ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ

-ਸ. ਅਮਰੀਕ ਸਿੰਘ ਸ਼ਿਕਾਗੋ

ਜਦ ਵੀ ਯੂ ਐਸ ਵਿਚ
ਕੋਈ ਮਹਿਫ਼ਲ ਜੁੜਦੀ,

ਅਮੋਲਕ ਭਾਜੀ ਦਾ ਜ਼ਿਕਰ
ਜ਼ਰੂਰ ਹੁੰਦੈ।

ਪੰਜਾਬ ਟਾਈਮਜ਼
ਉਸ ਤਰ੍ਹਾਂ ਹੀ ਚਲ ਰਿਹੈ,

ਹੱਥ `ਚ ਆਉਂਦਿਆਂ ਹੀ
ਬਹੁਤ ਸਰੂਰ ਹੁੰਦੈ।

ਹਰ ਪੰਨੇ ਵਿਚੋਂ
ਅਮੋਲਕ ਵੀਰੇ ਤੇਰੀ ਰੂਹ ਦਿਸਦੀ

ਬੇ-ਬਾਕ ਸਿਰੜੀ ‘ਜੰਮੂ’ ਅਖਬਾਰ
ਪੜ੍ਹ-ਪੜ੍ਹ ਗ਼ਰੂਰ ਹੁੰਦੈ।

‘ਪੰਜਾਬ ਟਾਈਮਜ਼’ ਦਾ ਬੂਟਾ ਲਾ ਕੇ ਉਸਨੂੰ ਆਪਣੇ ਖ਼ੂਨ ਨਾਲ ਸਿੰਜ ਕੇ ਜਵਾਨ ਕਰ ਕੇ ਤੁਰ ਗਏ ਸ. ਅਮੋਲਕ ਸਿੰਘ ਜੰਮੂ ਦੀ ਪਹਿਲੀ ਬਰਸੀ `ਤੇ ਉਨ੍ਹਾਂ ਨਾਲ ਬਿਤਾਏ ਪਲ ਕਦੇ ਭੁੱਲ ਨਹੀਂ ਸਕਦੇ। ਮੇਰਾ ਤੇ ਅਮੋਲਕ ਭਾਜੀ ਦਾ ਬਹੁਤ ਗੂੜ੍ਹਾ ਪਿਆਰ ਸੀ। ਉਨ੍ਹਾਂ ਨੇ ਮੈਨੂੰ ਜੋ ਦਿੱਤਾ ਉਸ ਵਿਚੋਂ ਸਭ ਤੋ ਪਹਿਲਾਂ ਮੇਰੀ ਕੰਪਨੀ ‘ਅਮਰ ਕਾਰਪੇਟ’ ਦਾ ਨਾਮ ਅਮੋਲਕ ਭਾਜੀ ਦੀ ਦੇਣ ਹੈ, ਜੋ ਪੰਜਾਬ ਟਾਈਮਜ਼ ਦੇ ਨਾਲ-ਨਾਲ ਚੱਲਦਾ ਇਸ ਅਖਬਾਰ ਵਾਂਗ ਹਰ ਇੱਕ ਦੀ ਜ਼ੁਬਾਨ ‘ਤੇ ਹੈ। 2004 ਦੇ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰ-ਪੁਰਬ `ਤੇ ਅਮੋਲਕ ਭਾਜੀ ਨੇ ਮੇਰੇ ਛੋਟੇ ਨਾਮ ‘ਅਮਰ’ `ਤੇ ਮੇਰੀ ਕੰਪਨੀ ਦਾ ਨਾਮ ‘ਅਮਰ ਕਾਰਪੈਟ’ ਰੱਖ ਕੇ ਗੁਰਪੁਰਬ ‘ਤੇ ਵਧਾਈ ਦੀ ਇੱਕ ਸਫੇ ਦੀ ਮਸ਼ਹੂਰੀ ਪਾ ਦਿੱਤੀ। ਉਸ ਦਿਨ ਤੋਂ ‘ਅਮਰ ਕਾਰਪੈਟ’ ਹੋਂਦ ਵਿਚ ਆ ਗਿਆ ਤੇ ‘ਪੰਜਾਬ ਟਾਈਮਜ਼’ ਦੇ ਨਾਲ-ਨਾਲ ‘ਅਮਰ ਕਾਰਪੈਟ’ ਵੀ ਸ਼ਿਕਾਗੋ ਸ਼ਹਿਰ ਵਿਚ ਬਹੁਤ ਸਫਲਤਾ ਨਾਲ ਚੱਲ ਕੇ ਮੇਰਾ ਤੇ ਮੇਰੇ ਗੂੜ੍ਹੇ ਦੋਸਤ ਸ. ਅਮੋਲਕ ਸਿੰਘ ਜੰਮੂ ਦਾ ਨਾਮ ਉਚਾ ਕਰ ਰਿਹਾ ਹੈ।
ਅਮੋਲਕ ਭਾਜੀ ਦੀ ਜ਼ਿੰਦਗੀ ਵਿਚ ਬਹੁਤ ਚੰਗੇ-ਮਾੜੇ ਦੌਰ ਆਏ, ਪਰ ਮੈਂ ਉਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਦੇਖਿਆ। 2005 ਤੋਂ ਨਾਮੁਰਾਦ ਬੀਮਾਰੀ ਬਹੁਤ ਤੇਜ਼ੀ ਨਾਲ ਆਪਣਾ ਅਸਰ ਦਿਖਾਉਣ ਲਗ ਪਈ ਸੀ। ਲੰਬਾ ਸਮਾਂ ਆਪਣੇ ਸਰੀਰ ਨਾਲ ਜਦੋ-ਜਹਿਦ ਕਰਦਿਆਂ ਅੰਤ ਪਿਛਲੇ ਸਾਲ 20 ਅਪ੍ਰੈਲ ਨੂੰ ਭਾਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਮੈਂ ਉਨ੍ਹਾਂ ਨੂੰ ਕਦੇ ਨਹੀਂ ਭੁੱਲ ਸਕਦਾ ਪਰ ਉਨ੍ਹਾਂ ਦੇ ਹੱਥੀਂ ਲਾਇਆ ‘ਪੰਜਾਬ ਟਾਈਮਜ਼’ ਜਦ ਹਫ਼ਤੇ ਬਾਅਦ ਹੱਥ ਵਿਚ ਆਉਂਦਾ ਹੈ, ਫਿਰ ਸੱਚ ਦੱਸਣਾ, ਤੁਹਾਨੂੰ ਅਮੋਲਕ ਵੀਰ ਹਰ ਪੰਨੇ ਵਿਚੋਂ ਦਿਖਾਈ ਨਹੀਂ ਦਿੰਦੇ? ਉਨ੍ਹਾਂ ਦੀ ਬਰਸੀ ‘ਤੇ ਮੈਂ ਸਾਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ, ‘ਪੰਜਾਬ ਟਾਈਮਜ਼’ ਭਾਜੀ ਤੋਂ ਬਾਅਦ ਭੈਣ ਜੀ ਜਸਪ੍ਰੀਤ ਆਪਣੀ ਪੂਰੀ ਟੀਮ ਸਮੇਤ ਪੂਰੇ ਦਮ-ਖਮ ਨਾਲ ਚਲਾ ਰਹੇ ਨੇ। ‘ਪੰਜਾਬ ਟਾਈਮਜ਼’ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਉਣਾ ਸਾਡਾ ਫਰਜ਼ ਹੈ, ਇਹੀ ਸ. ਅਮੋਲਕ ਸਿੰਘ ਜੰਮੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।