ਤਸਬੀਆਂ ਨਾਲ਼ ਨਾ ਵੈਰ ਨਾਹੀ ਜੰਞੂ ਨਾਲ਼ ਯਾਰਾਨਾ!

ਤਰਲੋਚਨ ਸਿੰਘ ਦੁਪਾਲ ਪੁਰ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਪ੍ਰਸੰਗ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਤਿਗੁਰੂ ਜੀ ਦੇ ਨਾਮ ਨਾਲ ਜੋੜਿਆ ਜਾਂਦਾ ਵਿਸ਼ੇਸ਼ਣ ‘ਹਿੰਦ ਦੀ ਚਾਦਰ’ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਛੋਟੇ ਅਰਥਾਂ ਵਾਲ਼ੀ ਬਣਾਉਂਦਾ ਹੈ।

ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਦੁਆਰਾ ਸ੍ਰੀ ਗੁਰ ਸੋਭਾ ਵਿਚ ਦਰਜ ‘ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ’ ਵਾਲ਼ੀ ਸਤਰ ਹੀ ਉਕਤ ਹਿੰਦ ਦੀ ਚਾਦਰ ਵਾਲ਼ੇ ਵਿਸ਼ੇਸ਼ਣ ਦਾ ਜਵਾਬ ਹੈ ਪਰ ਕੁਝ ਸਿਆਸੀ ਮਸਹਲਤਾਂ ਵਾਲ਼ੀਆਂ ਧਿਰਾਂ ਨੌਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਤਿਲਕ ਜੰਞੂ ਦੀ ਹਮਾਇਤ ਅਤੇ ਇਸਲਾਮ ਵਿਰੋਧੀ ਦਰਸਾਉਣ ਲਈ ਇਤਿਹਾਸ ਨੂੰ ‘ਆਪਣੇ ਢੰਗ’ ਨਾਲ ਪ੍ਰਚਾਰਤ ਜਾਂ ਪ੍ਰਸਾਰਤ ਕਰ ਰਹੀਆਂ ਹਨ।
ਇਸ ਵਿਸ਼ੇ ’ਤੇ ਕੁਝ ਲਿਖਣ ਲੱਗਾ ਸਾਂ ਤਾਂ ਮੈਨੂੰ ਯਾਦ ਆਇਆ ਕਿ ‘ਸਾਕਾ ਸਰਹਿੰਦ’ ਦੀ ਬੇਹੱਦ ਮਕਬੂਲੀਅਤ
ਮਗਰੋਂ ਮਿੱਠੀ ਤੇ ਰਸੀਲੀ ਆਵਾਜ਼ ਦੀ ਮਾਲਕ ਸਵਰਗੀ ਨਰਿੰਦਰ ਬੀਬਾ ਜੀ ਅਤੇ ਉਨ੍ਹਾਂ ਦੇ ਕੁਝ ਸਾਥੀ ਮਰਦ ਗਾਇਕਾਂ ਨੇ ਉਤਸ਼ਾਹਿਤ ਹੋ ਕੇ ‘ਸਾਕਾ ਚਾਂਦਨੀ ਚੌਂਕ’ ਵੀ ਰਿਕਾਰਡ ਕਰਵਾਇਆ ਸੀ। ਕਈ ਦਹਾਕੇ ਪਹਿਲਾਂ ਇਹ ਰਿਕਾਰਡ ਵੀ ਬਹੁਤ ਵੱਜਦਾ ਰਿਹਾ। ਮੈਨੂੰ ਉਸ ਸਾਕੇ ਦੀਆਂ ਕੁਝ ਸਤਰਾਂ ਯਾਦ ਸਨ। ਸੋ ਮੈਂ ਸੋਚਿਆ ਕਿ ਕਿਉਂ ਨਾ ਉਸ ਰਿਕਾਰਡ ਨੂੰ ਦੁਬਾਰਾ ਸੁਣ ਕੇ ਉਨ੍ਹਾਂ ਸਤਰਾਂ ਨੂੰ ਇਸ ਲਿਖਤ ਵਿਚ ਸ਼ਾਮਲ ਕਰਾਂ। ਯੂ-ਟਿਊਬ ’ਤੇ ਦੋ-ਤਿੰਨ ਭਾਗਾਂ ਵਿਚ ਪਏ ਇਸ ਸਾਕੇ ਨੂੰ ਕਈ ਵਾਰ ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਮੈਂ ਸਿਰ ਨਿਵਾਇਆ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਜਿਹੜੀਆਂ ਦੋ ਕਵਿਤਾਵਾਂ ਮੈਂ ਇਸ ਸਾਕੇ ਵਿਚੋਂ ਚੁਣੀਆਂ ਹਨ, ਉਨ੍ਹਾਂ ਦੇ ਲਿਖਾਰੀ ਦਾ ਪਤਾ ਕਰਾਂ ਪਰ ਮੈਨੂੰ ਸਫਲਤਾ ਨਹੀਂ ਮਿਲ਼ੀ। ਉਸ ਲੇਖਕ ਦੇ ਬਲਿਹਾਰੇ ਜਾਈਏ ਜਿਸ ਨੇ ਸਤਿਗੁਰੂ ਜੀ ਦੀ ਸ਼ਹਾਦਤ ਨੂੰ ਹਕੂਮਤੀ ਜਬਰ ਸਹਿੰਦੇ ਮਾਨਵ ਧਿਰ ਦੀ ਹਮਾਇਤ ਨਾਲ ਜੋੜ ਕੇ ਵਰਣਨ ਕੀਤਾ ਹੈ। ਪੇਸ਼ ਹਨ ਕਈ ਦਹਾਕੇ ਪਹਿਲਾਂ ਰਿਕਾਰਡ ਹੋਏ ਉਸ ‘ਸਾਕਾ ਚਾਂਦਨੀ ਚੌਂਕ’ ਵਿਚੋਂ ਦੋ ਕਵਿਤਾਵਾਂ:
ਸਵਾਲ-ਜਵਾਬ ਨੌਵੇਂ ਪਾਤਸ਼ਾਹ ਅਤੇ ਔਰੰਗਜ਼ੇਬ
‘ਔਰੰਗਜ਼ੇਬ ਕਹਿੰਦਾ ਕਿ ਹੈਰਾਨ ਹਾਂ ਮੈਂ
ਤੁਸੀਂ ਜੰਞੂ ਤੇ ਤਿਲਕ ਵੀ ਧਾਰਦੇ ਨਹੀਂ।
ਜਾਨ ਦੇ ਰਹੇ ਓ ਜੰਞੂ ਤਿਲਕ ਬਦਲੇ
ਏਨੀ ਗੱਲ ਵੀ ਆਪ ਵਿਚਾਰਦੇ ਨਹੀਂ!
ਤੁਸੀਂ ਕੀ ਲੈਣਾ ਉਨ੍ਹਾਂ ਕਾਫਰਾਂ ਤੋਂ
ਕਰੋ ਬੰਦਗੀ ਛੱਡੋ ਸੰਸਾਰ ਦੀ ਗੱਲ।
ਝਗੜੇ ਦੀਨ ਤੇ ਮਜ਼੍ਹਬ ਦੇ ਹੋਣ ਬੇਸ਼ਕ
ਆਪ ਕਰੋ ਆਪਣੇ ਰੱਬੀ ਪਿਆਰ ਦੀ ਗੱਲ।

ਜੇਕਰ ਤੁਸੀਂ ਸ਼ਹੀਦ ਵੀ ਹੋ ਗਏ ਤਾਂ
ਬਦਲ ਜਾਣੀ ਕੋਈ ਏਥੇ ਖੁਦਾਈ ਤਾਂ ਨਹੀਂ।
ਕਿਸੇ ਵਾਸਤੇ ਆਪਣੀ ਜਾਨ ਦੇਣੀ
ਇਹਦੇ ਵਿਚ ਹਜੂ਼ਰ ਦਾਨਾਈ ਤਾਂ ਨਹੀਂ!’
ਜਵਾਬ ਗੁਰੂ ਤੇਗ ਬਹਾਦਰ ਸਾਹਿਬ ਜੀ:
‘ਨੌਵੇਂ ਪਾਤਸ਼ਾਹ ਅੱਗੋਂ ਜਵਾਬ ਦਿੱਤਾ
ਤੂੰ ਨਹੀਂ ਜਾਣਦਾ ਇਸ਼ਕ ਦੀ ਗੱਲ ਸ਼ਾਹਾ।
ਜਿੰਨੀ ਦੇਰ ਕੁਰਬਾਨੀਆਂ ਹੁੰਦੀਆਂ ਨਹੀਂ
ਮਸਲਾ ਧਰਮ ਦਾ ਹੁੰਦਾ ਨਹੀਂ ਹੱਲ ਸ਼ਾਹਾ!
ਸਾਡਾ ਵੈਰ ਇਸਲਾਮ ਦੇ ਨਾਲ਼ ਕੋਈ ਨਹੀਂ
ਹਿੰਦੂ ਧਰਮ ਕੋਈ ਸਾਡਾ ਨਿਸ਼ਾਨਾ ਤਾਂ ਨਹੀਂ।
ਸਾਡੀ ਦੁਸ਼ਮਣੀ ਤਸਬੀਆਂ ਨਾਲ਼ ਕੋਈ ਨਹੀਂ
ਜੰਞੂ ਨਾਲ਼ ਕੋਈ ਸਾਡਾ ਯਾਰਾਨਾ ਤਾਂ ਨਹੀਂ!
ਅਸੀਂ ਧੱਕੇ ਵਿਰੁੱਧ ਜਹਾਦ ਕੀਤਾ
ਜ਼ੁਲਮ ਨਾਲ਼ ਹੈ ਸਿਰਫ ਲੜਾਈ ਸਾਡੀ।
ਅਸੀਂ ਪੱਖ ਮਜ਼ਲੂਮਾਂ ਦਾ ਪੂਰਨਾ ਏਂ
ਇਹ ਮਜ਼ਲੂਮ ਨੇ ਚਾਹੁੰਦੇ ਅਗਵਾਈ ਸਾਡੀ!

ਮੁਸਲਮਾਨ ਵੀ ਨਾਨਕ ਦੇ ਦਰ ਉੱਤੇ
ਜੇਕਰ ਆਉਂਦੇ ਤਾਂ ਅਸੀਂ ਅਸੀਸ ਦਿੰਦੇ
ਧੱਕਾ ਹੁੰਦਾ ਇਸਲਾਮ ਦੇ ਨਾਲ਼ ਜੇਕਰ
ਤਾਂ ਇਸਲਾਮ ਲਈ ਵੀ ਆਪਣਾ ਸੀਸ ਦਿੰਦੇ!
ਇਹ ਤਾਂ ਠੀਕ ਖੁਦਾਈ ਨਹੀਂ ਬਦਲ ਸਕਦੀ
ਤੇਰੇ ਜ਼ੁਲਮ ਦਾ ਨਸ਼ਾ ਪਰ ਤੋੜ ਦਿਆਂਗੇ।
ਅਸੀਂ ਏਸ ਸ਼ਹਾਦਤ ਦੇ ਸਿਰ ਸਦਕਾ
ਨਵਾਂ ਇਕ ਇਤਿਹਾਸ ਨੂੰ ਮੋੜ ਦਿਆਂਗੇ!
ਸਾਡੇ ਖੂਨ ’ਚੋਂ ਉਹ ਸ਼ਕਤੀ ਹੋਊ ਪੈਦਾ
ਜੋ ਟਕਰਾਊ ਹਰ ਖੂਨੀ ਸਰਕਾਰ ਦੇ ਨਾਲ਼
ਅੱਗੋਂ ਜਿਹੜਾ ਵੀ ਜ਼ਾਲਮ ਤਲਵਾਰ ਚੁੱਕੂ
ਉਹ ਵੀ ਸੋਧਿਆ ਜਾਊ ਤਲਵਾਰ ਦੇ ਨਾਲ਼!’
ਫੋਨ: 408-915-1268