ਭਾਰਤ ਨੂੰ ਫਿਰਕੂ ਦੰਗਿਆਂ `ਚ ਝੋਕਣ ਦੀ ਕੋਸ਼ਿਸ਼

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਆਰ.ਐਸ.ਐਸ.-ਭਾਜਪਾ ਦੀ ਹਿੰਦੂ ਰਾਸ਼ਟਰ ਅਤੇ ਮੁਕੰਮਲ ਕਾਰਪੋਰੇਟ ਰਾਜ ਸਥਾਪਤ ਕਰਨ ਦੀ ਬੇਹੱਦ ਖਤਰਨਾਕ ਯੋਜਨਾ ਭਾਰਤ ਦੀ ਅਮੀਰ ਸਮਾਜਕ-ਸਭਿਆਚਾਰਕ ਵੰਨ-ਸਵੰਨਤਾ, ਭਾਈਚਾਰਕ ਸਾਂਝ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਸਿਲਸਿਲੇਵਾਰ ਨਸ਼ਟ ਕਰ ਰਹੀ ਹੈ। ਸੰਘ ਪਰਿਵਾਰ ਵੱਲੋਂ ਅਜ਼ਾਨ ਦਾ ਵਿਰੋਧ ਕਰਨ ਲਈ ਮਸਜਿਦਾਂ ਅੱਗੇ ਲਾਊਡ ਸਪੀਕਰ ਲਗਾ ਕੇ ਹਨੂਮਾਨ ਚਾਲੀਸਾ ਪੜ੍ਹਨ ਦੇ ਸੱਦੇ ਦਿੱਤੇ ਜਾ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਦਿਨ-ਰਾਤ ਐਨੇ ਵਿਆਪਕ ਪੈਮਾਨੇ `ਤੇ ਮੁਸਲਮਾਨਾਂ ਵਿਰੁੱਧ ਨਫਰਤ ਬੀਜੀ ਜਾ ਰਹੀ ਹੈ ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਐਨੇ ਖਤਰਨਾਕ ਹਾਲਾਤ ਦੇ ਬਾਵਜੂਦ ਵਿਰੋਧੀ ਧਿਰ ਦੀਆਂ 13 ਰਾਜਨੀਤਕ ਪਾਰਟੀਆਂ ਨੇ ਸਰਗਰਮ ਵਿਰੋਧ ਕਰਨ ਦੀ ਬਜਾਇ ਮਹਿਜ਼ ਸਾਂਝਾ ਬਿਆਨ ਦੇ ਕੇ ਡੰਗ ਟਪਾ ਲਿਆ ਹੈ।

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਰ.ਐਸ.ਐਸ.-ਭਾਜਪਾ ਨੇ ਫਿਰਕੂ ਪਾਲਾਬੰਦੀ ਦੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਹਰਦਵਾਰ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਐਲਾਨ ਕੀਤਾ ਹੈ ਕਿ ਉਂਞ ਤਾਂ ‘ਅਖੰਡ ਭਾਰਤ’ 20-25 ਸਾਲ ‘ਚ ਬਣਨਾ ਹੈ ਪਰ ਸਾਰੇ ਥੋੜ੍ਹਾ ਯਤਨ ਕਰਨਗੇ ਤਾਂ ਇਹ ਸਿਰਫ 10-15 ਸਾਲ ‘ਚ ਬਣ ਜਾਵੇਗਾ। ਉਸ ਨੇ ਇਹ ਵੀ ਕਿਹਾ ਕਿ ਜੋ ਇਸ ਨੂੰ ਰੋਕਣਗੇ, ਉਹ ਮਿਟ ਜਾਣਗੇ। ਆਰ.ਐਸ.ਐਸ. ਦੇ ਸ਼ਬਦ ਕੋਸ਼ ਵਿਚ ‘ਅਖੰਡ ਭਾਰਤ’ ਜਾਂ ‘ਸੰਪੂਰਨ ਸਮਾਜ’ ਤੋਂ ਭਾਵ ਅਫਗਾਨਿਸਤਾਨ, ਪਾਕਿਸਤਾਨ, ਬੰਗਲਾ ਦੇਸ਼, ਤਿੱਬਤ, ਭੂਟਾਨ, ਨੇਪਾਲ, ਮਿਆਂਮਾਰ, ਮਾਲਦੀਵ ਅਤੇ ਸ੍ਰੀਲੰਕਾ ਨੂੰ ਭਾਰਤ ਵਿਚ ਮਿਲਾ ਕੇ ਹਿੰਦੂ ਰਾਸ਼ਟਰ ਤੋਂ ਬਣਾਉਣ ਤੋਂ ਹੈ। ਸੰਘ ਮੁਖੀ ਨੇ ਇਹ ਵੀ ਸਪਸ਼ਟ ਕਿਹਾ ਹੈ ਕਿ ਸਨਾਤਨ ਧਰਮ ਹੀ ਹਿੰਦੂ ਰਾਸ਼ਟਰ ਹੈ। ਇਹ ਬਿਆਨ ਉਸ ਵਕਤ ਦਿੱਤਾ ਗਿਆ ਹੈ ਜਦੋਂ ਤਾਜ਼ਾ ਭਗਵੇਂ ਹਮਲਿਆਂ ਕਾਰਨ ਮੁਸਲਿਮ ਭਾਈਚਾਰਾ ਪਹਿਲਾਂ ਹੀ ਭਾਰਤ ਵਿਚ ਆਪਣੇ ਭਵਿੱਖ ਨੂੰ ਲੈ ਕੇ ਸਹਿਮਿਆ ਹੋਇਆ ਹੈ। ਭਾਗਵਤ ਦਾ ‘ਅਖੰਡ ਭਾਰਤ’ ਦਾ ਰਾਗ ਦੰਗਈ ਬ੍ਰਿਗੇਡ ਨੂੰ ਹੱਲਾਸ਼ੇਰੀ ਦੇਣ ਲਈ ਹੈ। ਪ੍ਰਧਾਨ ਮੰਤਰੀ ਇੰਞ ਖਾਮੋਸ਼ ਹੈ ਜਿਵੇਂ ਕੁਝ ਹੋ ਹੀ ਨਹੀਂ ਰਿਹਾ।
ਨਵਰਾਤਰੀ ਦੌਰਾਨ ਦਿੱਲੀ ਦੇ ਖਾਸ ਹਿੱਸਿਆਂ ‘ਚ ਮੀਟ ਵੇਚਣ ਉਪਰ ਭਗਵਾਂ ਬ੍ਰਿਗੇਡ ਵੱਲੋਂ ਪਾਬੰਦੀ ਲਗਾ ਕੇ ਹਿੰਦੂ-ਮੁਸਲਿਮ ਟਕਰਾਓ ਪੈਦਾ ਕੀਤਾ ਗਿਆ। ਇਸ ਤੋਂ ਪਹਿਲਾਂ ਕਰਨਾਟਕਾ ਵਿਚ ਸਕੂਲਾਂ-ਕਾਲਜਾਂ ਵਿਚ ਹਿਜਾਬ ਪਹਿਨਣ ਨੂੰ ਮੁੱਦਾ ਬਣਾਇਆ ਗਿਆ ਤਾਂ ਜੋ ਮੁਸਲਿਮ ਲੜਕੀਆਂ ਨੂੰ ਪੜ੍ਹਾਈ ਤੋਂ ਬਾਹਰ ਕੀਤਾ ਜਾ ਸਕੇ। ਫਿਰ ‘ਕਸ਼ਮੀਰ ਫਾਈਲਜ਼’ ਫਿਲਮ ਦੇ ਬਹਾਨੇ ਕਸ਼ਮੀਰੀ ਪੰਡਤਾਂ ਦੇ ਉਜਾੜੇ ਅਤੇ ਹਿਜਰਤ ਦੇ ਸੰਤਾਪ ਨੂੰ ਫਿਰਕੂ ਪਾਲਾਬੰਦੀ ਲਈ ਵਰਤਿਆ ਗਿਆ। ਫਿਰ ਭਗਵੇਂ ਆਗੂਆਂ ਵੱਲੋਂ ਧਾਰਮਿਕ ਸਮਾਗਮਾਂ ਦੇ ਬਹਾਨੇ ਮੀਟ ਦੀ ਵਿਕਰੀ ਬੰਦ ਕਰਾਉਣੀ ਸ਼ੁਰੂ ਕਰ ਦਿੱਤੀ ਗਈ। ਮਾਸਾਹਾਰੀ ਖਾਣੇ ਨੂੰ ਮੁੱਦਾ ਬਣਾ ਕੇ ਜੇ.ਐਨ.ਯੂ. ਵਿਚ ਮੁੜ ਹਿੰਸਕ ਹਮਲਾ ਕੀਤਾ ਗਿਆ ਹੈ। ਦੁਕਾਨਾਂ ਬੰਦ ਰਹਿਣ ਕਾਰਨ ਮੀਟ ਵਿਕ੍ਰੇਤਾਵਾਂ, ਜੋ ਮੁੱਖ ਤੌਰ ‘ਤੇ ਛੋਟੀਆਂ-ਛੋਟੀਆਂ ਦੁਕਾਨਾਂ ਚਲਾਉਣ ਵਾਲੇ ਮੁਸਲਮਾਨ ਹਨ, ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਉਨ੍ਹਾਂ ‘ਚ ਡੂੰਘੀ ਬੇਚੈਨੀ ਅਤੇ ਗੁੱਸਾ ਖੌਲ ਰਿਹਾ ਹੈ ਜੋ ਕਦੇ ਵੀ ਫਿਰਕੂ ਰੰਗਤ ਅਖਤਿਆਰ ਕਰ ਸਕਦਾ ਹੈ।
ਮੀਟ ਬੰਦ ਕਰਾਉਣ ਤੋਂ ਬਾਅਦ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ ਸਮੇਤ ਘੱਟੋ-ਘੱਟ ਛੇ ਰਾਜਾਂ ਵਿਚ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ ਅਤੇ ਮਸਜਿਦਾਂ ਦੀ ਗਿਣ-ਮਿੱਥ ਕੇ ਭੰਨਤੋੜ ਕੀਤੀ ਗਈ ਹੈ। ਬਹੁਤ ਸਾਰੀਆਂ ਥਾਵਾਂ ਦੇ ਐਸੇ ਵੀਡੀਓ ਕਲਿੱਪ ਮੌਜੂਦ ਹਨ ਜਿੱਥੇ ਰਾਮ ਨੌਮੀ ਦੇ ਜਲੂਸਾਂ ਵਿਚ ਖੁੱਲ੍ਹੇਆਮ ਤਲਵਾਰਾਂ ਲਹਿਰਾਉਂਦੇ, ਮਸਜਿਦਾਂ ਉਪਰ ਹਮਲੇ ਕਰਦੇ, ਗੁੰਬਦਾਂ ਉਪਰ ਚੜ੍ਹ ਕੇ ਭਗਵੇਂ ਝੰਡੇ ਟੰਗਦੇ ਅਤੇ ਦੁਕਾਨਾਂ ਦੀ ਭੰਨਤੋੜ ਕਰਦੇ ਭਗਵੇਂ ਹਜੂਮ ਦੇਖੇ ਜਾ ਸਕਦੇ ਹਨ।
ਰਾਜਸਥਾਨ ਦੇ ਕਰੌਲੀ, ਮੱਧ ਪ੍ਰਦੇਸ਼ ਦੇ ਖਰਗੋਨ ਅਤੇ ਹੋਰ ਥਾਵਾਂ ਉਪਰ ਮੁਸਲਿਮ ਭਾਈਚਾਰੇ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ। ਕਰੌਲੀ ‘ਚ ਹਿੰਦੂ ਨਵੇਂ ਵਰ੍ਹੇ ਦੇ ਜਸ਼ਨ ਮਨਾਉਣ ਲਈ 2 ਅਪਰੈਲ ਨੂੰ ਆਰ.ਐਸ.ਐਸ. ਦੇ ਸਥਾਨਕ ਆਗੂ ਸਾਹਿਬ ਸਿੰਘ ਗੁਰਜਰ ਦੀ ਅਗਵਾਈ ਹੇਠ ਰੈਲੀ ਕੱਢੀ ਗਈ ਜੋ ਮੁਸਲਿਮ ਵਿਰੋਧੀ ਭੜਕਾਊ ਨਾਅਰਿਆਂ ਤੋਂ ਚੁਣਵੀਆਂ ਦੁਕਾਨਾਂ ਦੀ ਸਾੜਫੂਕ ਅਤੇ ਹਮਲਿਆਂ ‘ਚ ਬਦਲ ਗਈ। ਕਰੌਲੀ ‘ਚ 62 ਦੁਕਾਨਾਂ/ਕਾਰੋਬਾਰਾਂ ਦੀ ਭੰਨਤੋੜ ਹੋਈ ਜਿਨ੍ਹਾਂ ਵਿਚੋਂ 59 ਦੁਕਾਨਾਂ ਮੁਸਲਮਾਨਾਂ ਦੀਆਂ ਸਨ। ਇਕ ਅੰਦਾਜ਼ੇ ਅਨੁਸਾਰ 5 ਕਰੋੜ ਤੋਂ ਵਧੇਰੇ ਨੁਕਸਾਨ ਹੋਇਆ ਹੈ। ਪੁਲਿਸ ਨੇ ਇਹ ਦੋਸ਼ ਲਗਾ ਕੇ ਮੁਸਲਮਾਨਾਂ ਵਿਰੁੱਧ ਹੀ ਕੇਸ ਦਰਜ ਕਰ ਲਏ ਕਿ ਉਨ੍ਹਾਂ ਨੇ ਹਿੰਦੂਆਂ ਦੇ ਧਾਰਮਿਕ ਜਲੂਸ ਉਪਰ ਪਥਰਾਓ ਕੀਤਾ ਸੀ। ਇਹ ਚੇਤੇ ਰੱਖਣਾ ਹੋਵੇਗਾ ਕਿ ਅਗਲੇ ਸਾਲ ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਹੁਣ ਕਾਂਗਰਸ ਸੱਤਾ ਵਿਚ ਹੈ ਅਤੇ ਅਗਲੀਆਂ ਚੋਣਾਂ ਦੀ ਤਿਆਰੀ ਲਈ ਆਰ.ਐਸ.ਐਸ.-ਭਾਜਪਾ ਫਿਰਕੂ ਪਾਲਾਬੰਦੀ ਰਾਹੀਂ ਵੋਟ ਆਧਾਰ ਵਧਾ ਰਹੀ ਹੈ। ਦੰਗੇ ਕਰਵਾ ਕੇ ਹਿੰਦੂ ਫਿਰਕੇ ਨੂੰ ਭੜਕਾਇਆ ਜਾ ਰਿਹਾ ਹੈ ਕਿ ਕਾਂਗਰਸ ਮੁਸਲਮਾਨਾਂ ਨੂੰ ਖੁਸ਼ ਕਰਨ ਦੀ ਨੀਤੀ ‘ਤੇ ਚੱਲਦੀ ਹੈ ਅਤੇ ਦੰਗਈ ਮੁਸਲਮਾਨਾਂ ਨਾਲ ਸਖਤੀ ਨਾਲ ਪੇਸ਼ ਨਹੀਂ ਆਉਂਦੀ, ਦੰਗੇ ਇਸ ਕਰਕੇ ਹੁੰਦੇ ਹਨ। ਇਹ ਵੀ ਕਿ ਜੇ ਭਾਜਪਾ ਦਾ ਰਾਜ ਹੋਵੇਗਾ ਤਾਂ ਮੁਸਲਮਾਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਵਿਚ ਖਰਗੋਨ ‘ਚ ਵੀ ਰਾਮਨੌਮੀ ਦੇ ਨਾਂ ਹੇਠ ‘ਕਸ਼ਮੀਰ ਫਾਈਲਜ਼’ ਫਿਲਮ ਦੇ ਵੱਡੇ ਵੱਡੇ ਪੋਸਟਰ ਚੁੱਕ ਕੇ ਭਗਵੇਂ ਜਲੂਸ ਕੱਢੇ ਗਏ ਅਤੇ ਮਸਜਿਦਾਂ ਅੱਗੇ ਭੜਕਾਊ ਹਰਕਤਾਂ ਕਰਕੇ ਹਿੰਸਾ ਭੜਕਾਈ ਗਈ। ਮੁਸਲਮਾਨਾਂ ਵਿਰੁੱਧ ਨਿੱਤ ਨਵਾਂ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਖਰਗੋਨ ਵਿਚ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਦਾ ਸ਼੍ਰੀਰਾਮ ਜਨਉਤਸਵ ਸੋਭਾ ਯਾਤਰਾ ਵਿਚ ਸ਼ਾਮਿਲ ਹੋਣਾ ਕਿਸੇ ਡੂੰਘੀ ਸਾਜ਼ਿਸ਼ ਦਾ ਸਾਫ ਸੰਕੇਤ ਹੈ (ਇਸੇ ਕਪਿਲ ਮਿਸ਼ਰਾ ਨੇ ਉਤਰ-ਪੂਰਬੀ ਦਿੱਲੀ ਵਿਚ ਮੁਸਲਿਮ ਵਿਰੋਧੀ ਹਿੰਸਾ ਦੀ ਅਗਵਾਈ ਕੀਤੀ ਸੀ ਅਤੇ ਹੁਣ ਵੀ ਜਹਾਂਗੀਰਪੁਰੀ (ਦਿੱਲੀ) ਦੇ ਮੌਜੂਦਾ ਟਕਰਾਓ ਦੇ ਬਹਾਨੇ ਮੁਸਲਿਮ ਫਿਰਕੇ ਵਿਰੁੱਧ ਭੜਕਾਊ ਬਿਆਨਬਾਜ਼ੀ ਕਰ ਰਿਹਾ ਹੈ)। ਮੁਸਲਮਾਨਾਂ ਨੂੰ ਮਾਰਨ ਦੇ ਸੱਦੇ ਦਿੰਦੇ ਭੜਕਾਊ ਗੀਤ ਡੀ.ਜੇ. ਉਪਰ ਲਗਾ ਕੇ ਮਸਜਿਦਾਂ ਅੱਗੇ ਡਾਂਸ ਕੀਤੇ ਗਏ। ਜਦੋਂ ਇਸ ਦੇ ਪ੍ਰਤੀਕਰਮ ‘ਚ ਖਰਗੋਨ, ਸੇਧਵਾਂ ਆਦਿ ਜ਼ਿਲ੍ਹਿਆਂ ‘ਚ ਟਕਰਾਓ ਪੈਦਾ ਹੋ ਗਿਆ ਤਾਂ ਮੁਸਲਮਾਨਾਂ ਉਪਰ ਗਿਣਿਆ-ਮਿਥਿਆ ਹਮਲਾ ਸ਼ੁਰੂ ਕਰ ਦਿੱਤਾ ਗਿਆ। ਭਾਜਪਾ ਹਕੂਮਤ ਦੇ ਇਸ਼ਾਰੇ ‘ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮੁਸਲਮਾਨਾਂ ਦੇ ਘਰ ਇਸ ਬਹਾਨੇ ਤੋੜ ਦਿੱਤੇ ਗਏ ਕਿ ਉਨ੍ਹਾਂ ਨੇ ਰਾਮ ਨੌਮੀ ਦੇ ਜਲੂਸ ਉਪਰ ਪਥਰਾਓ ਕੀਤਾ ਸੀ। ਖਰਗੋਨ ‘ਚ 45 ਮਕਾਨ ਗੈਰ-ਕਾਨੂੰਨੀ ਉਸਾਰੀਆਂ ਕਰਾਰ ਦੇ ਕੇ ਤੋੜ ਦਿੱਤੇ ਗਏ ਹਨ। ਇਨ੍ਹਾਂ ਵਿਚ ਇਕ ਬਜ਼ੁਰਗ ਔਰਤ ਹਸੀਨਾ ਫਖਰੂ ਦਾ ਘਰ ਵੀ ਸੀ ਜੋ ਸਰਕਾਰੀ ਸਕੀਮ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਬਣਾਇਆ ਗਿਆ ਸੀ। ਹਕੂਮਤ ਨੇ ਬਾਕਾਇਦਾ ਹੁਕਮ ਦੇ ਕੇ ਮੁਸਲਿਮ ਜਾਇਦਾਦਾਂ ਨੂੰ ਨਸ਼ਟ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੱਤਾਧਾਰੀ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨੇ ਇਸ ਨੂੰ ਸਮੂਹਿਕ ਸਜ਼ਾ ਦਾ ਨਾਮ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਜੋ ਰਾਮ ਨੌਵੀਂ ਦੇ ਜਲੂਸਾਂ ਦੌਰਾਨ ਹਿੰਸਾ ਵਿਚ ਸ਼ਾਮਿਲ ਸਨ ਉਨ੍ਹਾਂ ਤੋਂ ਨੁਕਸਾਨ ਦਾ ਹਰਜਾਨਾ ਵਸੂਲਿਆ ਜਾਵੇਗਾ। ਯਾਨੀ ਇਸ ਬਹਾਨੇ ਮੁਸਲਮਾਨਾਂ ਨੂੰ ਅਗਲੀ ਆਰਥਕ ਸੱਟ ਮਾਰੀ ਜਾਵੇਗੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਹੈ ਕਿ ‘ਜਿਸ ਘਰ ਸੇ ਪੱਥਰ ਆਏ ਹੈਂ ਉਸ ਘਰ ਕੋ ਪੱਥਰੋਂ ਕਾ ਹੀ ਢੇਰ ਬਨਾਏਂਗੇ।’
ਅਦਾਲਤ ਰਾਹੀਂ ਦੋਸ਼ ਸਾਬਤ ਕਰਨ ਦੀ ਅਦਾਲਤੀ ਪ੍ਰਕਿਰਿਆ ਅਤੇ ਸਬੂਤਾਂ ਦੇ ਆਧਾਰ ‘ਤੇ ਸਜ਼ਾ ਦੀ ਨਿਆਂਇਕ ਵਿਵਸਥਾ ਦੀਆਂ ਧੱਜੀਆਂ ਉਡਾ ਕੇ ਗੈਰ-ਅਦਾਲਤੀ ਸਜ਼ਾਵਾਂ ਦਾ ਮਾਡਲ ਖੁੱਲ੍ਹੇਆਮ ਰਾਜਕੀ ਸਰਪ੍ਰਸਤੀ ਹੇਠ ਸਥਾਪਿਤ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਘੱਟਗਿਣਤੀਆਂ ਦੀਆਂ ਜਾਇਦਾਦਾਂ ਨੂੰ ਬੇਕਿਰਕੀ ਨਾਲ ਤਬਾਹ ਕਰ ਦੇਣ ਦੇ ਰਾਜਕੀ ਦਿਸ਼ਾ-ਨਿਰਦੇਸ਼ ਦੇ ਕੇ ‘ਬੁਲਡੋਜ਼ਰ ਬਾਬਾ’ ਅਤੇ ‘ਬੁਲਡੋਜ਼ਰ ਮਾਮਾ’ ਵਜੋਂ ਨਾਮਣਾ ਖੱਟਿਆ ਹੈ ਅਤੇ ਹਿੰਦੂ ਭਾਈਚਾਰੇ ਦਾ ਇਕ ਹਿੱਸਾ ‘ਬੁਲਡੋਜ਼ਰ ਨੀਤੀ’ ਪਿਛਲੇ ਮਨੋਰਥ ਨੂੰ ਸਮਝਣ ਦੀ ਬਜਾਏ ਇਸ ਦੀਆਂ ਤਾਰੀਫਾਂ ਕਰ ਰਿਹਾ ਹੈ।
ਇਸੇ ਤਰ੍ਹਾਂ ਉਤਰ-ਪੂਰਬੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿਚ ਹਨੂਮਾਨ ਜੈਅੰਤੀ ਦੀ ਸੋਭਾ ਯਾਤਰਾ ਰਾਹੀਂ ਫਿਰਕੂ ਟਕਰਾਓ ਖੜ੍ਹਾ ਕੀਤਾ ਗਿਆ। ਸਥਾਨਕ ਲੋਕਾਂ ਨੂੰ ਇਕ ਦੂਜੇ ਨਾਲ ਕੋਈ ਸਮੱਸਿਆ ਨਹੀਂ ਸੀ। ਮਾਹੌਲ ਸੋਭਾ ਯਾਤਰਾ ‘ਚ ਸ਼ਾਮਿਲ ਭਗਵੇਂ ਝੰਡੇ ਵਾਲੇ ਅਨਸਰਾਂ ਵੱਲੋਂ ਭੜਕਾਊ ਨਾਅਰੇ ਲਾਉਣ ਨਾਲ ਵਿਗੜਿਆ। ਸਥਾਨਕ ਲੋਕਾਂ ਅਨੁਸਾਰ ਉਨ੍ਹਾਂ ਨੇ ਮਸਜਿਦ ਉਪਰ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਦਾ ਨਤੀਜਾ ਆਪਸੀ ਪਥਰਾਓ ਅਤੇ ਭੰਨਤੋੜ ‘ਚ ਨਿਕਲਿਆ। ਭਾਜਪਾ ਦਾ ਅੱਗ ਲਾਊ ਦੂਤ ਕਪਿਲ ਮਿਸ਼ਰਾ ਇਹ ਬਿਰਤਾਂਤ ਸਿਰਜ ਰਿਹਾ ਹੈ ਕਿ ਇਸ ਪਿੱਛੇ ‘ਬੰਗਲਾਦੇਸ਼ੀ ਘੁਸਪੈਠੀਆਂ ਦਾ ਹੱਥ’ ਹੈ ਅਤੇ ਇਸ ਨੂੰ ਦਹਿਸ਼ਤਵਾਦੀ ਹਮਲੇ ਦੇ ਰੂਪ ‘ਚ ਲੈ ਕੇ ਮੁਸਲਮਾਨਾਂ ਦੇ ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਹੋਰ ਭਗਵੇਂ ਆਗੂ ਵੀ ਇਸ ਪਿੱਛੇ ਕਥਿਤ ਮੁਸਲਿਮ ਅੱਤਵਾਦੀ ਜਥੇਬੰਦੀਆਂ ਪੀ.ਐਫ.ਆਈ. ਜਾਂ ਸਿਮੀ ਦੀ ਵੱਡੀ ਸਾਜ਼ਿਸ਼ ਦਾ ਰਾਗ ਅਲਾਪ ਰਹੇ ਹਨ।
ਦਰਅਸਲ, ਇਹ ਗਿਣੀ-ਮਿੱਥੀ ਯੋਜਨਾਬੱਧ ਹਿੰਸਾ ਹੈ ਜਿਸ ਦਾ ਮਨੋਰਥ ਘੱਟਗਿਣਤੀ ਮੁਸਲਿਮ ਫਿਰਕੇ ਨੂੰ ਭੈਭੀਤ ਅਤੇ ਦਹਿਸ਼ਤਜ਼ਦਾ ਕਰਨਾ, ਉਨ੍ਹਾਂ ਦੇ ਧਾਰਮਿਕ ਸਥਾਨਾਂ, ਘਰਾਂ, ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ ਜਲਾ ਕੇ ਉਨ੍ਹਾਂ ਨੂੰ ਆਰਥਕ ਤੌਰ ‘ਤੇ ਸੱਟ ਮਾਰਨਾ ਅਤੇ ਘੱਟਗਿਣਤੀ ਸਮੂਹਾਂ ਨੂੰ ਬੇਵਸੀ ਦਾ ਅਹਿਸਾਸ ਕਰਾ ਕੇ ਬਹੁਗਿਣਤੀਵਾਦੀ ਧੌਂਸ ਅਤੇ ਦਾਬਾ ਥੋਪਣਾ ਹੈ। ਇਨ੍ਹਾਂ ਹੌਲਨਾਕ ਹਮਲਿਆਂ ‘ਚ ਨਿਸ਼ਾਨੇ ਮਿੱਥ ਕੇ ਕਾਰੋਬਾਰਾਂ, ਘਰਾਂ, ਮਸਜਿਦਾਂ ਆਦਿ ਦੀ ਸਾੜਫੂਕ, ਹਮਲਿਆਂ ਅਤੇ ਕਤਲਾਂ ਲਈ ਭੀੜਾਂ ਦੀ ਤਿਆਰੀ, ਲਾਮਬੰਦੀ ਅਤੇ ਅਗਵਾਈ ਦਾ ਉਸੇ ਤਰ੍ਹਾਂ ਦਾ ਸਾਂਝਾ ਨਮੂਨਾ ਉਘੜਵੇਂ ਰੂਪ ‘ਚ ਦਿਖਾਈ ਦਿੰਦਾ ਹੈ ਜਿਸ ਦਾ ਪ੍ਰਗਟਾਵਾ ਗੁਜਰਾਤ ਕਤਲੇਆਮ (2002), ਮੁਜ਼ੱਫਰਨਗਰ ‘ਚ ਮੁਸਲਿਮ ਵਿਰੋਧੀ ਹਿੰਸਾ, ਦਿੱਲੀ ‘ਚ ਸ਼ਾਹੀਨ ਬਾਗ਼ ਮੋਰਚਿਆਂ ਸਮੇਂ ਮੁਸਲਿਮ ਹਿੰਸਾ (2020) ਅਤੇ ਮੁਸਲਿਮ ਵਿਰੋਧੀ ਹੋਰ ਹਿੰਸਕ ਘਟਨਾਵਾਂ ‘ਚ ਪਹਿਲਾਂ ਵੀ ਵਾਰ ਵਾਰ ਹੋ ਚੁੱਕਾ ਹੈ।
ਹਜੂਮ ਦੀ ਆਮਦ ਅਤੇ ਤਣਾਓ ਤੇ ਹਿੰਸਾ ਦੀ ਸ਼ੁਰੂਆਤ ਅੰਤਰ-ਸੰਬੰਧਤ ਹੈ। ਹਿੰਦੂਤਵੀ ਹਮਲਾਵਰ ਭੀੜਾਂ ਦੇ ਆਉਣ ਤੋਂ ਪਹਿਲਾਂ ਵੱਖ-ਵੱਖ ਧਰਮਾਂ ਦੇ ਲੋਕ ਸ਼ਾਂਤਮਈ ਰਹਿ ਰਹੇ ਹੁੰਦੇ ਹਨ ਅਤੇ ਉਨ੍ਹਾਂ ਵਿਚਕਾਰ ਸਦਭਾਵਨਾ ਹੁੰਦੀ ਹੈ। ਪਹਿਲਾਂ ਅਫਵਾਹਾਂ, ਝੂਠੀਆਂ ਖਬਰਾਂ, ਇਤਿਹਾਸ ਦੀ ਤੋੜ-ਮਰੋੜ ਦੇ ਝੂਠੇ ਬਿਰਤਾਂਤ ਰਾਹੀਂ ਖਾਸ ਭਾਈਚਾਰੇ ਵਿਰੁੱਧ ਆਮ ਹਿੰਦੂਆਂ ਦੇ ਮਨਾਂ ‘ਚ ਫਿਰਕੂ ਜ਼ਹਿਰ ਭਰੀ ਜਾਂਦੀ ਹੈ ਅਤੇ ਮਜ਼੍ਹਬੀ ਆਧਾਰ ‘ਤੇ ਪਾਲਾਬੰਦੀ ਕੀਤੀ ਜਾਂਦੀ ਹੈ। ਫਿਰ ਖਾਣ-ਪੀਣ, ਪਹਿਰਾਵੇ, ਮੁਸਲਮਾਨਾਂ ਦੀ ਨਾਗਰਿਕਤਾ, ਦੇਸ਼ ਪ੍ਰਤੀ ਵਫਾਦਾਰੀ ਅਤੇ ਜਨਸੰਖਿਆ ‘ਚ ਵਾਧੇ, ਨਮਾਜ਼, ਮਸਜਿਦਾਂ ਤੋਂ ਅਜ਼ਾਨ ਦੇ ਸੱਦੇ, ਹਲਾਲ ਮੀਟ ਵਗੈਰਾ ਨੂੰ ਮੁੱਦਾ ਬਣਾ ਕੇ ਜਾਂ ਕਿਸੇ ਧਾਰਮਿਕ ਸਮਾਗਮ ਦੇ ਨਾਂ ਹੇਠ ਹਮਲਾਵਰ ਜਲੂਸ ਜਥੇਬੰਦ ਕਰਕੇ ਕਤਲ, ਸਾੜ-ਫੂਕ, ਭੰਨਤੋੜ ਕਰਵਾਈ ਜਾਂਦੀ ਹੈ। ਮੁਸਲਮਾਨਾਂ ਦੇ ਘਰ ਅਤੇ ਕਾਰੋਬਾਰ ਜਲਾਏ ਜਾਂਦੇ ਹਨ। ਫਿਰ ਮੁਸਲਮਾਨਾਂ ਨੂੰ ਹੀ ਹਿੰਸਾ ਲਈ ਜ਼ਿੰਮੇਵਾਰ ਕਰਾਰ ਦੇ ਕੇ ਉਨ੍ਹਾਂ ਵਿਰੁੱਧ ਝੂਠੇ ਕੇਸਾਂ, ਗ੍ਰਿਫਤਾਰੀਆਂ, ਅਦਾਲਤੀ ਖੱਜਲ-ਖੁਆਰੀ, ਜੇਲ੍ਹਬੰਦੀਆਂ ਅਤੇ ਸਜ਼ਾਵਾਂ ਦੀ ਰਾਜਕੀ ਹਿੰਸਾ ਸ਼ੁਰੂ ਹੋ ਜਾਂਦੀ ਹੈ। ਜਿਵੇਂ ਉਤਰ-ਪੂਰਬੀ ਦਿੱਲੀ ਹਿੰਸਾ (2020) ਸਮੇਂ ਕਪਿਲ ਮਿਸ਼ਰਾ ਵਰਗੇ ਹਮਲਿਆਂ ਦੇ ਮੋਹਰੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਦਿੱਲੀ ਪੁਲਿਸ ਨੇ ਮੁਸਲਮਾਨਾਂ ਵਿਰੁੱਧ ਹੀ ਕੇਸ ਦਰਜ ਕੀਤੇ ਸਨ ਅਤੇ ਭਾਈਚਾਰਕ ਸਾਂਝ ਅਤੇ ਹੱਕਾਂ ਦੇ ਮੁਦਈ ਵਿਦਿਆਰਥੀ ਅਤੇ ਕਾਰਕੁੰਨਾਂ ਨੂੰ ਜੇਲ੍ਹਾਂ ‘ਚ ਡੱਕ ਦਿੱਤਾ ਸੀ ਉਸੇ ਤਰਜ਼ ‘ਤੇ ਹੁਣ ਵੀ ਕੇਸ ਮੁੱਖ ਤੌਰ ‘ਤੇ ਮੁਸਲਮਾਨਾਂ ਵਿਰੁੱਧ ਹੀ ਦਰਜ ਕੀਤੇ ਗਏ ਹਨ।
ਹਾਲ ਹੀ ਵਿਚ ਦਿੱਲੀ ਪੁਲਿਸ ਵੱਲੋਂ ਦਿੱਲੀ ‘ਚ ‘ਧਰਮ ਸੰਸਦ’ ਵਿਚ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਠੋਸ ਸਬੂਤਾਂ ਦੇ ਬਾਵਜੂਦ ਕਲੀਨ ਚਿੱਟ ਦਿੱਤੀ ਗਈ ਹੈ ਜਿਸ ਤੋਂ ਇਕ ਵਾਰ ਫਿਰ ਇਹ ਸਾਬਤ ਹੋ ਗਿਆ ਕਿ ਪੁਲਿਸ ਦਾ ਡੂੰਘੇ ਰੂਪ ‘ਚ ਫਿਰਕੂਕਰਨ ਹੋ ਚੁੱਕਾ ਹੈ ਅਤੇ ਇਹ ਸੱਤਾਧਾਰੀ ਧਿਰ ਦੀ ਸ਼ਾਖਾ ਵਜੋਂ ਕੰਮ ਕਰ ਹੈ। ਯਤੀ ਨਰਸਿੰਘਾਨੰਦ, ਮਹੰਤ ਬਜਰੰਗ ਮੁਨੀ ਵਰਗੇ ਮੁਜਰਿਮ, ਜੋ ਮੁਸਲਮਾਨਾਂ ਨੂੰ ਮਾਰਨ ਲਈ ਹਥਿਆਰ ਚੁੱਕਣ ਅਤੇ ਉਨ੍ਹਾਂ ਦੀਆਂ ਔਰਤਾਂ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦੇ ਸੱਦੇ ਵਾਰ ਵਾਰ ਦਿੰਦੇ ਹਨ, ਉਹ ਸਾਫ ਬਚ ਜਾਂਦੇ ਹਨ।
ਆਰ.ਐਸ.ਐਸ.-ਭਾਜਪਾ ਦੀ ਹਿੰਦੂ ਰਾਸ਼ਟਰ ਅਤੇ ਮੁਕੰਮਲ ਕਾਰਪੋਰੇਟ ਰਾਜ ਸਥਾਪਤ ਕਰਨ ਦੀ ਇਹ ਬੇਹੱਦ ਖਤਰਨਾਕ ਯੋਜਨਾ ਭਾਰਤ ਦੀ ਅਮੀਰ ਸਮਾਜਕ-ਸਭਿਆਚਾਰਕ ਵੰਨ-ਸਵੰਨਤਾ, ਭਾਈਚਾਰਕ ਸਾਂਝ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਨਸ਼ਟ ਕਰ ਰਹੀ ਹੈ। ਸੰਘ ਪਰਿਵਾਰ ਵੱਲੋਂ ਅਜ਼ਾਨ ਦਾ ਵਿਰੋਧ ਕਰਨ ਲਈ ਮਸਜਿਦਾਂ ਅੱਗੇ ਲਾਊਡ ਸਪੀਕਰ ਲਗਾ ਕੇ ਹਨੂਮਾਨ ਚਾਲੀਸਾ ਪੜ੍ਹਨ ਦੇ ਸੱਦੇ ਦਿੱਤੇ ਜਾ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਦਿਨ-ਰਾਤ ਐਨੇ ਵਿਆਪਕ ਪੈਮਾਨੇ ‘ਤੇ ਮੁਸਲਮਾਨਾਂ ਵਿਰੁੱਧ ਨਫਰਤ ਬੀਜੀ ਜਾ ਰਹੀ ਹੈ ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।
ਐਨੇ ਖਤਰਨਾਕ ਹਾਲਾਤ ਦੇ ਬਾਵਜੂਦ ਵਿਰੋਧੀ ਧਿਰ ਦੀਆਂ 13 ਰਾਜਨੀਤਕ ਪਾਰਟੀਆਂ ਨੇ ਸਰਗਰਮ ਵਿਰੋਧ ਕਰਨ ਦੀ ਬਜਾਇ ਮਹਿਜ਼ ਸਾਂਝਾ ਬਿਆਨ ਦੇ ਕੇ ਡੰਗ ਟਪਾ ਲਿਆ ਹੈ। ਉਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਫਾਸ਼ੀਵਾਦੀ ਤਾਕਤਾਂ ਦੀ ਵਧ ਰਹੀ ਧੌਂਸ ਨੂੰ ਰੋਕਣ ਲਈ ਕੋਈ ਸਾਰਥਕ ਪਹਿਲਕਦਮੀ ਕਰਨਗੀਆਂ। ਮੁਲਕ ਉਪਰ ਮੰਡਰਾ ਰਹੇ ਐਨੇ ਵਿਕਰਾਲ ਸੰਕਟ ਦੇ ਸਮੇਂ ਫਾਸ਼ੀਵਾਦੀ ਤਾਕਤਾਂ ਅੱਗੇ ਵਿਰੋਧੀ-ਧਿਰ ਦੇ ਗੋਡੇ ਟੇਕਣ, ਚੁੱਪ ਬੈਠੇ ਰਹਿਣ ਅਤੇ ਕੋਈ ਰਾਜਨੀਤਕ ਵਿਰੋਧ ਨਾ ਕਰਨ ਦੀ ਹਕੀਕਤ ਨੂੰ ਭਾਰਤ ਦੇ ਲੋਕਾਂ ਨੂੰ ਪਛਾਣਨਾ ਚਾਹੀਦਾ ਹੈ। ਜਾਗਦੀਆਂ ਜ਼ਮੀਰਾਂ ਵਾਲੇ ਸਮੂਹ ਧਰਮਨਿਰਪੱਖ, ਅਮਨਪਸੰਦ ਲੋਕਾਂ ਨੂੰ ਖੁਦ ਸ਼ਾਹੀਨ ਬਾਗ ਅਤੇ ਕਿਸਾਨ ਅੰਦੋਲਨ ਦੀ ਤਰ੍ਹਾਂ ਸੜਕਾਂ ਉਪਰ ਮੋਰਚੇ ਮੱਲ ਕੇ ਇਸ ਖਤਰਨਾਕ ਮਨਸੂਬੇ ਨੂੰ ਟੱਕਰ ਦੇਣ ਲਈ ਅੱਗੇ ਆਉਣਾ ਪਵੇਗਾ।