ਵੀਰ ਅਮੋਲਕ ਬਿਨ ਗੁਜ਼ਰਿਆ ਇਕ ਸਾਲ
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਯੂ. ਐਸ. ਏ.
ਮੈਂ ਕਦੀ ਇਹ ਸੋਚਿਆ ਹੀ ਨਹੀਂ ਸੀ ਕਿ ਅਪਣੇ ਵੀਰ ਅਮੋਲਕ ਸਿੰਘ ਜੰਮੂ ਦੀ ਬਰਸੀ ‘ਤੇ ਮੈਂ ਵੀ ਪੀੜਾਂ ਭਰੀ ਗਾਥਾ ਲਿਖਾਂਗੀ, ਪਰ ਸਮਾਂ ਬਲਵਾਨ ਹੈ ਅਤੇ ਮਾਲਕ ਦਾ ਹੁਕਮ ਵੀ ਅਟੱਲ ਹੈ।

ਪੂਰਾ ਇਕ ਸਾਲ ਬੀਤ ਗਿਆ ਹੈ ਵੀਰ ਨੂੰ ਇਸ ਸੰਸਾਰ ਤੋਂ ਕੂਚ ਕੀਤਿਆਂ। ਸਮਾਂ ਰੁਕਿਆ ਨਹੀਂ; ਇਸਦਾ ਗੇੜ ਹੀ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਕਹਿਣ ਨੂੰ ਸਾਰੇ ਦਿਨ ਇਕੋ ਜਿਹੇ ਹੁੰਦੇ ਹਨ, ਪਰ ਨਹੀਂ, ਕਈ ਦਿਨ, ਮਹੀਨੇ ਤੇ ਸਾਲ ਐਸੀਆਂ ਯਾਦਾਂ ਨਾਲ ਸਾਨੂੰ ਜੁੜੇ ਹੁੰਦੇ ਹਨ, ਜੋ ਖੁਸ਼ੀ-ਗਮੀ ਦੇ ਅਹਿਸਾਸਾਂ ਨੂੰ ਚੇਤੇ ਕਰਾਉਂਦੇ ਰਹਿੰਦੇ ਹਨ।
ਕਹਿਣ ਨੂੰ ਤਾਂ ਅਸੀ ਜੀਅ ਰਹੇ ਹੁੰਦੇ ਹਾਂ ਪਰ ਅਪਣੇ ਆਪ ਨੂੰ ਸਮੇਂ ਦੇ ਅੱਗੇ ਸੁੱਟ ਕੇ ਸਾਹ ਪੂਰੇ ਕਰਨ ਵਾਲੀ ਗੱਲ ਹੁੰਦੀ ਹੈ। ਪਿਛਲੇ ਸਾਲ ਅਪ੍ਰੈਲ ਦੀ 20 ਤਾਰੀਖ਼ ਨੂੰ ਭੁਲਾਇਆ ਨਾ ਜਾ ਸਕੇਗਾ ਅਤੇ ਹਰ ਲਮਹਾ ਉਸਦੀ ਯਾਦ ਦਵਾਉਂਦਾ ਰਹੇਗਾ, ਜਦ ਇਹ ਮਨਹੂਸ ਖ਼ਬਰ ਸੁਣੀ ਕਿ ‘ਪੰਜਾਬ ਟਾਈਮਜ਼’ ਦੇ ਬਾਨੀ ਸ. ਅਮੋਲਕ ਸਿੰਘ ਜੰਮੂ ਇਸ ਦੁਨੀਆਂ ਨੂੰ ਅਲਵਿਦਾ ਕਹਿ ਉਥੇ ਚਲੇ ਗਏ ਨੇ ਜਿੱਥੋਂ ਕਦੀ ਕੋਈ ਪਰਤਿਆ ਨਹੀਂ।
ਇਸ ਖ਼ਬਰ ਨੇ ਸੰੁਨ ਕਰ ਦਿੱਤਾ। ਉਹ ਬੇ-ਧੜਕ, ਬੇ-ਖ਼ੌਫ਼ ਅਤੇ ਸੱਚ ਦਾ ਮੁਦੱਈ ਇਨਸਾਨ ਹੁਣ ਸਾਡੇ ਕੋਲ ਨਹੀਂ ਸੀ, ਆਉਣ ਵਾਲਾ ਸਮਾਂ ਪ੍ਰਸ਼ਨ ਚਿੰਨ ਬਣ ਕੇ ਸਾਹਮਣੇ ਖੜਾ ਸੀ, ਵੀਰ ਦੇ ਪਰਿਵਾਰ ਅਤੇ ‘ਪੰਜਾਬ ਟਾਈਮਜ਼’ ਦੇ ਸਨੇਹੀਆਂ ਲਈ ਜਿੱਥੇ ਇਹ ਬੇ-ਹੱਦ ਦੁਖਦਾਈ ਸੀ ਉਥੇ ਫਿਕਰਾਂ ਭਰਪੂਰ ਵੀ ਸੀ। ਜੰਮੂ ਵੀਰ ਦਾ ਤੁਰ ਜਾਣਾ ਅਤੇ ਉਪਰੋਂ ਕਰੋਨਾ ਕਾਲ ਦਾ ਅਤਿ ਭਿਆਨਕ ਸਮਾਂ ਇਥੇ ਆ ਕੇ ਸ਼ਬਦ ਗੁਆਚ ਜਾਂਦੇ ਹਨ,
ਸੋ ਕਤਿ ਜਾਣੈ ਪੀਰ ਪਰਾਈ॥
ਜਾ ਕੈ ਅੰਤਰਿ ਦਰਦ ਨਾ ਪਾਈ॥
ਵੀਰ ਜਿਸ ਬਹਾਦਰੀ ਨਾਲ ਬੀਮਾਰੀ ਨਾਲ ਜੂਝਦਾ ਰਿਹਾ, ਤਕਰੀਬਨ ਉਨ੍ਹਾਂ ਨੂੰ ਚਾਹੁਣ ਵਾਲੇ ਸਾਰੇ ਹੀ ਵਾਕਿਫ ਹਨ। ‘ਪੰਜਾਬ ਟਾਈਮਜ਼’ ਨੂੰ ਬੁਲੰਦੀਆਂ ਤੱਕ ਲੈ ਜਾਣ ਲਈ ਆਪਣੀ ਜ਼ਿੰਦਗੀ ਦਾ ਹਰ ਪਲ ਉਸਦੇ ਲੇਖੇ ਲਾ ਕੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ।
ਜੰਮੂ ਵੀਰੇ ਦੇ ਤੁਰ ਜਾਣ ਨਾਲ ਜਿੱਥੇ ਜਸਪ੍ਰੀਤ ਕੌਰ ਦੀ ਜ਼ਿੰਦਗੀ ਵੀਰਾਨ ਹੋ ਗਈ ਬੇਟਾ ਮਨਪ੍ਰੀਤ ਤੇ ਸੰਦੀਪ ਬਾਬੁਲ ਦੇ ਪਿਆਰ ਤੋਂ ਵਾਂਝੇ ਹੋ ਗਏ, ਉਥੇ ਵੀਰ ਦੇ ਅਨਗਿਣਤ ਚਾਹੁਣ ਵਾਲੇ ਵੀ ਇਕ ਸੱਚੇ-ਸੁੱਚੇ ਪੱਤਰਕਾਰ, ਦੋਸਤ ਦੇ ਪਿਆਰ ਤੋਂ ਵਿਰਵੇ ਹੋ ਗਏ।
ਭਾਵੇਂ ਜਸਪ੍ਰੀਤ ਅਤੇ ਸਮੁੱਚਾ ਸਟਾਫ਼ ਪੰਜਾਬ ਟਾਈਮਜ਼ ਨੂੰ ਲੈ ਕੇ ਅੱਗੇ ਵੱਧ ਰਹੇ ਹਨ ਪਰ ਉਸਦੇ ਪਿਆਰ ਤੇ ਅਨਮੋਲ ਯਾਦਾਂ ਦੀ ਪੂੰਜੀ ਸਾਨੂੰ ਹਰ ਪਲ ਵੀਰ ਦੀ ਯਾਦ ਦਿਵਾਉਂਦੀ ਰਹੇਗੀ। ਮਨ ਉਦਾਸ ਹੈ, ਵੀਰੇ ਦੀ ਅਪਣੱਤ ਅਤੇ ਅਪਣੇਪਨ ਨਾਲ ਆਖੀ ਹਰ ਗੱਲ ਮੈਨੂੰ ਤੜਪਾ ਤੜਪਾ ਜਾਂਦੀ ਹੈ। ਮੈਂ ਤਾਂ ਵੀਰ ਦੇ ਪਿਆਰ ਤੋਂ ਸੱਖਣੀ ਪਈ ਸਾਂ, ਪਰ ਜੰਮੂ ਵੀਰ ਨੇ ਉਸ ਖਾਲੀ ਥਾਂ ਨੂੰ ਭਰਕੇ ਜੋ ਮਾਣ-ਤਾਣ ਦਿੱਤਾ ਉਸ ਲਈ ਸ਼ਬਦ ਨਹੀਂ ਹਨ, ਹਾਂ ਮੈਂ ਇਹ ਨਿਸ਼ਚੇ ਨਾਲ ਕਹਿ ਸਕਦੀ ਹਾਂ ਕਿ ਅਗਰ ਮੇਰਾ ਕੋਈ ਵੀਰ ਹੁੰਦਾ ਵੀ, ਤਾਂ ਉਹ ਜੰਮੂ ਵੀਰ ਜਿਹਾ ਕਤੱਈ ਨਹੀਂ ਸੀ ਹੋ ਸਕਦਾ।
ਅਖੀਰਲਾ ਸਾਲ ਜਦੋਂ ਵੀਰਾ ਬੋਲਣ ਤੋਂ ਵੀ ਅ-ਸਮਰੱਥ ਹੋ ਗਿਆ ਤਾਂ ਵੀ ਮੈਂ ਕਿੰਨਾ-ਕਿੰਨਾ ਚਿਰ ਫ਼ੋਨ ਤੇ ਗੱਲਾਂ ਕਰਨੀਆਂ ਅਤੇ ਵੀਰੇ ਨੇ ਨਿੱਕਾ ਨਿੱਕਾ ਹੁੰਗਾਰਾ ਭਰੀ ਜਾਣਾ, ਬਹੁਤ ਅਰਦਾਸਾਂ ਕੀਤੀਆਂ, ਬੜੀਆਂ ਸੁਖਾਂ ਵੀ ਮੰਗੀਆਂ ਪਰ ਵੀਰ ਨੂੰ ਰੱਖ ਨਾ ਸਕੇ।
ਇਕ ਗੱਲ ਜ਼ਰੂਰ ਕਹਾਂਗੀ ਅਮੋਲਕ ਵੀਰ ਅਤੇ ਜਸਪ੍ਰੀਤ ਇਕ ਦੂਜੇ ਦਾ ਸਾਥ ਨਿਭਾਅ ਕਿਸੇ ਹੋਰ ਦੁਨੀਆਂ ਦੇ ਇਨਸਾਨ ਹੋ ਨਿਬੜੇ ਹਨ। ਵੀਰ ਲਈ ਅਰਦਾਸ ਕਰਾਂਗੀ ਕਿ ਸੱਚੀ-ਸੁੱਚੀ ਨੇਕ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰਿਵਾਰ, ਪੰਜਾਬ ਟਾਈਮਜ਼ ਅਤੇ ਵੀਰ ਦੇ ਚਾਹੁਣ ਵਾਲ਼ਿਆਂ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖ ਕੇ ਸਦੀਵ ਸਾਥ ਦੇਵੇ ।
ਪਹਿਲਾਂ ਮੈਂ ਬੀਬੀ ਸੁਰਜੀਤ ਕੌਰ ਸੀ ਪਰ ਮੇਰੇ ਅਮੋਲਕ ਵੀਰੇ ਨੇ ਮੇਰੇ ਨਾਂ ਨਾਲ ‘ਸੈਕਰਾਮੈਟੋਂ’ ਲਿਖ ਕੇ ਮੈਨੂੰ ਬੀਬੀ ਸੁਰਜੀਤ ਕੌਰ ‘ਸੈਕਰਾਮੈਂਟੋ’ ਦਾ ਉਹ ਉਪਹਾਰ ਦਿੱਤਾ ਜੋ ਆਖਰੀ ਪਲ ਤੱਕ ਮੈਨੂੰ ਵੀਰ ਦੀ ਯਾਦ ਦਵਾਉਂਦਾ ਰਹੇਗਾ ਸ਼ੁਕਰਾਨੇ ਮੇਰੇ ਵੀਰੇ ।

2010 ਵਿੱਚ ਲਿਖਿਆ ਮੇਰਾ ਇਕ ਸ਼ਿਅਰ
ਸਾਡਾ ਭੈਣ-ਭਰਾ ਦਾ ਪ੍ਰਣ ਹੈ, ਜੋ ਕਹਿੰਦੇ ਹਾਂ ਉਹ ਕਰਦੇ ਹਾਂ
ਅਸੀ ਸੱਚ ਦੇ ਰਾਹ ਦੇ ਪਾਂਧੀ ਹਾਂ, ਨਾ ਸੱਚ ਬੋਲਣ ਤੋਂ ਡਰਦੇ ਹਾਂ
ਇੱਥੇ ਕੈਰਟ ਦੀ ਕੋਈ ਗਿਣਤੀ ਨਹੀਂ, ਇਹ ਤਾਂ ਅਨਮੁਲਾ ਹੀਰਾ ਹੈ
‘ਸੁਰਜੀਤ’ ਹੈ ਭੈਣ ਅਮੋਲਕ ਦੀ ਉਹ ਮੇਰਾ ਨਿਕੜਾ ਵੀਰਾ ਹੈ