ਓਲੰਪੀਅਨ ਪੱਤਰਕਾਰ ਜਤਿੰਦਰ ਸਾਬੀ

ਪ੍ਰਿੰ. ਸਰਵਣ ਸਿੰਘ
ਡਾ. ਜਤਿੰਦਰ ਸਾਬੀ ਇਕਹਿਰੇ ਜੁੱਸੇ ਦਾ ਦਬੰਗ ਪੱਤਰਕਾਰ ਹੈ। ਖੇਡ ਖੇਤਰ ਦੇ ਗੁੱਝੇ ਭੇਤ ਨਸ਼ਰ ਕਰਨ ਤੇ ਸੱਚ `ਤੇ ਪਹਿਰਾ ਦੇਣ ਵਾਲਾ। ਉਹ ਖੇਡ ਮਨੋਵਿਗਿਆਨ ਦਾ ਪੀਐੱਚਡੀ ਹੈ। ਉਸ ਨੇ ਖੇਡ ਮਨੋਵਿਗਿਆਨ ਦੇ ਚਾਰ ਪੱਖ, ਸੈਲਫ਼ ਐਕਸੈਪਟੈਂਸ, ਇਮੋਸ਼ਨਲ ਮੈਚਿਓਰਿਟੀ, ਮੈਂਟਲ ਸਕਿੱਲ ਤੇ ਐਨਜ਼ਾਇਟੀ ਨੂੰ ਮੁੱਖ ਰੱਖ ਕੇ 150 ਵੇਟਲਿਫਟਰਾਂ ਦੇ ਤਿੰਨ ਵਰਗਾਂ `ਤੇ ਖੋਜ ਕੀਤੀ।

ਪੰਜਾਬੀ ਦਾ ਉਹ ਓਲੰਪੀਅਨ ਪੱਤਰਕਾਰ ਹੈ ਜਿਸ ਨੇ ਸੈਫ ਖੇਡਾਂ, ਐਫਰੋ ਏਸ਼ੀਅਨ, ਏਸਿ਼ਆਈ, ਕਾਮਨਵੈਲਥ, ਓਲੰਪਿਕ ਤੇ ਹੋਰ ਬਹੁਤ ਸਾਰੀਆਂ ਖੇਡਾਂ ਕਵਰ ਕੀਤੀਆਂ ਅਤੇ ਖੇਡਾਂ ਖਿਡਾਰੀਆਂ ਬਾਰੇ ਇਕ ਹਜ਼ਾਰ ਦੇ ਕਰੀਬ ਲੇਖ ਲਿਖੇ। ਉਸ ਦੀ ਜੀਵਨ ਸਾਥਣ ਡਾ. ਬਲਜੀਤ ਕੌਰ ਐਨਆਈਐੱਸ ਪਟਿਆਲਾ ਵਿਖੇ ਚੀਫ਼ ਹਾਕੀ ਕੋਚ ਹੋਣ ਦੇ ਨਾਲ ਨਾਲ ਖੇਡਾਂ ਦੀ ਪੀਐੱਚਡੀ ਹੈ। ਉਸ ਨੇ 300 ਹਾਕੀ ਖਿਡਾਰਨਾਂ ਦਾ ਮਨੋਵਿਗਿਆਨਕ ਨਿਰੀਖਣ ਕੀਤਾ। ਪਤੀ-ਪਤਨੀ ਦੋਹਾਂ ਨੂੰ ਸੀਟੀ ਯੂਨੀਵਰਸਿਟੀ ਲੁਧਿਆਣਾ ਤੋਂ ਹੁਣੇ ਪੀਐੱਚਡੀ ਦੀਆਂ ਡਿਗਰੀਆਂ ਮਿਲਣ ਨਾਲ ਉਨ੍ਹਾਂ ਨੇ ਪਹਿਲੀ ਡਾਕਟਰ ਜੋੜੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ।
ਜਤਿੰਦਰ ਸਾਬੀ ਨੇ ਪਹਿਲਾਂ ਐਮਏ ਰਾਜਨੀਤੀ ਸ਼ਾਸ਼ਤਰ, ਫਿਰ ਬੀ ਪੀ ਐੱਡ, ਐਮ ਪੀ ਐੱਡ, ਪੋਸਟ ਗਰੈਜੂਏਟ ਡਿਪਲੋਮਾ ਇਨ ਜਰਨਲਿਜ਼ਮ, ਦੋ ਸਾਲਾ ਡਿਪਲੋਮਾ ਸਿੱਖ ਮਿਸ਼ਨਰੀ, ਐਨਆਈਐਸ ਕੋਚਿੰਗ ਡਿਪਲੋਮਾ ਆਫ਼ ਵੇਟ ਲਿਫਟਿੰਗ, ਸਰਟੀਫਿਕੇਟ ਕੋਰਸ ਸਪੋਰਟਸ ਵੇਟ ਲਿਫਟਿੰਗ ਤੇ ਯੋਗਾ ਅਤੇ ਐੱਮਫਿਲ ਫਿਜ਼ੀਕਲ ਐਜੂਕੇਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ ਸਨ। ਉਹ ਖ਼ੁਦ ਖਿਡਾਰੀ, ਖੇਡ ਟ੍ਰੇਨਰ ਤੇ ਸਰੀਰਕ ਸਿੱਖਿਆ ਦਾ ਅਧਿਆਪਕ ਰਿਹਾ। ਉਸ ਨੇ ਖੇਡ ਪੱਤਰਕਾਰ ਵਜੋਂ 2003 ਵਿਚ ਪਹਿਲੀਆਂ ਐਫਰੋ ਏਸ਼ੀਅਨ ਗੇਮਜ਼ ਹੈਦਰਾਬਾਦ, 2004 ਵਿਚ ਸਾਊਥ ਏਸ਼ੀਅਨ ਗੇਮਜ਼ ਇਸਲਾਮਾਬਾਦ, 2006 ਵਿਚ ਦੋਹਾ ਏਸ਼ੀਅਨ ਗੇਮਜ਼ ਕਤਰ, 2008 ਵਿਚ ਬੀਜਿੰਗ ਓਲੰਪਿਕ ਖੇਡਾਂ ਚੀਨ, 2012 ਵਿਚ ਲੰਡਨ ਓਲੰਪਿਕ ਖੇਡਾਂ ਇੰਗਲੈਂਡ, 2014 ਵਿਚ ਕਾਮਨਵੈਲਥ ਖੇਡਾਂ ਨਵੀਂ ਦਿੱਲੀ, 2014 ਵਿਚ ਗੁਆਂਗਝੂ ਏਸ਼ੀਅਨ ਖੇਡਾਂ ਚੀਨ, 2018 ਵਿਚ ਏਸ਼ੀਅਨ ਖੇਡਾਂ ਜਕਾਰਤਾ ਇੰਡੋਨੇਸ਼ੀਆ, ਵਿਸ਼ਵ ਕਬੱਡੀ ਕੱਪ ਪੰਜਾਬ-2011, ਐਫਆਈਐਚ ਹਾਕੀ ਕੱਪ ਅਤੇ ਹੋਰ ਅਨੇਕਾਂ ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਦੀ ਅਖ਼ਬਾਰੀ ਕਵਰੇਜ ਕੀਤੀ ਹੈ।
ਡਾ. ਬਲਜੀਤ ਕੌਰ ਨੇ ਵੀ ਬੀ ਪੀ ਐਡ, ਐਮ ਪੀ ਐਡ, ਐਨ ਆਈ ਐਸ ਡਿਪਲੋਮਾ ਕੋਚਿੰਗ ਇਨ ਹਾਕੀ, ਸਰਟੀਫਿਕੇਟ ਕੋਰਸ ਸਪੋਰਟਸ ਯੋਗਾ, ਡਿਪਲੋਮਾ ਕੋਰਸ ਸਿੱਖ ਮਿਸ਼ਨਰੀ ਤੇ ਐਮਫਿਲ ਫਿਜ਼ੀਕਲ ਐਜੂਕੇਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਹਾਕੀ ਇੰਡੀਆ ਦੇ ਤਕਨੀਕੀ ਅਧਿਕਾਰੀ ਅਤੇ ਖੇਡ ਲੇਖਕ ਵਜੋਂ ਉਸ ਨੇ ਵੀ ਅਨੇਕਾਂ ਆਰਟੀਕਲ ਲਿਖੇ ਹਨ। ਉਨ੍ਹਾਂ ਦਾ ਸਪੁੱਤਰ ਇੰਜ. ਨਵਤੇਜ ਪਾਲ ਸਿੰਘ ਐਮਟੈਕ, ਕੈਨੇਡਾ `ਚ ਟਰਾਂਸਪੋਰਟ ਦਾ ਕਾਰੋਬਾਰੀ ਹੈ ਅਤੇ ਬੇਟੀ ਪਰਨੀਤ ਕੌਰ ਕੈਨੇਡਾ ਵਿਖੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਸਾਬੀ ਦੇ ਸਵਰਗੀ ਪਿਤਾ ਸ. ਸੰਤੋਖ ਸਿੰਘ ਜਿਮਨਾਸਟਿਕਸ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਸਨ।
ਪੰਜਾਬੀ ਪੱਤਰਕਾਰਾਂ `ਚ ਜਤਿੰਦਰ ਸਾਬੀ ਨੂੰ ਸਭ ਤੋਂ ਵੱਧ ਕੌਮਾਂਤਰੀ ਖੇਡ ਮੇਲੇ ਕਵਰ ਕਰਨ ਦਾ ਮਾਣ ਹਾਸਲ ਹੈ। ਉਹ ਦੋ ਵਾਰ ਓਲੰਪਿਕ ਖੇਡਾਂ, ਦੋ ਵਾਰ ਏਸ਼ਿਆਈ ਖੇਡਾਂ, ਇੱਕ-ਇੱਕ ਵਾਰ ਰਾਸ਼ਟਰਮੰਡਲ ਖੇਡਾਂ, ਐਫਰੋ ਏਸ਼ੀਅਨ ਖੇਡਾਂ, ਸੈਫ ਖੇਡਾਂ ਅਤੇ ਇੰਡੋ-ਪਾਕਿ ਪੰਜਾਬ ਖੇਡਾਂ ਦੀ ਕਵਰੇਜ ਕਰ ਚੁੱਕਾ ਹੈ। ਇਸ ਤੋਂ ਇਲਾਵਾ ਕੌਮੀ ਤੇ ਸੂਬਾ ਪੱਧਰ ਉਤੇ ਕਵਰ ਕੀਤੇ ਖੇਡ ਮੇਲਿਆਂ ਦਾ ਵੀ ਲੇਖਾ ਨਹੀਂ। ਕਿਤੇ ਵੀ ਕੋਈ ਖੇਡ ਮੇਲਾ ਹੋਵੇ, ਉਹ ਆਪਣੀ ਕਲਮੀ ਹਾਜ਼ਰੀ ਲਗਾਉਣ ਤੋਂ ਪਿੱਛੇ ਨਹੀਂ ਹਟਦਾ। ਉਸ ਦਾ ਜਨਮ 29 ਸਤੰਬਰ, 1963 ਨੂੰ ਜਿ਼ਲ੍ਹਾ ਹੁਸ਼ਿਆਰੁਪਰ, ਤਹਿਸੀਲ ਦਸੂਹਾ, ਗੁਰਦੁਆਰਾ ਗਰਨਾ ਸਾਹਿਬ ਦੇ ਲਹਿੰਦੇ ਪਾਸੇ ਪੈਂਦੇ ਪਿੰਡ ਝਿੰਗੜ ਕਲਾਂ ਵਿਖੇ ਸ. ਸੰਤੋਖ ਸਿੰਘ ਦੇ ਘਰ ਮਾਤਾ ਜੁਗਿੰਦਰ ਕੌਰ ਦੀ ਕੁੱਖੋਂ ਹੋਇਆ। ਉਸ ਨੂੰ ਖੇਡਾਂ ਦੀ ਗੁੜ੍ਹਤੀ ਵਿਰਾਸਤ ਵਿਚ ਮਿਲੀ ਸੀ। ਉਸ ਦੇ ਬਾਬਾ ਬੀਰ ਚੰਦ ਤਕੜੇ ਪਹਿਲਵਾਨ ਸਨ। ਉਹ ਪਿੰਡਾਂ ਦੇ ਦੰਗਲਾਂ ਤੇ ਛਿੰਝਾਂ `ਚ ਜਾਂਦੇ ਅਤੇ ਮਾਲੀਆਂ ਮਾਰਦੇ। ਉਹਦੇ ਪਿਤਾ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਖੇਡ ਮੁਕਾਬਲਿਆਂ `ਚ ਭਾਗ ਲੈਂਦੇ ਆਲ ਇੰਡੀਆ ਪੁਲਿਸ ਖੇਡਾਂ ਅਤੇ ਨੈਸ਼ਨਲ ਵਿਚੋਂ ਚੈਪੀਅਨ ਬਣਦੇ ਰਹੇ ਅਤੇ ਬੀਐਸਐਫ ਵਿੱਚੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ।
ਜਤਿੰਦਰ ਸਾਬੀ ਨੇ ਅੱਠਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ, 9ਵੀਂ ਤੋਂ ਗਿਆਰਵ੍ਹੀਂ ਤੱਕ ਦੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਤੇ ਬੀਏ ਦੀ ਪੜ੍ਹਾਈ ਡੀਏਵੀ ਕਾਲਜ ਦਸੂਹਾ ਤੋਂ ਕੀਤੀ। ਐਮਏ ਰਾਜਨੀਤੀ ਸ਼ਾਸ਼ਤਰ ਦੀ ਡਿਗਰੀ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ ਟਾਂਡਾ ਉੜਮੁੜ ਤੋਂ ਹਾਸਲ ਕੀਤੀ। ਬਾਅਦ ਵਿਚ ਉਹਦਾ ਰੁਝਾਨ ਸਰੀਰਕ ਸਿੱਖਿਆ ਦੀ ਪੜ੍ਹਾਈ ਵੱਲ ਹੋ ਗਿਆ। ਉਸ ਨੇ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਤੋਂ ਬੀਪੀਐਡ ਤੇ ਐਮਪੀਐਡ ਕੀਤੀ। ਉਹ ਵੇਖਣ ਨੂੰ ਭਾਵੇਂ ਹਲਕੇ ਭਾਰ ਤੇ ਲੰਮੇ ਕੱਦ ਦਾ ਹੋਣ ਕਰਕੇ ਹਾਈ ਜੰਪਰ ਲੱਗਦੈ ਪਰ ਖੇਡ ਉਸ ਦੀ ਵੇਟਲਿਫਟਿੰਗ ਰਹੀ। ਤਦੇ ਉਸ ਨੇ ਐਨਆਈਐਸ ਪਟਿਆਲਾ ਤੋਂ ਵੇਟਲਿਫਟਿੰਗ ਦਾ ਕੋਚਿੰਗ ਡਿਪਲੋਮਾ ਤੇ ਯੋਗਾ ਦਾ ਕੋਰਸ ਕੀਤਾ। ਉਹ ਸਰਕਾਰੀ ਕਾਲਜ ਟਾਂਡਾ ਤੇ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਵੱਲੋਂ ਇੰਟਰਵਰਸਿਟੀ ਮੁਕਾਬਲਿਆਂ `ਚ ਹਿੱਸਾ ਲੈਂਦਾ ਰਿਹਾ ਅਤੇ ਪੰਜਾਬ ਚੈਂਪੀਅਨ ਬਣ ਕੇ ਨੈਸ਼ਨਲ ਪੱਧਰ ਉਤੇ ਸੂਬੇ ਦੀ ਨੁਮਾਇੰਦਗੀ ਕਰਦਾ ਰਿਹਾ।
ਸਾਬੀ ਵੱਲੋਂ ਦੇਸ਼ ਵਿਚ ਹੋਈਆਂ ਹੋਰਨਾਂ ਖੇਡਾਂ ਦੀ ਕਵਰੇਜ ਦਾ ਤਾਂ ਹਿਸਾਬ ਕਿਤਾਬ ਹੀ ਨਹੀਂ। ਹੀਰੋ ਹਾਕੀ ਇੰਡੀਆ ਲੀਗ, ਵਿਸ਼ਵ ਸੀਰੀਜ਼ ਹਾਕੀ ਲੀਗ, ਵਿਸ਼ਵ ਕਬੱਡੀ ਕੱਪ, ਹਾਕੀ ਸੀਨੀਅਰ ਨੈਸ਼ਨਲ, ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ, ਚਾਰ ਮੁਲਕੀ ਹਾਕੀ ਗੋਲਡ ਕੱਪ, ਸੁਰਜੀਤ ਹਾਕੀ ਟੂਰਨਾਮੈਂਟ, ਬਲਵੰਤ ਕਪੂਰ ਹਾਕੀ ਟੂਰਨਾਮੈਂਟ, ਹਾਕੀ ਫੈਡਰੇਸ਼ਨ ਕੱਪ, ਸ਼ਹੀਦ ਭਗਤ ਸਿੰਘ ਕੁਸ਼ਤੀ ਟੂਰਨਾਮੈਂਟ, ਵਿਸ਼ਵ ਕਬੱਡੀ ਲੀਗ, ਪ੍ਰੀਮੀਅਰ ਹਾਕੀ ਲੀਗ, ਸਕੂਲ ਨੈਸ਼ਨਲ ਖੇਡਾਂ ਤੋਂ ਕੌਮੀ ਖੇਡਾਂ ਸਣੇ ਪੰਜਾਬ ਦੀਆਂ ਰਵਾਇਤੀ ਖੇਡਾਂ ਜਿਵੇਂ ਕਿਲਾ ਰਾਏਪੁਰ ਦੀਆਂ ਖੇਡਾਂ, ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ, ਕੋਟਲਾ ਸ਼ਾਹੀਆ ਦੀਆਂ ਕਮਲਜੀਤ ਖੇਡਾਂ ਆਦਿ ਦੀ ਵੀ ਕਵਰੇਜ ਕੀਤੀ।
ਖੇਡ ਪੱਤਰਕਾਰ ਵਜੋਂ ਨਿਭਾਈਆਂ ਸੇਵਾਵਾਂ ਕਰਕੇ ਉਸ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਜਿਨ੍ਹਾਂ ਵਿਚ ਪ੍ਰਮੁੱਖ ਲੰਡਨ ਓਲੰਪਿਕਸ-2012 ਦੀ ਕਵਰੇਜ ਦੌਰਾਨ ਹਾਊਸ ਆਫ ਕਾਮਨ ਲੰਡਨ ਵਿਖੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਵੱਲੋਂ, ਬੀਜਿੰਗ ਓਲੰਪਿਕਸ ਦੀ ਕਵਰੇਜ ਲਈ ਹਜ਼ੂਰ ਸਾਹਿਬ ਦੀ ਧਰਤੀ `ਤੇ ਗੁਰਤਾ ਗੱਦੀ ਦਿਵਸ ਸਮਾਰੋਹ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ, ਦੋਹਾ ਏਸ਼ਿਆਈ ਖੇਡਾਂ ਦੀ ਕਵਰੇਜ ਲਈ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਸ਼ਾਮਲ ਹਨ। ਉਸ ਨੂੰ ਪੰਜਾਬ ਪ੍ਰੈਸ ਕਲੱਬ ਜਲੰਧਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਗੁਡਵਿੱਲ ਅਥਲੈਟਿਕਸ ਕਲੱਬ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਜੂਡੋ ਐਸੋਸੀਏਸ਼ਨ, ਜਿ਼ਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ, ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਅਤੇ ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ ਵੀ ਸਨਮਾਨਤ ਕੀਤਾ ਗਿਆ।
2021 ਵਿਚ ਟੋਕੀਓ ਓਲੰਪਿਕ ਖੇਡਾਂ ਦੀ ਕਵਰੇਜ ਕਰਨ ਲਈ ਜਤਿੰਦਰ ਸਾਬੀ ਨੇ ਜਪਾਨ ਜਾਣਾ ਸੀ ਪਰ ਕਰੋਨਾ ਕਾਰਨ ਨਹੀਂ ਜਾ ਸਕਿਆ। ਤਦ ਉਸ ਨੇ ਜਲੰਧਰ ਬੈਠਿਆਂ ਹੀ ਖੇਡਾਂ ਦੀ ਪਲ-ਪਲ ਦੀ ਕਵਰੇਜ ਕੀਤੀ। ਨੀਰਜ ਚੋਪੜਾ ਵੱਲੋਂ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤਣ `ਤੇ ਲਿਖੀ ਜਤਿੰਦਰ ਸਾਬੀ ਦੀ ਰਿਪੋਰਟ:
ਨੀਰਜ ਚੋਪੜਾ ਦਾ ਕਮਾਲ
ਟੋਕੀਓ ਓਲੰਪਿਕ ਵਿਚੋਂ ਸੋਨ ਤਗਮਾ ਜਿੱਤ ਕੇ ਨੀਰਜ ਚੋਪੜਾ ਨੇ ਨਵਾਂ ਇਤਿਹਾਸ ਰਚ ਦਿੱਤਾ। ਇਹ ਜੈਵਲਿਨ ਥਰੋਅਰ ਅਥਲੈਟਿਕਸ `ਚ ਓਲੰਪਿਕ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਇਸ ਜਿੱਤ ਨੇ ਕਰੋੜਾਂ ਭਾਰਤੀਆਂ ਦੇ ਦਿਲ ਜਿੱਤ ਲਏ ਪਰ ਇਸ ਮਾਣਮੱਤੀ ਜਿੱਤ ਲਈ ਨੀਰਜ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਨੀਰਜ ਚੋਪੜਾ ਦੀ ਕਹਾਣੀ ਸਰੀਰਕ ਭਾਰ ਘਟਾਉਣ ਤੋਂ ਸ਼ੁਰੂ ਹੁੰਦੀ ਹੈ। 10-11 ਸਾਲ ਦੀ ਉਮਰ ਵਿੱਚ ਨੀਰਜ ਦਾ ਭਾਰ ਬਹੁਤ ਵੱਧ ਸੀ, ਜਿਸ ਕਰਕੇ ਇਹਦੇ ਚਾਚੇ ਤੇ ਪਿਤਾ ਨੇ ਭਾਰ ਘੱਟ ਕਰਨ ਲਈ ਕਿਹਾ। ਉਸ ਨੂੰ ਪਾਣੀਪਤ ਦੇ ਸ਼ਿਵਾਜੀ ਸਟੇਡੀਅਮ ਵਿਚ ਭੇਜਿਆ ਤੇ ਉਥੇ ਇਸ ਕੋਲੋਂ ਕਈ ਖੇਡਾਂ ਕਰਵਾਈਆਂ ਗਈਆਂ ਪਰ ਸਭਨਾਂ ਵਿਚ ਭਾਰ ਵੱਧ ਹੋਣ ਕਰਕੇ ਮੁਸ਼ਕਲ ਪੇਸ਼ ਆ ਰਹੀ ਸੀ। ਇੱਕ ਦਿਨ ਨੀਰਜ ਨੇ ਮਜ਼ਾਕ ਵਿਚ ਨੇਜਾ ਚੁੱਕ ਲਿਆ। ਉਸ ਨੇ ਪੂਰੀ ਤਾਕਤ ਨਾਲ ਥਰੋਅ ਕੀਤੀ ਤੇ ਉਸ ਦੀ ਥਰੋਅ ਦੇਖ ਕੇ ਸਾਰੇ ਦੰਗ ਰਹਿ ਗਏ। 11 ਸਾਲ ਦੀ ਉਮਰ ਵਿਚ ਨੀਰਜ ਨੇ 25 ਮੀਟਰ ਥਰੋਅ ਕੀਤੀ ਤੇ ਇਸ ਤੋਂ ਬਾਅਦ ਨੀਰਜ ਦੀ ਇਸ ਖੇਡ ਨਾਲ ਮੁਹੱਬਤ ਹੋ ਗਈ ਅਤੇ ਉਹ ਰੋਜ਼ਾਨਾ 7-8 ਘੰਟੇ ਪ੍ਰੈਕਟਿਸ ਕਰਨ ਲੱਗਾ।
ਨੀਰਜ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸੀ, ਜਿਸ ਦੇ ਆਰਥਿਕ ਹਾਲਾਤ ਵੀ ਚੰਗੇ ਨਹੀਂ ਸਨ। ਸਾਂਝਾ ਵੱਡਾ ਪਰਿਵਾਰ ਸੀ। ਉਸ ਵੇਲੇ ਸਟੈਂਡਰਡ ਦੇ ਜੈਵਲਿਨ ਦੀ ਕੀਮਤ 1.50 ਲੱਖ ਸੀ ਪਰ ਪਰਿਵਾਰ ਨੇ ਉਸ ਨੂੰ ਮੁਸ਼ਕਲ ਨਾਲ 7 ਹਜ਼ਾਰ ਰੁਪਏ ਦੀ ਜੈਵਲਿਨ ਲੈ ਕੇ ਦਿੱਤੀ। ਫਿਰ ਵੀ ਬੁਲੰਦ ਹੌਸਲੇ ਨਾਲ ਨੀਰਜ ਲਗਾਤਾਰ ਪ੍ਰੈਕਟਿਸ ਕਰਨ ਲੱਗਾ। ਉਸ ਦਾ ਕੋਈ ਵੀ ਕੋਚ ਨਹੀਂ ਸੀ ਪਰ ਉਸ ਨੇ ਹਾਰ ਨਹੀਂ ਮੰਨੀ। ਯੂ. ਟਿਊਬ ਤੋਂ ਵੀਡੀਓ ਵੇਖ ਕੇ ਟਰੇਨਿੰਗ ਕਰਨ ਲੱਗਾ ਜਿਸ ਨਾਲ ਉਸ ਦੇ ਕੈਰੀਅਰ ਨੂੰ ਨਵੀਂ ਉਡਾਣ ਮਿਲੀ। 2013 ਵਿਚ ਵਰਲਡ ਯੂਥ ਚੈਪੀਅਨਸ਼ਿਪ `ਚ ਹਿੱਸਾ ਲਿਆ ਪਰ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਉਥੇ ਉਹ 66.75 ਮੀਟਰ ਦੀ ਥਰੋਅ ਨਾਲ 19ਵੇਂ ਸਥਾਨ `ਤੇ ਰਿਹਾ। ਵੁਹਾਨ ਏਸ਼ੀਅਨ ਚੈਂਪੀਅਨਸ਼ਿਪ ਵਿਚ 70.50 ਮੀਟਰ ਨਾਲ 9ਵੇਂ ਸਥਾਨ ਉਤੇ ਆਇਆ।
2016 ਦੀਆਂ ਸੈਫ ਖੇਡਾਂ ਵਿਚ 82.23 ਮੀਟਰ ਨਾਲ ਸੋਨ ਤਗਮਾ ਜਿੱਤਿਆ। ਇਸੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ 86.48 ਮੀਟਰ ਥਰੋਅ ਦੇ ਨਵੇਂ ਰਿਕਾਰਡ ਨਾਲ ਸੋਨ ਤਗਮਾ ਜਿੱਤਣ ਨਾਲ ਨੀਰਜ ਦੀ ਗੁੱਡੀ ਚੜ੍ਹ ਗਈ। ਇਸ ਤੋਂ ਬਾਅਦ ਨੀਰਜ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਰਾਸ਼ਟਰਮੰਡਲ ਖੇਡਾਂ ਵਿਚ ਨੀਰਜ ਨੇ 86.47 ਮੀਟਰ ਥਰੋਅ ਨਾਲ ਸੋਨ ਤਗਮਾ ਅਤੇ ਫੇਰ ਜਕਾਰਤਾ ਏਸ਼ਿਆਈ ਖੇਡਾਂ ਵਿਚ 88.06 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਓਲੰਪਿਕ ਖੇਡਾਂ ਤੱਕ ਪੁੱਜਣ ਲਈ ਉਸ ਨੇ ਕਈ ਖ਼ਤਰਨਾਕ ਚੋਟਾਂ ਦਾ ਮੁਕਾਬਲਾ ਕੀਤਾ ਅਤੇ ਕੋਵਿਡ-19 ਨਾਲ ਵੀ ਲੜਾਈ ਲੜੀ। ਇਹਦੇ ਬਾਵਜੂਦ ਇਸ ਜੂਝਾਰੂ ਅਥਲੀਟ ਨੇ ਟੋਕੀਓ ਓਲੰਪਿਕ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ।
ਉੱਡਣਾ ਬਾਜ਼ ਗੁਰਬਚਨ ਸਿੰਘ ਰੰਧਾਵਾ
ਪੰਜਾਬੀ ਖੇਡ ਜੀਵਨੀਆਂ ਤੇ ਸਵੈ-ਜੀਵਨੀਆਂ ਦੀ ਗੱਲ ਕਰਦਿਆਂ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ, ਫਲਾਈਂਗ ਸਿੱਖ ਮਿਲਖਾ ਸਿੰਘ, ਏਸ਼ੀਆ ਦੇ ਚੈਂਪੀਅਨ ਜੋਗਿੰਦਰ ਸਿੰਘ ਜੋਗੀ, ਹਾਕੀ ਖਿਡਾਰੀ ਕਰਨਲ ਬਲਬੀਰ ਸਿੰਘ ਤੇ ਪਹਿਲਵਾਨ ਦਾਰਾ ਸਿੰਘ ਨੇ ਜਿੱਥੇ ਆਪਣੀਆਂ ਸਵੈ-ਜੀਵਨੀਆਂ ਲਿਖੀਆਂ, ਉਥੇ ਕਈ ਨਾਮਵਰ ਖਿਡਾਰੀਆਂ ਦੀਆਂ ਹੋਰਨਾਂ ਖੇਡ ਲੇਖਕਾਂ ਵੱਲੋਂ ਜੀਵਨੀਆਂ ਵੀ ਲਿਖੀਆਂ ਗਈਆਂ। ਉਨ੍ਹਾਂ ਵਿਚ ਫੁੱਟਬਾਲਰ ਜਰਨੈਲ ਸਿੰਘ, ਅਥਲੀਟ ਪ੍ਰਦੁਮਣ ਸਿੰਘ, ਬ੍ਰਿਗੇਡੀਅਰ ਲਾਭ ਸਿੰਘ, ਮੈਰੀਕਾੱਮ ਤੇ ਸੁਨੀਤਾ ਰਾਣੀ, ਬਲਵਿੰਦਰ ਫਿੱਡਾ, ਹਰਜੀਤ ਬਾਜਾਖਾਨਾ, ਪਹਿਲਵਾਨ ਕਰਤਾਰ ਸਿੰਘ ਤੇ ਕ੍ਰਿਕਟਰ ਹਰਭਜਨ ਸਿੰਘ ਪ੍ਰਮੁੱਖ ਹਨ। ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਏ ਬਾਰੇ ਨਾਵਲ ਲਿਖਿਆ ਗਿਆ। ਬਲਬੀਰ ਸਿੰਘ ਸੀਨੀਅਰ ਤੇ ਮਿਲਖਾ ਸਿੰਘ ਦੀਆਂ ਜੀਵਨੀਆਂ ਵੀ ਛਪੀਆਂ ਹਨ।
ਹੁਣ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਚਰਚਾ ਵਿਚ ਹੈ। 1966 ਵਿਚ ਸਰਵਣ ਸਿੰਘ ਨੇ ਉਸ ਦਾ ਸ਼ਬਦ ਚਿੱਤਰ ‘ਮੁੜ੍ਹਕੇ ਦਾ ਮੋਤੀ’ ਲਿਖਿਆ ਸੀ ਜੋ ਉਸ ਦੀ ਪੁਸਤਕ ‘ਪੰਜਾਬੀ ਦੇ ਉੱਘੇ ਖਿਡਾਰੀ’ `ਚ ਸ਼ਾਮਲ ਹੈ। ਹੁਣ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਲਿਖੀ ਉਸ ਦੀ ਜੀਵਨੀ ‘ਉੱਡਣਾ ਬਾਜ਼’ ਨਾਲ ਇਕ ਹੋਰ ਅਣਗੌਲਿਆ ਮਹਾਨ ਖਿਡਾਰੀ ਵੀ ਮਹਾਨ ਖਿਡਾਰੀਆਂ ਦੀ ਸੂਚੀ ਵਿਚ ਆ ਗਿਆ ਹੈ, ਜਿਸ ਦੇ ਖੇਡ ਕੈਰੀਅਰ ਤੇ ਪ੍ਰਾਪਤੀਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਤੇ ਖਿਡਾਰੀ ਪ੍ਰੇਰਨਾ ਲੈਂਦੇ ਰਹਿਣਗੇ।
ਪਿੰਡ ਨੰਗਲੀ, ਜਿ਼ਲ੍ਹਾ ਅੰਮ੍ਰਿਤਸਰ ਦੇ ਜੰਮਪਲ ਗੁਰਬਚਨ ਸਿੰਘ ਰੰਧਾਵਾ ਆਲ ਰਾਊਂਡਰ ਅਥਲੀਟ ਰਹੇ ਹਨ, ਜਿਨ੍ਹਾਂ ਨੇ ਡਿਕੈਥਲਨ ਅਤੇ ਹਰਡਲਜ਼ ਦੌੜ ਵਿਚ ਵਿਸ਼ਵ ਪੱਧਰ ਅਤੇ ਕੌਮੀ ਪੱਧਰ ਉੱਤੇ ਦੌੜਾਂ, ਛਾਲਾਂ ਤੇ ਥਰੋਆਂ ਤਿੰਨੇ ਈਵੈਂਟਾਂ ਵਿਚ ਆਪਣਾ ਝੰਡਾ ਬੁਲੰਦ ਕੀਤਾ ਸੀ। ਗੁਰਬਚਨ ਸਿੰਘ ਰੰਧਾਵੇ ਨੇ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ ਸਮੇਂ ਡਿਕੈਥਲਨ `ਚੋਂ ਸੋਨੇ ਦਾ ਤਗਮਾ ਜਿੱਤ ਕੇ ਬੈਸਟ ਅਥਲੀਟ ਦਾ ਖ਼ਿਤਾਬ ਜਿੱਤਿਆ ਸੀ। ਫਿਰ ਸੱਟ ਲੱਗਣ ਕਾਰਨ ਡਿਕੈਥਲਨ ਛੱਡ ਕੇ ਉਨ੍ਹਾਂ ਨੇ 110 ਮੀਟਰ ਹਡਰਲਜ਼ ਦੌੜ ਹੀ ਦੌੜਨੀ ਸ਼ੁਰੂ ਕੀਤੀ। ਟੋਕੀਓ ਓਲੰਪਿਕ-1964 ਵਿਚ ਗੁਰਬਚਨ ਸਿੰਘ ਨੇ 110 ਮੀਟਰ ਹਰਡਲਜ਼ ਦੌੜ ਵਿਚ 14 ਸਕਿੰਟ ਦੇ ਨਵੇਂ ਰਿਕਾਰਡ ਨਾਲ ਪੰਜਵਾਂ ਸਥਾਨ ਹਾਸਲ ਕੀਤਾ। ਉਹ ਇਸ ਈਵੈਂਟ ਦੇ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਏਸ਼ੀਅਨ ਅਥਲੀਟ ਬਣੇ ਸਨ। ਗੁਰਬਚਨ ਸਿੰਘ ਨੇ ਇਸ ਤੋਂ ਪਹਿਲਾਂ 1960 ਵਿਚ 21 ਵਰ੍ਹਿਆਂ ਦੀ ਉਮਰੇ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਵੀ ਹਿੱਸਾ ਲਿਆ ਸੀ।
ਉਸ ਨੇ ਦੋ ਦਿਨਾਂ `ਚ ਚਾਰ ਕੌਮੀ ਰਿਕਾਰਡ ਬਣਾ ਕੇ ਆਪਣੀ ਆਲਰਾਊਂਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਸੀ। ਇਹ ਰਿਕਾਰਡ ਡਿਕੈਥਲਨ, 110 ਮੀਟਰ ਹਰਡਲਜ਼ ਦੌੜ, ਉੱਚੀ ਛਾਲ ਤੇ ਜੈਵਲਿਨ ਥਰੋਅ ਵਿਚ ਰੱਖੇ ਗਏ ਸਨ। ਉਨ੍ਹਾਂ ਨੇ ਆਲ ਇੰਡੀਆ ਪੁਲਿਸ ਖੇਡਾਂ ਵਿਚ ਲਗਾਤਾਰ ਛੇ ਸਾਲ ਹੋਮ ਮਨਿਸਟਰ ਮੈਡਲ ਜਿੱਤਿਆ। ਇੰਟਰ ਸਟੇਟ, ਨੈਸ਼ਨਲ ਓਪਨ ਤੇ ਆਲ ਇੰਡੀਆ ਪੁਲਿਸ ਮੁਕਾਬਲੇ ਮਿਲਾ ਕੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚੋਂ ਉਨ੍ਹਾਂ ਨੇ 34 ਸੋਨ ਤਗਮੇ ਜਿੱਤੇ ਸਨ, ਜਿਨ੍ਹਾਂ ਵਿਚੋਂ ਇਕੱਲੇ ਪੁਲਿਸ ਖੇਡਾਂ ਦੇ 22 ਸੋਨ ਤਗਮੇ ਸ਼ਾਮਿਲ ਹਨ। 15 ਵਾਰ ਤਾਂ ਉਨ੍ਹਾਂ ਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਨਵਾਂ ਕੌਮੀ ਰਿਕਾਰਡ, ਮੀਟ ਰਿਕਾਰਡ ਜਾਂ ਇਸ ਦੀ ਬਰਾਬਰੀ ਕੀਤੀ ਸੀ। 110 ਮੀਟਰ ਹਰਡਲਜ਼ ਦੌੜ ਵਿਚ ਬਣਾਇਆ ਉਨ੍ਹਾਂ ਦਾ ਕੌਮੀ ਰਿਕਾਰਡ 37 ਸਾਲ ਅਤੇ ਡਿਕੈਥਲਨ ਵਿਚ ਬਣਾਇਆ ਕੌਮੀ ਰਿਕਾਰਡ 12 ਸਾਲ ਬਰਕਰਾਰ ਰਿਹਾ। ਉਹ ਹਰਫਨਮੌਲਾ ਅਥਲੀਟ ਸਨ।
ਗੁਰਬਚਨ ਸਿੰਘ ਰੰਧਾਵਾ ਦੇਸ਼ ਦਾ ਪਹਿਲਾ ਅਰਜੁਨਾ ਐਵਾਰਡੀ ਖਿਡਾਰੀ ਹੈ, ਜਿਨ੍ਹਾਂ ਨੂੰ 1961 ਵਿਚ ਇਹ ਸਨਮਾਨ ਮਿਲਿਆ। ਉਨ੍ਹਾਂ ਨੂੰ ਭਾਰਤ ਸਰਕਾਰ ਨੇ 2005 ਵਿਚ ਦੇਸ਼ ਦੇ ਚੌਥੇ ਸਰਬਉੱਚ ਨਾਗਰਿਕ ਸਨਮਾਨ ਪਦਮਸ੍ਰੀ ਨਾਲ ਅਤੇ ਪੰਜਾਬ ਸਰਕਾਰ ਨੇ 2019 ਵਿਚ ਖੇਡਾਂ ਦੇ ਸਭ ਤੋਂ ਵੱਡੇ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਸਨਮਾਨਿਆ। ਬਤੌਰ ਪੁਲਿਸ ਅਫ਼ਸਰ ਵੀ ਉਨ੍ਹਾਂ ਦਾ ਕੈਰੀਅਰ ਰਿਕਾਰਡ ਸ਼ਾਨਦਾਰ ਰਿਹਾ। ਉਨ੍ਹਾਂ ਨੂੰ ਸੀਆਰਪੀਐਫ ਵਿਚ ਮਿਸਾਲੀ ਸੇਵਾਵਾਂ ਨਿਭਾਉਣ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਦਿੱਤਾ ਗਿਆ। ਸ. ਸਵਰਨ ਸਿੰਘ ਬੋਪਾਰਾਏ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਨ ਤਾਂ ਉਨ੍ਹਾਂ ਨੇ ਗੁਰਬਚਨ ਸਿੰਘ ਰੰਧਾਵਾ ਨੂੰ ਯੂਨੀਵਰਸਿਟੀ ਦਾ ਖੇਡ ਸਲਾਹਕਾਰ ਨਿਯੁਕਤ ਕਰ ਲਿਆ ਸੀ। ਉਨ੍ਹਾਂ ਦੀ ਯੋਜਨਾਕਾਰੀ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੰਟਰਵਰਸਿਟੀ ਖੇਡ ਖੇਤਰ ਵਿਚ ਸਭ ਤੋਂ ਵੱਡਾ ਪੁਰਸਕਾਰ ਮਾਕਾ ਟਰਾਫੀ ਮਿਲਣੀ ਆਰੰਭ ਹੋਈ। ਗੁਰਬਚਨ ਸਿੰਘ ਰੰਧਾਵਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਨਰੇਰੀ ਡਾਕਟਰੇਟ ਦੀ ਡਿਗਰੀ ਤੇ ਫੈਲੋਸ਼ਿਪ ਪ੍ਰਦਾਨ ਕੀਤੀ। ਗੁਰਬਚਨ ਸਿੰਘ ਰੰਧਾਵਾ ਭਾਰਤ ਦੀ ਅਥਲੈਟਿਕਸ ਟੀਮ ਦੀ ਚੋਣ ਕਮੇਟੀ ਦੇ ਮੁਖੀ ਹਨ ਅਤੇ ਵਿਸ਼ਵ ਭਰ ਵਿਚ ਜਾਣੇ ਜਾਂਦੇ ਹਨ।
ਸ਼ੂਟਿੰਗ ਖਿਡਾਰਨ ਦੀ ਖ਼ੁਦਕੁਸ਼ੀ
ਪਿਛਲੇ ਦਿਨੀਂ ਫ਼ਰੀਦਕੋਟ ਦੀ 17 ਸਾਲਾ ਰਾਸ਼ਟਰੀ ਪੱਧਰ ਦੀ ਸ਼ੂਟਿੰਗ ਖਿਡਾਰਨ ਦੀ ਦਰਦਨਾਕ ਖ਼ੁਦਕੁਸ਼ੀ ਨੇ ਪੰਜਾਬ ਦੇ ਸਮੁੱਚੇ ਖੇਡ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਸ ਉਭਰਦੀ ਖਿਡਾਰਨ ਨੇ ਆਪਣੇ ਪਿਸਤੌਲ ਨਾਲ ਗੋਲੀ ਮਾਰ ਕੇ ਪੰਜਾਬ ਦੇ ਸਮੁੱਚੇ ਖੇਡ ਸਿਸਟਮ `ਤੇ ਜ਼ਰੂਰੀ ਸਵਾਲ ਖੜ੍ਹੇ ਕਰ ਦਿੱਤੇ ਹਨ। ਦਿੱਲੀ ਦੀਆਂ ਬਰੂਹਾਂ `ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਸੀ ਸਾਲ ਤੋਂ ਵੀ ਵਡੇਰੀ ਉਮਰ ਦੇ ਬਾਬਿਆਂ ਨੇ ਆਪਣੇ ਸਿਰੜ, ਸਿਦਕ ਤੇ ਜੀਵਨ ਦੇ ਇਕੱਠੇ ਕੀਤੇ ਤਜਰਬਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੀ ਜਵਾਨੀ ਦੇ ਜੋਸ਼, ਤਾਕਤ ਤੇ ਬੁਲੰਦ ਹੌਸਲਿਆਂ ਨੂੰ ਪ੍ਰੋਅ ਕੇ ਬੇਮਿਸਾਲ ਜਿੱਤ ਹਾਸਲ ਕਰਦਿਆਂ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਤੇ ਹੁਣ ਪੰਜਾਬ ਵਿਚ 2022 ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਹਰ ਤਰ੍ਹਾਂ ਦੀਆਂ ਰਾਜਨੀਤਕ ਪਾਰਟੀਆਂ ਦੇ ਸਿਆਸੀ ਮਹਾਂਰਥੀ ਵੋਟਾਂ ਦੀ ਫ਼ਸਲ ਵੱਢਣ ਲਈ ਹਰ ਤਰ੍ਹਾਂ ਦੀ ਸਿਆਸੀ ਸ਼ਤਰੰਜ ਵਿਛਾ ਕੇ ਆਪਣੇ ਪਿਆਦਿਆਂ ਦੀ ਕਸਰਤ ਕਰਵਾਉਣ ਲਈ ਲੰਗੋਟ ਕੱਸ ਕੇ ਚੋਣ ਅਖਾੜੇ ਵਿਚ ਕੁੱਦ ਚੁੱਕੇ ਹਨ।
ਪੰਜਾਬ ਦੀ ਨੌਜਵਾਨੀ ਲਈ ਹੁਣ ਇਹ ਖ਼ਾਸ ਮੌਕਾ ਹੈ ਕਿ ਕਿਸਾਨੀ ਘੋਲ ਦੇ ਸੰਘਰਸ਼ ਤੋਂ ਪ੍ਰੇਰਿਤ ਹੋ ਕੇ ਚੋਣ ਅਖਾੜੇ `ਚ ਕੁੱਦੇ ਉਮੀਦਵਾਰਾਂ ਨੂੰ ਘੇਰ ਕੇ ਇਹ ਸਵਾਲ ਜ਼ਰੂਰ ਪੁੱਛਣ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ, ਨੰਗੇਜ਼, ਨਕਲ ਤੇ ਮਜਬੂਰੀ ਦੇ ਪਰਵਾਸ ਤੋਂ ਬਚਾਉਣ ਲਈ ਤੁਹਾਡਾ ਕਿਸ ਤਰ੍ਹਾਂ ਦਾ ਰੋਡ-ਮੈਪ ਹੈ? ਪੰਜਾਬ ਦੀਆਂ ਖੇਡ ਜਥੇਬੰਦੀਆਂ ਨੇ ਸਿੱਖਿਆ ਵਿਭਾਗ ਪੰਜਾਬ ਅੰਦਰ ਖੇਡਾਂ ਦੇ ਨਿਘਾਰ ਬਾਰੇ ਸਿੱਖਿਆ ਮੰਤਰੀ ਨੂੰ ਸਵਾਲ ਕਰ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਜਥੇਬੰਦੀ ਦੇ ਪ੍ਰਧਾਨ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਪੰਜਾਬ `ਚ ਖੇਡਾਂ ਦਾ ਵਿਸ਼ਾ ਲਾਵਾਰਿਸ ਕਿਉਂ ਹੈ? ਇਸ ਦਾ ਖੇਡ ਪ੍ਰਬੰਧਕੀ ਢਾਂਚਾ ਰੇਤ ਦੀਆਂ ਨੀਹਾਂ `ਤੇ ਕਿਉਂ ਉਸਾਰਿਆ ਗਿਆ ਹੈ? ਜ਼ਿਲ੍ਹਾ ਸਹਾਇਕ ਖੇਡ ਅਫ਼ਸਰਾਂ ਦੀਆਂ ਅਸਾਮੀਆਂ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੇ ਯੋਗ ਪ੍ਰਬੰਧਕ ਦੀ ਪੱਕੀ ਭਰਤੀ ਕਿਉਂ ਨਹੀਂ ਕੀਤੀ ਗਈ? ਖੇਡਾਂ ਤੇ ਸਰੀਰਕ ਅਧਿਆਪਕਾਂ ਦੇ ਹੋਰ ਜਾਇਜ਼ ਮਸਲਿਆਂ ਦੇ ਹੱਲ ਨਾ ਕਰਨ ਲਈ ਆਖਿਰ ਕੌਣ ਜ਼ਿੰਮੇਵਾਰ ਹੈ? ਪਿਛਲੇ ਦੋ ਸਾਲਾਂ ਤੋਂ ਕਰੋਨਾ ਦੀ ਭੇਟ ਚੜ੍ਹੇ ਖਿਡਾਰੀਆਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਵਿਭਾਗ ਨੇ ਕੀ ਉਪਰਾਲਾ ਕੀਤਾ ਹੈ? ਬੰਦ ਪਏ ਸਪੋਰਟਸ ਹੋਸਟਲਾਂ ਦੇ ਤਾਲੇ ਕਦ ਖੁੱਲ੍ਹਣਗੇ ਤੇ ਪ੍ਰੋਫੈਸ਼ਨਲ ਸਿੱਖਿਆ ਦੇ ਕਾਲਜਾਂ ਵਿਚ ਖੇਡ ਕੋਟੇ ਦੇ ਦਾਖਲੇ ਕਿਸ ਤਰ੍ਹਾਂ ਹੋਣਗੇ? ਖਿਡਾਰੀਆਂ ਲਈ ਰਾਖਵੀਆਂ ਨੌਕਰੀਆਂ ਕਦੋਂ ਦਿੱਤੀਆਂ ਜਾਣਗੀਆਂ?
ਦਸਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਖੇਡਾਂ ਦੇ ਗਰੇਸ ਅੰਕ ਦੇਣ ਲਈ ਕਿਹੜਾ ਪੈਮਾਨਾ ਹੋਵੇਗਾ? ਕਰੋਨਾ-ਕਾਲ ਦੌਰਾਨ ਵਿਦਿਆਰਥੀਆਂ ਤੋਂ ਇਕੱਠਾ ਕੀਤਾ ਸਪੋਰਟਸ ਫੰਡ ਕਿੱਥੇ ਖ਼ਰਚ ਕੀਤਾ ਗਿਆ? ਰੰਗ ਬਿਰੰਗੀਆਂ ਖਾਲੀ ਗਰਾਊਂਡਾਂ ਨੇ ਖਿਡਾਰੀਆਂ `ਚ ਕਿਹੜੇ ਨਵੇਂ ਰੰਗ ਭਰੇ ਨੇ? ਉਧਰ ਜਨਤਾ ਦੇ ਮਨ ਵਿਚ ਸਰਕਾਰ ਦੇ ਮੁੱਖ ਮੰਤਰੀ, ਵਿੱਤ ਮੰਤਰੀ, ਪਾਰਟੀ ਪ੍ਰਧਾਨ ਅਤੇ ਸਿੱਖਿਆ ਤੇ ਖੇਡ ਮੰਤਰੀ ਦੀ ਜਨਮ ਪੱਤਰੀ `ਚ ਖੇਡ ਪ੍ਰੇਮੀ ਹੋਣ ਦੀ ਕੁੰਡਲੀ `ਤੇ ਵੀ ਤਿੱਖੇ ਸਵਾਲਾਂ ਦਾ ਰਾਹੂ-ਕੇਤੂ ਦਾ ਪਹਿਰਾ ਬਿਠਾਉਣਾ ਵੀ ਲਾਜ਼ਮੀ ਹੈ। ਪੰਜਾਬ ਦੇ ਇੱਕ ਲੋਕ ਗਾਇਕ ਦੀ ਬੋਲੀ ਬਿਲਕੁਲ ਸਾਰਥਕ ਹੁੰਦੀ ਜਾ ਰਹੀ ਹੈ ਕਿ ਅਸੀਂ ਉਂਗਲਾਂ `ਤੇ ਨਚਾਉਣਾ ਸਿੱਖ ਗਏ ਜਦੋਂ ਦੇ ਬਣੇ ਅਸੀਂ ਮੰਤਰੀ ਬਣੇ। ਖੇਡ ਵਿਭਾਗ ਵੱਲੋਂ ਸੂਬੇ `ਚ 700 ਕੋਚ ਭਰਤੀ ਕਰਨ ਦਾ ਟੀਚਾ ਸੀ ਪਰ ਨਿਗੁਣੀਆਂ ਤਨਖ਼ਾਹਾਂ `ਤੇ ਕੰਮ ਕਰ ਰਹੇ ਠੇਕੇ ਦੇ ਕੋਚਾਂ ਲਈ ਨਾ ਕੋਈ ਸਾਲਾਨਾ ਤਰੱਕੀ ਤੇ ਨਾ ਹੀ ਕੋਈ ਪੱਕੀ ਭਰਤੀ ਦਾ ਪ੍ਰੋਗਰਾਮ ਹੈ। ਪੰਜਾਬ ਦੇ ਨੌਜਵਾਨ ਤੇ ਬੇਰੁਜ਼ਗਾਰ ਖੇਡ ਅਧਿਆਪਕ ਸੰਘਰਸ਼ ਦੇ ਰਾਹ ਪੈ ਕੇ ਟੈਂਕੀਆਂ `ਤੇ ਚੜ੍ਹਨ ਲਈ ਮਜਬੂਰ ਹਨ। ਪੰਜਾਬ ਪੁਲਿਸ ਤੇ ਹੋਰ ਖੇਡ ਅਦਾਰਿਆਂ `ਚ ਖਿਡਾਰੀਆਂ ਦੀ ਭਰਤੀ ਦੇ ਬੰਦ ਪਏ ਬੂਹੇ ਕਦੋਂ ਖੋਹਲੇ ਜਾਣਗੇ? ਅਤੇ ਇਹ ਵੀ ਕਿ ਗੁਆਂਢੀ ਰਾਜਾਂ ਦੇ ਖਿਡਾਰੀ ਪੰਜਾਬ ਦੇ ਖਿਡਾਰੀਆਂ ਦੇ ਹੱਕਾਂ `ਤੇ ਡਾਕਾ ਕਿਉਂ ਮਾਰਦੇ ਹਨ?
ਓਲੰਪਿਕ ਖੇਡਾਂ ਦੀ ਕਵਰੇਜ ਦਾ ਹਲਕਾ ਫੁਲਕਾ ਪੱਖ ਵੀ ਪੜ੍ਹ ਲਓ। ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਜੋ ਬੀਜਿੰਗ ਦਾ ਸਫ਼ਰਨਾਮਾ ਹੈ, ਉਹਦੇ ਵਿਚ ਲਿਖਿਆ ਹੈ: ਮੈਂ ਜਦੋਂ ਵੀ ਜਤਿੰਦਰ ਸਾਬੀ, ਪ੍ਰਭਜੋਤ ਭਾਜੀ ਤੇ ਹਰਜਿੰਦਰ ਸਿੰਘ ਲਾਲ ਹੁਰਾਂ ਨੂੰ ਮਿਲਦਾ ਹਾਂ ਤਾਂ ਮੁੜ ਬੀਜਿੰਗ ਦੀਆਂ ਯਾਦਾਂ ਵਿਚ ਗੁਆਚ ਜਾਂਦਾ ਹਾਂ। ਉਹ ਆਪਣੇ ਸਾਥੀਆਂ ਦੇ ‘ਪੰਜਾਬੀ ਜੁਗਾੜ’ ਦਾ ਜਿ਼ਕਰ ਇੰਜ ਕਰਦਾ ਹੈ:
ਬੀਅਰ ਦੀਆਂ ਬੋਤਲਾਂ ਦਾ ਜੁਗਾੜ
ਬੀਜਿੰਗ ਵਿਚ ਸਾਡੇ ਚਾਰ ਪੱਤਰਕਾਰਾਂ ਦੇ ਗਰੁੱਪ `ਚ ਸਭ ਤੋਂ ਸੀਨੀਅਰ ਪ੍ਰਭਜੋਤ ਸਿੰਘ ਸਨ। ਉਹ ਸਾਥੋਂ ਉਮਰ ਤੇ ਤਜਰਬੇ ਦੋਹਾਂ ਵਿਚ ਹੀ ਸੀਨੀਅਰ ਸਨ। ਮੈਂ, ਜਤਿੰਦਰ ਸਾਬੀ ਤੇ ਹਰਜਿੰਦਰ ਲਾਲ ਜਿਥੇ ਪਹਿਲੀ ਵਾਰ ਓਲੰਪਿਕ ਖੇਡਾਂ ਦੀ ਕਵਰੇਜ ਕਰਨ ਗਏ ਸਾਂ ਉਥੇ ਪ੍ਰਭਜੋਤ ਭਾਜੀ ਦੀ ਪੰਜਵੀਂ ਓਲੰਪਿਕ ਸੀ। ਇਸ ਤੋਂ ਪਹਿਲਾਂ ਉਹ ਬਾਰਸੀਲੋਨਾ-1992, ਐਟਲਾਂਟਾ-1996, ਸਿਡਨੀ-2000 ਤੇ ਏਥਨਜ਼-2004 ਵਿਚ ਓਲੰਪਿਕ ਖੇਡਾਂ ਦੀ ਕਵਰੇਜ ਕਰ ਚੁੱਕੇ ਸਨ। ਉਨ੍ਹਾਂ ਦਾ ਇਕੋ ਸ਼ੌਕ ਸੀ ਬੀਅਰ ਪੀਣੀ। ਇਸ ਲਈ ਪਾਰਟੀ ਜਾਂ ਲੌਂਜ ਵਿਚ ਉਨ੍ਹਾਂ ਨੂੰ ਲੱਭਣ ਵਾਲੇ ਸਭ ਤੋਂ ਪਹਿਲਾਂ ਬੀਅਰ ਕਾਊਂਟਰ `ਤੇ ਦੇਖਣ ਜਾਂਦੇ ਬਈ ਓਥੇ ਈ ਮਿਲਣਗੇ। ਸਾਡੇ ਅਪਾਰਟਮੈਂਟ ਦੇ ਨਾਲ ਹੀ ਇਕ ਸਟੋਰ ਸੀ ਜਿਥੋਂ ਪ੍ਰਚੂਨ ਦੇ ਸਾਮਾਨ ਤੋਂ ਇਲਾਵਾ ਬੀਅਰ ਵੀ ਮਿਲਦੀ ਸੀ। ਪ੍ਰਭਜੋਤ ਭਾਜੀ ਹਰ ਰੋਜ਼ ਸਾਡੇ ਨਾਲ ਉਥੇ ਜਾਂਦੇ ਤੇ ਦੋ ਬੀਅਰਾਂ ਲੈ ਆਉਂਦੇ। ਇਸ ਸਟੋਰ `ਤੇ ਦੋ ਬੀਅਰਾਂ ਦੀ ਕੀਮਤ 4 ਜੁਆਂ ਸੀ ਤੇ ਬੀਅਰ ਦੀਆਂ ਦੋਵੇਂ ਖਾਲੀ ਬੋਤਲਾਂ ਇਕ ਜੁਆਂ ਵਿਚ ਮੁੜ ਵਿਕ ਜਾਂਦੀਆਂ। ਕਦੇ ਕਦੇ ਅਸੀਂ ਵੀ ਬੀਅਰ ਪੀਣ ਲਈ ਲੈ ਆਉਂਦੇ।
ਥੋੜ੍ਹੇ ਦਿਨਾਂ ਬਾਅਦ ਸਾਡਾ ਚੱਕਰ ਇਕ ਹੋਰ ਸਟੋਰ `ਤੇ ਲੱਗਿਆ ਜੋ ਅਪਾਰਟਮੈਂਟ ਤੋਂ ਥੋੜ੍ਹੀ ਦੂਰ ਸੀ। ਉਸ ਸਟੋਰ `ਤੇ ਬੀਅਰ ਦੀ ਬੋਤਲ 6 ਜੁਆਂ ਸੀ ਜੋ ਪਹਿਲਾਂ ਵਾਲੇ ਸਟੋਰ ਤੋਂ ਡੇਢ ਗੁਣਾ ਸੀ। ਪਰ ਖਾਲੀ ਇਕੋ ਬੋਤਲ ਉਥੇ ਇਕ ਜੁਆਂ ਵਿਚ ਵਾਪਸ ਲਈ ਜਾਂਦੀ ਸੀ। ਉਸ ਦਿਨ ਤੋਂ ਬਾਅਦ ਅਸੀਂ ਸਸਤੇ ਸਟੋਰ ਤੋਂ ਬੀਅਰ ਦੀ ਬੋਤਲ ਦੋ ਜੁਆਂ ਵਿਚ ਖਰੀਦਦੇ ਤੇ ਖਾਲੀ ਹੋਈ ਬੋਤਲ ਮਹਿੰਗੇ ਸਟੋਰ `ਤੇ ਇਕ ਜੁਆਂ ਨੂੰ ਵੇਚ ਦਿੰਦੇ। ਇਸ ਤਰ੍ਹਾਂ ਸਾਨੂੰ ਬੀਅਰ ਦੀ ਬੋਤਲ ਅੱਧੇ ਭਾਅ ਭਾਵ ਭਾਰਤੀ ਕਰੰਸੀ ਅਨੁਸਾਰ ਸਿਰਫ਼ 7 ਰੁਪਏ `ਚ ਪੈਂਦੀ। ਦੋ ਹਫ਼ਤੇ ਗੁਜ਼ਰਨ ਬਾਅਦ ਸਸਤੇ ਸਟੋਰ ਵਾਲੇ ਮਾਲਕ ਨੇ ਪੁੱਛਿਆ, ਤੁਸੀਂ ਬੀਅਰ ਦੀਆਂ ਬੋਤਲਾਂ ਤਾਂ ਲੈ ਜਾਂਦੇ ਓ ਪਰ ਖਾਲੀ ਵਾਪਸ ਵੇਚਣ ਨਹੀਂ ਲਿਆਉਂਦੇ। ਇਹੋ ਸਵਾਲ ਮਹਿੰਗੇ ਸਟੋਰ ਮਾਲਕ ਨੇ ਪੁੱਛ ਲਿਆ ਕਿ ਤੁਸੀਂ ਖਾਲੀ ਬੋਤਲਾਂ ਤਾਂ ਵੇਚਣ ਲਈ ਲੈ ਆਉਂਦੇ ਹੋ ਪਰ ਕਦੇ ਖਰੀਦ ਕੇ ਨਹੀਂ ਲਿਜਾਂਦੇ। ਅਸੀਂ ਆਪਣੇ ਪੰਜਾਬੀ ਜੁਗਾੜ ਦਾ ਭੇਤ ਨਾ ਖੋਲ੍ਹਿਆ ਬਈ ਕਿਤੇ ਚੀਨ ਵਾਲੇ ਸਾਡਾ ਜੁਗਾੜ ਵਰਤ ਕੇ ਤਰੱਕੀ ਨਾ ਕਰ ਜਾਣ!
ਬੀਜਿੰਗ ਤੋਂ ਵਾਪਸ ਮੁੜਨ ਵੇਲੇ ਸਾਡੇ ਕੋਲ ਦੋ ਦਰਜਨ ਦੇ ਕਰੀਬ ਖਾਲੀ ਬੋਤਲਾਂ ਇਕੱਠੀਆਂ ਹੋ ਗਈਆਂ ਸਨ ਜਿਹੜੀਆਂ ਅਸੀਂ ਵੇਚ ਕੇ ਟੈਕਸੀ ਕਰ ਲਈ ਤੇ ਹਵਾਈ ਅੱਡੇ ਨੂੰ ਚੱਲ ਪਏ। ਖਾਲੀ ਬੋਤਲਾਂ ਦੀ ਭਾਨ ਨਾਲ ਅਸੀਂ ਟੈਕਸੀ ਦਾ ਕਿਰਾਇਆ ਦੇ ਕੇ ਹਵਾਈ ਜਹਾਜ਼ ਚੜ੍ਹੇ ਤੇ ਦਿੱਲੀ ਆ ਉੱਤਰੇ। ਉਥੇ ਖਿਡਾਰੀਆਂ ਨਾਲ ਸਾਡੇ ਗਲਾਂ ਵਿਚ ਵੀ ਹਾਰ ਪਾਏ ਗਏ। ਅਸੀਂ ਹੈਰਾਨ ਹੋਏ! ਹਾਰ ਪਾਉਣ ਵਾਲਿਆਂ ਨੂੰ ਪਤਾ ਨਹੀਂ ਸਾਡੀ ‘ਜੁਗਾੜੂ ਚੈਂਪੀਅਨ’ ਬਣਨ ਦੀ ਖ਼ਬਰ ਕਿੱਥੋਂ ਮਿਲੀ?