ਇਕ ਖ਼ਤ ਪੰਜਾਬ ਟਾਈਮਜ਼ ਦੇ ਸੁਹਿਰਦ ਅਤੇ ਸੂਝਵਾਨ ਪਾਠਕਾਂ ਦੇ ਨਾਮ

ਪਿਆਰੇ ਸੁਹਿਰਦ ਪਾਠਕ ਸਾਹਿਬਾਨ,
ਮੈਨੂੰ ਸੱਚਮੁਚ ਸਮਝ ਨਹੀਂ ਆ ਰਹੀ ਕਿ ਕਿਨ੍ਹਾਂ ਸ਼ਬਦਾਂ ਨਾਲ ਆਪ ਸਭ ਦੇ ਰੂ-ਬ-ਰੂ ਹੋਵਾਂ।

ਦਿਨਾਂ ਦੇ ਹਫ਼ਤੇ, ਹਫ਼ਤਿਆਂ ਦੇ ਮਹੀਨੇ ਅਤੇ ਮਹੀਨਿਆਂ ਦਾ ਸਾਲ ਬਣ ਗਿਐ। ਯਾਦ ਕਰਦੀ ਹਾਂ 20 ਅਪਰੈਲ 2021 ਦੀ ਉਹ ਦੁਪਹਿਰ ਤਾਂ ਪੈਰਾਂ ਤੋਂ ਸਿਰ ਤੱਕ ਕੰਬ ਜਾਂਦੀ ਹਾਂ, ਦਹਿਲ ਜਾਂਦੀ ਹਾਂ। ਮੇਰੀ ਰੂਹ ਕਦੀ ਬਿਰਹਾ ਦੀ ਧੂਣੀ ਵਿਚ ਹੋਲ਼ਾਂ ਵਾਂਗ ਭੁੱਜਦੀ ਹੈ ਅਤੇ ਕਦੀ ਗ਼ਮਾਂ ਦੀ ਬਰਸਾਤ ਵਿਚ ਠੁਰ-ਠੁਰ ਕਰਦੀ ਹੈ…’ਮੇਰੇ ਦਰਦ ਸਿਸਕੀਆਂ ਬਣ ਕੰਧਾਂ `ਚ ਸਮਾ ਗਏ… ਕੁਝ ਦਿਲ ਦੇ ਕੋਨੇ ਮੱਲ ਧੜਕਣ ਨਾਲ ਤੁਰ ਪਏ…ਤੇ ਰਹਿ ਗਏ ਜਾਗਦੀਆਂ ਅੱਖਾਂ ਦੀ ਰੜਕ ਬਣੇ, ਜੋ ਕਦੇ-ਕਦੇ ਮੋਤੀਆਂ ਵਾਂਗ ਛਲਕ ਕੇ ਜਾਣ ਵਾਲੇ ਦੀ ਅਹਿਮੀਅਤ ਦੀ ਕਹਾਣੀ ਸੁਣਾ ਗਏ।’ ਜ਼ਿੰਦਗੀ ਦੇ ਸਫਰ `ਚ ਮਿਲੇ ਚੰਗੇ ਇਨਸਾਨ ਜਦੋਂ ਹੱਥ ਛੁਡਾ ਜਾਂਦੇ ਨੇ, ਫਿਰ ਰਹਿੰਦੀ ਜ਼ਿੰਦਗੀ ਉਨ੍ਹਾਂ ਦੀ ਘਾਟ ਰੜਕਦੀ ਹੀ ਰਹਿੰਦੀ ਹੈ।
ਪੰਜਾਬ ਟਾਈਮਜ਼ ਦੇ ਇਕ ਇਕ ਵਰਕੇ ਵਿਚੋਂ ਮੈਨੂੰ ਅਮੋਲਕ ਦੀ ਤਸਵੀਰ ਨਜ਼ਰ ਆਉਂਦੀ ਹੈ। ਆਪਣੇ ਆਖਰੀ ਸਾਹ ਤੱਕ ‘ਪੰਜਾਬ ਟਾਈਮਜ਼’ ਨੂੰ ਉਸਦੇ ਸੁਹਿਰਦ ਪਾਠਕਾਂ ਦੇ ਹੱਥਾਂ ਵਿਚ ਦੇਖਣਾ ਮੇਰੀ ਰਹਿੰਦੀ ਜ਼ਿੰਦਗੀ ਦਾ ਮਕਸਦ ਹੀ ਨਹੀਂ, ਸਗੋਂ ਜਿਊਣ ਲਈ ਸਹਾਰਾ ਵੀ ਹੈ।
ਅਮੋਲਕ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਮ.ਏ ਪੰਜਾਬੀ ਵਿਚ ਇਕੱਠੇ ਪੜ੍ਹਦੇ ਸੀ। ਉਹ ਮੇਰਾ ਸਾਥ ਚਾਹੁੰਦੇ ਸੀ, ਪਰ ਮੈਂ ਕੁਝ ਕਾਰਨਾਂ ਕਰਕੇ ਕਦੀ ਸਹਿਮਤੀ ਨਹੀਂ ਸੀ ਭਰੀ। ਇਕ ਸਾਲ ਲੁਕਣ-ਮੀਟੀ ਖੇਡਣ ਤੋਂ ਬਾਅਦ ਜਦੋਂ ਆਪ ਅਤੇ ਆਪਣੇ ਦੋਸਤਾਂ-ਮਿਤਰਾਂ ਦੁਆਰਾ ਹਰ ਹੀਲਾ ਵਰਤ ਕੇ ਉਹ ਹਾਰ-ਹੰਭ ਗਏ ਤਾਂ ਮੇਰੇ ਹੋਸਟਲ ਦੇ ਨੋਟਿਸ ਬੋਰਡ `ਤੇ ਚਿਪਕਿਆ ਇਕ ਲੈਟਰ ਮੈਨੂੰ ਮਿਲਿਆ। ਦੋ ਲਾਈਨਾਂ ਦਾ ਖ਼ਤ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ, ਜਿਸ ਨੇ ਮੈਨੂੰ ਧੁਰ ਅੰਦਰ ਤਕ ਹਿਲਾ ਦਿੱਤਾ। ਇਹ ਛੋਟਾ ਜਿਹਾ ਖ਼ਤ ਬਹੁਤ ਹੀ ਸੰਵੇਦਨਸ਼ੀਲ ਸੀ, ਜਿਸ ਦੀਆਂ ਪਹਿਲੀਆਂ ਕੁਝ ਸਤਰਾਂ ਮੈਨੂੰ ਯਾਦ ਨਹੀਂ, ਪਰ ਅਖੀਰ ਵਿਚ ਬਹੁਤ ਹੀ ਟੁੱਟੇ ਹੋਏ ਦਿਲ ਨਾਲ ਲਿਖਿਆ ਹੋਇਆ ਸੀ, ‘ਇਹ ਵਨ ਵੇਅ ਟਰੈਫ਼ਿਕ ਪਤਾ ਨਹੀਂ ਕਦੋਂ ਤੱਕ ਚੱਲੇਗਾ?’
ਇਹ ਨਿਜੀ ਬਿਰਤਾਂਤ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਹੈ ਕਿ ਅਪਰੈਲ ਦਾ ਮਹੀਨਾ ਮੈਨੂੰ ਖੁਸ਼ੀ-ਗਮੀ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਇਸ ਦੋ-ਚਾਰ ਸਤਰਾਂ ਦੇ ਖ਼ਤ ਨੇ ਮੇਰੇ ਦਿਲੋ-ਦਿਮਾਗ `ਤੇ ਐਸਾ ਅਸਰ ਕੀਤਾ ਕਿ 1977 ਦੇ ਅਪਰੈਲ ਮਹੀਨੇ ਦੀ 20 ਤਾਰੀਖ ਨੂੰ ਮੈਂ ਕਿਸੇ ਅਣਦਿਸਦੀ ਸ਼ਕਤੀ ਤੋਂ ਡਰਦਿਆਂ ਆਪਣਾ ਵਜੂਦ ਸਮਰਪਣ ਕਰ ਦਿਤਾ ਸੀ ਤੇ ਅਪਰੈਲ (2021) ਮਹੀਨੇ ਦੀ ਇਹ 20 ਤਾਰੀਖ ਹੀ ਸੀ, ਜਦੋਂ ਉਹ ਮੈਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ। 26 ਅਪਰੈਲ 2014 ਦਾ ਉਹ ਦਿਨ ਵੀ ਮੇਰੇ ਚੇਤਿਆਂ ਵਿਚੋਂ ਵਿਸਰਦਾ ਨਹੀਂ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਹਸਪਤਾਲ ਦਾਖਲ ਕਰਵਾਇਆ ਤਾਂ ਇਕ ਮਹੀਨਾ ਜਿ਼ੰਦਗੀ-ਮੌਤ ਦੀ ਲੜਾਈ ਵਿਚੋਂ ਵਾਹਿਗੁਰੂ ਨੇ ਕੁਝ ਸਾਲਾਂ ਦੀ ਮੋਹਲਤ ਦੇ ਦਿਤੀ।
ਅਸੀਂ ਪ੍ਰੇਮ ਵਿਆਹ ਕਰਵਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਆਪਣੇ ਪਿਆਰ ਦੀ ਗ਼ੁਲਾਬ ਜਿਹੀ ਮਹਿਕ ਨੂੰ ਉਸਦੇ ਆਖਰੀ ਸਾਹ ਤੱਕ ਹੀ ਨਹੀਂ, ਸਗੋਂ ਉਸ ਦੇ ਤੁਰ ਜਾਣ ਬਾਅਦ ਵੀ ‘ਪੰਜਾਬ ਟਾਈਮਜ਼’ ਰਾਹੀਂ ਚੁਫ਼ੇਰੇ ਫੈਲਾਅ ਰਹੀ ਹਾਂ। ਆਪ ਸਭ ਵਲੋਂ ਮਿਲੇ ਹੌਂਸਲੇ ਦੀ ਲੱਠ ਹੱਥ ਵਿਚ ਫੜ ਕੇ ਉਸਦੀ ਪੈੜ ਵਿਚ ਪੈੜ ਧਰ ਲਈ ਹੈ। ਤੁਰ ਰਹੀ ਹਾਂ, ਤੁਰਦੀ ਜਾਵਾਂਗੀ। ਇਸ ਤੋਰ ਦੀ ਨਿਰੰਤਰਤਾ ਲਈ ਆਪ ਸਭ ਦਾ ਪਿਆਰ, ਹੌਸਲਾ ਅਫਜ਼ਾਈ ਅਤੇ ਸਹਿਯੋਗ ਮੈਨੂੰ ਊਰਜਾ ਦਿੰਦਾ ਰਹੇਗਾ। ਮੈਂ ‘ਪੰਜਾਬ ਟਾਈਮਜ਼’ ਦਾ ਮਿਆਰ ਅਤੇ ਲਗਾਤਾਰਤਾ ਬਣਾਈ ਰੱਖਣ ਲਈ ਵਚਨਬੱਧ ਹਾਂ ਅਤੇ ਆਪ ਸਭ ਵਲੋਂ ਭਰਵੇਂ ਹੁੰਗਾਰੇ ਦੀ ਆਸ ਰਖਦੀ ਹਾਂ।
ਆਪਦੀ ਆਪਣੀ,
ਜਸਪ੍ਰੀਤ ਕੌਰ