ਜੇਲ੍ਹਾਂ ਵਿਚ ਸ਼ਰੇਆਮ ਨਸ਼ੇ ਸਪਲਾਈ ਕਰਨ ਦੀ ਪੋਲ ਖੁੱਲ੍ਹੀ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹ ਵਿਚ ਵੱਡੇ ਪੱਧਰ ‘ਤੇ ਹੋ ਰਹੀ ਨਸ਼ਿਆਂ ਦੀ ਸਪਲਾਈ ਬਾਰੇ ਸੂਬੇ ਦੇ ਇਕ ਸਾਬਕਾ ਉੱਚ ਪੁਲਿਸ ਅਫ਼ਸਰ ਵੱਲੋਂ ਕੀਤੇ ਹੈਰਾਨੀਜਨਕ ਖੁਲਾਸਿਆਂ ਨੇ ਪੰਜਾਬ ਸਰਕਾਰ ਨੂੰ ਨਵਾਂ ਵਖ਼ਤ ਪਾ ਦਿੱਤਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹਾਈ ਕੋਰਟ ਵਿਚ ਰਿਪੋਰਟ ਪੇਸ਼ ਕਰਨ ਵਾਲਾ ਸਾਬਕਾ ਅਧਿਕਾਰੀ ਸ਼ਸ਼ੀਕਾਂਤ ਕੁਝ ਸਮਾਂ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਨੂੰ ਨਸ਼ਿਆਂ ਦਾ ਧੁਰਾ ਕਹਿਣ ਬਦਲੇ ਸੂਬਾ ਸਰਕਾਰ ਤੋਂ ਝਿੜਕਾਂ ਖਾ ਚੁੱਕਾ ਹੈ।
ਹੁਣ ਹਾਈ ਕੋਰਟ ਦੇ ਅੜਿੱਕੇ ਆਉਣ ਨਾਲ ਇਸੇ ਸਰਕਾਰ ਨੂੰ ਹੀ ਇਸ ਮੁੱਦੇ ‘ਤੇ ਰਿਪੋਰਟ ਪੇਸ਼ ਕਰਨੀ ਪੈ ਗਈ ਹੈ। ਵਿਚਾਰ ਅਧੀਨ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 10 ਸਤੰਬਰ ਤੱਕ ਇਸ ਮੁੱਦੇ ‘ਤੇ ਇਸੇ ਅਧਿਕਾਰੀ ਵੱਲੋਂ ਏæਡੀæਜੀæਪੀ (ਇੰਟੈਲੀਜੈਂਸ) ਹੋਣ ਮੌਕੇ ਸਰਕਾਰ ਨੂੰ ਸੌਂਪੀ ਰਿਪੋਰਟ ਨੂੰ ਸੀਲਬੰਦ ਪੇਸ਼ ਕਰਨ ਲਈ ਕਿਹਾ ਹੈ। ਸ਼ਸ਼ੀਕਾਂਤ ਮੁਤਾਬਕ ਉਸ ਵੱਲੋਂ ਉਕਤ ਖ਼ਾਸ ਰਿਪੋਰਟ ਵਿਚ ਇਸ ਮਾਮਲੇ ਦੀਆਂ ਕਈ ਅਹਿਮ ਕੜੀਆਂ ਤੇ ਕਰਤਾ-ਧਰਤਾਵਾਂ ਬਾਰੇ ਵਿਸਤਾਰ ਦਿੱਤਾ ਹੋਇਆ ਹੈ। ਹਾਈ ਕੋਰਟ ਵਿਚ ਜੋ ਘੋਖ਼ਪੂਰਨ ਰਿਪੋਰਟ ਪੇਸ਼ ਕੀਤੀ ਗਈ ਹੈ, ਉਹ ਸਾਬਕਾ ਆਈਪੀਐਸ ਅਫ਼ਸਰ ਸ਼ਸ਼ੀਕਾਂਤ ਜੋ ਰਾਜ ਤੇ ਕੇਂਦਰ ਵਿਚ ਕਈ ਉਚ ਪੁਲਿਸ ਤੇ ਸੁਰੱਖਿਆ ਅਹੁਦਿਆਂ ‘ਤੇ ਸੇਵਾ ਨਿਭਾਅ ਚੁੱਕੇ ਹਨ, ਵੱਲੋਂ ਤਿਆਰ ਕੀਤੀ ਗਈ ਹੈ।  ਹਾਈ ਕੋਰਟ ਵਿਚ ਵੀ ਇਹ ਮਾਮਲਾ ਸਾਲ 2011 ਤੋਂ ਵਿਚਾਰਿਆ ਜਾ ਰਿਹਾ ਹੈ। ਇਸ ਬਾਰੇ ਮੁਹਾਲੀ ਦੇ ਰਹਿਣ ਵਾਲੇ ਇਕ ਪਰਮਜੀਤ ਸਿੰਘ ਨਾਮੀ ਵਿਅਕਤੀ ਨੇ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪਰਮਜੀਤ ਉਸ ਵੇਲੇ ਖ਼ੁਦ ਇਕ ਕੇਸ ਵਿਚ ਰੋਪੜ ਜੇਲ੍ਹ ਅੰਦਰ ਬੰਦ ਸੀ, ਜਦੋਂ ਉਸ ਨੇ ਉਕਤ ਜੇਲ੍ਹ ਵਿਚ ਸ਼ਰੇਆਮ ਨਸ਼ਿਆਂ ਦੀ ਵਿਕਰੀ ਹੋਣ ਤੇ ਇਸ ਖਿਲਾਫ਼ ਮੂੰਹ ਖੋਲ੍ਹਣ ਤੋਂ ਡੱਕਣ ਲਈ ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ਨੂੰ ਮਾਰੇ ਜਾਂਦੇ ਦਾਬਿਆਂ ਦਾ ਖੁਲਾਸਾ ਕਰਦਿਆਂ ਹਾਈ ਕੋਰਟ ਦੀ ਸ਼ਰਨ ਵਿਚ ਜਾ ਮਾਮਲੇ ਦੀ ਪੁਖਤਾ ਜਾਂਚ ਮੰਗੀ ਸੀ।
ਸਤੰਬਰ 2011 ਤੋਂ ਜੂਨ 2012 ਤੱਕ ਪੰਜਾਬ ਦੇ ਡੀæਜੀæਪੀ (ਜੇਲ੍ਹਾਂ) ਰਹਿ ਚੁੱਕੇ ਸ਼ਸ਼ੀਕਾਂਤ ਵੱਲੋਂ ਇਸੇ ਪ੍ਰਸੰਗ ਵਿਚ ਹਾਈ ਕੋਰਟ ਨੂੰ ਸੌਂਪੀ ਇਸ ਖ਼ਾਸ ਰਿਪੋਰਟ ਵਿਚ ਪੰਜਾਬ ਦੇ ‘ਸੁਧਾਰ ਘਰਾਂ’ ਵਿਚਲੇ ਹਾਲਾਤ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ ਜਿਸ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਸਿਰਫ਼ ਨਸ਼ੇੜੀਆਂ ਦਾ ਵੱਡਾ ਅੱਡਾ ਹੀ ਨਹੀਂ ਬਲਕਿ ਵਿਆਪਕ ਪੱਧਰ ‘ਤੇ ਗੈਰ-ਮਨੁੱਖੀ ਸੈਕਸ ਦਾ ਰੁਝਾਨ ਹੋਣ ਕਾਰਨ ਏਡਜ਼ ਵਰਗੇ ਮਾਰੂ ਰੋਗਾਂ ਦਾ ਘਰ ਵੀ ਬਣ ਰਹੀਆਂ ਹਨ। ਉਨ੍ਹਾਂ ਇਸ ਦਾ ਜ਼ਿੰਮਾ ਨਸ਼ਾ ਤਸਕਰਾਂ ਤੇ ਜੇਲ੍ਹ ਅਧਿਕਾਰੀਆਂ/ਸਟਾਫ਼ ਦੀ ਸਿਆਸਤਦਾਨਾਂ ਦੀ ਸ਼ਹਿ ਨਾਲ ਕਾਰਜਸ਼ੀਲ ਗੰਢਤੁਪ ਗਰਦਾਨਿਆਂ ਹੈ। ਰਿਪੋਰਟ ਮੁਤਾਬਕ ਪੰਜਾਬ ਦੀਆਂ  ਜੇਲ੍ਹਾਂ ਵਿਚ ਨਸ਼ੇ ਇੰਨੇ ਆਮ ਹਨ ਕਿ ਉਨ੍ਹਾਂ ਦੇ ਖ਼ੁਦ ਡੀæਜੀæਪੀ ਜੇਲ੍ਹਾਂ ਦੇ ਕਾਰਜਕਾਲ ਦੌਰਾਨ ਇਕ ਮੋਟੇ ਅੰਕੜੇ ਮੁਤਾਬਕ 50 ਤੋਂ 55 ਫ਼ੀਸਦੀ ਕੈਦੀ ਨਸ਼ਿਆਂ ਦੀ ਵਰਤੋਂ ਕਰ ਰਹੇ ਸਨ। ਇੰਨਾ ਹੀ ਨਹੀਂ ਪੰਜਾਬ ਦੀਆਂ ਵੱਡੀਆਂ ਜੇਲ੍ਹਾਂ ਵਿਚ ਹਰ ਰੋਜ਼ ਪ੍ਰਤੀ ਜੇਲ੍ਹ ਇਕ ਕਿਲੋਗ੍ਰਾਮ ਹੈਰੋਇਨ ਤੇ ਸਮੈਕ ਦੀ ਖ਼ਪਤ ਹੋ ਰਹੀ ਹੈ ਤੇ ਪੰਜਾਬ ਵਿਚ ਇਸ ਵੇਲੇ ਤਕਰੀਬਨ ਢਾਈ ਦਰਜਨ ਨਿੱਕੀਆਂ-ਵੱਡੀਆਂ ਜੇਲ੍ਹਾਂ ਹਨ। ਇਕ ਅੰਦਾਜੇ ਮੁਤਾਬਕ ਪੰਜਾਬ ਦੀਆਂ ਇੱਕਲਿਆਂ ਜੇਲ੍ਹਾਂ ਵਿਚ ਹੀ ਰੋਜ਼ਾਨਾ 50 ਕਰੋੜ ਰੁਪਏ ਦਾ ਨਾਰਕੋਟਿਕਸ ਨਸ਼ਿਆਂ ਦਾ ਵਪਾਰ ਹੋ ਰਿਹਾ ਹੈ। ਉਨ੍ਹਾਂ ਆਪਣੇ ਜੇਲ੍ਹ ਪੁਲਿਸ ਮੁਖੀ ਹੋਣ ਦੇ ਤਜਰਬਿਆਂ ਦੇ ਆਧਾਰ ‘ਤੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਨਸ਼ੇ ਕਿਵੇਂ ਜੇਲ੍ਹਾਂ ਅੰਦਰ ਪੁੱਜਦੇ ਕੀਤੇ ਜਾਂਦੇ ਹਨ। ਖੁਲਾਸਿਆਂ ਮੁਤਾਬਿਕ ਜੇਲ੍ਹ ਅੰਦਰ ਇਨ੍ਹਾਂ ਨਸ਼ਿਆਂ ਨੂੰ ਚਲਾਉਣ ਵਾਲੇ ਬਹੁਤੇ ਕੈਦੀਆਂ ਕੋਲ ਮੋਬਾਈਲ ਫੋਨ ਵੀ ਮੌਜੂਦ ਹਨ। ਇਸ ਤੋਂ ਇਲਾਵਾ ਪੇਸ਼ੀ ਭੁਗਤਣ ਆਏ ਮੁਜ਼ਰਮ ਵੀ ਨਸ਼ਿਆਂ ਦੀ ਜੇਲ੍ਹਾਂ ਅੰਦਰ ਤਸਕਰੀ ਦਾ ਇਕ ਅਹਿਮ ਜ਼ਰੀਆ ਹਨ। ਬਾਹਰੋਂ ਆਉਂਦੀਆਂ ਸਬਜ਼ੀਆਂ ਅਤੇ ਹੋਰ ਸਾਮਾਨ ਲਿਜਾਣ ਲਈ ਵਰਤੇ ਜਾਂਦੇ ਲਿਫਾਫਿਆਂ ਨੂੰ ਨਸ਼ੇ ਲਿਜਾਣ ਦਾ ਇਕ ਆਮ ਹੀ ਵਰਤਿਆ ਜਾ ਰਿਹਾ ਸਾਧਨ ਦੱਸਿਆ ਗਿਆ ਹੈ।

Be the first to comment

Leave a Reply

Your email address will not be published.