ਫਿਰਕੂ ਹਿੰਸਾ ਦੀ ਮਾਰ

ਭਾਜਪਾ ਦੀਆਂ ਨੀਤੀਆਂ ਅਤੇ ਮੋਦੀ ਦੀ ਚੁੱਪ ਨੂੰ ਚੁਣੌਤੀ
ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿਚ ਇਕਦਮ ਵਾਧੇ ਨੇ ਜਿਥੇ ਘੱਟ-ਗਿਣਤੀਆਂ, ਖਾਸਕਰ ਮੁਸਲਿਮ ਭਾਈਚਾਰੇ ਵਿਚ ਖੌਫ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਇਸ ਮਾੜੇ ਵਰਤਾਰੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਉਤੇ ਵੀ ਸਵਾਲ ਉਠੇ ਹਨ।

ਕਰਨਾਟਕ ਵਿਚ ਹਿਜਾਬ ਉਤੇ ਪਾਬੰਦੀ, ਹਲਾਲ ਮੀਟ ਅਤੇ ਹੁਣ ਮਸੀਤਾਂ ਵਿਚ ਲਾਊਡ ਸਪੀਕਰਾਂ ਉਤੇ ਰੋਕ ਲਾਉਣ ਵਾਲੇ ਐਲਾਨਾਂ ਨੇ ਇਨ੍ਹਾਂ ਫਿਰਕੂ ਘਟਨਾਵਾਂ ਦੀ ਜੜ੍ਹ ਬੰਨ੍ਹੀ। ਇਸ ਤੋਂ ਬਾਅਦ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਉਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲ` ਵਿਚ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਨੇ ਦੋ ਭਾਈਚਾਰਿਆਂ ਵਿਚ ਪਾੜਾ ਵਧਾਉਣ ਦਾ ਕੰਮ ਕੀਤਾ। ਤਾਜ਼ਾ ਹਾਲਾਤ ਇਹ ਹਨ ਕਿ ਇਸ ਵੇਲੇ ਦਿੱਲੀ, ਆਂਧਰਾ ਪ੍ਰਦੇਸ, ਕਰਨਾਟਕ ਤੇ ਉੱਤਰਾਖੰਡ ਸਣੇ ਦੇਸ਼ ਦੇ ਵੱਡੇ ਹਿੱਸਿਆਂ ਵਿਚ ਫਿਰਕੂ ਹਿੰਸਾ ਦੀਆਂ ਨਿੱਤ ਖਬਰਾਂ ਆ ਰਹੀਆਂ ਹਨ।
ਰਾਮਨੌਮੀ ਦੇ ਤਿਉਹਾਰ ਮੌਕੇ ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਤੇ ਦਿੱਲੀ ਵਿਚ ਕੱਢੇ ਗਏ ਜਲੂਸਾਂ ਸਮੇਂ ਹਿੰਸਾ ਹੋਈ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ, ਜਾਇਦਾਦ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੱਧ ਪ੍ਰਦੇਸ਼ ਵਿਚ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹਿਆ ਗਿਆ ਅਤੇ ਸੂਬੇ ਦੇ ਗ੍ਰਹਿ ਮੰਤਰੀ ਨੇ ਬਦਲਾ ਲਊ ਭਾਸ਼ਾ ਦਾ ਇਸਤੇਮਾਲ ਕੀਤਾ। 16-17 ਅਪਰੈਲ ਦੀ ਰਾਤ ਨੂੰ ਉਤਰ ਪ੍ਰਦੇਸ਼ ਵਿਚ ਅਲੀਗੜ੍ਹ ਵਿਚ ਵੀ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਣਾਅ ਵਧਿਆ। ਦਿੱਲੀ ਵਿਚ ਹਨੂੰਮਾਨ ਜੈਅੰਤੀ ਮੌਕੇ 16-17 ਅਪਰੈਲ ਦੀ ਰਾਤ ਨੂੰ ਜਹਾਂਗੀਰਪੁਰੀ ਇਲਾਕੇ ਵਿਚ ਹਿੰਸਾ ਹੋਈ।
ਕਰਨਾਟਕ ਦੇ ਪੁਰਾਣੇ ਹੁਬਲੀ ਕਸਬੇ ‘ਚ ਹਸਪਤਾਲ ਨੇੜੇ ਹਨੂੰਮਾਨ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ ਹੋਣ ਉਤੇ ਭੜਕੀ ਭੀੜ ਨੇ ਪੁਲਿਸ ਦੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਡਿਊਟੀ ਉਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿ਼ਲ੍ਹੇ ਦੇ ਹੋਲਗੁੰਡਾ ਪਿੰਡ ਵਿਚ ਮਾਮੂਲੀ ਵਿਵਾਦ ਤੋਂ ਸ਼ੁਰੂ ਹੋਈ ਤਕਰਾਰ 2 ਭਾਈਚਾਰਿਆਂ ਵਿਚਾਲੇ ਪੱਥਰਾਓ ਵਿਚ ਤਬਦੀਲ ਹੋ ਗਈ। ਇਥੇ ਹਨੂੰਮਾਨ ਜੈਅੰਤੀ ਸਬੰਧੀ ਕੱਢੀ ਗਈ ਸੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚ ਉਸ ਸਮੇਂ ਝੜਪ ਹੋ ਗਈ, ਜਦੋਂ ਸੋਭਾ ਯਾਤਰਾ ਪਿੰਡ ਦੀ ਮਸਜਿਦ ਕੋਲ ਪੁੱਜੀ ਤਾਂ ਜੈਅੰਤੀ ਦੇ ਪ੍ਰਬੰਧਕਾਂ ਨੇ ਰਮਜ਼ਾਨ ਦੇ ਮਹੀਨੇ ਨੂੰ ਦੇਖਦਿਆਂ ਸਪੀਕਰ ਦੀ ਆਵਾਜ਼ ਬੰਦ ਕਰ ਦਿੱਤੀ ਪਰ ਕੁਝ ਨਾਰਾਜ਼ ਸ਼ਰਧਾਲੂ ‘ਜੈ ਸ੍ਰੀ ਰਾਮ‘ ਦੇ ਨਾਅਰੇ ਲਗਾਉਣ ਲੱਗ ਪਏ।
ਇਸ ਤੋਂ ਬਾਅਦ ਲੋਕਾਂ ਨੇ ਸੋਭਾ ਯਾਤਰਾ ਉਤੇ ਪਥਰਾਓ ਸ਼ੁਰੂ ਕਰ ਦਿੱਤਾ ਤਾਂ ਸੋਭਾ ਯਾਤਰਾ ਵਿਚ ਸ਼ਾਮਲ ਸਰਧਾਲੂ ਵੀ ਜਵਾਬੀ ਕਾਰਵਾਈ ਕਰਦਿਆਂ ਪਥਰਾਅ ਕਰਨ ਲੱਗ ਪਏ। ਉਧਰ, ਉੱਤਰਾਖੰਡ ਦੇ ਹਰਿਦੁਆਰ ਜਿ਼ਲ੍ਹੇ ‘ਚ ਰੁੜਕੀ ਨੇੜੇ ਭਗਵਾਨਪੁਰ ਇਲਾਕੇ ਦੇ ਦਾਦਾ ਜਲਾਲਪੁਰ ਪਿੰਡ ਵਿਚ ਹਨੂੰਮਾਨ ਜੈਅੰਤੀ ਮੌਕੇ ਸੋਭਾ ਯਾਤਰਾ ‘ਤੇ ਛੱਤਾਂ ਤੋਂ ਪਥਰਾਓ ਕੀਤੇ ਜਾਣ ਨਾਲ 4 ਲੋਕ ਜ਼ਖਮੀ ਹੋ ਗਏ। ਇਸ ਤਰ੍ਹਾਂ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਵੱਲੋਂ ਅਜਿਹੀ ਫਿਰਕੂ ਲਾਮਬੰਦੀ ਬਾਰੇ ਇਕ ਸ਼ਬਦ ਵੀ ਨਾ ਬੋਲਣ ਉਤੇ ਸਵਾਲ ਉਠ ਰਹੇ ਹਨ।
ਯਾਦ ਰਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਿੱਛੋਂ ਭਾਜਪਾ ਦੇ ਕੇਂਦਰੀ ਸੱਤਾ ਉਤੇ ਕਾਬਜ਼ ਹੋਣ ਤੋਂ ਬਾਅਦ, ਖਾਣ-ਪੀਣ, ਪਹਿਰਾਵੇ, ਲਵ ਜਹਾਦ, ਤਿੰਨ ਤਲਾਕ, ਨਾਗਰਿਕ ਸੋਧ ਬਿਲ ਸਮੇਤ ਹੋਰ ਕਾਰਵਾਈਆਂ ਕਾਰਨ ਦੇਸ਼ ਦਾ ਮਾਹੌਲ ਖਰਾਬ ਹੋਇਆ ਹੈ। ਸਭ ਦਾ ਸਾਥ ਸਭ ਦਾ ਵਿਕਾਸ ਵਰਗੇ ਨਾਅਰਿਆਂ ਦੇ ਦਰਮਿਆਨ ਧਾਰਮਿਕ ਖੇਮੇਬੰਦੀ ਦੀ ਰਣਨੀਤੀ ਨੇ ਭਾਜਪਾ ਨੂੰ ਜਿੱਤ ਦਿਵਾਈ ਹੈ। ਹੁਣੇ-ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਸਮੇਤ ਚਾਰ ਰਾਜਾਂ ਵਿਚ ਮੁੜ ਸੱਤਾ ਵਿਚ ਆਉਣ ਦਾ ਮੁੱਖ ਕਾਰਨ ਇਸੇ ਰਣਨੀਤੀ ਨੂੰ ਮੰਨਿਆ ਜਾ ਰਿਹਾ ਹੈ। ਮੁਸਲਮਾਨ ਭਾਈਚਾਰੇ ਨਾਲ ਹੋ ਰਹੇ ਵਿਤਕਰਿਆਂ ਦੇ ਸੰਦਰਭ ਵਿਚ ਉੱਤਰ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਈ ਆਗੂਆਂ ਨੇ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਖਾਮੋਸ਼ੀ ਉੱਤੇ ਸਵਾਲ ਉਠਾਏ ਹਨ।
ਦਰਅਸਲ, ਕੇਂਦਰ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਤਾਕਤਾਂ ਦੇ ਕੇਂਦਰੀਕਰਨ ਨੂੰ ਮਜ਼ਬੂਤ ਕਰਨ ਵਾਲੇ ਫੈਸਲੇ ਕੀਤੇ ਜਾ ਰਹੇ ਹਨ। ਜੰਮੂ ਕਸ਼ਮੀਰ ਦੀ ਧਾਰਾ 370 ਅਤੇ 35ਏ ਖਤਮ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ ਕਰਨਾ, ਨਾਗਰਿਕਤਾ ਸੋਧ ਬਿਲ, ਯੂ.ਏ.ਪੀ.ਏ. ਅਤੇ ਰਾਜਾਂ ਦੇ ਅਧਿਕਾਰਾਂ ਵਿਚ ਦਖਲ ਦੇਣ ਵਰਗੇ ਕਈ ਮੁੱਦੇ ਸਮੇਂ ਸਮੇਂ ਉੱਭਰਦੇ ਰਹੇ ਹਨ।
ਕੇਂਦਰੀ ਤਫਤੀਸ਼ ਏਜੰਸੀਆਂ ਦੀ ਸਿਆਸੀ ਮੰਤਵਾਂ ਲਈ ਵਰਤੋਂ ਵੀ ਆਲੋਚਨਾ ਦੇ ਘੇਰੇ ਵਿਚ ਆਉਂਦੀ ਰਹੀ ਹੈ। ਕਰਨਾਟਕ ਵਿਚ ਹਿਜਾਬ ਤੋਂ ਲੈ ਕੇ ਮੁਸਲਮਾਨ ਵਪਾਰੀਆਂ ‘ਤੇ ਮੰਦਰਾਂ ਨਜ਼ਦੀਕ ਵਸਤਾਂ ਵੇਚਣ ‘ਤੇ ਪਾਬੰਦੀਆਂ ਲਗਾਉਣ ਜਿਹੀਆਂ ਸਰਗਰਮੀਆਂ ਨਾਲ ਵੋਟਾਂ ਦੇ ਧਰੁਵੀਕਰਨ ਕਰਨ ਦੀ ਕੋਸ਼ਿਸ਼ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਅਨੁਕੂਲ ਨਹੀਂ ਹੈ। ਦੇਸ਼ ਵਿਚ ਘੱਟ-ਗਿਣਤੀਆਂ ਖਾਸ ਤੌਰ ਉੱਤੇ ਮੁਸਲਿਮ ਭਾਈਚਾਰਾ ਸਭ ਤੋਂ ਵੱਧ ਦਬਾਅ ਮਹਿਸੂਸ ਕਰ ਰਿਹਾ ਹੈ; ਉਨ੍ਹਾਂ ਨੂੰ ਲੱਗਦਾ ਹੈ ਕਿ ਨਿਆਂ ਮਿਲਣ ਦੀ ਸੰਭਾਵਨਾ ਘਟ ਰਹੀ ਹੈ। ਹਿੰਦੂ ਵੋਟਰਾਂ ਨੂੰ ਇਕ ਪਾਸੇ ਕਰਨ ਦੀ ਭਾਜਪਾ ਦੀ ਇਹ ਰਣਨੀਤੀ ਭਗਵਾ ਧਿਰ ਨੂੰ ਬਿਲਕੁਲ ਫਿੱਟ ਬੈਠਦੀ ਹੈ। ਤਾਜ਼ਾ ਫਿਰਕੂ ਘਟਨਾਵਾਂ ਦੀ ਜੜ੍ਹ ਵੀ ਇਹੀ ਰਣਨੀਤੀ ਬਣ ਰਹੀ ਹੈ।
ਕੈਨੇਡੀਅਨ ਆਗੂ ਜਗਮੀਤ ਸਿੰਘ ਵੱਲੋਂ ਹਾਅ ਦਾ ਨਾਅਰਾ
ਵੈਨਕੂਵਰ: ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਭਾਰਤ ‘ਚ ਮੁਸਲਮਾਨਾਂ ਖਿਲਾਫ ਹਿੰਸਾ ਦੇ ਵਧਦੇ ਖੌਫ ‘ਤੇ ਫਿਕਰ ਜ਼ਾਹਿਰ ਕਰਦੇ ਹੋਏ ਇਕ ਟਵੀਟ ਵਿਚ ਮੋਦੀ ਸਰਕਾਰ ਨੂੰ ਘੇਰਿਆ ਹੈ। ਜਗਮੀਤ ਨੇ ਕਿਹਾ ਕਿ ਭਾਰਤ ਸਰਕਾਰ ਮੁਸਲਮਾਨਾਂ ਵਿਰੋਧੀ ਭਾਵਨਾਵਾਂ ਨੂੰ ਭੜਕਾਉਣਾ ਬੰਦ ਕਰੇ। ਜਗਮੀਤ ਸਿੰਘ ਨੇ ਟਵੀਟ ਕੀਤਾ, “ਮੈਂ ਭਾਰਤ ਵਿਚ ਮੁੁਸਲਿਮ ਭਾਈਚਾਰੇ ਖਿਲਾਫ ਹਿੰਸਾ ਦੀਆਂ ਤਸਵੀਰਾਂ ਤੇ ਵੀਡੀਓਜ਼ ਅਤੇ ਜਾਣ ਬੁੱਝ ਕੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਬੇਹੱਦ ਫਿਕਰਮੰਦ ਹਾਂ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਤੋਂ ਗੁਰੇਜ਼ ਕਰੇ।