ਅਮੋਲਕ ਸਿੰਘ ਦੀ ਯਾਦ ਵਿਚ

-ਜਸਪਾਲ ਕੌਰ ਕਾਂਗ (ਪ੍ਰੋਫੈਸਰ)
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
23 ਅਪਰੈਲ 2022 ਦੇ ‘ਪੰਜਾਬ ਟਾਈਮਜ਼’ ਵਿਚੋਂ ਜਸਪ੍ਰੀਤ ਹੁਰਾਂ ਦਾ ਆਪਣੇ ਸੁਹਿਰਦ ਤੇ ਸੂਝਵਾਨ ਪਾਠਕਾਂ ਨੂੰ ਸੰਬੋਧਿਤ ਕੀਤਾ ਵੈਰਾਗਮਈ ਖਤ ਪੜ੍ਹ ਕੇ ਮਨ ਦ੍ਰਵਿਤ ਹੋ ਗਿਆ। ਜਸਪ੍ਰੀਤ ਨੇ ਅਮੋਲਕ ਸਿੰਘ ਦੇ ਸਦੀਵੀ ਵਿਛੋੜੇ ਤੋਂ ਇਕ ਵਰ੍ਹੇ ਅੰਦਰ ਭੋਗੇ ਦੁਖ ਭਰੇ ਅਹਿਸਾਸ ਨੂੰ ਬੜੀ ਸੰਵੇਦਨਾ ਤੇ ਸ਼ਿੱਦਤ ਨਾਲ ਜਿਵੇਂ ਸਾਂਝਿਆਂ ਕੀਤਾ ਹੈ, ਉਹ ਪੀੜਾ ਸਚਮੁੱਚ ਹੀ ਦਿਲ ਦਹਿਲਾ ਦੇਣ ਵਾਲੀ ਹੈ।

ਚੰਗੇ ਅਤੇ ਨੇਕ ਜੀਵਨ ਸਾਥੀ ਦੇ ਵਿਛੋੜੇ ਦਾ ਦਰਦ ਤੇ ਉਸ ਦੀ ਘਾਟ ਬੜੀ ਅਸਹਿ ਹੁੰਦੀ ਹੈ ਜਿਸ ਨੂੰ ਉਹੀ ਵਧੇਰੇ ਜਾਣ ਸਕਦਾ ਹੈ, ਜਿਸ ਨੇ ਇਸ ਬਿਰਹੋਂ ਅਗਨੀ ਦੇ ਸੇਕ ਨੂੰ ਸਹਿਆ ਹੋਵੇ। ਵਾਰਿਸ ਦੇ ਇਹ ਸ਼ਬਦ ‘ਭਲਾ ਮੋਏ ਤੇ ਵਿਛੜੇ ਕੌਣ ਮੇਲੇ’ ਬੜੀ ਕੌੜੀ ਸੱਚਾਈ ਨੂੰ ਪ੍ਰਗਟਾਉਂਦੇ ਹਨ। ਪਿਆਰੇ ਨੂੰ ਮੁੜ ਤੱਕਣ ਅਤੇ ਮਿਲਣ ਦੀ ਆਸ ਹੀ ਮੁੱਕ ਜਾਂਦੀ ਏ।
ਜਸਪ੍ਰੀਤ ਅਤੇ ਅਮੋਲਕ, ਦੋਵੇਂ ਮੇਰੇ ਜਮਾਤੀ ਰਹੇ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਮ.ਏ. ਪੰਜਾਬੀ ਦੇ ਸਾਡੇ ਵਾਲੇ ਬੈਚ ਵਿਚ ਇਨ੍ਹਾਂ ਨਾਲ ਹੋਰ ਵੀ ਕੁਝ ਜਮਾਤੀ- ਹਰਭਜਨ ਹਲਵਾਰਵੀ, ਗੁਰਪ੍ਰੀਤ, ਹਰਿੰਦਰ, ਬਲਵਿੰਦਰ, ਅੰਮ੍ਰਿਤਪਾਲ, ਸੁਖਦੇਵ, ਸੋਢੀ, ਬਲਜੀਤ, ਗੁਰਤੇਜ, ਗੁਰਦੀਪ, ਗੁਰਮੇਲ, ਜਸਵਿੰਦਰ, ਗੁਰਨਾਮ, ਹਰਚਰਨ ਵੀ ਸਨ ਜਿਨ੍ਹਾਂ ਨਾਲ ਬੈਠ ਕੇ ਗੁਲਾਟੀ ਦੀ ਕੰਟੀਨ ‘ਤੇ ਚਾਹ ਪੀਣੀ ਤੇ ਗੱਲਾਂ ਕਰਨੀਆਂ ਸਭ ਚੇਤੇ ਆ ਰਹੇ ਨੇ। ਅਮੋਲਕ ਅਤੇ ਜਸਪ੍ਰੀਤ ਨਾਲ ਬਿਤਾਏ ਦੋ ਵਰ੍ਹਿਆਂ ਦੀ ਇਸ ਸਾਂਝ ਵਿਚੋਂ ਚੰਗੀ ਤਰ੍ਹਾਂ ਯਾਦ ਹੈ ਕਿ ਅਮੋਲਕ ਨਾਲ ਮੇਰਾ ਪੜ੍ਹਾਈ ਵਿਚੋਂ ਅੱਵਲ ਰਹਿਣ ਦਾ ਮੁਕਾਬਲਾ ਵੀ ਚੱਲਦਾ ਰਹਿੰਦਾ ਸੀ ਤੇ ਜਸਪ੍ਰੀਤ ਦੀ ਛਵੀ ਮੇਰੇ ਮਨ ਵਿਚ ਉਸ ਵੇਲੇ ਤੋਂ ਹੀ ਬੜੀ ਚੁੱਪ-ਚਾਪ, ਸੰਗਾਊ, ਸਾਦ-ਮੁਰਾਦੀ, ਲੰਮੇ ਵਾਲਾਂ ਦੀਆਂ ਦੋ ਗੁੱਤਾਂ ਕਰਕੇ ਆਉਣ ਵਾਲੀ ਤੇ ਅੰਤਰਮੁਖੀ ਝੁਕਾ ਰੱਖਣ ਵਾਲੀ ਕੁੜੀ ਦੀ ਬਣੀ ਸੀ ਜਿਸ ਦਾ ਪੜ੍ਹਨ-ਲਿਖਣ ਵਿਚ ਵੀ ਪੂਰਾ ਧਿਆਨ ਸੀ। ਇਹ ਦੋਵੇਂ ਜਣੇ ਕਲਾਸ ਵਿਚ ਪਿਛਲੇ ਬੈਂਚਾਂ ਦੀਆਂ ਉਚੀਆਂ ਸੀਟਾਂ ‘ਤੇ ਅਕਸਰ ਬੈਠਦੇ ਪਰ ਇਹ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਚੁੱਪ-ਚਪੀਤੀ ਜਸਪ੍ਰੀਤ ਅਮੋਲਕ ਦਾ ਦਿਲ ਖਿੱਚ ਕੇ ਕਦੋਂ ਲੈ ਗਈ। ਬੜੀ ਖੁਸ਼ੀ ਹੁੰਦੀ ਸੀ ਇਸ ਸੁਹਿਰਦ ਜੋੜੀ ਨੂੰ ਦੇਖ ਕੇ, ਇਹ ਆਪਣੀ ਜੋੜੀ ਪ੍ਰੀਤ ਵਿਚ ਪੱਕੀ ਲਗਦੀ ਏ…
ਖੁਸ਼ੀ ਇਸ ਕਰਕੇ ਵੀ ਵੱਧ ਹੁੰਦੀ ਸੀ ਕਿ ਮੇਰੇ ਵਾਂਗੂ ਹੀ ਕੋਈ ਹੋਰ ਵੀ ਮੁਹੱਬਤ ਦੇ ਦੌਰ ‘ਚੋਂ ਲੰਘ ਰਿਹੈ…
ਐਮ.ਏ. ਤੋਂ ਬਾਅਦ ਅਮੋਲਕ ਸਿੰਘ ‘ਪੰਜਾਬੀ ਟ੍ਰਿਬਿਊਨ’ ਵਿਚ ਮੁਲਾਜ਼ਮ ਹੋ ਗਏ ਤੇ ਮੈਂ ਐਮ.ਫਿਲ., ਪੀਐਚ.ਡੀ. ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ (ਦੂਰਵਰਤੀ ਸਿਖਿਆ) ਵਿਚ ਨਿਯੁਕਤ ਹੋ ਗਈ। ਮੈਂ ਆਪਣੇ ਪਤੀ ਰੂਪੀ ਮੁਰਸ਼ਦ ਨੂੰ ਅਮਰਜੀਤ ਸਿੰਘ ਕਾਂਗ ਦੇ ਰੂਪ ਵਿਚ ਪਾਇਆ ਤੇ ਜਸਪ੍ਰੀਤ ਨੇ ਅਮੋਲਕ ਦੇ ਰੂਪ ਵਿਚ। ਦੋਨਾਂ ਨੂੰ ਬਹੁਤ ਚੰਗੀ ਜ਼ਿੰਦਗੀ ਮਿਲੀ ਪਰਿਵਾਰਕ ਰੂਪ ਵਿਚ ਵੀ ਤੇ ਪ੍ਰੋਫੈਸ਼ਨਲ ਰੂਪ ਵਿਚ ਵੀ। ਕਾਂਗ ਸਾਹਿਬ ਨੇ ਹਰਿਆਣੇ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਹੀ ਨਹੀਂ ਸਗੋਂ ਪੂਰੇ ਹਰਿਆਣੇ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਦੀਆਂ ਮੱਲਾਂ ਮਾਰੀਆਂ ਪਰ ਉਹ ਅਚਾਨਕ ਦਿਲ ਦਾ ਦੌਰਾ ਪੈਣ ‘ਤੇ ਰੂਹਾਨੀ ਯਾਤਰਾ ਵਲ ਤੁਰ ਗਏ। ਇਸ ਜੀਵਨ-ਪਲਟਾਊ ਹਾਦਸੇ ਨੇ ਮੇਰੀ ਦੁਨੀਆ ਹਿਲਾ ਦਿੱਤੀ। ਜਿਸ ਵਡਭਾਗੀ ਰੂਹ ਨੇ ਸਦਾ ਮਾਣ ਨਾਲ ਜੀਣਾ ਸਿਖਾਇਆ, ਉਹੀ ਜੀਵਨ ਦੇ ਅਧਵਾਟੇ ਤੁਰ ਗਿਆ। ਉਦਾਸੀ ਦੇ ਗਹਿਰੇ ਪਰਛਾਵਿਆਂ ਨੇ ਘੇਰ ਲਿਆ ਪਰ ਤੁਰ ਗਏ ਜੀਵਨ ਸਾਥੀ ਦੀਆਂ ਸੁਹਿਰਦ ਯਾਦਾਂ ਨੇ ਮੁੜ ਕੇ ਮੈਨੂੰ ਸੰਭਾਲਿਆ ਤੇ ਅੱਗੇ ਤੁਰ ਕੇ ਜ਼ਿੰਮੇਵਾਰੀਆਂ ਸੰਭਾਲਣ ਦੀ ਤਾਕਤ ਵੀ ਦਿਤੀ। ਇਕ-ਇਕ ਕਰਕੇ ਦਿਨ ਮਹੀਨੇ ਸਾਲ ਯਾਦ ਤੇ ਸੰਘਰਸ਼ ਕਰਦਿਆਂ ਨਿਕਲ ਗਏ। ਕੁਕੂਨਸ ਵਾਂਗ ਆਪ ਸਵਾਹ ਹੋ ਕੇ ਆਪਣੀ ਰਾਖ ਵਿਚੋਂ ਹੀ ਮੁੜ ਜਨਮ ਲੈਣ ਵਰਗੇ ਸਫਰ ਵਾਂਗ ਹੀ ਸੀ। ਗੁਰਬਾਣੀ ਦੇ ਅਨਮੋਲ ਸ਼ਬਦਾਂ ਨੇ ਇਸ ਸਮੇਂ ਮੇਰੇ ਨਿਸਚੈ ਨੂੰ ਬੜਾ ਬਲਵਾਨ ਕੀਤਾ।
ਸੋ, ਜਸਪ੍ਰੀਤ ਦੇ ਖਤ ਵਿਚ ਸਾਂਝੇ ਕੀਤੇ ਅਹਿਸਾਸ ਮੈਨੂੰ ਆਪਣੇ ਅਹਿਸਾਸ ਨਾਲ ਮਿਲਦੇ ਜਾਪੇ। ਅਮੋਲਕ ਸਿੰਘ ਸ਼ਿਕਾਗੋ ਆ ਕੇ ਆਖਰੀ ਸਾਹ ਤਕ ‘ਪੰਜਾਬ ਟਾਈਮਜ਼’ ਲਈ ਆਪਣੀ ਵਚਨਬੱਧਤਾ ਨਿਭਾਉਂਦੇ ਰਹੇ ਤੇ ਕਾਂਗ ਸਾਹਿਬ ਆਖਰੀ ਦਮ ਤਕ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਆਪਣੀ ਝੰਡਾਬਰਦਾਰੀ ਨਿਭਾਉਂਦੇ ਰਹੇ।
ਜਸਪ੍ਰੀਤ ਦੇ ਖਤ ਦੇ ਆਖਰੀ ਸ਼ਬਦਾਂ ਵਿਚੋਂ ਮੈਂ ਜਸਪ੍ਰੀਤ ਨੂੰ ਆਪਣੇ ਗਮ ਵਿਚੋਂ ਉਭਰਦੇ ਦੇਖਿਆ ਹੈ, ਉਸ ਦੇ ਸ਼ਬਦ “ਮੈਂ ‘ਪੰਜਾਬ ਟਾਈਮਜ਼’ ਦੇ ਮਿਆਰ ਤੇ ਲਗਾਤਾਰਤਾ ਨੂੰ ਬਣਾਈ ਰਖਣ ਲਈ ਵਚਨਬੱਧ ਹਾਂ”, ਇਹ ਦ੍ਰਿੜ੍ਹਤਾ ਹੀ ਉਸ ਦੀ ਨਵੀਂ ਤਾਕਤ ਹੈ, ਕੁਕੂਨਸ ਵਾਂਗ ਆਪਣੀ ਅੱਗ ਵਿਚ ਫਨਾਹ ਹੋ ਕੇ ਮੁੜ ਰਾਖ ਵਿਚੋਂ ਨਵਾਂ ਜੀਵਨ ਪ੍ਰਾਪਤ ਕਰਨ ਦੀ। ਜਸਪ੍ਰੀਤ ਦੀ ਹਿੰਮਤ ਨੂੰ ਸਲਾਮ ਤੇ ਅਮੋਲਕ ਸਿੰਘ ਨੂੰ ਪਿਆਰ ਭਿੱਜੀ ਸ਼ਰਧਾਂਜਲੀ।
ਅਮੋਲਕ ਸਿੰਘ ਦੀ ਰੂਹ ਜਸਪ੍ਰੀਤ ਦੀ ਇਸ ਹਿੰਮਤ ਨਾਲ ਸ਼ਾਂਤ ਤੇ ਪ੍ਰਸੰਨ ਹੋਵੇਗੀ- ਇਹ ਮੇਰਾ ਵਿਸ਼ਵਾਸ ਹੈ।