ਬੇਅੰਤ ਸਿੰਘ ਕਤਲ ਕਾਂਡ: ਸਜ਼ਾ ਭੁਗਤਣ ਮਗਰੋਂ ਵੀ ਰਿਹਾ ਨਹੀਂ ਕੀਤੇ ਸਿੱਖ ਨੌਜਵਾਨ

ਚੰਡੀਗੜ੍ਹ: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਪਾਉਣ ਉਪਰੰਤ ਲਗਾਤਾਰ ਤੇ ਬਿਨਾਂ ਇਕ ਵੀ ਛੁੱਟੀ ਦੇ 20-20 ਸਾਲ ਜੇਲ੍ਹ ਵਿਚ ਬਿਤਾਉਣ ਵਾਲੇ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸਮਸ਼ੇਰ ਸਿੰਘ ਸ਼ੇਰਾ ਤੇ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਅਜੇ ਵੀ ਰਿਹਾਈ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। 
ਭਾਵੇਂਕਿ ਆਮ ਤੌਰ ‘ਤੇ ਉਮਰ ਕੈਦ ਦੀ ਸਜ਼ਾ ਵਾਲੇ ਤੋਂ 14 ਸਾਲ ਤੋਂ 20 ਸਾਲ ਸਾਲ ਤੱਕ ਕੈਦ ਕਟਵਾਈ ਜਾਂਦੀ ਹੈ ਤੇ ਜੇਕਰ ਇਸ ਸਮੇਂ ਦੌਰਾਨ ਉਸ ਦਾ ਵਿਉਹਾਰ ਸ਼ਾਂਤਮਈ ਤੇ ਠੀਕ ਆਚਰਨ ਵਾਲਾ ਹੋਵੇ ਤਾਂ ਰਾਜ ਸਰਕਾਰ ਉਸ ਦੀ ਰਿਹਾਈ ਲਈ ਮਨਜ਼ੂਰੀ ਦੇ ਦਿੰਦੀ ਹੈ ਪਰ ਉਕਤ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਅਜਿਹਾ ਮਾਪਦੰਡ ਨਹੀਂ ਅਪਣਾਇਆ ਜਾ ਰਿਹਾ। ਹਾਲਾਂਕਿ ਉਨ੍ਹਾਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਬਿਨਾਂ ਪੈਰੋਲ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਦੇ ਮਾਤਾ-ਪਿਤਾ ਤੇ ਨਜ਼ਦੀਕੀਆਂ ਦੀ ਮੌਤ ਸਮੇਂ ਵੀ ਉਨ੍ਹਾਂ ਨੂੰ ਪੈਰੋਲ ‘ਤੇ ਛੁੱਟੀ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਇਕ ਮਾਮਲੇ ਵਿਚ ਇਹ ਹੁਕਮ ਜਾਰੀ ਕੀਤਾ ਸੀ ਕਿ ਉਮਰ ਕੈਦ ਦੀ ਸਜ਼ਾ ਦਾ ਮਤਲਬ ਉਮਰ ਭਰ ਕੈਦ ਹੀ ਹੈ ਪਰ ਇਸ ਦੇ ਨਾਲ ਹੀ ਰਾਜ ਸਰਕਾਰਾਂ ਕੋਲ ਅਜਿਹੇ ਅਖਤਿਆਰ ਹਨ ਕਿ ਉਹ ਕੈਦੀ ਦੇ ਚੰਗੇ ਵਿਉਹਾਰ, ਸੁਧਰਨ ਦੇ ਲੱਛਣਾਂ ਨੂੰ ਦੇਖਦਿਆਂ ਉਸ ਨੂੰ ਰਿਹਾ ਕਰ ਸਕਦੀਆਂ ਹਨ ਕਿਉਂਕਿ ਜੇਲ੍ਹਾਂ ਨੂੰ ਇਸੇ ਲਈ ਹੀ ਸੁਧਾਰ ਘਰ ਕਿਹਾ ਜਾਂਦਾ ਹੈ ਪਰ ਉਕਤ ਬੰਦੀ ਸਿੰਘ ਦੇ ਮਾਮਲੇ ਵਿਚ ਤਾਂ ਅਜੀਬ ਹਾਸੋਹੀਣੇ ਮਾਪਦੰਡ ਅਪਣਾਏ ਜਾ ਰਹੇ ਹਨ ।
ਭਾਈ ਲੱਖਾ ਦੀ ਦਾਦੀ ਦੀ 1998 ਵਿਚ ਮੌਤ ਹੋ ਗਈ, ਭੈਣ ਦਾ 2000 ਵਿਚ ਵਿਆਹ ਹੋਇਆ, 2009 ਵਿਚ ਮਾਤਾ ਦੀ ਮੌਤ ਹੋ ਗਈ, 2011 ਵਿਚ ਛੋਟੇ ਭਰਾ ਦੀ ਮੌਤ ਹੋ ਗਈ, 2012 ਵਿਚ ਚਾਚੇ ਦੀ ਮੌਤ ਹੋ ਗਈ, ਫਿਰ 2013 ਵਿਚ ਛੋਟੀ ਭੈਣ ਦਾ ਵਿਆਹ ਹੋਇਆ, ਇਨ੍ਹਾਂ ਸਾਰਿਆਂ ਹੀ ਮੌਕਿਆਂ ‘ਤੇ ਉਸ ਨੇ ਪੈਰੋਲ ‘ਤੇ ਕੁਝ ਦਿਨਾਂ ਦੀ ਛੁੱਟੀ ਮੰਗੀ ਪਰ ਜਾਂ ਤਾਂ ਉਸ ਦੀ ਅਰਜ਼ੀ ਠੁਕਰਾ ਦਿੱਤੀ ਗਈ ਜਾਂ ਫਿਰ ਇਸ ਢੰਗ ਨਾਲ ਛੁੱਟੀ ਦਿੱਤੀ ਗਈ ਕਿ ਉਸ ਨੂੰ ਖ਼ੁਦ ਹੀ ਠੁਕਰਾਉਣੀ ਪਈ।
ਅਜਿਹਾ ਕੁਝ ਹੀ ਭਾਈ ਸ਼ੇਰਾ ਤੇ ਭਾਈ ਗੁਰਮੀਤ ਸਿੰਘ ਦੇ ਮਾਮਲੇ ਵਿਚ ਵੀ ਹੋ ਰਿਹਾ ਹੈ। ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸਮਸ਼ੇਰ ਸਿੰਘ ਨੂੰ ਸਾਲ 2007 ਵਿਚ ਧਾਰਾ 302, 120-ਬੀ ਤੇ 307 ਤਹਿਤ ਉਮਰਕੈਦ ਤੇ 10-10 ਸਾਲ ਦੀ ਸਜ਼ਾ ਸੁਣਾਈ ਗਈ ਸੀ ਜੋ ਨਾਲੋ ਨਾਲ ਚੱਲਣੀ ਸੀ ਪਰ ਉਕਤ ਤਿੰਨੋ 1995 ਤੋਂ ਹੀ ਜੇਲ੍ਹ ਵਿਚ ਬੰਦ ਸਨ ਜਿਸ ਕਾਰਨ 1995 ਤੋਂ ਹੀ ਉਨ੍ਹਾਂ ਦੀ ਸਜ਼ਾ ਗਿਣੀ ਜਾ ਰਹੀ ਹੈ।
31 ਮਈ, 2013 ਨੂੰ ਜੇਲ੍ਹ ਸੁਪਰਡੈਂਟ ਬੁੜੈਲ ਵੱਲੋਂ ਜੋ ਕਸਟਡੀ ਸਰਟੀਫਿਕੇਟ ਜਾਰੀ ਕੀਤਾ ਹੈ ਉਸ ਵਿਚ ਲਿਖਿਆ ਹੈ ਕਿ ਲਖਵਿੰਦਰ ਸਿੰਘ ਹੁਣ ਤੱਕ 20 ਸਾਲ ਤਿੰਨ ਮਹੀਨੇ ਦੀ ਸਜ਼ਾ ਕੱਟ ਚੁੱਕਾ ਹੈ, ਏਨੀ ਹੀ ਕੈਦ ਭਾਈ ਸ਼ੇਰਾ ਤੇ ਭਾਈ ਗੁਰਮੀਤ ਸਿੰਘ ਵੀ ਕੱਟ ਚੁੱਕੇ ਹਨ। ਭਾਈ ਲੱਖਾ ਦੀ ਰਿਹਾਈ ਲਈ ਉਨ੍ਹਾਂ ਦੀ ਭੈਣ ਸੁਖਵਿੰਦਰ ਕੌਰ ਨੇ ਸੁਪਰੀਮ ਕੋਰਟ ਵਿਚ ਮਾਮਲਾ ਦਾਇਰ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਉਸ ਦੀ ਸੁਣਵਾਈ ਵੀ ਸ਼ੁਰੂ ਨਹੀਂ ਹੋ ਸਕੀ।
___________________________________
ਰਿਹਾਈ ਲਈ ਸਿੱਖ ਜਥੇਬੰਦੀਆਂ ਇਕਮੁੱਠ
ਮੁਹਾਲੀ:  ਬੇਅੰਤ ਸਿੰਘ ਕਤਲ ਕਾਂਡ ਵਿਚ ਨਾਮਜ਼ਦ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਤਿੰਨੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ। ਸ਼ਮਸ਼ੇਰ ਸਿੰਘ ਰਾਜਪੁਰਾ ਨੇੜਲੇ ਪਿੰਡ ਉਕਸੀ ਦਾ ਵਸਨੀਕ ਹੈ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ, ਗੁਰੂ ਨਾਨਕ ਨਗਰ ਪਟਿਆਲਾ ਦੇ ਰਹਿਣ ਵਾਲੇ ਹਨ। ਲਖਵਿੰਦਰ ਸਿੰਘ ਦੀ ਵੱਡੀ ਭੈਣ ਸੁਖਵਿੰਦਰ ਕੌਰ ਤੇ ਜੀਜਾ ਜੰਗ ਸਿੰਘ ਦੀ ਅਪੀਲ ‘ਤੇ ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਰਾਜ ਭਵਨ ਤੱਕ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਪਰ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ‘ਤੇ ਰੋਕ ਲਿਆ।

Be the first to comment

Leave a Reply

Your email address will not be published.