜਰਮਨੀ ਦੇ ਯਹੂਦੀਆਂ ਨਾਲ ਕਰਦੇ ਰਹੇ ਹਨ।
ਆਖਿਰਕਾਰ ਆਰੀਅਨ ਸ੍ਰੇਸ਼ਟਤਾ ਦੀ ਸੋਚ ਉਸ ਹਿੰਦੂ ਜਾਤੀ ਪ੍ਰਣਾਲੀ ਬ੍ਰਾਹਮਣਵਾਦ ਦੀ ਬੁਨਿਆਦ ਹੈ ਜਿਸ ਦੇ ਤਹਿਤ ਕੁਝ ਮਨੁੱਖ ਦੈਵੀ ਅਤੇ ਦੇਵਤਿਆਂ ਸਮਾਨ ਹਨ ਜਦੋਂ ਕਿ ਬਾਕੀ ਮਨੁੱਖੀ ਦਰਜੇ ਤੋਂ ਨੀਵੇਂ, ਦੂਸ਼ਿਤ ਅਤੇ ਅਛੂਤ ਹਨ। ਇਹ ਅੱਜ ਵੀ ਹਿੰਦੂ ਸਮਾਜ ਨੂੰ ਚਲਾਉਣ ਵਾਲਾ ਸਿਧਾਂਤ ਹੈ। ਤ੍ਰਾਸਦੀ ਇਹ ਹੈ ਕਿ ਸਭ ਤੋਂ ਦੱਬੇ-ਕੁਚਲਿਆਂ ਵਿਚੋਂ ਵੀ ਬਹੁਤ ਸਾਰੇ ਲੋਕ ਆਰ.ਐਸ.ਐਸ. ਦੇ ਕਾਜ ਨਾਲ ਜੁੜ ਗਏ ਹਨ ਜੋ ਉਨ੍ਹਾਂ ਦੇ ਪ੍ਰਚਾਰ ਦੀ ਸੁਨਾਮੀ ਦੇ ਪ੍ਰਭਾਵ ਹੇਠ ਆਪਣੀ ਗੁਲਾਮੀ ਨੂੰ ਆਪ ਹੀ ਵੋਟ ਦੇ ਰਹੇ ਹਨ।
2025 ਵਿਚ ਆਰ.ਐਸ.ਐਸ. ਆਪਣੀ 100ਵੀਂ ਸਥਾਪਨਾ ਵਰ੍ਹੇਗੰਢ ਮਨਾਏਗਾ। 100 ਸਾਲਾਂ ਦੀ ਇਸ ਦੀ ਕੱਟੜ ਸਮਰਪਣ ਭਾਵਨਾ ਨੇ ਇਸ ਨੂੰ ਰਾਸ਼ਟਰ ਦੇ ਅੰਦਰ ਰਾਸ਼ਟਰ ਬਣਾ ਦਿੱਤਾ ਹੈ। ਇਤਿਹਾਸਕ ਤੌਰ ‘ਤੇ ਆਰ.ਐਸ.ਐਸ. ਉਪਰ ਪੱਛਮੀ ਤੱਟਵਰਤੀ ਖੇਤਰ ਦੇ ਬ੍ਰਾਹਮਣਾਂ ਦੀ ਛੋਟੀ ਜਿਹੀ ਮੰਡਲੀ ਦਾ ਮਜ਼ਬੂਤ ਕੰਟਰੋਲ ਰਿਹਾ ਹੈ। ਅੱਜ ਇਸ ਦੇ ਡੇਢ ਕਰੋੜ ਮੈਂਬਰ ਹਨ ਜਿਨ੍ਹਾਂ ਵਿਚ ਮੋਦੀ, ਉਸ ਦੀ ਵਜ਼ਾਰਤ ਦੇ ਕਈ ਵਜ਼ੀਰ, ਮੁੱਖ ਮੰਤਰੀ ਤੇ ਰਾਜਪਾਲ ਸ਼ਾਮਲ ਹਨ। ਹੁਣ ਇਹ ਇਕ ਸਮਾਨਾਂਤਰ ਦੁਨੀਆ ਹੈ ਜਿਸ ਕੋਲ ਆਪਣੇ ਦਹਿ-ਹਜ਼ਾਰਾਂ ਪ੍ਰਾਇਮਰੀ ਸਕੂਲ ਹਨ, ਇਸ ਦੀਆਂ ਆਪਣੀਆਂ ਕਿਸਾਨ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਹਨ, ਇਸ ਦਾ ਆਪਣਾ ਪ੍ਰਕਾਸ਼ਨ ਵਿੰਗ ਹੈ, ਆਪਣਾ ਧਾਰਮਿਕ ਵਿੰਗ ਹੈ ਜੋ ਜੰਗਲਾਂ ਵਿਚ ਰਹਿਣ ਵਾਲੇ ਕਬੀਲਿਆਂ ਦਾ ‘ਸ਼ੁੱਧੀਕਰਨ’ ਕਰਕੇ ਉਨ੍ਹਾਂ ਨੂੰ ਹਿੰਦੂ ਧਰਮ ਵਿਚ ‘ਘਰ ਵਾਪਸ ਲਿਆਉਣ’ ਲਈ ਕੰਮ ਕਰਦਾ ਹੈ। ਇਸ ਦੀਆਂ ਬਹੁਤ ਸਾਰੀਆਂ ਔਰਤ ਜਥੇਬੰਦੀਆਂ ਹਨ, ਤੇ ਇਸ ਕੋਲ ਦਹਿ-ਲੱਖਾਂ ਆਦਮੀਆਂ ਦੀ ਮਜ਼ਬੂਤ ਹਥਿਆਰਬੰਦ ਮਿਲੀਸ਼ੀਆ ਹੈ ਜੋ ਮੁਸੋਲਿਨੀ ਦੇ ਕਾਲੀਆਂ ਕਮੀਜ਼ਾਂ ਵਾਲੇ ਲਸ਼ਕਰਾਂ ਤੋਂ ਪ੍ਰੇਰਿਤ ਹੈ। ਇਸ ਕੋਲ ਐਸੀਆਂ ਹਿੰਦੂ ਰਾਸ਼ਟਰਵਾਦੀ ਜਥੇਬੰਦੀਆਂ ਦੀ ਭਰਮਾਰ ਹੈ ਜਿਨ੍ਹਾਂ ਦੀ ਹਿੰਸਾ ਕਲਪਨਾ ਤੋਂ ਪਰ੍ਹੇ ਹੈ ਅਤੇ ਜੋ ਸਲੀਪਰ ਸੈੱਲ ਦੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਜੋ ਉਪਰ ਬੈਠੇ ਲੋਕਾਂ ਲਈ ਇਹ ਸੰਭਵ ਬਣਾਉਂਦੀਆਂ ਹਨ ਕਿ ਉਹ ਜ਼ਮੀਨੀ ਪੱਧਰ ‘ਤੇ ਹੋਣ ਵਾਲੀ ਕਿਸੇ ਵੀ ਹਿੰਸਾ ਤੋਂ ਮੁੱਕਰ ਸਕਣ।
ਜਦੋਂ ਭਾਰਤ ਵਿਚ ਰੁਜ਼ਗਾਰ ਖਤਮ ਹੋ ਰਿਹਾ ਹੈ ਅਤੇ ਇਹ ਆਰਥਕ ਗੜਬੜ ਵੱਲ ਵਧ ਰਿਹਾ ਹੈ, ਬੀ.ਜੇ.ਪੀ. ਲਗਾਤਾਰ ਅਮੀਰ ਹੋ ਰਹੀ ਹੈ ਅਤੇ ਇਹ ਹੁਣ ਦੁਨੀਆ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ ਜਿਸ ਵਿਚ ਇਸ ਦੀ ਮਦਦ ਪਿੱਛੇ ਜਿਹੇ ਇਸ ਵੱਲੋਂ ਲਿਆਂਦੀ ਬੇਨਾਮ ਚੋਣ ਬੌਂਡ ਪ੍ਰਣਾਲੀ ਨੇ ਕੀਤੀ ਹੈ ਜੋ ਗੁਪਤ ਕਾਰਪੋਰੇਟ ਫੰਡਿੰਗ ਵਿਵਸਥਾ ਹੈ। ਭਾਜਪਾ ਨੂੰ ਕਾਰਪੋਰੇਟ ਧਨ ਨਾਲ ਚੱਲਣ ਵਾਲੇ ਕਈ ਸੈਂਕੜੇ ਟੀ.ਵੀ. ਨਿਊਜ਼ ਚੈਨਲਾਂ ਦੀ ਹਮਾਇਤ ਹਾਸਲ ਹੈ ਜੋ ਤਕਰੀਬਨ ਹਰ ਭਾਰਤੀ ਭਾਸ਼ਾ ‘ਚ ਚੱਲਦੇ ਹਨ। ਜਿਨ੍ਹਾਂ ਨੂੰ ਸੋਸ਼ਲ ਮੀਡੀਆ ਟਰੌਲਾਂ ਦੀ ਫੌਜ ਘਰ-ਘਰ ਪਹੁੰਚਾਉਂਦੀ ਹੈ ਜਿਸ ਨੂੰ ਝੂਠ ਫੈਲਾਉਣ ‘ਚ ਮੁਹਾਰਤ ਹਾਸਲ ਹੈ।
ਇਸ ਸਭ ਦੇ ਬਾਵਜੂਦ ਭਾਜਪਾ ਅਜੇ ਵੀ ਆਰ.ਐਸ.ਐਸ. ਦਾ ਸਿਰਫ ਮਖੌਟਾ ਬਣੀ ਹੋਈ ਹੈ ਪਰ ਹੁਣ ਰਾਸ਼ਟਰ ਅੰਦਰਲਾ ਰਾਸ਼ਟਰ ਓਹਲੇ ਤੋਂ ਬਾਹਰ ਨਿਕਲ ਕੇ ਆਲਮੀ ਮੰਚ ਉਪਰ ਆਪਣੀ ਜਗਾ੍ਹ ਬਣਾਉਣ ਦੀ ਤਿਆਰੀ ‘ਚ ਹੈ। ਪਹਿਲਾਂ ਹੀ ਵਿਦੇਸ਼ੀ ਸਫੀਰਾਂ ਨੇ ਆਪਣੇ ਪ੍ਰਮਾਣ ਪੱਤਰ ਪੇਸ਼ ਕਰਨ ਅਤੇ ਸਤਿਕਾਰ ਭੇਂਟ ਕਰਨ ਲਈ ਆਰ.ਐਸ.ਐਸ. ਦੇ ਸਦਰ ਮੁਕਾਮ ‘ਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦੇ ਯੂਨੀਵਰਸਿਟੀ ਕੈਂਪਸ ਪ੍ਰਮਾਣਿਕਤਾ ਹਾਸਲ ਕਰਨ ਦੀ ਬੇਤਹਾਸ਼ਾ ਕੋਸ਼ਿਸ਼ ‘ਚ ਲੜਾਈ ਦਾ ਨਵਾਂ ਮੈਦਾਨ ਬਣ ਗਏ ਹਨ। ਖਤਰਾ ਇਹ ਹੈ ਕਿ ਅਹੁਦਿਆਂ ‘ਤੇ ਬੈਠ ਕੇ ਹਮਲੇ ਦੀ ਅਗਵਾਈ ਕਰਨ ਵਾਲੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਜਿਸ ਨੂੰ ਇਮਾਨਦਾਰ ਤਰੀਕੇ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ, ਉਸ ਨੂੰ ਬੇਲਗਾਮ ਪੂੰਜੀਵਾਦੀ ਆਰਥਿਕਤਾ ‘ਚ ਖਰੀਦਿਆ ਜਾ ਸਕਦਾ ਹੈ।
ਆਰ.ਐਸ.ਐਸ. ਦਾ 2025 ਦਾ ਸ਼ਤਾਬਦੀ ਜਸ਼ਨ ਭਾਰਤ ਦੇ ਇਤਿਹਾਸ ਵਿਚ ਅਹਿਮ ਪੜਾਅ ਹੋਵੇਗਾ। ਉਸ ਤੋਂ ਇਕ ਸਾਲ ਪਹਿਲਾਂ 2024 ‘ਚ ਆਮ ਚੋਣਾਂ ਹੋਣਗੀਆਂ। ਇਸ ਨੂੰ ਧਿਆਨ ‘ਚ ਰੱਖੀਏ ਤਾਂ ਸ਼ਾਇਦ ਅਸੀਂ ਹਿੰਸਕ ਸਰਗਰਮੀਆਂ ‘ਚ ਆਈ ਅਚਾਨਕ ਤੇਜ਼ੀ ਦੀ ਵਜ੍ਹਾ ਸਮਝ ਸਕਦੇ ਹਾਂ।
ਇਸ ਸਭ ਕਾਸੇ ਦੇ ਦੌਰਾਨ ਮੋਦੀ ਮਸੀਹਾ ਹਰ ਥਾਂ ਮੌਜੂਦ ਹੈ। ਉਸ ਦੀ ਮੂਰਤ ਸਾਡੇ ਕੋਵਿਡ ਵੈਕਸੀਨ ਸਰਟੀਫਿਕੇਟਾਂ ਉਪਰ ਹੈ। ਉਹ ਲੱਖਾਂ ਨਵੇਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਬਜਾਇ ਸਾਨੂੰ ਵੰਡੀਆਂ ਜਾ ਰਹੀਆਂ ਆਟੇ ਅਤੇ ਨਮਕ ਦੀਆਂ ਥੈਲੀਆਂ ਉਪਰ ਹੈ। ਲੋਕ ਸ਼ੁਕਰਗੁਜ਼ਾਰ ਕਿਵੇਂ ਨਹੀਂ ਹੋਣਗੇ?
ਜੋ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸਮੂਹਿਕ ਦਾਹ-ਸੰਸਕਾਰ ਅਤੇ ਖੁੱਲ੍ਹੀਆਂ ਕਬਰਾਂ ਦੇ ਗਵਾਹ ਹਨ ਅਤੇ ਜਿਨ੍ਹਾਂ ਨੇ ਗੰਗਾ ‘ਚ ਤੈਰਦੀਆਂ ਲਾਸ਼ਾਂ ਅਤੇ ਇਸ ਦੇ ਕੰਢਿਆਂ ‘ਤੇ ਬਣੀਆਂ ਖੁੱਲ੍ਹੀਆਂ ਕਬਰਾਂ ਦੀਆਂ ਕਤਾਰਾਂ ਦੇਖੀਆਂ ਹੋਈਆਂ ਹਨ, ਉਹ ਇਹ ਯਕੀਨ ਕਿਵੇਂ ਕਰਨ ਜੋ ਉਨ੍ਹਾਂ ਨੂੰ ਕਰਨ ਲਈ ਕਿਹਾ ਜਾਂਦਾ ਹੈ – ਕਿ ਜੇ ਮੋਦੀ ਨਾ ਹੁੰਦਾ ਤਾਂ ਹਾਲਾਤ ਹੋਰ ਵੀ ਖਰਾਬ ਹੁੰਦੇ?
ਸਾਡੀਆਂ ਉਮੀਦਾਂ ਜਲ ਚੁੱਕੀਆਂ ਹਨ, ਸਾਡੀਆਂ ਕਲਪਨਾਵਾਂ ਖਤਰਨਾਕ ਲਾਗ ਦੀ ਲਪੇਟ ‘ਚ ਹਨ।
ਜੇ ਸੰਘ ਇਹ ਲੜਾਈ ਜਿੱਤ ਜਾਂਦਾ ਹੈ ਤਾਂ ਉਸ ਨੂੰ ਇਹ ਜਿੱਤ ਭਾਰੀ ਮੁੱਲ ਤਾਰ ਕੇ ਹਾਸਲ ਹੋਵੇਗੀ। ਕਿਉਂਕਿ ਉਦੋਂ ਭਾਰਤ ਦੀ ਹੋਂਦ ਖਤਮ ਹੋ ਜਾਵੇਗੀ। ਅਸੀਂ ਜਿਸ ਦਿਸ਼ਾ ‘ਚ ਜਾ ਰਹੇ ਹਨ, ਚੋਣਾਂ ਉਸ ਜ਼ਬਰਦਸਤ ਮੁਹਾਣ ਨੂੰ ਪੁੱਠਾ ਗੇੜਾ ਨਹੀਂ ਦੇ ਸਕਣਗੀਆਂ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਇਹ ਲੜਾਈ ਸਾਨੂੰ ਸਾਰਿਆਂ ਨੂੰ ਲੜਨੀ ਪਵੇਗੀ। ਅੱਗ ਦੀਆਂ ਲਾਟਾਂ ਸਾਡੀ ਦਹਿਲੀਜ਼ ‘ਤੇ ਪਹੁੰਚ ਚੁੱਕੀਆਂ ਹਨ। ਧੰਨਵਾਦ।