ਸੰਸਾਰ ਚੌਧਰੀ ਅਮਰੀਕਾ ਦਾ ਅਰਥਚਾਰਾ ਹਾਲੋਂ ਬੇਹਾਲ

ਨਵਜੋਤ
ਫੋਨ: +91-85578-12341
ਅਜੇ ਵੀ ਅਮਰੀਕਾ `ਚ ਸਬਸਿਡੀਆਂ, ਰਾਹਤ ਪੈਕਜਾਂ ਦਾ ਫਾਇਦਾ ਭਾਵੇਂ ਬਹੁਤਾ ਸਰਮਾਏਦਾਰਾਂ ਨੂੰ ਹੁੰਦਾ ਹੈ ਪਰ ਕਰਾਂ ਦਾ ਵਧੇਰੇ ਬੋਝ ਆਮ ਲੋਕਾਂ ਉੱਤੇ ਹੀ ਹੈ। ਉਤੋਂ ਅਮਰੀਕਾ ਨੇ ਰੂਸ-ਯੂਕਰੇਨ ਜੰਗ ਵਿਚ ਜੰਗ ਵਿਰੋਧੀ ਹੋਣ ਦੀ ਗੱਲ ਕਰਦਿਆਂ ਰੂਸ ਉਤੇ ਕਈ ਆਰਥਕ ਰੋਕਾਂ ਵੀ ਮੜ੍ਹ ਦਿੱਤੀਆਂ ਹਨ। ਇਸ ਦਾ ਅਸਰ ਮੋੜਵੇਂ ਰੂਪ ਵਿਚ ਅਮਰੀਕੀ ਅਰਥਚਾਰੇ ਅਤੇ ਅਮਰੀਕੀ ਲੋਕਾਈ ਉਤੇ ਵੀ ਪਵੇਗਾ।

ਕਰੋਨਾ ਕਾਲ ਤੋਂ ਦੁਨੀਆ ਭਰ ਵਿਚ ਇਹ ਆਮ ਵਰਤਾਰਾ ਬਣ ਗਿਆ ਹੈ ਕਿ ਹਰ ਤਿਮਾਹੀ, ਛਿਮਾਹੀ ਤੇ ਸਾਲ ਦੀ ਸ਼ੁਰੂਆਤ ਵਿਚ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਫੈਡਰਲ ਰਿਜ਼ਰਵ ਬੈਂਕ, ਵੱਖੋ-ਵੱਖ ਮੁਲਕਾਂ ਦੇ ਕੇਂਦਰੀ ਬੈਂਕ ਆਉਣ ਵਾਲੇ ਸਮੇਂ ਵਿਚ ਤੇਜ਼ ਆਰਥਕ ਵਾਧਾ ਦਰ ਦੇ ਦਾਅਵੇ ਭਵਿੱਖਵਾਣੀਆਂ ਕਰਦੇ ਹਨ ਕਿ ਬੇਰੁਜ਼ਗਾਰੀ, ਮਹਿੰਗਾਈ ਆਦਿ ਉੱਤੇ ਕਾਬੂ ਪਾ ਲਿਆ ਜਾਵੇਗਾ ਪਰ ਕੁਝ ਸਮਾਂ ਲੰਘਣ ਪਿੱਛੋਂ ਹੀ ਇਨ੍ਹਾਂ ਖਿਆਲੀ ਉਡਾਰੀਆਂ ਦੀ ਫੂਕ ਨਿੱਕਲ ਜਾਂਦੀ ਹੈ।
2008 ਦੇ ਸਬਪ੍ਰਾਈਮ ਸੰਕਟ ਮਗਰੋਂ ਹੀ ਪੂਰੀ ਦੁਨੀਆ ਦੇ ਅਰਥਚਾਰਿਆਂ ਵਿਚ ਹੀ ਕੋਈ ਟਿਕਵਾਂ ਉਭਾਰ ਦਾ ਸਮਾਂ ਨਹੀਂ ਆਇਆ। ਕਰੋਨਾ ਕਾਲ ਤੱਕ ਆਉਂਦੇ ਆਉਂਦੇ ਵੱਖੋ-ਵੱਖ ਮੁਲਕਾਂ ਵਿਚ ਆਰਥਕ ਸੰਕਟ ਕਾਫੀ ਡੂੰਘਾ ਹੋ ਚੁੱਕਿਆ ਸੀ ਤੇ ਪੂਰੇ ਅਰਥਚਾਰੇ ਵਿਚ ਹੀ ਮੁਨਾਫਾ ਕਾਫੀ ਹੇਠਾਂ ਆ ਚੁੱਕਾ ਸੀ। ਅਜਿਹੇ ਵੇਲੇ ਲੋਕਾਂ ਵਿਚ ਬੇਚੈਨੀ ਵਧਣ ਲੱਗੀ ਸੀ ਤੇ ਇਸ ਦੇ ਪ੍ਰਗਟਾਵੇ ਵੀ ਹੋ ਰਹੇ ਸਨ ਜਿਨ੍ਹਾਂ ਕਰਕੇ ਸਰਕਾਰਾਂ ਚਿੰਤਾ ਵਿਚ ਸਨ।
ਦੂਜਾ, ਸਰਕਾਰਾਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਘੱਟ ਰਹੇ ਮੁਨਾਫੇ ਸੀ ਤੇ ਇਨ੍ਹਾਂ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ ਉੱਤੇ ਨਿੱਜੀਕਰਨ ਦੀ ਲੋੜ ਸੀ। ਕਰੋਨਾ ਕਾਲ ਦੀਆਂ ਪਾਬੰਦੀਆਂ ਸਮੇਂ ਲੋਕਾਂ ਦੇ ਵਿਰੋਧਾਂ ਨੂੰ ਜਬਰੀ ਰੋਕਣ ਤੇ ਦੂਜਾ ਨਿੱਜੀਕਰਨ, ਕਿਰਤ ਕਾਨੂੰਨ ਵਿਚ ਸੋਧ ਕਰਕੇ ਉਨ੍ਹਾਂ ਦੀ ਲੁੱਟ, ਜਬਰ ਨੂੰ ਹੋਰ ਅੱਗੇ ਵਧਾਇਆ ਗਿਆ ਪਰ ਇਨ੍ਹਾਂ ਪਾਬੰਦੀਆਂ ਰਾਹੀਂ ਜਿੱਥੇ ਵੱਡੇ ਸਰਮਾਏਦਾਰਾਂ ਨੂੰ ਅਥਾਹ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਇਨ੍ਹਾਂ ਪਾਬੰਦੀਆਂ ਸਦਕਾ ਹੀ ਦੁਨੀਆ ਭਰ ਵਿਚ ਆਰਥਕ ਸੰਕਟ ਵੀ ਨਵੀਆਂ ਉਚਾਈਆਂ ਉੱਤੇ ਪੁੱਜ ਗਿਆ। ਇਸ ਤੋਂ ਪਿੰਡ ਛੁਡਾਉਣਾ ਤਾਂ ਛੱਡੋ, ਆਪਣੀਆਂ ਸਾਰੀਆਂ ਨੀਤੀਆਂ ਆਦਿ ਦੇ ਬਾਵਜੂਦ ਸਰਕਾਰਾਂ ਲਈ ਫੌਰੀ ਰਾਹਤ ਲੱਭਣੀ ਵੀ ਔਖੀ ਹੋ ਚੁੱਕੀ ਹੈ।
ਸੰਸਾਰ ਅਰਥਚਾਰੇ ਅੰਦਰ ਅਮਰੀਕਾ ਸਿਰਮੌਰ ਥਾਂ ਰੱਖਦਾ ਹੈ। ਸਾਲ ਦੇ ਸ਼ੁਰੂਆਤ ਵਿਚ ਇਸ ਦੀ ਕੁੱਲ ਘਰੇਲੂ ਪੈਦਾਵਾਰ 22.9 ਖ਼ਰਬ ਡਾਲਰ ਸੀ ਜੋ ਸੰਸਾਰ ਦੀ ਕੁੱਲ ਪੈਦਾਵਾਰ ਦਾ 24.4% ਬਣਦਾ ਹੈ। 1960 ਵਿਚ ਸੰਸਾਰ ਦੀ ਕੁੱਲ ਪੈਦਾਵਾਰ ਦਾ 40% ਅਮਰੀਕਾ ਤੋਂ ਆਉਂਦਾ ਸੀ ਜੋ ਹੁਣ ਘਟ ਕੇ 24.4% ਰਹਿ ਗਿਆ ਹੈ। ਬਹੁਤੇ ਅਨੁਮਾਨਾਂ ਅਨੁਸਾਰ ਚੀਨ ਨੂੰ ਇਸ ਪੱਧਰ ਤੱਕ ਪਹੁੰਚਣ ਲਈ ਕੁਝ ਸਾਲ ਹੋਰ ਲੱਗ ਸਕਦੇ ਹਨ ਤੇ ਉਦੋਂ ਤੱਕ ਅਮਰੀਕਾ ਹੀ ਸੰਸਾਰ ਦੇ ਅਰਥਚਾਰੇ ਦਾ ਚੌਧਰੀ ਰਹੇਗਾ ਤੇ ਇਸ ਦੇ ਅਰਥਚਾਰੇ ਵਿਚ ਆਉਂਦੇ ਉਤਾਰ-ਚੜ੍ਹਾਅ ਦਾ ਪੂਰੇ ਸੰਸਾਰ ਅਰਥਚਾਰੇ ਉੱਤੇ ਕਿਸੇ ਹੋਰ ਮੁਲਕ ਦੇ ਅਰਥਚਾਰੇ ਨਾਲੋਂ ਵਧੇਰੇ ਅਸਰ ਪਵੇਗਾ।
ਅਮਰੀਕਾ ਦੁਨੀਆ ਵਿਚ ਸਭ ਤੋਂ ਵੱਧ ਵਪਾਰ ਕਰਨ ਵਾਲਾ ਮੁਲਕ ਹੈ। ਸੰਸਾਰ ਅਰਥਚਾਰੇ ਲਈ ਅਮਰੀਕੀ ਡਾਲਰ ਦੇ ਮੁੱਲ ਦਾ ਹੇਠਾਂ ਉੱਤੇ ਹੋਣਾ ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਅਮਰੀਕਾ ਦੀ ਮੁਦਰਾ ਅਮਰੀਕੀ ਡਾਲਰ ਇੱਕ ਹੱਦ ਤੱਕ ਅਖੌਤੀ ਸੰਸਾਰ ਮੁਦਰਾ ਦੀ ਭੂਮਿਕਾ ਨਿਭਾਉਂਦੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਵੱਖ ਵੱਖ ਸਰਕਾਰਾਂ ਦੇ ਵਿਦੇਸ਼ੀ ਮੁਦਰਾ ਭੰਡਾਰਾਂ ਦਾ 61% ਅਮਰੀਕੀ ਡਾਲਰਾਂ ਵਿਚ ਹੈ; ਨਾਲ ਹੀ ਸੰਸਾਰ ਵਿਚਲੇ ਕੁੱਲ ਕਰਜ਼ੇ ਦਾ 40% ਵੀ ਅਮਰੀਕੀ ਡਾਲਰਾਂ ਵਿਚ ਹੀ ਲਿਆ ਗਿਆ ਹੈ। ਇਸ ਦੇ ਨਾਲ਼ ਹੀ ਵੱਖ ਵੱਖ ਮੁਲਕਾਂ ਦਰਮਿਆਨ ਆਪਸੀ ਵਿੱਤੀ ਲੈਣ-ਦੇਣ ਦਾ 80% ਵੀ ਅਮਰੀਕੀ ਡਾਲਰਾਂ ਵਿਚ ਹੁੰਦਾ ਹੈ ਤੇ ਬਹੁਤੀਆਂ ਜਿਣਸਾਂ ਜਿਵੇਂ ਖੇਤੀਬਾੜੀ ਨਾਲ ਸਬੰਧਤ ਜਿਣਸਾਂ, ਤੇਲ, ਤਾਂਬਾ ਆਦਿ ਦਾ ਵਪਾਰ ਵੀ ਬਹੁਤਾ ਕਰਕੇ ਅਮਰੀਕੀ ਡਾਲਰਾਂ ਵਿਚ ਹੀ ਹੁੰਦਾ ਹੈ; ਮਤਲਬ, ਅਮਰੀਕੀ ਡਾਲਰ ਦਾ ਸਥਿਰ ਰਹਿਣਾ ਸੰਸਾਰ ਅਰਥਚਾਰੇ ਲਈ ਖਾਸ ਮਹੱਤਵ ਰੱਖਦਾ ਹੈ ਤੇ ਇਸ ਸਥਿਰਤਾ ਦਾ ਸਿੱਧਾ ਸਬੰਧ ਅਮਰੀਕੀ ਅਰਥਚਾਰੇ ਨਾਲ ਹੈ।
2008 ਦੇ ਸੰਕਟ ਤੋਂ ਅਮਰੀਕਾ ਦਾ ਅਰਥਚਾਰਾ ਉੱਭਰ ਨਹੀਂ ਸਕਿਆ। ਜਨਵਰੀ 2020 ਤੋਂ ਅਮਰੀਕਾ ਦਾ ਆਰਥਕ ਸੰਕਟ ਗਹਿਰਾ ਹੋ ਰਿਹਾ ਸੀ। ਕਰੋਨਾ ਕਾਲ ਮਗਰੋਂ ਇਹ ਹੋਰ ਡੂੰਘਾ ਹੋਇਆ। 2020 `ਚ ਮਨਫੀ ਵਾਧਾ ਦਰ ਤੋਂ ਬਾਅਦ 2021 `ਚ ਵਾਧਾ ਦਰ 5.7% ਰਹੀ। ਅਨੁਮਾਨਾਂ ਅਨੁਸਾਰ 2022 `ਚ ਵੀ ਇਹ 3.8-4% ਦੇ ਨੇੜੇ ਤੇੜੇ ਰਹਿਣ ਦੀ ਆਸ ਸੀ ਪਰ ਅਰਥਚਾਰੇ ਦੀ ਜਨਵਰੀ-ਫਰਵਰੀ ਦੀ ਕਾਰਗੁਜ਼ਾਰੀ ਨੇ ਦਿਖਾ ਦਿੱਤਾ ਕਿ ਇਹ ਅਨੁਮਾਨ ਹਕੀਕਤ ਤੋਂ ਬਹੁਤ ਵੱਧ ਹਨ। ਹੁਣ ਅਨੁਮਾਨ ਹੈ ਕਿ ਅਰਥਚਾਰਾ ਇਸ ਸਾਲ 3-3.2% ਨਾਲ ਵੀ ਵਧੇਗਾ। ਵਧੇਰੇ ਅਨੁਮਾਨਾਂ ਅਨੁਸਾਰ 2023 ਤੇ 2024 ਵਿਚ ਵਾਧਾ ਦਰ ਇਸ ਤੋਂ ਵੀ ਹੇਠਾਂ ਜਾਵੇਗੀ।
ਸਰਕਾਰ ਦੀ ਚਿੰਤਾ ਇਸ ਗੱਲ ਨਾਲ਼ ਹੋਰ ਵਧ ਗਈ ਹੈ ਕਿ ਅਸਲ ਪੈਦਾਵਾਰ ਵਿਚ ਮੁਨਾਫਿਆਂ ਦੀ ਤੋਟ ਸਦਕਾ ਸਰਮਾਏਦਾਰ ਇਸ ਖੇਤਰ ਵਿਚ ਨਿਵੇਸ਼ ਕਰਨ ਤੋਂ ਹੱਥ ਪਿੱਛੇ ਖਿੱਚ ਰਹੇ ਹਨ ਜਿਸ ਨਾਲ਼ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਹੋ ਰਹੀ ਹੈ। ਸਰਕਾਰੀ ਅੰਕੜਿਆਂ ਨੇ ਦਰਸਾਇਆ ਹੈ ਕਿ ਸਾਲ ਦੀ ਸ਼ੁਰੂਆਤ ਮਗਰੋਂ ਅਮਰੀਕਾ ਅੰਦਰ 3 ਲੱਖ 1 ਹਜ਼ਾਰ ਨੌਕਰੀਆਂ ਘੱਟ ਗਈਆਂ। ਪ੍ਰਾਈਵੇਟ ਏਜੰਸੀਆਂ ਦੇ ਅੰਕੜਿਆਂ ਅਨੁਸਾਰ ਜਨਵਰੀ ਦੌਰਾਨ ਅਮਰੀਕਾ ਵਿਚ ਕਰੀਬ 2.5-4 ਲੱਖ ਨੌਕਰੀਆਂ ਘਟ ਗਈਆਂ। ਕਰੋਨਾ ਕਾਲ ਸਮੇਂ ਥੋਪੀਆਂ ਪਾਬੰਦੀਆਂ ਤੋਂ ਹੀ ਬੇਰੁਜ਼ਗਾਰੀ ਅਮਰੀਕਾ ਵਿਚ ਭਿਅੰਕਰ ਸਮੱਸਿਆ ਬਣ ਰਹੀ ਸੀ। ਹੁਣ ਹਾਲਤ ਇਹ ਹੈ ਕਿ 25 ਤੋਂ 54 ਸਾਲ ਦੀ ਉਮਰ ਵਾਲ਼ੇ ਅਮਰੀਕੀਆਂ ਜੋ ਕਰੋਨਾ ਕਾਲ ਤੋਂ ਪਹਿਲਾਂ ਬਾਰੁਜ਼ਗਾਰ ਸਨ, ਵਿਚੋਂ ਹੁਣ 80% ਕੋਲ ਕੋਈ ਨੌਕਰੀ ਨਹੀਂ।
ਕਰੋਨਾ ਕਾਲ ਵੇਲੇ ਅਮਰੀਕੀ ਸਰਕਾਰ ਅਤੇ ਫੈਡਰਲ ਰਿਜ਼ਰਵ ਬੈਂਕ ਨੇ ਵੱਡੇ ਸਰਮਾਏਦਾਰਾਂ ਦੇ ਮੁਨਾਫੇ ਵਧਾਉਣ ਲਈ ਜੋ ਨੀਤੀਆਂ ਅਪਣਾਈਆਂ, ਸਬਸਿਡੀਆਂ ਤੇ ਰਾਹਤਾਂ ਦੇ ਖੁੱਲ੍ਹੇ ਗਫੇ ਦਿੱਤੇ, ਵਿਆਜ ਦਰਾਂ ਹੇਠਾਂ ਰੱਖੀਆਂ ਆਦਿ, ਹੁਣ ਨਤੀਜਾ ਸਾਹਮਣੇ ਆਉਣ ਲੱਗਾ ਹੈ। ਵਧਿਆ ਕਰਜ਼ਾ, ਮਹਿੰਗਾਈ, ਸੱਟਾ ਬਾਜ਼ਾਰ ਵਿਚ ਗੜਬੜੀ ਆਦਿ ਗੰਭੀਰ ਰੂਪ ਅਖਤਿਆਰ ਕਰ ਰਹੇ ਹਨ। ਜੇ ਸਰਕਾਰ ਮਹਿੰਗਾਈ ਨਾਲ ਨਜਿੱਠਣ ਵਾਲੀ ਨੀਤੀ ਅਪਣਾਉਂਦੀ ਹੈ ਤਾਂ ਇਸ ਨਾਲ ਸੱਟਾ ਬਾਜ਼ਾਰ ਵਿਚ ਕਾਫੀ ਗਿਰਾਵਟ ਆ ਸਕਦੀ ਹੈ ਜੋ ਪੂਰੇ ਅਰਥਚਾਰੇ ਦੀਆਂ ਜੜ੍ਹਾਂ ਹਿਲਾ ਦੇਵੇਗੀ; ਜੇ ਸੱਟਾ ਬਾਜ਼ਾਰ ਵਿਚ ਗਿਰਾਵਟ ਰੋਕਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਮਹਿੰਗਾਈ ਵਿਚ ਛੜੱਪੇ-ਮਾਰ ਵਾਧਾ ਹੋਵੇਗਾ। ਦੋਹਾਂ ਹਾਲਾਤ ਵਿਚ ਨਾ ਸਿਰਫ ਸਰਮਾਏਦਾਰਾਂ ਨੂੰ ਆਰਥਕ ਨੁਕਸਾਨ ਹੋਵੇਗਾ; ਬੇਰੁਜ਼ਗਾਰੀ, ਗਰੀਬੀ ਵਧਣ ਨਾਲ ਆਮ ਲੋਕਾਈ ਵਿਚ ਬੇਚੈਨੀ ਵਧਣ ਦੇ ਅਸਾਰ ਹਨ।
ਇਸ ਦੇ ਕੁਝ ਪ੍ਰਗਟਾਵੇ ਪਿੱਛੇ ਜਿਹੇ ਦੇਖਣ ਨੂੰ ਵੀ ਮਿਲੇ ਜਦ ਅਮਰੀਕਾ ਵਿਚ 2021 ਦੀ ਅਖੀਰਲੀ ਤਿਮਾਹੀ ਸਮੇਂ ਵੱਖ-ਵੱਖ ਕੰਪਨੀਆਂ ਜਿਵੇਂ ਕੈਲੋਗਜ਼, ਮੈਕਡੋਨਲਡਜ਼, ਜੌਹਨ ਡੀਅਰ, ਫਰਿਟੋਲੇਅ, ਵੈਂਡੀਜ਼, ਵਾਲਮਾਰਟ ਆਦਿ ਵਿਚ ਛੋਟੀਆਂ-ਵੱਡੀਆਂ ਹੜਤਾਲਾਂ ਹੋਈਆਂ ਤੇ ਬਹੁਕੌਮੀ ਕੰਪਨੀ ਸਟਾਰਬਕਸ ਵਿਚ ਪਹਿਲੀ ਵਾਰ ਮਜ਼ਦੂਰਾਂ ਦੀਆਂ ਯੂਨੀਅਨਾਂ ਬਣੀਆਂ। ਕਰੋਨਾ ਕਾਲ ਸਮੇਂ ਤੋਂ ਅਮਰੀਕਾ ਸਰਕਾਰ ਦੀ ਵਿੱਤੀ ਹਾਲਤ ਵਿਚ ਨਿਘਾਰ ਆਇਆ ਹੈ। ਤਰ੍ਹਾਂ ਤਰ੍ਹਾਂ ਦੇ ਰਾਹਤ ਪੈਕਜ, ਸਬਸਿਡੀਆਂ, ਟੈਕਸ ਵਿਚ ਛੋਟਾਂ (ਜਿਸ ਦਾ ਮੁੱਖ ਫਾਇਦਾ ਸਰਮਾਏਦਾਰਾਂ ਨੂੰ ਹੀ ਹੋਇਆ) ਆਦਿ ਨਾਲ ਅਮਰੀਕਾ ਦਾ ਫੈਡਰਲ ਕਰਜ਼ਾ ਜਨਵਰੀ 2022 ਵਿਚ 30 ਖ਼ਰਬ ਡਾਲਰ ਸੀ। ਇਹ ਇਸ ਦੀ ਕੁੱਲ ਘਰੇਲੂ ਪੈਦਾਵਾਰ ਦਾ ਲਗਭਗ 130% ਬਣਦਾ ਹੈ। 2008 ਦੇ ਸੰਕਟ ਸਮੇਂ ਇਹ ਅੰਕੜਾ 68% ਸੀ ਜੋ ਕਰੋਨਾ ਕਾਲ ਤੋਂ ਪਹਿਲਾਂ 107% ਨੂੰ ਛੂਹ ਚੁੱਕਿਆ ਸੀ। ਹੁਣ 2 ਸਾਲਾਂ ਦੇ ਵਕਫੇ ਵਿਚ ਹੀ ਇਸ ਵਿਚ ਲਗਭਗ 23% ਵਾਧਾ ਦਰਜ ਹੋਇਆ। ਜੇ ਨਿੱਜੀ ਕਰਜ਼ੇ ਨੂੰ ਵਿਚ ਜੋੜੀਏ ਜਿਸ ਵਿਚ ਮੁੱਖ ਹਿੱਸਾ ਸਰਮਾਏਦਾਰਾਂ ਸਿਰ ਕਰਜ਼ੇ ਦਾ ਹੀ ਹੁੰਦਾ ਹੈ ਤਾਂ ਅਮਰੀਕਾ ਦਾ ਕੁੱਲ ਕਰਜ਼ਾ ਕੁੱਲ ਘਰੇਲੂ ਪੈਦਾਵਾਰ ਦਾ 365% ਦੇ ਨੇੜੇ ਤੇੜੇ ਬਣਦਾ ਹੈ। ਸਰਕਾਰ ਨੂੰ ਆਸ ਸੀ ਕਿ ਉਹ ਕਰੋਨਾ ਕਾਲ ਵੇਲੇ ਵੱਡੇ ਸਰਮਾਏਦਾਰਾਂ ਨੂੰ ਜੋ ਸਬਸਿਡੀਆਂ, ਰਾਹਤ ਪੈਕੇਜ, ਘੱਟ ਦਰ ਉੱਤੇ ਵਿਆਜ ਦੇ ਰਹੇ ਹਨ, ਪਾਬੰਦੀਆਂ ਖੁੱਲ੍ਹਣ ਨਾਲ ਸਰਮਾਏਦਾਰ ਉਸ ਨੂੰ ਪੈਦਾਵਾਰ ਵਿਚ ਲਾਉਣਗੇ ਜਿਸ ਨਾਲ ਪੈਦਾਵਾਰ, ਰੁਜ਼ਗਾਰ ਵਿਚ ਵਾਧਾ ਹੋਵੇਗਾ ਤੇ ਸਰਕਾਰ ਆਪਣਾ ਕਰਜ਼ਾ ਲੋਕਾਂ ਤੇ ਸਰਮਾਏਦਾਰਾਂ ਉੱਤੇ ਟੈਕਸ ਲਾ ਕੇ ਲਾਹ ਸਕਣ ਦੇ ਸਮਰੱਥ ਹੋ ਜਾਵੇਗੀ।
ਇੱਥੇ ਇਹ ਜ਼ਿਕਰ ਜ਼ਰੂਰੀ ਹੈ ਕਿ ਅਜੇ ਵੀ ਅਮਰੀਕਾ ‘ਚ ਸਬਸਿਡੀਆਂ, ਰਾਹਤ ਪੈਕਜਾਂ ਦਾ ਫਾਇਦਾ ਭਾਵੇਂ ਬਹੁਤਾ ਸਰਮਾਏਦਾਰਾਂ ਨੂੰ ਹੁੰਦਾ ਹੈ ਪਰ ਕਰਾਂ ਦਾ ਵਧੇਰੇ ਬੋਝ ਆਮ ਲੋਕਾਂ ਉਤੇ ਹੀ ਹੈ। ਅਸਲ ਪੈਦਾਵਾਰ ਦੇ ਖੇਤਰ ‘ਚ ਮੁਨਾਫਿਆਂ ਦੀ ਤੋਟ ਸਦਕਾ ਵਧੇਰੇ ਮੁਨਾਫੇ ਕਮਾਉਣ ਲਈ ਸਰਮਾਏਦਾਰਾਂ ਨੇ ਪੈਦਾਵਾਰ ਦੀ ਥਾਂ ਮੁੱਖ ਨਿਵੇਸ਼ ਸੱਟਾ ਬਾਜ਼ਾਰ ‘ਚ ਕੀਤਾ ਜਿਸ ਨਾਲ ਸੱਟਾ ਬਾਜ਼ਾਰ ‘ਚ ਬੁਲਬੁਲਾ ਬਣਿਆ ਹੋਇਆ ਹੈ ਤੇ ਅਸਲ ਰੁਜ਼ਗਾਰ ਪਹਿਲਾਂ ਨਾਲੋਂ ਸੁੰਗੜਿਆ ਹੋਇਆ ਹੈ। ਉਤੋਂ ਰੂਸ-ਯੂਕਰੇਨ ਜੰਗ ਵਿਚ ਜੰਗ ਵਿਰੋਧੀ ਹੋਣ ਦਾ ਪਖੰਡ ਰਚਦਿਆਂ ਅਮਰੀਕਾ ਨੇ ਰੂਸ ਉਤੇ ਕਈ ਆਰਥਕ ਰੋਕਾਂ ਵੀ ਮੜ੍ਹ ਦਿੱਤੀਆਂ ਹਨ। ਇਸ ਦਾ ਅਸਰ ਮੋੜਵੇਂ ਰੂਪ ਵਿਚ ਅਮਰੀਕੀ ਅਰਥਚਾਰੇ ਤੇ ਅਮਰੀਕੀ ਲੋਕਾਈ ਉਤੇ ਵੀ ਪਵੇਗਾ।