ਸਟੇਜ ਉਤੇ ਕਠਪੁਤਲੀ ਹੋਣ ਦਾ ਦਰਦ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਤਿੰਨ ਦਿਨ ਪਿਛੋਂ ਏਸੇ ਸੈੱਟ ਉਤੇ ਦਿਨ ਦੀਆਂ ਸ਼ਿਫਟਾਂ ਸ਼ੁਰੂ ਹੋਈਆਂ ਤੇ ਮੈਨੂੰ ਫੇਰ ਯਾਦ ਕੀਤਾ ਗਿਆ। ਸਟੂਡੀਓ ਵਿਚ ਬੜੀ ਚਹਿਲ-ਪਹਿਲ ਵੇਖੀ। ਇਕ ਵਡੇ ਸਾਰੇ ਕਮਰੇ ਵਿਚ ਮਰਦਾਂ ਦਾ ਵਾਰੋ-ਵਾਰੀ ਮੇਕ-ਅੱਪ ਕੀਤਾ ਜਾ ਰਿਹਾ ਸੀ, ਤੇ ਬਰਾਂਡਿਓਂ ਪਾਰ ਇਕ ਉਤਨੇ ਹੀ ਵੱਡੇ ਕਮਰੇ ਵਿਚ ਤੀਵੀਆਂ ਦਾ, ਜੋ ਇੰਜ ਟਹਿਕ ਰਹੀਆਂ ਸਨ ਜਿਵੇਂ ਕਿਸੇ ਸ਼ਾਦੀ-ਵਿਆਹ ਦਾ ਮੇਲ ਜੁੜਿਆ ਹੋਵੇ। ਮੈਨੂੰ ਵੀ ਮਰਦਾਂ ਵਾਲੇ ਕਮਰੇ ਵਿਚ ਦਾਖਲ ਕਰ ਦਿੱਤਾ ਗਿਆ। ਮੈਨੂੰ ਨਹੀਂ ਸੀ ਪਤਾ ਕਿ ਇਹ ਲੋਕ ਕੌਣ ਸਨ। ਜੇ ਕੋਈ ਦੱਸ ਦੇਂਦਾ ਕਿ ਇਹ ‘ਐਕਸਟਰਾ’ ਹਨ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਕੀ ਹੁੰਦੇ ਹਨ। ਉਹਨਾਂ ਨੂੰ ਮੇਕ-ਅੱਪ ਕਰਦਿਆਂ ਵੇਖ ਕੇ ਮੈਂ ਇਹੋ ਸੋਚਿਆ ਕਿ ਉਹ ਵੀ ਮੇਰੇ ਜਾਂ ਨਵੀਨ ਯਾਗਨਿਕ ਵਾਂਗ ਕਲਾਕਾਰ ਹਨ। ਜਿਵੇਂ ਸਟੇਜ ਦੀ ਦੁਨੀਆ ਵਿਚ ਸਭ ਬਰਾਬਰ ਹੁੰਦੇ ਹਨ, ਭਾਵੇਂ ਕੋਈ ਵੱਡਾ ਕਿਰਦਾਰ ਕਰ ਰਿਹਾ ਹੋਵੇ ਭਾਵੇਂ ਛੋਟਾ, ਇਵੇਂ ਹੀ ਫਿਲਮਾਂ ਵਿਚ ਵੀ ਹੁੰਦਾ ਹੋਵੇਗਾ! ਸੁਣਿਆਂ ਸੀ ਚਾਹ-ਪਾਰਟੀ ਦਾ ਸੀਨ ਸੀ। ਮੇਰੇ ਵਾਂਗ ਇਹ ਲੋਕ ਵੀ ਆਪਣੇ ਘਰੋਂ ਚੰਗੇ-ਚੰਗੇ ਸੂਟ, ਸ਼ੇਰਵਾਨੀਆਂ ਆਦਿ ਪਾ ਕੇ ਆਏ ਸਨ। ਚੰਗੇ-ਚੰਗੇ, ਸੁਹਣੇ-ਸੁਹਣੇ ਲਗ ਰਹੇ ਸਨ। ਬੜੇ ਖਲੂਸ ਵਾਲੇ ਲੋਕ ਸਨ। ਉਹਨਾਂ ਨਾਲ ਵਿਹਲੀਆਂ ਗੱਪਾਂ ਮਾਰਨ ਲਈ ਬੇਹਿਸਾਬ ਵਕਤ ਮਿਲ ਰਿਹਾ ਸੀ। ਥੋੜ੍ਹੇ ਸਮੇਂ ਵਿਚ ਹੀ ਮੇਰੀ ਸਭਨਾਂ ਨਾਲ ਦੋਸਤੀ ਹੋ ਗਈ। ਵਲੈਤੋਂ ਆਇਆ ਹੋਣ ਕਰਕੇ ਮੈਂ ਵੀ ਉਹਨਾਂ ਦਾ ਪ੍ਰਸੰਸਾ ਦਾ ਪਾਤਰ ਬਣ ਗਿਆ ਸਾਂ। ਇਤਨਾ ਪਿਆਰਾ ਤੇ ਸੁਖਾਵਾਂ ਮਾਹੌਲ ਮੈਂ ਕਦੇ ਪੀਪਲਜ਼ ਥੇਟਰ ਵਿਚ ਵੀ ਨਹੀਂ ਸੀ ਵੇਖਿਆ। ਹਰ ਕੋਈ ਮੇਰੇ ਨਾਲ ਬੜਾ ਹੀ ਨਿਮਰ ਤੇ ਨਿੱਘਾ ਪੇਸ਼ ਆ ਰਿਹਾ ਸੀ ਜਿਵੇਂ ਹਰ ਮੁਮਕਿਨ ਢੰਗ ਨਾਲ ਮੇਰੇ ਓਪਰੇਪਣ ਦੇ ਅਹਿਸਾਸ ਨੂੰ ਦੂਰ ਕਰਨਾ ਚਾਹੁੰਦਾ ਹੋਵੇ। ਉਹਨਾਂ ਦੀਆਂ ਗੱਲਾਂ ਤੋਂ ਪਤਾ ਚਲਿਆ ਕਿ ਉਹ ਆਪ ਵੀ ਕੋਈ ਮਾਮੂਲੀ ਆਦਮੀ ਨਹੀਂ ਹਨ। ਇਕ ਨੇ ਦੱਸਿਆ ਕਿ ਸ਼ਹਿਰ ਵਿਚ ਉਸ ਦੀਆਂ ਫਰਨੀਚਰ ਦੀਆਂ ਚਾਰ ਦੁਕਾਨਾਂ ਹਨ। ਸ਼ੂਟਿੰਗ ਲਈ ਤਾਂ ਉਹ ਮਹਿਜ਼ ਸ਼ੌਕ ਪੂਰਾ ਕਰਨ ਲਈ ਕਦੇ-ਕਦੇ ਆ ਜਾਂਦਾ ਹੈ ਸਗੋਂ ਹੁਣ ਉਹ ਆਪ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ। ਉਸ ਵਿਚ ਵਿਲਨ (ਖਲਨਾਇਕ) ਦਾ ਰੋਲ ਉਹ ਜ਼ਰੂਰ ਮੈਨੂੰ ਦੇਵੇਗਾ, ਕਿਉਂਕਿ ਮੇਰਾ ਚਿਹਰਾ-ਮੁਹਰਾ ਬਿਲਕੁਲ ਇੰਗਲਿਸ਼ ਵਿਲਨਾਂ ਵਰਗਾ ਲਗਦਾ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਕੇਵਲ ਓਹੀ ਨਹੀਂ ਸਗੋਂ ਉਹਨਾਂ ਵਿਚੋਂ ਹਰ ਆਦਮੀ ਫਿਲਮ ਬਣਾਉਣ ਦਾ ਪ੍ਰੋਗਰਾਮ ਪੱਕਾ ਕਰਕੇ ਬੈਠਾ ਹੋਇਆ ਸੀ। ਹਰ ਕਿਸੇ ਕੋਲ ਕਹਾਣੀ ਮੌਜੂਦ ਸੀ ਜੋ ਉਹਨੇ ਆਪ ਲਿਖੀ ਸੀ। ਉਹ ਵੱਡੇ-ਵੱਡੇ ਹੀਰੋਆਂ ਦੇ ਨਾਂ ਲੈਂਦਾ ਜਿਨ੍ਹਾਂ ਨਾਲ ਉਸ ਦੀ ਦੋਸਤੀ ਸੀ, ਤੇ ਜਿਹੜੇ ਉਸ ਦੀ ਫਿਲਮ ਵਿਚ ਕੰਮ ਕਰਨ ਲਈ ‘ਹਾਂ’ ਕਰ ਚੁੱਕੇ ਸਨ।
ਇਕ ਉੱਚਾ ਲੰਮਾ ਪਠਾਣ ਗੱਭਰੂ ਜਿਸ ਦਾ ਅਸਲਮ ਨਾਂ ਸੀ, ਬੜਾ ਹਲੀਮ ਬੋਲਦਾ ਸੀ। ਉਹਨੇ ਫਨੀ-ਦਾ (ਫਿਲਮ ਡਾਇਰੈਕਟਰ ਫਨੀ ਮਜੂਮਦਾਰ) ਦੀ ਬਦਖੋਈ ਕਰਨੀ ਸ਼ਰੂ ਕੀਤੀ। ਕਹਿਣ ਲੱਗਾ, ਪਹਿਲੀ ਫਿਲਮ ਵਿਚ ਉਹਨਾਂ ਉਸ ਨੂੰ ਨਿੱਕਾ ਰੋਲ ਦਿੱਤਾ ਸੀ, ਇਸ ਵਾਅਦੇ ਉਤੇ ਕਿ ਅਗਲੀ ਫਿਲਮ ਵਿਚ ਮੁੱਖ ਪਾਤਰ ਤੇ ਉਸ ਤੋਂ ਅਗਲੀ ਵਿਚ ਹੀਰੋ ਦਾ ਰੋਲ ਦੇਣਗੇ। ਉਸ ਹਿਸਾਬ ਉਹਨੇ ਮੌਜੂਦਾ ਫਿਲਮ ਦਾ ਹੀਰੋ ਹੋਣਾ ਸੀ। ਅਖੀਰ ਦਮ ਤੱਕ ਉਹਨੂੰ ਲਾਰਿਆਂ ਵਿਚ ਰੱਖਿਆ ਗਿਆ ਸੀ, ਤੇ ਹੁਣ ‘ਭਾਈ ਲੋਕਾਂ’ ਵਿਚ ਖੜ੍ਹਾ ਕਰ ਦਿਤਾ ਗਿਆ ਸੀ। ‘ਭਾਈ ਲੋਕ’ ਸ਼ਬਦ ਮੈਨੂੰ ਬੜਾ ਵਚਿੱਤਰ ਲੱਗਾ ਤੇ ਹਾਸਾ ਆਉਣ ਲੱਗਾ ਪਰ ਮੈਂ ਦੇਖਿਆ ਕਿ ਅਸਲਮ ਦੀਆਂ ਅੱਖਾਂ ਵਿਚੋਂ ਹੰਝੂ ਫੁਟ ਨਿਕਲੇ ਸਨ, ਤੇ ਉਹਨੇ ਜੇਬ ਵਿਚੋਂ ਰੁਮਾਲ ਕੱਢ ਲਿਆ ਸੀ। ਮੈਂ ਗੰਭੀਰ ਹੋ ਗਿਆ। ਮੇਰੇ ਨਾਲ ਵੀ ਤਾਂ ਫਨੀ-ਦਾ ਨੇ ਹੂਬਹੂ ਇਹੋ ਵਾਅਦਾ ਕੀਤਾ ਹੋਇਆ ਸੀ?
ਯਕੀਨ ਕਰਨਾ ਔਖਾ ਸੀ ਕਿ ਫਨੀ-ਦਾ ਇਹੋ ਜਿਹੀ ਬੇ-ਇਨਸਾਫੀ ਕਰ ਸਕਦੇ ਹਨ, ਮੈਨੂੰ ਉਹਨਾਂ ਦੀ ਸ਼ਖਸੀਅਤ ਉੱਪਰ ਡੂੰਘੀ ਸ਼ਰਧਾ ਸੀ ਪਰ ਲੁਤਫ ਦੀ ਗੱਲ ਇਹ ਕਿ ਅੱਗੇ ਜਾ ਕੇ ਮੇਰੇ ਨਾਲ ਵੀ ਓਹੀ ਕੁਝ ਹੋਇਆ ਜੋ ਅਸਲਮ ਨਾਲ ਵਾਪਰਿਆ ਸੀ। ਮੈਂ ਵੀ ਆਪਣੀ ਵਾਰੀ ਬੜਾ ਤੜਫਿਆ ਸਾਂ ਤੇ ਫਨੀ-ਦਾ ਨੂੰ ਥਾਂ-ਥਾਂ ਬਹਿ ਕੇ ਕੋਸਿਆ ਸੀ ਪਰ ਅੱਜ ਮੈਂ ਫਨੀ-ਦਾ ਨੂੰ ਦੋਸ਼ ਨਹੀਂ ਦੇਂਦਾ। ਵੀਹ ਸਾਲ ਇਸ ਤਮਾਸ਼ੇ ਦੀ ਦੁਨੀਅਅ (ਸ਼ੋਅ ਬਿਜ਼ਨਸ) ਵਿਚ ਗੁਜ਼ਾਰ ਕੇ ਮੈਂ ਇਸ ਨਤੀਜੇ ਉੱਪਰ ਪੁਜਿਆ ਹਾਂ ਕਿ ਇਸ ਦਾ ਆਪਣਾ ਵੱਖਰਾ ਇਖਲਾਕ, ਤੇ ਵੱਖਰੇ ਕਾਇਦੇ-ਕਾਨੂੰਨ ਹਨ ਜਿਨ੍ਹਾਂ ਦੀ ਅਸਲੀਅਤ ਏਸ ‘ਆਤਮ ਕਥਾ’ ਪੜ੍ਹਨ ਨਾਲ ਪਾਠਕ ਨੂੰ ਹੌਲੀ-ਹੌਲੀ ਸਮਝ ਵਿਚ ਆਏਗੀ।
ਪਹਿਲੇ ਦਿਨ ਪਾਰਟੀ ਸੀਨ ਵਿਚ ਮੇਰਾ ਕੋਈ ਸ਼ਾਟ ਨਾ ਹੋਇਆ, ਤੇ ਸਾਰਾ ਦਿਨ ਧੁੱਪੇ, ਕੁਰਸੀਆਂ ਉੱਤੇ ਕਦੇ ਇਥੇ ਕਦੇ ਓਥੇ ਬਹਿ-ਬਹਿ, ਤੇ ਨਿਕੰਮਾ ਬੋਲ-ਬੋਲ ਕੇ ਮੈਂ ਤੰਗ ਆ ਗਿਆ ਪਰ ਦੂਜੇ ਦਿਨ ਅਚਾਨਕ ਫਨੀ-ਦਾ ਕੈਮਰਾਮੈਨ ਘੋਸ਼ ਤੇ ਅਮਲੇ ਦੇ ਦੂਜੇ ਕਰਮਚਾਰੀ – ਜੋ ਮੇਰੀ ਹੋਂਦ ਨੂੰ ਇਕਦਮ ਭੁਲਾ ਚੁੱਕੇ ਜਾਪਦੇ ਸਨ – ਫੇਰ ਕਰੀਬ ਆ ਗਏ। ਕੈਮਰਾ ਮੇਰੀ ਟੇਬਲ ਤੋਂ ਮਸਾਂ ਤਿੰਨ ਫੁਟ ਦੀ ਵਿੱਥ ਉਤੇ ਰੱਖ ਦਿੱਤਾ ਗਿਆ। ਜਿਤਨੀ ਦੇਰ ਮੇਰੇ ਮੂੰਹ ਉਤੇ ਲਾਈਟਾਂ ਤੇ ਰੀਫਲੈਕਟਰ ਸੁਟਣ ਦਾ ਪ੍ਰਬੰਧ ਹੁੰਦਾ ਰਿਹਾ, ਮੈਨੂੰ ਕਿਸੇ ਨਾ ਗੌਲਿਆ, ਕਿਸੇ ਨਾ ਦੱਸਿਆ ਕਿ ਕੀ ਸ਼ਾਟ ਹੈ, ਕਿਹੜੇ ਸੀਨ ਵਿਚ ਆਂਦਾ ਹੈ, ਜਾਂ ਕਹਾਣੀ ਨਾਲ ਉਸ ਦਾ ਕੀ ਸਬੰਧ ਹੈ। ਇਤਨੀ ਨੇੜਿਓਂ ਝਾਕਦੇ ਕੈਮਰੇ ਨੇ ਮੇਰੇ ਅੰਗਾਂ ਦੀ ਸਾਰੀ ਆਜ਼ਾਦੀ ਖੋਹ ਲਈ। ਮੈਂ ਬੜੀ ਕੋਸ਼ਿਸ਼ ਕਰਦਾ ਲਾਪਰਵਾਹ ਹੋਣ ਦੀ, ਕੈਮਰੇ ਨੂੰ ਅਣਡਿੱਠ ਕਰਨ ਦੀ, ਪਰ ਪਲ ਪਲ ਉਸ ਦੀ ਜਕੜ ਮੇਰੇ ਉਪਰ ਮਜ਼ਬੂਤ ਹੋ ਰਹੀ ਸੀ, ਜਿਵੇਂ ਕੋਈ ਅਜਗਰ ਮੇਰੇ ਦੁਆਲੇ ਵਲਦਾ ਜਾ ਰਿਹਾ ਹੋਵੇ। ਮੈਨੂੰ ਆਪਣੀਆਂ ਸਾਰੀਆਂ ਹਰਕਤਾਂ ਨਕਲੀ ਜਾਪਣ ਲਗ ਪਈਆਂ। ਮੇਰੇ ਸੁਭਾਵਕਤਾ ਦੇ ਵਿਖਾਲੇ ਨੂੰ ਲੋਕ ਅਜੀਬ-ਅਜੀਬ ਨਜ਼ਰਾਂ ਨਾਲ ਵੇਖ ਰਹੇ ਸਨ। ਕੋਈ ਉਸ ਤੋਂ ਪ੍ਰਭਾਵਤ ਨਹੀਂ ਹੋ ਰਿਹਾ। ਇੰਜ ਲਗਦਾ ਸੀ ਜਿਵੇਂ ਸਭ ਮੇਰੀ ਅੰਦਰੂਨੀ ਘਬਰਾਹਟ ਨੂੰ ਤਾੜ ਗਏ ਹੋਣ।
ਫੇਰ ਮੇਰੇ ਅੱਗੇ ਟੇਬਲ ਉਤੇ ਇਕ ਰੋਸਟ ਕੀਤਾ ਪੂਰਾ ਮੁਰਗਾ ਧਰ ਦਿੱਤਾ ਗਿਆ। ਫਨੀ-ਦਾ ਨੇ ਸਮਝਾਇਆ ਕਿ ਕਲੈਪ ਵੱਜਣ ਤੋਂ ਬਾਅਦ ਕੈਮਰੇ ਕੋਲ ਖੜ੍ਹਾ ਅਸਿਸਟੈਂਟ ਉੱਚੀ ਜਿਹੀ ਕਹੇਗਾ “ਲੈਨਿਨ”, ਤੇ ਮੈਂ ਉਸ ਵਲ ਹੱਸ ਕੇ ਵੇਖਦਾ ਹੋਇਆ ਮੁਰਗੇ ਨੂੰ ਦੋਵਾਂ ਹੱਥਾਂ ਨਾਲ ਚੁੱਕ ਲਵਾਂਗਾ ਤੇ ਫੇਰ ਮੁਰਗੇ ਵਲ ਦੇਖ ਕੇ ਕਹਾਂਗਾ, “ਜਾਨਵਰ।”
ਲੈਨਿਨ ਜਿਹੇ ਮਹਾਨ ਵਿਅਕਤੀ ਦੇ ਨਾਂ ਨਾਲ ਜਾਨਵਰ ਸ਼ਬਦ ਜੋੜਨਾ ਮੈਨੂੰ ਬੜਾ ਭੱਦਾ ਜਾਪਿਆ ਪਰ ਇਸ ਬਾਰੇ ਸਵਾਲ-ਜਵਾਬ ਕਿਵੇਂ ਕਰਦਾ, ਜਦਕਿ ਸ਼ਾਟ ਲੈਣ ਦੀ ਘੜੀ ਸਿਰ ਉੱਤੇ ਆ ਚੁੱਕੀ ਸੀ। “ਲੈਨਿਨ” ਸ਼ਬਦ ਸ਼ਾਇਦ ਹੀਰੋ ਵਲੋਂ ਬੋਲਿਆ ਜਾ ਰਿਹਾ ਸੀ ਜਿਸ ਨੂੰ ਕਮਿਊਨਿਸਟ ਵਿਚਾਰਾਂ ਦਾ ਦਿਖਾਇਆ ਗਿਆ ਹੋਵੇਗਾ। ਕਮਿਊਨਿਸਟ ਓਦੋਂ ਲੜਾਈ ਨੂੰ ‘ਅਵਾਮੀ ਜੰਗ’ ਆਖਦੇ ਸਨ ਤੇ ਰੂਸ-ਅਮਰੀਕਨ-ਅੰਗਰੇਜ਼ ਧੜੇ ਦੀ ਜਿੱਤ ਦੇ ਹਾਮੀ ਸਨ। ਇਸ ਦੇ ਵਿਪਰੀਤ ਸੁਭਾਸ਼ ਬੋਸ ਦੇ ਅਨੁਗਾਮੀ ਜਰਮਨੀ-ਜਾਪਾਨ ਦਾ ਸਮਰਥਨ ਕਰਦੇ ਤੇ ਕਮਿਊਨਿਸਟਾਂ ਨੂੰ ਗਦਾਰ ਆਖਦੇ ਸਨ। ਕਾਂਗਰਸ ਦੀ ਨੀਤੀ ਦੁਵੱਲੀ ਸੀ। ਉਹ ਲੜਾਈ ਨੂੰ ‘ਅਵਾਮੀ ਜੰਗ’ ਵੀ ਆਖਦੀ ਸੀ ਪਰ ਕਮਿਊਨਿਸਟਾਂ ਨੂੰ ਗਦਾਰ ਵੀ। ਕੀ ਪਤਾ, ਫਨੀ-ਦਾ ਦਾ ਸੁਭਾਸ਼ਵਾਦੀ ਹੋਣ, ਤੇ ਇਪਟਾ ਦੇ ਇਕ ਮੈਂਬਰ ਕੋਲੋਂ ਜਿਸ ਨੂੰ ਆਮ ਤੌਰ ਤੇ ਕਮਿਊਨਿਸਟ ਗਿਣਿਆਂ ਜਾਂਦਾ ਸੀ, ਲੈਨਿਨ ਪ੍ਰਤੀ ਅਪਮਾਨ ਸੂਚਕ ਸ਼ਬਦ ਬੁਲਵਾ ਕੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹੋਣ, ਜਾਂ ਫਿਲਮ ਦੇ ਸ਼ੁਰੂ ਵਿਚ ਹੀਰੋ ਦੇ ਕਮਿਊਨਿਸਟ ਵਿਚਾਰਾਂ ਦਾ ਮਜ਼ਾਕ ਉਡਾ ਕੇ ਅੰਤ ਉਹਨਾਂ ਨੂੰ ਠੀਕ ਸਿੱਧ ਕਰਨ ਦਾ ਵਿਚਾਰ ਹੋਵੇ, ਕਿਉਂਕਿ ਹੀਰੋ ਆਖਰ ਹੀਰੋ ਹੀ ਹੁੰਦਾ ਹੈ।
ਜ਼ਿਆਦਾ ਸੋਚਣ ਦਾ ਵੇਲਾ ਨਹੀਂ ਸੀ। ਇਕ ਰਾਹ ਸੀ, ਸ਼ਾਟ ਕਰਨ ਤੋਂ ਸਾਫ ਇਨਕਾਰ ਕਰ ਦੇਣਾ। ਦੂਜਾ ਰਾਹ ਸੀ, ਇਹਨਾਂ ਗੱਲਾਂ ਵਲੋਂ ਧਿਆਨ ਹਟਾ ਕੇ ਕੰਮ ਵਿਚ ਜੁਟ ਜਾਣਾ। ਦੂਜਾ ਰਾਹ ਫੜਨਾ ਆਸਾਨ ਸੀ। ਮੈਂ ਓਹੀ ਫੜਿਆ ਪਰ ਇਸ ਦਾ ਮੈਨੂੰ ਅਜ ਤੀਕਰ ਅਫਸੋਸ ਹੈ। ਮੈਨੂੰ ਕਿਸੇ ਸੂਰਤ ਵੀ ਐਸਾ ਸ਼ਬਦ ਮੂੰਹੋਂ ਬੋਲਣ ਲਈ ਰਾਜ਼ੀ ਨਹੀਂ ਸੀ ਹੋਣਾ ਚਾਹੀਦਾ ਜਿਸ ਤੋਂ ਇਕ ਮਹਾਂ ਪੁਰਸ਼ ਦੇ ਅਪਮਾਨ ਦੀ ਸੰਭਾਵਨਾ ਹੋਵੇ। ਇਹ ਮੇਰੀ ਇਖਲਾਕੀ ਕਮਜ਼ੋਰੀ ਸੀ।
ਏਸ ਘਟਨਾ ਤੋਂ ਕੁਝ-ਕੁਝ ਉਸ ਜ਼ਮਾਨੇ ਦੇ ਤੇ ਅੱਜ ਦੇ ਫਿਲਮੀ ਮਾਹੌਲ ਉਪਰ ਵੀ ਰੌਸ਼ਨੀ ਪੈਂਦੀ ਹੈ। ਉਸ ਜ਼ਮਾਨੇ ਦੀਆਂ ਫਿਲਮਾਂ ਵਿਚ ਰਾਜਨੀਤਕ ਤੇ ਸਮਾਜਕ ਵਿਚਾਰਧਾਰਾਵਾਂ ਦਾ ਕਾਫੀ ਸਮਾਵੇਸ਼ ਹੁੰਦਾ ਸੀ। ਅਜ ਇਸ ਗੱਲ ਦਾ ਯਕੀਨ ਕਰਨਾ ਔਖਾ ਹੈ, ਕਿਉਂਕਿ ਹੁਣ ਫਿਲਮਸਾਜ਼ ਕੇਵਲ ਭੰਗ ਘੋਟਦੇ ਹਨ।
ਫਨੀ-ਦਾ ਆਪਣੀ ਓਸੇ ਮਿੱਠੀ ਪਿਆਰ-ਤੱਕਣੀ ਨਾਲ ਮੈਨੂੰ ਨਿਹਾਰ ਰਹੇ ਸਨ। ਪਹਿਲੀ ਰਿਹਰਸਲ ਕੀਤੀ। ਪਹਿਲਾਂ ਮੈਂ ‘ਲੈਨਿਨ’ ਕਹਿਣ ਵਾਲੇ ਵੱਲ ਵੇਖ ਕੇ ਹੱਸਣਾ ਸੀ ਪਰ ਐਨ ਵੇਲੇ ਸਿਰ ਮੇਰੀਆਂ ਵਰਾਛਾਂ ਸੁੱਕੇ ਚਮੜੇ ਵਾਂਗ ਆਕੜ ਗਈਆਂ, ਤੇ ਖੁਲ੍ਹਣ ਤੋਂ ਸਾਫ ਇਨਕਾਰ ਕਰ ਦਿੱਤਾ। ਫੇਰ ਮੈਂ ਮੁਰਗੇ ਵਲ ਵੇਖ ਕੇ ‘ਜਾਨਵਰ’ ਕਿਹਾ ਤਾਂ ਸਹੀ ਪਰ ਸਾਊਂਡ ਰਿਕਾਰਡਸਟ ਨੂੰ ਕੁਝ ਸੁਣਾਈ ਨਾ ਦਿਤਾ। ਉਹਨੇ ਉੱਚਾ ਬੋਲਣ ਲਈ ਕਿਹਾ। ਮੈਂ ਇਸ ਅਜੀਬ ਪ੍ਰਸਥਿਤੀ ਉਤੇ ਸਖਤ ਹੈਰਾਨ ਹੋ ਰਿਹਾ ਸਾਂ। ਮੈਂ ਅੰਦਰੋਂ ਹੱਸ ਵੀ ਰਿਹਾ ਸਾਂ ਤੇ ਉੱਚਾ ਵੀ ਬੋਲ ਰਿਹਾ ਸਾਂ ਪਰ ਦੋਵੇਂ ਕਿਰਿਆਵਾਂ ਬਾਹਰ ਨਿਕਲਣ ਤੋਂ ਇਨਕਾਰ ਕਰ ਰਹੀਆਂ ਸਨ, ਜਿਵੇਂ ਮੇਰਾ ਉਹਨਾਂ ਉਪਰ ਕੋਈ ਕਾਬੂ ਹੀ ਨਾ ਰਿਹਾ ਹੋਵੇ।
ਦੂਜੀ ਰਿਹਰਸਲ ਹੋਈ। ਏਸ ਵਾਰੀ ਮੈਂ ਹੋਰ ਜ਼ੋਰ ਲਾਇਆ। ਇੰਜ ਜਾਪਿਆ, ਜਿਵੇਂ ਐਤਕੀਂ ਮੈਂ ਲੋੜ ਤੋਂ ਵਧ ਜਬਾੜੇ ਖੋਲ੍ਹ ਦਿੱਤੇ ਸਨ ਤੇ ਬੋਲਿਆ ਵੀ ਲੋੜ ਤੋਂ ਵਧ ਉੱਚਾ ਸੀ। ਫੇਰ ਵੀ, ਰਿਹਰਸਲ ਦੇ ਅੰਤ ਵਿਚ ਫਨੀ-ਦਾ ਨੇ ‘ਜ਼ਰਾ ਮੁਸਕਰਾ ਕੇ’ ਤੇ ਰਿਕਾਰਡਿਸਟ ਨੇ ‘ਜ਼ਰਾ ਉੱਚਾ’ ਬੋਲਣ ਦੀ ਤਾਕੀਦ ਕੀਤੀ।
ਮੈਂ ਝੁੰਜਲਾ ਕੇ ਫਨੀ-ਦਾ ਨੂੰ ਕਿਹਾ, “ਅਬ ਟੇਕ ਕੀਜੀਏ। ਬਿਲਕੁਲ ਠੀਕ ਆਏਗਾ।”
‘ਹਾਂ-ਹਾਂ ਟੇਕ’ ਫਨੀ-ਦਾ ਝੱਟ ਸਹਿਮਤ ਹੋ ਗਏ- “ਸਵਾਮੀ, ਮੇਕ-ਅਪ ਠੀਕ ਕਰੋ ਸਾਹਬ ਕਾ।”
ਸਵਾਮੀ ਨੇ ਫੇਰ ਪੌਡਰ ਦਾ ਪੈਡ ਮੇਰੇ ਮੂੰਹ ‘ਤੇ ਫੇਰਨਾ ਸ਼ੁਰੂ ਕੀਤਾ। ਮੈਨੂੰ ਇੰਜ ਲਗਾ, ਜਿਵੇਂ ਪੌਡਰ ਦੀ ਲੱਪ ਭਰ ਕੇ ਉਹ ਮੇਰੀਆਂ ਅੱਖਾਂ ਵਿਚ ਪਾ ਰਿਹਾ ਹੋਵੇ। ਦਿਲ ਕੀਤਾ ਉਹਦੇ ਹੱਥੋਂ ਪੈਡ ਖੋਹ ਕੇ ਦੂਰ ਸੁੱਟ ਪਾਵਾਂ। ਮੈਂ ਆਪਣੇ ਆਪ ਨੂੰ ਸਖਤ ਅਜ਼ਾਬ ਵਿਚ ਫਸਿਆ ਮਹਿਸੂਸ ਕਰ ਰਿਹਾ ਸਾਂ। ਦਿਲ ਕਰਦਾ ਸੀ ਕਿ ਕਿਤੇ ਨੱਠ ਜਾਵਾਂ।
ਸ਼ਾਟ ਹੋਇਆ। ਮੈਂ ਲਫਜ਼-ਬ-ਲਫਜ਼ ਹੁਕਮ ਦੀ ਪਾਲਣਾ ਕਰ ਦਿੱਤੀ। ਕਾਇਦੇ ਮੁਤਾਬਿਕ ਸਭ ਠੀਕ ਕਰ ਵਿਖਾਇਆ, ਕਠਪੁਤਲੀ ਵਾਂਗ ਪਰ ਉਸ ਦੇ ਵਿਚ ਮੇਰਾ ਆਪਣਾ ਕੁਝ ਵੀ ਨਹੀਂ ਸੀ। ਮੇਰੀ ਉਸ ਦਿਨ ਵਾਲੀ ਮਸਤਾਨੀ ਅਦਾ ਪਤਾ ਨਹੀਂ ਕਿੱਥੇ ਜਾ ਗੁਆਚੀ ਸੀ। ਮੇਰਾ ਖਿਆਲ ਸੀ ਕਿ ਫਨੀ-ਦਾ ਮੇਰੀ ਅਲੋਚਨਾ ਕਰਨਗੇ, ਮੈਨੂੰ ਡਾਂਟਣਗੇ ਪਰ ਉਹਨਾਂ ਸਦਾ ਵਾਂਗ ਬੜੇ ਇਤਮੀਨਾਨ ਨਾਲ ਨਸਵਾਰ ਦੀ ਚੂੰਢੀ ਨੱਕ ਵਿਚ ਚਾੜ੍ਹਦਿਆਂ ਕਿਹਾ, “ਵੈਰੀ ਗੁੱਡ ਸ਼ਾਟ! ਓ.ਕੇ.!” ਸਾਊਂਡ ਵਲੋਂ ਵੀ ‘ਓ.ਕੇ.‘ ਦੀ ਸੂਚਨਾ ਵਿਚ ਦੋ ਸੀਟੀਆਂ ਵੱਜ ਗਈਆਂ। ਹੁਣ ਲੋਕਾਂ ਨੇ ਵਾਰੋ ਵਾਰੀ ਮੈਨੂੰ ਮੁਬਾਰਕਬਾਦ ਦਿੱਤੀ, ਮੇਰੇ ਨਾਲ ਹੱਥ ਮਿਲਾਏ, ਕਿਉਂਕਿ ਫਿਲਮਾਂ ਵਿਚ ਇਹ ਮੇਰਾ ਸਭ ਤੋਂ ਪਹਿਲਾ ਕਲੋਜ਼-ਅੱਪ ਸੀ। ਫਨੀ-ਦਾ ਨੇ ਮੇਰੇ ਹਿਸਾਬ ਵਿਚ ਰਸਗੁੱਲੇ ਮੰਗਵਾ ਕੇ ਸਭ ਨੂੰ ਵੰਡੇ। ਸਭ ਤਾਰੀਫ ਕਰਦੇ ਰਹੇ। ਮੈਂ ਸਖਤ ਹੈਰਾਨ ਹੋ ਰਿਹਾ ਸਾਂ। ਮੈਨੂੰ ਪਤਾ ਸੀ ਕਿ ਉਹ ਝੂਠੀ ਤਾਰੀਫ ਕਰ ਰਹੇ ਹਨ ਪਰ ਕਿਉਂ? ਕਿਉਂ? ਮੈਨੂੰ ਸਖਤ ਉਲਝਣ ਹੋ ਰਹੀ ਸੀ।
ਇਹ ਵੀ ‘ਤਮਾਸ਼ੇ ਦੀ ਦੁਨੀਆ’ ਦਾ ਇਕ ਰਾਜ਼ ਹੈ ਜੋ ਪਾਠਕ ਨੂੰ ਹੌਲੀ-ਹੌਲੀ ਸਮਝ ਵਿਚ ਆਏਗਾ।
ਬੇਸ਼ੱਕ ਉਹ ਝੂਠੀ ਤਾਰੀਫ ਕਰ ਰਹੇ ਸਨ। ਸਟੂਡੀਓ ਦੀ ਦੁਨੀਆ ਵਿਚ ਕੋਈ ਕਿਸੇ ਅਗੇ ਸੱਚ ਨਹੀਂ ਬੋਲਦਾ। ਸਭ ਮੂੰਹ ਉਤੇ ਇਕ-ਦੂਜੇ ਦੀ ਸਿਰਫ ਤਾਰੀਫ ਤੇ ਪਿੱਠ ਪਿਛੇ ਸਿਰਫ ਨਿੰਦਿਆ ਕਰਦੇ ਹਨ। ਬਾਹਰ ਵਾਲਿਆਂ ਨੂੰ ਇਹ ਗੱਲ ਸਖਤ ਬੁਰੀ ਲਗਦੀ ਹੈ, ਪਰ ਅੰਦਰ ਵਾਲਿਆਂ ਨੂੰ ਇਸ ਦਾ ਬਹੁਤ ਆਸਰਾ ਹੈ। ਫਿਲਮ ਲਾਈਨ ਵਿਚ ਕਿਸੇ ਨੂੰ ਮਾਨਸਿਕ ਸੁਰੱਖਿਆ ਨਸੀਬ ਨਹੀਂ। ਸਭ ਛਲਾਵਿਆਂ ਦੇ ਸਹਾਰੇ ਜਿਊਂਦੇ ਹਨ। ਸਭ ਆਪਣੇ-ਆਪਣੇ ਸੁਪਨ-ਬੁਲਬੁਲੇ ਵਿਚ ਰਹਿੰਦੇ ਹਨ। ਇਸ ਕਾਰਨ ਇਕ ਦੂਜੇ ਦਾ ਬੁਲਬੁਲਾ ਤੋੜਨਾ ਕੋਈ ਪਸੰਦ ਨਹੀਂ ਕਰਦਾ। ਇਕ ਤਰ੍ਹਾਂ ਨਾਲ ਆਪਸੀ ਹਮਦਰਦੀ ਦਾ ਪ੍ਰਗਟਾਵਾ ਹੈ ਇਹ। ਫਰਜ਼ ਕਰੋ, ਉਸ ਕਲੋਜ਼-ਅੱਪ ਤੋਂ ਬਾਅਦ ਕਿਸੇ ਇਕ ਆਦਮੀ ਨੇ ਵੀ ਖਰੀ ਗੱਲ ਮੇਰੇ ਮੂੰਹ ਉਤੇ ਕਹਿ ਦਿੱਤੀ ਹੁੰਦੀ। ਸ਼ਾਇਦ ਮੇਰਾ ਹੌਂਸਲਾ ਸਦਾ ਲਈ ਟੁੱਟ ਜਾਂਦਾ। ਅਗਲੇ ਦਿਨ ਮੈਥੋਂ ਕੰਮ ਹੀ ਨਾ ਹੋ ਸਕਦਾ।
ਉਸ ਦਿਨ ਮੈਂ ਸਿਰ ਵਿਚ ਪੀੜ, ਕਮਰ ਵਿਚ ਦਰਦ ਤੇ ਲੱਤਾਂ ਵਿਚ ਚੀਸਾਂ ਲੈ ਕੇ ਮੁੜਿਆ। ਕੈਮਰੇ ਨੇ ਮੈਨੂੰ ਬੜੀ ਸਖਤੀ ਨਾਲ ਆਪਣੀ ਹੋਂਦ ਦਾ ਅਨੁਭਵ ਕਰਾ ਦਿੱਤਾ ਸੀ। ਮੈਂ ਜਾਣ ਗਿਆ ਸਾਂ ਕਿ ਉਸ ਤੋਂ ਬੇਖਬਰ ਨਹੀਂ ਹੋਇਆ ਜਾ ਸਕਦਾ। ਉਸ ਕਲੋਜ਼-ਅਪ, ਤੇ ਉਸ ਤੋਂ ਬਾਅਦ ਵੰਡੇ ਗਏ ਰਸਗੁੱਲਿਆਂ ਨੇ ‘ਭਾਈ ਲੋਕਾਂ’ (ਐਕਸਟਰਾਵਾਂ) ਨੂੰ ਅਹਿਸਾਸ ਕਰਾ ਦਿੱਤਾ ਕਿ ਮੈਂ ਉਹਨਾਂ ਵਿਚੋਂ ਨਹੀਂ ਸਾਂ। ਮੇਰਾ ਰਨਿੰਗ ਰੋਲ (ਲੰਮਾ ਪਾਰਟ) ਸੀ। ਇਕ ਦਮ ਉਹਨਾਂ ਨੇ ਮੇਰੇ ਨਾਲ ਬੋਲਣਾ ਚਾਲਣਾ ਬੰਦ ਕਰ ਦਿਤਾ। ਉਹ ਮੇਰੇ ਲਈ ਅਜਨਬੀ ਹੋ ਗਏ। ਆਪਣੀ ਦੁਨੀਆ ਵਿਚੋਂ ਉਹਨਾਂ ਮੈਨੂੰ ਕੱਢ ਦਿਤਾ।
ਉਹ ਦਿਨ ਤੇ ਅਜ ਦਾ ਦਿਨ, ਮੈਨੂੰ ਫੇਰ ਕਦੇ ਐਕਸਟਰਾਵਾਂ ਦੀ ਦੁਨੀਆ ਵਿਚ ਝਾਤ ਮਾਰਨ ਦੀ ਖੁਲ੍ਹ ਨਹੀਂ ਮਿਲੀ। ਮੈਂ ਸੋਚਿਆ ਸੀ ਕਿ ਫਿਲਮ ਦੀ ਦੁਨੀਆ ਵਿਚ ਊਚ-ਨੀਚ ਦੀਆਂ ਕੋਈ ਕੰਧਾਂ ਨਹੀਂ ਹਨ। ਕਿਤਨੀ ਜ਼ਬਰਦਸਤ ਭੁੱਲ ਸੀ ਮੇਰੀ! ਫਿਲਮ ਇੰਡਸਟਰੀ ਵਿਚ ਤਾਂ ਚੱਪੇ-ਚੱਪੇ ਉਤੇ ਇਹ ਕੰਧਾਂ ਖੜ੍ਹੀਆਂ ਹਨ। ਸਮਾਜ ਦੇ ਹੋਰ ਵਿਭਾਗਾਂ ਵਿਚ ਸ਼ਾਇਦ ਇਹ ਕੰਧਾਂ ਇੱਟ-ਪੱਥਰ ਦੀਆਂ ਬਣੀਆਂ ਹੋਣ ਪਰ ਹਿੰਦੀ ਫਿਲਮਾਂ ਦੀ ਦੁਨੀਆ ਵਿਚ ਇਹ ਜਿਵੇਂ ਫੌਲਾਦ ਦੀਆਂ ਬਣੀਆਂ ਹੋਈਆਂ ਹਨ।
ਅਗਲਾ ਸ਼ਾਟ ਹੀਰੋਇਨ ਸਵਰਨ ਲਤਾ ਨਾਲ ਸੀ। ਉਸ ਨੇ ਮੇਰੇ ਨਾਲ ਰਿਹਰਸਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਸ਼ਾਟ ਵਿਚ ਵੀ ਉਹ ਬੋਲਦੀ ਮੇਰੇ ਨਾਲ ਸੀ ਪਰ ਵੇਖਦੀ ਕੈਮਰੇ ਵਲ ਸੀ। ਜਿਤਨੀ ਦੇਰ ਉਹ ਸੈੱਟ ਉਤੇ ਰਹੀ, ਮੈਨੂੰ ਇੰਜ ਮਹਿਸੂਸ ਕਰਾਇਆ ਗਿਆ ਜਿਵੇਂ ਮੈਂ ਕਿਸੇ ਗੰਦੀ ਤੇ ਭਿਅੰਕਰ ਬਿਮਾਰੀ ਦਾ ਮਰੀਜ਼ ਸਾਂ ਜਿਸ ਨਾਲ ਕੋਈ ਨਹੀਂ ਭਿੱਟਣਾ ਚਾਹੁੰਦਾ।
ਕਿਤਨੀ ਮਿੱਠੀ ਤੇ ਸੁਖਾਵੀਂ ਸੀ ਉਹ ਐਕਟਸਰਾਵਾਂ ਦੀ ਦੁਨੀਆ ਜਿਸ ਵਿਚੋਂ ਮੈਂ ਕੱਢਿਆ ਗਿਆ ਸਾਂ, ਜਿਸ ਵਿਚ ਕਿ ਹਰ ਇਕ ਕੰਗਾਲ (ਖੁਦ) ਪ੍ਰੋਡਿਊਸਰ ਬਣਨ ਦੇ ਸੁਪਨੇ ਵੇਖਦਾ ਸੀ, ਕਹਾਣੀਆਂ ਲਿਖਦਾ ਸੀ, ਆਪਣੀਆਂ ਸਦੀਵੀ ਨਿਰਾਸ਼ਤਾਵਾਂ ਨੂੰ ਰੰਗ-ਬਰੰਗੀ ਗੇਂਦ ਬਣਾ ਕੇ ਉਛਾਲ ਸਕਦਾ ਸੀ! ਕਿਤਨਾ ਮਨੁੱਖੀ ਨਿੱਘ ਸੀ ਉਸ ਦੁਨੀਆ ਵਿਚ! ਕਿਤਨਾ ਅਭੁੱਲ ਸੀ ਉਹ ਅਨੁਭਵ! ਮੈਂ ਉਸ ਨੂੰ ਹਮੇਸ਼ਾਂ ਬੜੇ ਪਿਆਰ ਨਾਲ ਯਾਦ ਕਰਦਾ ਹਾਂ। (ਚੱਲਦਾ)