ਅਣਮੁੱਲਾ ਸੱਜਣ ਤੇ ਪੰਜਾਬੀ ਮਾਂ ਬੋਲੀ ਦਾ ਸੱਚਾ ਸਪੂਤ ਸੀ ਅਮੋਲਕ ਸਿੰਘ ਜੰਮੂ

ਐੱਸ.ਅਸ਼ੋਕ ਭੌਰਾ
ਦਇਆ ਸਿੰਘ ਆਰਿਫ਼ ਦੀਆਂ ਕਿੱਸਾ ‘ਜ਼ਿੰਦਗੀ ਬਿਲਾਸ’ ’ਚ ਸਤਰਾਂ ਨੇ
‘ਕੋਈ ਜੀਵਿਆ ਜਗ ਤੇ ਬਰਸ ਚਾਰੇ,
ਕੋਈ ਜੀਵਿਆ ਸੈਂਕੜੇ ਸਾਲ ਭਾਈ,

ਕੋਈ ਹੋ ਕੇ ਬਿਰਧ ਸਫੈਦ ਮਰਿਆ,
ਕੋਈ ਲੈ ਗਿਆ ਕਾਲੜੇ ਵਾਲ ਭਾਈ,
ਪਰ ਦਇਆ ਸਿਆਂ ਅਖੀਰ ਨੂੰ ਗੱਲ ਮੁੱਕੀ,
ਸਭ ਨੂੰ ਖਾ ਗਿਆ ਚੰਦਰਾ ਕਾਲ ਭਾਈ।
ਅਸੀਂ ਸਾਰੇ ਮੌਤ ਦੀਆਂ ਬੁਰਕੀਆਂ ਹਾਂ ਪਤਾ ਨਹੀਂ ਕੌਣ ਕਦੋਂ ਇਸ ਦੀ ਖੁਰਾਕ ਬਣ ਜਾਵੇ। ਸਮਾਜ ਇਹ ਨਹੀਂ ਦੇਖਦਾ ਕਿ ਕੌਣ ਕਿੰਨਾ ਚਿਰ ਜੀਅ ਕੇ ਗਿਆ ਹੈ ਪਰ ਇਹ ਹਿਸਾਬ-ਕਿਤਾਬ ਜ਼ਰੂਰ ਰੱਖਦਾ ਹੈ ਕਿ ਕੌਣ ਕੀ ਕਰ ਕੇ ਗਿਆ ਹੈ? ‘ਪੰਜਾਬੀ ਟ੍ਰਿਬਿਊਨ’ ਤੋਂ ਸ਼ੁਰੂ ਹੋ ਕੇ ਅਮਰੀਕਾ ’ਚ ਆ ਕੇ ‘ਪੰਜਾਬ ਟਾਈਮਜ਼’ ਜ਼ਰੀਏ ਸ. ਅਮੋਲਕ ਸਿੰਘ ਜੰਮੂ ਦੀਆਂ ਪਾਈਆਂ ਪੈੜਾਂ ਨੂੰ ਵਿਰੋਧੀ ਵੀ ਮੰਨਦੇ ਰਹੇ ਹਨ, ਉਹ ਕੋਰੇ-ਕਰਾਰੇ ਸੁਭਾਅ ਨਾਲ ਦਲੇਰਾਨਾ ਪੱਤਰਕਾਰੀ ਦੇ ਅੰਗ-ਸੰਗ ਹੋ ਕੇ ਵਿਚਰਿਆ ਹੈ। ਇੱਥੇ ਇਹ ਵੀ ਕਹਿਣ ਵਿਚ ਕੋਈ ਹਰਜ ਨਹੀਂ ਕਿ ਉਸਨੇ ਆਪਣੀ ਇਸ ਅਖਬਾਰ ਜ਼ਰੀਏ ਅਮਰੀਕਾ ’ਚ ਪੰਜਾਬੀ ਸਾਹਿਤ ਦੀ ਸੇਵਾ ਵੀ ਬੜੀ ਵੱਡੀ ਕੀਤੀ ਹੈ। ਉਹਨੇ ਉਨ੍ਹਾਂ ਲੋਕਾਂ ਨੂੰ ਵੀ ਅਖਬਾਰਾਂ ਪੜ੍ਹਨ ਲਾ ਦਿੱਤਾ ਸੀ, ਜਿਨ੍ਹਾਂ ਦਾ ਇਸ ਮੁਲਕ ’ਚ ਪੰਜਾਬੀ ਨਾਲੋਂ ਲਗਾਓ ਟੁੱਟਦਾ ਜਾ ਰਿਹਾ ਸੀ।
ਮੈਂ ਲਗਾਤਾਰ ‘ਪੰਜਾਬੀ ਟ੍ਰਿਬਿਊਨ’ ’ਚ ਕਾਲਮ ਤੇ ਲੇਖ ਲਿਖਦਾ ਆਇਆ ਹਾਂ ਤੇ ਇੱਥੇ ਹੀ ਅਮੋਲਕ ਸਿੰਘ ਜੰਮੂ ਨਾਲ ਸੰਖੇਪ ਮੁਲਾਕਾਤਾਂ ਹੁੰਦੀਆਂ ਰਹੀਆਂ। ਉਹ ਬਤੌਰ ਸਬ ਅਡੀਟਰ ‘ਪੰਜਾਬੀ ਟ੍ਰਿਬਿਊਨ’ ’ਚ ਨੌਕਰੀ ਕਰਦੇ ਸਨ ਤੇ ਇਹੀ ਸਾਂਝ ਸਾਡੀ ਪਰਿਵਾਰਕ ਸਾਂਝ ਦਾ ਆਧਾਰ ਵੀ ਬਣੀ ਜੋ ਕਿ ਅਮਰੀਕਾ ਤੱਕ ਨਿਭੀ।
ਅਮੋਲਕ ਸਿੰਘ ਜੰਮੂ ਨੇ ਅਮਰੀਕਾ ’ਚ ‘ਪੰਜਾਬ ਟਾਈਮਜ਼’ ਸ਼ੁਰੂ ਕੀਤਾ ਤੇ ਮੈਂ ਇਸ ਵਿਚ ਵੀ ਕਾਲਮ ’ਤੇ ਨਿਬੰਧ ਨਿਰੰਤਰ ਲਿਖੇ। ਪਰ ਇਹ ਚਿੱਤ-ਚੇਤੇ ਨਹੀਂ ਸੀ ਕਿ ਕਰੀਬ ਡੇਢ ਦਹਾਕਾ ਅਮਰੀਕਾ ਜਾ ਕੇ ਅਮੋਲਕ ਸਿੰਘ ਜੰਮੂ ਨਾਲ ਸਾਂਝ ਪਵੇਗੀ ਤੇ ਉਸਦੀ ਅਖਬਾਰ ਵਿਚ ਲਿਖ ਕੇ ਜਿੰਨੀ ਵਡਿਆਈ ਮੈਨੂੰ ਪੰਜਾਬ ’ਚ ਰਹਿੰਦਿਆਂ ‘ਅਜੀਤ’ ਅਖਬਾਰ ਨੇ ਲੈ ਕੇ ਦਿੱਤੀ, ਉਵੇਂ ਦਾ ਹੀ ਮਾਣ ਮੈਨੂੰ ‘ਪੰਜਾਬ ਟਾਈਮਜ਼’ ਜ਼ਰੀਏ ਅਮੋਲਕ ਸਿੰਘ ਜੰਮੂ ਨੇ ਅਮਰੀਕਾ ’ਚ ਲੈ ਕੇ ਦਿੱਤਾ। ਜਦੋਂ ਨਵਾਂ-ਨਵਾਂ ਅਮਰੀਕਾ ਆਇਆ ਤਾਂ ਅਮੋਲਕ ਸਿੰਘ ਜੰਮੂ ਦੀ ਇੱਛਾ ਸੀ ਕਿ ਮੈਂ ‘ਪੰਜਾਬ ਟਾਈਮਜ਼’ ਵਿਚ ਲਗਾਤਾਰ ਲਿਖਾਂ, ਕਿਉਂਕਿ ਉਹ ਮੇਰੀਆਂ ਪੰਜਾਬ ਵਿਚਲੀਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਤੋਂ ਵਾਕਫ ਸੀ। ਇਹ ਮੁਹੱਬਤ ਪਰਿਵਾਰ ਵਾਂਗ ਸਿਰਜੀ ਗਈ ਤੇ ਮੈਂ ‘ਪੰਜਾਬ ਟਾਈਮਜ਼’ ਦਾ ਇਕ ਜੀਅ ਬਣ ਗਿਆ। ਮੇਰੀਆਂ ਵੱਡ ਅਕਾਰੀ ਪੁਸਤਕਾਂ ‘ਗੱਲੀਂ ਬਾਤੀਂ’, ‘ਨੈਣ ਨਕਸ਼’ ਤੇ ‘ਵਕਤ ਬੋਲਦਾ ਹੈ’ ਅਸਲ ’ਚ ਪੰਜਾਬ ਟਾਈਮਜ਼ ਦੇ ਕਾਲਮਾਂ ਵਿਚੋਂ ਹੀ ਨਿਕਲੀਆਂ ਹਨ। ‘ਗੱਲ ਬਣੀ ਕਿ ਨਹੀਂ’ ਕਾਵਿ ਵਿਅੰਗ ਲਗਾਤਾਰ ਇਸੇ ਅਖਬਾਰ ਨੇ ਛਾਪਿਆ ਹੈ। ਇਸ ਗੱਲ ਤੋਂ ‘ਪੰਜਾਬ ਟਾਈਮਜ਼’ ਅਤੇ ਅਮੋਲਕ ਸਿੰਘ ਜੰਮੂ ਨੂੰ ਜਾਨਣ ਵਾਲੇ ਚੰਗੀ ਤਰ੍ਹਾਂ ਵਾਕਫ ਹਨ ਕਿ ਉਸਨੂੰ ਇਕ ਅਜਿਹੀ ਨਾਮੁਰਾਦ ਬਿਮਾਰੀ ਨੇ ਘੇਰਿਆ ਜੋ ਦੁਨੀਆਂ ’ਚ ਸ਼ਾਇਦ ਦੋ ਲੱਖ ਲੋਕਾਂ ਪਿੱਛੇ ਇਕ ਨੂੰ ਹੀ ਹੁੰਦੀ ਹੈ, ਸਰੀਰ ’ਚ ਮਾਸਪੇਸ਼ੀਆਂ ਦਾ ਲਗਾਤਾਰ ਟੁੱਟਦੇ ਜਾਣਾ ਤੇ ਹੌਲੀ ਹੌਲੀ ਸਰੀਰ ਦਾ ਨਕਾਰਾ ਹੋ ਜਾਣਾ। ਅਮੋਲਕ ਸਿੰਘ ਜੰਮੂ ਉਦੋਂ ਤੱਕ ਇਸ ਨਾਮੁਰਾਦ ਬਿਮਾਰੀ ਨਾਲ ਲੜਦਾ ਰਿਹਾ ਜਦੋਂ ਤੱਕ ਉਸਦੀ ਜ਼ੁਬਾਨ ਸਾਥ ਦਿੰਦੀ ਰਹੀ ਤੇ ਕੰਨ ਸੁਣਦੇ ਰਹੇ। ਉਹ ਆਖਦਾ, ਇਹ ਦਲੇਰੀ ਮੈਂ ਇਸੇ ਬਿਮਾਰੀ ਤੋਂ ਪੀੜਤ ਵਿਗਿਆਨੀ ਸਟੀਫਨ ਹਾਕਿੰਗ ਤੋਂ ਸਿੱਖੀ ਹੈ, ਜੋ ਆਖਰੀ ਦਮ ਤੱਕ ਹੌਂਸਲੇ ਨਾਲ ਉਦਾਹਰਣ ਬਣਿਆ ਰਿਹਾ। ਜਿਹੜੇ ਜੰਮੂ ਨੂੰ ਕਦੇ ਨਹੀਂ ਵੀ ਮਿਲੇ ਤੇ ਸਿਰਫ ਫੋਨ ਜ਼ਰੀਏ ਗੱਲਬਾਤ ਕਰਦੇ ਰਹੇ ਉਨ੍ਹਾਂ ਨੂੰ ਕਦੇ ਵੀ ਨਹੀਂ ਲੱਗਿਆ ਸੀ ਕਿ ਅਮੋਲਕ ਏਨੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਵੇਗਾ, ਹੱਸ ਕੇ ਗੱਲ ਕਰਨੀ, ਅਵਾਜ਼ ’ਚ ਬੜ੍ਹਕ ਰੱਖਣੀ, ਦੂਜਿਆਂ ਨੂੰ ਦਲੇਰ ਬਣਾਉਣਾ ਅਮੋਲਕ ਸਿੰਘ ਜੰਮੂ ਦੇ ਹੀ ਹਿੱਸੇ ਆਇਆ ਸੀ। ਅਮਰੀਕਾ ’ਚ ਸਿਹਤਮੰਦ ਪੱਤਰਕਾਰੀ ਅਤੇ ਪੱਤਰਕਾਰੀ ਦੀਆਂ ਮਾਣ ਮਰਿਆਦਾਵਾਂ ਨੂੰ ‘ਪੰਜਾਬ ਟਾਈਮਜ਼’ ਜ਼ਰੀਏ ਅਮੋਲਕ ਸਿੰਘ ਜੰਮੂ ਨੇ ਅਮਰੀਕਾ ’ਚ ਸੱਚੀਂ-ਮੁੱਚੀਂ ਹੀ ਜਿਊਂਦਾ ਰੱਖਿਆ। ਹਰ ਤਰ੍ਹਾਂ ਦਾ ਸਾਹਿਤ ਚਾਹੇ ਖੇਡਾਂ ਹੋਣ, ਕਹਾਣੀ ਹੋਵੇ, ਮੁਲਾਕਾਤਾਂ ਹੋਣ, ਲੇਖ ਹੋਣ ‘ਪੰਜਾਬ ਟਾਈਮਜ਼’ ’ਚ ਹੀ ਪੜ੍ਹਨ ਨੂੰ ਮਿਲਦੇ ਸਨ ਅਤੇ ਸਾਰੀ ਦੀ ਸਾਰੀ ਸਮੱਗਰੀ ਮੌਲਿਕ ਹੁੰਦੀ ਸੀ। ਸੀਮਤ ਸਰੋਤਾਂ ਦੇ ਬਾਵਜੂਦ ਵੀ ‘ਪੰਜਾਬ ਟਾਈਮਜ਼’ ਨੂੰ ਉਸਨੇ ਉਦਾਰਣ ਬਣਾ ਕੇ ਪੇਸ਼ ਕੀਤਾ।
ਤਕਰੀਬਨ ਇਕ ਦਹਾਕਾ ਲਗਾਤਾਰ ਮੈਂ ਇਸ ਅਖਬਾਰ ਵਿਚ ਕਾਲਮ ਲਿਖਦਾ ਰਿਹਾ ਹਾਂ ਤੇ ਜਦੋਂ ਕਦੇ ਉਸਨੂੰ ਲੱਗਣਾ ਕਿ ਮੈਂ ਨਾਗਾ ਪਾ ਦੇਵਾਂਗਾ ਤਾਂ ਝੱਟ ਦੇਣੀ ਉਸਦਾ ਫੋਨ ਆ ਜਾਣਾ, ‘ਅਸ਼ੋਕ ਤੈਨੂੰ ਪਤੈ ਤੇਰੇ ਪਾਠਕਾਂ ਦੀ ਗਿਣਤੀ ਕਿੱਡੀ ਵੱਡੀ ਹੈ, ਉਹ ਉਦਾਸ ਹੋ ਜਾਣਗੇ, ਉੱਠ ਤੇ ਲਿਖ’। ਦਰਜ਼ਨਾਂ ਬਾਰ ਮੈਂ ਉਹਦੇ ਸ਼ਿਕਾਗੋ ਵਿਚਲੇ ਘਰ ਗਿਆ, ਕਈ ਕਈ ਦਿਨ ਰਹਿਣਾ ਤੇ ਉੱਥੇ ਵੀ ਉਸਦਾ ਇਹੋ ਸਵਾਲ ਹੁੰਦਾ ਸੀ, ‘ਚੱਕ ਕਾਗਜ਼ ਤੇ ਪੈੱਨ, ਨਾਲ ਦੇ ਕਮਰੇ ’ਚ ਬੈਠ, ਬਾਕੀ ਗੱਲਾਂ ਬਾਅਦ ’ਚ ਪਹਿਲਾਂ ਕਾਲਮ ਲਿਖ’। ਬੜਾ ਕੁਝ ਅਮੋਲਕ ਸਿੰਘ ਜੰਮੂ ਤੋਂ ਸਿੱਖਿਆ ਹੈ। ਉਸਨੇ ਹੀ ਸਿਖਾਇਆ ਹੈ ਕਿ ਲਿਖਤਾਂ ਦੀ ਕੀਮਤ ਸਿਰਫ ਪੈਸੇ ਹੀ ਨਹੀਂ ਹੁੰਦੀ, ਹੋਰ ਵੀ ਬੜਾ ਕੁਝ ਹੁੰਦੀ ਹੈ। ਉਸਦੀ ਧਰਮ ਪਤਨੀ ਤੇ ਸਾਡੀਆਂ ਵੱਡੀਆਂ ਭੈਣਾਂ ਵਰਗੀ ਜਸਪ੍ਰੀਤ ਨੇ ਜਿੰਨੇ ਸਬਰ ਨਾਲ ਅਮੋਲਕ ਸਿੰਘ ਜੰਮੂ ਦੀ ਸੇਵਾ ਕੀਤੀ ਹੈ, ਉਹ ਹਰ ਉਸ ਇਨਸਾਨ ਨੂੰ ਪਤੈ, ਜੋ ਇਸ ਪਰਿਵਾਰ ਤੇ ਅਖਬਾਰ ਨਾਲ ਵਿਚਰਦਾ ਆਇਆ ਹੈ, ਉਸ ਨੂੰ ਸ਼ਬਦਾਂ ਵਿਚ ਬੰਨ੍ਹਣਾ ਅਸੰਭਵ ਹੈ। ਕਈ ਉਹਦੇ ਸਰੀਰ ਦੁਆਲੇ ਲੱਗੀਆਂ ਮਸ਼ੀਨਾਂ, ਨਾੜੀਆਂ ਤੋਂ ਵੀ ਵੱਧ ਲਟਕਦੀਆਂ ਨਲਪੀਆਂ ਵੇਖ ਕੇ ਆਮ ਬੰਦਾ ਘਬਰਾ ਜਾਂਦਾ ਸੀ ਪਰ ਅਮੋਲਕ ਸਿੰਘ ਜੰਮੂ ਦਾ ਹਾਸਾ ਅਜਿਹੀ ਸਥਿਤੀ ਨੂੰ ਖੁਸ਼ਗਵਾਰ ਬਣਾ ਦਿੰਦਾ ਸੀ। ਅਸਲ ’ਚ ਜਿਊਣਾ ਅਮੋਲਕ ਸਿੰਘ ਜੰਮੂ ਨੂੰ ਹੀ ਆਉਂਦਾ ਸੀ, ਇਕ ਸਾਲ ਹੋ ਗਿਆ ਉਸਨੂੰ ਤੁਰ ਗਏ ਨੂੰ, ਹਾਲੇ ਕੱਲ ਦੀ ਗੱਲ ਲੱਗਦੀ ਹੈ, ਮੈਂ ਹਉਕਾ ਇਸ ਕਰ ਕੇ ਭਰਦਾ ਹਾਂ ਕਿ ਇਕ ਸਿਰਕੱਢ ਅਖਬਾਰ ਦਾ ਸੰਪਾਦਕ ਚਲੇ ਗਿਆ, ਪੰਜਾਬੀਆਂ ਨੂੰ ਸਾਹਿਤ ਵੰਡਣ ਵਾਲਾ ਮਨਫੀ ਹੋ ਗਿਆ, ਹਾਸਿਆਂ ਦੀਆਂ ਫੁਹਾਰਾਂ ਲਾਉਣ ਵਾਲਾ ਅਮੋਲਕ ਸਿੰਘ ਨਹੀਂ ਰਿਹਾ, ਪਰ ਮੇਰੇ ਲਈ ਇਕ ਵੱਡਾ ਭਰਾ ਵੀ ਰੁਖ਼ਸਤ ਹੋ ਗਿਆ ਹੈ। ਕਹਿਣਾ ਪਵੇਗਾ ਕਿ ਜਸਪ੍ਰੀਤ ਕੌਰ ਇਸ ਅਖਬਾਰ ਨੂੰ ਚੱਲਦਾ ਰੱਖਣ ’ਚ ਆਪਣੇ ਸਿਰੜ ਤੇ ਸਿਦਕ ਦੀ ਪ੍ਰੀਖਿਆ ਹੀ ਨਹੀਂ ਦੇ ਰਹੀ, ਸਗੋਂ ਅਮੋਲਕ ਸਿੰਘ ਜੰਮੂ ਦੇ ਸੁਪਨਿਆਂ ਦੀ ‘ਪੰਜਾਬ ਟਾਈਮਜ਼’ ਅਖਬਾਰ ਚਲਾਉਣ ਦਾ ਯਤਨ ਵੀ ਕਰ ਰਹੀ ਹੈ। ਸ਼ਿਕਾਗੋ ’ਚ ਵਸਦਾ ਰਿਹਾ ਇਹ ਪਿਆਰਾ ਇਨਸਾਨ ਸਾਡੇ ਚੇਤਿਆਂ ’ਚ ਵੀ ਹਮੇਸ਼ਾ ਵਸਦਾ ਰਹੇਗਾ।