ਛਿੱਣ-ਭੰਗਰਤਾ ਦੀ ਚਾਨਣ-ਝੀਤ

ਡਾ. ਗੁਰਬਖ਼ਸ਼ ਸਿੰਘ ਭੰਡਾਲ

ਛਿੱਣ-ਭੰਗਰਤਾ, ਮਨ `ਚ ਅਚਨਚੇਤੀ ਪੈਦਾ ਹੋਈ ਪ੍ਰਕਿਰਿਆ। ਕੁਝ ਅਚੰਭਤ ਦਾ ਵਰਤ ਜਾਣਾ। ਕੁਝ ਅਚੇਤ ਰੂਪ ਵਿਚ ਮਨ ਦੀ ਜੂਹ ਵਿਚ ਹੋਣਾ। ਅਛੋਪਲੇ ਜਹੇ ਕੁਝ ਅਜੇਹਾ ਵਾਪਰ ਜਾਣਾ ਕਿ ਮਨ ਆਪਣੀ ਪ੍ਰਤੀਕਿਰਿਆ ਕਰਨ ਅਤੇ ਇਸ ਵਿਚੋਂ ਉਭਰਨ ਲਈ ਕੁਝ ਸਮਾਂ ਲਗਾਉਂਦਾ। ਇਸ ਦੌਰਾਨ ਕੁਝ ਹੋਰ ਹੀ ਵਾਪਰ ਜਾਂਦਾ ਜਿਸਦੀ ਮਨ ਨੂੰ ਵੀ ਸੂਹ ਨਾ ਮਿਲਦੀ।

ਇਹ ਸਭ ਕੁਝ ਅਚਨਚੇਤੀ ਹੀ ਹੁੰਦਾ ਜੋ ਮਨੁੱਖੀ ਜਿ਼ੰਦਗੀ ਦੀਆਂ ਭਵਿੱਖੀ ਪੈੜਾਂ ਨੂੰ ਮੰਜ਼ਲ ਵੱਲ ਜਾਂਦੀਆਂ ਰਾਹਾਂ ਦਾ ਨਾਮ ਵੀ ਦਿੰਦਾ ਅਤੇ ਕਈ ਵਾਰ ਰਸਾਤਲ ਨੂੰ ਜਾਂਦੀ ਤੋਰ ਦਾ ਸਿਰਨਾਵਾਂ ਵੀ ਹੁੰਦਾ।
ਛਿੱਣ-ਭੰਗਰਤਾ ਦਰਅਸਲ ਸਾਡੇ ਆਲੇ-ਦੁਆਲੇ ਵਾਪਰ ਰਹੇ ਵਰਤਾਰੇ ਵਿਚੋਂ ਹੀ ਪੈਦਾ ਹੁੰਦੀ ਜਿਸਨੂੰ ਅਸੀਂ ਕਈ ਵਾਰ ਸਮਝਦੇ ਨਹੀਂ ਜਾਂ ਇਸਦੀ ਥਾਹ ਨਹੀਂ ਪਾਉਂਦੇ ਅਤੇ ਇਸ ਤੋਂ ਨਿਰਲੇਪ ਰਹਿਣ ਦੀ ਅਸਫ਼ਲ ਕੋਸਿ਼ਸ਼ ਕਰਦੇ ਹਾਂ। ਸਾਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਚੌਗਿਰਦੇ ਵਿਚ ਵਾਪਰ ਰਹੇ ਹਰ ਵਰਤਾਰੇ ਵਿਚੋਂ ਹੀ ਸਾਡੀਆਂ ਪ੍ਰਤੀ-ਕਿਰਿਆਵਾਂ ਨੇ ਜਨਮ ਲੈਣਾ ਹੁੰਦਾ ਅਤੇ ਇਸ ਨੇ ਸਾਡੇ ਸਮੁੱਚ ਨੂੰ ਹਰ ਪੱਖ ਤੋਂ ਪ੍ਰਭਾਵਤ ਕਰਨਾ ਹੁੰਦਾ।
ਛਿੱਣ-ਭੰਗਰਤਾ ਇਸ ਲਈ ਅਹਿਮ ਹੈ ਕਿਉਂਕਿ ਇਨ੍ਹਾਂ ਪਲਾਂ ਵਿਚ ਮਨ ਦੀ ਪ੍ਰੀਖਿਆ ਹੁੰਦੀ ਅਤੇ ਪਤਾ ਲੱਗਦਾ ਕਿ ਮਨ ਕਿਸ ਦਿਸ਼ਾ ਅਤੇ ਦਸ਼ਾ ਵੱਲ ਸੇਧਤ ਹੈ? ਇਸ ਵਿਚੋਂ ਆਲੇ-ਦੁਆਲੇ ਵੱਸਦੇ ਲੋਕਾਂ ਨੇ ਕੀ ਸਮਝਣਾ ਅਤੇ ਇਸਦੇ ਕਿਹੜੇ ਅਰਥਾਂ ਵਿਚੋਂ ਤੁਹਾਡੇ ਵਿਅਕਤੀਤਵ ਨੂੰ ਪਰਿਭਾਸ਼ਤ ਕਰਨਾ ਹੁੰਦਾ? ਇਹ ਬਿੰਬ ਹੀ ਹੁੰਦਾ ਜੋ ਲੋਕ-ਮਨਾਂ ਵਿਚ ਬੈਠ, ਤੁਹਾਡੀ ਜਿ਼ੰਦਗੀ ਦੀਆਂ ਕਰਮ-ਰੇਖਾਵਾਂ ਅਤੇ ਜੀਵਨ ਵਿਚ ਆਉਣ ਵਾਲੇ ਪਲਾਂ ਦਾ ਨਾਮਕਰਨ ਬਣਨਾ ਹੁੰਦਾ।
ਛਿੱਣ-ਭੰਗਰਤਾ ਵਿਚ ਹੀ ਮਨੁੱਖ ਦਾ ਗੁੱਸਾ ਅੱਧ-ਅਸਮਾਨੇ ਚੜ੍ਹਦਾ। ਖੁਦ ਦੇ ਹੋਸ਼-ਹਵਾਸ ਨਹੀਂ ਰਹਿੰਦੇ ਅਤੇ ਉਹ ਗੁੱਸੇ ਵਿਚ ਕੁਝ ਅਜੇਹਾ ਕਰ ਜਾਂਦਾ ਕਿ ਸਾਰੀ ਉਮਰ ਉਹ ਪਛਤਾਵੇ ਦੀ ਜਿ਼ੰਦਗੀ ਜਿਊਣ ਜੋਗਾ ਹੀ ਰਹਿ ਜਾਂਦਾ। ਇਹ ਗੁੱਸੇ ਵਿਚ ਬੋਲੇ ਬੋਲ-ਕਬੋਲ ਹੋਣ, ਕਿਸੇ ਦੀ ਰੂਹ `ਤੇ ਲਾਏ ਜ਼ਖ਼ਮ ਹੋਣ ਜਾਂ ਕਿਸੇ ਆਪਣੇ ਦੇ ਹੱਥੀਂ ਕੀਤੀ ਕਬਰ-ਖੁਦਾਈ ਹੋਵੇ, ਆਪਣਿਆਂ ਦੇ ਸੀਨੇ ਵਿਚ ਛੇਕ ਪਾਉਣਾ ਹੋਵੇ ਜਾਂ ਕਿਸੇ ਦੇ ਹਉਕਿਆਂ ਵਿਚੋਂ ਆਪਣੇ ਹਾਸਿਆਂ ਦੀ ਆਉਧ ਕਿਆਸਣਾ ਹੋਵੇ।
ਇਹ ਮਾਨਸਿਕ ਛਿੱਣ-ਭੰਗਰਤਾ ਹੀ ਹੁੰਦੀ ਕਿ ਬੰਦਾ ਆਪਣੇ ਮਾਤਹਿਤ ਦੀ ਕਿਰਦਾਰ-ਕੁਸ਼ੀ ਕਰਦਾ। ਉਸ ਦੀਆਂ ਭਾਵਨਾਵਾਂ ਵਿਚ ਚੀਸ ਧਰਦਾ ਜਾਂ ਉਸ ਵਲੋਂ ਦਿਖਾਏ ਹੋਏ ਅਦਬ ਨੂੰ ਦਰ-ਕਿਨਾਰ ਕਰ ਕੇ ਆਪਣੀ ਹਾਊਮੈਂ ਨੂੰ ਪੱਠੇ ਪਾ ਕੇ ਤੌਹੀਨ ਕਰਦਾ। ਇਹ ਅਜੇਹਾ ਪਲ ਜਦ ਤੁਸੀਂ ਕਿਸੇ ਬੱਚੇ ਦੇ ਨੈਣਾਂ ਵਿਚ ਸੁਪਨਿਆਂ ਦੀ ਲਿਸ਼ਕੋਰ ਨੂੰ ਇਕ ਹੀ ਛਿੱਣ ਵਿਚ ਖਤਮ ਕਰ ਦਿੰਦੇ। ਉਸਦੇ ਬਸਤੇ ਵਿਚ ਜਾਗਦੇ ਅੱਖਰਾਂ ਅਤੇ ਕਿਤਾਬਾਂ ਵਿਚਲੇ ਜੁਗਨੂੰਆਂ ਨੂੰ ਸਦਾ ਦੀ ਨੀਂਦਰੇ ਸੁਆ ਦਿੰਦੇ ਅਤੇ ਨਿੱਕੇ ਨਿੱਕੇ ਪੈਰਾਂ ਵਿਚ ਉਗੇ ਵੱਡੇ ਸਫ਼ਰ ਦੀ ਦਾਸਤਾਨ ਸਿਰਫ਼ ਸਿਸਕੀਆਂ ਭਰਨ ਜੋਗੀ ਹੀ ਰਹਿ ਜਾਂਦੀ।
ਛਿੱਣ-ਭੰਗਰਤਾ ਦਾ ਇਹ ਕੇਹਾ ਆਲਮ ਕਿ ਇਕ ਹੀ ਬੋਲ, ਕਿਸੇ ਕਲਮ ਦੀ ਕੁੱਖ ਵਿਚ ਉਗੀ ਕਵਿਤਾ, ਕਹਾਣੀ ਜਾਂ ਕਿਰਤ ਦਾ ਗਰਭਪਾਤ ਕਰ ਦਿੰਦਾ। ਕੋਰੇ ਵਰਕਿਆਂ `ਤੇ ਹਰਫ਼ਾਂ ਅਤੇ ਅਰਥਾਂ ਦੀ ਉਗੀ ਕਬਰ ਵਿਚ ਕਲਮਕਾਰ ਆਪਣੇ ਭਾਵਾਂ ਦੀ ਲੋਥ ਨੂੰ ਟਿਕਾਉਣ, ਵਰਾਉਣ ਅਤੇ ਇਸਦੇ ਮੁੱਢੀਂ ਹੰਝੂਆਂ ਦੀ ਭੇਟਾ ਕਰਨ ਜੋਗਾ ਹੀ ਰਹਿ ਜਾਂਦਾ।
ਅਜੋਕੇ ਸਮੇਂ ਵਿਚ ਲੋਕਾਂ ਦੇ ਮਨਾਂ ਵਿਚ ਕੇਹੀ ਛਿੱਣ-ਭੰਗਰਤਾ ਨੇ ਘਰ ਕਰ ਲਿਆ ਏ ਕਿ ਅਸੀਂ ਉਚੇ ਮਹਿਲਾਂ ਵਿਚ ਰਹਿੰਦਿਆਂ ਵੀ ਝੁੱਗੀਆਂ ਵਿਚ ਜਿਊਂਦਿਆਂ ਨੂੰ ਦੇਖਣਾ ਨਹੀਂ ਚਾਹੁੰਦੇ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਸੂਰਜ ਜਾਂ ਧੁੱਪ ਮਿਲੇ। ਤਾਂ ਹੀ ਸਾਡੀਆਂ ਕੋਠੀਆਂ ਦੀਆਂ ਦੀਵਾਰਾਂ ਇੰਨੀਆਂ ਉਚੀਆਂ ਹੁੰਦੀਆਂ ਕਿ ਆਲੇ-ਦੁਆਲੇ ਵਿਚ ਵੱਸਦੇ ਨਿੱਕੇ ਘਰਾਂ ਨੂੰ ਪਹੁੰਚਣ ਵਾਲੀ ਧੁੱਪ ਅਤੇ ਚਾਨਣੀ ਦਾ ਓਹਲਾ ਬਣ ਕੇ, ਖੂਦ `ਨੇਰਿਆਂ ਦਾ ਵਣਜ ਕਰਨ ਜੋਗੇ ਹੀ ਰਹਿ ਜਾਂਦੇ।
ਛਿੱਣ-ਭੰਗਰਤਾ ਵਿਚੋਂ ਹੀ ਅਸੀਂ ਕਿਸੇ ਦੇ ਮਨ ਵਿਚ ਬੈਠੀ ਸੋਚ, ਵਿਚਾਰਧਾਰਾ, ਖਿ਼ਆਲਾਂ ਅਤੇ ਸੁਪਨਿਆਂ ਦੀ ਨਿਸ਼ਾਨਦੇਹੀ ਕਰ ਸਕਦੇ ਹਾਂ। ਇਹ ਜਾਣ ਸਕਦੇ ਹਾਂ ਕਿ ਕੋਈ ਮਨੁੱਖ ਕੀ ਸੋਚਦਾ, ਜਾਣਦਾ ਤੇ ਸਮਝਦਾ? ਕਿਹੜੀ ਭਾਵਨਾ ਨਾਲ ਉਹ ਆਪਣੇ ਵਰਤਾਰਿਆਂ ਨੂੰ ਸੰਸਾਰ ਵਿਚ ਪ੍ਰਗਟ ਕਰਦਾ ਹੈ ਕਿ ਕੀ ਇਹ ਨਿਰਾ ਛਲਾਵਾ ਹੀ ਹਨ ਜੋ ਬੰਦਾ ਖੁਦ ਨਾਲ ਵੀ ਅਤੇ ਖੁਦਾਈ ਨਾਲ ਵੀ ਕਰਦਾ ਹੈ।
ਛਿੱਣ-ਭੰਗਰਤਾ ਤ੍ਰਭਕਣਾ, ਤ੍ਰਹਿਕਣਾ ਵੀ ਹੁੰਦਾ ਜੋ ਕਦੇ ਕਦਾਈਂ ਤੁਸੀਂ ਨੀਂਦ ਵਿਚ ਅੱਭੜਵਾਹੇ ਉਠਦੇ, ਆਲੇ-ਦੁਆਲੇ ਨੂੰ ਦੇਖਦੇ। ਤੁਹਾਡੇ ਇਸ ਅਚਨਚੇਤੀ ਵਰਤਾਰੇ ਵਿਚ ਤੁਹਾਨੂੰ ਨੀਂਦ ਵਿਚ ਆਏ ਉਨ੍ਹਾਂ ਖਿ਼ਆਲਾਂ ਨੂੰ ਜਦ ਸੱਚ ਕਿਧਰੇ ਨਜ਼ਰ ਨਹੀਂ ਆਉਂਦਾ ਤਾਂ ਮਨੁੱਖ ਖੁਦ ਤੋਂ ਹੀ ਬਹੁਤ ਦੂਰ ਚਲੇ ਜਾਂਦਾ। ਫਿਰ ਉਹ ਸੁਪਨਈ ਹਾਲਾਤ ਵਿਚ ਜਾਂ ਤਾਂ ਪਰਤਣਾ ਲੋਚਦਾ ਜਾਂ ਇਸ ਤੋਂ ਬਹੁਤ ਦੂਰ ਦੌੜ ਜਾਣਾ ਚਾਹੁੰਦਾ। ਇਹ ਸਿਰਫ਼ ਸੁਪਨਈ ਹਾਲਾਤ `ਤੇ ਨਿਰਭਰ। ਇਸ ਵਿਚੋਂ ਉਸਨੂੰ ਇਹ ਵੀ ਕਿਆਸ ਹੁੰਦਾ ਕਿ ਅਜੇਹੀ ਛਿੱਣ-ਭੰਗਰਤਾ ਕਿਵੇਂ ਮਨੁੱਖ ਦੀ ਨੀਂਦ ਨੂੰ ਹੰਗਾਲਦੀ ਹੈ? ਅਜੇਹੀ ਸੁਪਨਈ ਸੱਚ ਦੇ ਰੂਬਰੂ ਕਰਦੀ ਹੈ ਜਿਸ ਵਿਚੋਂ ਮਨੁੱਖ ਦਾ ਮਾਨਵੀ ਧਰੁਵੀਕਰਨ ਹੁੰਦਾ ਹੈ ਜਾਂ ਉਹ ਅਮਾਨਵੀ ਵਰਤਾਰਿਆਂ ਦੀ ਅਧਾਰਸਿ਼਼ਲਾ ਵੀ ਬਣ ਜਾਂਦਾ ਹੈ।
ਛਿੱਣ-ਭੰਗਰਤਾ, ਮਨੁੱਖੀ ਮਨ ਵਿਚ ਬੈਠੀਆਂ ਅਤੇ ਅਚੇਤ ਰੂਪ ਵਿਚ ਮਨੁੱਖ ਦਾ ਹਾਸਲ ਬਣੇ ਉਨ੍ਹਾਂ ਗੁਣਾਂ ਦਾ ਗਿਆਨ ਅਤੇ ਸਮਰੱਥਾ ਦਾ ਵੀ ਪ੍ਰਗਟਾਅ ਹੁੰਦਾ ਹੈ ਕਿਉਂਕਿ ਜਿ਼ਆਦਾਤਰ ਖੋਜਾਂ, ਕੁਝ ਨਵਾਂ ਨਿਵੇਕਲਾ ਜਾਂ ਅਨੋਖੀ ਕਲਾ-ਕਿਰਤ ਸਿਰਫ਼ ਇਕ ਪਲ ਵਿਚ ਹੀ ਪ੍ਰਗਟਦੀ ਹੈ। ਇਸਨੂੰ ਵਰਕੇ `ਤੇ ਉਤਾਰਨ ਵਿਚ ਦੇਰੀ ਕਰਨ `ਤੇ ਇਕ ਪਛਤਾਵਾ ਮਨੁੱਖ ਦੀ ਝੋਲੀ ਵਿਚ ਰਹਿ ਜਾਂਦਾ ਹੈ। ਲੋੜ ਹੈ ਅਜੇਹੀ ਛਿੱਣ ਭੰਗਰਤਾ ਦੇ ਹਾਸਲ ਨੂੰ ਆਪਣਾ ਹਾਣੀ ਬਣਾ ਕੇ ਇਸਦੀ ਹੋਂਦ ਅਤੇ ਅਹਿਮੀਅਤ ਨੂੰ ਜਿ਼ੰਦਗੀ ਦਾ ਮਾਣਮੱਤਾ ਹਾਸਲ ਬਣਾਇਆ ਜਾਵੇ।
ਛਿੱਣ-ਭੰਗਰਤਾ, ਮਨੁੱਖ ਦਾ ਮਨੁੱਖ ਨਾਲ ਸੰਵਾਦ। ਮਨੁੱਖ ਦੀ ਖੁਦ ਨਾਲ ਵਾਰਤਾਲਾਪ ਜਾਂ ਮਨੁੱਖ ਦੀ ਸਮਾਜਿਕ ਸਰੋਕਾਰਾਂ ਨਾਲ ਗੁਫ਼ਤਗੂ ਦਾ ਸਬੱਬ ਵੀ ਬਣਦੀ ਹੈ। ਅਸੀਂ ਉਨ੍ਹਾਂ ਸਰੋਕਰਾਂ ਦੀ ਸਮੁੱਚਤਾ ਵਿਚੋਂ ਸੰਸਾਰਕ ਪੱਧਰ `ਤੇ ਨਵੀਆਂ ਪਹਿਲ ਕਦਮੀਆਂ ਅਤੇ ਪੇ੍ਰਰਨਾਵਾਂ ਦਾ ਮੂਲ ਅਧਾਰ ਵੀ ਬਣਦੇ ਅਤੇ ਇਸ ਵਿਚੋਂ ਵੀ ਮਨੁੱਖਤਾ ਦੇ ਮੁੱਖੜੇ ਦਾ ਨੂਰ ਸਮਾਜਿਕ ਵਰਤਾਰੇ ਨੂੰ ਅਚੰਭਤ ਵੀ ਕਰਦਾ ਅਤੇ ਰੌਸ਼ਨ ਵੀ।
ਛਿੱਣ-ਭੰਗਰਤਾ ਕੁਝ ਪਲ, ਛਿੱਣ, ਕੁਝ ਸੈਕਿੰਡ ਜਾਂ ਅੱਖ-ਝਪੱਕੇ ਦੌਰਾਨ ਹੀ ਵਾਪਰਦਾ ਅਤੇ ਫਿਰ ਅਲੋਪ ਹੋ ਜਾਂਦਾ। ਇਹ ਮਨੁੱਖੀ ਮਾਨਸਿਕਤਾ `ਤੇ ਨਿਰਭਰ ਕਰਦਾ ਕਿ ਉਸਨੇ ਇਸ ਛਿੱਣ ਭੰਗਰਤਾ ਨੂੰ ਕਿਸ ਰੂਪ, ਅੰਦਾਜ਼, ਆਪਣੇਪਣ ਅਤੇ ਆਤਮਿਕਤਾ ਵਿਚੋਂ ਕਿਆਸਣਾ? ਇਸ ਦੀਆਂ ਕਿਹੜੀਆਂ ਪਰਤਾਂ ਵਿਚੋਂ ਚਾਨਣ-ਝੀਤਾਂ ਨੂੰ ਆਉਣ ਦੀ ਆਗਿਆ ਦੇਣਾ? ਕਿਹੜੀਆਂ ਵਿਰਲਾਂ ਵਿਚ ਹਨੇਰਿਆਂ ਨੂੰ ਵਰਜਿਤ ਕਰਨਾ?
ਛਿੱਣ ਭੰਗਰਤਾ, ਮਨ ਦੀ ਪਰਵਾਜ਼, ਨੈਣਾਂ ਵਿਚ ਉਗਿਆ ਖ਼ੁਆਬ, ਖਿਆਲਾਂ ਵਿਚ ਪੈਦਾ ਹੋਈ ਪਰਵਾਜ਼, ਜੀਵਨ ਵਿਚ ਪੈਦਾ ਹੋਣ ਵਾਲਾ ਸੁਹਜਮਈ ਰਿਆਜ਼, ਜੀਵਨੀ ਸੁਰਖ-ਰੰਗਤਾ ਲਈ ਪ੍ਰਗਟ ਹੋਏ ਗੁੱਝੇ ਰਾਜ਼ ਅਤੇ ਮਨ ਵਿਚੋਂ ਮਨ ਦੀਆਂ ਤਹਿਆਂ ਫਰੋਲਣ ਵਾਲਾ ਧੁਰ-ਅਗਾਮੀ ਮਜ਼ਾਜ਼ ਹੁੰਦਾ।
ਇਹ ਛਿੱਣ-ਭੰਗਰਤਾ ਦਾ ਹੀ ਪੈਦਾ ਹੋਣਾ ਲਾਜ਼ਮੀ ਹੁੰਦਾ ਜਦ ਪਾਣੀ ਨੂੰ ਹੁੰਦੀ ਹੈ ਪਾਣੀ ਦੀ ਪਿਆਸ ਅਤੇ ਨਦੀਆਂ ਦੇ ਮਨਾਂ ਵਿਚ ਪੈਦਾ ਹੁੰਦੀ ਹੈ ਜਲਦੀ ਜਲਦੀ ਸਮੁੰਦਰ ਨੂੰ ਮਿਲਣ ਦੀ ਆਸ। ਜਦ ਚਾਨਣ ਨੂੰ ਹੁੰਦਾ ਹੈ ਚਾਨਣ ਨਾਲ ਮਿਲਣ ਦਾ ਧਰਵਾਸ ਤਾਂ ਹੀ ਚੰਨ ਚਾਨਣੀ ਨੂੰ ਹੀ ਹੋ ਸਕਦਾ ਏ ਸੂਰਜ ਦੇ ਉਗਮਣ ਦਾ ਅਭਾਸ। ਇਹ ਪੌਣ ਨੂੰ ਪੌਣ ਸੰਗ ਮਿਲਣ ਦਾ ਕੇਹਾ ਹੁਲਾਸ ਕਿ ਉਸਦੀ ਰੁਮਕਣੀ ਵਿਚੋਂ ਹੀ ਹੁੰਦਾ ਏ ਸੁਗੰਧਤ-ਮਈ ਪਲਾਂ ਦਾ ਕਿਆਸ। ਇਹ ਪੈੜਾਂ ਨੂੰ ਪੈਰਾਂ ਨਾਲ ਮਿਲਣ ਦੀ ਕੇਹੀ ਪਿਆਸ ਕਿ ਉਹ ਨਾ-ਚਾਹੁੰਦਿਆਂ ਵੀ ਕਰ ਲੈਂਦੇ ਪ੍ਰਵਾਸ। ਜਦ ਦਰਿਆ ਹੀ ਦਰਿਆ ਨਾਲ ਮਿਲਣ ਲਈ ਜਾਂਦੇ ਨੇ ਇਕ ਦੂਜੇ ਦੇ ਪਾਸ ਤਾਂ ਹੀ ਹਰੀ ਕੇ ਪੱਤਣ ਤੇ ਸਤਲੁਜ ਨੂੰ ਮਿਲਦਾ ਹੈ ਬਿਆਸ। ਇਹ ਉਮੀਦ ਵਿਚੋਂ ਪੈਦਾ ਹੋਈ ਉਮੀਦ ਦਾ ਕੇਹਾ ਹੈ ਕਿਆਸ ਕਿ ਉਮੀਦ ਦੇ ਗਲੇ ਲੱਗ ਮਿਲਦੀ ਹੈ ਉਮੀਦ ਦੀ ਆਸ।
ਪਲ ਭਰ ਦੀ ਛਿੱਣ-ਭੰਗਰਤਾ ਜੀਵਨ ਵੀ ਹੋ ਸਕਦੀ ਏ, ਮੌਤ ਵੀ, ਮੰਨਤ ਵੀ, ਮੁਰਾਦ ਵੀ ਮਹਾਨਤਾ ਵੀ, ਮਜਬੂਰੀ ਵੀ, ਮਜ਼ਦੂਰੀ ਵੀ ਤੇ ਮੰਗਣਾ ਵੀ।
ਛਿੱਣ-ਭੰਗਰਤਾ ਵਿਚੋਂ ਹੀ ਹੁੰਦੀ ਏ ਖ਼ੁਦ ਦੀ ਪਛਾਣ। ਜੱਗ-ਜ਼ਾਹਰ ਹੁੰਦਾ ਏ ਪਰਦਾਦਾਰੀ ਵਿਚਲਾ ਇਨਸਾਨ। ਸੋਚਾਂ ਵਿਚ ਚਮਕਦਾ ਏ ਨਜ਼ਰ ਆਉਂਦਾ ਜਹਾਨ। ਬੰਦੇ `ਤੇ ਬੰਦੇ ਦੀ ਬੰਦਿਆਈ ਤੇ ਚੰਗਿਆਈ ਦਾ ਹੁੰਦਾ ਏ ਅਹਿਸਾਨ ਅਤੇ ਇਸ ਵਿਚੋਂ ਹੀ ਉਗਦਾ ਏ ਬੰਦੇ ਦੇ ਆਪਣੇ ਹਿੱਸੇ ਦਾ ਅਸਮਾਨ।
ਛਿੱਣ-ਭੰਗਰਤਾ ਨੂੰ ਬੇਅਰਥੀ, ਬੇਕਾਰ ਤੇ ਬੇਗਾਨੀ ਨਾ ਸਮਝੋ। ਸਗੋਂ ਇਸ ਨਾਲ ਅਪਣੱਤ ਪਾਲੋਗੇ ਤਾਂ ਤੁਹਾਨੂੰ ਇਸ ਰਾਹੀਂ ਖੁਦ ਦਾ ਵਿਸਥਾਰਨ ਅਤੇ ਆਪਣੇ ਉਸ ਰੂਪ ਨੂੰ ਸਮਝਣ ਤੇ ਸਮਝਾਉਣ ਦੀ ਸੋਝੀ ਅਤੇ ਸਫ਼ਲਤਾ ਵੀ ਮਿਲੇਗੀ। ਤੁਸੀਂ ਆਪਣੀ ਰੂਹ ਵਿਚ ਝਾਤੀ ਮਾਰਨ ਅਤੇ ਇਸ ਨੂੰ ਆਪਣੀ ਕਰਮਯੋਗਤਾ ਰਾਹੀਂ ਰੁਸ਼ਨਾਉਣ ਦੇ ਕਾਬਲ ਹੋ ਸਕੇਗੋ।

ਮਨ ਕਦੇ ਕਦਾਈਂ ਕੂਕਦਾ;
ਵੇ ਜੋਗੀਆ!
ਗਰਦਸ਼ ਵਿਚ ਗਵਾਚੇ ਚਿੰਨ੍ਹ
ਕਿਧਰੇ ਨਹੀਂ ਥਿਆਉਂਦੇ।
ਇਹ ਛਿਣ
ਜੋ ਕਦੇ ਗਵਾਚ ਜਾਂਦੇ ਨੇ
ਅੰਦਾਜ਼ ਵਿਚ
ਪ੍ਰਵਾਜ਼ ਵਿਚ
ਮਜ਼ਾਜ਼ ਵਿਚ
ਤੇ ਸਾਹ-ਸਾਜ਼ ਵਿਚ।
ਇਹ ਛਿਣ ਅਕਸਰ ਹੀ ਗਵਾਚ ਜਾਂਦੇ ਨੇ
ਸੂਹਾਂ ਵਿਚ
ਜੂਹਾਂ ਵਿਚ
ਮੂੰਹਾਂ ਵਿਚ
ਤੇ ਕਦੇ ਕਦੇ ਰੂਹਾਂ ਵਿਚ।
ਜੋ ਕਦੇ ਕਦਾਈਂ ਛੁਪ ਜਾਂਦੇ ਨੇ
ਨਾਦ ਵਿਚ
ਸੰਵਾਦ ਵਿਚ
ਅੱਪਵਾਦ ਵਿਚ
ਤੇ ਯਾਦ ਵਿਚ
ਅਕਸਰ ਹੀ ਗੁੰਮ ਜਾਂਦੇ ਨੇ
ਆਦਾਬ ਵਿਚ
ਖ਼ਾਬ ਵਿਚ
ਸ਼ਰਾਬ ਵਿਚ
ਤੇ ਸ਼ਬਾਬ ਵਿਚ
ਇਹ ਛਿਣ ਲੁਪਤ ਹੀ ਹੋ ਜਾਂਦੇ ਨੇ
ਸ਼ਬਦਾਂ ਵਿਚ
ਅਰਥਾਂ ਵਿਚ
ਵਾਕਾਂ ਵਿਚ
ਤੇ ਵਰਕਿਆਂ ਵਿਚ।
ਇਹ ਛਿੱਣ-ਭੰਗਰਤਾ ਹੀ ਬਣਦੀ ਹੈ
ਰਾਗ ਤੇ ਰਬਾਬ
ਅਜਬ ਤੇ ਅਜ਼ਾਬ
ਅਦਬ ਤੇ ਅਦਾਬ
ਖਰਚ ਤੇ ਹਿਸਾਬ
ਤੇ ਹੁਕਮ ਤੇ ਹਿਜਾਬ।
ਇਸ ਛਿੱਣ-ਭੰਗਰਤਾ ਵਿਚੋਂ ਹੀ ਉਗਦਾ ਹੈ
ਜੀਵਨ ਦੇ ਵਿਹੜੇ ਸੂਰਜ
ਅੰਬਰ `ਤੇ ਤਾਰਿਆਂ ਦੀਆਂ ਖਿ਼ੱਤੀਆਂ
ਅਤੇ ਪੁੰਨਿਆਂ ਦਾ ਭਰ ਜਵਾਨ ਚੰਦਰਮਾ।
ਇਹ ਛਿੱਣ-ਭੰਗਰਤਾ ਹੀ ਬੱਦਲਾਂ ਦੀ ਪੈੜਚਾਲ ਹੁੰਦੀ, ਤਿੱਤਰਖੰਭੀ ਜੂਹ ਹੁੰਦੀ ਤੇ ਬਾਰਸ਼-ਬੂੰਦਾਂ ਦੀ ਕਿਣਮਿਣ ਹੁੰਦੀ। ਇਨ੍ਹਾਂ ਵਿਚੋਂ ਉਗਦੀ ਸੱਤਰੰਗੀ ਮਨ-ਅੰਬਰ ਦੇ ਕੋਨੇ ਕੋਨੇ ਵਿਚ ਦੂਰ ਤੀਕ ਫੈਲ ਜਾਂਦੀ।
ਛਿੱਣਭੰਗਰਤਾ ਖੁਦ ਦਾ ਖੁਦ ਨੂੰ ਮਿਲਣ ਦਾ ਸਬੱਬ। ਮਿਲਾਪ ਲਈ ਰੂਹ-ਮੱਕੇ ਨੂੰ ਜਾਣ ਵਾਲਾ ਹੱਜ, ਖੁਦ ਦੇ ਅੰਬਰ ਬੈਠਾ ਰੱਬ ਅਤੇ ਖੁਦ ਵਿਚੋਂ ਪਾਇਆ ਖੁਦ ਦਾ ਰੱਜ ਹੁੰਦੀ। ਇਸ ਤੋਂ ਬੇਮੁੱਖਤਾ ਵਿਚੋਂ ਨਹੀ ਰੂਹ ਏ-ਦੀਦਾਰ ਹੁੰਦਾ।
ਛਿੱਣ-ਭੰਗਰਤਾ ਜਿੰ਼ਦਗੀ ਦੇ ਮੱਥੇ ਦਾ ਨੂਰ, ਨੈਣਾਂ ਵਿਚ ਵੱਸਦਾ ਸਰੂਰ ਅਤੇ ਸਫ਼ਰ ਦੇ ਸਿਰਨਾਵਿਆਂ ਵਿਚ ਬੈਠਾ ਗਰੂਰ ਹੁੰਦੀ।
ਛਿੱਣ-ਭੰਗਰਤਾ ਇਕ ਨਿਰੰਤਰ ਵਰਤਾਰਾ। ਇਸ ਵਰਤਾਰੇ ਵਿਚੋਂ ਹੀ ਜੀਵਨ ਨੂੰ ਹੁਲਾਰਾ ਹਰਸ਼, ਹੰਭਲਾ ਅਤੇ ਹੋਂਦ ਮਿਲਦੀ। ਖ਼ੁਦਾ ਕਰੇ! ਅਜੇਹੀ ਛਿੱਣਭੰਗਰਤਾ ਹਮੇਸ਼ਾ ਜਾਰੀ ਹੈ ਅਤੇ ਜਾਰੀ ਰਹੇ ਕਲਮ/ਕਿਰਤ ਦਾ ਅਦਬੀ ਸਫ਼ਰ।
ਛਿੱਣ-ਭੰਗਰਤਾ ਕਾਰਨ ਹੀ ਟੁੱਟਦੀ ਹੈ ਸਿੱਧ-ਸਮਾਧੀ, ਤ੍ਰਭਕਦੀ ਹੈ ਤਾਸੀਰ, ਤਿੜਕਦੀ ਹੈ ਤਸਵੀਰ ਅਤੇ ਹੰਝੂ ਕੇਰਦੀ ਹੈ ਕੈਨਵਸ ਵਿਚ ਕੈਦ ਹੋਈ ਕਲਾ-ਨਕਾਸ਼ੀ। ਛਿੱਦੇ ਹੋਏ ਧਾਗੇ ਅਤੇ ਫਿੱਕੜੇ ਹੋਏ ਰੰਗਾਂ ਵਿਚੋਂ ਉਗੀ ਹੋਈ ਸੂਹੀ ਭਾਅ ਹੀ ਬਣਦੀ ਹੈ ਸਵੇਰ ਦੀ ਲਾਲੀ।
ਛਿੱਣ-ਭੰਂਗਰਤਾ ਕਾਰਨ ਹੀ ਸੂਰਜ ਦੀ ਲਾਲ ਅੱਖ ਵਿਚੋਂ ਸਰਘੀ ਪ੍ਰਕਾਸ਼ਮਾਨ ਹੂਮਦੀ ਬੁਦੇ ਦੀ ਲਾਲੀ ਵਿਚ ਰਾਤ ਧਰਤੀ `ਤੇ ਉਤਰਦੀ ਮੱਸਿਆ ਦੀ ਕੁੁੱਖ ਵਿਚੋਂ ਪੁੰਨਿਆ ਦਾ ਚੰਨ ਉਦੈ ਹੁੰਦਾ ਅਤੇ ਕਦੇ ਕਦਾਈਂ ਛਿੱਣ-ਭੰਗਰਤਾ ਕਾਰਨ ਹੀ ਸੁਪਨੇ ਦੀ ਅੱਖ ਚੁੱਭਦੀ। ਸੰਭਾਵਨਾਵਾਂ ਨੂੰ ਸੋਗ ਮਿਲਦਾ ਅਤੇ ਸਫ਼ਲਤਾਵਾਂ ਦੇ ਗੁੰਬਦਾਂ ਦੇ ਕਿੰਗਰੇ ਭੁੱਰ ਜਾਂਦੇ।
ਰੋਜ਼ਮਰਾ ਦੀ ਜਿ਼ੰਦਗੀ ਵਿਚ ਪੈਦਾ ਹੋਈ ਛਿੱਣ-ਭੰਗਰਤਾ ਕਾਰਨ ਹੀ ਗਰਭਦੀ ਹੈ ਕਵਿਤਾ, ਕਲਮ, ਕਲਾ, ਕਿਰਤ, ਕਹਾਣੀ ਅਤੇ ਕਰਮਯੋਗਤਾ। ਛਿੱਣ-ਭੰਗਰਤਾ ਹੀ ਨਵੀਆਂ ਤਸ਼ਬੀਹਾਂ, ਤਜਵੀਜ਼ਾਂ, ਤਦਬੀਰਾਂ, ਤਕਦੀਰਾਂ ਅਤੇ ਤਮੰਨਾਵਾਂ ਦੀ ਤਾਂਘ ਪੈਦਾ ਕਰ ਜੀਵਨ ਨੂੰ ਉਚੇ ਮਰਹੱਲਿਆਂ ਦਾ ਮਾਣ ਬਖ਼ਸ਼ਦੀ।

ਛਿੱਣ-ਭੰਗਰਤਾ ਵਿਚੋਂ ਹੀ ਜਿ਼ੰਦਗੀ ਨੂੰ ਨਵੇਂ ਸਰੋਕਾਰਾਂ, ਸਾਰਥਿਕਤਾਵਾਂ ਅਤੇ ਸਮਰਪਣ ਦਾ ਸੁਰਖ ਸਿਰਨਾਵਾਂ ਮਿਲਦਾ ਜੋ ਸਾਹਾਂ ਨੂੰ ਜਿਊਣ-ਜੋਗਾ ਕਰ ਦਿੰਦਾ।