ਫਿਰਕੂ ਦੰਗੇ ਅਤੇ ਭਾਰਤੀ ਪੁਲਿਸ

ਵਿਭੂਤੀ ਨਰਾਇਣ ਰਾਏ
ਅਨੁਵਾਦ: ਤਰਸੇਮ ਲਾਲ
ਵਿਭੂਤੀ ਨਰਾਇਣ ਰਾਏ ਪੁਲਿਸ ਅਫਸਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਲਿਖਾਰੀ ਵੀ ਹਨ। ਉਨ੍ਹਾਂ 5 ਨਾਵਲਾਂ ਤੋਂ ਇਲਾਵਾ ਭਾਰਤ ਵਿਚ ਫਿਰਕੂ ਸਿਆਸਤ ਨਾਲ ਸਬੰਧਤ ਦੋ ਪੁਸਤਕਾਂ ਲਿਖੀਆਂ ਹਨ। ‘ਫਿਰਕੂ ਦੰਗੇ ਅਤੇ ਭਾਰਤੀ ਪੁਲਿਸ’ ਨਾਂ ਦੀ ਪੁਸਤਕ ਵਿਚ ਉਨ੍ਹਾਂ ਫਿਰਕੂ ਦੰਗਿਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਛਾਣ-ਬੀਣ ਕੀਤੀ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਭਾਰਤ ਵਰਗੇ ਮੁਲਕ ਨੂੰ ਧਰਮ ਨਿਰਪੱਖ ਅਤੇ ਤਰੱਕੀ ਦੇ ਰਸਤੇ ‘ਤੇ ਅੱਗੇ ਵਧਾਉਣ ਲਈ ਧਾਰਮਿਕ ਕੱਟੜਤਾ, ਗੈਰ-ਵਿਗਿਆਨਕ ਸੋਚ, ਰੂੜ੍ਹੀਵਾਦੀ ਮਾਨਸਿਕਤਾ ਤੋਂ ਬਾਹਰ ਆਉਣਾ ਪਵੇਗਾ। ਇਹ ਅਹਿਮ ਪੁਸਤਕ ਅਸੀਂ ਆਪਣੇ ਪਾਠਕਾਂ ਲਈ ਲੜੀਵਾਰ ਛਾਪ ਰਹੇ ਹਾਂ। ਇਸ ਪੁਸਤਕ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਤਰਸੇਮ ਲਾਲ ਨੇ ਕੀਤਾ ਹੈ।

ਭਾਰਤ ਵਰਗੇ ਬਹੁਲਵਾਦੀ ਦੇਸ਼ ਲਈ ਫਿਰਕਾਪ੍ਰਸਤੀ ਸਭ ਤੋਂ ਵੱਡਾ ਖਤਰਾ ਹੈ। ਇਸ ਨੇ ਭਾਰਤੀ ਸੰਵਿਧਾਨ ਦੇ ਬੁਨਿਆਦੀ ਉਦੇਸ਼ਾਂ ਨੂੰ ਹੀ ਚੁਣੌਤੀ ਦਿੱਤੀ ਹੋਈ ਹੈ। ਆਜ਼ਾਦੀ ਤੋਂ ਬਾਅਦ ਮੁਲਕ ਨੂੰ ਧਰਮ ਨਿਰਪੱਖ ਪਰਜਾਤੰਤਰ ਰੱਖਣ ਦਾ ਇਰਾਦਾ ਸੀ ਪਰ ਪਿਛਲੇ ਦਹਾਕੇ ਤੋਂ ਸਾਡੇ ਧਰਮ ਨਿਰਪੱਖ ਅਕਸ ‘ਤੇ ਖਤਰੇ ਦੇ ਬੱਦਲ ਛਾਏ ਹੋਏ ਹਨ। ਜੇ ਭਾਰਤੀ ਸਮਾਜ ਨੇ ਇਸ ਵਧ ਰਹੀ ਫਿਰਕਾਪ੍ਰਸਤੀ ਨੂੰ ਠੱਲ੍ਹ ਨਾ ਪਾਈ ਅਤੇ ਫਿਰਕੂ ਦੰਗਿਆਂ ਨੂੰ ਸਖਤੀ ਨਾਲ ਨਾ ਨਜਿੱਠਿਆ ਤਾਂ ਸੰਵਿਧਾਨ ਦੀ ਬੁਨਿਆਦ ਹੀ ਢਹਿ-ਢੇਰੀ ਹੋ ਜਾਵੇਗੀ ਜਿਸ ਉਤੇ ਸਾਡੇ ਨੇਤਾਵਾਂ ਨੇ ਉਦਾਰ, ਧਰਮ ਨਿਰਪੱਖ, ਪ੍ਰਗਤੀਸ਼ੀਲ ਸਮਾਜ ਉਸਾਰਨ ਦਾ ਸੁਪਨਾ ਲਿਆ ਸੀ।
ਫਿਰਕਾਪ੍ਰਸਤੀ ਕਿਸੇ ਇਕ ਫਿਰਕੇ ਦੀ ਜ਼ਿੰਮੇਵਾਰੀ ਨਹੀਂ ਸਗੋਂ ਸਾਰੇ ਛੋਟੇ-ਵੱਡੇ ਧਾਰਮਿਕ ਸਮੂਹ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਭਾਰਤ ਵਿਚ ਦੋ ਵੱਡੇ ਧਾਰਮਿਕ ਫਿਰਕੇ ਹਿੰਦੂ ਅਤੇ ਮੁਸਲਮਾਨ ਹਨ। ਸਾਰੇ ਹਿੰਦੂ ਅਤੇ ਮੁਸਲਮਾਨ ਫਿਰਕਾਪ੍ਰਸਤ ਨਹੀਂ ਹਨ ਪਰ ਇਹ ਵੀ ਕੌੜਾ ਸੱਚ ਹੈ ਕਿ ਹਿੰਦੂ ਅਤੇ ਮੁਸਲਮਾਨ ਫਿਰਕਿਆਂ ਦੇ ਲੋਕਾਂ ਅੰਦਰ ਇਕ ਦੂਜੇ ਪ੍ਰਤੀ ਧਾਰਨਾ ਬਣਾਉਣ ਸਮੇਂ ਉਨ੍ਹਾਂ ‘ਤੇ ਫਿਰਕਾਪ੍ਰਸਤੀ ਦਾ ਅਸਰ ਦਿਖਾਈ ਦਿੰਦਾ ਹੈ।
ਭਾਰਤੀ ਸਮਾਜ ਦੇ ਲਗਭਗ ਹਰ ਹਿੱਸੇ ਵਿਚ ਫਿਰਕੂ ਦੰਗਿਆਂ ਸਮੇਂ ਭੜਕਣ ਵਾਲੀ ਹਿੰਸਾ, ਇਸ ਦੀ ਸਭ ਤੋਂ ਘਿਨਾਉਣੀ ਸਥਿਤੀ ਹੈ। ਫਿਰਕੂ ਹਿੰਸਾ ਤੋਂ ਭਾਵ ਹੈ, ਜਦੋਂ ਕਿਸੇ ਵਿਅਕਤੀ ਜਾਂ ਸਮੂਹ ਨੂੰ ਧਾਰਮਿਕ ਪਛਾਣ ਦੇ ਨਾਮ ਹੇਠ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜ਼ਿਆਦਾ ਮਾਮਲਿਆਂ ਵਿਚ ਇਹ ਸਮਝਿਆ ਜਾਂਦਾ ਹੈ ਕਿ ਇਕ ਧਾਰਮਿਕ ਫਿਰਕੇ ਦੇ ਹਿਤ ਦੂਜੇ ਧਾਰਮਿਕ ਫਿਰਕੇ ਦੇ ਹਿਤਾਂ ਨੂੰ ਨਿਸ਼ਾਨਾ ਬਣਾ ਕੇ ਹੀ ਸੁਰੱਖਿਅਤ ਰਹਿ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਸਰੀਰਕ ਹਮਲਾ ਕਰਕੇ ਹੀ ਇਹ ਹਿੰਸਾ ਕੀਤੀ ਜਾਵੇ। ਇਹ ਮਨੋਵਿਗਿਆਨਕ ਹਿੰਸਾ ਵੀ ਹੋ ਸਕਦੀ ਹੈ। ਪਾਕਿਸਤਾਨ ਵਰਗੇ ਧਰਮ ਆਧਾਰਿਤ ਦੇਸ਼ ਵਿਚ ਘੱਟ-ਗਿਣਤੀਆਂ ਦੀ ਸਥਿਤੀ ਦੂਜੇ ਦਰਜੇ ਦੇ ਨਾਗਰਿਕਾਂ ਵਰਗੀ ਹੈ, ਉਹ ਬਹੁਤ ਸਾਰੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹਨ। ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਇਸ ਸਮਾਜ ਅੰਦਰ ਘੱਟ-ਗਿਣਤੀਆਂ ਵਿਰੁੱਧ ਹਿੰਸਾ ਦੇ ਕਿੰਨੇ ਮਾਮਲੇ ਦਰਜ ਹੋਏ ਹਨ ਕਿਉਂਕਿ ਰੋਜ਼ਾਨਾ ਜੀਵਨ ਵਿਚ ਉਹ ਸਰੀਰਕ ਹਿੰਸਾ ਤੋਂ ਇਲਾਵਾ ਬਹੁਤ ਸਾਰੀ ਮਾਨਸਿਕ ਹਿੰਸਾ ਵਿਚੋਂ ਵੀ ਗੁਜ਼ਰਦੇ ਹਨ। ਭਾਰਤ ਵਿਚ ਕਈ ਧਾਰਮਿਕ ਫਿਰਕਿਆਂ ਨੇ ਆਪਣੇ ਭੋਜਨ, ਕੱਪੜੇ ਅਤੇ ਤਿਓਹਾਰ ਇਸ ਲਈ ਬਦਲ ਲਏ ਹਨ, ਕਿਉਂਕਿ ਬਹੁ-ਗਿਣਤੀ ਧਾਰਮਿਕ ਫਿਰਕੇ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਇਹ ਤਬਦੀਲੀ ਭਾਵੇਂ ਸਵੈ-ਇੱਛਕ ਹੋਵੇ ਪਰ ਆਪਣੀ ਪਛਾਣ ਗੁਆਚਣ ਦੀ ਭਾਵਨਾ ਦਾ ਪ੍ਰਤੀਰੋਧ ਉਨ੍ਹਾਂ ਅੰਦਰ ਸਾਫ ਦਿਖਾਈ ਦਿੰਦਾ ਹੈ। ਇਹ ਵੀ ਫਿਰਕੂ ਹਿੰਸਾ ਹੀ ਹੈ ਜੋ ਸਮਾਂ ਪਾ ਕੇ ਸਰੀਰਕ ਹਿੰਸਾ ਦਾ ਰੂਪ ਲੈ ਸਕਦੀ ਹੈ।
ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਫਿਰਕੂ ਵਿਚਾਰਧਾਰਾ ਵਾਲੇ ਲੋਕ ਜ਼ਰੂਰੀ ਨਹੀਂ ਕਿ ਆਪ ਉਸ ਵਿਚ ਹਿੱਸਾ ਲੈਣ। ਉਨ੍ਹਾਂ ਨੂੰ ਭੜਕਾਉਣ ਵਾਲੇ, ਹਮਦਰਦੀ ਰੱਖਣ ਵਾਲੇ ਸਾਰਿਆਂ ਦੇ ਆਪੋ-ਆਪਣੇ ਹਿਤ ਹਨ। ਫਿਰਕੂ ਵਿਚਾਰਧਾਰਾ ਵਾਲੇ ਲੋਕ ਫਿਰਕੂ ਹਿੰਸਾ ਲਈ ਹਮੇਸ਼ਾ ਆਪਣੇ ਆਪ ਨੂੰ ਜਾਇਜ਼ ਠਹਿਰਾਉਂਦੇ ਹਨ। ਉਹ ਸਮਝਦੇ ਹਨ ਕਿ ਅਜਿਹਾ ਕਰਕੇ ਉਹ ਆਪਣੀ ਹਿੱਸੇਦਾਰੀ ਹਿੰਦੂ ਰਾਸ਼ਟਰ, ਦਾਰੁਲਹਰਮ ਜਾਂ ਖਾਲਿਸਤਾਨ ਦੇ ਉਦੇਸ਼ਾਂ ਦੀ ਪੂਰਤੀ ਲਈ ਪਾ ਰਹੇ ਹਨ।
ਇਸ ਹਿੰਸਾ ਨਾਲ ਨਜਿੱਠਣ ਲਈ ਪਹਿਲਾਂ ਪੁਲਿਸ ਬਲ ਹੀ ਹੁੰਦੇ ਹਨ। ਇਹ ਕੇਂਦਰੀ ਜਾਂ ਰਾਜ ਦੀ ਪੁਲਿਸ ਹੋ ਸਕਦੀ ਹੈ। ਇਹ ਤਿੰਨਾਂ ਪੜਾਵਾਂ – ਹਿੰਸਾ ਦੀ ਤਿਆਰੀ, ਹਿੰਸਾ ਸਮੇਂ ਅਤੇ ਬਾਅਦ ਵਿਚ ਪੁਨਰਵਾਸ ਸਮੇਂ ਸਰਗਰਮ ਭੂਮਿਕਾ ਨਿਭਾਉਂਦੇ ਹਨ। ਭਾਰਤੀ ਸੰਵਿਧਾਨ ਅਨੁਸਾਰ ਅਮਨ ਕਾਨੂੰਨ ਰਾਜ ਸਰਕਾਰਾਂ ਦਾ ਵਿਸ਼ਾ ਹੈ। ਇਸ ਲਈ ਅਜਿਹੇ ਫਿਰਕੂ ਹਿੰਸਾ ਦੇ ਸਮੇਂ ਰਾਜ ਦੀ ਪੁਲਿਸ ਪਹਿਲਾਂ ਹਰਕਤ ਵਿਚ ਆਉਂਦੀ ਹੈ। ਜੇ ਰਾਜ ਪੁਲਿਸ ਅਸਫਲ ਹੋ ਜਾਵੇ ਤਾਂ ਕੇਂਦਰੀ ਪੁਲਿਸ ਬਲਾਂ ਦੀ ਸਹਾਇਤਾ ਲਈ ਜਾਂਦੀ ਹੈ।
ਪੁਲਿਸ ਬਲਾਂ ਵਿਚ ਸ਼ਾਮਲ ਵਿਅਕਤੀ ਵੀ ਉਸ ਸਮਾਜ ਵਿਚੋਂ ਹੀ ਆਉਂਦੇ ਹਨ ਜਿਸ ਵਿਚ ਇਹ ਫਿਰਕੂ ਹਿੰਸਾ ਦੇ ਕੀੜੇ ਪੈਦਾ ਹੁੰਦੇ ਹਨ ਅਤੇ ਵਧਦੇ ਫੁੱਲਦੇ ਹਨ। ਪੁਲਿਸ ਵਿਚ ਭਰਤੀ ਹੋਣ ਸਮੇਂ ਉਹ ਸਾਰੇ ਮਾੜੇ ਪ੍ਰਭਾਵ, ਸੰਦੇਹ, ਡਰ ਅਤੇ ਨਫਰਤ ਆਪਣੇ ਨਾਲ ਹੀ ਲੈ ਕੇ ਆਉਂਦੇ ਹਨ। ਪੁਲਿਸ ਬਲ ਵਿਚ ਸ਼ਾਮਲ ਹੋਣ ਤੋਂ ਬਾਅਦ ਵੀ ਉਹ ਆਪਣੇ ਧਰਮ ਵਾਲਿਆਂ ਨੂੰ ‘ਅਸੀਂ’ ਅਤੇ ਦੂਜੇ ਧਰਮ ਵਾਲਿਆਂ ਨੂੰ ‘ਉਹ’ ਕਹਿ ਕੇ ਹੀ ਬੁਲਾਉਂਦੇ ਹਨ।
ਪੁਲਿਸ ਬਲਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਧਾਰਮਿਕ ਪਛਾਣ ਛੱਡ ਕੇ ਧਰਮ ਨਿਰਪੱਖ ਪਛਾਣ ਬਣਾਉਣੀ ਹੁੰਦੀ ਹੈ ਪਰ ਦੇਖਣ ਵਿਚ ਆਇਆ ਹੈ ਕਿ ਬਹੁਤੀਆਂ ਸਥਿਤੀਆਂ ਵਿਚ ਉਹ ਆਪਣੀ ਧਾਰਮਿਕ ਪਛਾਣ ਹੀ ਬਣਾ ਕੇ ਰੱਖਦੇ ਹਨ। ਖਾਕੀ ਵਰਦੀ ਵਿਚ ਵੀ ਉਹ ਹਿੰਦੂ ਜਾਂ ਮੁਸਲਮਾਨ ਹੀ ਹੁੰਦੇ ਹਨ।
ਆਪਣੀ ਧਾਰਮਿਕ ਪਛਾਣ ਬਣਾ ਕੇ ਰੱਖਣ ਕਰਕੇ ਹੀ ਪੁਲਿਸ ਬਲਾਂ ਦੀ ਭੂਮਿਕਾ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਬਹੁਤੀਆਂ ਸਰਕਾਰੀ ਪੜਤਾਲਾਂ ਅੰਦਰ ਉਨ੍ਹਾਂ ਨੂੰ ਭਾਵੇਂ ਮੁਸਲਿਮ ਵਿਰੋਧੀ ਵਤੀਰਾ ਅਪਨਾਉਣ ਦੇ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ ਪਰ ਗੈਰ-ਸਰਕਾਰੀ ਅਧਿਐਨ ਇਹ ਸਾਬਤ ਕਰਦੇ ਹਨ ਕਿ ਦੰਗਿਆਂ ਦੌਰਾਨ ਪੁਲਿਸ ਦਾ ਰੋਲ ਓਨਾ ਨਿਰਪੱਖ ਨਹੀਂ ਰਿਹਾ ਜਿੰਨੀ ਉਮੀਦ ਕੀਤੀ ਜਾਂਦੀ ਹੈ। ਬਹੁਤ ਵਾਰੀ ਪੁਲਿਸ ਬਲਾਂ ਨੇ ਘੱਟ-ਗਿਣਤੀਆਂ ਖਿਲਾਫ ਅਜਿਹੇ ਦੰਗਿਆਂ ਸਮੇਂ ਸਪਸ਼ਟ ਨਜ਼ਰ ਆਉਣ ਵਾਲੇ ਪੱਖਪਾਤੀ ਵਰਤਾਓ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਪਿੱਛੇ ਉਨ੍ਹਾਂ ਦੀ ਹਿੰਦੂ ਹੋਣ ਦੀ ਮਾਨਸਿਕਤਾ ਅਤੇ ਸਮਾਜ ਵਿਚ ਪਹਿਲਾਂ ਤੋਂ ਪਏ ਮਾੜੇ ਪ੍ਰਭਾਵਾਂ ਤੋਂ ਉਨ੍ਹਾਂ ਦਾ ਮੁਕਤ ਨਾ ਹੋਣਾ ਹੀ ਹੈ। ਸ਼ਾਂਤੀ ਅਤੇ ਵਿਵਸਥਾ ਕਾਇਮ ਰੱਖਣ ਵਾਲੀ ਸੰਸਥਾ ਬਣਨ ਦੀ ਬਜਾਇ ਪੁਲਿਸ ਬਲ ਇਕ ਧਿਰ ਦੇ ਤੌਰ ‘ਤੇ ਕੰਮ ਕਰਦੇ ਨਜ਼ਰ ਆਉਂਦੇ ਹਨ। ਵੱਖ-ਵੱਖ ਫਿਰਕੂ ਦੰਗਿਆਂ ਅਨੁਸਾਰ ਪੁਲਿਸ ਦੀ ਭੂਮਿਕਾ ਦੇ ਅਧਿਐਨ ਤੋਂ ਹੇਠ ਲਿਖੇ ਤੱਥ ਸਾਹਮਣੇ ਆਏ ਹਨ:
(1) ਭਾਰਤ ਦੀ ਆਜ਼ਾਦੀ ਤੋਂ ਬਾਅਦ ਘੱਟ-ਗਿਣਤੀਆਂ ਦੀ ਆਬਾਦੀ ਵਿਚ ਪ੍ਰਤੀਸ਼ਤ ਦੇ ਮੁਕਾਬਲੇ ਪੁਲਿਸ ਬਲਾਂ ਅੰਦਰ ਉਨ੍ਹਾਂ ਦਾ ਅਨੁਪਾਤ ਕਿਤੇ ਘੱਟ ਹੈ ਜਿਵੇਂ (ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 4.2, ਉਤਰ ਪ੍ਰਦੇਸ਼ 4.9 ਜਦੋਂ ਕਿ ਆਬਾਦੀ 18% ਦੇ ਨੇੜੇ ਹੈ।
(2) ਪੁਲਿਸ ਕਰਮਚਾਰੀ/ਅਧਿਕਾਰੀ ਸਮਾਜ ਵਿਚ ਪਹਿਲਾਂ ਤੋਂ ਪ੍ਰਚਲਿਤ ਮਾੜੇ ਪ੍ਰਭਾਵ, ਡਰ, ਚਿੰਤਾ ਨਾਲ ਲੈ ਕੇ ਆਉਂਦੇ ਹਨ ਜੋ ਅਸਲੀ ਨਹੀਂ ਸਗੋਂ ਕਲਪਨਿਕ ਹੁੰਦੇ ਹਨ।
(3) ਫਿਰਕੂ ਹਾਲਾਤ ਵਿਚ ਪੁਲਿਸ ਬਲਾਂ ਦਾ ਵਿਹਾਰ ਨਿਰਪੱਖ ਨਹੀਂ ਰਿਹਾ (ਜਿਵੇਂ ਬਾਬਰੀ ਮਸਜਿਦ ਢਾਹੁਣ ਵੇਲੇ 2 ਦਸੰਬਰ 1992 ਅਤੇ ਜਨਵਰੀ 1993 ਵਿਚ ਮੁੰਬਈ ਦੰਗਿਆਂ ਸਮੇਂ ਵੱਖ-ਵੱਖ ਵਤੀਰਾ ਨਜ਼ਰ ਆਇਆ)।
(4) ਬਹੁ-ਗਿਣਤੀ ਫਿਰਕੇ ਅਤੇ ਘੱਟ-ਗਿਣਤੀ ਧਾਰਮਿਕ ਸਮੂਹਾਂ ਅੰਦਰ ਪੁਲਿਸ ਸਬੰਧੀ ਵੱਖੋ-ਵੱਖਰੀ ਧਾਰਨਾ ਹੈ। ਮੁਸਲਮਾਨ ਪੁਲਿਸ ਨੂੰ ਦੁਸ਼ਮਣ ਦੇ ਰੂਪ ਵਿਚ ਦੇਖਦੇ ਹਨ ਅਤੇ ਹਿੰਦੂ ਮਿੱਤਰ ਦੇ ਰੂਪ ਵਿਚ। ਫਿਰਕੂ ਹਿੰਸਾ ਸਮੇਂ ਘੱਟ-ਗਿਣਤੀਆਂ ਪੁਲਿਸ ਦੀ ਥਾਂ ਕੇਂਦਰੀ ਬਲਾਂ ਜਾਂ ਫੌਜ ਬੁਲਾਉਣ ਦੀ ਮੰਗ ਕਰਦੀਆਂ ਹਨ। ਬਹੁਤ ਸਾਰੇ ਮਾਮਲਿਆਂ ਵਿਚ ਫਿਰਕੂ ਹਿੰਸਾ ਸਮੇਂ ਆਪਸੀ ਹਿੰਸਾ ਪੁਲਿਸ-ਮੁਸਲਮਾਨ ਟਕਰਾਓ ਵਿਚ ਬਦਲ ਜਾਂਦੀ ਹੈ।
ਇਹ ਅਧਿਐਨ ਅਤੇ ਤੱਥ ਰਾਸ਼ਟਰੀ ਪੁਲਿਸ ਅਕੈਡਮੀ ਹੈਦਰਾਬਾਦ ਵਿਖੇ ਫੈਲੋਸ਼ਿਪ ਸਮੇਂ ਘੱਟ-ਗਿਣਤੀ ਅਤੇ ਬਹੁ-ਗਿਣਤੀ ਧਿਰਾਂ, ਪੁਲਿਸ ਬਲਾਂ ਦੇ ਕਰਮਚਾਰੀਆਂ ਅਤੇ ਸਬੰਧਤ ਰਿਕਾਰਡ ਦੀ ਘੋਖ ਪੜਤਾਲ ਦੇ ਸਿੱਟੇ ਵਜੋਂ ਸਾਹਮਣੇ ਆਏ ਹਨ। ਇਹ ਕਾਨਪੁਰ 1931, ਰਾਂਚੀ 1967, ਅਹਿਮਦਾਬਾਦ 1969, ਭਿਵੰਡੀ ਤੇ ਜਲਗਾਓਂ 1970, ਬਨਾਰਸ 1977, ਜਮਸ਼ੇਦਪੁਰ 1979, ਮੇਰਠ 1986-87, ਭਾਗਲਪੁਰ 1989, ਅਯੁੱਧਿਆ 1992, ਮੁੰਬਈ 1992-93 ਸਮੇਂ ਹੋਏ ਫਿਰਕੂ ਦੰਗਿਆਂ ਦੀ ਪੜਤਾਲ ਸਮੇਂ ਸਾਹਮਣੇ ਆਏ ਹਨ। ਇਸ ਵਿਚ ਸਰਕਾਰੀ ਦਸਤਾਵੇਜ਼ ਜਾਂਚ ਕਮੇਟੀ ਦੀਆਂ ਰਿਪੋਰਟਾਂ, ਰਾਸ਼ਟਰੀ ਕਮਿਸ਼ਨਾਂ ਦੀਆਂ ਰਿਪੋਰਟਾਂ, ਨਾਗਰਿਕ ਅਧਿਕਾਰ ਸੰਗਠਨਾਂ ਦੀਆਂ ਰਿਪੋਰਟਾਂ ਦਾ ਅਧਿਐਨ ਕੀਤਾ ਗਿਆ। ਦੂਜੇ ਪੜਾਅ ਵਿਚ ਦੋਹਾਂ ਫਿਰਕਿਆਂ ਦੇ ਲੋਕਾਂ, ਨੌਕਰੀ ਕਰ ਰਹੇ ਅਤੇ ਸੇਵਾ ਮੁਕਤ ਪੁਲਿਸ ਕਰਮਚਾਰੀਆਂ ਨਾਲ ਵਿਸਥਾਰਤ ਗੱਲਬਾਤ ਰਾਹੀਂ ਇਹ ਅਧਿਐਨ ਕੀਤਾ ਗਿਆ ਹੈ।

ਭਾਰਤ ਵਿਚ ਫਿਰਕੂ ਦੰਗਿਆਂ ਦਾ ਇਤਿਹਾਸ
ਪ੍ਰੋ. ਬਿਪਨ ਚੰਦ ਅਨੁਸਾਰ ਫਿਰਕਪ੍ਰਸਤੀ ਅਜਿਹੀ ਧਾਰਨਾ ਹੈ ਜਿਸ ਅਨੁਸਾਰ ਇਕ ਧਰਮ ਨੂੰ ਮੰਨਣ ਵਾਲੇ ਸਾਰੇ ਲੋਕਾਂ ਦੇ ਸਮਾਜਕ, ਧਾਰਮਿਕ, ਰਾਜਨੀਤਕ ਅਤੇ ਆਰਥਕ ਹਿਤ ਸਮਾਨ ਹੁੰਦੇ ਹਨ। ਸਮਾਜ ਸ਼ਾਸਤਰ ਦੀਆਂ ਵਿਧੀਆਂ ਨੂੰ ਪਰਖਦਿਆਂ ਇਸ ਮੁਤਾਬਕ ਭਾਰਤ ਵਿਚ ਹਿੰਦੂ, ਮੁਸਲਮਾਨ, ਇਸਾਈ ਅਤੇ ਸਿੱਖ ਅਲੱਗ-ਅਲੱਗ ਕੌਮੀਅਤਾਂ ਹਨ ਜੋ ਇਕ ਦੂਜੇ ਤੋਂ ਵੱਖਰੀਆਂ ਹਨ ਅਤੇ ਆਪਣੇ ਅੰਦਰੋਂ ਇਕ ਧਰਮ ਨੂੰ ਮੰਨਣ ਵਾਲਿਆਂ ਦੇ ਧਾਰਮਿਕ ਹਿਤ ਤਾਂ ਸਾਂਝੇ ਹਨ ਹੀ, ਗੈਰ-ਧਾਰਮਿਕ ਹਿਤ ਜਿਵੇਂ ਰਾਜਨੀਤਕ, ਸਮਾਜਕ, ਆਰਥਕ ਅਤੇ ਸਭਿਆਚਾਰਕ ਹਿਤ ਵੀ ਸਾਂਝੇ ਹੁੰਦੇ ਹਨ। ਇਹ ਹਿਤ ਦੂਜੇ ਧਾਰਮਿਕ ਸਮੂਹ ਦੇ ਲੋਕਾਂ ਨਾਲ ਟਕਰਾਵੇਂ ਵੀ ਹੋ ਸਕਦੇ ਹਨ। ਇਸ ਪਰਿਭਾਸ਼ਾ ਅਨੁਸਾਰ:
(1) ਭਾਰਤ ਵਰਗੇ ਸਮਾਜ ਵਿਚ ਅਨੇਕਾਂ ਕੌਮੀਅਤਾਂ ਹਨ ਜੋ ਭਾਸ਼ਾ, ਖਾਣ-ਪੀਣ ਅਤੇ ਸਮਾਜਕ ਮਾਨਤਾਵਾਂ ਪੱਖੋਂ ਭਾਵੇਂ ਵੱਖੋ-ਵੱਖਰੀਆਂ ਹੋਣ ਪਰ ਉਸ ਧਾਰਮਿਕ ਸਮੂਹ ਦੇ ਲੋਕਾਂ ਦੀ ਪਛਾਣ ਅਤੇ ਹਿਤ ਸਮਾਨ ਹੁੰਦੇ ਹਨ।
(2) ਫਿਰਕਾਪ੍ਰਸਤੀ ਨੂੰ ਹਮੇਸ਼ਾ ਕਿਸੇ ਦੁਸ਼ਮਣ ਦੀ ਲੋੜ ਹੁੰਦੀ ਹੈ। ਇਹ ਦੁਸ਼ਮਣ ਦੂਜੇ ਧਰਮ ਦਾ ਪੈਰੋਕਾਰ ਹੋ ਸਕਦਾ ਹੈ। ਇਕ ਧਰਮ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਉਸ ਦੇ ਸਾਰੇ ਹਿਤ ਤਾਂ ਹੀ ਸੁਰੱਖਿਅਤ ਹਨ, ਜੇ ਉਹ ਦੂਜੇ ਧਰਮ ਦੇ ਪੈਰੋਕਾਰਾਂ ਦਾ ਵਿਰੋਧ ਕਰਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਪੱਕੇ ਪੈਰੋਕਾਰ ਬਣਾ ਕੇ ਉਸ ਦੀ ਰੱਖਿਆ ਕਰਨਾ ਹੀ ਉਸ ਦਾ ਫਰਜ਼ ਹੈ।
(3) ਇਸ ਦਾ ਭਾਵ ਹੈ ਕਿ ਹਿੰਦੂ, ਮੁਸਲਮਾਨ, ਇਸਾਈ ਅਤੇ ਸਿੱਖਾਂ ਦੇ ਹਿਤ ਵੱਖ-ਵੱਖ ਹੀ ਨਹੀਂ ਹਨ ਸਗੋਂ ਇਕ ਦੂਜੇ ਦੇ ਵਿਰੋਧੀ ਹਨ।
ਭਾਰਤੀ ਲੋਕਾਂ ਦੇ ਸਬੰਧ ਵਿਚ ਫਿਰਕਾਪ੍ਰਸਤੀ ਦਾ ਮੁੱਖ ਕਾਰਨ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੱਡੇ ਪੱਧਰ ‘ਤੇ ਸ਼ੱਕ, ਡਰ, ਮੁਕਾਬਲੇਬਾਜ਼ੀ, ਨਫਰਤ ਅਤੇ ਹਿੰਸਾ ਹੈ। ਇਸ ਅਧਿਐਨ ਦਾ ਭਾਵ ਅਕਾਦਮਿਕ ਤੌਰ ‘ਤੇ ਫਿਰਕਾਪ੍ਰਸਤੀ ਦਾ ਵਿਸ਼ਲੇਸ਼ਣ ਕਰਨਾ ਨਹੀਂ। ਅਸੀਂ ਸਿਰਫ ਫਿਰਕੂ ਦੰਗਿਆਂ ਦੇ ਅਧਿਐਨ ਤੱਕ ਸੀਮਤ ਰਹਾਂਗੇ। ਦੰਗਿਆਂ ਦੀ ਚਰਚਾ ਕਰਦੇ ਕਰਦੇ ਇਨ੍ਹਾਂ ਨੂੰ ਵਧਾਉਣ ਵਾਲੀਆਂ ਤਾਕਤਾਂ ਅਤੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਹੀ ਹੋਵੇਗਾ।
ਭਾਰਤ ਵਿਚ ਫਿਰਕੂ ਦੰਗੇ ਮੁੱਖ ਰੂਪ ਵਿਚ ਅੰਗਰੇਜ਼ ਸਾਮਰਾਜ ਦੇ ਅੰਤਰ-ਵਿਰੋਧਾਂ ਦੀ ਉਪਜ ਹਨ। ਸਾਮਰਾਜੀ ਸ਼ਾਸਕਾਂ ਦਾ ਵਿਸ਼ਵਾਸ ਸੀ ਕਿ ਆਜ਼ਾਦੀ ਦੀ ਪ੍ਰਾਪਤੀ ਲਈ ਉੱਠ ਰਹੇ ਲੋਕ-ਉਭਾਰ ਨੂੰ ਧਾਰਮਿਕ ਫਿਰਕਾਪ੍ਰਸਤੀ ਦੀ ਚਾਸ਼ਨੀ ਵਿਚ ਡੁਬੋ ਕੇ ਚੋਗਾ ਪਾਇਆ ਜਾ ਸਕਦਾ ਹੈ ਅਤੇ ਆਪਣਾ ਰਾਜ ਬਰਕਰਾਰ ਰੱਖਿਆ ਜਾ ਸਕਦਾ ਹੈ। ਜਦੋਂ ਵੀ ਹਿੰਦੂ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ, ਉਸ ਤੋਂ ਬਾਅਦ ਫਿਰਕੂ ਦੰਗਿਆਂ ਦਾ ਗ੍ਰਾਫ ਇਕਦਮ ਬਹੁਤ ਉਪਰ ਚਲਿਆ ਗਿਆ। ਜਦੋਂ ਵੀ ਉਹ ਇਕੱਠੇ ਹੋ ਕੇ ਸੰਘਰਸ਼ਸ਼ੀਲ ਹੋਏ, ਫਿਰਕੂ ਦੰਗੇ ਪੂਰੀ ਤਰ੍ਹਾਂ ਬੰਦ ਰਹੇ। ਜਦੋਂ ਹੀ ਸੰਘਰਸ਼ ਅਸਫਲ ਹੋਇਆ ਜਾਂ ਅੰਦੋਲਨ ਵਾਪਸ ਲਿਆ ਗਿਆ, ਉਸੇ ਵੇਲੇ ਅੰਗਰੇਜ਼ਾਂ ਦੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਦਾ ਸ਼ਿਕਾਰ ਹੋ ਗਏ। ਵਿਦੇਸ਼ੀ ਸ਼ਾਸਕਾਂ ਦੇ ਖਿਲਾਫ ਲੜਨ ਦੀ ਥਾਂ ਆਪਸ ਵਿਚ ਵੱਢ-ਟੁੱਕ ਕਰਨ ਲੱਗੇ।
ਭਾਰਤ ਦੇ ਆਜ਼ਾਦੀ ਅੰਦੋਲਨ ਦੀਆਂ ਤਿੰਨ ਘਟਨਾਵਾਂ ਦਾ ਅਸੀਂ ਇਸ ਦੀ ਗਵਾਹੀ ਵਜੋਂ ਜ਼ਿਕਰ ਕਰ ਰਹੇ ਹਾਂ। 1857-58 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਹਿੰਦੂ ਅਤੇ ਮੁਸਲਮਾਨ ਸਿਪਾਹੀਆਂ ਨੇ ਅੰਗਰੇਜ਼ ਅਫਸਰਾਂ ਖਿਲਾਫ ਸ਼ਾਨਦਾਰ ਇਕਜੁੱਟਤਾ ਦਿਖਾਈ। ਉਨੀਵੀਂ ਸਦੀ ਦੇ ਸ਼ੁਰੂ ਹੋਣ ਵੇਲੇ ਫਿਰਕੂ ਦੰਗਿਆਂ ਦੀ ਸ਼ੁਰੂਆਤ ਹੋ ਚੁੱਕੀ ਸੀ। ਬਨਾਰਸ (1809) ਨਿਉਲ (1820), ਮੁਰਾਦਾਬਾਦ, ਸੰਭਲ ਕਾਸ਼ੀਪੁਰ (1833), ਸ਼ਾਹਜਹਾਂਪੁਰ (1837), ਬਰੇਲੀ ਕਾਨ੍ਹਪੁਰ ਅਲਾਹਾਬਾਦ (1837-1852) ਵਿਚ ਹੋਏ ਫਸਾਦਾਂ ਨੂੰ ਹਿੰਦੂ ਮੁਸਲਿਮ ਦੰਗਿਆਂ ਦਾ ਨਾਮ ਦਿੱਤਾ ਜਾ ਸਕਦਾ ਹੈ ਪਰ 1857-58 ਦੇ ਦੋ ਸਾਲ ਅਜਿਹੇ ਹਨ ਕਿ ਇਕ ਵੀ ਫਿਰਕੂ ਦੰਗਾ ਨਹੀਂ ਹੋਇਆ। ਹਿੰਦੂ ਮੁਸਲਮਾਨਾਂ ਵਿਚ ਹੋਈ ਇਸ ਏਕਤਾ ਨੂੰ ਸਮਝਣ ਲਈ ਅਵਧ ਵਿਚ 1853 ਅਤੇ 1855 ਵਿਚ ਵਾਪਰੀਆਂ ਦੋ ਘਟਨਾਵਾਂ ਨੂੰ ਸਮਝਣਾ ਲਾਹੇਵੰਦ ਰਹੇਗਾ।
ਅਮੇਠੀ ਦੇ ਸੂਫੀ ਸੰਤ ਬੰਦਗੀ ਮੀਆਂ ਦੇ ਚੇਲੇ ਮੌਲਵੀ ਆਮਿਰ ਅਲੀ ਨੇ ਸੁਣਿਆ ਕਿ ਅਯੁੱਧਿਆ ਵਿਚ ਬੈਰਾਗੀਆਂ ਨੇ ਬਾਬਰੀ ਮਸਜਿਦ ਨਸ਼ਟ ਕਰ ਦਿੱਤੀ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਹੈ। ਇਹ ਸੁਣ ਕੇ ਉਨ੍ਹਾਂ ਨੇ ਲਖਨਊ ਦੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਮੁਲਾਕਾਤ ਨਾ ਹੋਣ ਤੋਂ ਨਿਰਾਸ਼ ਹੋ ਕੇ ਉਸ ਨੇ ਲਖਨਊ ਵਿਚ ਜਹਾਦ ਦਾ ਐਲਾਨ ਕਰ ਦਿੱਤਾ। ਨਵਾਬ ਵਾਜਿਦ ਅਲੀ ਸ਼ਾਹ ਨੇ ਸਮੱਸਿਆ ਨੂੰ ਸ਼ਾਂਤੀਪੂਰਨ ਹੱਲ ਕਰਨ ਲਈ ਯਤਨ ਸ਼ੁਰੂ ਕੀਤੇ। ਉਹਦੇ ਹੁਕਮਾਂ ਦੇ ਬਾਵਜੂਦ ਬੈਰਾਗੀਆਂ ਨੇ ਮਸਜਿਦ ‘ਤੇ ਕਬਜ਼ਾ ਨਾ ਛੱਡਿਆ ਪਰ ਮਸਜਿਦ ਨੂੰ ਤੋੜਨ ਦੀ ਖਬਰ ਕੋਰੀ ਅਫਵਾਹ ਸੀ। ਮੌਲਵੀ ਆਮਿਰ ਅਲੀ ਵਾਪਸ ਅਮੇਠੀ ਆ ਗਿਆ ਅਤੇ ਜਹਾਦ ਦੇ ਨਾਮ ‘ਤੇ ਹਥਿਆਰਬੰਦ ਮੁਸਲਮਾਨਾਂ ਦੀ ਵੱਡੀ ਫੌਜ ਇਕੱਠੀ ਕਰ ਲਈ ਅਤੇ ਅਯੁੱਧਿਆ ਵੱਲ ਵਧਣਾ ਜਾਰੀ ਰੱਖਿਆ। ਅਯੁੱਧਿਆ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਈਸਟ ਇੰਡੀਆ ਕੰਪਨੀ ਕੋਲ ਸੀ। ਨਵਾਬ ਦੇ ਕਹਿਣ ਦੇ ਬਾਵਜੂਦ ਅੰਗਰੇਜ਼ ਰੈਜੀਡੈਂਟ ਨੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਕੋਈ ਕੋਸ਼ਿਸ਼ ਨਾ ਕੀਤੀ ਸਗੋਂ ਹਿੰਦੂ ਅਤੇ ਮੁਸਲਮਾਨਾਂ ਵਿਚ ਵਿਰੋਧ ਪੈਦਾ ਕਰਨ ਦੀ ਕੋਈ ਕਸਰ ਬਾਕੀ ਨਾ ਛੱਡੀ। ਵਾਜਿਦ ਅਲੀ ਸ਼ਾਹ ਅਤੇ ਮੌਲਵੀ ਆਮਿਰ ਅਲੀ ਵਿਚਕਾਰ ਖੂਨੀ ਟੱਕਰ ਹੋਈ। ਲੰਮੀ ਲੜਾਈ ਬਾਅਦ ਹਿਆਤ ਨਗਰ ਦੇ ਨੇੜੇ ਸੂਜਾਗੰਜ ਬਾਜ਼ਾਰ ਵਿਚ ਮੌਲਵੀ ਆਮਿਰ ਅਲੀ ਮਾਰਿਆ ਗਿਆ। 1855 ਵਿਚ ਹਿੰਦੂਆਂ ਅਤੇ ਮੁਸਲਮਾਨ ਬਜ਼ੁਰਗਾਂ ਨੇ ਮਿਲ ਬੈਠ ਕੇ ਸਮਝੌਤਾ ਕਰ ਲਿਆ ਅਤੇ ਹਿੰਦੂ ਮੁਸਲਿਮ ਏਕਤਾ ਤੋਂ ਬਾਅਦ 1857-58 ਦਾ ਸੰਘਰਸ਼ ਹੋਇਆ ਪਰ ਬਾਬਰੀ ਮਸਜਿਦ-ਰਾਮ ਜਨਮ ਭੂਮੀ ਵਿਵਾਦ ਤੋਂ ਪੈਦਾ ਹੋਈਆਂ ਨਫਰਤਾਂ, ਮੱਤਭੇਦ ਅਤੇ ਸ਼ੰਕੇ ਇੰਨੇ ਗੰਭੀਰ ਹੁੰਦੇ ਗਏ ਜੋ ਅੱਜ ਤੱਕ ਵੀ ਜਾਰੀ ਹਨ।
1919-20 ਦੇ ਰੌਲਟ ਐਕਟ ਵਿਰੋਧੀ ਅੰਦੋਲਨ ਅਤੇ ਜੱਲਿਆਂਵਾਲਾ ਕਾਂਡ ਵਿਰੁੱਧ ਨਾ-ਮਿਲਵਰਤਨ ਅੰਦੋਲਨ ਦੇ ਰੂਪ ਵਿਚ ਪੂਰੇ ਦੇਸ਼ ਵਿਚ ਸਰਗਰਮੀ ਸਿਖਰਾਂ ‘ਤੇ ਸੀ। ਹਿੰਦੂ ਮੁਸਲਿਮ ਦੰਗੇ ਪੂਰੀ ਤਰ੍ਹਾਂ ਸ਼ਾਂਤ ਸਨ। 1858 ਤੋਂ 1918 ਤੱਕ ਬਹੁਤ ਭਿਆਨਕ ਫਿਰਕੂ ਦੰਗੇ ਦੇਖੇ ਗਏ ਜੋ ਅਜਿਹੀਆਂ ਥਾਵਾਂ ‘ਤੇ ਵੀ ਵਾਪਰੇ ਜਿਥੇ ਪਹਿਲਾਂ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਸੀ; ਜਿਵੇਂ ਬਰੇਲੀ (1871), ਮਊ (1893), ਬੰਬਈ (1893), ਨਾਸਿਕ (1894), ਪੂਰਬੀ ਬੰਗਾਲ (1907), ਪਿਸ਼ਾਵਰ (1910), ਅਯੁੱਧਿਆ (1912), ਆਗਰਾ (1913), ਸ਼ਾਹਬਾਦ (1917), ਕਰਤਾਰਪੁਰ (1918) ਵਧੇਰੇ ਵਰਨਣਯੋਗ ਹਨ।
1919-20 ਵਿਚ ਇਕ ਵੀ ਦੰਗਾ ਨਹੀਂ ਹੋਇਆ। ਸਾਰੇ ਦੰਗੇ ਇਕਦਮ ਰੁਕ ਗਏ। ਪਹਿਲੀ ਸੰਸਾਰ ਜੰਗ ਵਿਚ ਲੱਖਾਂ ਭਾਰਤੀ ਸੈਨਿਕਾਂ ਨੇ ਭਾਗ ਲਿਆ। ਇਸ ਯੁੱਧ ਵਿਚ ਯੂਰਪ ਦੀਆਂ ਸਾਮਰਾਜੀ ਸ਼ਕਤੀਆਂ ਦੇ ਹਿਤ ਆਪਸ ਵਿਚ ਟਕਰਾਅ ਵਾਲੇ ਰਹੇ ਸਨ, ਭਾਰਤੀ ਲੋਕਾਂ ਦਾ ਉਸ ਨਾਲ ਦੂਰੋਂ-ਨੇੜਿਓਂ ਕੋਈ ਸਬੰਧ ਨਹੀਂ ਸੀ। ਫਿਰ ਵੀ ਲੱਖਾਂ ਸੈਨਿਕ ਉਸ ਲੜਾਈ ਵਿਚ ਮਾਰੇ ਗਏ ਜਿਨ੍ਹਾਂ ਵਿਚੋਂ ਬਹੁਤੇ ਭਾਰਤੀ ਸਨ। ਬਹੁਤ ਸਾਰੇ ਭਾਰਤੀ ਸਿਆਸਤਦਾਨ ਜੋ ਸਾਮਰਾਜ ਬਾਰੇ ਪੂਰੀ ਸਮਝ ਨਹੀਂ ਰੱਖਦੇ ਸਨ, ਸੋਚਦੇ ਸਨ ਕਿ ਯੁੱਧ ਸਮਾਪਤ ਹੋਣ ਤੋਂ ਬਾਅਦ ਅੰਗਰੇਜ਼ ਭਾਰਤ ਨੂੰ ਪੂਰਨ ਆਜ਼ਾਦੀ ਨਾ ਸਹੀ, ਘੱਟੋ-ਘੱਟ ਸਵੈ-ਸ਼ਾਸਨ ਦਾ ਹੱਕ ਤਾਂ ਦੇ ਹੀ ਦੇਣਗੇ ਪਰ ਯੁੱਧ ਦੀ ਸਮਾਪਤੀ ਤੋਂ ਬਾਅਦ ਅੰਗਰੇਜ਼ੀ ਸ਼ਾਸਕਾਂ ਦਾ ਅਸਲ ਰੂਪ ਸਾਹਮਣੇ ਆ ਗਿਆ, ਜਦੋਂ ਉਨ੍ਹਾਂ ਰੋਲਟ ਐਕਟ ਵਰਗਾ ਸਖਤ ਕਾਨੂੰਨ ਭਾਰਤੀ ਲੋਕਾਂ ‘ਤੇ ਲਾਗੂ ਕਰ ਦਿੱਤਾ। ਇਸ ਕਾਨੂੰਨ ਮੁਤਾਬਕ ਪੁਲਿਸ ਨੂੰ ਕਿਸੇ ਵੀ ਭਾਰਤੀ ਨਾਗਰਿਕ ਨੂੰ ਬਿਨਾਂ ਕੋਈ ਕਾਰਨ ਦੱਸੇ ਗ੍ਰਿਫਤਾਰ ਕਰਨ, ਤਲਾਸ਼ੀ ਲੈਣ ਅਤੇ ਜੇਲ੍ਹ ਵਿਚ ਬੰਦ ਕਰਨ ਦੇ ਅਧਿਕਾਰ ਸਨ। ਇਸ ਕਾਨੂੰਨ ਬਾਰੇ ਕਿਹਾ ਜਾਂਦਾ ਸੀ- ‘ਨਾ ਵਕੀਲ, ਨਾ ਦਲੀਲ, ਨਾ ਅਪੀਲ’। ਇਸ ਕਾਨੂੰਨ ਵਿਰੁੱਧ ਵਿਆਪਕ ਲਾਮਬੰਦੀ ਹੋਈ। 13 ਅਪਰੈਲ 1919 ਨੂੰ ਜੱਲਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ‘ਤੇ ਗੋਲਾਬਾਰੀ ਕਰਕੇ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਰਹਿੰਦਿਆਂ ਨੂੰ ਜ਼ਲੀਲ ਕਰਨ ਲਈ ਰੀਂਗ ਕੇ ਚੱਲਣ ਲਈ ਮਜਬੂਰ ਕੀਤਾ ਗਿਆ। ਇਸ ਜ਼ੁਲਮ ਖਿਲਾਫ ਲੋਕਾਂ ਵਿਚ ਬੇਹੱਦ ਵਿਰੋਧ ਸੀ। ਖਿਲਾਫਤ ਅੰਦੋਲਨ ਅਤੇ ਨਾ-ਮਿਲਵਰਤਨ ਅੰਦੋਲਨ ਸ਼ੁਰੂ ਹੋਏ। ਅਸਲ ਵਿਚ ਤੁਰਕੀ ਦੀ ਹਾਰ ਤੋਂ ਬਾਅਦ ਮੁਸਲਿਮ ਸੰਸਾਰ ਵਿਚ ਖਲੀਫਾ ਦਾ ਪ੍ਰਭਾਵ ਖਤਮ ਹੋ ਗਿਆ। ਸਿੱਟੇ ਵਜੋਂ ਖਿਲਾਫਤ ਅੰਦੋਲਨ ਦੇ ਰੂਪ ਵਿਚ ਹਿੰਦੂ ਮੁਸਲਿਮ ਏਕਤਾ ਦਾ ਨਵਾਂ ਦੌਰ ਦੇਖਣ ਵਿਚ ਆਇਆ। 9 ਜੁਲਾਈ 1919 ਨੂੰ ਖਿਲਾਫਤ ਅੰਦੋਲਨ ਅਤੇ ਨਾ-ਮਿਲਵਰਤਨ ਅੰਦੋਲਨ ਦੀਆਂ ਮੀਟਿੰਗਾਂ ਵਿਚ ਇਕੋ ਜਿਹੇ ਪ੍ਰਸਤਾਵ ਪਾਸ ਕੀਤੇ ਗਏ ਜਿਨ੍ਹਾਂ ਅਨੁਸਾਰ ਅੰਗਰੇਜ਼ਾਂ ਦੀਆਂ ਨੌਕਰੀਆਂ ਤੋਂ ਅਸਤੀਫੇ, ਅੰਗਰੇਜ਼ਾਂ ਵਲੋਂ ਮਿਲੇ ਮਾਣ-ਸਨਮਾਨ ਵਾਪਸ ਮੋੜਨ ਅਤੇ ਟੈਕਸ ਨਾ ਦੇਣ ਵਰਗੇ ਪ੍ਰੋਗਰਾਮ ਸਨ।
1919-20 ਦੌਰਾਨ ਚੱਲੇ ਸੰਘਰਸ਼ ਸਮੇਂ ਹਿੰਦੂ ਮੁਸਲਮਾਨਾਂ ਵਿਚਕਾਰ ਕਮਾਲ ਦੀ ਸਾਂਝ ਦੇਖੀ ਗਈ। ਹਿੰਦੂਆਂ ਨੇ ਖਾਣ ਪੀਣ ਸਬੰਧੀ ਸਭ ਸੰਕੀਰਨਤਾਵਾਂ ਛੱਡ ਕੇ ਮੁਸਲਮਾਨਾਂ ਹੱਥੋਂ ਪਾਣੀ ਪੀਤਾ ਅਤੇ ਸਭ ਕੁਝ ਖਾਧਾ। ਮੁਸਲਮਾਨਾਂ ਨੇ ਮਸਜਿਦਾਂ ਤੋਂ ਬੋਲਣ ਲਈ ਹਿੰਦੂ ਲੀਡਰਾਂ ਨੂੰ ਸੱਦਾ ਦਿੱਤਾ। ਦਿੱਲੀ ਦੀ ਜਾਮਾ ਮਸਜਿਦ ਵਿਚ ਸਵਾਮੀ ਸ਼ਰਧਾਨੰਦ ਨੇ ਧਾਰਮਿਕ ਉਪਦੇਸ਼ ਦਿੱਤੇ। ਗਾਂਧੀ ਜੀ ਅਤੇ ਸਰੋਜਨੀ ਨਾਇਡੂ ਬੰਬਈ ਦੀ ਮਸਜਿਦ ਵਿਚ ਬੋਲੇ। ਮੁਸਲਮਾਨਾਂ ਨੇ ਹੜਤਾਲਾਂ ਅਤੇ ਸੱਤਿਆਗ੍ਰਹਿ ਵਿਚ ਹਿੰਦੂਆਂ ਨੂੰ ਖੂਬ ਸਹਿਯੋਗ ਦਿੱਤਾ। ਹਿੰਦੂਆਂ ਨਾਲ ਮਿਲ ਕੇ ਲਾਠੀਆਂ ਖਾਧੀਆਂ, ਜੇਲ੍ਹ ਗਏ ਅਤੇ ਜਾਇਦਾਦਾਂ ਜ਼ਬਤ ਕਰਵਾਈਆਂ। ਡਾ. ਸੱਤਪਾਲ ਅਤੇ ਕਿਚਲੂ ਅੰਮ੍ਰਿਤਸਰ ਵਿਚ ਜੌੜੇ ਨੇਤਾ ਬਣ ਗਏ। ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਨੇ ਇਕੱਠੇ ਹੋ ਕੇ ਰਾਸ਼ਟਰੀ ਅੰਦੋਲਨ ਦਾ ਸਾਥ ਦਿੱਤਾ। ਇਸ ਏਕਤਾ ਦਾ ਅਸਰ ਫਿਰਕੂ ਦੰਗਿਆਂ ਦੇ ਗ੍ਰਾਫ ਤੋਂ ਸਾਫ ਨਜ਼ਰ ਆਉਂਦਾ ਹੈ।
1921 ਵਿਚ ਕੇਰਲ ਵਿਚ ਮੋਪਲਾ ਵਿਦਰੋਹ ਹੋਇਆ। ਇਹ ਮੁੱਖ ਤੌਰ ‘ਤੇ ਕਰੂਰ, ਸ਼ੋਸ਼ਣ ਕਰਨ ਵਾਲੇ ਆਰਥਕ ਸਬੰਧਾਂ ਨੂੰ ਧਾਰਮਿਕ ਅੰਦੋਲਨ ਵਿਚ ਵਰਤਣ ਦੀ ਉਦਾਹਰਨ ਹੈ। 1921 ਵਿਚ ਮਾਲੇਗਾਓਂ ਅਤੇ 1922 ਵਿਚ ਮੁਲਤਾਨ ਵਿਚ ਹੋਏ ਫਿਰਕੂ ਦੰਗਿਆਂ ਤੋਂ ਬਿਨਾਂ ਦੰਗਿਆਂ ਦੇ ਹੋਰ ਕੇਸ ਘੱਟ ਹੀ ਨਜ਼ਰ ਆਏ। 5 ਫਰਵਰੀ 1922 ਨੂੰ ਗੋਰਖਪੁਰ ਜ਼ਿਲ੍ਹੇ ਦੇ ਚੌਰਾਚੌਰੀ ਥਾਣੇ ਵਿਚ ਮੌਜੂਦ ਸਾਰੇ ਪੁਲਿਸ ਕਰਮਚਾਰੀ ਜਿੰਦਾ ਜਲਾ ਦਿੱਤੇ ਗਏ। ਗਾਂਧੀ ਜੀ ਨੇ ਅੰਦੋਲਨ ਦੇ ਹਿੰਸਕ ਹੋ ਜਾਣ ਦੇ ਡਰੋਂ ਉਸ ਨੂੰ ਵਾਪਸ ਲੈ ਲਿਆ। ਬਹੁਤ ਹੀ ਸਰਗਰਮ ਹੋਈ ਜਨਤਾ ਇਕਦਮ ਗੈਰ-ਸਰਗਰਮ ਹੋ ਗਈ। ਉਦੇਸ਼ ਵਿਹੀਣ, ਦਿਸ਼ਾਹੀਣ, ਹਿੰਮਤ ਹਾਰ ਕੇ ਬੈਠੀ ਜਨਤਾ ਅੰਗਰੇਜ਼ਾਂ ਦੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਦਾ ਫੇਰ ਸ਼ਿਕਾਰ ਹੋ ਗਈ। ਸ਼ੁੱਧੀ ਅਤੇ ਤਬਲੀਗ ਵਰਗੇ ਅੰਦੋਲਨਾਂ ਨੇ ਵੱਡੇ ਵਰਗ ਨੂੰ ਆਪਣੇ ਕਲਾਵੇ ਵਿਚ ਲੈ ਲਿਆ। 1923 ਵਿਚ ਵੱਖ-ਵੱਖ ਥਾਵਾਂ ‘ਤੇ ਫਿਰਕੂ ਦੰਗੇ ਹੋਏ। ਇਨ੍ਹਾਂ ਵਿਚ ਅੰਮ੍ਰਿਤਸਰ, ਲਾਹੌਰ ਅਤੇ ਸਹਾਰਨਪੁਰ ਖਾਸ ਸਨ। 1924 ਵਿਚ ਭਿਆਨਕ ਦੰਗੇ ਹੋਏ। ਇਹ ਅਲਾਹਾਬਾਦ, ਕਲਕੱਤਾ, ਦਿੱਲੀ, ਗੁਲਬਰਗ, ਕੋਹਾਟ, ਲਖਨਊ, ਨਾਗਪੁਰ, ਜਬਲਪੁਰ, ਸ਼ਾਹਜਹਾਂਪੁਰ ਵਿਚ ਵਾਪਰੇ। ਇਨ੍ਹਾਂ ਦੰਗਿਆਂ ਸਮੇਂ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ। ਇਹ ਵੀ ਮਹਿਸੂਸ ਹੋਇਆ ਕਿ ਜੇ ਰਾਜ ਸੱਤਾ ਹੀ ਦੰਗੇ ਕਰਵਾਉਣ ‘ਤੇ ਉਤਾਰੂ ਹੋਵੇ ਤਾਂ ਕਿਤੇ ਵੀ ਦੰਗਾ ਕਰਵਾਉਣਾ ਮੁਸ਼ਕਿਲ ਨਹੀਂ ਹੁੰਦਾ।
1930 ਵਿਚ ਸਿਵਲ ਨਾ-ਫੁਰਮਾਨੀ ਅੰਦੋਲਨ ਤੋਂ ਪਹਿਲਾਂ ਧਾਰਮਿਕ ਮੱਤਭੇਦ ਅਸਥਾਈ ਰੂਪ ਵਿਚ ਦਬ ਗਏ ਅਤੇ ਫਿਰਕੂ ਦੰਗੇ ਜੋ ਰਾਸ਼ਟਰੀ ਜੀਵਨ ਦਾ ਅੰਗ ਬਣ ਗਏ ਸਨ, ਕਾਫੀ ਹੱਦ ਤੱਕ ਰੁਕ ਗਏ। ਇਸ ਸਾਲ ਕੇਵਲ ਢਾਕਾ ਅਤੇ ਬੰਬਈ ਵਿਚ ਹੀ ਦੰਗੇ ਹੋਏ। ਇਨ੍ਹਾਂ ਬਾਰੇ ਬਹੁਤਾ ਵਰਨਣ ਨਹੀਂ ਹੁੰਦਾ। ਇਸ ਨਾ-ਮਿਲਵਰਤਣ ਅੰਦੋਲਨ ਦੀ ਪਹਿਲੀ ਉਦਾਹਰਨ ਸੀ ਪੇਸ਼ੇਵਰ ਫੌਜੀਆਂ ਵਲੋਂ ਜਨਤਾ ‘ਤੇ ਗੋਲੀ ਚਲਾਉਣ ਤੋਂ ਇਨਕਾਰ। ਇਹ ਇਨਕਾਰ ਕਰਨ ਵਾਲੀ ਪਲਟਨ ਗੜ੍ਹਵਾਲੀ ਹਿੰਦੂਆਂ ਦੀ ਸੀ। ਜਿਨ੍ਹਾਂ ‘ਤੇ ਗੋਲੀ ਚਲਾਉਣ ਨੂੰ ਕਿਹਾ ਸੀ, ਉਹ ਮੁਸਲਮਾਨ ਪਠਾਣ ਸਨ। ਇਹੋ ਜਿਹੀ ਏਕਤਾ ਅੰਦੋਲਨਾਂ ਸਮੇਂ ਹੀ ਦੇਖਣ ਨੂੰ ਮਿਲਦੀ ਸੀ। ਮਾਰਚ 1931 ਵਿਚ ਅੰਦੋਲਨ ਦੇ ਵਾਪਸ ਲੈਣ ਤੋਂ ਬਾਅਦ ਫਿਰ ਪਹਿਲਾਂ ਵਾਲੀ ਸਥਿਤੀ ਪੈਦਾ ਹੋ ਗਈ। 1931 ਵਿਚ ਆਗਰਾ, ਬਨਾਰਸ ਅਤੇ ਕਾਨਪੁਰ ਵਿਚ ਭਿਆਨਕ ਦੰਗੇ ਹੋਏ। ਕਾਨਪੁਰ ਦੰਗਾ ਉਤਰ ਪ੍ਰਦੇਸ਼ ਦਾ ਸਭ ਤੋਂ ਮਾੜਾ ਫਿਰਕੂ ਦੰਗਾ ਸੀ। ਇਸ ਵਿਚ ਰਾਸ਼ਟਰਵਾਦੀ, ਹਿੰਦੂ ਮੁਸਲਿਮ ਏਕਤਾ ਦੇ ਵੱਡੇ ਸਮਰਥਕ, ਬੁੱਧੀਜੀਵੀ ਗਣੇਸ਼ ਸ਼ੰਕਰ ਵਿਦਿਆਰਥੀ ਦੀ ਮੌਤ ਹੋਈ। ਸਰਕਾਰੀ ਅੰਕੜਿਆਂ ਅਨੁਸਾਰ 400 ਲੋਕ ਮਾਰੇ ਗਏ। 1200 ਤੋਂ ਵੱਧ ਜ਼ਖਮੀ ਹੋਏ। 18 ਮਸੀਤਾਂ, 32 ਮੰਦਿਰ, 248 ਹਿੰਦੂ ਅਤੇ 101 ਮੁਸਲਿਮ ਘਰ ਤਬਾਹ ਹੋਏ।
ਬਹੁਤ ਥੋੜ੍ਹੇ ਸਮੇਂ ਲਈ ਚੱਲੇ ਆਜ਼ਾਦੀ ਸੰਘਰਸ਼ ਸਮੇਂ ਫਿਰਕਾਪ੍ਰਸਤੀ ਖਤਮ ਨਹੀਂ ਸੀ ਹੋਈ ਸਗੋਂ ਉਹ ਪੂਰੀ ਤਰ੍ਹਾਂ ਜਾਰੀ ਸੀ ਪਰ ਜਨਤਾ ਦਾ ਵੱਡਾ ਹਿੱਸਾ ਆਜ਼ਾਦੀ ਦੇ ਸੰਘਰਸ਼ ਦੀ ਸਾਂਝੀ ਲੜਾਈ ਵਿਚ ਰੁੱਝਿਆ ਹੋਣ ਕਾਰਨ ਸਰਕਾਰ ਨੂੰ ਦੰਗੇ ਭੜਕਾਉਣ ਵਾਲੇ ‘ਸਵੈ-ਸੇਵਕ’ ਨਹੀਂ ਸੀ ਮਿਲ ਰਹੇ, ਇਸ ਲਈ ਉਨ੍ਹਾਂ ਸਮਿਆਂ ਦੌਰਾਨ ਫਿਰਕੂ ਸਦਭਾਵਨਾ ਨਜ਼ਰ ਆਈ। ਜੇ ਰਾਸ਼ਟਰੀ ਨੇਤਾ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਧਾਰਮਿਕ ਪ੍ਰਤੀਕਾਂ (ਖਿਲਾਫਤ ਅਤੇ ਗਊ ਰੱਖਿਆ) ਆਦਿ ਵਿਚ ਏਕਤਾ ਦੀ ਥਾਂ ਉਨ੍ਹਾਂ ਨੂੰ ਸਾਂਝੇ ਆਰਥਕ, ਰਾਜਨੀਤਕ ਅਤੇ ਸਮਾਜਕ ਮੁੱਦਿਆਂ ‘ਤੇ ਇਕੱਠੇ ਕਰਕੇ ਸਾਮਰਾਜਵਾਦ ਦੇ ਵਿਰੁੱਧ ਸੰਘਰਸ਼ ਲਈ ਜਥੇਬੰਦ ਕਰਦੇ ਤਾਂ ਨਤੀਜੇ ਕੁਝ ਹੋਰ ਹੁੰਦੇ। (ਚੱਲਦਾ)