ਕਰਤਾਰਪੁਰ ਸਾਹਿਬ `ਚ ਮਿਲੇ ਵੰਡ ਵੇਲੇ ਵਿਛੜੇ ਪਰਿਵਾਰ

ਅੰੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਹੋਈ ਵੰਡ ਦੇ 74 ਸਾਲ ਬਾਅਦ ਅੰਮ੍ਰਿਤਸਰ ਵਾਸੀ ਸੁਖਪਾਲ ਸਿੰਘ ਦੇ ਪਰਿਵਾਰ ਨੇ ਪਾਕਿਸਤਾਨ ਵਿਚ ਰਹਿੰਦੇ ਸ਼ਕੀਲ ਦੇ ਪਰਿਵਾਰ ਨਾਲ ਗੁਰਦੁਆਰਾ ਕਰਤਾਰਪੁਰ ਵਿਚ ਮੁਲਾਕਾਤ ਕੀਤੀ ਹੈ। ਦੇਸ਼ ਵੰਡ ਵੇਲੇ ਭਾਰਤ ਰਹਿੰਦੇ ਸੁਖਪਾਲ ਦੇ ਵਡੇਰਿਆਂ ਨੇ ਸ਼ਕੀਲ ਦੇ ਵਡੇਰਿਆਂ ਨੂੰ ਬਚਾਇਆ ਸੀ ਅਤੇ ਸੁਰੱਖਿਅਤ ਪਾਕਿਸਤਾਨ ਭੇਜਿਆ ਸੀ।

ਇਨ੍ਹਾਂ ਦੋਵਾਂ ਪਰਿਵਾਰਾਂ ਦਾ ਇਹ ਆਪਸੀ ਸੰਪਰਕ ਅਬੂ ਧਾਬੀ ਵਿਚ ਮੁੜ ਬਣਿਆ ਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮਿਲਣ ਲਈ ਦਿਨ ਨਿਰਧਾਰਿਤ ਕੀਤਾ ਸੀ। ਦੋਵਾਂ ਪਰਿਵਾਰਾਂ ਦੇ ਜੀਆਂ ਨੇ ਗੁਰਦੁਆਰੇ ਵਿਚ ਕੁਝ ਸਮਾਂ ਬਿਤਾਇਆ ਅਤੇ ਇਕੱਠੇ ਲੰਗਰ ਵੀ ਛਕਿਆ। ਸੁਖਪਾਲ ਸਿੰਘ ਨੇ ਪੋਟਲੀ ਵਿਚ ਬੰਨ੍ਹ ਕੇ ਲਿਆਂਦੀ ਆਪਣੇ ਪਿੰਡ ਦੀ ਮਿੱਟੀ ਅਤੇ ਇਕ ਬੋਤਲ ਪਾਣੀ ਸ਼ਕੀਲ ਨੂੰ ਸੌਂਪਿਆ ਹੈ, ਜਿਸ ਨੂੰ ਉਹ ਸਿਜਦਾ ਕਰਨਾ ਚਾਹੁੰਦਾ ਸੀ। ਸੁਖਪਾਲ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪਿੰਡ ਸੈਦਪੁਰ ਵਿਚ ਰਹਿੰਦਾ ਸੀ। ਉਸ ਦੇ ਪੜਦਾਦਾ ਹੀਰਾ ਸਿੰਘ ਅਤੇ ਦਾਦਾ ਊਧਮ ਸਿੰਘ ਨੇ ਦੇਸ਼ ਦੀ ਵੰਡ ਵੇਲੇ ਕਈ ਪਰਿਵਾਰਾਂ ਦੀ ਮਦਦ ਕੀਤੀ ਸੀ।
ਯਾਦ ਰਹੇ ਕਿ ਇਹ ਮੁਸਲਿਮ ਪਰਿਵਾਰ ਉਸ ਵੇਲੇ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਸਨ, ਜਿਨ੍ਹਾਂ ਵਿਚੋਂ ਸਿਰਾਜ ਵੀ ਇਕ ਸੀ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਜਦੋਂ ਹਮਲਾ ਕੀਤਾ ਤਾਂ ਉਸ ਦੇ ਵਡੇਰਿਆਂ ਨੇ ਕਈ ਮੁਸਲਿਮ ਪਰਿਵਾਰਾਂ ਦੇ ਜੀਆਂ ਨੂੰ ਆਪਣੇ ਘਰ ਵਿਚ ਲੁਕਾ ਲਿਆ ਸੀ। ਬਾਅਦ ਵਿਚ ਹਾਲਾਤ ਠੀਕ ਹੋਣ ‘ਤੇ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ।