ਦਲਜੀਤ ਅਮੀ
ਫੋਨ: 91-97811-21873
ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਲਾਲ ਕਿਲੇ ਦੀ ਫਸੀਲ ਤੋਂ 15 ਅਗਸਤ ਨੂੰ ਰਵਾਇਤੀ ਤਕਰੀਰ ਕੀਤੀ। ਕੋਈ ਨਵੀਂ ਗੱਲ ਨਹੀਂ ਸੀ, ਪਰ ਇੰਨੇ ਬੇਜਾਨ ਲਹਿਜ਼ੇ ਵਿਚ ਸ਼ਾਇਦ ਹੀ ਕਦੇ ਲਾਲ ਕਿਲੇ ਦੀ ਫਸੀਲ ਤੋਂ ਤਕਰੀਰ ਕੀਤੀ ਗਈ ਹੋਵੇ। ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਤਕਰੀਰ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਮੌਜੂਦਾ ਕੇਂਦਰ ਸਰਕਾਰ ਦੀਆਂ ਨਾਕਾਮਯਾਬੀਆਂ ਤੋਂ ਲੈ ਕੇ ‘ਕਮਜ਼ੋਰ ਵਿਦੇਸ਼ ਨੀਤੀ’ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਪੂਰੇ ਮੁਲਕ ਵਿਚ ਚਰਚਾ ਇਹ ਹੋ ਰਹੀ ਹੈ ਕਿ ਨਰਿੰਦਰ ਮੋਦੀ ਨੇ ਰਾਜਤੰਤਰੀ ਸਲੀਕੇ ਦੀ ਹੱਦ ਪਾਰ ਕੀਤੀ ਹੈ ਜੋ ਅਜਿਹੇ ਮੌਕੇ ਜਾਇਜ਼ ਨਹੀਂ ਸੀ। ਜਵਾਬੀ ਦਲੀਲ ਹੈ ਕਿ ਪ੍ਰਧਾਨ ਮੰਤਰੀ ਦੀ ਤਕਰੀਰ ਨਾਲ ਮੁਲਕ ਵਾਸੀਆਂ ਨੂੰ ਨਿਰਾਸ਼ਾ ਹੋਈ ਸੀ ਅਤੇ ਮੋਦੀ ਨੇ ਉਮੀਦ ਦੀ ਕਿਰਨ ਜਗਾਉਣ ਦਾ ਕੰਮ ਕੀਤਾ ਹੈ। ਆਖ਼ਰ ਅਜਿਹਾ ਕੀ ਹੋ ਗਿਆ ਕਿ ਇਹ ਸਭ ਤੋਂ ਅਹਿਮ ਮੁੱਦਾ ਬਣ ਗਿਆ?
ਇਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਤਕਰੀਰ ਵਿਚ ਕੇਂਦਰ ਉੱਤੇ ਸੂਬਿਆਂ ਨਾਲ ਵਿਤਕਰੇ ਦਾ ਰਵਾਇਤੀ ਬਿਆਨ ਦਿੱਤਾ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਮੌਜੂਦਾ ਮਾਹੌਲ ਵਿਚ ਇਹ ਕਹਿਣ ਦੀ ਹਿੰਮਤ ਦਿਖਾਈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਪਾਕਿਸਤਾਨ ਅਤੇ ਖਾੜਕੂ ਧਿਰਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਪੁੱਛਿਆ ਕਿ ਜੇ ਇਹ ਘਰੇਲੂ ਮਸਲਾ ਹੁੰਦਾ ਤਾਂ ਸ਼ਿਮਲਾ ਸਮਝੌਤੇ, ਲਾਹੌਰ ਅਤੇ ਆਗਰੇ ਹੋਈਆਂ ਦੁਵੱਲੀਆਂ ਉੱਚ-ਪੱਧਰੀ ਚਰਚਾਵਾਂ ਦੀ ਕਿਉਂ ਲੋੜ ਪਈ? ਪਿਛਲੇ ਸਾਲਾਂ ਦੌਰਾਨ ਵੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੀਆਂ ਲਾਲ ਕਿਲੇ ਦੀ ਫਸੀਲ ਤੋਂ ਕੀਤੀਆਂ ਤਕਰੀਰਾਂ ਦੀ ਨੁਕਤਾਚੀਨੀ ਇਸੇ ਤਰ੍ਹਾਂ ਕੀਤੀ ਹੈ। ਇਸ ਵਾਰ ਨਰਿੰਦਰ ਮੋਦੀ ਨੇ 14 ਅਗਸਤ ਨੂੰ ਬਿਆਨ ਦੇ ਦਿੱਤਾ ਕਿ ਪੂਰਾ ਮੁਲਕ ਲਾਲ ਕਿਲੇ ਦੀ ਫਸੀਲ ਤੋਂ ਬੋਲਦੇ ਪ੍ਰਧਾਨ ਮੰਤਰੀ ਨੂੰ ਸੁਣੇਗਾ ਅਤੇ ਇਸ ਦਾ ਮੁਕਾਬਲਾ ਗੁਜਰਾਤ ਵਿਚ ਹੋਣ ਵਾਲੀ ਤਕਰੀਰ ਨਾਲ ਕੀਤਾ ਜਾਵੇਗਾ। ਮੁਕਾਬਲੇ ਦੇ ਦੌਰ ਵਿਚ ਮੋਦੀ ਨੇ ਮੀਡੀਆ ਨੂੰ ਉਕਸਾਉਣ ਲਈ ਢੁਕਵੇਂ ਸ਼ਬਦ ਦੀ ਵਰਤੋਂ ਕੀਤੀ ਅਤੇ ਇਸ ਸ਼ਬਦ ਦੀ ਡੋਰੀ ਨਾਲ ਬੱਝਿਆ ਟੈਲੀਵਿਜ਼ਨ-ਤੰਤਰ ਸਿੱਧੇ ਪ੍ਰਸਾਰਨ ਲਈ ਭੁੱਜ ਦੇ ਲਾਲਨ ਕਾਲਜ ਪਹੁੰਚ ਗਿਆ। ਇਹ ਮੁਕਾਬਲੇਬਾਜ਼ੀ ਮੌਜੂਦਾ ਮੰਡੀ ਵਿਚ ਬਹੁਤ ਵਿਕਦੀ ਹੈ ਅਤੇ ਜ਼ਿਆਦਾਤਰ ਸਿਆਸੀ ਪਾਰਟੀਆਂ ਨੂੰ ਬਹੁਤ ਪੁੱਗਦੀ ਹੈ।
ਨਰਿੰਦਰ ਮੋਦੀ ਨੂੰ ਭਾਵੇਂ ਭਾਜਪਾ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਰਸਮੀ ਰੂਪ ਵਿਚ ਨਹੀਂ ਐਲਾਨਿਆ, ਪਰ ਉਹ ਆਪਣੇ-ਆਪ ਨੂੰ ਕਿਸੇ ਰਸਮੀ ਐਲਾਨ ਦਾ ਮੁਹਤਾਜ਼ ਨਹੀਂ ਸਮਝਦਾ। ਉਸ ਦਾ ਸਿਆਸੀ ਜੀਵਨ ਗਵਾਹੀ ਭਰਦਾ ਹੈ ਕਿ ਇਹ ਉਸ ਦੀ ਕਾਰਜਸ਼ੈਲੀ ਹੈ ਜਿਸ ਰਾਹੀਂ ਉਹ ਭਾਜਪਾ ਨੂੰ ਆਪਣੀ ਗੱਲ ਮਨਵਾਉਣ ਦਾ ਮਾਹਰ ਹੈ। ਵਿਧਾਨ ਸਭਾ ਚੋਣਾਂ ਦੌਰਾਨ ਉਹ ਚੋਣ ਪ੍ਰਚਾਰ ਹੋਣ ਵਾਲੇ ਮੁੱਖ ਮੰਤਰੀ ਵਜੋਂ ਹੀ ਕਰਦਾ ਸੀ। ਕੋਈ ਰਸਮੀ ਐਲਾਨ ਕਰਨ ਦਾ ਹੱਕ ਉਹ ਕਿਸੇ ਪਾਰਟੀ ਨੂੰ ਨਹੀਂ ਦਿੰਦਾ। ‘ਕਾਰਵਾਂ’ ਰਸਾਲੇ ਦੇ ਪੱਤਰਕਾਰ ਵਿਨੋਦ ਜੌਂਸ ਨੇ ਮੋਦੀ ਉੱਤੇ ਵੱਡਾ ਲੇਖ ਲਿਖਿਆ ਹੈ ਜਿਸ ਵਿਚ ਉਸ ਦੀ ਕਾਰਜਸ਼ੈਲੀ ਦਾ ਜ਼ਿਕਰ ਤਫ਼ਸੀਲ ਨਾਲ ਕੀਤਾ ਗਿਆ ਹੈ। ਉਸ ਲੇਖ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰæਐਸ਼ਐਸ਼) ਦੇ ਵੱਡੇ ਆਗੂ ਪ੍ਰਵਾਨ ਕਰਦੇ ਹਨ ਕਿ ਮੋਦੀ ਕਿਸੇ ਦੀ ਰਹਿਤ-ਮਰਿਆਦਾ ਵਿਚ ਨਹੀਂ, ਸਗੋਂ ਆਪਣੀ ਹੋਣੀ ਆਪ ਤੈਅ ਕਰਦਾ ਹੈ। ਵਿਨੋਦ ਜੌਂਸ ਪੁੱਛਦਾ ਹੈ ਕਿ ਜੇ ਸੰਘ ਔਖਾ ਹੈ ਤਾਂ ਮੋਦੀ ਨੂੰ ਖਹਿੜਾ ਕਿਉਂ ਨਹੀਂ ਛੁਡਾ ਲੈਂਦਾ; ਤਾਂ ਸੰਘ ਦਾ ਆਗੂ ਕਹਿੰਦਾ ਹੈ, “ਸ਼ਿਵ ਲਿੰਗ ਪੇ ਵਿਛੂ ਬੈਠਾ ਹੈ, ਜੁਤਾ ਮਾਰ ਨਹੀਂ ਸਕਤੇ, ਹਾਥ ਸੇ ਹਟਾ ਨਹੀਂ ਸਕਤੇ।” ਨਰਿੰਦਰ ਮੋਦੀ ਨੇ ਮੀਡੀਆ ਦੀ ਮੁਨਾਫ਼ਾ-ਨਸ ਨੂੰ ਫੜਿਆ ਅਤੇ ਚਰਚਾ ਦੇ ਕੇਂਦਰ ਵਿਚ ਆ ਗਿਆ। ਇਸ ਦਾ ਸਿੱਧਾ ਰਾਬਤਾ ਆਉਂਦੀਆਂ ਲੋਕ ਸਭਾ ਚੋਣਾਂ ਨਾਲ ਹੈ।
ਜਦੋਂ ਨਰਿੰਦਰ ਮੋਦੀ ਨੇ 14 ਅਗਸਤ ਨੂੰ ਬਿਆਨ ਦਿੱਤਾ ਤਾਂ ਕਾਂਗਰਸੀ ਆਗੂਆਂ ਨੇ ਜਵਾਬੀ ਹਮਲਾ ਕੀਤਾ। ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ ਇਸ ਨੂੰ ‘ਮੋਦੀ ਦੀ ਹੈਂਕੜਬਾਜ਼ੀ’ ਕਰਾਰ ਦਿੱਤਾ। ਇਸੇ ਤਰ੍ਹਾਂ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਭਾਜਪਾ ਮੋਦੀ ਦੇ ‘ਝੂਠਾਂ ਦਾ ਵਿਖਿਆਨ’ ਸੁਣਨ ਵਿਚ ਦਿਲਚਸਪੀ ਰੱਖਦੀ ਹੈ ਜੋ ਉਹ ਹਮੇਸ਼ਾਂ ਬੋਲਦਾ ਹੈ। ਕਾਂਗਰਸੀ ਮੰਤਰੀਆਂ ਦੀ ਇਸ ਕਾਹਲਕਦਮੀ ਪਿੱਛੇ ਦਲੀਲ ਹੈ। ਜੇ ਮਨਮੋਹਨ ਸਿੰਘ ਦੀ ‘ਬੇਜਾਨ ਸ਼ਖ਼ਸੀਅਤ’ ਮੋਦੀ ਦੀ ਸਭ ਤੋਂ ਵੱਡੀ ਤਾਕਤ ਹੈ ਤਾਂ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਨਾ ਕਾਂਗਰਸ ਨੂੰ ਆਪਣੀ ਤਾਕਤ ਲੱਗਦਾ ਹੈ। ਕਾਂਗਰਸ ਨੂੰ ਲੱਗਦਾ ਹੈ ਕਿ ਇਸ ਵੇਲੇ ਸਰਕਾਰੀ ਪ੍ਰਾਪਤੀਆਂ ਨਾਲ ਤਾਂ ਨਹੀਂ, ਪਰ ਨਰਿੰਦਰ ਮੋਦੀ ਦੇ ਬੁਨਿਆਦਪ੍ਰਸਤ ਪਿਛੋਕੜ ਅਤੇ ਫ਼ਿਰਕਾਪ੍ਰਸਤ ਨਜ਼ਰੀਏ ਦੇ ਖ਼ੌਫ਼ ਨਾਲ ਚੋਣ ਜਿੱਤੀ ਜਾ ਸਕਦੀ ਹੈ। ਟੈਲੀਵਿਜ਼ਨ ਉੱਤੇ ਸਿਆਸੀ ਟਿੱਪਣੀਕਾਰ ਅਭੈ ਦੂਬੇ ਕਈ ਵਾਰ ਕਹਿ ਚੁੱਕੇ ਹਨ ਕਿ ਜ਼ਿਆਦਾਤਰ ਕਾਂਗਰਸੀ ਆਗੂ ਅੰਦਰੋ-ਅੰਦਰ ਖ਼ੁਸ਼ ਹਨ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣ ਰਿਹਾ ਹੈ। ਦੂਬੇ ਮੁਤਾਬਕ ਕਾਂਗਰਸ ਨੂੰ ਅਡਵਾਨੀ ਜਾਂ ਸੁਸ਼ਮਾ ਸਵਰਾਜ ਤੋਂ ਜ਼ਿਆਦਾ ਖ਼ਤਰਾ ਹੋ ਸਕਦਾ ਸੀ। ਇਸ ਦਲੀਲ ਵਿਚ ਦਮ ਲੱਗਦਾ ਹੈ, ਕਿਉਂਕਿ ਮੌਜੂਦਾ ਸਰਕਾਰ ਆਪਣੇ ਦਸਵੇਂ ਸਾਲ ਵਿਚ ਪ੍ਰਾਪਤੀਆਂ ਵਜੋਂ ਕੁਝ ਖ਼ਾਸ ਪੇਸ਼ ਨਹੀਂ ਕਰ ਪਾ ਰਹੀ। ਇਸ ਲਿਹਾਜ਼ ਨਾਲ ਮੌਜੂਦਾ ਵਿਵਾਦ ਕਿਸੇ ਧਿਰ ਦੀ ਮਜਬੂਰੀ ਨਹੀਂ ਹੈ, ਸਗੋਂ ਦੋਵਾਂ ਪਾਰਟੀਆਂ ਦੀ ਦਿਲਚਸਪੀ ਵਿਚੋਂ ਨਿਕਲਿਆ ਹੈ। ਇਸ ਨੂੰ ਹਵਾ ਮੀਡੀਆ ਨੇ ਦਿੱਤੀ ਹੈ। ਇਸ ਵਿਵਾਦ ਤੋਂ ਸਭ ਤੋਂ ਵੱਧ ਪ੍ਰੇਸ਼ਾਨੀ ਭਾਜਪਾ ਅੰਦਰਲੇ ਮੋਦੀ ਖੇਮੇ ਨੂੰ ਹੋ ਸਕਦੀ ਹੈ ਜੋ ਮਜਬੂਰੀਵਸ ਚੁੱਪ ਬੈਠਾ ਹੈ। ਇਹ ਮਜਬੂਰੀ ਅਡਵਾਨੀ ਦੇ ਮੂੰਹੋਂ ਕਿਰ ਗਈ ਹੈ ਅਤੇ ਕੁਝ ਹੋਰ ਆਗੂਆਂ ਦੇ ਬੋਚ ਕੇ ਬੋਲੇ ਸ਼ਬਦਾਂ ਵਿਚੋਂ ਸਮਝੀ ਜਾ ਸਕਦੀ ਹੈ।
ਇਸ ਵਿਵਾਦ ਤੋਂ ਬਾਹਰ ਨਿਕਲ ਕੇ ਇਹ ਵੇਖਣਾ ਜ਼ਰੂਰੀ ਹੈ ਕਿ ਮੋਦੀ ਨੇ ਅਜਿਹਾ ਕੀ ਕੁਫ਼ਰ ਤੋਲਿਆ ਹੈ ਜੋ ਇਹ ਕੌਮੀ ਮੁੱਦਾ ਬਣ ਗਿਆ ਹੈ? ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕਿਸੇ ਕਾਨੂੰਨ ਦੀ ਨਹੀਂ, ਪਰ ਰਵਾਇਤ ਦੀ ਹੱਦ ਪਾਰ ਕਰਨ ਵਾਲੀ ਮਿਸਾਲ ਜ਼ਰੂਰ ਹੈ। ਜੇ ਇਹ ਤਕਰੀਰ 14 ਅਗਸਤ ਜਾਂ 16 ਅਗਸਤ ਨੂੰ ਦਿੱਤੀ ਜਾਂਦੀ ਤਾਂ ਕੀ ਫ਼ਰਕ ਪੈਣਾ ਸੀ? ਜੇ ਮੋਦੀ ਇਹ ਤਕਰੀਰ ਨਾ ਦਿੰਦੇ ਤਾਂ ਕੀ ਫ਼ਰਕ ਪੈਣਾ ਸੀ? ਜਦੋਂ ਸਿਆਸੀ ਪਾਰਟੀਆਂ ਵਿਧਾਨ ਸਭਾਵਾਂ, ਲੋਕ ਸਭਾ ਜਾਂ ਰਾਜ ਵਿਚ ਸਲੀਕੇ ਵਿਚ ਨਹੀਂ ਰਹਿੰਦੀਆਂ ਤਾਂ ਉਨ੍ਹਾਂ ਨੂੰ 15 ਅਗਸਤ ਨੂੰ ਕਿਸੇ ਸਲੀਕੇ ਦੀ ਤਵੱਕੋ ਕਿਉਂ ਕੀਤੀ ਜਾਂਦੀ ਹੈ। ਜੇ 364 ਦਿਨ ਬੇਸਲੀਕੀ ਕਰਨ ਤੋਂ ਬਾਅਦ ਉਹ ਸਲੀਕੇ ਵਿਚ ਰਹਿ ਵੀ ਜਾਂਦੀਆਂ ਹਨ ਤਾਂ ਇਸ ਨੂੰ ਦੋਗ਼ਲਾਪਣ ਕਿਉਂ ਨਾ ਕਿਹਾ ਜਾਵੇ? ਕੁਲ ਮਿਲਾ ਕੇ ਬਹਿਸ ਸਲੀਕੇ ਦੇ ਨਾਮ ਹੇਠ ਇੱਕ ਦਿਨ ਪਾਖੰਡ ਕਰਨ ਦੀ ਮੰਗ ਤੱਕ ਹੀ ਤਾਂ ਮਹਿਦੂਦ ਹੈ। ਦਲੀਲ ਦਿੱਤੀ ਜਾ ਰਹੀ ਹੈ ਕਿ ਵਿਦੇਸ਼ ਨੀਤੀ ਦੇ ਨਾਮ ਉੱਤੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਮੁਲਕ ਨੂੰ ਇੱਕਮੁੱਠ ਤਾਕਤ ਵਜੋਂ ਪੇਸ਼ ਹੋਣਾ ਚਾਹੀਦਾ ਸੀ। ਸਵਾਲ ਇਹ ਹੈ ਕਿ ਵਿਦੇਸ਼ ਨੀਤੀ ਬਾਰੇ ਸਾਡੇ ਮੁਲਕ ਵਿਚ ਬਹਿਸ ਲਗਾਤਾਰ ਹੁੰਦੀ ਰਹਿੰਦੀ ਹੈ ਜਿਸ ਨੂੰ ਅਸੀਂ ਜਮਹੂਰੀਅਤ ਦਾ ਹਿੱਸਾ ਮੰਨਦੇ ਹਾਂ। ਪੰਦਰਾਂ ਅਗਸਤ ਨੂੰ ਇਸ ਬਹਿਸ ਤੋਂ ਮੁਨਕਰ ਹੋਣਾ ਕਿਹੋ ਜਿਹਾ ਸਲੀਕਾ ਹੈ? ਕੀ ਸਾਡੇ ਮੁਲਕ ਦੇ ਆਵਾਮ ਜਾਂ ਕੌਮਾਂਤਰੀ ਭਾਈਚਾਰੇ ਦੀ ਯਾਦਾਸ਼ਤ ਉਸ ਮੌਕੇ ‘ਸਲੀਕੇ-ਵਸ’ ਖ਼ਤਮ ਹੋ ਜਾਂਦੀ ਹੈ? ਪ੍ਰਧਾਨ ਮੰਤਰੀ ਦੀ ਤਕਰੀਰ ਸਿਆਸੀ ਤਕਰੀਰ ਸੀ। ਉਨ੍ਹਾਂ ਨੇ ਪਿਛਲੇ 65 ਸਾਲਾਂ ਦੀ ਪ੍ਰਾਪਤੀਆਂ ਦਰਸਾਉਣ ਲਈ ਚੋਣਵੇਂ ਤੱਥ ਪੇਸ਼ ਕੀਤੇ। ਕਾਂਗਰਸੀ ਤੋਂ ਬਿਨਾਂ ਦੂਜੇ ਪ੍ਰਧਾਨ ਮੰਤਰੀਆਂ ਦਾ ਜ਼ਿਕਰ ਨਹੀਂ ਆਇਆ। ਆਪਣੀ ਸਿਫ਼ਤ ਕਰਨ ਵੇਲੇ ਉਨ੍ਹਾਂ 1991 ਵਿਚ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦਾ ਜ਼ਿਕਰ ਕੀਤਾ, ਪਰ ਇਨ੍ਹਾਂ ਸੁਧਾਰਾਂ ਨੂੰ ਅੱਗੇ ਲਿਜਾਣ ਵਿਚ ਭਾਜਪਾ ਦਾ ਜ਼ਿਕਰ ਤੱਕ ਨਹੀਂ ਕੀਤਾ। ਜੇ ਇਨ੍ਹਾਂ ਆਰਥਿਕ ਸੁਧਾਰਾਂ ਦਾ ਬਾਨੀ ਕਹਿੰਦਾ ਹੈ ਕਿ ‘ਪੈਸੇ ਰੁੱਖਾਂ ਨੂੰ ਨਹੀਂ ਲੱਗਦੇ’ ਤਾਂ ਜਵਾਬ ਵਿਚ ਇਨ੍ਹਾਂ ਸੁਧਾਰਾਂ ਦਾ ਭਾਜਪਾਈ ਆਗੂ ਦੱਸਦਾ ਹੈ ਕਿ ਅਸੀਂ ਤਾਂ ‘ਭੁੱਜ ਦੇ ਰਣ ਵਿਚ ਪੈਸੇ ਉਗਾ ਦਿੱਤੇ’ ਹਨ। ਇਸ ਵੇਲੇ ਸਰਕਾਰ ਲਾਲ ਕਿਲੇ ਤੋਂ ਕਬੂਲ ਕਰਦੀ ਹੈ ਕਿ ਸਾਡੇ ਕੋਲ ਗ਼ਰੀਬੀ ਤੈਅ ਕਰਨ ਦਾ ਕੋਈ ਪੁਖ਼ਤਾ ਪੈਮਾਨਾ ਨਹੀਂ ਹੈ। ਇਸ ਪੈਮਾਨੇ ਦੀ ਅਣਹੋਂਦ ਵਿਚ ਵੀ ਤਾਂ ਸਰਕਾਰ ਕਬੂਲ ਕਰ ਚੁੱਕੀ ਹੈ ਕਿ 67 ਫ਼ੀਸਦੀ ਆਬਾਦੀ ਨੂੰ ਖ਼ੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਮੁਫ਼ਤ ਜਾਂ ਸਸਤਾ ਅਨਾਜ-ਦਾਲ ਦੇਣ ਦੀ ਲੋੜ ਹੈ। ਜੇ 67 ਫ਼ੀਸਦੀ ਆਵਾਮ ਖ਼ੁਰਾਕ ਲਈ ਮੁਹਤਾਜ਼ ਹੈ ਤਾਂ ਗ਼ਰੀਬੀ ਦਾ ਪੈਮਾਨਾ ਕੋਈ ਵੀ ਹੋਵੇ, ਪਰ ਇਸ ਦੀ ਮਾਰ ਵਿਚ ਆਬਾਦੀ ਦਾ ਜ਼ਿਆਦਾਤਰ ਹਿੱਸਾ ਆਇਆ ਹੋਇਆ ਹੈ। ਇਹ ਆਰਥਿਕ ਸੁਧਾਰਾਂ ਦੀ ਪ੍ਰਾਪਤੀਆਂ ਅਤੇ ‘ਰਣ ਵਿਚ ਉਗੇ’ ਰੁਪਏ ਦੇ ਦੌਰ ਵਿਚ ਹੀ ਵਾਪਰ ਰਿਹਾ ਹੈ। ਦਰਅਸਲ ਜਦੋਂ ਸਾਰੀ ਬਹਿਸ ਦੋ ਤਕਰੀਰਾਂ ਦੁਆਲੇ ਮਹਿਦੂਦ ਹੋ ਰਹੀ ਹੈ ਤਾਂ ਸਭ ਤੋਂ ਅਹਿਮ ਮੁੱਦੇ ਨਜ਼ਰਅੰਦਾਜ਼ ਹੋ ਰਹੇ ਹਨ।
ਪ੍ਰਧਾਨ ਮੰਤਰੀ ਦੀ ਤਕਰੀਰ ਦਾ ਆਖ਼ਰੀ ਹਿੱਸਾ ਕੁਝ ਤਵੱਜੋ ਦੀ ਮੰਗ ਕਰਦਾ ਹੈ, “ਜੇ ਅਸੀਂ ਅਗਲੇ ਸਾਲਾਂ ਦੌਰਾਨ ਬੀਤੇ ਦਹਾਕੇ ਦੀਆਂ ਪ੍ਰਾਪਤੀਆਂ ਨੂੰ ਕਾਇਮ ਰੱਖ ਸਕੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦਾ ਗ਼ੁਰਬਤ, ਭੁੱਖ, ਬਿਮਾਰੀਆਂ ਅਤੇ ਅਗਿਆਨਤਾ ਤੋਂ ਛੁਟਕਾਰਾ ਹੋ ਜਾਵੇਗਾ। ਸਾਡਾ ਭਾਰਤ ਖ਼ੁਸ਼ਹਾਲ ਹੋਵੇਗਾ ਅਤੇ ਇਸ ਖ਼ੁਸ਼ਹਾਲੀ ਵਿਚ ਧਰਮ, ਜਾਤ, ਖਿੱਤੇ ਅਤੇ ਬੋਲੀ ਦੀਆਂ ਹੱਦਾਂ ਤੋਂ ਉਪਰ ਉੱਠ ਕੇ ਸਮੁੱਚੇ ਆਵਾਮ ਦੀ ਹਿੱਸੇਦਾਰੀ ਹੋਵੇਗੀ। ਸਾਨੂੰ ਸਿਆਸੀ ਸਥਿਰਤਾ, ਸਮਾਜਕ ਸਦਭਾਵਨਾ ਅਤੇ ਸੁਰੱਖਿਆ ਵਾਲਾ ਮਾਹੌਲ ਸਿਰਜਣ ਦੀ ਲੋੜ ਹੈ।” ਲਾਲ ਕਿਲੇ ਦੀ ਫਸੀਲ ਤੋਂ 15 ਅਗਸਤ 1947 ਤੋਂ ਲੈ ਕੇ ਹੁਣ ਤੱਕ ਦਿੱਤੀਆਂ ਗਈਆਂ ਸਾਰੀਆਂ ਤਕਰੀਰਾਂ ਵਿਚ ਇਨ੍ਹਾਂ ਸਤਰਾਂ ਦਾ ਜ਼ਿਕਰ ਥੋੜ੍ਹੇ-ਬਹੁਤੇ ਹੇਰ-ਫੇਰ ਨਾਲ ਆਇਆ ਹੈ। ਇਹ ਸਤਰਾਂ 1940ਵਿਆਂ ਅਤੇ 1950ਵਿਆਂ ਵਿਚ ਚੁਣੌਤੀਆਂ ਨੂੰ ਦਰਸਾਉਂਦੀਆਂ ਸਨ। ਇਸ ਤੋਂ ਬਾਅਦ 1960ਵਿਆਂ ਅਤੇ 1970ਵਿਆਂ ਨਮੋਸ਼ੀ ਨੂੰ ਦਰਸਾਉਂਦੀਆਂ ਹਨ। ਉਸ ਤੋਂ ਬਾਅਦ ਇਹ 1980ਵਿਆਂ ਅਤੇ 1990ਵਿਆਂ ਵਿਚ ਸਰਕਾਰਾਂ ਦੀ ਨਾਕਾਮਯਾਬੀ ਨੂੰ ਦਰਸਾਉਂਦੀਆਂ ਹਨ। ਹੁਣ ਇਹ ਸਰਕਾਰਾਂ ਦੀ ਨਾਕਾਮਯਾਬੀ ਦੇ ਨਾਲ ਬੇਸ਼ਰਮੀ ਨੂੰ ਦਰਸਾਉਂਦੀਆਂ ਹਨ। ਗ਼ੁਰਬਤ, ਭੁੱਖ, ਬਿਮਾਰੀਆਂ, ਅਗਿਆਨਤਾ, ਵਿਕਾਸ ਵਿਚ ਸਭ ਦੀ ਹਿੱਸੇਦਾਰੀ, ਸਿਆਸੀ ਸਥਿਰਤਾ, ਸਮਾਜਕ ਸਦਭਾਵਨਾ ਅਤੇ ਸੁਰੱਖਿਆ ਵਰਗੇ ਮਾਮਲਿਆਂ ਵਿਚ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਕਿਹਾ ਹੈ ਕਿ ਪਿਛਲੇ ਦਸ ਸਾਲਾਂ ਵਿਚ ਤਰੱਕੀ ਹੋਈ ਹੈ ਅਤੇ ਇਸੇ ਤਰੱਕੀ ਨੂੰ ਅੱਗੇ ਲਿਜਾਣ ਦਾ ਉਹ ਵਾਅਦਾ ਕਰ ਰਹੇ ਹਨ। ਇਸ ਮਾਹਰ ਅਰਥਸ਼ਾਸਤਰੀ ਨੂੰ ਸਿਰਫ਼ ਸਰਕਾਰੀ ਦਰਸਾਵੇਜ਼ ਰਾਹੀਂ ਪਤਾ ਹੈ ਕਿ ਗ਼ੁਰਬਤ, ਭੁੱਖ, ਬਿਮਾਰੀਆਂ ਅਤੇ ਅਗਿਆਨਤਾ ਪਿਛਲੇ ਸਾਲਾਂ ਦੌਰਾਨ ਵਧੀ ਹੈ। ਇਹੋ ਪ੍ਰਧਾਨ ਮੰਤਰੀ ਕਬੂਲ ਕਰ ਚੁੱਕੇ ਹਨ ਕਿ ਗ਼ਰੀਬ-ਅਮੀਰ ਵਿਚਕਾਰ ਪਾੜਾ ਵਧਿਆ ਹੈ। ਇਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਤਨਖ਼ਾਹਾਂ ਵਿਚ ਜ਼ਿਆਦਾ ਵਿਤਕਰਾ ਨਾ ਕਰਨ। ਸਮਾਜਕ ਸਦਭਾਵਨਾ ਬਾਰੇ ਕਾਂਗਰਸ ਅਤੇ ਭਾਜਪਾ ਦਾ ਪਿਛੋਕੜ ਇੱਕੋ-ਜਿਹਾ ਹੈ। ਇੱਕ ਪਾਸੇ ਭਾਜਪਾ ਮੌਕਾਪ੍ਰਸਤੀ ਲਈ ਧਰਮ ਨਿਰਪੱਖਤਾ ਦੀ ਗੱਲ ਕਰ ਲੈਂਦੀ ਹੈ ਤਾਂ ਦੂਜੇ ਕਾਂਗਰਸ ਮੌਕਾਪ੍ਰਸਤੀ ਤਹਿਤ ਹੀ ਆਪਣਾ ਬੁਨਿਆਦੀਪ੍ਰਸਤੀ ਪੈਂਤੜਾ ਤੈਅ ਕਰਦੀ ਰਹੀ ਹੈ। ਕਾਂਗਰਸੀ ਆਗੂ ਸੱਜਣ ਕੁਮਾਰ ਦਿੱਲੀ ਦੇ ਸਿੱਖ ਕਤਲੇਆਮ ਮਾਮਲੇ ਵਿਚ ਅਦਾਲਤ ਵਿਚੋਂ ਬਰੀ ਹੋਇਆ ਸੀ, ਪਰ ਉਸੇ ਅਦਾਲਤੀ ਫ਼ੈਸਲੇ ਵਿਚ ਇੱਕ ਤਤਕਾਲੀ ਕਾਂਗਰਸੀ ਵਿਧਾਇਕ ਸਣੇ ਤਿੰਨ ਕਾਂਗਰਸੀ ਆਗੂ ਦੋਸ਼ੀ ਕਰਾਰ ਦਿੱਤੇ ਗਏ ਹਨ। ਕਾਂਗਰਸੀ ਸਰਕਾਰਾਂ (ਸੂਬਾਈ ਤੇ ਕੇਂਦਰੀ) ਦੀ ਦਿੱਲੀ ਦੇ ਤਤਕਾਲੀ ਪੁਲਿਸ ਅਫ਼ਸਰਾਂ ਨੂੰ ਮੁਕੱਦਮਿਆਂ ਵਿਚ ਦਿੱਤੀ ਰਿਆਇਤ ਅਤੇ ਮੁਲਜ਼ਮਾਂ ਦੀ ਸਿਆਸੀ ਸਰਪ੍ਰਸਤੀ ਦੇ ਬਾਵਜੂਦ ਇਹ ਫ਼ੈਸਲਾ ਹੋਇਆ ਹੈ ਜੋ ਇਨਸਾਫ਼ ਦੀ ਨਹੀਂ, ਸਗੋਂ ਨਾਇਨਸਾਫ਼ੀ ਦੀ ਨਿਸ਼ਾਨਦੇਹੀ ਕਰਦਾ ਹੈ। ਜੇ ਪ੍ਰਧਾਨ ਮੰਤਰੀ ਨੇ ਇਸ ਦਹਾਕੇ ਦੀਆਂ ਪ੍ਰਾਪਤੀਆਂ ਨੂੰ ਅੱਗੇ ਵਧਾਉਣਾ ਹੈ ਤਾਂ ਆਵਾਮ ਨੂੰ ਇਸ ਤੋਂ ਵੱਧ ਖ਼ਤਰਾ ਕਿਸ ਤੋਂ ਹੈ? ਕੀ ਲਾਲ ਕਿਲੇ ਦੀ ਫਸੀਲ ਤੋਂ ਚੜ੍ਹ ਕੇ ਝੂਠ ਬੋਲਣਾ ਸਲੀਕਾ ਹੈ। ਜੇ ਇਹੋ ਸਲੀਕਾ ਹੈ ਤਾਂ ਇਸ ਨੂੰ ਆਵਾਮ ਦੇ ਖ਼ਿਲਾਫ਼ ਸਾਜ਼ਿਸ਼ ਕਿਉਂ ਨਾ ਕਿਹਾ ਜਾਵੇ? ਇਸ ਵੇਲੇ ਸਭ ਤੋਂ ਵੱਡਾ ਸਵਾਲ ਫਿਰਕਾਪ੍ਰਸਤੀ ਨਹੀਂ, ਸਗੋਂ 65 ਸਾਲਾਂ ਦੀਆਂ ਨਾਕਾਮਯਾਬੀਆਂ ਅਤੇ ਸਿਆਸੀ ਬੇਸ਼ਰਮੀ ਹੈ। ਫਿਰਕਾਪ੍ਰਸਤੀ ਦਾ ਅਹਿਮ ਮੁੱਦਾ ਹੋਣਾ ਜ਼ਿਆਦਾਤਰ ਪਾਰਟੀਆਂ ਨੂੰ ਲੋਟ ਆਉਂਦਾ ਹੈ, ਕਿਉਂਕਿ ਇਸ ਨਾਲ ਬਿਆਨਬਾਜ਼ੀ ਦਾ ਮੁਕਾਬਲਾ ਲੰਮੀ ਦੇਰ ਤੱਕ ਖੇਡਿਆ ਜਾ ਸਕਦਾ ਹੈ। ਇਸ ਨਾਲ ਮੀਡੀਆ ਦੀ ਮੁਨਾਫ਼ਾ-ਨਸ ਦੀ ਹਰਕਤ ਤੇਜ਼ ਹੁੰਦੀ ਹੈ। ਆਵਾਮ ਦਾ ਖ਼ੂਨ ਕਤਲੇਆਮ ਦਾ ਖ਼ੌਫ਼ ਦਿਖਾ ਕੇ ਸੁਕਾਇਆ ਜਾਂਦਾ ਹੈ। ਖ਼ੂਨ ਵਹਿ ਜਾਣ ਦੀ ਥਾਂ ਸੁੱਕ ਜਾਵੇ ਤਾਂ ਕੀ ਫ਼ਰਕ ਪੈਂਦਾ ਹੈ? ਦੋਵਾਂ ਹਾਲਾਤ ਵਿਚ ਜੀਅ ਭਿਆਣੇ ਦੀ ਜਾਨ ਜਾਂਦੀ ਹੈ। ਜੇ ਅਸੀਂ ਫਿਰਕਾਪ੍ਰਸਤੀ ਨਾਲ ਜੁੜੇ ਕਤਲੇਆਮ ਦੇ ਖ਼ਦਸ਼ੇ ਤੋਂ ਖ਼ੌਫ਼ਜ਼ਦਾ ਹਾਂ, ਤਾਂ ਅਸੀਂ ਥੁੜ੍ਹਾਂ ਰਾਹੀਂ ਕੀਤੇ ਜਾ ਰਹੇ ਕਤਲੇਆਮ ਨੂੰ ਨਜ਼ਰਅੰਦਾਜ਼ ਕਰ ਰਹੇ ਹੈ।
Leave a Reply