ਅਮੋਲਕ ਸਿੰਘ ਜੰਮੂ: ਇੱਕ ਵਰ੍ਹਾ ਬੀਤਿਆਂ…

ਕੁਲਵੰਤ ਸਿੰਘ ਸਹੋਤਾ
ਫੋਨ: 604-589-5919

‘ਪੰਜਾਬ ਟਾਈਮਜ਼ ਦੇ ਕਰਤਾ-ਧਰਤਾ ਅਮੋਲਕ ਸਿੰਘ ਨੂੰ ਇਸ ਜਹਾਨ ਤੋਂ ਰੁਖਸਤ ਹੋਇਆਂ ਸਾਲ ਹੋ ਗਿਆ ਹੈ ਪਰ ਜਾਪਦਾ ਇਉਂ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ। ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ॥ ਬਾਣੀ ‘ਚ ਬੜਾ ਸਪਸ਼ਟ ਹੈ ਕਿ ਇੱਥੇ ਕੋਈ ਚੀਜ਼ ਸਥਿਰ ਨਹੀਂ ਹੈ ਆਪਣਾ ਸਮਾਂ ਪਾ ਕੇ ਸਭ ਨੇ ਬਿਨਸ ਜਾਣਾ ਹੈ। ਜੋ ਦਿਨ ਆਵਹਿ ਸੋ ਦਿਨ ਜਾਹੀ॥ ਕਰਨਾ ਕੂਚੁ ਰਹਨੁ ਥਿਰੁ ਨਾਹੀ॥

ਚਾਹੇ ਜੀਵ ਹਨ ਜਾਂ ਬਨਸਪਤੀ, ਆਪਣਾ ਜੀਵਨ ਚੱਕਰ ਪੂਰਾ ਕਰਕੇ ਅਗਾਂਹ ਤੁਰ ਜਾਂਦੇ ਹਨ। ਹਰ ਉਪਜੀ ਚੀਜ਼ ਦਾ ਆਪਣਾ ਵਿਲੱਖਣ ਗੁਣ ਅਤੇ ਮਕਸਦ ਹੈ। ਸਾਡੇ ਜੀਵਨ ਕਾਲ ‘ਚ ਪਰੇ ਤੋਂ ਪਰੇ ਐਸੇ ਵਧੀਆ ਇਨਸਾਨ ਹਨ ਜਿਨ੍ਹਾਂ ਨੂੰ ਮਿਲੇ ਬਿਨਾਂ ਹੀ ਅਸੀਂ ਆਪਣਾ ਜੀਵਨ ਚੱਕਰ ਪੂਰਾ ਕਰ ਇੱਥੋਂ ਤੁਰ ਜਾਣਾ ਹੈ। ਜੇ ਅਸੀਂ ਉਨ੍ਹਾਂ ਨੂੰ ਨਹੀਂ ਮਿਲ ਸਕੇ ਤਾਂ ਦੱਸੋ, ਉਨ੍ਹਾਂ ਦੇ ਵਿਲੱਖਣ ਗੁਣਾਂ ਅਤੇ ਅਦਭੁੱਤ ਸ਼ਖਸੀਅਤ ਨੂੰ ਕੋਈ ਫਰਕ ਪੈਣਾ ਹੈ? ਜਾਂ ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ‘ਚ ਕੋਈ ਊਣਤਾਈ ਆਉਣੀ ਹੈ? ਬਿਲਕੁਲ ਨਹੀਂ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿੱਥੇ ਕਿਤੇ ਵੀ ਉਹ ਹੋਣਗੇ, ਆਪਣੀ ਵਿਲੱਖਣਤਾ ਦੀ ਮਹਿਕ ਜ਼ਰੂਰ ਖਿਲਾਰ ਕੇ ਜਾਣਗੇ। ਦੁਨੀਆ ਨੂੰ ਦੇਖਣ ਦੀ ਸਭ ਦੀ ਆਪੋ-ਆਪਣੀ ਅੱਖ ਹੈ, ਆਪੋ-ਆਪਣਾ ਦ੍ਰਿਸ਼ਟੀਕੋਣ ਹੈ।
ਤੁਸੀਂ ਚੜ੍ਹਦੇ ਵਲ ਮੂੰਹ ਕਰਕੇ ਖੜ੍ਹੇ ਹੋ ਤਾਂ ਸੁਭਾਵਿਕ ਹੀ ਤੁਹਾਡੀ ਪਿੱਠ ਲਹਿੰਦੇ ਵਲ ਹੋਵੇਗੀ। ਜੇ ਕੋਈ ਕਹੇ ਕਿ ਇਹ ਲਹਿੰਦੇ ਵਲ ਪਿੱਠ ਕਰਕੇ ਖੜ੍ਹਾ ਹੈ ਤਾਂ ਸੁਭਾਵਿਕ ਹੀ ਉਸ ਦਾ ਮੂੰਹ ਚੜ੍ਹਦੇ ਵਲ ਹੋਣਾ ਲਾਜ਼ਮੀ ਹੈ। ਬੰਦੇ ਦੀ ਪੁਜ਼ੀਸ਼ਨ ਉਹੀ ਹੈ, ਸਿਰਫ ਸਥਿਤੀ ਨੂੰ ਵਰਣਨ ਕਰਨ ਦਾ ਹੀ ਫਰਕ ਹੈ। ਖੜ੍ਹੇ ਬੰਦੇ ਦੀ ਸਥਿਤੀ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਪਰ ਉਹ ਕਿਸ ਮਕਸਦ ਲਈ ਚੜ੍ਹਦੇ ਵਲ ਨੂੰ ਮੂੰਹ ਕਰਕੇ ਖੜ੍ਹਾ ਹੈ, ਉਸ ਉਦੇਸ਼ ਦੀ ਪੂਰਤੀ ਹੀ ਉਸ ਦਾ ਮੁੱਖ ਮੁੱਦਾ ਤੇ ਮਕਸਦ ਹੈ। ਜੋ ਇਨਸਾਨ ਅਜਿਹੇ ਕਾਰਜ ਕਰਕੇ ਦੂਸਰਿਆਂ ਦੇ ਪ੍ਰੇਰਨਾ ਸਰੋਤ ਬਣਦੇ ਹਨ, ਦੂਸਰਿਆਂ ਨੂੰ ਪ੍ਰਭਾਵਿਤ ਤੇ ਉਤਸ਼ਾਹਿਤ ਕਰਦੇ ਹਨ, ਤੁਰ ਜਾਣ ਬਾਅਦ ਵੀ ਆਪਣੀ ਵਿਲੱਖਣ ਛਾਪ ਛੱਡ ਜਾਂਦੇ ਹਨ। ਉਨ੍ਹਾਂ ਦਾ ਜੀਵਿਆ ਅਰਥ ਹੈ। ਜ਼ਿੰਦਗੀ ‘ਚ ਔਕੜਾਂ ਦਾ ਖਿੜੇ ਮੱਥੇ ਸਾਹਮਣਾ ਕਰਦੇ ਜੇ ਤੁਸੀਂ ਆਪਣੀ ਮੰਜ਼ਿਲ ਵਲ ਵਧਦੇ ਜਾਂਦੇ ਹੋ, ਮੰਜ਼ਿਲ ਦੀ ਪੂਰਤੀ ਲਈ ਹੋਰ ਯਤਨ ਕਰਦੇ ਹੋ ਤਾਂ ਦ੍ਰਿੜਤਾ ਨਾਲ ਹੋ ਰਿਹਾ ਘੋਲ ਤੁਹਾਡੇ ਮਨ ਨੂੰ ਬਲਵਾਨ ਕਰੇਗਾ, ਅੰਦਰੋਂ ਤਾਕਤ ਪੈਦਾ ਹੋਏਗੀ, ਇਰਾਦਾ ਦ੍ਰਿੜ ਹੋਏਗਾ, ਪ੍ਰਪੱਕਤਾ ਆਏਗੀ, ਮੰਜ਼ਿਲ ਵਲ ਤੇਜ਼ੀ ਨਾਲ ਵਧੋਗੇ। ਔਖੇ ਵੇਲੇ ਵੀ ਨਾ ਘਬਰਾਉਂਦੇ ਹੋਏ ਆਪਣੇ ਮਨ ਨੂੰ ਇੱਥੇ ਲਿਆ ਖੜ੍ਹਾ ਕਰ ਲਓਗੇ ਕਿ ਇਹ ਜ਼ਿੰਦਗੀ ਦਾ ਅੰਗ ਹੈ, ਇਸ ਨਾਲ ਸੂਰਬੀਰਤਾ ਨਾਲ ਨਜਿੱਠਣਾ ਹੈ ਤੇ ਅੱਗੇ ਵਧਣਾ ਹੈ, ਹਾਰ ਨਹੀਂ ਮੰਨਣੀ। ਜਦ ਮਨ ਇੱਥੇ ਪੁੱਜ ਜਾਏ ਤਾਂ ਉਸ ਲੜਾਈ ਦੀ ਇਹ ਪਹਿਲੀ ਜਿੱਤ ਹੁੰਦੀ ਹੈ। ਵੱਡੀ ਲੜਾਈ ਭਾਵੇਂ ਜਾਰੀ ਰਹਿੰਦੀ ਹੈ ਪਰ ਪਹਿਲੀ ਲੜਾਈ ਜਿੱਤੀ ਜਾਂਦੀ ਹੈ। ਕਮਜ਼ੋਰ ਮਨ ਕਮਜ਼ੋਰ ਦਲੀਲਾਂ ਨਾਲ ਹਾਰ ਮੰਨਣ ਦੇ ਬਹਾਨੇ ਭਾਲੇਗਾ ਪਰ ਮਜ਼ਬੂਤ ਦ੍ਰਿੜ ਮਨ ਹਾਰ ਮੰਨਣ ਦੀ ਥਾਂ, ਚੜ੍ਹਦੀ ਕਲਾ ‘ਚ ਰਹਿੰਦਾ ਹਾਰ ਨੂੰ ਪਛਾੜਨ ਲਈ ਜੱਦੋਜਹਿਦ ਦੇ ਹੀਲੇ-ਵਸੀਲੇ ਕਰੇਗਾ, ਸ਼ਿਦਤ ਨਾਲ ਮੰਜ਼ਿਲ ਵਲ ਵਧੇਗਾ ਤੇ ਜਿੱਤੇਗਾ।
ਪਰਦੇਸਾਂ ‘ਚ ਪੰਜਾਬੀ ਅਖਬਾਰ ਕੱਢਣੀ, ਸਾਲਾਂ ਬੱਧੀ ਚਲਦੀ ਰੱਖਣੀ ਕੋਈ ਅਸਾਨ ਕੰਮ ਨਹੀਂ। ਬਹੁਤ ਲਗਨ ਤੇ ਮਿਹਨਤ ਦੀ ਲੋੜ ਹੈ। ਜੇ ਅਖਬਾਰ ਮਿਆਰ ਰੱਖ ਕੇ ਕੱਢਣਾ ਹੋਵੇ ਤਾਂ ਹੋਰ ਵੀ ਤੰਗੀਆਂ ਅਤੇ ਮੁਸ਼ਕਿਲਾਂ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ। ‘ਪੰਜਾਬ ਟਾਈਮਜ਼’ ਦੇ ਬਾਨੀ ਸ. ਅਮੋਲਕ ਸਿੰਘ ਦੀ ਜੀਵਨ ਸਾਥਣ ਬੀਬੀ ਜਸਪ੍ਰੀਤ ਕੌਰ ਦਾ ਪੇਪਰ ਨੂੰ ਉਸੇ ਤਰਜ਼ ‘ਤੇ ਜਾਰੀ ਰੱਖਣਾ ਬਹੁਤ ਵੱਡੀ ਚੁਣੌਤੀ ਹੈ। ਜਿਹੜਾ ਕੰਮ ਵੀਹ ਸਾਲ ਅਮੋਲਕ ਸਿੰਘ ਨੇ ਪਰਚੇ ਨੂੰ ਸਿਖਰਾਂ ਵਲ ਲਿਜਾਣ ਲਈ ਸਿਰੜ ਨਾਲ ਕੀਤਾ, ਹੁਣ ਉਹੀ ਕੰਮ ਜਸਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਾਥੀ ਕਾਮਿਆਂ ਨੂੰ ਕਰਨਾ ਪੈ ਰਿਹਾ ਹੈ, ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ। ‘ਪੰਜਾਬ ਟਾਈਮਜ਼’ ਬਹੁ-ਪੱਖੀ ਪੇਪਰ ਹੈ। ਇਹ ਕਿਸੇ ਖਾਸ ਇੱਕ ਤਰਫਾ ਵਿਚਾਰਧਾਰਾ ਨਾਲ ਨਹੀਂ ਬੱਝਿਆ। ਇਹ ਆਮ ਅਤੇ ਖਾਸ, ਹਰ ਤਰ੍ਹਾਂ ਦੇ ਪਾਠਕਾਂ ਦਾ ਪਸੰਦੀਦਾ ਪੇਪਰ ਹੈ। ਇਸ ਵਿਚ ਚਿਰਾਂ ਤੋਂ ਸਥਾਪਤ ਲੇਖਕਾਂ ਦੀਆਂ ਲਿਖਤਾਂ ਵੀ ਛਪਦੀਆਂ ਹਨ, ਨਾਲ ਹੀ ਨਵੇਂ ਤੇ ਸਥਾਪਤ ਹੋ ਰਹੇ ਲੇਖਕਾਂ ਦੀਆਂ ਵੀ। ਲੇਖਕ ਆਪਣੇ ਆਪ ਜਮਾਂਦਰੂ ਹੀ ਸਥਾਪਤ ਨਹੀਂ ਹੁੰਦੇ, ਉਨ੍ਹਾਂ ਨੂੰ ਪਾਠਕ ਸਥਾਪਤ ਕਰਦੇ ਹਨ, ਜੋ ਉਨ੍ਹਾਂ ਨੂੰ ਪੜ੍ਹਦੇ ਹਨ ਅਤੇ ਪੜ੍ਹ ਕੇ ਆਪਣਾ ਪ੍ਰਤੀਕਰਮ ਲੇਖਕ ਤੱਕ ਪੁੱਜਦਾ ਕਰਦੇ ਹਨ। ‘ਪੰਜਾਬ ਟਾਈਮਜ਼’ ਦੂਰ-ਦੂਰ ਤੱਕ ਪੜ੍ਹਿਆ ਜਾਂਦਾ ਹੈ; ਹਾਰਡ ਕਾਪੀ ਦੇ ਰੂਪ ‘ਚ ਵੀ ਅਤੇ ਈ-ਕਾਪੀ ਰਾਹੀਂ ਵੀ।
ਸੁਹਿਰਦ ਪਾਠਕ, ਲੇਖਕ ਅਤੇ ਵਪਾਰੀ ਸੱਜਣ ਅਖਬਾਰ ਦਾ ਧੁਰਾ ਹਨ। ਉਨ੍ਹਾਂ ਬਿਨਾਂ ਕੋਈ ਪੇਪਰ ਨਹੀਂ ਚੱਲ ਸਕਦਾ। ਅਮੋਲਕ ਸਿੰਘ ਨੇ ਆਪਣੇ ਯਤਨਾਂ ਨਾਲ ਪੇਪਰ ਨੂੰ ਪੜ੍ਹਨ ਯੋਗ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਜੋ ਹੁਣ ਵੀ ਜਾਰੀ ਹੈ। ਆਪਣੀ ਵਿਗੜਦੀ ਸਿਹਤ ਦੇ ਬਾਵਜੂਦ ਉਨ੍ਹਾਂ ਅਖਬਾਰ ਨੂੰ ਆਖਰੀ ਦਮ ਤੱਕ ਹੋਰ ਵਧੀਆ ਬਣਾਉਣ ਲਈ ਜੱਦੋਜਹਿਦ ਜਾਰੀ ਰੱਖਦਿਆਂ ਆਖਰੀ ਸਾਹ ਵੀ ਪੇਪਰ ਨੂੰ ਹੀ ਸਮਰਪਿਤ ਕੀਤੇ। ਉਨ੍ਹਾਂ ਕਦੀ ਪੈਸੇ ਨੂੰ ਪਹਿਲ ਨਹੀਂ ਦਿੱਤੀ ਅਤੇ ਅਖਬਾਰ ਦੇ ਮਿਆਰ ਨਾਲ ਕਦੀ ਸਮਝੌਤਾ ਨਹੀਂ ਕੀਤਾ। ਪੇਪਰ ਨੂੰ ਨਿਰੋਲ ਨਿਰਪੱਖ ਰੱਖ ਕੇ ਇਸ ਨੂੰ ਬਹੁਸੰਮਤੀ ਪਾਠਕਾਂ ‘ਚ ਹਰਮਨ ਪਿਆਰਾ ਬਣਾਇਆ। ਸਮੂਹ ਪਾਠਕ ਅਤੇ ਲੇਖਕ ਇਹ ਵਿਸ਼ਵਾਸ ਰੱਖਦੇ ਹਨ ਕਿ ਸਮੇਂ-ਸਮੇਂ ਆਉਂਦੀਆਂ ਚੁਣੌਤੀਆਂ ਅਤੇ ਔਖਿਆਈਆਂ ਦੇ ਬਾਵਜੂਦ ‘ਪੰਜਾਬ ਟਾਈਮਜ਼’ ਕਾਮਯਾਬੀ ਨਾਲ ਮੱਲਾਂ ਮਾਰਦਾ ਜਾਏਗਾ ਅਤੇ ਸਮੁੱਚੇ ਪਾਠਕਾਂ ਤੇ ਲੇਖਕਾਂ ਨੂੰ ਆਪਣੇ ਨਾਲ ਰੱਖਦਾ ਹੋਇਆ ਅਖਬਾਰਾਂ ਦੀ ਦੁਨੀਆ ‘ਚ ਆਪਣਾ ਵਿਲੱਖਣ ਸਥਾਨ ਬਣਾਈ ਰੱਖੇਗਾ। ਇਹ ਦਿਲੀ ਕਾਮਨਾ ਹੈ- ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥