ਸਬਰ ਸੰਤੋਖ ਨੂੰ ਸਲਾਮ

ਪੋ੍ਰ. ਬਲਕਾਰ ਸਿੰਘ
ਸਾਬਕਾ ਹੈੱਡ, ਗੁਰੂ ਗ੍ਰੰਥ ਸਾਹਿਬ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮੋਲਕ ਸਿੰਘ ਦੇ ਵਰ੍ਹੀਣੇ ‘ਤੇ ਚਾਹ ਕੇ ਵੀ ਕੁਝ ਲਿਖ ਨਹੀਂ ਸਕਿਆ। ਅਮੋਲਕ ਬਾਰੇ ਕੁਝ ਵੀ ਨਾ ਕਹਿਣ ਦਾ ਕੋਈ ਖਾਸ ਕਾਰਨ ਨਹੀਂ ਹੈ, ਕਿਉਂਕਿ ਮੈਂ ਅਮੋਲਕ ਨੂੰ ਸਦਾ ਉਸ ਦੀ ਹੱਥ-ਵਟਾਵੀ ਜਸਪ੍ਰੀਤ ਰਾਹੀਂ ਦੇਖਣ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।

ਕਾਫੀ ਕੁਝ ‘ਪੰਜਾਬ ਟਾਈਮਜ਼’ ਵਿਚ ਅਮੋਲਕ ਬਾਰੇ ਕਿਹਾ ਜਾ ਰਿਹਾ ਹੈ ਅਤੇ ਇਹ ਸਭ ਕੁਝ ਮੈਂ ਧਿਆਨ ਨਾਲ ਪੜ੍ਹ ਵੀ ਰਿਹਾ ਹਾਂ। ਇਸ ਦੌਰਾਨ ਅਮੋਲਕ ਦੇ ਯਾਦ-ਸਮਾਗਮ ਵਾਲੀ 30 ਅਪਰੈਲ ਆ ਗਈ ਹੈ, ਸਮਾਂ ਲੰਘਦੇ ਦਾ ਪਤਾ ਹੀ ਨਹੀਂ ਲੱਗਾ। ਸਮੇਂ ਦਾ ਇਹ ਸੱਚ ਵੀ ਹੈ ਅਤੇ ਦੁਖਾਂਤ ਵੀ। ਇਸ ਘਮਸਾਨ ਭਰੇ ਸਮੇਂ ਵਿਚ ਮੈਂ ਜਸਪ੍ਰੀਤ ਨੂੰ ਦੁਬਕੇ ਜਿਹੇ ਉਦਾਸ ਇਨਸਾਨ ਵਾਂਗ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਉਂਝ ਵੀ ਮੈਂ ਅਮੋਲਕ ਤੇ ਜਸਪ੍ਰੀਤ, ਦੋਹਾਂ ਨੂੰ ਬੱਚਿਆਂ ਵਾਂਗ ਦੇਖਦਾ ਰਿਹਾ ਹਾਂ, ਤੇ ਬੱਚਿਆਂ ਵਿਚਕਾਰ ਮੋਹ ਅਤੇ ਸ਼ਰੀਕਾ ਇਕੱਠਿਆਂ ਵਹਿੰਦਾ ਦੇਖਣ ਦਾ ਮੇਰਾ ਅਨੁਭਵ ਬਹੁ-ਰੰਗੀ ਫੁਲਵਾੜੀ ਵਰਗਾ ਹੈ। ਵਿਆਹੁਤਾ ਜੀਵਨ ਦਾ ਵਹਾਅ ਮੈਨੂੰ ਕੁਝ ਚੜ੍ਹਦੀ ਕਲਾ ਅਤੇ ਢਹਿੰਦੀ ਕਲਾ ਦੇ ਸੰਘਰਸ਼ ਵਰਗਾ ਲਗਦਾ ਰਿਹਾ ਹੈ। ਦੋਹਾਂ ਵਿਚੋਂ ਕੋਈ ਵੀ ਕਿਸੇ ਰੰਗ ਦਾ ਪ੍ਰਤੀਨਿਧ ਹੋ ਸਕਦਾ ਹੈ। ਬਹੁਤੀ ਵਾਰ ਤਾਂ ਦੋਵੇਂ ਕਲਾਵਾਂ ਦੋਹਾਂ ਅੰਦਰ ਗੁੱਥਮ-ਗੁੱਥਾ ਹੁੰਦੀਆਂ ਰਹਿੰਂਦੀਆਂ ਹਨ। ਇਸ ਅਨੁਭਵਨੁਮਾ ਟਿਪਣੀ ਰਾਹੀਂ ਮੈਂ ਵਿਆਹੁਤਾ ਸੱਚ ਦੇ ਉਤਰਾਵਾਂ ਚੜ੍ਹਾਵਾਂ ਨੂੰ ਇਸ ਗੁਰਵਾਕ ਰਾਹੀਂ ਸਾਂਝਾ ਕਰਨਾ ਚਾਹੁੰਦਾ ਹਾਂ:
ਕਬਹੂ ਜੀਅੜਾ ਊਭਿ ਚੜਤ ਹੈ ਕਬਹੂ ਜਾਇ ਪਇਆਲੇ॥
ਲੋਭੀ ਜੀਅੜਾ ਥਿਰੁ ਨ ਰਹਤੁ ਚਾਰੇ ਕੁੰਡਾ ਭਾਲੈ॥ (876)
ਮਨ ਦੀ ਇਸ ਖੇਡ ਨੂੰ ਮਾਨਸਿਕਤਾ ਨੇ ਭੋਗਣਾ ਹੀ ਹੁੰਦਾ ਹੈ। ਉਲਾਰਾਂ ਨਾਲ ਨਿਭਣ ਦੇ ਜਿਸ ਤਰ੍ਹਾਂ ਦੇ ਅਵਸਰ ਵਿਆਹੁਤਾ ਜੀਵਨ ਵਿਚ ਮਿਲਦੇ ਰਹਿੰਦੇ ਹਨ, ਉਸ ਨੂੰ ਮੇਰੇ ਵਾਲੀ ਉਮਰ ਵਿਚ ਸਮਝਣ ਅਤੇ ਕਹਿਣ ਦੀ ਕੋਸ਼ਿਸ਼ ਕਰਾਂਗੇ ਤਾਂ ਗੁਰਮਤਿ ਵਿਚਲੀ ਗ੍ਰਹਿਸਤ ਧਰਮ ਦੀ ਚੂਲ ਸਮਝ ਆ ਜਾਏਗੀ। ਮੈਨੂੰ ਗੁਰਮਤਿ ਹਰ ਸਿੱਖ ਦੇ ਲਹੂ ਵਿਚ ਵਹਿੰਦੀ ਨਜ਼ਰ ਆਉਂਦੀ ਹੈ। ਅਸਲ ਵਿਚ ਜਿਸ ਤਰ੍ਹਾਂ ਅਮੋਲਕ ਦੀ ਬਿਮਾਰੀ ਨੇ ਹਾਲਾਤ ਪੈਦਾ ਕਰ ਦਿਤੇ ਸਨ, ਉਸ ਨਾਲ ਰਿਸ਼ਤਿਆਂ ਦੀ ਲੋੜ ਨਾਲੋਂ ਵੱਧ ਰਿਸ਼ਤਿਆਂ ਦੀ ਨੈਤਿਕਤਾ ਨਾਲ ਨਿਭਣ ਦੀਆਂ ਵੰਗਾਰਾਂ ਪੈਦਾ ਹੋ ਗਈਆਂ ਸਨ। ਵੰਗਾਰਾਂ ਦੇ ਇਸ ਘਮਸਾਨ ਵਿਚ ਜਿਸ ਤਰ੍ਹਾਂ ਜਸਪ੍ਰੀਤ ਨਿਭਦੀ ਰਹੀ, ਉਹ ‘ਖੂੂਬ ਲੜੀ ਮਰਦਾਨੀ’ ਨਾਲੋਂ ਘਟ ਨਹੀਂ ਸੀ। ਇਹੀ ਮੇਰੀ ਸੁਰਤੀ ਵਿਚ ਟਿਕਿਆ ਹੋਇਆ ਹੈ ਅਤੇ ਇਸ ਨੂੰ ਦੱਸਣ ਲਈ ਮੇਰੇ ਕੋਲ ਬਹੁਤ ਕੁਝ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ‘ਪੰਜਾਬ ਟਾਈਮਜ਼’ ਪਰਿਵਾਰ ਵਿਚ ਉਸ (ਜਸਪ੍ਰੀਤ) ਦੀ ਭੂਮਿਕਾ ਦੇ ਮੇਰੇ ਵਰਗੇ ਪਹਿਰੇਦਾਰ ਹਨ। ਅਮੋਲਕ ਇਸ ਪਰਿਵਾਰ ਦੀ ਜੜ੍ਹ ਵੀ ਸੀ ਅਤੇ ਪਰਕਾਸ਼ ਵੀ। ਇਸ ਨੂੰ ਸਿੰਜਣ-ਸੰਭਾਲਣ ਵਿਚ ਜਸਪ੍ਰੀਤ ਦੀ ਮਾਲੀਗੀਰੀ ਦੀ ਅਹਿਮੀਅਤ ਮੇਰੇ ਲਈ ਨੁਮਾਇਆ ਹੈ। ਮੇਰੇ ਇਨ੍ਹਾਂ ਲਫਜ਼ਾਂ ਨਾਲ ਉਸ ਨੂੰ ਕੋਈ ਧਰਵਾਸ ਨਾ ਵੀ ਮਿਲੇ, ਤਾਂ ਵੀ ਵਿਆਹੁਤਾ ਸੰਸਥਾ ਦੀ ਸਾਈਕਲ ਦਾ ਦੋ ਪਹੀਆਂ ਨਾਲ ਚਲਦੀ ਹੋਣਾ ਤਾਂ ਸਾਹਮਣੇ ਆ ਹੀ ਜਾਵੇਗਾ। ਉਸ ਦੇ ਸਬਰ ਸੰਤੋਖ ਨੂੰ ਸਲਾਮ ਕਰਦਾ ਹਾਂ ਅਤੇ ਅਮੋਲਕ ਦੇ ਵਰ੍ਹੀਣੇ ਦੀ ਪ੍ਰਾਪਤੀ ਮੰਨਦਾ ਹਾਂ। ਅਮੋਲਕ ਦੀ ਜਿਸ ਮਲੰਗੀ ਅਤੇ ਮਰਦਾਨਗੀ ਨਾਲ ਸਬੰਧਤ ਲਿਖਤਾਂ ਸਾਹਮਣੇ ਆ ਰਹੀਆਂ ਹਨ, ਉਸ ਵਿਚੋਂ ਜਸਪ੍ਰੀਤ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਦਾਅਵੇਦਾਰੀਆਂ ਉਸ ਦਾ ਸੁਭਾਅ ਨਹੀਂ ਹੈ, ਫਿਰ ਵੀ ਮੈਂ ਅੱਜ ਜਸਪ੍ਰੀਤ ਰਾਹੀਂ ਅਮੋਲਕ ਨੂੰ ਯਾਦ ਕਰ ਰਿਹਾ ਹਾਂ। ਗੁਰੂ ਜੀ ਅੰਗ-ਸੰਗ ਸਹਾਈ ਹੋਵਣ।