ਮਾਨਸ ਤੋਂ ਦੇਵਤਾ:ਲੋਕਾਂ ਦਾ ਭਵਿੱਖ ਦੇਖਣ-ਦੱਸਣ ਦਾ ਭੇਤ

ਗੁਰਬਚਨ ਸਿੰਘ ਭੁੱਲਰ
ਫੋਨ: +91-80763-63058
ਸਾਡੇ ਪਿੰਡ ਜਮਨਾ ਦਾਸ ਨਾਂ ਦਾ ਇਕ ਵੈਰਾਗੀ ਸਾਧ ਹੁੰਦਾ ਸੀ। ਕੁਛ-ਕੁਛ ਬਜ਼ੁਰਗ ਹੋ ਚੱਲਿਆ ਹੋਣ ਕਾਰਨ ਉਹਦੇ ਹਾਣੀਆਂ ਨੂੰ ਛੱਡ ਕੇ ਸਭ ਲੋਕ ਉਹਨੂੰ ਬਾਬਾ ਆਖਦੇ। ਉਹਦੇ ਬਾਰੇ, ਖਾਸ ਕਰਕੇ ਔਰਤਾਂ ਵਿਚ, ਇਹ ਮਾਨਤਾ ਸੀ ਕਿ ਉਹ ਪੁੱਛਾਂ ਦਿੰਦਾ ਹੈ, ਭਾਵ ਅਗਲੇ ਦੇ ਜੀਵਨ ਦੀਆਂ ਉਲਝੀਆਂ ਸਮੱਸਿਆਵਾਂ ਵਿਚੋਂ ਪੈਦਾ ਹੁੰਦੇ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ ਤੇ ਉਹਦੇ ਭਵਿੱਖ ਵਿਚ ਝਾਕ ਕੇ ਸਾਰਾ ਚੰਗਾ-ਮਾੜਾ ਹਾਲ ਦੱਸ ਦਿੰਦਾ ਹੈ।

ਗੱਲ ਹਾਲ ਦੱਸਣ ‘ਤੇ ਹੀ ਨਹੀਂ ਸੀ ਮੁਕਦੀ, ਉਹ ਨੇੜ-ਭਵਿੱਖ ਵਿਚ ਆਉਣ ਵਾਲ਼ੇ ਸੰਕਟਾਂ ਦਾ ਹੱਲ ਵੀ ਦਸਦਾ ਸੀ। ਕੁਦਰਤੀ ਸੀ, ਅਨਪੜ੍ਹਤਾ ਦੇ ਉਸ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਉਹਤੋਂ ਭਵਿੱਖ ਵੀ ਪੁਛਦੇ ਤੇ ਆਪਣੀਆਂ ਅਜੋਕੀਆਂ ਉਲਝਨਾਂ ਸੁਲਝਾ ਕੇ ਭਵਿੱਖ ਨੂੰ ਚੰਗੇਰਾ ਵੀ ਬਣਵਾਉਣਾ ਚਾਹੁੰਦੇ।
ਜਦੋਂ ਮੈਂ ਵਿਦਿਆਰਥੀ ਸੀ, ਉਹਦੀ ਉਮਰ ਸੱਠ ਸਾਲ ਤੋਂ ਵੱਧ ਹੋਵੇਗੀ। ਮੈਥੋਂ ਵੱਡੇ-ਛੋਟੇ ਉਹਦੇ ਦੋ ਪੋਤੇ, ਬਲਦੇਵ ਸਿੰਘ ਤੇ ਬਾਬੂ ਸਿੰਘ ਮੇਰੇ ਹਮਸਕੂਲ ਸਨ। ਉਹਦੀ ਇਕ ਗੱਲ ਬੜੀ ਅਜੀਬ ਸੀ। ਉਹਦੇ ਮੂੰਹ ਉੱਤੇ ਕੁਦਰਤੀ ਹੀ ਦਾੜ੍ਹੀ-ਮੁੱਛ ਦਾ ਇਕ ਵੀ ਵਾਲ ਨਹੀਂ ਸੀ ਆਇਆ। ਇਸ ਕਰਕੇ ਉਹਦਾ ਚਿਹਰਾ ਬਹੁਤ ਵੱਖਰਾ ਜਿਹਾ ਲਗਦਾ। ਛੋਟੀਆਂ ਅੱਖਾਂ ਤੇ ਅੱਗੇ ਨੂੰ ਵਧੀ ਹੋਈ ਠੋਡੀ ਨਾਲ ਉਹ ਉਮਰੋਂ ਹੋਰ ਵੀ ਵੱਡਾ ਦਿਸਦਾ। ਮੋਢੇ ਉੱਤੇ ਲਟਕਦਾ ਲੰਮਾ ਲੜ ਛੱਡ ਕੇ ਉਹ ਵੱਡਾ ਸਫ਼ੈਦ ਪੱਗੜ ਬੰਨ੍ਹਦਾ। ਸਫ਼ੈਦ ਖੱਦਰ ਦੇ ਲੰਮੇ ਕੁੜਤੇ ਨਾਲ ਉਹਨੇ ਖੱਦਰ ਦੀ ਹੀ ਉੱਚੀ ਜਿਹੀ ਧੋਤੀ ਬੰਨ੍ਹੀ ਹੋਈ ਹੁੰਦੀ। ਸਹਾਰੇ ਵਾਸਤੇ ਤੇ ਪਿੰਡਾਂ ਵਿਚ ਗਜੇ ਲਈ ਜਾਂਦਿਆਂ ਕੁੱਤੇ-ਬਿੱਲੇ ਨੂੰ ਭਜਾਉਣ ਵਾਸਤੇ ਉਹ ਹੱਥ ਵਿਚ ਕਿਸੇ ਦਰਖਤ ਤੋਂ ਵੱਢੀ ਹੋਈ ਸੋਟੀ ਰਖਦਾ।
ਸਾਡੇ ਪਰਿਵਾਰ ਨਾਲ ਉਹਦੀ ਖਾਸੀ ਨੇੜਤਾ ਸੀ ਪਰ ਇਹਦਾ ਕਾਰਨ ਉਹਦਾ ਭਵਿੱਖ-ਦ੍ਰਿਸ਼ਟਾ ਹੋਣਾ ਨਹੀਂ ਸੀ। ਮੇਰੇ ਮਾਤਾ-ਪਿਤਾ ਤੇ ਚਾਚੇ ਪੱਕੇ ਅੰਮ੍ਰਿਤਧਾਰੀ ਹੋਣ ਕਰਕੇ ਅਜਿਹੀਆਂ ਗੱਲਾਂ ਵਿਚ ਉੱਕਾ ਹੀ ਕੋਈ ਭਰੋਸਾ ਨਹੀਂ ਸਨ ਰਖਦੇ। ਇਸ ਨੇੜਤਾ ਦਾ ਕਾਰਨ ਹੋਰ ਸੀ। ਸਾਡਾ ਘਰ ਫਿਰਨੀ ਉੱਤੇ ਸੀ। ਘਰ ਦੇ ਮੂਹਰੇ ਟੋਭਾ ਸੀ। ਟੋਭੇ ਦੇ ਪਾਣੀ ਨੂੰ ਪਰੇ ਰੱਖਣ ਲਈ ਪੂਰੇ ਘਰ ਅੱਗੇ ਕੱਚਾ ਚੌਂਤਰਾ ਬਣਿਆ ਹੋਇਾ ਸੀ। ਚੌਂਤਰੇ ਉੱਤੇ ਦੋ ਬਹੁਤ ਵੱਡੇ ਪੁਰਾਣੇ ਨਿੰਮ ਸਨ। ਇਕ ਪਾਸੇ ਕੰਧ ਨਾਲ ਛੋਟਾ ਪੱਕਾ ਥੜ੍ਹਾ ਬਣਿਆ ਹੋਇਆ ਸੀ ਜੀਹਦੇ ਨਾਲ ਇਕ ਖੁੰਢ ਪਿਆ ਸੀ। ਅਸੀਂ ਦੋ ਬੈਂਚ ਵੀ ਉਥੇ ਰੱਖੇ ਹੋਏ ਸਨ।
ਉਸ ਬੇਸੜਕੇ ਜ਼ਮਾਨੇ ਵਿਚ ਕੱਚੇ ਚੌਂਤਰੇ ਅਤੇ ਟੋਭੇ ਦੇ ਵਿਚਕਾਰੋਂ ਜਾਂਦਾ ਰਾਹ ਕੋਈ ਇਕ ਦਰਜਨ ਪਿੰਡਾਂ ਨੂੰ ਮੰਡੀ ਫੂਲ ਨਾਲ ਜੋੜਦਾ ਸੀ। ਰਾਹੀ ਨਿੰਮਾਂ ਹੇਠ ਦਮ ਲੈਂਦੇ ਤੇ ਪਾਣੀ-ਧਾਣੀ ਪੀਂਦੇ। ਗਰਮੀਆਂ ਵਿਚ ਤਾਂ ਮੇਰੇ ਚਾਚਾ ਜੀ ਨਿੰਮ ਹੇਠ ਸਿਰਕੀਆਂ ਦੀ ਛਪਰੀ ਪਾ ਕੇ ਪਿਆਓ ਲਾ ਲੈਂਦੇ ਤੇ ਗਿੱਲੇ ਰੇਤੇ ਉੱਤੇ ਰੱਖੇ ਗਿੱਲੇ ਬੋਰਿਆਂ ਵਿਚ ਲਪੇਟੇ ਹੋਏ ਕੋਰੇ ਘੜਿਆਂ ਦਾ ਠੰਡਾ ਜਲ ਰਾਹੀਆਂ-ਪਾਂਧੀਆਂ ਨੂੰ ਛਕਾਉਂਦੇ ਰਹਿੰਦੇ।
ਬਾਬਾ ਜਮਨਾ ਵਾਰੀ-ਵਾਰੀ ਚੁਫੇਰੇ ਦੇ ਪਿੰਡਾਂ ਤੋਂ ਆਟੇ ਦਾ ਗਜਾ ਕਰਨ ਜਾਂਦਾ। ਜਦੋਂ ਉਹ ਕਿਸੇ ਇਧਰਲੇ ਪਿੰਡ ਜਾਂਦਾ ਤਾਂ ਮੁੜਦਾ ਹੋਇਆ ਨਿੰਮਾਂ ਹੇਠ ਦਮ ਲੈਂਦਾ ਤੇ ਜਲ ਛਕਦਾ। ਉਹ ਬੈਂਚ ਜਾਂ ਥੜ੍ਹੇ ਉੱਤੇ ਨਹੀਂ ਸੀ ਬੈਠਦਾ, ਥੜ੍ਹੇ ਨਾਲ ਪਏ ਖੁੰਢ ਉੱਤੇ ਬੈਠਦਾ। ਉਹਦੀ ਪਿੱਠ ਪਿੱਛੇ ਬੰਨ੍ਹੀ ਹੋਈ ਆਟੇ ਦੀ ਡੱਗੀ ਪੱਕੇ ਥੜ੍ਹੇ ਉੱਤੇ ਟਿਕ ਜਾਂਦੀ ਅਤੇ ਉਹ ਡੱਗੀ ਲਾਹੇ ਬਿਨਾਂ ਉਹਦੇ ਭਾਰ ਤੋਂ ਮੁਕਤ ਹੋ ਕੇ ਬੈਠ ਸਕਦਾ। ਇਉਂ ਬੈਠ ਕੇ ਉਹ ਬਹੁਤ ਖ਼ੁਸ਼ ਹੁੰਦਾ ਤੇ ਕਈ ਵਾਰ ਇਹ ਖ਼ੁਸ਼ੀ ਸਾਡੇ ਨਾਲ ਸਾਂਝੀ ਵੀ ਕਰਦਾ, “ਭਾਈ, ਥੜ੍ਹੇ ਕੋਲ ਇਹ ਖੁੰਢ ਤਾਂ, ਰੱਬ ਥੋਡਾ ਭਲਾ ਕਰੇ, ਤੁਸੀਂ ਮੇਰੀ ਖਾਤਰ ਹੀ ਰੱਖਿਆ ਹੈ!”
ਇਹ ਤਾਂ ਹੋਈ ਭੂਮਿਕਾ, ਜਿਹੜੀ ਅਸਲ ਗੱਲ ਮੈਂ ਸੁਣਾਉਣ ਲੱਗਿਆ ਹਾਂ, ਉਹ ਉਸ ਸਮੇਂ ਦੀ ਹੈ ਜਦੋਂ ਮੈਂ ਕਾਲਜ ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਨਤੀਜਾ ਉਡੀਕ ਰਿਹਾ ਸੀ। ਇਕ ਦਿਨ ਮੈਂ ਘਰ ਅੱਗੇ ਥੜ੍ਹੇ ਉੱਤੇ ਇਕੱਲਾ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ। ਬਾਬਾ ਆਇਆ ਅਤੇ ਆਪਣੇ ਪੱਕੇ ਆਸਨ ਉੱਤੇ ਟਿਕ ਗਿਆ। ਮੈਂ ਫਤਿਹ ਬੁਲਾਈ ਤਾਂ ਉਹ ਬੋਲਿਆ, “ਲਿਆ, ਭਾਈ ਬੱਚਿਆ, ਜਲ ਛਕਾ।”
ਓਕ ਨਾਲ਼ ਪੀ ਕੇ ਗੜਵੀ ਵਿਚ ਬਚੇ ਹੋਏ ਪਾਣੀ ਦੇ ਛਿੱਟੇ ਉਹਨੇ ਅੱਖਾਂ ਵਿਚ ਮਾਰੇ, ਪੱਗ ਦੇ ਲਟਕਦੇ ਲੰਮੇ ਲੜ ਨਾਲ ਚਿਹਰਾ ਪੂੰਝਿਆ ਤੇ ਸੌਖਾ ਹੋ ਕੇ ਤਸੱਲੀ ਨਾਲ ਬੈਠ ਗਿਆ। ਮੈਂ ਸੋਚਿਆ, ਅੱਜ ਕੋਈ ਤੀਜਾ ਕੋਲ ਨਾ ਹੋਣ ਕਰਕੇ ਬਾਬੇ ਨੂੰ ਉਹ ਸਵਾਲ ਪੁੱਛਣ ਦਾ ਵਧੀਆ ਮੌਕਾ ਹੈ ਜੋ ਚਿਰਾਂ ਤੋਂ ਮਨ ਵਿਚ ਅਟਕਿਆ ਹੋਇਆ ਹੈ।
ਮੈਂ ਬਾਬੇ ਦੇ ਨੇੜੇ ਸਰਕ ਗਿਆ, “ਬਾਬਾ ਜੀ, ਕਈ ਵਾਰ ਇਕ ਗੱਲ ਤੁਹਾਥੋਂ ਪੁੱਛਣੀ ਚਾਹੀ ਹੈ। ਇਕ ਤਾਂ ਤੁਹਾਥੋਂ ਝਿਜਕ ਆ ਜਾਂਦੀ ਹੈ, ਦੁਜੇ, ਇਥੇ ਕੋਈ ਨਾ ਕੋਈ ਹੋਰ ਬੈਠਾ ਹੁੰਦਾ ਹੈ। ਝਿਜਕ ਇਹ ਹੈ ਕਿ ਸਵਾਲ ਤੁਹਾਡੇ ਕੰਮ-ਧੰਦੇ ਤੇ ਰੁਜ਼ਗਾਰ ਬਾਰੇ ਹੈ। ਬਾਬਾ ਜੀ, ਜੇ ਤੁਹਾਨੂੰ ਮੇਰੀ ਸਹੁੰ ਦਾ ਯਕੀਨ ਹੋਵੇ, ਮੈਂ ਵਚਨ ਦਿੰਦਾ ਹਾਂ ਕਿ ਇਹ ਗੱਲ ਕਦੇ ਕਿਸੇ ਤੀਜੇ ਕੋਲ ਨਹੀਂ ਜਾਵੇਗੀ। ਬੱਸ ਪੁੱਛਾਂ ਬਾਰੇ, ਭਵਿੱਖ ਦੱਸਣ ਬਾਰੇ ਮੇਰੀ ਸੱਚ ਜਾਣਨ ਦੀ ਚਾਹਨਾ ਹੈ। ਕੀ ਤੁਸੀਂ ਸੱਚਮੁੱਚ ਲੋਕਾਂ ਦੇ ਭਵਿੱਖ ਦੇਖ ਲੈਂਦੇ ਹੋ?”
ਬਾਬਾ ਦੋ ਪਲ ਚੁੱਪ ਰਿਹਾ ਜਿਵੇਂ ਡੂੰਘੀ ਸੋਚ ਵਿਚ ਡੁੱਬ ਗਿਆ ਹੋਵੇ। ਫੇਰ ਬੋਲਿਆ, “ਭਾਈ ਬੱਚਿਆ, ਤੂੰ ਤਾਂ ਮੈਨੂੰ ਬਹੁਤ ਔਖੇ ਇਮਤਿਹਾਨ ਵਿਚ ਪਾ ਦਿੱਤਾ!”
ਮੈਂ ਹੱਥ ਜੋੜੇ, “ਨਹੀਂ, ਬਾਬਾ ਜੀ, ਇਉਂ ਨਾ ਕਹੋ। ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ, ਮਨ ਉੱਤੇ ਬੋਝ ਨਾ ਪਾਓ, ਬਿਲਕੁਲ ਨਾ ਦੱਸੋ।”
“ਨਹੀਂ ਭਾਈ, ਤੂੰ ਨਿਹਚੇ ਨਾਲ ਗੱਲ ਆਬਦੇ ਤੱਕ ਰੱਖਣ ਦੀ ਸਹੁੰ ਖਾ ਕੇ ਪੁੱਛਿਆ ਹੈ,” ਬਾਬਾ ਦ੍ਰਿੜ੍ਹਤਾ ਨਾਲ ਬੋਲਿਆ, “ਪਤਾ ਨਹੀਂ ਕਿਉਂ, ਤੇਰੀ ਸਹੁੰ ਉੱਤੇ ਇਤਬਾਰ ਕਰਨ ਨੂੰ ਦਿਲ ਕਰਦਾ ਹੈ। ਕਿਸੇ ਉੱਤੇ ਤਾਂ ਬੰਦੇ ਨੂੰ ਇਤਬਾਰ ਕਰ ਹੀ ਲੈਣਾ ਚਾਹੀਦਾ ਹੈ!”
ਸੱਚੀ ਗੱਲ ਹੈ, ਮੈਂ ਬਾਬੇ ਨੂੰ ਦਿੱਤੀ ਸਹੁੰ ਨਿਭਾਈ ਵੀ ਪੂਰੀ। ਅੱਜ ਇਹ ਕਿੱਸਾ ਪਹਿਲੀ ਵਾਰ ਸੁਣਾਉਣ ਲੱਗਿਆ ਹਾਂ ਜਦੋਂ ਬਾਬੇ ਨੂੰ ਇਸ ਨਾਸਮਾਨ ਮਾਤਲੋਕ ਦੀ ਥਾਂ ਸੁਰਗ ਵਿਚ ਰਹਿੰਦੇ ਲੋਕਾਂ ਦਾ ਭਵਿੱਖ ਦਸਦਿਆਂ ਅੱਧੀ ਸਦੀ ਤੋਂ ਦਹਾਕਾ ਵੱਧ ਦਾ ਸਮਾਂ ਹੋ ਗਿਆ ਹੈ। ਮੇਰਾ ਖ਼ਿਆਲ ਨਹੀਂ, ਸੁਰਗ ਦੀ ਖਿੜਕੀ ਵਿਚੋਂ ਦੇਖ ਰਿਹਾ ਬਾਬਾ ਵੀ ਇਹਨੂੰ ਸਹੁੰ ਤੋੜੀ ਮੰਨੇਗਾ!
ਉਹ ਕਹਿੰਦਾ, “ਬੱਚਿਆ, ਮੈਂ ਤੈਨੂੰ ਇਕ ਆਪਬੀਤੀ ਸੁਣਾਉਂਦਾ ਹਾਂ। ਜੋ ਮੈਂ ਦੱਸ ਦਿੱਤਾ, ਬੱਸ ਦੱਸ ਦਿੱਤਾ। ਉਸ ਪਿੱਛੋਂ ਆਪਾਂ ਕੋਈ ਸਵਾਲ-ਜਵਾਬ ਨਹੀਂ ਕਰਾਂਗੇ। ਮੇਰੇ ਦੱਸੇ ਦਾ ਜੋ ਵੀ ਮਤਲਬ ਤੂੰ ਸਮਝੇਂ, ਉਹ ਤੇਰਾ ਕੰਮ ਤੇ ਤੂੰ ਹੀ ਜਾਣ!… ਮੇਰੇ ਦੋ ਭਰਾ ਟੱਲੇਵਾਲ ਪਿੰਡ ਰਹਿੰਦੇ ਨੇ। ਉਹ ਸਾਧਾਂ ਵਾਲਾ ਕੰਮ ਨਹੀਂ ਕਰਦੇ, ਮਤਲਬ, ਪੁੱਛਾਂ ਨਹੀਂ ਦਿੰਦੇ, ਗਜਾ ਕਰਨ ਨਹੀਂ ਜਾਂਦੇ। ਉਹ ਖੇਤੀ ਕਰਦੇ ਨੇ। ਜੱਟ ਨੇ ਪੂਰੇ! ਲੋਕ ਉਹਨਾਂ ਨੂੰ ਮੇਰੇ ਬਾਰੇ ਪੁਛਦੇ ਰਹਿੰਦੇ ਨੇ, ਬਾਬਾ ਕਦੋਂ ਆਊ? ਦੋ-ਚਹੁੰ ਮਹੀਨੀਂ ਮੈਂ ਉਥੇ ਗੇੜਾ ਮਾਰ ਆਉਂਦਾ ਹਾਂ।”
ਇਕ ਪਲ ਰੁਕ ਕੇ ਉਹਨੇ ਕਹਾਣੀ ਅੱਗੇ ਤੋਰੀ, “ਮੈਂ ਪਿਛਲੇ ਸਾਲ ਗਿਆ ਤਾਂ ਇਕ ਤੀਵੀਂ ਆਈ। ਬਹੁਤ ਰੋਈ, ‘ਬਾਬਾ, ਮੇਰੀ ਇਕੋ ਨੂੰਹ ਹੈ, ਓਸੇ ਨੂੰ ਓਪਰੀ ਛਾਇਆ ਦੇ ਦੌਰੇ ਪੈਂਦੇ ਨੇ। ਕਿਸੇ ਵੈਦ-ਹਕੀਮ ਤੋਂ ਠੀਕ ਨਹੀਂ ਹੋਈ। ਬੈਠੀ-ਬੈਠੀ ਜਾਂ ਕੰਮ ਕਰਦੀ-ਕਰਦੀ ਘੁਮੇਟਣੀ ਖਾ ਕੇ ਬੇਸੁਰਤ ਡਿੱਗ ਪੈਂਦੀ ਐ। ਪਾਣੀ ਦੇ ਛਿੱਟੇ ਮਾਰ ਕੇ ਤੇ ਹੱਥ-ਪੈਰ ਮਲ਼ ਕੇ ਮਸਾਂ ਸੁਰਤ ਵਿਚ ਲਿਆਈਂਦੀ ਐ।’ ਮੈਂ ਉਹਤੋਂ ਉਹਦੇ ਟੱਬਰ ਦੇ ਜੀਆਂ ਦੀ ਜਾਣਕਾਰੀ ਲੈ ਲਈ ਤੇ ਕਿਹਾ, ‘ਦਿਨ ਦਾ ਇਹ ਵੇਲ਼ਾ ਵਿੱਦਿਆ ਵਿਚਾਰਨ ਵਾਸਤੇ ਠੀਕ ਨਹੀਂ ਹੁੰਦਾ, ਪਹਿਲੇ ਪਹਿਰ ਹੀ ਰੇਖ ਵਿਚ ਮੇਖ ਵਜਦੀ ਐ।’ ਉਹ ਕਹਿੰਦੀ, ‘ਘਰੇ ਵੀ ਮੈਨੂੰ ਉਹੋ ਵੇਲਾ ਠੀਕ ਰਹੂ, ਬਾਬਾ, ਮੇਰਾ ਮਨੁੱਖ ਇਨ੍ਹਾਂ ਗੱਲਾਂ ਨੂੰ ਮੰਨਦਾ ਨਹੀਂ ਤੇ ਕਲੇਸ ਪਾ ਬਹਿੰਦਾ ਐ। ਭਲਕੇ ਉਹ ਤੇ ਵੱਡਾ ਮੁੰਡਾ ਜਦੋਂ ਖੇਤ ਨੂੰ ਤੁਰ ਗਏ, ਮੈਂ ਆ ਕੇ ਤੈਨੂੰ ਲੈ ਜਾਊਂ।’ ਮੈਂ ਹਾਮੀ ਭਰ ਦਿੱਤੀ।”
ਬਾਬੇ ਨੇ ਸਾਹ ਲਿਆ ਤੇ ਬੋਲਿਆ, “ਅਗਲੇ ਦਿਨ ਮੈਂ ਉਹਦੇ ਨਾਲ ਗਿਆ ਤਾਂ ਘਰ ਵਿਚ ਓਪਰੀ ਕਸਰ ਵਾਲ਼ੀ ਬਹੂ ਤੋਂ ਬਿਨਾਂ ਬਾਰਾਂ-ਚੌਦਾਂ ਸਾਲ ਦੀ ਉਮਰ ਦਾ ਇਕ ਮੁੰਡਾ ਤੇ ਉਹਤੋਂ ਛੋਟੀ ਇਕ ਕੁੜੀ ਸਨ, ਉਸ ਤੀਵੀਂ ਦੇ ਛੋਟੇ ਬੱਚੇ। ਮੈਂ ਹਿਸਾਬ ਲਾਇਆ, ਬਹੂ ਤੋਂ ਬਿਨਾਂ ਤਿੰਨ ਜਣੇ ਐ ਜੋ ਘਰੋਂ ਭੇਜਣੇ ਪੈਣੇ ਐ! ਟੱਲੇਵਾਲ ਪਿੰਡ ਨਹਿਰ ਦੇ ਨਾਲ਼ ਐ। ਮੈਂ ਸੱਸ ਨੂੰ ਕਿਹਾ, ‘ਤੂੰ ਕਿਸੇ ਭਾਂਡੇ ਵਿਚ ਪਹਿਲਾਂ ਕੁਛ ਜਲ ਨਹਿਰ ਦਾ ਪਾ, ਫੇਰ ਉਸ ਵਿਚ ਛੀ ਖੂਹਾਂ ਦਾ ਜਲ ਪਾ ਤੇ ਇਹ ਸੱਤ-ਜਲਾ ਬਣਾ ਕੇ ਲੈ ਆ।’ ਮੁੰਡੇ ਨੂੰ ਮੈਂ ਪਿੰਡ ਵਿਚ ਜਾਂ ਪਿੰਡ ਦੀਆਂ ਨਿਆਈਆਂ ਵਿਚ ਆਮ ਮਿਲਦੇ ਅੱਡ-ਅੱਡ ਕਿਸਮ ਦੇ ਸੱਤ ਬਿਰਛਾਂ ਦੀਆਂ ਛੋਟੀਆਂ-ਛੋਟੀਆਂ ਡਾਹਣੀਆਂ ਲਿਆਉਣ ਲਈ ਕਹਿ ਦਿੱਤਾ, ਬੋਹੜ, ਪਿੱਪਲ, ਨਿੰਮ, ਟਾਹਲੀ, ਕਿੱਕਰ, ਬੇਰੀ, ਤੂਤ ਜਾਂ ਕੋਈ ਹੋਰ।… ਤੇ ਕੁੜੀ ਨੂੰ ਗਊਆਂ ਵਾਲ਼ੇ ਸੱਤ ਘਰੀਂ ਜਾ ਕੇ ਉਨ੍ਹਾਂ ਦਾ ਥੋੜ੍ਹਾ-ਥੋੜ੍ਹਾ ਗੋਹਾ ਲਿਆਉਣ ਵਾਸਤੇ ਭੇਜ ਦਿੱਤਾ। ਉਹ ਤਿੰਨੇ ਖਾਸੇ ਚਿਰ ਵਾਸਤੇ ਘਰੋਂ ਬਾਹਰ ਹੋ ਗਏ। ਹੁਣ ਪਿੱਛੇ ਰਹਿ ਗਏ ਛਾਇਆ ਵਾਲੀ ਬਹੂ ਤੇ ਮੈਂ, ਇਲਾਜ ਕਰਨ ਵਾਲ਼ਾ ਬਾਬਾ।”
ਬਾਬੇ ਦੀ ਕਹਾਣੀ ਬੜੀ ਦਿਲਚਸਪ ਸੀ। ਮੈਨੂੰ ਉਸ ਵਿਚੋਂ ਸੁਜਾਨ ਸਿੰਘ ਤੇ ਵਿਰਕ ਦੀਆਂ ਕਹਾਣੀਆਂ ਵਰਗਾ ਰਸ ਆ ਰਿਹਾ ਸੀ। ਕਹਾਣੀ ਵੀ ਹੁਣ ਬੜੇ ਨਾਜ਼ੁਕ ਮੋੜ ਉੱਤੇ ਅੱਪੜ ਗਈ ਸੀ।
ਬਾਬੇ ਨੇ ਕਥਾ ਅੱਗੇ ਤੋਰੀ, “ਮੈਂ ਵਹੁਟੀ ਨੂੰ ਕਿਹਾ, ‘ਦੇਖ ਭਾਈ, ਤੂੰ ਮੇਰੀ ਧੀ ਤੇ ਮੈਂ ਤੇਰਾ ਪਿਓ। ਮੈਨੂੰ ਸੱਚ-ਸੱਚ ਦੱਸ, ਤੈਨੂੰ ਕੀ ਦੁੱਖ ਐ? ਜੇ ਭੋਰਾ ਵੀ ਓਹਲਾ ਰੱਖੇਂਗੀ, ਉਪਾਅ ਨਹੀਂ ਹੋਣਾ।’ ਕੁੜੀ ਕਹਿੰਦੀ, ‘ਬਾਬਾ, ਇਨ੍ਹਾਂ ਨੇ ਵਿਆਹ ਮਗਰੋਂ ਇਕ ਵਾਰੀ ਵੀ ਮੈਨੂੰ ਪੇਕੀਂ ਨਹੀਂ ਭੇਜਿਆ। ਮੇਰੇ ਪੇਕਿਆਂ ਨੂੰ ਵੀ ਕਹਿ ਦਿੱਤਾ, ਥੋਡੇ ਟੱਬਰ ਦਾ ਕੋਈ ਜੀਅ ਸਾਡੇ ਘਰ ਨਾ ਆਵੇ। ਜਦੋਂ ਮੈਨੂੰ ਮਾਂ ਤੇ ਭੈਣ-ਭਾਈ ਯਾਦ ਆਉਂਦੇ ਐ, ਮੇਰੇ ਅੰਦਰੋਂ ਵਰੋਲ਼ਾ ਜਿਹਾ ਉੱਠ ਕੇ ਸਿਰ ਨੂੰ ਚੜ੍ਹ ਜਾਂਦੈ ਤੇ ਮੈਨੂੰ ਬੇਸੁਰਤੀ ਦਾ ਦੌਰਾ ਪੈ ਜਾਂਦੈ।’ ਮੈਨੂੰ ਉਹਦੇ ਰੋਗ ਦੀ ਤੰਦ ਹੱਥ ਆਉਂਦੀ ਦਿਸੀ।”
ਬਾਬਾ ਕਹਿੰਦਾ, “ਮੈਂ ਪੁੱਛਿਆ, ‘ਪਰ ਇਨ੍ਹਾਂ ਨੇ ਤੇਰੇ ਪੇਕਿਆਂ ਨਾਲੋਂ ਇਉਂ ਨਾਤਾ ਕਿਉਂ ਤੋੜ ਲਿਆ?’ ਉਹਨੇ ਅੰਦਰਲੀ ਗੱਲ ਦੱਸੀ, ‘ਵਿਆਹੀ ਤਾਂ ਮੈਂ ਪੁੰਨ ਦੀ ਸੀ ਪਰ ਮੇਰਾ ਸ਼ਰਾਬੀ ਪਿਓ ਵੈਰੀ ਬਣ ਗਿਆ। ਸਾਡੇ ਸਾਰੇ ਟੱਬਰ ਤੋਂ ਚੋਰੀਉਂ ਇਨ੍ਹਾਂ ਤੋਂ ਮੇਰੇ ਪੈਸੇ ਲੈ ਲਏ। ਪਿੰਡ ਦੇ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਿਆ, ਉਨ੍ਹਾਂ ਵਿਚੋਂ ਕੁਛ ਭਾਨੀਮਾਰਾਂ ਨੇ ਵਿਆਹ ਵੇਲੇ ਹੀ ਚੁਗਲੀ ਕਰ ਦਿੱਤੀ। ਇਨ੍ਹਾਂ ਦੇ ਕੰਨ ਭਰ ਦਿੱਤੇ, ਅਖੇ ਜੇ ਤੁਸੀਂ ਕੁੜੀ ਫੇਰਾ ਪਾਉਣ ਪੇਕੀਂ ਭੇਜੀ, ਇਹਦਾ ਪਿਓ ਫੇਰ ਪੈਸੇ ਮੰਗੂ। ਬੱਸ ਇਨ੍ਹਾਂ ਨੇ ਮੈਨੂੰ ਵਿਆਹੀ ਆਈ ਨੂੰ ਹੀ ਇੱਥੇ ਰੱਖ ਲਿਆ, ਪੇਕੀਂ ਫੇਰਾ ਪਾਉਣ ਵੀ ਨਹੀਂ ਭੇਜਿਆ।’ ਇਹ ਸੁਣ ਕੇ ਮੇਰਾ ਹੱਥ ਰੋਗ ਦੀ ਜੜ੍ਹ ਨੂੰ ਪੈ ਗਿਆ!”
ਬਾਬਾ ਉਪਾਅ ਵੱਲ ਤੁਰਿਆ, “ਮੈਂ ਕੁੜੀ ਨੂੰ ਪੁੱਛਿਆ, ‘ਜੇ ਇਨ੍ਹਾਂ ਦਾ ਡਰ ਸੱਚਾ ਹੋਇਆ? ਮੰਨ ਲੈ, ਮੈਂ ਤੈਨੂੰ ਪੇਕੀਂ ਭਿਜਵਾ ਦਿਆਂ ਤੇ ਤੇਰਾ ਪਿਓ ਫੇਰ ਪੈਸੇ ਮੰਗ ਲਵੇ?’ ਉਹ ਕਹਿੰਦੀ, ‘ਨਹੀਂ ਬਾਬਾ, ਹੁਣ ਇਹ ਐਵੇਂ ਡਰਦੇ ਐ। ਪਤਾ ਲੱਗੇ ਤੋਂ ਸਾਰੇ ਟੱਬਰ ਨੇ ਤੇ ਰਿਸ਼ਤੇਦਾਰਾਂ ਨੇ ਮੇਰੇ ਪਿਓ ਨੂੰ ਬਹੁਤ ਲਾਅਨਤਾਂ ਪਾਈਆਂ। ਨਾਲੇ ਹੁਣ ਇਹ ਮੇਰਾ ਆਬਦਾ ਘਰ ਐ, ਜੇ ਮੇਰਾ ਪਿਓ ਨਾ ਵੀ ਭੇਜੂ, ਮੈਂ ਆਪੇ ਗਠੜੀ ਚੱਕ ਕੇ ਆ ਜਾਊਂ।’ ਉਹਦੇ ਮੂੰਹੋਂ ਇਹ ਸੁਣ ਕੇ ਮੇਰੀ ਤਸੱਲੀ ਹੋ ਗਈ। ਜੇ ਮੈਂ ਇਹਨੂੰ ਪੇਕੀਂ ਭਿਜਵਾ ਦਿਆਂ, ਕੋਈ ਡਰ ਵਾਲ਼ੀ ਗੱਲ ਨਹੀਂ!”
ਬਾਬੇ ਨੇ ਦੱਸਿਆ, “ਬੱਚਿਆ, ਉਹ ਤਿੰਨੇ ਆਏ ਤਾਂ ਮੈਂ ਕੁੜੀ ਦਾ ਲਿਆਂਦਾ ਸੱਤ ਗਊਆਂ ਦਾ ਗੋਹਾ ਮਾਂ ਦੇ ਲਿਆਂਦੇ ਸੱਤ-ਜਲੇ ਵਿਚ ਘੋਲ਼ ਕੇ ਗਊ-ਗੋਬਰੀ ਬਣਾ ਲਈ। ਬਰਾਂਡੇ ਵਿਚ ਕੁਛ ਥਾਂ ਉੱਤੇ ਗਊ-ਗੋਬਰੀ ਦਾ ਪੋਚਾ ਫੇਰ ਦਿੱਤਾ। ਬਾਕੀ ਗਊ-ਗੋਬਰੀ ਵਿਚ ਮੁੰਡੇ ਦੀਆਂ ਲਿਆਂਦੀਆਂ ਸੱਤ ਬਿਰਛਾਂ ਦੀਆਂ ਡਾਹਣੀਆਂ ਡੋਬ ਡੋਬ ਕੇ ਸਾਰੇ ਘਰ ਵਿਚ ਛਿੱਟਾ ਦੇ ਦਿੱਤਾ। ਪੋਚੇ ਵਾਲੀ ਥਾਂ ਧੂਫ਼ ਧੁਖਾ ਕੇ ਤੇ ਬਹੂ ਨੂੰ ਬਹਾ ਕੇ ਉਹਦੇ ਉੱਤੇ ਵੀ ਗਊ-ਗੋਬਰੀ ਦੇ ਛਿੱਟੇ ਮਾਰ ਦਿੱਤੇ। ਨਾਲੋ-ਨਾਲ ਮੂੰਹ ਵਿਚ ਮੰਤਰ ਤਾਂ ਪੜ੍ਹਨੇ ਹੀ ਹੋਏ।”
ਬਾਬਾ ਮੁਸਕਰਾਇਆ, “ਹੁਣ ਭਲਾ ਓਪਰੀ ਕਸਰ ਨੇ ਘਰ ਵਿਚ ਕਿੱਥੇ ਰਹਿਣਾ ਸੀ! ਮੈਂ ਸੱਸ ਨੂੰ ਕਿਹਾ, ‘ਬਹੂ ਨੌਂ ਦਿਨ ਕੰਨਿਆ ਬਣ ਕੇ ਰਹੇ।…ਇਹਨੂੰ ਨੌਂ ਦਿਨ ਪੇਕੀਂ ਭੇਜ ਦਿਓ।’ ਸੱਸ ਨੇ ਸਿਰ ਮਾਰਿਆ, ‘ਨਾ ਬਾਬਾ ਨਾ, ਹੋਰ ਜੋ ਮਰਜ਼ੀ ਕਰਵਾ ਲੈ, ਮੈਂ ਇਹਨੂੰ ਪੇਕੀਂ ਨਹੀਂ ਭੇਜਣਾ। ਇਹਦੇ ਪਿਓ ਨੇ ਵਿਆਹ ਤੋਂ ਪਹਿਲਾਂ ਪੈਸੇ ਗਿਣ ਕੇ ਧਰਾ ਲਏ ਸੀ, ਉਹਨੇ ਲਾਲਚੀ ਸ਼ਰਾਬੀ ਨੇ ਹੁਣ ਫੇਰ ਮੰਗ ਲੈਣੇ ਐ।…ਮੈਂ ਇਉਂ ਕਰੂੰ, ਇਹਨੂੰ ਕੰਨਿਆ ਬਣਾਉਣ ਵਾਸਤੇ ਇਹਦਾ ਮੰਜਾ ਆਪਣੇ ਮੰਜੇ ਦੇ ਨਾਲ ਜੋੜ ਕੇ ਡਾਹ ਲਿਆ ਕਰੂੰ।’ ਮੈਂ ਕਿਹਾ, ‘ਤੂੰ ਇਹਦਾ ਮੰਜਾ ਤਾਂ ਨਾਲ ਜੋੜ ਕੇ ਡਾਹ ਲਵੇਂਗੀ ਪਰ ਇੱਥੇ ਹਰ ਕੋਈ ਇਹਨੂੰ ਬਹੂ-ਬਹੂ ਤਾਂ ਕਹਿੰਦਾ ਹੀ ਰਹੂ!’ ਤੇ ਮੈਂ ਹਿੱਕ ਥਾਪੜੀ, ‘ਇਹ ਜ਼ਿੰਮੇਵਾਰੀ ਮੇਰੀ। ਇਹਦੇ ਪੇਕੇ ਪਿੰਡ ਦੀ ਪੰਚਾਇਤ ਮੇਰੀ ਬਹੁਤ ਮੰਨਦੀ ਐ। ਜੇ ਇਹਦਾ ਪਿਓ ਵਾਪਸ ਭੇਜਣ ਤੋਂ ਆਨਾਕਾਨੀ ਕਰੂ, ਮੈਂ ਪੰਚਾਇਤ ਜੋੜ ਕੇ ਕੁੜੀ ਨੂੰ ਲਿਆ ਤੇਰੇ ਹਵਾਲੇ ਕਰੂੰ।’ ਸੱਸ ਮੇਰੀ ਜਾਮਨੀ ਤੇ ਮੰਨ ਗਈ।”
ਬਾਬੇ ਨੇ ਕਹਾਣੀ ਮੁਕਾਈ, “ਲਓ ਜੀ, ਮੈਂ ਕਈ ਮਹੀਨਿਆਂ ਮਗਰੋਂ ਫੇਰ ਟੱਲੇਵਾਲ਼ ਗਿਆ। ਸੁਨੇਹਾ ਸੁਣ ਕੇ ਸੱਸ ਭੱਜੀ ਆਈ। ਬਾਗੋਬਾਗ। ਮੇਰੇ ਪੈਰਾਂ ਤੋਂ ਨਾ ਉੱਠੇ! ਕਹਿੰਦੀ, ‘ਬਾਬਾ, ਤੇਰੀ ਕਿਰਪਾ ਨਾਲ ਅਸੀਂ ਵਸਦਿਆਂ ਵਿਚ ਹੋ ਗਏ। ਬਹੂ ਨੂੰ ਤੇਰੇ ਹਥੌਲ਼ੇ ਤੋਂ ਮਗਰੋਂ ਓਸੇ ਦਿਨ ਤੋਂ ਦੌਰਾ ਨਹੀਂ ਪਿਆ। ਨਾਲੇ ਇਹਦੇ ਪੇਕਿਆਂ ਨਾਲ ਸਾਡਾ ਆਉਣ-ਜਾਣ ਹੋ ਗਿਆ। ਸਾਰਾ ਟੱਬਰ ਚੰਗਾ ਐ, ਬੱਸ ਇਕ ਇਹਦਾ ਪਿਓ ਮਾੜਾ ਨਿਕਲਿਆ। ਉਹਦੀ ਹੁਣ ਘਰ ਵਿਚ ਸੁਣਦਾ ਕੋਈ ਨਹੀਂ।’ ਫੇਰ ਮੇਰੇ ਕੰਨ ਕੋਲ ਮੂੰਹ ਕਰ ਕੇ ਕਹਿੰਦੀ, ‘ਬਾਬਾ, ਨਾਲੇ ਸੁੱਖ ਨਾਲ ਬਹੂ ਨੂੰ ਹੁਣ ਨਿੱਕਾ-ਨਿਆਣਾ ਹੋਣ ਵਾਲਾ ਐ!’ ਅਗਲੇ ਦਿਨ ਦੀ ਮੇਰੀ ਰੋਟੀ ਵਰਜ ਗਈ।”
ਬਾਬੇ ਜਮਨੇ ਨੇ ਜਾਣ ਵਾਸਤੇ ਖੜ੍ਹੇ ਹੁੰਦਿਆਂ ਸੋਟੀ ਚੁੱਕੀ ਤੇ ਕਹਿੰਦਾ, “ਅਗਲੇ ਦਿਨ ਘਰ ਗਏ ਦੇ ਸਾਰਾ ਟੱਬਰ ਮੁੜ-ਮੁੜ ਮੇਰੇ ਪੈਰੀਂ ਹੱਥ ਲਾਵੇ! ਖੀਰ-ਕੜਾਹ ਨਾਲ ਭੋਜਨ ਛਕਾਇਆ।” ਭਾਰੀ ਡੱਗੀ ਸੰਭਾਲ ਕੇ ਖੜ੍ਹਾ ਹੁੰਦਾ ਬਾਬਾ ਬੋਲਿਆ,”ਨਾਲੇ ਬੱਚਿਆ, ਪੰਜ-ਕਾਪੜੀ ਉੱਤੇ ਰੱਖ ਕੇ ਇਕੋਤਰ ਸੌ ਰੁਪਈਆ ਦਿੱਤਾ! ਤੁਰਨ ਲੱਗੇ ਨੇ ਉਹਨੇ ਇਸ਼ਾਰੇ ਨਾਲ਼ ਮੇਰੀ ਸਹੁੰ ਚੇਤੇ ਕਰਵਾਈ, “ਲੈ ਭਾਈ ਬੱਚਾ, ਹੁਣ ਮੈਂ ਚਲਦਾ ਹਾਂ। ਤੂੰ ਗੱਲ ਪੁੱਛੀ ਤੇ ਮੈਂ ਗੱਲ ਦੱਸੀ। ਬੱਸ ਗੱਲ ਇਥੇ ਹੀ ਮੁੱਕ-ਮੁਕਾ ਗਈ!”