ਜ਼ਿਮਨੀ ਚੋਣਾਂ ਵਿਚ ਭਾਜਪਾ ਦੇ ਹੱਥ ਪੂਰੀ ਤਰ੍ਹਾਂ ਖਾਲੀ

ਕੋਲਕਾਤਾ: ਦੇਸ਼ ਦੇ ਚਾਰ ਸੂਬਿਆਂ ‘ਚ ਇਕ ਲੋਕ ਸਭਾ ਤੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜਿਮਨੀ ਚੋਣਾਂ ਦੇ ਨਤੀਜਿਆਂ ‘ਚ ਭਾਰਤੀ ਜਨਤਾ ਪਾਰਟੀ ਦੇ ਹੱਥ ਪੂਰੀ ਤਰ੍ਹਾਂ ਖਾਲੀ ਰਹੇ ਹਨ। ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੇ ਬਾਲੀਗੰਜ ਵਿਧਾਨ ਸਭਾ ਸੀਟ ‘ਤੇ ਤ੍ਰਿਣਾਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਮਹਾਰਾਸ਼ਟਰ ਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਜਦਕਿ ਬਿਹਾਰ ਦੀ ਵਿਧਾਨ ਸਭਾ ਸੀਟ ‘ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਜੇਤੂ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਤੋਂ ਸਿਆਸਤ ‘ਚ ਆਏ ਸ਼ਤਰੂਘਨ ਸਿਨਹਾ ਨੇ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ। ਤ੍ਰਿਣਾਮੂਲ ਕਾਂਗਰਸ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਨੇ ਆਪਣੀ ਨੇੜਲੀ ਵਿਰੋਧੀ ਭਾਜਪਾ ਦੀ ਉਮੀਦਵਾਰ ਅਗਨੀਮਿੱਤਰਾ ਪੌਲ ਨੂੰ 3,03,209 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਉਨ੍ਹਾਂ ਨੂੰ ਕੁੱਲ 6,56,358 ਜਦਕਿ ਅਗਨੀਮਿੱਤਰਾ ਨੂੰ 3,53,149 ਵੋਟਾਂ ਪਈਆਂ ਹਨ। ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਆਪਣਾ ਅਸਤੀਫਾ ਦੇ ਕੇ ਪਿਛਲੇ ਸਾਲ ਸਤੰਬਰ ‘ਚ ਟੀ.ਐੱਮ.ਸੀ. ‘ਚ ਸ਼ਾਮਲ ਹੋ ਗਏ ਸਨ ਜਿਸ ਮਗਰੋਂ ਇੱਥੇ ਉਪ ਚੋਣ ਹੋਈ ਹੈ। ਇਸੇ ਦੌਰਾਨ ਟੀ.ਐੱਮ.ਸੀ. ਉਮੀਦਪਾਰ ਬਾਬੁਲ ਸੁਪ੍ਰਿਓ ਨੇ ਵਿਧਾਨ ਸਭਾ ਹਲਕਾ ਬਾਲੀਗੰਜ ਤੋਂ ਸੀ.ਪੀ.ਆਈ. (ਐੱਮ) ਦੇ ਉਮੀਦਵਾਰ ਸ਼ਾਇਰਾ ਸ਼ਾਹ ਹਲੀਮ ਨੂੰ 20,228 ਵੋਟਾਂ ਦੇ ਫਰਕ ਨਾਲ ਹਰਾਇਆ। ਸੁਪ੍ਰਿਓ ਨੂੰ 51,199 ਜਦਕਿ ਹਲੀਮ ਨੂੰ 30,971 ਵੋਟਾਂ ਪਈਆਂ। ਦਿਲਚਸਪ ਗੱਲ ਇਹ ਹੈ ਕਿ ਹਲੀਮ ਨੇ ਭਾਜਪਾ ਦੀ ਕੇਯਾ ਘੋਸ਼ ਨੂੰ ਪਛਾੜ ਦਿੱਤਾ ਜਿਸ ਨੂੰ ਸਿਰਫ 13,220 ਵੋਟਾਂ ਮਿਲੀਆਂ। ਬਾਲੀਗੰਜ ਦੇ ਵਿਧਾਇਕ ਤੇ ਰਾਜ ਸਰਕਾਰ ‘ਚ ਮੰਤਰੀ ਸੁਬ੍ਰਤ ਮੁਖਰਜੀ ਦੇ ਦੇਹਾਂਤ ਕਾਰਨ ਇਸ ਸੀਟ ‘ਤੇ ਜਿਮਨੀ ਚੋਣ ਹੋਈ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀ.ਐਮ.ਸੀ. ਮੁਖੀ ਮਮਤਾ ਬੈਨਰਜੀ ਨੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਫਤਵਾ ਦੇਣ ਲਈ ਆਸਨਸੋਲ ਤੇ ਬਾਲੀਗੰਜ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, ‘ਮੈਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਫਤਵਾ ਦੇਣ ਲਈ ਆਸਨਸੋਲ ਸੰਸਦੀ ਹਲਕੇ ਤੇ ਬਾਲੀਗੰਜ ਵਿਧਾਨ ਸਭਾ ਹਲਕੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।‘ ਉਨ੍ਹਾਂ ਕਿਹਾ ਕਿ ਇਹ ਨਵੇਂ ਸਾਲ ਮੌਕੇ ਲੋਕਾਂ ਵੱਲੋਂ ਪਾਰਟੀ ਨੂੰ ਦਿੱਤਾ ਗਿਆ ਤੋਹਫਾ ਹੈ। ਆਸਨਸੋਲ ‘ਚ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਇਸ ਜਿੱਤ ਲਈ ਆਸਨਸੋਲ ਦੇ ਲੋਕਾਂ ਤੇ ਮਮਤਾ ਬੈਨਰਜੀ ਦੇ ਸ਼ੁਕਰਗੁਜ਼ਾਰ ਹਨ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਕਿ ਇਹ ਆਮ ਰੁਝਾਨ ਹੈ ਕਿ ਰਾਜ ‘ਚ ਸੱਤਾਧਾਰੀ ਪਾਰਟੀ ਹੀ ਆਮ ਤੌਰ ‘ਤੇ ਜਿਮਨੀ ਚੋਣ ਜਿੱਤਦੀ ਹੈ। ਮਹਾਰਾਸ਼ਟਰ ‘ਚ ਸੱਤਾ ‘ਤੇ ਕਾਬਜ਼ ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਗੱਠਜੋੜ ਨੂੰ ਅੱਜ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਕਾਂਗਰਸ ਨੇ ਕੋਲ੍ਹਾਪੁਰ ਉੱਤਰੀ ਵਿਧਾਨ ਸਭਾ ਸੀਟ ‘ਤੇ ਹੋਈ ਜਿਮਨੀ ਚੋਣ ‘ਚ ਭਾਜਪਾ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਕਾਂਗਰਸ ਨੇ ਆਪਣੀ ਇਹ ਸੀਟ ਬਰਕਰਾਰ ਰੱਖੀ ਹੈ।
ਕਾਂਗਰਸ-ਐਮਵੀਏ ਉਮੀਦਵਾਰ ਜਯਸ੍ਰੀ ਜਾਧਵ ਨੂੰ 96,176 ਜਦਕਿ ਭਾਜਪਾ ਦੇ ਸੱਤਿਆਜੀਤ ਕਦਮ ਨੂੰ 77,426 ਵੋਟਾਂ ਮਿਲੀਆਂ ਹਨ। ਜਯਸ੍ਰੀ ਜਾਧਵ 18750 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਦਸੰਬਰ 2021 ‘ਚ ਕਾਂਗਰਸ ਵਿਧਾਇਕ ਚੰਦਰਕਾਂਤ ਜਾਧਵ ਦੀ ਕਰੋਨਾ ਕਾਰਨ ਮੌਤ ਹੋਣ ਕਾਰਨ ਇਸ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੋਈ ਹੈ। ਬਿਹਾਰ ‘ਚ ਬੋਚਾਹਨ ਵਿਧਾਨ ਸਭਾ ਸੀਟ ਦੀ ਜਿਮਨੀ ਚੋਣ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਉਮੀਦਵਾਰ ਅਮਰ ਪਾਸਵਾਨ ਨੇ ਭਾਜਪਾ ਉਮੀਦਵਾਰ ਬੇਬੀ ਕੁਮਾਰੀ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਕੇ ਜਿੱਤੀ।