ਸਬਕ

-ਹਰਜੀਤ ਦਿਉਲ ਬਰੈਂਪਟਨ
ਮੁਰਖਾਂ ਦਾ ਇੱਕ ਟੋਲਾ ਪੈਦਲ ਸਫਰ ਕਰ ਰਿਹਾ ਸੀ। ਗਰਮੀ ਦੀ ਰੁੱਤ ਅਤੇ ਸਿਖਰ ਦੁਪਹਿਰ ਦਾ ਵੇਲਾ ਸੀ। ਇੱਕ ਜਗ੍ਹਾ ਖੂਹ ਅਤੇ ਨਾਲ ਹੀ ਛਾਂਦਾਰ ਰੁਖ ਦੇਖ ਉਹ ਉੱਥੇ ਵਿਸ਼ਰਾਮ ਕਰਨ ਬਹਿ ਗਏ।

ਉੱਥੇ ਮੌਜੂਦ ਰੱਸੀ ਬਾਲਟੀ ਦੀ ਮਦਦ ਨਾਲ ਠੰਢਾ ਪਾਣੀ ਕੱਢ ਕੇ ਪੀਤਾ ਅਤੇ ਸੁਸਤਾਉਣ ਲੱਗੇ। ਅਚਾਨਕ ਉਨ੍ਹਾਂ ਵਿੱਚੋਂ ਇੱਕ ਬੋਲਿਆ ‘ਓਇ ਖੂਹ ਤਾਂ ਧੁੱਪ ਵਿਚ ਹੈ ਕਿਉਂ ਨਾ ਇਸ ਨੂੰ ਛਾਵੇਂ ਕਰ ਦਈਏ।’ ਸਲਾਹ ਸਭ ਨੂੰ ਜਚ ਗਈ ਤੇ ਉਹ ਉੱਠ ਖੂਹ ਦੀ ਮੌਣ ਨੂੰ ਛਾਂ ਵੱਲ ਧੱਕਣ ਲੱਗੇ। ਘੰਟੇ ਕੁ ਦੀ ਮੁਸ਼ੱਕਤ ਤੋਂ ਬਾਅਦ ਜਦ ਉਨ੍ਹਾਂ ਦੇਖਿਆ ਕਿ ਖੂਹ ਕੁਝ ਕੁ ਛਾਂ ਦੇ ਨੇੜੇ ਅਪੜ ਗਿਆ ਹੈ ਤਾਂ ਉਨ੍ਹਾਂ ਇੱਕ ਜੋ਼ਰਦਾਰ ਜੈਕਾਰਾ ਛੱਡਿਆ ਅਤੇ ਬੜੇ ਜੋਸ਼ ਨਾਲ ਫਿਰ ਆਪਣੇ ਕੰਮ `ਚ ਜੁਟ ਗਏ। ਇੱਕ ਦੋ ਰਾਹਗੀਰ ਤਾਂ ਉਨ੍ਹਾਂ ਨੂੰ ਅਵੱਲੇ ਕੰਮ ਲੱਗਿਆ ਦੇਖ ਹਸਦੇ ਹੋਏ ਲੰਘ ਗਏ ਪਰ ਇੱਕ ਤੋਂ ਨਾ ਰਿਹਾ ਗਿਆ ਤੇ ਕਹਿ ਬੈਠਾ ‘ਓਇ ਮੂਰਖੋ ਇਹ ਕੀ ਪਏ ਕਰਦੇ ਹੋ?’ ਤਾਂ ਉਨ੍ਹਾਂ ਵਿਚੋਂ ਇਕ ਬੋਲਿਆ ‘ਦਿਖਦਾ ਨਹੀਂ ਅੰਨ੍ਹਾ ਹੈਂ ਖੂਹ ਨੂੰ ਛਾਵੇਂ ਪਏ ਕਰਦੇ ਹਾਂ’। ਰਾਹਗੀਰ ਬੋਲਿਆ ‘ਓਇ ਮੂਰਖੋ ਖੂਹ ਨੇ ਤਾਂ ਆਪ ਹੀ ਛਾਵੇਂ ਚਲੇ ਜਾਣਾ ਹੈ’। ਇਸ `ਤੇ ਉਹ ਇਹ ਕਹਿੰਦੇ ਹੋਏ ਰਾਹਗੀਰ `ਤੇ ਟੁੱਟ ਪਏ ਕਿ ਖੂਹ ਵੀ ਕਦੀ ਆਪਣੇ ਆਪ ਤੁਰਦੇ ਦੇਖੇ ਹਨ ਤੂੰ ਜ਼ਰੂਰ ਸਰਕਾਰੀ ਏਜੰਟ ਹੈਂ ਸਾਡੀ ਮੁਹਿੰਮ ਨੂੰ ਢਾਅ ਲਾਉਂਦਾ ਹੈਂ। ਕੁੱਟ ਖਾ ਰਾਹਗੀਰ ਪਾਸੇ ਹੋ ਬੈਠ ਤਮਾਸ਼ਾ ਦੇਖਣ ਲੱਗਾ। ਕਈ ਹੋਰ ਰਾਹਗੀਰ ਆਏ। ਇੱਕ ਦੋ ਕੁੱਟ ਖਾਦੀ ਪਰ ਬਹੁਤੇ ਤਾੜੀਆਂ ਮਾਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇ। ਕੋਈ ਤਿੰਨ ਘੰਟੇ ਬਾਅਦ ਇਸ ਮੁਹਿੰਮ ਦਾ ਅੰਤ ਹੋਇਆ ਜਦ ਖੂਹ ਛਾਵੇਂ ਪਹੁੰਚ ਚੁੱਕਾ ਸੀ। ਜੈਕਾਰੇ ਛੱਡੇ ਗਏ। ਤਾੜੀਆਂ ਵੱਜੀਆਂ। ਮੇਹਨਤਕਸ਼ਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਹ ਮੇਲਾ ਸਮਾਪਤ ਹੋਇਆ। ਸਾਰੇ ਆਪੋ ਆਪਣੇ ਰਾਹ ਤੁਰ ਗਏ ਪਰ ਦੋ ਜਣੇ ਰਹਿ ਗਏ। ਇੱਕ ਸੀ ਕੁੱਟ ਖਾਣ ਵਾਲਾ ਦੂਜਾ ਤਾੜੀਆਂ ਮਾਰ ‘ਬੱਲੇ ਬੱਲੇ’ ਕਰਨ ਵਾਲਾ। ਤਾੜੀਆਂ ਮਾਰਨ ਵਾਲੇ ਨੇ ਦੂਜੇ ਨੂੰ ਪੁੱਛਿਆ ‘ਕਿਉਂ ਬਈ ਕੁੱਟ ਖਾ ਕੁਝ ਸਬਕ ਮਿਲਿਆ?’ ਕੁੱਟ ਖਾਣ ਵਾਲਾ ਨਿਮੋਝੂਣਾ ਹੋ ਚੁੱਪ ਰਿਹਾ ਤਾਂ ਤਾੜੀਆਂ ਮਾਰਨ ਵਾਲੇ ਸਮਝਾਇਆ ‘ਭਲੇਮਾਨਸਾ ਇੱਕ ਮੂਰਖ ਨੂੰ ਸਮਝਾਇਆ ਜਾ ਸਕਦੈ ਉਨ੍ਹਾਂ ਦੀ ਭੀੜ ਨੂੰ ਨਹੀਂ।’ ਕੁੱਟ ਖਾਣ ਵਾਲੇ ਫਿਰ ਕਿਹਾ, ‘ਭਾਈ ਸਾਹਿਬ ਇਹ ਖੂਹ ਤਾਂ ਕੱਲ੍ਹ ਦੁਪਹਿਰ ਫੇਰ ਧੁੱਪੇ ਹੋਣੈ।’ ਤਾਂ ਦੂਜੇ ਕਿਹਾ ‘ਓਇ ਜੁਝਾਰੂਆਂ ਨੂੰ ਨਿਤ ਮੁਹਿੰਮਾਂ’ ਤੇ ਉਹ ਜ਼ੋਰ ਦੀ ਠਹਾਕਾ ਮਾਰ ਹੱਸ ਪਿਆ। ਕੁੱਟ ਖਾਣ ਵਾਲੇ ਨੂੰ ਬਹੁਤ ਹੀ ਅਹਿਮ ਸਬਕ ਮਿਲ ਚੁੱਕਾ ਸੀ। ਸਾਡੇ ਆਸੇ ਪਾਸੇ ਨਿੱਤ ਅਜਿਹੀਆਂ ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ ਬਸ ਵੇਖਣ ਵਾਲੀ ਅੱਖ ਚਾਹੀਦੀ ਹੈ।