ਸਿਰੜ ਤੇ ਚੜ੍ਹਦੀ ਕਲਾ ਦੀ ਮਿਸਾਲ: ਅਮੋਲਕ ਸਿੰਘ ਜੰਮੂ

ਦੇਵਿੰਦਰ ਕੌਰ ਗੁਰਾਇਆ।
ਅਮਰੀਕਾ ਵਰਜੀਨੀਆ
ਫੋਨ: 572 315 9543
ਅਮੋਲਕ ਸਿੰਘ ਜੰਮੂ ਇਕ ਨਾਂ ਨਹੀਂ, ਇਕ ਸੰਸਥਾ ਸੀ। ਜਿਸ ਸਿੱ਼ਦਤ, ਹਿੰਮਤ ਤੇ ਮਿਹਨਤ ਨਾਲ ਕੰਮ ਕਰ ਕੇ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਆਪਣਾ ਧਰਮ ਨਿਭਾਇਆ, ਉਹ ਇਕ ਮਿਸਾਲ ਹੈ। ਆਪਣੇ ਕੰਮ ਪ੍ਰਤੀ ਨਿਸ਼ਠਾ ਤੇ ਲਗਨ ਪਾਠਕਾਂ ਦੇ ਮਨਾਂ ‘ਤੇ ਉਨ੍ਹਾਂ ਦੀ ਇਕ ਸਦੀਵੀ ਛਾਪ ਛੱਡ ਗਈ ਹੈ। ਬੇਸ਼ੱਕ ਉਹ ਅੱਜ ਸਾਡੇ ਵਿਚ ਨਹੀਂ, ਸਾਲ ਬੀਤ ਗਿਆ ਦੁਨੀਆ ਤੋਂ ਰੁਖਸਤ ਹੋਇਆਂ, ਪਰ ਪਾਠਕਾਂ ਦੇ ਦਿਲਾਂ ‘ਚ ਅਜਿਹੀ ਥਾਂ ਬਣਾ ਗਏ ਕਿ ਅਖਬਾਰ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।

ਮੈਂ ‘ਪੰਜਾਬ ਟਾਈਮਜ਼’ ਪੇਪਰ 2004 ਵਿਚ ਪੜ੍ਹਨ ਲਈ ਲਵਾਇਆ ਸੀ। ਇਸੇ ਸਾਲ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਅਖਬਾਰ ਵਿਚ ਛਪੀਆਂ। ਪਹਿਲੀ ਕਵਿਤਾ ਭੇਜੀ ਤਾਂ ਸੋਚਿਆ, ਭੇਜ ਦਿੰਦੀ ਹਾਂ ਸ਼ਾਇਦ ਲੱਗ ਜਾਵੇ। ਫਿਰ ਇਸ ਤੋਂ ਬਾਅਦ ਅਮੋਲਕ ਸਿੰਘ ਜੰਮੂ ਇਕ ਐਡੀਟਰ ਹੀ ਨਹੀਂ ਮੇਰੇ ਲਈ ਉਂਗਲੀ ਫੜ ਕੇ ਤੋਰਨ ਵਾਲੇ ਰਾਹ ਦਸੇਰਾ ਬਣ ਗਏ। ਉਨ੍ਹਾਂ ਦੀ ਮਿੱਠੀ ਆਵਾਜ਼ ਤੇ ਥੋੜੇ ਸ਼ਬਦਾਂ ‘ਚ ਬਹੁਤ ਕੁਝ ਆਪਣੇ ਪਾਠਕਾਂ ਨੂੰ ਪਰੋਸ ਦੇਣ ਦੀ ਕਲਾ ਕਿਸੇ ਵਿਰਲੇ ਦੇ ਹਿਸੇ ਆਈ ਹੈ। ਮੈਂ ਹੀ ਨਹੀਂ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਾ ਹਰ ਇਨਸਾਨ ਉਨ੍ਹਾਂ ਦੇ ਨੇੜੇ ਹੋਣ ‘ਤੇ ਮਾਣ ਮਹਿਸੂਸ ਕਰਦਾ ਸੀ। ਉਹ ਡੂੰਘੇ ਸਮੁੰਦਰ ਵਾਂਗ ਸੀ, ਜੋ ਲੱਖਾਂ ਤੂਫ਼ਾਨਾਂ ਦਾ ਸ਼ੋਰ ਆਪਣੇ ਸੀਨੇ ਵਿਚ ਛੁਪਾ ਕੇ ਵੀ ਜ਼ਿੰਦਗੀ ਨੂੰ ਮਧੁਰ ਸੰਗੀਤ ਵਾਂਗ ਜਿਉਣ ਦਾ ਸੁਨੇਹਾ ਦੇਂਦਾ ਹੈ। ਉਨ੍ਹਾਂ ਜਿੰਨਾ ਸੰਘਰਸ਼ ਪੰਜਾਬੀ ਮਾਂ ਬੋਲੀ ਦੀ ਸਾਂਭ-ਸੰਭਾਲ਼ ਲਈ ਕੀਤਾ, ਉਸ ਤੋਂ ਵੱਧ ਆਪਣੇ ਸਾਹਾਂ ਨੂੰ ਬਚਾਈ ਰੱਖਣ ਲਈ ਕੀਤਾ। ਅਸੀਂ ਆਮ ਲੋਕ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਤੇ ਘਰ-ਪਰਿਵਾਰ ਨੂੰ ਸੈਟ ਕਰਨ ਦੇ ਫਿਕਰ ‘ਚ ਗੁਜ਼ਾਰ ਦੇਂਦੇ ਹਾਂ ਪਰ ਅਮੋਲਕ ਸਿੰਘ ਜੰਮੂ ਇਕ ਐਸਾ ਇਨਸਾਨ ਸੀ ਜਿਸ ਨੇ ਸਾਫ-ਸੁਥਰੀ ਪੱਤਰਕਾਰੀ ਲਈ ਆਪਣੇ ਨਾਲ ਆਪਣੀ ਜੀਵਨ ਸਾਥਣ ਜਸਪ੍ਰੀਤ ਨੂੰ ਵੀ ਸਮਰਪਿਤ ਕਰ ਦਿੱਤਾ ਸੀ।
ਆਪਣੇ ਕਰੀਅਰ ਦੀ ਸ਼ੁਰੂਆਤ 1978 ਵਿਚ ‘ਪੰਜਾਬੀ ਟ੍ਰਿਬਿਊਨ’ ਅਖਬਾਰ ਤੋਂ ਕੀਤੀ। ਹਾਲਾਂਕਿ ਇੰਡੀਆ ਦੇ ਡਾਕਟਰਾਂ ਨੇ ਦੱਸ ਦਿਤਾ ਸੀ ਕਿ ਇਸ ਬਿਮਾਰੀ ਦਾ ਦੁਨੀਆ ਵਿਚ ਕਿਤੇ ਵੀ ਇਲਾਜ ਨਹੀਂ, ਫਿਰ ਵੀ ਜਿ਼ੰਦਗੀ ਨੂੰ ਜਿਊਣ ਦੀ ਲਾਲਸਾ ਵਸ 1996 ਵਿਚ ਅਮਰੀਕਾ ਆ ਗਏ। ਬੜੀ ਨਾਮੁਰਾਦ ਬੀਮਾਰੀ, ਜਿਸ ਦਾ ਪਤਾ ਉਨ੍ਹਾਂ ਨੂੰ 1977 ਵਿਚ ਹੀ ਲੱਗ ਗਿਆ ਸੀ। ਇਸ ਬੀਮਾਰੀ ਦਾ ਨਾਂ ੳ਼ੰ ਹੈ ਜਿਸ ਨਾਲ ਹੌਲੀ-ਹੌਲੀ ਸਾਰੇ ਸਰੀਰ ਦੇ ਮਸਲ ਕਮਜ਼ੋਰ ਹੁੰਦੇ ਜਾਂਦੇ ਹਨ। ਇਥੋਂ ਦੇ ਪਾਕਿਸਤਾਨੀ ਡਾਕਟਰ ਨੇ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਦਾ ਜੀਵਨ ਕਾਲ ਸਿਰਫ 10 ਸਾਲ ਤੱਕ ਹੋਰ ਹੈ। ਆਖਦੇ ਨੇ ਜੇ ਬੰਦੇ ਨੂੰ ਪਤਾ ਲੱਗ ਜਾਏ ਕਿ ਉਸ ਨੇ ਇੰਨੇ ਦਿਨਾਂ ਜਾਂ ਸਾਲਾਂ ਤੱਕ ਹੀ ਜਿ਼ੰਦਾ ਰਹਿਣਾ ਹੈ ਤਾਂ ਉਸ ਦੇ ਜੀਵਨ ਦਾ ਹਰ ਪਲ ਮੌਤ ਵਰਗਾ ਹੋ ਜਾਂਦਾ ਹੈ, ਪਰ ਅਮੋਲਕ ਸਿੰਘ ਜੰਮੂ ਨੇ ਇਸ ਸੱਚ ਨੂੰ ਝੂਠ ਕਰ ਕੇ ਦਿਖਾ ਦਿੱਤਾ। ਸਗੋਂ ਉਨ੍ਹਾਂ ਨੇ ਤੇ ਦਸ ਸਾਲਾਂ ਦੀ ਜ਼ਿੰਦਗੀ ਨੂੰ ਸੌ ਸਾਲ ਵਾਂਗ ਜੀਅ ਕੇ ਇਕ ਉਦਾਹਰਨ ਪੈਦਾ ਕਰ ਦਿੱਤੀ ਕਿ ਉਮਰ ਲੰਮਾਈ ਨਾਲ ਨਹੀਂ, ਡੂੰਘਾਈ ਨਾਲ ਮਿਣੀ ਜਾਂਦੀ ਹੈ। ਅਮਰੀਕਾ ਆ ਕੇ ਉਨ੍ਹਾਂ ਆਪਣਾ ਮਨਪਸੰਦ ਕੰਮ ਪੱਤਰਕਾਰੀ ਨੂੰ ਚੁਣ ਲਿਆ। ਬਾਵਜੂਦ ਇਸ ਦੇ ਕਿ ਜਿਊਣ ਦਾ ਸਮਾਂ ਨਿਸ਼ਚਿਤ ਹੈ ਫਿਰ ਵੀ! ਬਿਮਾਰੀ ਦੀ ਸੀਰੀਅਸਨੈਸ ਤੋਂ ਵਾਕਫ ਜਸਪ੍ਰੀਤ ਨੂੰ ਪਤਾ ਸੀ, ਕਿ ਜਦੋਂ ਤਕ ਅਖਬਾਰ ਆਪਣੇ ਪੈਰਾਂ ਸਿਰ ਹੋਵੇਗਾ ਤੇ ਪਾਠਕਾਂ ਵਿਚ ਆਪਣੀ ਥਾਂ ਬਣਾਏਗਾ, ਉਦੋਂ ਤਕ ਅਮੋਲਕ ਦਾ ਕੀ ਬਣੇਗਾ? ਇਸੇ ਕਰਕੇ ਉਸ ਨੇ ਅਖਬਾਰ ਸ਼ੁਰੂ ਕਰਨ ਤੋਂ ਬਹੁਤ ਰੋਕਿਆ। ਪਰ ਉਹ ਆਪਣੀ ਧੁਨ ਦੇ ਬਹੁਤ ਪੱਕੇ ਸਨ। ਉਨ੍ਹਾਂ ‘ਪੰਜਾਬ ਟਾਈਮਜ਼’ ਅਖਬਾਰ 2000 ਵਿਚ ਸ਼ੁਰੂ ਕਰ ਦਿੱਤਾ। ਇਹ ਅਮਰੀਕਾ ਵਿਚ ਪਹਿਲਾ ਪੰਜਾਬੀ ਅਖਬਾਰ ਸੀ ਜੋ ਸਾਹਿਤਕ ਕਿਰਤਾਂ ਨੂੰ ਪਹਿਲ ਦੇ ਆਧਾਰ ‘ਤੇ ਰੱਖਦਾ ਸੀ। ਇਸ ਤੋਂ ਤਿੰਨ ਕੁ ਮਹੀਨੇ ਪਹਿਲਾਂ ‘ਸ਼ੇਰੇ ਪੰਜਾਬ’ ਸ਼ੁਰੂ ਹੋਇਆ ਸੀ, ਪਰ ਕਿਉਂਕਿ ‘ਪੰਜਾਬ ਟਾਈਮਜ਼’ ਦਾ ਘੇਰਾ ਸਾਹਿਤਕ ਸਰਗਰਮੀਆਂ ਤੇ ਪਾਏਦਾਰ ਲਿਖਤਾਂ ਨਾਲ ਸੀ, ਸੋ ਜਲਦੀ ਹੀ ਇਸ ਦੀ ਇਕ ਵੱਖਰੀ ਕਿਸਮ ਦੀ ਪਹਿਚਾਣ ਬਣ ਗਈ। ਇਹ ਅਖਬਾਰ ਅਮਰੀਕਾ ਵਿਚ ਪਹਿਲੇ ਦਰਜੇ ਦਾ ਸਾਹਿਤਕ ਪੇਪਰ ਬਣ ਗਿਆ। ਜਿਸ ਲੇਖਕ ਦੀ ਲਿਖਤ ਇਸ ਅਖਬਾਰ `ਚ ਛਪ ਜਾਂਦੀ, ਉਸ ਦਾ ਹੌਸਲਾ ਦੂਣਾ-ਚੌਣਾ ਹੋ ਜਾਂਦਾ। ਇਸ ਤੋਂ ਇਲਾਵਾ ਅਮੋਲਕ ਸਿੰਘ ਜੰਮੂ ਤੇ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਦਾ ਪੇਪਰ ਦੇ ਪਾਠਕਾਂ ਦੀ ਗੱਲ ਸੁਣਨਾ ਤੇ ਸਹੀ ਗਲਤ ਬਾਰੇ ਇਮਾਨਦਾਰੀ ਤੋਂ ਕੰਮ ਲੈਣਾ ਪਾਠਕਾਂ ਦਾ ਚੰਗਾ ਵਰਗ ਤਿਆਰ ਕਰਨ ‘ਚ ਸਹਾਈ ਹੋਇਆ। 2000 ਤੋਂ 2006 ਤੱਕ ਪੇਪਰ ਨੂੰ ਚਲਾਉਣ ਲਈ ਬਹੁਤ ਸਖ਼ਤ ਮਿਹਨਤ ਕਰਨੀ ਪਈ। ਬੜੀਆਂ ਚੁਣੌਤੀਆਂ ਤੇ ਆਰਥਕ ਹਾਲਾਤ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਦੀ ਫਿਤਰਤ ਵਿਚ ਹਾਰਨਾ ਨਹੀਂ ਸੰਘਰਸ਼ ਕਰ ਕੇ ਜਿੱਤ ਹਾਸਲ ਕਰਨਾ ਸੀ। 2003 ਤੋਂ ਬਾਅਦ ਉਨ੍ਹਾਂ ਦਾ ਸੱਜਾ ਹੱਥ ਕੰਮ ਕਰਨ ਤੋਂ ਜਵਾਬ ਦੇ ਗਿਆ ਸੀ। ਖੱਬੇ ਹੱਥ ਨਾਲ ਬੜੀ ਮੁਸ਼ਕਲ ਨਾਲ ਕੰਪਿਊਟਰ ‘ਤੇ ਕੰਮ ਕਰਦੇ ਸਨ। ਅਲੱਗ-ਅਲੱਗ ਕਿਸਮ ਦੇ ਮਾਊਸ ਵਰਤਦੇ ਜਿਨ੍ਹਾਂ ਨੂੰ ਅਸਾਨੀ ਨਾਲ ਹਿਲਾ ਸਕਣ। ਆਖਰ ਹੌਲੀ-ਹੌਲੀ ਖੱਬਾ ਹੱਥ ਵੀ ਕੰਮ ਕਰਨ ਤੋਂ ਇਨਕਾਰੀ ਹੋ ਗਿਆ। ਦੋਵੇਂ ਹੱਥ ਚੱਲਣੇ ਬੰਦ ਹੋ ਗਏ, ਆਮ ਇਨਸਾਨ ਸੋਚ ਕੇ ਹੀ ਡੋਲ ਜਾਂਦਾ ਹੈ ਪਰ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਹਾਲਤ ਵਿਚ ਕੰਮ ਕਰਦਿਆਂ ਦੇਖਿਆ ਹੈ, ਉਹ ਉਨ੍ਹਾਂ ਦੀ ਸਿਰੜ ਨੂੰ ਸਲਾਮ ਕਰਦੇ ਹਨ। ਆਪਣੇ ਬੇਟੇ ਮਨਦੀਪ ਅਤੇ ਪਤਨੀ ਜਸਪ੍ਰੀਤ ਕੌਰ ਦੀ ਮਦਦ ਨਾਲ ‘ਪੰਜਾਬ ਟਾਈਮਜ਼’ ਦਾ ਹਰ ਅੰਕ ਪਾਠਕਾਂ ਦੇ ਦਰਵਾਜ਼ੇ ‘ਤੇ ਦਸਤਕ ਦਿੰਦਾ ਰਿਹਾ।
ਜੇ ਕਿਸੇ ਚੰਗੀ ਜੀਵਨ ਸਾਥਣ ਦੀ ਮਿਸਾਲ ਦੇਣੀ ਹੋਵੇ ਤਾਂ ਜਸਪ੍ਰੀਤ ਤੋਂ ਬਿਨਾ ਕੋਈ ਹੋਰ ਨਹੀਂ ਹੋ ਸਕਦੀ। ਉਸ ਨੇ ਪਤਨੀ ਹੋਣ ਦੇ ਫ਼ਰਜ਼ ਹੀ ਨਹੀਂ ਨਿਭਾਏ, ਜ਼ਿੰਮੇਵਾਰੀ ਵੀ ਖ਼ੂਬ ਨਿਭਾਈ ਹੈ। ਅਮਰੀਕਾ ਵਰਗੇ ਮੁਲਕ ਵਿਚ ਰਹਿੰਦਿਆਂ ਇੰਨੀ ਲੰਮੀ ਬੀਮਾਰੀ ਨਾਲ ਘੁਲਦਿਆਂ ‘ਪੰਜਾਬ ਟਾਈਮਜ਼’ ਵਰਗੇ ਪੇਪਰ ਦਾ ਬਣਿਆ ਮਿਆਰ ਬੁਲੰਦੀਆਂ `ਤੇ ਚੱਲਦਾ ਰੱਖਣਾ ਮੁਸ਼ਕਿਲ ਹੀ ਨਹੀਂ, ਬਹੁਤ ਮੁਸ਼ਕਿਲ ਸੀ, ਪਰ ਇਕ ਦਿਨ ਵੀ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੂੰ ਨਿਰਾਸ਼ਾ ਨਹੀਂ ਹੋਈ। ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਦਾ ‘ਪੰਜਾਬ ਟਾਈਮਜ਼’ ਅਜ ਵੀ ਚੜ੍ਹਦੀ ਕਲਾ ਵਿਚ ਹੈ। ਜਸਪ੍ਰੀਤ ਤੇ ਉਨ੍ਹਾਂ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹਨ। ਅਮੋਲਕ ਸਿੰਘ ਜੰਮੂ ਜ਼ਿੰਦਗੀ ਨੂੰ ਜਿੰ਼ਦਾਦਿਲੀ ਨਾਲ ਜਿਉਂਦੇ ਸਨ। ਉਹ ਚੜ੍ਹਦੀ ਕਲਾ `ਚ ਰਹਿ ਕੇ ਮੌਤ ਨੂੰ ਵੰਗਾਰਨ ਵਾਲੇ ਸਿਪਾਹੀ ਸਨ। ਉਨ੍ਹਾਂ ਜ਼ਿੰਦਗੀ ਦੀ ਲੜਾਈ ਹਾਰਨ ਤੋਂ ਪਹਿਲਾਂ ਆਪਣੇ ਹਿੱਸੇ ਦੀ ਕਿਰਤ-ਕਮਾਈ ਮਾਂ ਬੋਲੀ ਦੇ ਵਾਰਸਾਂ (ਪਾਠਕਾਂ) ਦੇ ਹਵਾਲੇ ਕਰ ਦਿੱਤੀ ਸੀ। ਮੇਰੀ ਦਿਲੀ ਕਾਮਨਾ ਹੈ ਕਿ ਜਿਸ ਤਰ੍ਹਾਂ ਅਮੋਲਕ ਸਿੰਘ ਚੜ੍ਹਦੀ ਕਲਾ ਵਿਚ ਰਹਿੰਦੇ ਸਨ, ਉਸੇ ਤਰ੍ਹਾਂ ‘ਪੰਜਾਬ ਟਾਈਮਜ’਼ ਵੀ ਚੜ੍ਹਦੀ ਕਲਾ ਵਿਚ ਰਹੇ। ਇਹ ਹੁਣ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ ਕਿ ਇਸ ਨੂੰ ਹੋਰ ਵੱਧਦਾ-ਫੁਲਦਾ ਰੱਖੀਏ। ਪੰਜਾਬੀ ਪੱਤਰਕਾਰੀ ਦੇ ਥੰਮ੍ਹ ਅਮੋਲਕ ਸਿੰਘ ਜੰਮੂ ਨੂੰ ਉਨ੍ਹਾਂ ਦੀ ਪਹਿਲੀ ਬਰਸੀ `ਤੇ ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ!