ਅਮੋਲਕ ਸਿੰਘ ਦਾ ਵੱਖਰਾ ਅੰਦਾਜ਼

‘ਪੰਜਾਬ ਟਾਈਮਜ਼’ ਦੇ ਰੂਹ-ਏ-ਰਵਾਂ ਅਤੇ ਪੱਤਰਕਾਰੀ ਦਾ ਜਲੌਅ ਬਰਕਰਾਰ ਰੱਖਣ ਵਾਲੇ ਸ. ਅਮੋਲਕ ਸਿੰਘ ਜੰਮੂ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕਰਨ ਵਾਲੇ ਸਮਿਆਂ ਦੇ ਸਾਥੀ, ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਨੇ ਇਹ ਲੇਖ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਰਮਜ਼ਾਂ ਨੂੰ ਫੜਨ ਦਾ ਯਤਨ ਹੈ ਜਿਹੜੀਆਂ ‘ਪੰਜਾਬ ਟਾਈਮਜ਼’ ਦੇ ਪੰਨਿਆਂ ਉਤੇ ਪਿਛਲੇ ਦੋ ਦਹਾਕਿਆਂ ਦੌਰਾਨ ਫੈਲਦੀਆਂ ਰਹੀਆਂ ਹਨ।

ਕਰਮਜੀਤ ਸਿੰਘ
ਫੋਨ: +91-99150-91063

ਅਮੋਲਕ ਵੀਰ ਦੀ ਪਹਿਲੀ ਬਰਸੀ ਹੈ। ਉਹ ਹੁਣ ਸਾਡੇ ਵਿਚ ਨਹੀਂ ਪਰ ਕੀ ਉਹ ਸੱਚਮੁੱਚ ਸਾਡੇ ਵਿਚ ਨਹੀਂ? ਸ਼ੇਕਸਪੀਅਰ ਯਾਦ ਆ ਰਿਹਾ ਹੈ ਜੋ ਆਪਣੀ ਕਿਸੇ ਰਚਨਾ ਵਿਚ ਜਿ਼ੰਦਗੀ ਤੇ ਮੌਤ ਬਾਰੇ ਵੱਖਰੀ ਤਰ੍ਹਾਂ ਦੀ ਸੋਝੀ ਦਿੰਦਾ ਹੈ, ਵੱਖਰੀ ਤਰ੍ਹਾਂ ਦੇ ਸਵਾਲ ਕਰਦਾ ਹੈ ਤੇ ਵੱਖਰੀ ਤਰ੍ਹਾਂ ਦਾ ਜਵਾਬ ਦਿੰਦਾ ਹੈ, ਜਦੋਂ ਇਹ ਆਖਦਾ ਹੈ ਕਿ ਅਸੀਂ ਜਿਊਂਦੇ ਹਾਂ ਪਰ ਕੀ ਅਸੀਂ ਸੱਚਮੁੱਚ ਜਿਉਂਦੇ ਹਾਂ? ਅਸੀਂ ਮਰ ਜਾਂਦੇ ਹਾਂ ਪਰ ਕੀ ਅਸੀਂ ਸੱਚਮੁੱਚ ਮਰ ਜਾਂਦੇ ਹਾਂ?…ਅਮੋਲਕ ਜਿਊਂਦਾ ਸੀ ਅਤੇ ਤੁਸੀਂ ਕਹੋਗੇ ਤੇ ਮੰਨੋਗੇ ਵੀ ਕਿ ਜੇ ਜਿਊਣਾ ਹੈ ਤਾਂ ਇਸੇ ਤਰ੍ਹਾਂ ਹੀ ਜਿਊਣਾ ਚਾਹੀਦਾ ਹੈ। ਉਹ ਚਲਾ ਗਿਆ ਹੈ ਪਰ ਕਿਸੇ ਵੱਖਰੇ ਅੰਦਾਜ਼ ਵਿਚ ਸਾਡੇ ਵਿਚ ਮੌਜੂਦ ਹੈ।

ਬਹੁਤਿਆਂ ਨੇ ਉਸ ਨੂੰ ‘ਪੰਜਾਬ ਟਾਈਮਜ਼’ ਰਾਹੀਂ ਦੇਖਿਆ-ਇੱਕ ਅਜਿਹਾ ਅਖਬਾਰ ਜਿਸ ਨੂੰ ਉਸ ਨੇ ਖੁਦ ਜਨਮ ਦਿੱਤਾ, ਸਜਾਇਆ ਤੇ ਸ਼ਿੰਗਾਰਿਆ ਪਰ ਉਹ ਇਸ ਤੋਂ ਵੱਖਰਾ ਵੀ ਸੀ। ‘ਪੰਜਾਬ ਟਾਈਮਜ਼’ ਉਸ ਦੇ ਪਿਛਲੇ ਅਨੁਭਵਾਂ ਅਤੇ ਕੌੜੇ ਮਿੱਠੇ ਤਜਰਬਿਆਂ ਦਾ ਕੁੱਲ ਨਿਚੋੜ ਕਿਹਾ ਜਾ ਸਕਦਾ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹਿਆ ਸੀ ਅਤੇ ਉਥੇ ਹੀ ਉਸ ਨੇ ਤਰਜਮਾ ਕਰਨ ਦਾ ਡਿਪਲੋਮਾ ਵੀ ਹਾਸਲ ਕੀਤਾ ਸੀ। ਇੱਥੇ ਇਹ ਗੱਲ ਪ੍ਰਸੰਗ ਤੋਂ ਬਾਹਰੀ ਨਹੀਂ ਹੈ ਕਿ ਇਸੇ ਯੂਨੀਵਰਸਿਟੀ ਵਿਚ ਪੜ੍ਹਦੀ ਜਸਪ੍ਰੀਤ ਵੀ ਉਸ ਦੇ ਜੀਵਨ ਦੀ ਹਮਸਫ਼ਰ ਬਣੀ। ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਜਾਂ ਤਰਜਮਾ ਕਰਨਾ ਹੁਨਰ ਹੁੰਦਾ ਹੈ, ਮੌਲਿਕ ਕਲਾ ਹੁੰਦੀ ਹੈ ਜਿਸ ਵਿਚ ਕੋਈ-ਕੋਈ ਹੀ ਨਿਪੁੰਨ ਹੁੰਦਾ ਹੈ। ਜਿ਼ੰਦਗੀ ਦੇ ਇਸ ਮੈਦਾਨ ਨੂੰ ਜਿੱਤਣਾ ਹਰ ਕਿਸੇ ਦੇ ਵੱਸ ਵਿਚ ਨਹੀਂ ਹੁੰਦਾ, ਪਰ ਅਮੋਲਕ ਨੇ ਵੱਸ ਵਿਚ ਕੀਤਾ ਹੋਇਆ ਸੀ।
ਜਦੋਂ ਮੈਂ ਤਰਜਮੇ ਦੀ ਕਲਾ ਦੀ ਗੱਲ ਕਰਦਾ ਹਾਂ ਤਾਂ ਮੇਰੇ ਸਾਹਮਣੇ ਪ੍ਰੋ. ਪੂਰਨ ਸਿੰਘ ਅਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਆ ਜਾਂਦੇ ਹਨ। ਮੈਂ ਅਜੇ ਕਾਲਜ ਦੇ ਪਹਿਲੇ ਸਾਲਾਂ ਵਿਚ ਹੀ ਸੀ ਜਦੋਂ ਐਮਰਸਨ ਦੇ ਲੇਖਾਂ ਦੀ ਕਿਤਾਬ ਦੇ ਇਕ ਲੇਖ ‘ਇੰਸਪੀਰੇਸ਼ਨ’ ਦਾ ਪੰਜਾਬੀ ਅਨੁਵਾਦ ਪੜ੍ਹਨ ਦਾ ਮੌਕਾ ਮਿਲਿਆ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ ਸੀ। ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਸੀ ਕਿ ਇਹ ਲੇਖ ਅੰਗਰੇਜ਼ੀ ਵਿਚ ਲਿਖੀ ਕਿਸੇ ਰਚਨਾ ਦਾ ਤਰਜਮਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਤਰਜਮੇ ਵਿਚ ਉਹੋ ਜਿਹੇ ਰੰਗ ਭਰ ਦਿੰਦੇ ਸਨ ਕਿ ਤੁਸੀਂ ਸਹਿਜ ਸੁਭਾਅ ਹੀ ਅਸਲੀ ਲੇਖਕ ਦੀਆਂ ਲਿਖਤਾਂ ਪੜ੍ਹਨ ਲਈ ਉਤਾਵਲੇ ਹੋ ਜਾਂਦੇ ਸੀ। ਤਰਜਮਾ ਕਰਨ ਦੀ ਕਲਾ ਅਮੋਲਕ ਦੇ ਅੰਦਰ ਪਹਿਲਾਂ ਹੀ ਕਿਤੇ ਮੌਜੂਦ ਸੀ ਅਤੇ ਵਿਆਕਰਨ ਪੱਖੋਂ ਵੀ ਉਸ ਨੂੰ ਵਿਸ਼ੇਸ਼ ਮੁਹਾਰਤ ਹਾਸਲ ਸੀ। ‘ਪੰਜਾਬੀ ਟ੍ਰਿਬਿਊਨ’ ਵਿਚ ਜਦੋਂ ਉਹ ਪਰੂਫ਼ ਰੀਡਰ ਹੁੰਦਾ ਸੀ ਤਾਂ ਸਬ ਐਡੀਟਰਾਂ ਦੀਆਂ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਕਈ ਖਬਰਾਂ ਇਸੇ ਕਰਕੇ ਵਾਪਸ ਹੋ ਜਾਂਦੀਆਂ ਸਨ ਕਿ ਉਨ੍ਹਾਂ ਵਿਚ ਅਨੁਵਾਦ ਕੀਤੇ ਸ਼ਬਦ ਪੰਜਾਬੀ ਦੀ ਜੀਵਨ ਤੋਰ, ਅਰਥਾਤ ਪੰਜਾਬੀ ਦੀ ਤਰਜ਼ੇ-ਜ਼ਿੰਦਗੀ ਵਾਂਗ ਢੁੱਕਵੇਂ ਨਹੀਂ ਹਨ। ਮਗਰੋਂ ‘ਪੰਜਾਬ ਟਾਈਮਜ਼’ ਜਿਥੇ ਉਹ ਇੱਕੋ ਸਮੇਂ ਮਾਲਕ ਤੇ ਮਜ਼ਦੂਰ ਵੀ ਸੀ, ਉਸ ਨੇ ਆਪਣੀ ਇਸ ਮੌਲਿਕ ਕਲਾ ਦੇ ਜਾਹੋ-ਜਲਾਲ ਨੂੰ ਖੁੱਲ੍ਹ ਕੇ ਅਮਲ ਵਿਚ ਲਿਆਂਦਾ।
ਡਿਗਰੀਆਂ ਵਧ ਤੋਂ ਵਧ ਇਕੱਠੀਆਂ ਕਰਨ ਦਾ ਸ਼ੌਕ ਵੀ ਉਸ ਨੇ ਪਾਲਿਆ ਹੋਇਆ ਸੀ। ਬਹੁਤ ਘਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਉਸ ਨੇ ਪੰਜਾਬੀ ਸਾਹਿਤ ਵਿਚ ਐਮ.ਏ. ਵੀ ਕੀਤੀ ਅਤੇ ਫਿਰ ਐਮ.ਫਿਲ। ਫੇਰ ਉਸ ਨੂੰ ਪੱਤਰਕਾਰੀ ਦਾ ਚਾਅ ਚੜ੍ਹਿਆ ਅਤੇ ਪੱਤਰਕਾਰੀ ਵਿਚ ਮਾਸਟਰ ਡਿਗਰੀ ਲਈ। ਇਥੇ ਵੀ ਨਹੀਂ ਰੁਕਿਆ ਅਤੇ ਕਾਨੂੰਨ ਦੇ ਖੇਤਰ ਵਿਚ ਜਾ ਦਾਖਲ ਹੋ ਗਿਆ ਅਤੇ ਐਲ.ਐਲ.ਬੀ. ਪਾਸ ਕੀਤੀ। ਇਸ ਤਰ੍ਹਾਂ ਜਿ਼ੰਦਗੀ ਬਾਰੇ ਉਸ ਦੀ ਪਹੁੰਚ ਦਾ ਘੇਰਾ ਵਿਸ਼ਾਲ ਹੋ ਗਿਆ ਜੋ ਥੋੜ੍ਹੇ ਲੋਕਾਂ ਨੂੰ ਨਸੀਬ ਹੁੰਦਾ ਹੈ।
ਵੈਸੇ ਉਸ ਨੇ ਜਦੋਂ ਪੰਜਾਬ ਯੂਨੀਵਰਸਿਟੀ ਅਤੇ ‘ਪੰਜਾਬੀ ਟ੍ਰਿਬਿਊਨ’ ਵਿਚ ਗੁਜ਼ਾਰੇ ਪਲਾਂ ਦੀ ਯਾਦ ਨੂੰ ਆਪਣੀ ਇਕ ਅਤਿ ਪਿਆਰੀ ਤੇ ਯਾਦ ਰੱਖਣ ਵਾਲੀ ਰਚਨਾ ‘ਕਮਲਿਆਂ ਦਾ ਟੱਬਰ’ ਵਿਚ ਸਾਹਮਣੇ ਲਿਆਂਦਾ ਤਾਂ ਉਨ੍ਹਾਂ ਲਿਖਤਾਂ ਵਿਚ ਜਿਵੇਂ ਮਨੁੱਖੀ ਸੁਭਾਅ ਦੇ ਦਰਸ਼ਨ ਦੀਦਾਰੇ ਹੋਏ। ਉਹ ਪੜ੍ਹ ਕੇ ਇਉਂ ਮਹਿਸੂਸ ਹੋਇਆ, ਜਿਵੇਂ ਅਮੋਲਕ ਕਈ ਪੱਖਾਂ ਤੋਂ ਬੰਦਿਆਂ ਨੂੰ ਬੁਝਣ ਲਈ ਉਨ੍ਹਾਂ ਦੇ ਧੁਰ ਅੰਦਰ ਤਕ ਪਹੁੰਚ ਗਿਆ ਹੈ ਅਤੇ ਜੇਕਰ ਤੁਸੀਂ ਸਾਹਿਤ ਦੇ ਪਿੜ ਵਿਚ ਡੂੰਘਾ ਉਤਰਨ ਦਾ ਸ਼ੌਂਕ ਰੱਖਦੇ ਹੋ ਤਾਂ ਇਹ ਲਿਖਤਾਂ ਪੜ੍ਹ ਕੇ ਤੁਹਾਨੂੰ ਤਾਲਸਤਾਏ ਅਤੇ ਦਾਸਤੋਵਸਕੀ ਯਾਦ ਆ ਜਾਣਗੇ- ਉਹ ਮਹਾਨ ਲੇਖਕ ਜੋ ਜੀਵਨ ਦੇ ਹਨੇਰਿਆਂ ਨੂੰ ਵੀ ਨਮਸਕਾਰ ਕਰਦੇ ਹਨ। ਇਨ੍ਹਾਂ ਰਚਨਾਵਾਂ ਵਿਚ ਅਮੋਲਕ ਨੇ ਮੇਰੇ ਸਮੇਤ ਕਈ ਪੱਤਰਕਾਰ ਦੋਸਤਾਂ ਅਤੇ ਹੋਰਨਾਂ ਦੇ ਭੇਤ ਜੱਗ ਜ਼ਾਹਰ ਕੀਤੇ ਹਨ। ਹਾਲਾਂਕਿ ਗੁਰਦਿਆਲ ਬੱਲ ਨੂੰ ਸਮਝਣ ਲਈ ਪੰਜਾਬ ਵਿਚ ਕੋਈ ਵੀ ‘ਸਮਝ’ ਅਜੇ ਨਿੱਤਰ ਕੇ ਸਾਹਮਣੇ ਨਹੀਂ ਆਈ ਜੋ ਇਸ ‘ਆਊਟਸਾਈਡਰ’ ਨਾਲ ਬਣਦਾ ਨਿਆਂ ਕਰ ਸਕੇ। ਮੈਂ ਅਮੋਲਕ ਨੂੰ ਕਈ ਵਾਰ ਕਿਹਾ ਕਿ ਉਹ ਗੁਰਦਿਆਲ ਬੱਲ ਬਾਰੇ ਜ਼ਰੂਰ ਲਿਖੇ ਪਰ ਹਰ ਵਾਰ ਉਸ ਦਾ ਇਹੋ ਜਵਾਬ ਹੁੰਦਾ ਕਿ ਭਾਜੀ, ਤੁਸੀਂ ਹੀ ਉਸ ਨੂੰ ‘ਗ੍ਰਿਫਤਾਰ’ ਕਰ ਸਕਦੇ ਹੋ। ‘ਨਿਰਮਲ ਨਿਰਪੱਖਤਾ’ ਵਾਲੇ ਗੁਣਾਂ ਦਾ ਕੋਈ ਹਾਣੀ ਅਜੇ ਨਹੀਂ ਮਿਲਿਆ ਜੋ ਗੁਰਦਿਆਲ ਬੱਲ ਦੇ ਅੰਦਰ ਖੌਰੂ ਪਾਉਂਦੀਆਂ ਵਿਰੋਧਤਾਈਆਂ ਦੇ ਗੁਣਾਂ ਨੂੰ ਪਛਾਣ ਸਕੇ, ਉਨ੍ਹਾਂ ਗੁਣਾਂ ਦਾ ਨਿਖੇੜਾ ਕਰ ਸਕੇ ਅਤੇ ਸ਼ਬਦਾਂ ਵਿਚ ਗੁੰਦ ਸਕੇ। ਵੈਸੇ ਇੱਕ ਆਵਾਜ਼ ਮੈਨੂੰ ਵੀ ਡੂੰਘੀਆਂ ਰਾਤਾਂ ਨੂੰ ਪ੍ਰੇਸ਼ਾਨ ਕਰਦੀ ਹੈ ਜੋ ਉਨ੍ਹਾਂ ਗੁਣਾਂ ਨੂੰ ਪਛਾਣ ਸਕਣ ਦਾ ਸਿਹਰਾ ਮੈਨੂੰ ਦਿੰਦੀ ਹੋਈ ਉਸ ਬਾਰੇ ਲਿਖਣ ਨੂੰ ਕਹਿੰਦੀ ਹੈ।
‘ਕਮਲਿਆਂ ਦਾ ਟੱਬਰ’ ਵਾਲੀਆਂ ਰਚਨਾਵਾਂ ਬਾਰੇ ਕੁਝ ਹੋਰ ਵੀ ਮੈਂ ਕਹਿਣਾ ਚਾਹੁੰਦਾ ਹਾਂ। ਇਹ ਇਕ ਤਰ੍ਹਾਂ ਨਾਲ ਅਮੋਲਕ ਦੀ ਸਵੈ-ਜੀਵਨੀ ਹੈ ਜਿਸ ਦੇ ਤਿੰਨ ਹਿੱਸਿਆਂ ਵਿਚ ਸਿਰਸਾ ਦੇ ਨੇੜੇ ਉਨ੍ਹਾਂ ਦੇ ਆਪਣੇ ਜੱਦੀ ਪਿੰਡ ਕੁੱਤੇਵੱਡ ਦੀ ਕਹਾਣੀ ਦੱਸੀ ਹੈ, ਫਿਰ ਪੰਜਾਬ ਯੂਨੀਵਰਸਿਟੀ ਵਿਚ ਬੀਤੀਆਂ ਕੁਝ ਯਾਦਾਂ ਤੇ ਉਨ੍ਹਾਂ ਯਾਦਾਂ ਨਾਲ ਜੁੜੇ ਵਿਅਕਤੀ ਪੇਸ਼ ਹੋਏ ਹਨ ਅਤੇ ਨਾਲ ਹੀ ‘ਪੰਜਾਬੀ ਟ੍ਰਿਬਿਊਨ’ ਦੇ ਨਿਊਜ਼ ਸੈਕਸ਼ਨ ਵਿਚ ਖਬਰਾਂ ਵਿਚ ਡੁੱਬਦੇ-ਤਰਦੇ ਪੱਤਰਕਾਰਾਂ ਦੇ ਸੁਭਾਅ ਅਤੇ ਉਨ੍ਹਾਂ ਦੀਆਂ ਆਦਤਾਂ ਦਾ ਮਨ-ਭਾਉਂਦਾ ਵੇਰਵਾ ਹੈ। ਅਮੋਲਕ ਯਕੀਨਨ ਕੁਝ ਦੋਸਤਾਂ ਦੇ ਧੁਰ ਅੰਦਰ ਤਕ ਪਹੁੰਚਣ ਵਿਚ ਜੇਤੂ ਰਿਹਾ ਹੈ। ਕੀ ਇਹ ਸਾਰੇ ਕਿਰਦਾਰ ਸਿਧੀ ਸੌਖੀ ਭਾਸ਼ਾ ਵਿਚ ਆਖੇ ਤੇ ਸਮਝੇ ਜਾਂਦੇ ਸ਼ਬਦ ‘ਕਮਲੇ’ ਦੇ ਅਰਥਾਂ ਨਾਲ ਮਿਲਦੇ ਜੁਲਦੇ ਹਨ ਜਾਂ ਇਸ ‘ਕਮਲਪਨ’ ਵਿਚ ਡੂੰਘੀਆਂ ਸਿਆਣਪਾਂ ਤੇ ਸਿਆਸਤਾਂ ਵੀ ਲੁਕੀਆਂ ਹੋਈਆਂ ਹਨ? ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਦੋਵਾਂ ਹਕੀਕਤਾਂ ਦੇ ਦਰਸ਼ਨ ਹੋਣਗੇ। ਅਮੋਲਕ ਵਿਚ ਮਨੁੱਖੀ ਸਭਾਵਾਂ ਦੀ ਪੇਚੀਦਗੀ ਨੂੰ ਕਿਸੇ ਦਿਲਚਸਪ ਸਾਦਗੀ ਵਿਚ ਦੱਸਣ ਦੀ ਪੁਖਤਾ ਜਾਚ ਅਤੇ ਸਮਝ ਸੀ। ਇਨ੍ਹਾਂ ਲਿਖਤਾਂ ਵਿਚ ਪੱਤਰਕਾਰਾਂ ਤੋਂ ਇਲਾਵਾ ਪੱਤਰਕਾਰੀ ਦੇ ਹੁਨਰ ਨਾਲ ਵੀ ਅਮੋਲਕ ਤੁਹਾਡੀ ਸਾਂਝ ਪਾਉਂਦਾ ਹੈ। ਕਮਲਿਆਂ ਦੇ ਟੱਬਰ ਤੋਂ ਇਲਾਵਾ ਅਮੋਲਕ ਦੀਆਂ ਕੁਝ ਚੋਣਵੀਆਂ ਲਿਖਤਾਂ ਉਤੇ ਆਧਾਰਤ ਕਿਤਾਬ ਆਉਣੀ ਚਾਹੀਦੀ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਜਿੱਥੇ ਮਾਰਗ ਦਰਸ਼ਨ ਬਣੇਗੀ, ਉੱਥੇ ਉਸ ਇੱਕ ਦੌਰ ਬਾਰੇ ਵੀ ਜਾਣਕਾਰੀ ਹਾਸਲ ਹੋਵੇਗੀ ਜਦੋਂ ਪੰਜਾਬੀ ਪੱਤਰਕਾਰੀ ਦੇ ਮਿਆਰ ਦਾ ਚੜ੍ਹਦਾ ਗਰਾਫ ਵੀ ਨਜ਼ਰ ਆਉਂਦਾ ਹੈ।
ਅਮੋਲਕ ਨੇ ਪੱਤਰਕਾਰੀ ਦੇ ਅਸਲ ਹੁਨਰ ਨੂੰ ‘ਪੰਜਾਬ ਟਾਈਮਜ਼’ ਵਿਚ ਜਿਊਂਦਾ ਤੇ ਜਗਦਾ-ਮਘਦਾ ਰੱਖਿਆ। ਪੰਜਾਬ ਦੇ ਕਿਸੇ ਵੀ ਭਖਦੇ ਨਾਜ਼ੁਕ ਮਸਲੇ ਦੇ ਹੱਕ ਵਿਚ ਅਤੇ ਵਿਰੋਧੀ ਪੱਖਾਂ ਨੂੰ ਉਸ ਨੇ ਖੁੱਲ੍ਹ ਕੇ ਥਾਂ ਦਿੱਤੀ, ਬਸ਼ਰਤਿ ਸਬੰਧਤ ਲਿਖਤ ਵਿਚ ਭਾਸ਼ਾ ਦੇ ਸਲੀਕੇ ਅਤੇ ਸੰਜਮ ਨੂੰ ਕਾਇਮ ਰੱਖਿਆ ਹੋਵੇ। ਅਜਿਹਾ ਕਰਕੇ ਉਸ ਨੇ ਪੂਰਾ ਯਤਨ ਕੀਤਾ ਕਿ ਬਹਿਸ ਦਾ ਪੱਧਰ ਵੀ ਉੱਚਾ ਰਹੇ ਅਤੇ ਬਹਿਸ ਦਾ ਘੇਰਾ ਵੀ ਵਿਸ਼ਾਲ ਰੂਪ ਅਖਤਿਆਰ ਕਰ ਲਵੇ। ‘ਪੰਜਾਬ ਟਾਈਮਜ਼’ ਦੀ ਇਹ ਵੱਡੀ ਪ੍ਰਾਪਤੀ ਹੈ। ‘ਪੰਜਾਬ ਟਾਈਮਜ਼’ ਦੇ ਮੁਕਾਬਲੇ ‘ਅੰਮ੍ਰਿਤਸਰ ਟਾਈਮਜ਼’ ਅਖਬਾਰ ਵੀ ਸੀ ਪਰ ਇਸ ਅਖਬਾਰ ਦੀਆਂ ਆਪਣੀਆਂ ਸੀਮਾਵਾਂ, ਹੱਦਾਂ ਅਤੇ ਮਜਬੂਰੀਆਂ ਸਨ। ਇਸ ਨੇ ਮਸਲਿਆਂ ਦੇ ਇੱਕ ਪਾਸੜ ਹੁਨਰ ਨੂੰ ਉੱਚੀ ਪੱਧਰ ਉਤੇ ਸਥਾਪਤ ਕਰਨ ਦਾ ਨਵਾਂ ਆਯਾਮ ਤਾਂ ਜ਼ਰੂਰ ਸਿਰਜਿਆ ਪਰ ‘ਪੰਜਾਬ ਟਾਈਮਜ਼’ ਨੇ ਤਸਵੀਰ ਦੇ ਦੂਜੇ ਪੱਖ ਨੂੰ ਖੁੱਲ੍ਹ ਕੇ ਥਾਂ ਦੇਣ ਦੀ ਪਿਰਤ ਪਾਈ ਅਤੇ ਇਉਂ ਪੱਤਰਕਾਰੀ ਦੇ ਖੇਤਰ ਵਿਚ ਸਿਹਤਮੰਦ ਮੁਕਾਬਲੇ ਦਾ ਮਾਹੌਲ ਸਿਰਜ ਦਿੱਤਾ। ਮੈ ਇਹ ਗੱਲ ਵਧਾ ਚੜ੍ਹਾ ਕੇ ਨਹੀਂ ਦਸ ਰਿਹਾ ਕਿ ਬਾਹਰਲੇ ਮੁਲਕਾਂ ਵਿਚ ਛਪਣ ਵਾਲੇ ਤਮਾਮ ਪੰਜਾਬੀ ਅਖਬਾਰਾਂ ਵਿਚ ਗਿਆਨ ਦੇ ਮਿਆਰ ਪੱਖੋਂ ਇਹ ਅਖਬਾਰ ਸਰਵੋਤਮ ਸਥਾਨ ਰੱਖਦਾ ਹੈ।
ਜਦੋਂ ਅਮੋਲਕ ‘ਪੰਜਾਬੀ ਟ੍ਰਿਬਿਊਨ’ ਵਿਚ ਸੀ ਤਾਂ ਉਸ ਸਮੇਂ ਜੁਝਾਰੂ ਲਹਿਰ ਵੀ ਆਪਣੇ ਭਰ ਜੋਬਨ ਵਿਚ ਸੀ। ਅਮੋਲਕ ਨੇ ਆਪਣੇ ਸੁਭਾਅ ਮੁਤਾਬਕ ਲਹਿਰ ਨਾਲ ਆਦਰਯੋਗ ਦੂਰੀ ਵੀ ਬਣਾਈ ਰੱਖੀ ਤੇ ਨੇੜਤਾ ਵੀ। ਕੁਝ ਜੁਝਾਰੂ ਆਗੂ ਟ੍ਰਿਬਿਊਨ ਕਲੋਨੀ ਵਿਚ ਉਸ ਦੇ ਘਰ ਅਕਸਰ ਆ ਜਾਂਦੇ ਸਨ। ਹਾਲਾਂਕਿ ਮੈਂ ਨਿੱਜੀ ਤੌਰ ‘ਤੇ ਜੁਝਾਰੂ ਲਹਿਰ ਦੇ ਹੱਕ ਵਿਚ ਕਾਫੀ ਦੂਰ ਤਕ ਨਿਕਲ ਗਿਆ ਸੀ- ਏਨੀ ਦੂਰ ਤਕ ਕਿ ਜਿੱਥੇ ਪਤਾ ਹੀ ਨਹੀਂ ਲੱਗਾ ਪਈ ਕਦੋਂ ਮੇਰੀ ਪੱਤਰਕਾਰੀ ਨੇ ਜੁਝਾਰੂ ਲਹਿਰ ਦੀ ਮਹਾਨਤਾ ਅਤੇ ਮਹੱਤਤਾ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਸੀ। ਫਿਰ ਇੱਕ ਅਜਿਹਾ ਮੌਕਾ ਵੀ ਆਇਆ, ਜਦੋਂ ਮੈਨੂੰ ਕੁਝ ਦਿਨਾਂ ਲਈ ਅਮੋਲਕ ਦੇ ਘਰ ਵਿਚ ਸ਼ਰਨ ਲੈਣੀ ਪਈ। ਉਹ ਦਿਨ ਹੀ ਇਹੋ ਜਿਹੇ ਸਨ ਪਰ ਜਸਪ੍ਰੀਤ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਅਤੇ ਮੇਰਾ ਪੂਰਾ ਖਿਆਲ ਰੱਖਿਆ। ਉਨ੍ਹਾਂ ਦਿਨਾਂ ਦੀ ਵਿਹਲ ਵਿਚ ਮੈਨੂੰ ਕਈ ਕਿਤਾਬਾਂ ਪੜ੍ਹਨ ਦਾ ਸੁਨਹਿਰੀ ਮੌਕਾ ਹਾਸਲ ਹੋਇਆ। ‘ਪੰਜਾਬ ਟਾਈਮਜ਼’ ਵਿਚ ਮੇਰੇ ਬਹੁਤ ਲੇਖ ਛਪਦੇ ਰਹੇ ਅਤੇ ਉਨ੍ਹਾਂ ਲੇਖਾਂ ਦੇ ਵਿਰੋਧ ਵਿਚ ਆਏ ਪੱਖ ਵੀ ਛਪਦੇ ਰਹੇ ਪਰ ‘ਪੰਜਾਬੀ ਟ੍ਰਿਬਿਊਨ’ ਵਿਚ ਉੱਚੇ ਪਦਾਂ ‘ਤੇ ਕੰਮ ਕਰਦਿਆਂ ਟ੍ਰਿਬਿਊਨ ਅੰਦਰ ਪੱਤਰਕਾਰੀ ਦੀਆਂ ਬਹੁਤ ਸਾਰੀਆਂ ਰਵਾਇਤਾਂ ਦਾ ਵੀ ਡੂੰਘਾ ਅਨੁਭਵ ਹਾਸਲ ਹੋਇਆ। ਅਸੀਂ ਕਈ ਵਾਰ ਪੰਜਾਬ ਮਸਲਿਆਂ ਉੱਤੇ ਅਮੋਲਕ ਨਾਲ ਬਹਿਸਾਂ ਕਰਦੇ ਰਹਿੰਦੇ। ਕਈ ਵਾਰ ਸਹਿਮਤ ਹੁੰਦੇ ਅਤੇ ਕਈ ਵਾਰ ਬੁਰੀ ਤਰ੍ਹਾਂ ਅਸਹਿਮਤ। ਸੱਚ ਤਾਂ ਇਹ ਸੀ ਕਿ ਅਸਹਿਮਤੀ ਦੇ ਗੁਣਾਂ ਦੀ ਪਛਾਣ ਕਰਨ ਅਤੇ ਅਸਹਿਮਤੀ ਦਾ ਜਸ਼ਨ ਮਨਾਉਣ ਦੀ ਖੁੱਲ੍ਹਦਿਲੀ ਵੀ ਇਨ੍ਹਾਂ ਬਹਿਸਾਂ ਵਿਚੋਂ ਹੀ ਹਾਸਲ ਹੁੰਦੀ ਸੀ ਜਿਸ ਦੇ ਕਈ ਰੰਗ ਰੂਪ ਮੇਰੇ ਆਪਣੇ ਵਜੂਦ ਵਿਚ ਅਜੇ ਵੀ ਜਗਦੇ ਰਹਿੰਦੇ ਹਨ। ਅੰਗਰੇਜ਼ੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਵੀ ਆਪਣੇ ਨਿਊਜ਼ ਰੂਮ ਨੂੰ ਛਡ ਕੇ ਏਧਰ ‘ਪੰਜਾਬੀ ਟ੍ਰਿਬਿਊਨ’ ਦੇ ਨਿਊਜ਼ ਰੂਮ ਵਿਚ ਬਲ ਨੂੰ ਅਕਸਰ ਹੀ ਮਿਲਣ ਆਉਂਦੇ। ਅਸਲ ਵਿਚ ਗੁਰਦਿਆਲ ਬੱਲ ਅਣਗਿਣਤ ਖਿੜੇ ਅਤੇ ਮੁਰਝਾਏ ਫੁੱਲਾਂ ਦਾ ਹੁਸੀਨ ਗੁਲਦਸਤਾ ਹੈ। ਮੇਰਾ ਖਿਆਲ ਹੈ ਕਿ ਅਮਰੀਕਾ ਵਿਚ ‘ਪੰਜਾਬ ਟਾਈਮਜ਼’ ਨਾਲ ਨੇੜਿਓਂ ਜੁੜੇ ਕਈ ਵੀਰਾਂ ਅਤੇ ਗੰਭੀਰ ਪਾਠਕਾਂ ਨੂੰ ਆਪਣੀਆਂ ਯਾਦਾਂ ਇੱਕ ਭਰਪੂਰ ਵਿਸ਼ਲੇਸ਼ਣ ਦੇ ਰੂਪ ਵਿਚ ਪੇਸ਼ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਦਾ ਕੰਮ ਕਰ ਸਕਣ।
ਤੇ ਫਿਰ ਉਹ ਬਿਮਾਰੀ ਜਿਸ ਦੇ ਮਰੀਜ਼ ਦੁਨੀਆ ਵਿਚ ਉਂਗਲਾਂ ‘ਤੇ ਗਿਣੇ ਜਾ ਸਕਦੇ ਸਨ, ਉਸ ਬਿਮਾਰੀ ਨੇ ਅਮੋਲਕ ਨੂੰ ਵੀ ਆਪਣੇ ਘੇਰੇ ਵਿਚ ਲੈ ਲਿਆ। ਮਸਕੁਲਰ ਡਿਸਟਰੌਫੀ ਦੇ ਨਾਂ ਨਾਲ ਜਾਣੀ ਜਾਂਦੀ ਇਸ ਬਿਮਾਰੀ ਵਿਚ ਜਿਸਮ ਦੇ ਸਾਰੇ ਅੰਗ ਸਹਿਜੇ ਸਹਿਜੇ ਕੰਮ ਕਰਨ ਤੋਂ ਜੁਆਬ ਦੇ ਦਿੰਦੇ ਹਨ। 40-42 ਸਾਲ ਪਹਿਲਾਂ ਹੀ ਇਸ ਬਿਮਾਰੀ ਦੇ ਨਿਸ਼ਾਨ ਦਿਸਣੇ ਸ਼ੁਰੂ ਹੋ ਗਏ ਜਦੋਂ ਅਮੋਲਕ ਦੇ ਹੱਥ ਦੀ ਇਕ ਉਂਗਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਮਰੀਕਾ ਜਾਣ ਪਿੱਛੋਂ ਇਸ ਬਿਮਾਰੀ ਨੇ ਹੋਰ ਜ਼ੋਰ ਫੜ ਲਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਅਮੋਲਕ ਨੇ ਦਿਲ ਨਹੀਂ ਛੱਡਿਆ ਹਾਲਾਂਕਿ ਇਸ ਬਿਮਾਰੀ ਦਾ ਇਲਾਜ ਅਜੇ ਵੀ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ। ਉਂਝ, ਇਹ ਚਮਤਕਾਰ ਹੀ ਸੀ ਕਿ ‘ਪੰਜਾਬ ਟਾਈਮਜ਼’ ਉਸ ਦੀ ਦੇਖ ਰੇਖ ਹੇਠ ਛਪਦਾ ਰਿਹਾ। ਉਹ ਬਾਕਾਇਦਾ ਖਬਰਾਂ ਪੜ੍ਹਦਾ ਤੇ ਲੋੜ ਅਨੁਸਾਰ ਐਡਿਟ ਕਰਦਾ। ਮੈਂ ਖੁਦ ਵੀ ਜਦੋਂ ਅਮਰੀਕਾ ਵਿਚ ਉਸ ਕੋਲ ਕੁਝ ਦਿਨਾਂ ਲਈ ਠਹਿਰਦਾ ਤਾਂ ਖਬਰਾਂ ਦੀ ਚੋਣ ਬਾਰੇ ਉਸ ਦੀਆਂ ਹਦਾਇਤਾਂ ਅਮਲ ਵਿਚ ਲਾਗੂ ਜ਼ਰੂਰ ਹੁੰਦੀਆਂ। ਵਿਸ਼ੇਸ਼ ਕਿਸਮ ਦੇ ਅਤੇ ਨਾਜ਼ੁਕ ਕਿਸਮ ਦੇ ਲੇਖਾਂ ਉਤੇ ਉਸ ਦੀ ਬਾਜ਼ ਨਿਗ੍ਹਾ ਹੁੰਦੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਗੰਭੀਰ ਪਾਠਕਾਂ ਦੀ ਖਾਸਮ-ਖਾਸ ਨਿਗ੍ਹਾ ਉਨ੍ਹਾਂ ਲਿਖਤਾਂ ਉੱਤੇ ਹੁੰਦੀ ਹੈ। ਕਾਸ਼! ਕੋਈ ਜਣਾ ਉਨ੍ਹਾਂ ਵਰ੍ਹਿਆਂ ਨੂੰ ਖਾਸ ਲੜੀ ਵਿਚ ਰੱਖ ਕੇ ਉਸ ਮਨੋਵਿਗਿਆਨਕ ਸੰਸਾਰ ਬਾਰੇ ਦੱਸੇ ਜੋ ਅਮੋਲਕ ਨੇ ਹੰਢਾਇਆ। ਦੱਸਣ ਵਾਲੇ ਬੰਦੇ ਲਈ ਇਹ ਗੱਲ ਦੱਸਣੀ ਵਧੇਰੇ ਅਹਿਮ ਹੋਏਗੀ ਕਿ ਅਮੋਲਕ ਇਸ ਦੌਰ ਵਿਚੋਂ ‘ਕਿਵੇਂ’ ਲੰਘਿਆ। ਇਹ ਉਹ ਵਰ੍ਹੇ ਸਨ ਜਦੋਂ ਉਸ ਦੇ ‘ਜਿਊਣ’ ਦੇ ਅਮਲ ਵਿਚ ‘ਜਾਗਣ ਤੇ ਜਗਾਉਣ’ ਦੀ ਤਾਕਤ ਤੇ ਸਮਰੱਥਾ ਹੈਰਾਨ ਹੀ ਕਰਦੀ ਹੈ। ਇੱਕ ਵਾਰ ਜਦੋਂ ‘ਪੰਜਾਬ ਟਾਈਮਜ਼’ ਦਾ ਸਾਲਾਨਾ ਸਮਾਗਮ ਸ਼ਿਕਾਗੋ ਵਿਚ ਮਨਾਇਆ ਜਾ ਰਿਹਾ ਸੀ ਤਾਂ ਮੈਂ ਆਪਣੀ ਤਕਰੀਰ ਵਿਚ ਅਮੋਲਕ ਨੂੰ ਪੰਜਾਬੀ ਪੱਤਰਕਾਰੀ ਦਾ ਸਟੀਫਨ ਹਾਕਿੰਗ ਕਰਾਰ ਦਿੱਤਾ ਜੋ ਵਿਗਿਆਨੀ ਸਰੀਰ ਦੇ ਸਾਰੇ ਹਿੱਸੇ ਨਕਾਰਾ ਹੋਣ ਦੇ ਬਾਵਜੂਦ ਇਕ ਵਿਸ਼ੇਸ਼ ਤਕਨਾਲੋਜੀ ਦੀ ਸਹਾਇਤਾ ਨਾਲ ਬ੍ਰਹਿਮੰਡ ਬਾਰੇ ਵਿਗਿਆਨਕ ਖੋਜ ਦੀਆਂ ਉਹ ਗੱਲਾਂ ਦੱਸਦਾ ਜਿਸ ਨੂੰ ਸੁਣ ਕੇ ਹਰ ਕੋਈ ਮੂੰਹ ਵਿਚ ਉਂਗਲਾਂ ਪਾ ਲੈਂਦਾ ਹੈ। ਇਨ੍ਹਾਂ 40 ਵਰ੍ਹਿਆਂ ਵਿਚ ਦਸ ਕੁ ਵਰ੍ਹੇ ਦਰਦ ਨਾਲ ਭਰੇ ਵਰ੍ਹੇ ਸਨ, ਜਦੋਂ ਬਿਮਾਰੀ ਅਮੋਲਕ ਦੇ ਗਲ ਤੱਕ ਪਹੁੰਚ ਗਈ ਸੀ। ਸਰੀਰ ਦਾ ਹੇਠਲਾ ਹਿੱਸਾ ਪੱਥਰ ਬਣ ਗਿਆ ਸੀ ਪਰ ਉਸ ਦੀ ਯਾਦਦਾਸ਼ਤ, ਉਸ ਦਾ ਹੌਸਲਾ, ਉਸ ਦੀ ਹਿੰਮਤ, ਉਸ ਦੀ ਦ੍ਰਿੜ੍ਹਤਾ, ਉਸ ਦੀ ਸਿਰੜ ਅਤੇ ਜਿਊਣ ਦੀ ਤਾਂਘ ਕਿਸੇ ਸੱਜਰੀ ਸਵੇਰ ਵਾਂਗ ਤਾਜ਼ਾ ਸੀ।… ਤੇ ਇਨ੍ਹਾਂ ਸਾਰੇ ਵਰ੍ਹਿਆਂ ਵਿਚ ਉਸ ਦੀ ਹਮਸਫਰ ਜਸਪ੍ਰੀਤ ਦੀ ਸੇਵਾ ਨੇ ਆਪਣੇ ਧੀਰਜ, ਸਬਰ ਤੇ ਸ਼ੁਕਰ ਦੇ ਜਜ਼ਬਿਆਂ ਨੂੰ ਜਿਸ ਤਰ੍ਹਾਂ ਸਾਂਭ ਕੇ ਰੱਖਿਆ, ਉਹ ਵੀ ਸ਼ਬਦਾਂ ਦੇ ਘੇਰੇ ਵਿਚ ਨਹੀਂ ਸਮਾ ਸਕਦਾ। ਦੋ ਕੁ ਮਹੀਨੇ ਪਹਿਲਾਂ ਜਸਪ੍ਰੀਤ ਨੇ ਫੋਨ ਕਰਕੇ ਕਿਹਾ ਕਿ ਭਾਜੀ, ਤੁਸੀਂ ਅਮੋਲਕ ਦੀ ਯਾਦ ਵਿਚ ਖੁਦ ਸਹਿਜ ਪਾਠ ਕਰੋ। ਸਹਿਜ ਪਾਠ ਰਖਿਆ, ਤੇ ਪਾਵਨ ਪਵਿੱਤਰ ਹੁਕਮਨਾਮਾ ਇਹ ਆਇਆ।
‘ਐਸੋ ਗੁਨੁ ਮੇਰੋ ਪ੍ਰਭ ਜੀ ਕੀਨ॥ ਪੰਚ ਦੋਖ ਅਰੁ ਅਹੰ ਰੋਗ; ਇਹ ਤਨ ਤੇ, ਸਗਲ ਦੂਰਿ ਕੀਨ॥’