ਸਿਆਸਤ ਅਤੇ ਸਦਭਾਵਨਾ

ਰਾਮ ਨੌਵੀਂ ਮੌਕੇ ਭਾਰਤ ਦੇ ਕੁਝ ਰਾਜਾਂ ਅੰਦਰ ਹੋਈ ਹਿੰਸਾ ਨੇ ਆਮ ਲੋਕਾਂ ਦਾ ਫਿਕਰ ਵਧਾ ਦਿੱਤਾ ਹੈ। ਇਨ੍ਹਾਂ ਮਾਮਲਿਆਂ ਸਭ ਤੋਂ ਵੱਡਾ ਸਵਾਲ ਸੁਰੱਖਿਆ ਏਜੰਸੀਆਂ ਲਈ ਹੈ। ਇਹ ਭਾਵੇਂ 1984 ਵਾਲੀ ਹਿੰਸਾ ਸੀ ਜਾਂ 2002 ਵਿਚ ਗੁਜਰਾਤ ਵਿਚ ਹੋਈ ਹਿੰਸਾ ਸੀ, ਹਾਲਾਤ ਵਿਕਰਾਲ ਉਦੋਂ ਹੀ ਬਣੇ ਜਦੋਂ ਸੁਰੱਖਿਆ ਏਜੰਸੀਆਂ ਆਪਣਾ ਬਣਦਾ ਫਰਜ਼ ਵੀ ਨਿਭਾਅ ਨਹੀਂ ਸਕੀਆਂ।

ਹਮਲਾਵਰਾਂ ਨੇ ਮਰਜ਼ੀ ਨਾਲ ਇਨਸਾਨਾਂ ਅਤੇ ਘਰਾਂ-ਦੁਕਾਨਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ। ਇਸ ਹਿੰਸਾ ਦਾ ਸਭ ਤੋਂ ਖਤਰਨਾਕ ਪੱਖ ਇਹ ਹੈ ਕਿ ਇਸ ਵਿਚ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਮਾਤ- ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.), ਦੀ ਕਥਿਤ ਸਿੱਧੀ-ਅਸਿੱਧੀ ਸ਼ਮੂਲੀਅਤ ਜ਼ਾਹਿਰ ਹੋਣਾ ਹੈ। ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਚਿਰਾਂ ਤੋਂ ਇਹ ਸਿਆਸਤ ਕਰ ਰਹੀ ਹੈ ਕਿ ਸਮਾਜ ਅੰਦਰ ਧਾਰਮਿਕ ਵੰਡੀਆਂ ਪਾ ਕੇ ਲੋਕਾਂ ਦਰਮਿਆਨ ਦਰਾੜਾਂ ਪੈਦਾ ਕੀਤੀ ਜਾਣ। ਆਪਣੇ ਇਸ ਨਿਸ਼ਾਨੇ ਵਿਚ ਇਹ ਬਹੁਤ ਹੱਦ ਤੱਕ ਕਾਮਯਾਬ ਹੋ ਚੁੱਕੀ ਹੈ। ਕੇਂਦਰ ਵਿਚ 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ। ਇਉਂ ਪਿਛਲੇ ਤਕਰੀਬਨ ਅੱਠ ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸਮਾਜ ਨੂੰ ਵੰਡਣ ਲਈ ਹਰ ਹੀਲਾ ਅਤੇ ਹਰਬਾ ਵਰਤਿਆ ਹੈ। ਚੋਣਾਂ ਵਾਲੇ ਸਮਿਆਂ ਦੌਰਾਨ ਇਹ ਅਮਲ ਸਿਖਰ ‘ਤੇ ਪੁੱਜ ਜਾਂਦਾ ਹੈ। ਅਸਲ ਵਿਚ ਇਹ ਪਾਰਟੀ ਲੋਕਾਂ ਜਾਂ ਵੋਟਾਂ ਦੇ ਧਰੁਵੀਕਰਨ ਲਈ ਹਰ ਵਾਰ ਇਹ ਹੱਥਕੰਡਾ ਵਰਤਦੀ ਹੈ।
ਹੁਣ ਹਕੀਕਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸਾਧਾਰਨ ਹਿੰਦੂ ਨੂੰ ਵਰਗਲਾਉਣ ਵਿਚ ਕਾਮਯਾਬ ਹੋ ਰਹੀ ਹੈ। 800 ਸਾਲਾਂ ਬਾਅਦ ਹਿੰਦੂ ਰਾਸ਼ਟਰ ਦੀ ਸ਼ਾਨ ਬਰਕਰਾਰ ਹੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁਸਲਮਾਨਾਂ ਉਤੇ ਨਿਸ਼ਾਨਾ ਸਾਧਿਆ ਗਿਆ ਹੈ ਅਤੇ ਇਨ੍ਹਾਂ ਨੂੰ ਦੇਸ਼ ਦੇ ਦੁਸ਼ਮਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਹਰ ਸੰਕਟ ਅਤੇ ਸਮੱਸਿਆਵਾਂ ਲਈ ਇਸ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਭ ਐਨ ਉਸੇ ਤਰ੍ਹਾਂ ਕੀਤਾ ਜਾ ਰਿਹਾ ਹੈ, ਜਿਵੇਂ ਪੰਜਾਬ ਵਿਚ ਕੁਝ ਕੱਟੜ ਲੋਕ ਕਮਿਊਨਿਸਟਾਂ ਨੂੰ ਹੀ ਪੰਜਾਬ ਦੀ ਹਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਨਫਰਤ ਦੇ ਇਸ ਝੂਠੇ ਅਤੇ ਮਾਰੂ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਅਫਵਾਹਾਂ ਫੈਲਾ ਕੇ ਆਮ ਸਾਧਾਰਨ ਲੋਕਾਂ ਨੂੰ ਲਗਾਤਾਰ ਭੜਕਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਖਾਮੋਸ਼ੀ ਅਤੇ ਨਾ-ਅਹਿਲੀਅਤ ਕਾਰਨ ਇਹ ਕੱਟੜ ਜਮਾਤਾਂ ਆਪਣੇ ਨਿਸ਼ਾਨਿਆਂ ਵਿਚ ਕਾਮਯਾਬ ਵੀ ਹੋ ਰਹੀਆਂ ਹਨ। ਇਨ੍ਹਾਂ ਵੰਡੀਆਂ ਦੇ ਆਧਾਰ ‘ਤੇ ਫਿਰ ਚੋਣਾਂ ਜਿੱਤਣ ਲਈ ਰਾਹ ਮੋਕਲੇ ਕੀਤੇ ਜਾਂਦੇ ਹਨ। ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਹ ਕਿਆਸਅਰਾਈਆਂ ਸਨ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਡਾਢਾ ਨੁਕਸਾਨ ਝੱਲਣਾ ਪਵੇਗਾ ਪਰ ਚੋਣਾਂ ਦੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਭਾਰਤੀ ਜਨਤਾ ਪਾਰਟੀ ਥੋੜ੍ਹਾ-ਬਹੁਤ ਨੁਕਸਾਨ ਤਾਂ ਹੋਇਆ ਪਰ ਇਹ ਉਤਰ ਪ੍ਰਦੇਸ਼ ਵਰਗੇ ਰਣਨੀਤਕ ਤੌਰ ‘ਤੇ ਅਹਿਮ ਰਾਜ ਅੰਦਰ ਦੁਬਾਰਾ ਆਪਣੀ ਸਰਕਾਰ ਕਾਇਮ ਕਰਨ ਵਿਚ ਕਾਇਮ ਰਹੀ। ਇਸ ਤੋਂ ਸਾਫ ਜ਼ਾਹਿਰ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੀ ਫਿਰਕੂ ਵੰਡੀਆਂ ਸਿਆਸਤ ਕਿੰਨੀ ਹੇਠਾਂ ਤੱਕ ਅੱਪੜ ਗਈ ਹੈ। ਲੰਮਾ ਸਮਾਂ ਚੱਲਿਆ ਅਤੇ ਜੇਤੂ ਰਿਹਾ ਕਿਸਾਨ ਅੰਦੋਲਨ ਵੀ ਭਾਰਤੀ ਜਨਤਾ ਪਾਰਟੀ ਦੀ ਜੇਤੂ ਮੁਹਿੰਮ ਨੂੰ ਬਹੁਤੀ ਠੱਲ੍ਹ ਨਹੀਂ ਪਾ ਸਕਿਆ ਹਾਲਾਂਕਿ ਨਤੀਜਿਆਂ ਤੋਂ ਪਹਿਲਾਂ ਰਿਪੋਰਟਾਂ ਇਹੀ ਆ ਰਹੀਆਂ ਸਨ ਕਿ ਕਿਸਾਨ ਅੰਦੋਲਨ ਦੀ ਸੱਟ ਭਾਰਤੀ ਜਨਤਾ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ।
ਇਸ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੱਕ ਇਕ ਵੀ ਸ਼ਬਦ ਨਹੀਂ ਬੋਲਿਆ ਹੈ। ਉਸ ਦੀ ਖਾਮੋਸ਼ੀ ਦੱਸਦੀ ਹੈ ਕਿ ਉਹ ਆਪਣੀ ਸਿਆਸਤ ਲਈ ਹੁਣ ਹਰ ਸੀਮਾ ਪਾਰ ਕਰਨ ਲਈ ਤਿਆਰ ਹੈ। ਅਸਲ ਵਿਚ, ਭਾਰਤੀ ਜਨਤਾ ਪਾਰਟੀ ਨੇ ਇਹ ਚੰਗੀ ਤਰ੍ਹਾਂ ਤਾੜ ਲਿਆ ਹੈ ਕਿ ਹੁਣ ਵਿਰੋਧੀ ਧਿਰ ਇਸ ਨੂੰ ਡੱਕਣ ਦੇ ਸਮਰੱਥ ਨਹੀਂ ਰਹੀ, ਇਸ ਲਈ ਅਜਿਹੀ ਸਿਆਸਤ ਨੂੰ ਅਗਲੇ ਪੜਾਵਾਂ ‘ਤੇ ਲਿਜਾਇਆ ਜਾਵੇ। ਵਿਰੋਧੀ ਧਿਰ ਪੂਰੀ ਤਰ੍ਹਾਂ ਇਕਜੁਟ ਵੀ ਨਹੀਂ। ਹਾਲ ਹੀ ਵਿਚ ਕੁਝ ਪਾਰਟੀਆਂ ਨੇ ਇਸ ਹਿੰਸਾ ਅਤੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ਬਾਰੇ ਸਵਾਲ ਉਠਾਏ ਹਨ ਪਰ ਵਿਰੋਧੀ ਧਿਰ ਦੀ ਇਹ ਕਵਾਇਦ ਸਿਰਫ ਬਿਆਨ ਜਾਰੀ ਕਰਨ ਤੱਕ ਸੀਮਤ ਹੋ ਕੇ ਰਹਿ ਗਈ ਹੈ। ਹੋਰ ਤਾਂ ਹੋਰ ਵਿਰੋਧੀ ਧਿਰ ਤਾਂ ਕੋਈ ਵੀ ਮੁੱਦਾ ਕਾਰਗਰ ਢੰਗ ਨਾਲ ਉਠਾਉਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ; ਨਾ ਸੰਸਦ ਦੇ ਅੰਦਰ ਅਤੇ ਨਾ ਹੀ ਸੰਸਦ ਦੇ ਬਾਹਰ। ਇਸ ਵਕਤ ਮਹਿੰਗਾਈ ਸਿਖਰਾਂ ‘ਤੇ ਪੁੱਜ ਗਈ ਹੈ। ਦੇਸ਼ ਨੂੰ ਆਰਥਿਕ ਲੀਹਾਂ ‘ਤੇ ਪਾਉਣ ਲਈ ਮੋਦੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਪਰ ਇਨ੍ਹਾਂ ਮਸਲਿਆਂ ‘ਤੇ ਵਿਰੋਧੀ ਧਿਰ ਸਰਕਾਰ ਨੂੰ ਢੰਗ ਨਾਲ ਘੇਰ ਵੀ ਨਹੀਂ ਸਕੀ ਹੈ। ਸੱਚੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਹੱਥਕੰਡੇ ਅਪਣਾ ਕੇ ਆਪਣੀ ਸਮੁੱਚੀ ਮਸ਼ੀਨਰੀ ਨੂੰ ਚੋਣ ਸਿਆਸਤ ਮੁਤਾਬਿਕ ਫਿੱਟ ਕਰ ਲਿਆ ਹੈ। ਇਸੇ ਕਰਕੇ ਇੱਕਾ-ਦੁੱਕਾ ਮਿਸਾਲਾਂ ਨੂੰ ਛੱਡ ਕੇ ਚੋਣ ਸਿਆਸਤ ਵਿਚ ਵਿਰੋਧੀ ਧਿਰ ਦੇ ਪੈਰ ਹੀ ਨਹੀਂ ਲੱਗ ਰਹੇ। ਇਸ ਲਈ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੀ ਵੰਡ-ਪਾਊ ਸਿਆਸਤ ਦਾ ਤੋੜ ਤਿਆਰ ਕਰਨ ਲਈ ਸਮੁੱਚੀ ਵਿਰੋਧੀ ਧਿਰ ਨੂੰ ਨਵੇਂ ਸਿਰਿਓਂ ਸੋਚ-ਵਿਚਾਰ ਕਰਨੀ ਪਵੇਗੀ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਆਪੋ-ਆਪਣੇ ਨਿੱਜੀ ਮੁਫਾਦ ਛੱਡ ਕੇ ਮਨੁੱਖਤਾਵਾਦੀ ਸਿਆਸਤ ਦੇ ਲੜ ਲੱਗਣਾ ਪਵੇਗਾ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੀਆਂ ਧਿਰਾਂ ਹੱਥ ਮਲਦੀਆਂ ਰਹਿ ਜਾਣਗੀਆਂ ਅਤੇ ਸਿਆਸਤ ਦੇ ਪਿੜ ਵਿਚ ਭਾਰਤੀ ਜਨਤਾ ਪਾਰਟੀ ਵਰਗੀ ਹੀ ਕੋਈ ਹੋਰ ਪਾਰਟੀ ਇਨ੍ਹਾਂ ਦੀ ਸਾਰੀ ਥਾਂ ਮੱਲ ਲਵੇਗੀ। ਇਸ ਪ੍ਰਸੰਗ ਵਿਚ ਆਮ ਆਦਮੀ ਪਾਰਟੀ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ। ਭਾਰਤ ਦੀ ਸਿਆਸਤ ਇਸ ਵਕਤ ਵੱਡੀ ਤਬਦੀਲੀ ਦੇ ਦੌਰ ਵਿਚੋਂ ਲੰਘ ਰਹੀ ਹੈ।