ਐਤਕੀਂ ਤਾਂ ਨਿਚੋੜ ਸੁੱਟੇ ਨਿੰਬੂ ਨੇ (ਵਿਅੰਗ)

-ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ
ਫੌਨ: 98766-55055
ਇਸ ਵਾਰ ਅਸੀਂ ਆਪਣੀ ‘ਮੁਟਿਆਰ’ ਡਾਰਲਿੰਗ ਨੂੰ ਉਸ ਦੇ 70ਵੇਂ ਜਨਮ ਦਿਨ ‘ਤੇ ਇਕ ਚਟਾਖੇਦਾਰ ‘ਤੇ ਨਿਵੇਕਲਾ ‘ਗਿਫਟ’(ਤੋਹਫਾ) ਦਿਤਾ। ਸਾਡੀ ਡਾਰਲਿੰਗ ਹੁਣ ਤਕ ਆਪਣੇ ਆਪ ਨੂੰ ‘ਸਵੀਟ ਸਿਕਸਟੀਨ’(ਸੋਲਾਂ-ਸਾਲਾ ਖੰਡ-ਮਿਸ਼ਰੀ) ਸਮਝਦੀ ਰਹੀ ਹੈ। ਪਰ ਹੁਣ ਉਹ ਆਪਣੇ ਆਪ ਨੂੰ ‘ਸਪਾਇਸੀ ਸੈਵਨਟੀਨ’(ਸਤਾਰਾਂ-ਸਾਲਾ ਗਰਮ ਮਸਾਲਾ) ਹੋਣ ਦੀ ਸੰਗਿਆ ਦਿੰਦੀ ਹੈ!

ਖੈਰ, ਗੱਲ ਹੋ ਰਹੀ ਸੀ ‘ਗਿਫਟ’ ਦੀ ‘ਤੇ ਉਹ ਵੀ ਨਿਵੇਕਲੇ ਤੋਹਫੇ ਦੀ। ਇਹ ਤੋਹਫਾ ਸੀ ਇਕ ਨਿੰਬੂਆਂ ਦਾ ਡੱਬਾ! ਸਾਨੂੰ ਇਸ ਦੀ ਪ੍ਰੇਰਣਾ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਦੋ ਮੀਮ/ਵੀਡੀਓ ਦੇਖ ਕੇ ਅਤੇ ਦੋ ਖਬਰਾਂ ਪੜ੍ਹ ਕੇ ਮਿਲੀ।
ਪਹਿਲੀ ਖਬਰ ਸੀ ਕਿ ਗੁਜਰਾਤ ਵਿਚ ਇਕ ਦੁਲਹੇ ਨੂੰ ਉਸ ਦੇ ਦੋਸਤਾਂ ਨੇ ਨਿੰਬੂਆਂ ਦੇ ਡੱਬੇ ਤੋਹਫੇ ਵਜੋਂ ਦਿਤੇ! ਦੂਜੀ ਸੀ ਕਿ ਉਤਰ ਪ੍ਰਦੇਸ਼ ਵਿਚ ਦੋ ਥਾਵਾਂ ‘ਤੇ ਨਿੰਬੂ ਚੋਰੀ ਹੋ ਗਏ! 10 ਅਪ੍ਰੈਲ ਦੀ ਰਾਤ ਨੂੰ ਸ਼ਾਹਜਹਾਂਪੁਰ ਦੇ ਬਾਜਰੀਆ ਵੇਅਰ ਹਾਊਸ ‘ਚੋਂ 60 ਕਿਲੋ ਨਿੰਬੂ ਨਦਾਰਦ ਪਾਏ ਗਏ। ਦੂਸਰੀ ਖਬਰ ਇਸ ਤੋਂ ਵੀ ਕਮਾਲ ਦੀ ਸੀ। ਬਰੇਲੀ ਦੀ ਦੇਲਾਪੀਰ ਸਬਜ਼ੀ ਮੰਡੀ ‘ਚੋਂ ਦਿਨ ਦਿਹਾੜੇ 50 ਕਿਲੋ ਨਿੰਬੂਆਂ ‘ਤੇ ਡਾਕਾ ਪੈ ਗਿਆ ! ਹੁਣ ਤਕ ਸੋਨੇ/ਚਾਂਦੀ ਦੇ ਗਹਿਣੇ-ਗੱਟੇ ਜਾਂ ਕੀਮਤੀ ਸਾਜ਼ੋ-ਸਾਮਾਨ ਦੇ ਚੋਰੀ/ਲੁੱਟ ਹੋਣ ਦੀਆਂ ਖਬਰਾਂ ਤਾਂ ਅਕਸਰ ਪੜ੍ਹੀਦੀਆਂ ਸੀ। ਅਸੀਂ ‘ਚੁਰਾ ਕੇ ਦਿਲ ਮੇਰਾ ਗੋਰੀਆ ਚਲੀ’ ਅਤੇ ‘ਨੀਂਦ ਚੁਰਾਈ ਮੇਰੀ/ਚੈਨ ਚੁਰਾਇਆ ਮੇਰਾ ਕਿਸ ਨੇ ਓ ਸਨਮ’ ਵੀ ਸੁਣਿਆ ਸੀ ਪਰ ਨਿੰਬੂ ਵੀ ਸੋਨਾ ਬਣ ਸਕਦੈ ‘ਤੇ ਚੋਰੀ ਹੋ ਜਾਏਗਾ, ਇਹ ਕਦੀ ਚਿਤ-ਚੇਤੇ ‘ਚ ਵੀ ਨਹੀਂ ਸੀ ਆਇਆ। ਤੇ 110 ਕਿਲੋ ਨਿੰਬੂ ਹਨ ਵੀ 30-35000 ਰੁਪਏ ਦੇ!
ਹੁਣ ‘ਮੀਮ’ ਦੀ ਗੱਲ ਕਰਦੇ ਹਾਂ। ਆਸਮਾਨ ਨੂੰ ਛੋਹ ਰਹੀਆਂ ਤੇਲ ਅਤੇ ਨਿੰਬੂ ਦੀਆਂ ਕੀਮਤਾਂ ਉਪਰ ਵਿਅੰਗ ਕਰਦੀ ਇਸ ਮੀਮ ਵਿਚ ਪੈਟਰੋਲ ਅਤੇ ਖਾਣੇ ਦੇ ਤੇਲ ਦੀ ਮੈਰਾਥੌਨ ਹੋ ਰਹੀ ਹੈ। ਦੋ ਨੁਮਾਇੰਦਾ ਨੌਜਵਾਨ ਇਸ ਲੰਮੀ ਦੌੜ ਵਿਚ ਹਿੱਸਾ ਲੈ ਰਹੇ ਹਨ। ਅਚਾਨਕ ਨਿੰਬੂ ਦੋਨਾਂ ਨੂੰ ਧੱਕਾ ਮਾਰ ਕੇ ਪਿਛਿਉਂ ਆ ਰਲਦੈ, ਫਟ ਦੇ ਕੇ ਅੱਗੇ ਲੰਘ ਜਾਂਦੈ ਅਤੇ ‘ਬੈਸਟ’(ਸਭ ਤੋਂ ਸ੍ਰੇਸ਼ਟ) ਮਹਿੰਗਾਈ ਐਵਾਰਡ ਜਿੱਤ ਕੇ ਔਹ ਜਾਂਦੈ। ਮੀਮ ‘ਚ ਨਾਲ ਨਾਲ ਭੋਜਪੁਰੀ ਦਾ ਲੋਕਗੀਤ ਚਲਦਾ ਰਹਿੰਦੈ-‘ਸਖੀ ਸਈਆਂ ਤੋ ਖੂਬ ਹੀ ਕਮਾਤ ਹੈ, ਮਹਿੰਗਾਈ ਡਾਇਣ ਖਾਏ ਜਾਤ ਹੈ!
ਸੋਸ਼ਲ ਮੀਡੀਆ ‘ਤੇ ਦੂਸਰੀ ਵਾਇਰਲ ਹੋਈ ਇਕ ਵੀਡੀਓ ਹੈ। ਇਹ ਮੂੰਗਫਲੀ ਵਿਕਰੇਤਾ (ਪਰ ਹੁਣ ਸੈਲੀਬਰਿਟੀ) ਭੂਬਨ ਬਾਦਾਯਕਰ ਦੀ ‘ਕੱਚਾ ਬਦਾਮ’ ਵੀਡੀਓ ਤੋਂ ਬਾਅਦ ਵਾਇਰਲ ਹੋਈ ਹੈ। ਇਸ ਵਿਚ ਇਕ ਨਿੰਬੂ-ਸੋਢਾ ਵੇਚਣ ਵਾਲਾ ਬੜੇ ਨਾਟਕੀ ਅੰਦਾਜ਼ ਵਿਚ ਆਪਣਾ ਸੌਦਾ ਵੇਚਦਾ ਅਤੇ ਇਹ ਕਹਿੰਦਾ ਦਿਖਾਇਆ ਹੈ ‘ਬਾਕੀ ਨਿੰਬੂ ਬਾਦ ਵਿਚ ਪਾਊਂਗਾ’।
ਮੰਡੀ ਵਿਚ ਨਿੰਬੂ ਦੀ ਸਰਦਾਰੀ ਦੇਖ ਕੇ ਸਾਨੂੰ 1999 ਦੀ ਹਿੰਦੀ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਦਾ ਮਸ਼ਹੂਰ ਗੀਤ ਯਾਦ ਆ ਗਿਆ ਜੋ ਐਸ਼ਵਰੀਆ ਰਾਏ ਉਪਰ ਫਿਲਮਾਇਆ ਗਿਐ। ਬਾਕਮਾਲ ਡਾਂਸ ਸੀਨ ‘ਚ ਇਹ ਗੀਤ ਚਲਦੈ‘ਨਿੰਬੂੜਾ ਨਿੰਬੂੜਾ ਨਿੰਬੂੜਾ ਅਰੇ ਕਾਚਾ ਕਾਚਾ ਛੋਟਾ ਛੋਟਾ ਨਿੰਬੂੜਾ ਲਾਈਦੋ…ਅਰੇ ਲਾਈਦੋ ਲਾਈਦੋ ਲਾਈਦੋ ਨਿੰਬੂ ਲਾਈਦੋ…ਜਾ ਖੇਤ ਸੇ ਹਰਿਆਲਾ ਨਿੰਬੂੜਾ ਲਾਈਦੋ।’
ਬਾਰ ਬਾਰ ਨਿੰਬੂ ਲਿਆਉਣ ਦੀ ਤਾਗੀਦ ਨਾਇਕਾ ਦੀ ਇਹ ਫਲ ਖਾਣ ਦੀ ਤੜਪ ਦਰਸਾਉਂਦੀ ਹੈ।
ਉਂਝ ਕਹਿੰਦੇ ਹਨ ਕਿ ਕਈ ਔਰਤਾਂ ਨੂੰ ਗਰਭਵਤੀ ਹੋਣ ਸਮੇਂ ਖੱਟਾ ਖਾਣ ਦੀ ਤਲਬ ਹੋਣ ਲਗ ਪੈਂਦੀ ਹੈ। ਪਹਿਲੇ ਵੇਲਿਆਂ ‘ਚ ਸੰਗਾਊ ਸੁਆਣੀਆਂ ਆਪਣੇ ਪੈਰ ਭਾਰੇ ਹੋਣ ਦੀ ‘ਗੁੱਡ ਨਿਊਜ਼’ (ਚੰਗੀ ਖਬਰ) ਖੱਟਾ ਖਾਣ ਦੀ ਇੱਛਾ ਪ੍ਰਗਟ ਕਰਕੇ ਹੀ ਜ਼ਾਹਿਰ ਕਰਦੀਆਂ ਸਨ ‘ਤੇ ਕੱਚੀਆਂ ਅੰਬੀਆਂ/ ਨਿੰਬੂ ਆਦਿ ਤੁਰਸ਼ ਸਵਾਦ ਵਾਲੇ ਫਲ, ਅੰਬ ਪਾਪੜ ਜਾਂ ਹੋਰ ਕੋਈ ਅਜਿਹੀ ਸ਼ੈਅ ਖਾਣ ਦੀ ਤਾਂਘ ਦਰਸਾਉਂਦੀਆਂ ਸਨ।
ਭੋਜਪੁਰੀ ਵਿਚ ਨਿੰਬੂ ਨਾਲ ਸਬੰਧਤ ਬੜੇ ਮਸਾਲੇਦਾਰ ਨਾਚ-ਗਾਣੇ ਹਨ-‘ਨਿੰਬੂ ਹੋ ਗੈਲ ਤਰਬੂਜਾ ਰ’ ਅਤੇ ‘ਨਿੰਬੂ ਕੇ ਰਸ ਗਾਰ ਲੇਹਬ’।
ਨਿੰਬੂ ਨੂੰ ਅੰਗਰੇਜ਼ੀ ਵਿਚ ‘ਲੈਮਨ’ ਕਹਿੰਦੇ ਹਨ। ਇਹ ਸ਼ਬਦ ਅਰੈਬਿਕ ‘ਲਿਮਨ/ਲੇਮਨ’, ਓਲਡ ਫਰੈਂਚ ਦੇ ‘ਲਿਮਨ’, ਇਟੈਲੀਅਨ ਦੇ ‘ਲਿਮੌਨ’ ਅਤੇ ਮਿਡਲ ਇੰਗਲਿਸ਼ ਦੇ ‘ਲਾਈਮੌਨ’ ਰਾਹੀਂ ਆਇਐ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਇਸ ਦਾ ਮੂਲ ਸੰਸਕ੍ਰਿਤ ਸ਼ਬਦ ‘ਨਿੰਬੂਕ’ ਦਸਿਐ। ਇਹ ‘ਸਿਟਰਸ’ ਪਰਿਵਾਰ ਦਾ ਫਲ ਹੈ। ਐਨਸਾਈਕਲੋਪੀਡੀਆ ਬਰਿਟੇਨਿਕਾ ਅਨੁਸਾਰ ‘ਲੈਮਨ’(ਨਿੰਬੂ) ਦਾ ਫਲ ਸਪੇਨ ਅਤੇ ਉਤਰੀ ਅਫਰੀਕਾ ਵਿਚ 1000-1200 ਈਸਵੀ ਦਰਮਿਆਨ ਪ੍ਰਚਲਤ ਹੋਇਆ ਅਤੇ ਫਿਰ ਬਾਕੀ ਮੁਲਕਾਂ ਵਿਚ ਪੁੱਜਾ। ਪਰ ਵਿੱਕੀਪੀਡੀਆ ਵਿਚ ਇਸ ਦਾ ਆਰੰਭ ਏਸ਼ੀਆ, ਖਾਸ ਕਰਕੇ ਭਾਰਤ, ਚੀਨ ਅਤੇ ਮਾਇਨਮਾਰ ਵਿਚ ਹੋਇਆ ਦਸਿਆ ਗਿਐ।
ਨਿੰਬੂ ਦੀਆਂ ਕਈ ਕਿਸਮਾਂ ਹਨ ਅਤੇ ਇਸ ਦੇ ਔਸ਼ਧੀਜਨਕ ਲਾਭ ਵੀ ਬਹੁਤ ਹਨ। ਇਹ ‘ਸਿਟਰਸ’ ਪਰਿਵਾਰ ਦਾ ਫਲ ਹੈ ਅਤੇ ਇਸ ਦਾ ਵਿਗਿਆਨਕ ਨਾਮ ‘ਰੂਟਾਸੀ’ ਹੈ।
ਖੈਰ, ਅੱਜ ਕੱਲ੍ਹ ਤਾਂ ਨਿੰਬੂ ਨੇ ਲੋਕ ਨਿਚੋੜ ਸੁੱਟੇ ਹਨ। ਨਿੰਬੂ ਵੀ ਭਲਾ ਕੀ ਕਰੇ, ਹੁਣ ਤਕ ਜਣਾ ਖਣਾ ਤਾਂ ਉਸ ਨੂੰ ਨਿਚੋੜਦਾ ਰਿਹੈ। ਐਸ ਵਾਰ ਉਸ ਦੀ ਵਾਰੀ ਹੈ ਨਿਚੋੜਨ ਦੀ। ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ! ਵੈਸੇ ਮਹਾਨਕੋਸ਼ ਵਿਚ ਸ਼ਬਦ ‘ਨੇਂਬੂਨਿਚੋੜ’ ਦਾ ਅਰਥ ਸਵਾਰਥੀ ਕੀਤਾ ਗਿਐ, ਥੋੜੀ ਜਿਹੀ ਸਾਂਝ ਕਰਕੇ ਬਹੁਤ ਲਾਭ ਉਠਾਉਣ ਵਾਲਾ। ਆਪਣੇ ਪਾਸੋਂ ਕਿਸੇ ਦੇ ਖਾਣੇ ਵਿਚ ਨੇਂਬੂ ਦਾ ਰਸ ਨਿਚੋੜ ਕੇ ਖਾਣ ਲਈ ਬੈਠ ਜਾਣ ਵਾਲਾ!
ਕਾਗਜ਼ੀ ਨਿੰਬੂ ਨੂੰ ਸਭ ਤੋਂ ਉਤਮ ਕਿਹਾ ਗਿਐ। ਇਸ ਦਾ ਛਿਲਕਾ ਪਤਲਾ ‘ਤੇ ਇਸ ‘ਚ ਰਸ ਬਹੁਤ ਹੁੰਦੈ। ਨਿੰਬੂ ਬੜਾ ਗੁਣਕਾਰੀ ਫਲ ਹੈ। ਕੋਸ਼ ਵਿਚ ਕਿਹਾ ਗਿਐ ਕਿ ਇਹ ਜਿਗਰ ਅਤੇ ਮਿਹਦੇ ਦੇ ਰੋਗ ਦੂਰ ਕਰਦਾ ਹੈ, ਭੁੱਖ ਲਾਉਂਦਾ ਹੈ, ਤ੍ਰਿਖਾ, ਸਿਰਪੀੜ, ਤਾਪ ਹਟਾਉਂਦਾ ਹੈ (ਅੱਜ ਕੱਲ੍ਹ ਤਾਂ ਨਿੰਬੂ ਦੇ ਕਈ ਗੰਭੀਰ ਬੀਮਾਰੀਆਂ ਵਿਚ ਲਾਭਦਾਇਕ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ)। ਗਰਮੀਆਂ ਵਿਚ ਇਸ ਦੀ ਸ਼ਿਕੰਵਜੀ ਬਹੁਤ ਗੁਣਕਾਰੀ ਹੈ। ਨਿੰਬੂ ਦਾ ਅਚਾਰ ਅਤੇ ਮੁਰੱਬਾ ਭੀ ਲਾਭਦਾਇਕ ਹੈ।
ਗਰਮੀਆਂ ਵਿਚ ਨਿੰਬੂ-ਪਾਣੀ ਤਾਂ ਲੋਕਾਂ ਦੀ ਮਨਪਸੰਦ ਮੌਸਮੀ ਡਰਿੰਕ ਹੈ। ਹੁਣ ਤਾਂ ਸਲਾਦ, ਫਲਾਂ, ਦਾਲ-ਸਬਜ਼ੀਆਂ ‘ਚ ਅਤੇ ਹੋਰ ਅਨੇਕਾਂ ਵਸਤਾਂ ਵਿਚ ਨਿੰਬੂ ਦਾ ਰਸ ਮਿਲਾਇਆ ਜਾਂਦੈ।
ਪਰ ਨਿੰਬੂ ਦੇ ਅੰਬਰੀਂ ਪੁੱਜੇ ਭਾਅ ਨੇ ਸਭ ਦੀ ਮੱਤ ਮਾਰ ਛਡੀ ਐ। ਜਿੰਨ੍ਹਾਂ ਨੇ ਘਰਾਂ ‘ਚ ਨਿੰਬੂ ਦੇ ਪੌਦੇ ਲਗਾਏ ਹਨ, ਉਹ ਚੋਰਾਂ ਤੋਂ ਇਸ ਦੀ ਰਾਖੀ ਲਈ ‘ਸਕਿਓਰਿਟੀ ਗਾਰਡ’ ਰਖਣ ਦੀ ਸੋਚ ਰਹੇ ਹਨ! ਕਈ ਲੋਕ ਤਾਂ ਹੁਣ ਸੋਨਾਂ ਓਨਾਂ ਨਹੀਂ ਸਾਂਭਦੇ, ਜਿੰਨਾਂ ਨਿੰਬੂ ਸਾਂਭਦੇ ਹਨ! ਬਹੁਤਿਆਂ ਨੇ ਨਿੰਬੂ ਦੇ ਬਦਲ ਭਾਲਣੇ ਸ਼ੁਰੂ ਕਰ ਦਿਤੇ ਹਨ। ਭਲਾ ਆਮ ਬੰਦਾ +300 ਰੁਪਏ ਕਿਲੋ ਵਿਕ ਰਹੇ ਨਿੰਬੂ ਨੂੰ ਕਿਵੇਂ ਖਰੀਦੇ? ਘਰ ਦਾ ਪੂਰਾ ਬੱਜਟ ਹਿਲ ਜਾਂਦੈ। ਇਕ ਨਿੰਬੂ ਹੀ 15-20 ਰੁਪਏ ਨੂੰ ਪਂੈਦੈ। ਸਿਆਣੇ ਕਹਿੰਦੇ ਐ ਕਿ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਨਿੰਬੂ ਦੇ ਭਾਅ ਵਧੇ ਹਨ। ਮਾਹਿਰ ਇਹ ਵੀ ਕਹਿੰਦੇ ਹਨ ਕਿ ਇਸ ਵਾਰ ਬਹੁਤੀ ਗਰਮੀ ਪੈਣ ਕਾਰਨ ਨਿੰਬੂ ਦਾ ਝਾੜ ਘਟ ਗਿਐ ਪਰ ਮੰਗ ਵਧ ਗਈ ਹੈ, ਜਿਸ ਕਾਰਨ ਕੀਮਤਾਂ ਵਧੀਆਂ ਹਨ।
ਪਰ ਨਿੰਬੂ ਦਾ ਰੇਟ ਵਧਣ ਦਾ ਸਾਡੀ ਸਿਹਤ ‘ਤੇ ਕੋਈ ਅਸਰ ਨਹੀਂ। ਸਾਨੂੰ ਦੰਦਾਂ ਦੇ ਡਾਕਟਰ ਨੇ ‘ਸਿਟਰਸ’ ਪਰਿਵਾਰ ਦਾ ਕੋਈ ਵੀ ਫਲ ਖਾਣ ਤੋਂ ਪਰਹੇਜ਼ ਕਰਨ ਲਈ ਕਿਹੈ, ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਸਾਡੇ ਦੰਦ ਖੱਟੇ ਹੋ ਜਾਂਦੇ ਹਨ। ਖੈਰ, ਦੰਦ ਤਾਂ ਨਿੰਬੂ ਨੇ ਸਭ ਦੇ ਖੱਟੇ ਕਰ ਦਿਤੇ ਹਨ! ਪਰ ਸਾਡੇ ਸਬੰਧ ਵਿਚ ਤਾਂ ‘ਕੁੱਬੇ ਦੇ ਲੱਤ ਮਾਰੀ, ਕੁੱਬੇ ਨੂੰ ਰਾਸ ਆਈ’ ਵਾਲੀ ਗੱਲ ਹੋਈ ਹੈ!
ਸੋ, ਨਿੰਬੂ ਜੀ! ਅਸੀਂ ਨਹੀਂ ਨੁੱਚੜੇ, ਬੇਸ਼ਕ ਐਤਕੀਂ ਆਪ ਜੀ ਨੇ ਬਹੁਤੇ ਲੋਕ ਨਿਚੋੜ ਸੁੱਟੇ ਹਨ!