‘ਪੰਜਾਬ ਟਾਈਮਜ਼’ ਦਾ ਹੱਕ

ਇੱਕ ਸਾਲ ਬੀਤ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪਾਠਕ, ਲੇਖਕ, ਆਲੋਚਕ, ਕਵੀ, ਕਹਾਣੀਕਾਰ ਅਤੇ ਹੋਰ ਖੇਤਰਾਂ ਵਿਚ ਵਿਚਰਦੇ ਲੋਕ ਸ. ਅਮੋਲਕ ਸਿੰਘ ਦੀ ਮਿੱਠੀ ਪਿਆਰੀ ਯਾਦ ਆਪਣੇ ਦਿਲਾਂ ਵਿਚ ਸਮੋਈ ਬੈਠੇ ਹਨ।

ਉਨ੍ਹਾਂ ਦੇ ਤੁਰ ਜਾਣ ਨਾਲ ‘ਪੰਜਾਬ ਟਾਈਮਜ਼’ ਨੂੰ ਵੱਡਾ ਘਾਟਾ ਤਾਂ ਪੈਣਾ ਹੀ ਸੀ ਪਰ ਬੀਬੀ ਜਸਪ੍ਰੀਤ ਕੌਰ ਅਤੇ ਇਸ ਅਦਾਰੇ ਦੇ ਅਮਲੇ ਨੇ ਇਹ ਘਾਟ ਰੜਕਣ ਨਹੀਂ ਦਿੱਤੀ। ਇਹ ਜਸਪ੍ਰੀਤ ਕੌਰ ਜੀ ਦੇ ਪਿਆਰ, ਸਮਰਪਣ ਅਤੇ ਅਗਵਾਈ ਸਦਕਾ ਹੀ ਸੰਭਵ ਹੋ ਸਕਿਆ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡਾ ‘ਪੰਜਾਬ ਟਾਈਮਜ਼` ਸ. ਅਮੋਲਕ ਸਿੰਘ ਜੀ ਦੇ ਵਿਛੋੜੇ ਕਾਰਨ ਪਏ ਖੱਪੇ ਨੂੰ ਪੂਰਾ ਕਰਦਾ ਰਹੇਗਾ। ਇਸ ਪੇਪਰ ਨੇ ਨਵੇਂ ਲੇਖਕਾਂ ਨੂੰ ਬਹੁਤ ਥਾਂ ਦਿੱਤੀ ਹੈ ਅਤੇ ਇਸ ਦੇ ਨਾਲ-ਨਾਲ ਪੁਰਾਣੇ ਲੇਖਕਾਂ ਦੀਆਂ ਉਚ ਪਾਏ ਦੀਆਂ ਲਿਖਤਾਂ ਵੀ ਪਾਠਕਾਂ ਨੂੰ ਪੜ੍ਹਨ ਲਈ ਦਿੱਤੀਆ ਹਨ। ਰਾਜਨੀਤੀ, ਸਮਾਜਕ ਤੇ ਧਾਰਮਿਕ ਸਰੋਕਾਰਾਂ, ਵਿਗਿਆਨ, ਖੇਡਾਂ ਬਾਰੇ ਆਲੋਚਨਤਮਿਕ ਅਤੇ ਖੋਜ ਭਰਪੂਰ ਸਾਹਿਤ ਦਿੱਤਾ ਹੈ। ਇਸੇ ਕਰਕੇ ਇਸ ਦੇ ਪਾਠਕਾਂ ਦਾ ਘੇਰਾ ਵਸੀਹ ਹੈ। ਪੰਜਾਬੀ ਜਾਣਨ ਵਾਲਾ ਹਰ ਸ਼ਖਸ ਇਸ ਘੇਰੇ ਵਿਚ ਆਉਂਦਾ ਹੈ। ਅੱਜ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਸ ਹਰਮਨ ਪਿਆਰੇ ਪਰਚੇ ਨਾਲ ਜੁੜੇ ਰਹੀਏ ਅਤੇ ਇਸ ਨੂੰ ਹੋਰ ਮੱਲਾਂ ਮਾਰਨ ਵਿਚ ਸਹਾਈ ਹੋਈਏ। ਪਿਛਲੇ 22 ਸਾਲਾਂ ਤੋਂ ਨਿਰਵਿਘਨ ਨਿਕਲ ਰਹੇ ਇਸ ਪੇਪਰ ਦਾ ਇਹ ਹੱਕ ਵੀ ਹੈ।
-ਕਰਮ ਸਿੰਘ ਮਾਨ, ਫਰਿਜ਼ਨੋ
ਫੋਨ: 559-261-5024