ਮੇਰਾ ਪਿੰਡ ਮੇਰੇ ਲੋਕ: ਅਵਤਾਰ ਸਿੰਘ ਬਿਲਿੰਗ

ਪ੍ਰਿੰ. ਸਰਵਣ ਸਿੰਘ
ਜਿਵੇਂ ਗਿਆਨੀ ਗੁਰਦਿੱਤ ਸਿੰਘ ਨੇ ਆਪਣੇ ਪਿੰਡ ਮਿੱਠੇਵਾਲ ਬਾਰੇ ‘ਮੇਰਾ ਪਿੰਡ’ ਪੁਸਤਕ ਲਿਖੀ ਉਵੇਂ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਆਪਣੇ ਪਿੰਡ ਸੇਹ ਬਾਰੇ ‘ਮੇਰਾ ਪਿੰਡ ਮੇਰੇ ਲੋਕ’ ਪੁਸਤਕ ਲਿਖੀ ਹੈ।

ਪਿੰਡ ਸੇਹ ਦੇ ਹੀ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਬੀ.ਐੱਲ. ਜੋਸ਼ੀ ਨੇ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਸਰਵਰਕ ਉਤੇ ਲਿਖਿਆ: ‘ਇਸ ਰਚਨਾ ਨੂੰ ਪੜ੍ਹਨ ਵਾਲੇ ਨਾ ਸਿਰਫ਼ ਮੁੱਲਵਾਨ ਜਾਣਕਾਰੀ ਪ੍ਰਾਪਤ ਕਰਨਗੇ, ਸਗੋਂ ਇਸ ਵਿਚਲੇ ਕਥਾ ਰਸ ਦਾ ਆਨੰਦ ਵੀ ਮਾਨਣਗੇ। ਇਹ ਪੁਸਤਕ ਮੇਰੇ ਪਿੰਡ ਦਾ ਐਨਸਾਈਕਲੋ-ਪੀਡੀਆ ਹੈ।’ ਜਿਵੇਂ ਗਿਆਨੀ ਗੁਰਦਿੱਤ ਸਿੰਘ ਨੇ ‘ਮੇਰਾ ਪਿੰਡ’ ਪੁਸਤਕ ਵਿਚ ਪੁਰਾਣੇ ਪਹਿਲਵਾਨਾਂ ਤੇ ਉਨ੍ਹਾਂ ਦੀਆਂ ਖੁਰਾਕਾਂ ਦਾ ਵਰਣਨ ਕੀਤਾ ਹੈ ਉਵੇਂ ਹੀ ਅਵਤਾਰ ਸਿੰਘ ਬਿਲਿੰਗ ਨੇ ‘ਮੇਰਾ ਪਿੰਡ ਮੇਰੇ ਲੋਕ’ ਕਿਤਾਬ ਵਿਚ ਆਪਣੇ ਪਿੰਡ ਦੇ ਖਿਡਾਰੀਆਂ ਤੇ ਐਥਲੀਟਾਂ ਦਾ ਵੇਰਵਾ ਦਿੱਤਾ ਹੈ।
ਬਿਲਿੰਗ ਬਹੁਪੱਖੀ ਲੇਖਕ ਹੈ। ਉਸ ਨੇ ਅੱਠ ਨਾਵਲ, ‘ਨਰੰਜਣ ਮਸ਼ਾਲਚੀ’, ‘ਖੇੜੇ ਸੁੱਖ ਵਿਹੜੇ ਸੁੱਖ’, ‘ਇਹਨਾਂ ਰਾਹਾਂ ਉੱਤੇ’, ‘ਪੱਤ ਕੁਮਲਾ ਗਏ’, ‘ਦੀਵੇ ਜਗਦੇ ਰਹਿਣਗੇ’, ‘ਖ਼ਾਲੀ ਖੂਹਾਂ ਦੀ ਕਥਾ’, ‘ਗੁਲਾਬੀ ਨਗ ਵਾਲੀ ਮੁੰਦਰੀ’ ਅਤੇ ‘ਰਿਜ਼ਕ’ ਲਿਖੇ ਹਨ। ਉਸ ਦੇ ਕਹਾਣੀ ਸੰਗ੍ਰਹਿ ਹਨ: ‘ਮੌਤ ਦੇ ਸਾਏ ਹੇਠ’, ‘ਆਪਣਾ ਖ਼ੂਨ’, ‘ਨਿਆਜ਼’, ‘ਪੱਛੋਂ ਦੀ ਹਵਾ’ ਤੇ ‘ਤਿਹਾਰ ਦਾ ਦਿਨ’। ‘ਆਨੇ ਦੀ ਅਕਲ’, ‘ਚਾਚਾ ਚੇਤੂ ਦਾ ਇਸ਼ਨਾਨ’ ਤੇ ‘ਤੁਰਾਂਗੇ ਤਾਂ ਮੰਜ਼ਲਾਂ ਮਾਰਾਂਗੇ’ ਬਾਲ ਸਾਹਿਤ ਦੀਆਂ ਪੋਥੀਆਂ ਹਨ। ਕਵੀਸ਼ਰੀ ਦੀ ਇਕ ਪੁਸਤਕ ‘ਸਿਦਕੀ ਪਰਵਾਨੇ’ ਸੰਪਾਦਤ ਕੀਤੀ ਹੈ। ਹੁਣ ਉਹ ਸੱਤਰਾਂ ਸਾਲਾਂ ਦਾ ਹੈ ਤੇ ਪਿਛਲੇ ਸੱਤ ਕੁ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਸਿਆਟਲ ਦਾ ਵਾਸੀ ਹੈ।
ਕਹਾਵਤਾਂ ਹਨ: ਬਿਲਿੰਗ ਪੜ੍ਹਦੇ ਹੁੰਦੇ, ਭੰਗੂ ਲੜਦੇ ਹੁੰਦੇ। ਕੋਈ ਜ਼ਰਾ ਕੁ ਨਿੰਦੇ, ਬਿਲਿੰਗ ਝੱਟ ਵਿੰਗੇ। ਰਾਜਿੰਦਰ ਸਿੰਘ ‘ਸੇਹ’ ਦਾ ਕਾਵਿ ਬੰਦ ਹੈ:
ਖੰਨੇ ਤੋਂ ਖਮਾਣੋਂ ਨੂੰ ਜੋ ਰੋਡ ਜਾਂਵਦਾ,
ਉਹਦੇ ਉੱਤੇ ਸਾਡਾ ਪਿੰਡ ‘ਸੇਹ’ ਆਂਵਦਾ।
ਨਾਲ ਨਾਲ ਸੂਆ ਇਕ ਜਾਵੇ ਖੰਨੇ ਨੂੰ,
ਸਿੰਜਦਾ ਜੋ ਰਿਹਾ ਸਾਡੇ ਖੇਤ ਬੰਨੇ ਨੂੰ।
ਥਾਣਾ ਤੇ ਤਸੀਲ ਸਮਰਾਲਾ ਸਾਡੀ ਜੀ,
ਜਿ਼ਲ੍ਹਾ ਲੁਧਿਆਣਾ ਜਾਣਿਓਂ ਨਾ ਫਾਡੀ ਜੀ।
ਪਿੰਡ ਜਿਸ ਬੰਨ੍ਹਿਆਂ ਬਾਬਾ ਭਕਾਰੀ ਸੀ,
ਵੱਡਿਆਂ ਨੇ ਵਾਰਤਾ ਇਹ ਦੱਸੀ ਸਾਰੀ ਸੀ।
ਬਿਲਿੰਗ ਤੇ ਭੰਗੂ ਗੋਤ ਸਿਰਮੌਰ ਨੇ,
ਸੰਧੂ, ਧਾਲੀਵਾਲ, ਨਾਗਰੇ ਤੇ ਹੋਰ ਨੇ…।
ਬਿਲਿੰਗ ਦਾ ਬਾਪ ਨੌਰੰਗ ਸਿੰਘ ‘ਕੱਛ ਵਾਲਾ’ ਕਵੀਸ਼ਰ ਸੀ ਤੇ ਦਾਦਾ ਸਾਈਂ ਦਿੱਤਾ ਕਲ਼ੀਆਂ ਸੁਣਨ ਦਾ ਸ਼ੌਂਕੀ। ਬਿਲਿੰਗ ਬਚਪਨ ਵਿਚ ਕਵੀਸ਼ਰੀ ਤੇ ਕਲ਼ੀਆਂ ਤਾਂ ਸੁਣਦਾ ਰਿਹਾ ਪਰ ਨਾ ਉਸ ਨੇ ਕਵੀਸ਼ਰੀ ਕੀਤੀ ਤੇ ਨਾ ਕਲੀਆਂ ਲਾਈਆਂ। ਉਸ ਨੇ ਦਸੰਬਰ 1952 ਵਿਚ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜੰਮ ਕੇ, ਪਿੰਡ ਦੇ ਤੇ ਮਾਨੂੰਪੁਰ ਦੇ ਸਕੂਲੋਂ ਪੜ੍ਹ ਕੇ, ਏ. ਐੱਸ. ਕਾਲਜ ਖੰਨੇ ਜਾ ਕੇ, ਸਰਕਾਰੀ ਕਾਲਜ ਲੁਧਿਆਣੇ ਤੋਂ ਅੰਗਰੇਜ਼ੀ ਦੀ ਐੱਮ. ਏ. ਕਰ ਕੇ ਸਾਰੀ ਉਮਰ ਸਕੂਲ ਮਾਸਟਰੀ, ਲੈਕਚਰਾਰੀ ਤੇ ਸਾਹਿਤਕਾਰੀ ਕੀਤੀ। ਉਹਦੀ ਸਭ ਤੋਂ ਵੱਧ ਮਸ਼ਹੂਰੀ ਨਾਵਲਕਾਰ ਵਜੋਂ ਹੋਈ। ਉਹ ਵੀ ਉਦੋਂ ਜਦੋਂ ਉਹਦੇ ਨਾਵਲ ‘ਖ਼ਾਲੀ ਖੂਹਾਂ ਦੀ ਕਥਾ’ ਨੂੰ 25000 ਡਾਲਰ ਦਾ ਵੱਕਾਰੀ ਅੰਤਰਰਾਸ਼ਟਰੀ ਢਾਹਾਂ ਅਵਾਰਡ ਮਿਲਿਆ। ਜਿਵੇਂ ਕਿਸੇ ਇਨਾਮੀ ਲੇਖਕ ਦੇ ਨਾਂ ਨਾਲ ‘ਪੰਜਾਹ ਹਜ਼ਾਰੀ’ ‘ਸਵਾ ਲੱਖਾ’ ‘ਢਾਈ ਲੱਖਾ’ ਜਾਂ ‘ਪੰਜ ਲੱਖਾ’ ਹੋਣ ਦਾ ਖਿ਼ਤਾਬ ਲੱਗ ਜਾਂਦਾ ਹੈ ਉਵੇਂ ਅਵਤਾਰ ਸਿੰਘ ਬਿਲਿੰਗ ਦੇ ਨਾਂ ਨਾਲ ‘ਪੰਦਰਾਂ ਲੱਖਾ’ ਹੋਣ ਦਾ ਖਿ਼ਤਾਬ ਲਾਇਆ ਜਾ ਸਕਦੈ। ਪੰਜਾਬੀ ਦੀ ਕਿਤਾਬ ਲਈ ਏਦੂੰ ਵੱਡਾ ਇਨਾਮ ਹਾਲੇ ਹੋਰ ਕੋਈ ਨਹੀਂ ਰੱਖਿਆ ਗਿਆ। ਬਿਲਿੰਗ ਨੂੰ ਨਾਨਕ ਸਿੰਘ ਗਲਪ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਪੁਰਸਕਾਰ ਤੇ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਆਦਿ ਵੀ ਮਿਲੇ ਹਨ ਅਤੇ ਹੋਰ ਸਨਮਾਨਾਂ ਦਾ ਵੀ ਲੇਖਾ ਨਹੀਂ। ਲੱਗਦੈ ਉਹ ਜਦ ਤਕ ਲਿਖਦਾ ਰਹੇਗਾ ਨਾਵਲਕਾਰ ਗੁਰਦਿਆਲ ਸਿੰਘ ਵਾਂਗ ਹੋਰ ਇਨਾਮ ਵੀ ਮਿਲਦੇ ਰਹਿਣਗੇ। ਗੁਰਦਿਆਲ ਸਿੰਘ ਜੰਗਲ ਦੇ ਇਲਾਕੇ ਦਾ ਗਲਪਕਾਰ ਸੀ, ਬਿਲਿੰਗ ਢਾਹੇ ਦੇ ਇਲਾਕੇ ਦਾ ਗਲਪਕਾਰ ਹੈ।
ਬਿਲਿੰਗ ਨੇ ਆਪਣੇ ਬਾਪ ਦਾਦੇ ਦੀ ਜਾਣਕਾਰੀ ਉਨ੍ਹਾਂ ਦੇ ਸ਼ਬਦ ਚਿੱਤਰ ਲਿਖ ਕੇ ਕਰਵਾਈ ਹੈ। ਦਾਦੇ ਦੇ ਸ਼ਬਦ ਚਿੱਤਰ ਦਾ ਸਿਰਲੇਖ ਹੈ, ‘ਮੇਰਾ ਦਾਦਾ: ਕਲ਼ੀਆਂ ਸੁਣਨ ਦਾ ਸ਼ੌਂਕੀ।’ ਪੇਸ਼ ਹੈ ਉਹਦਾ ਪਹਿਲਾ ਪੈਰਾ: ‘ਮੇਰਾ ਦਾਦਾ ਮਿਹਨਤੀ ਸਿਰੜੀ ਪਿਓ ਦਾ ਇਕੱਲਾ ਪੁੱਤਰ। ਦੋ ਹਲ਼ ਦੀ ਭੋਇੰ ਦਾ ਵਾਰਸ। ਸਿਰੇ ਦਾ ਸ਼ੌਕੀਨ। ਸ਼ੌਕ ਵਜੋਂ ‘ਸ਼ਾਹੀ’ ਨਸ਼ੇ ਅਫ਼ੀਮ ਨੂੰ ਮੂੰਹ ਮਾਰਦਾ ਬਣ ਗਿਆ ਪੱਕਾ ਅਫ਼ੀਮਚੀ। ਅਫ਼ੀਮਚੀ ਤੋਂ ਅਮਲੀ। ਨਗਰ ਵੱਲੋਂ ਬਿਨਾਂ ਵੋਟਾਂ ਤੋਂ ਟਿੱਕਿਆ ਸਿਆਣਾ ਪੰਚਾਇਤੀ। ਦਾਦੀ ਫੇਰ ਵੀ ਸਾਈਂ ਦਿੱਤੇ ਨੂੰ ਦੋਸ਼ ਨਾ ਦਿੰਦੀ। ਅਫ਼ੀਮ ਦੀ ਡੱਬੀ ਫੜਾਉਂਦੀ, ‘ਬੋਲ਼ਾ ਬੱਦਲ’ ਆਖਦੀ ਪਿਆਰ ਨਾਲ ਬੁਲਾਉਂਦੀ, “ਤੂੰ ਹੁਣ ਐਹ ਨਾਗਣੀ ਅਰ ਗੁੜ੍ਹਗੜੀ ਦਾ ਖਹਿੜਾ ਛੱਡ ਦੇ, ਬੱਦਲਾ! ਖ਼ਬਰ ਨ੍ਹੀਂ ਤੇਰੇ ਕਿਸੇ ਪੁੱਤਰ ਦੀ ਰੱਬ ਸੁਣ ਈ ਲਵੇ। ਅਜੇ ਵੀ ਆਪਣੀ ਅੰਸ ਬੰਸ ਚਲਦੀ ਰਹਿਜੂ।” ਪਰ ਅਫ਼ੀਮ ਦਾ ਗ਼ੁਲਾਮ ਬਾਬਾ ਬੇਵੱਸ ਸੀ। ਉਹ ਇਕੱਲੀ ਅਫ਼ੀਮ ਨਹੀਂ, ਹੁੱਕੀ ਵੀ ਪੀਂਦਾ; ਸਿਗਰਟ ਦੇ ਸੂਟੇ ਖਿੱਚਦਾ। ਸੋ ਤੜਫਦੀ ਵਿਲਕਦੀ ਬੇਅਰਥ ਆਪਣਾ ਮੱਥਾ ਪਿੱਟਦੀ ਦਾਦੀ, ਉਮਰ ਦਾ ਸਿਖਰ ਦੁਪਹਿਰਾ ਢਾਲ ਕੇ ਤੁਰਦੀ ਬਣੀ…।’
ਸ਼ਬਦ ਚਿੱਤਰ ਦਾ ਅੰਤ ਪੜ੍ਹੋ: ‘ਕੱਤਕ ਦਾ ਮਹੀਨਾ। ਸੰਨ ਪੈਂਹਠ ਦੀ ਲੜਾਈ ਲੱਗੀ ਹੋਈ। ਹਾੜ੍ਹੀ ਬੀਜਣ ਲਈ ਵਾਹਣ ਸਿੰਜੇ ਜਾ ਰਹੇ ਸਨ। ਇਕ ਸਵੇਰ ਮੂੰਹ ਹਨੇਰੇ ਸਾਡੀ ਪੁਰਾਣੀ ਗਵਾਂਢਣ ਤਾਈ ਪਾਰਬਤੀ ਸਾਡੇ ਵਿਹੜੇ ਦਾ ਦਰਵਾਜ਼ਾ ਥਪਥਪਾਉਂਦੀ ਹਾਕਾਂ ਮਾਰ ਰਹੀ ਸੀ, “ਓਏ ਕੱਛ ਆਲ਼ਿਆ! ਤੇਰਾ ਬਾਈ ‘ਸਾਈਂ ਦਿੱਤਾ’ ਚੱਲ ਬਸਿਆ। ਸਾਝਰੇ ਮਿੱਟੀ ਸਮੇਟਣ ਦਾ ਹੀਲਾ ਕਰੋ, ਭਾਈ।”
…ਮੈਨੂੰ ਰੋਣਾ ਆਇਆ। ਮੈਂ ਆਪਣੇ ਬਾਬੇ ਦਾ ਮੂੰਹ ਦੇਖਣਾ ਚਾਹਿਆ। ਭਰੀਆਂ ਅੱਖਾਂ ਨਾਲ ਬਾਪੂ ਨੂੰ ਆਖਿਆ। ਚਲਦੇ ਪੁਰਜੇ ਘਰਾਂ ਦੇ ਪੋਤੇ ਆਪਣੇ ਵਡੇਰੇ ਦਾ ਬਿਬਾਨ ਕੱਢਣ ਵੇਲੇ ਉਸ ਦੀ ਦੇਹ ਨੂੰ ਚੌਰ ਝੱਲਦੇ। ਮੈਂ ਤਾਂ ਸਿਰਫ਼ ਮੂੰਹ ਹੀ ਦੇਖਣਾ ਸੀ।
“ਓਏ ਮੱਲਾ! ਮੁੜ ਕੇ ਮਹੀਨੇ ਨੂੰ ਪਾਣੀ ਮਿਲੂ। ਨਹਿਰ ਦੀ ਮਸੀਂ ਮਿਲੀ ਆਪਣੀ ਵਾਰੀ ਖੁੰਝ ਜਾਣੀ। ਕਣਕ ਪਛੇਤੀ ਹੋ ਜੂ। ਜਾਹ ਮੇਰਾ ਸਾਊ ਪੁੱਤਰ! ਤੂੰ ਗੋਖੇ ਬੁੜ੍ਹੇ ਆਲ਼ੇ ਮਾਰੂ ਖੇਤ ਨੂੰ ਵਗ ਜਾਹ। ਉਥੇ ਖਾਲ਼ `ਤੇ ਗੇੜਾ ਰੱਖੀਂ, ਮੈਂ ਆਇਆ।”
ਤੇ ਬਾਪੂ ਆਦੀ ਮਕਾਨ ਵਿਚ ਵੱਸਦੇ ‘ਕਾਕੋ’ ਤਾਏ ਦੇ ਪਰਿਵਾਰ ਵੱਲ ਤੁਰ ਗਿਆ ਜਿੱਥੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਅਖੀਰਲੀ ਇਕੋ-ਇੱਕ ਹਾਕ ਮਾਰਦੇ ਬਾਬੇ ਨੇ ਪ੍ਰਾਣ ਤਿਆਗੇ ਸਨ। ਅਰਥੀ ਨੂੰ ਮੋਢਾ ਦੇਣਾ ਦੂਰ ਰਿਹਾ, ਆਪਣੇ ਵਡੇਰੇ ਦਾ ਆਖ਼ਰੀ ਵਾਰ ਮੂੰਹ ਦੇਖਣ ਦੀ ਇੱਛਾ ਵੀ ਮੇਰੇ ਮਨ ਵਿਚ ਹੀ ਰਹਿ ਗਈ। ਖੇਤੋਂ ਮੁੜਨ ਤੱਕ ਸਸਕਾਰ ਹੋ ਚੁੱਕਾ ਸੀ।’
ਆਪਣੇ ਬਾਪੂ ਬਾਰੇ ਬਿਲਿੰਗ ਦਾ ਸ਼ਬਦ ਚਿੱਤਰ ਇੰਜ ਸ਼ੁਰੂ ਹੁੰਦੈ: ਬਾਪੂ ਇਕ ਉੱਦਮੀ ਮਨੁੱਖ, ਬਹੁਤ ਮਿਹਨਤੀ ਕਿਸਾਨ ਅਤੇ ਮਿਲਾਪੜਾ ਇਨਸਾਨ ਸੀ। ਮਿੱਠ ਬੋਲੜਾ। ਹਰ ਕਿਸੇ ਨੂੰ ਉੱਡ ਕੇ ਮਿਲਦਾ। ਪਿੰਡ ਵਿਚ ਮਿੱਤਰਾਂ ਮੁਲਾਹਜੇ਼ਦਾਰਾਂ ਨੂੰ ਮਿਲੇ ਬਿਨਾਂ ਨਾ ਰਹਿ ਸਕਦਾ। ਅਨਪੜ੍ਹ, ਪੜ੍ਹੇ-ਲਿਖੇ, ਹਰੇਕ ਤੋਂ ਕੁਝ ਸਿੱਖਣਾ ਚਾਹੁੰਦਾ। ਅੰਤਾਂ ਦਾ ਗੰਭੀਰ ਸਰੋਤਾ। ਨਿੱਜੀ ਅਕੀਦੇ ਜਾਂ ਵਿਸ਼ਵਾਸ ਪੱਖੋਂ ਵਿਰੋਧੀ ਵਿਚਾਰਾਂ ਨੂੰ ਵੀ ਮਾਨਤਾ ਦੇਣ ਵਾਲਾ। ਗ਼ਰੀਬ ਅਮੀਰ, ਸਾਧ ਫ਼ਕੀਰ, ਪੰਡਤ ਭਾਈ ਜੀ, ਹਰੇਕ ਵਿਅਕਤੀ ਪਾਸੋਂ ਕੋਈ ਗੁਣ ਲੈਣਾ ਲੋਚਦਾ। ਸ਼ੌਕ ਵਜੋਂ ਕਵੀਸ਼ਰੀ ਕਰਦਾ। ਨੇੜਲੇ ਪਿੰਡਾਂ ਤੋਂ ਆਪਣੇ ਸਾਥੀ ਕਵੀਸ਼ਰਾਂ ਦੇ ਆਗੂ ਵਜੋਂ ਅੱਗੇ ਹੋ ਕੇ ਗਾਉਂਦਾ। ਕਵੀਸ਼ਰੀ ਦੇ ਸਾਰੇ ਪ੍ਰਸੰਗ ਉਹ ਖੇਤੀ ਦੇ ਆਹਰ ਲੱਗਿਆ, ਬਲਦ ਹੱਕਦਾ, ਜ਼ਬਾਨੀ ਯਾਦ ਕਰ ਲੈਂਦਾ। ਹਲ ਵਾਹੁੰਦਾ, ਉਹੀ ਛੰਦ ਗਾਉਂਦਾ, ਦੁਹਰਾਉਂਦਾ ਰਹਿੰਦਾ। ਉਹ ਮੇਰੇ ਬਚਪਨ ਤੋਂ ਹੀ ਮੈਨੂੰ, ਪੜ੍ਹੀ ਵਿੱਦਿਆ ਨੂੰ ਕੰਠ ਕਰਨ ਬਾਰੇ ਟੋਟਕੇ ਸਣਾਉਂਦਾ…।
ਸ਼ਬਦ ਚਿੱਤਰ ਦਾ ਅੰਤ: ਬਾਬੇ ਦੇ ਚਲਾਣੇ ਮਗਰੋਂ ਬਾਪੂ ਨੂੰ ਪੂਰਾ ਵਿਰਾਸਤੀ ਹਿੱਸਾ ਮਿਲਣ ਨਾਲ ਹੱਥ ਕੁਝ ਸੁਖਾਲਾ ਹੋ ਗਿਆ। ਸੱਤਰਵਿਆਂ ਵਿਚ ਬਿਜਲੀ ਦੀ ਮੋਟਰ ਲੱਗ ਗਈ ਤਾਂ ਬੈਲਟਾਂ ਤੋੜਦੇ, ਹੱਥ ਕਾਲੇ ਕਰਦੇ ਡੀਜ਼ਲ ਇੰਜਣ ਤੋਂ ਖਹਿੜਾ ਛੁੱਟ ਗਿਆ। ਲੈਂਡ ਮਾਰਗੇਜ਼ ਬੈਂਕ ਤੋਂ ਦਸ ਸਾਲਾ ਲੋਨ ਲੈ ਕੇ ਬਾਪੂ ਨੇ ਦਾਦੇ ਵੱਲੋਂ ਸਾਂਝੇ ਥਾਂ ਗਹਿਣੇ ਧਰੀ ਜ਼ਮੀਨ ਵੀ ਛੁਡਾ ਲਈ ਸੀ। ਬਾਪੂ ਪਿੰਡ ਵੱਲ ਬਹੁਤ ਘੱਟ ਗੇੜਾ ਮਾਰਦਾ। ਉਸ ਨੇ ਹੁਣ ਖੂਹ ਉਪਰ ਹੀ ਪੱਕੇ ਡੇਰੇ ਲਾ ਲਏ। ਹਰੇ ਇਨਕਲਾਬ ਦੀ ਚੜ੍ਹਤ ਨਾਲ ਖੇਤਾਂ ਵਿਚ ਲਹਿਰਾਂ ਲੱਗ ਗਈਆਂ। ਢਲ਼ੀ ਉਮਰ ਦੀ ਇਕ ਮੂੰਹ ਤੂੰਹ ਲੱਗਦੀ ਔਰਤ, ਕੱਖ ਪੱਠਾ ਲੈਣ ਦੇ ਪੱਜ ਓਧਰ ਗੇੜਾ ਮਾਰਦੀ, ਬਾਪੂ ਨਾਲ ਹੱਸਦੀ, ਖਿੱਲਾਂ ਡੋਲ੍ਹਦੀ। ਕਿੰਨੀਆਂ ਈ ਗੱਲਾਂ ਕਰਦੀ।
“ਮੁੰਡਿਆ, ਆਥਣ ਵੇਲੇ ਆਪਣੇ ਖੂਹ ਕੰਨੀ ਜ਼ਰੂਰ ਜਾਇਆ ਕਰ। ਕੱਲ੍ਹ ਨੂੰ ਥੋਡੇ ਵਿਆਹ ਮੰਗਣੇ ਵੀ ਕਰਨੇ ਆਂ। ਹੋਰ ਨਾ ਤੇਰਾ ਪਿਉ ਥੋਡਾ ਅੱਗਾ ਖੜ੍ਹਾ ਕਰ ਦੇਵੇ। ਫਿ਼ਕਰਮੰਦ ਹੋਈ ਬੀਬੀ ਮੈਨੂੰ ਕਾਲਜੋਂ ਮੁੜਦੇ ਨੂੰ ਤਾੜਦੀ, ਧੱਕੇ ਨਾਲ ਖੂਹ ਵੱਲ ਤੋਰਦੀ। ਪਤਾ ਨਹੀਂ, ਉਸ ਨੂੰ ਕਿਸੇ ਗੁੱਝੇ ਭੇਤ ਦਾ ਕਿੱਥੋਂ ਪਤਾ ਲੱਗ ਗਿਆ ਸੀ?”
ਬਿਲਿੰਗ ਗਲਪਕਾਰੀ ਦਾ ਗੁੱਝਾ ਰੁਸਤਮ ਨਿਕਲਿਆ। ‘ਖਾਲੀ ਖੂਹਾਂ ਦੀ ਕਥਾ’ ਵਰਗੇ ਨਾਵਲ ਐਵੇਂ ਨਹੀਂ ਲਿਖੇ ਜਾਂਦੇ!
ਉਹਦੀ ਵਾਰਤਕ ਦੀ ਕਿਤਾਬ ‘ਮੇਰਾ ਪਿੰਡ ਮੇਰੇ ਲੋਕ’ 2022 ਵਿਚ ਪ੍ਰਕਾਸ਼ਤ ਹੋਈ। ਉਸ ਦੇ ਸਰਵਰਕ ਉਤੇ ਉਹਨੇ ਲਿਖਿਆ: ਇਸ ਪੋਥੀ ਵਿਚ ਮੇਰਾ ਪਿੰਡ ਵਸਦਾ ਹੈ-ਪਿਛਲੇ 110 ਵਰ੍ਹਿਆਂ ਦਾ ਕੰਨੀਂ ਸੁਣਿਆ ਤੇ ਅੱਖੀਂ ਡਿੱਠਾ ਪਿੰਡ। ਇਸ ਨੂੰ ਪੜ੍ਹ ਕੇ ਤੁਹਾਨੂੰ ਆਪਣੀ ਜਨਮ ਭੋਇੰ ਯਾਦ ਨਾ ਆਵੇ, ਇਹ ਹੋ ਨਹੀਂ ਸਕਦਾ। ਇਸ ਦੇ ਅੰਦਰ ਪ੍ਰਵੇਸ਼ ਕਰੋ ਸਹੀ, ਤੁਸੀਂ ਆਪਣੇ ਆਦੀ ਘਰ, ਆਪਣੀ ਗਲ਼ੀ, ਆਪਣੇ ਮੁਹੱਲੇ, ਆਪਣੇ ਲੋਕਾਂ ਵਿਚ ਪਹੁੰਚ ਜਾਵੋਗੇ। ਮੇਰਾ ਪਿੰਡ ਕਿਹੋ ਜਿਹਾ ਸੀ, ਕਿਵੇਂ ਬਦਲਿਆ, ਕਿਧਰ ਨੂੰ ਜਾ ਰਿਹਾ-ਤੁਸੀਂ ਸਭ ਸਮਝ ਜਾਓਗੇ। ਵਿਦੇਸ਼ ਵਿਚ ਪਿੰਡ ਖ਼ਤਮ ਹੋ ਚੁੱਕੇ ਹਨ। ਕਿਤੇ ਸਾਡਾ ਨਗਰ ਵੀ ਉਸ ਰਸਤੇ ਤਾਂ ਨਹੀਂ ਤੁਰ ਪਿਆ? ਇਸ ਪੁਸਤਕ ਤੋਂ ਪਾਰ ਜਾਂਦਿਆਂ ਇਹ ਵੀ ਸੰਸਾ ਉਪਜੇਗਾ ਜ਼ਰੂਰ। ਇਸ ਪੋਥੀ ਨੂੰ ਪੜ੍ਹਨ ਮਗਰੋਂ ਸੁੱਤੇ ਸਿੱਧ ਕੀਤੇ ਅਜਿਹੇ ਕਈ ਸਰਵਿਆਂ ਵਿਚੋਂ ਲੰਘਦਿਆਂ ਸ਼ਾਇਦ ਤੁਹਾਡੇ ਮਨ ਵਿਚ ਵੀ ਆਪਣੇ ਮੂਲ ਨੂੰ ਪਛਾਨਣ ਦੀ ਤੀਬਰ ਇੱਛਾ ਜਾਗ ਪਵੇ।
ਪੁਸਤਕ ਦੇ ਤਤਕਰੇ ਵਿਚ ਬਿਲਿੰਗ ਨੇ ‘ਕਹਾਣੀ ਮੇਰੇ ਪਿੰਡ ਦੀ’ ਤੋਂ ਸ਼ੁਰੂ ਕਰ ਕੇ ‘ਬਿਲਿੰਗ ਦੀਆਂ ਚਾਰ ਪੱਤੀਆਂ’ ਤਕ 38 ਚੈਪਟਰ ਭਰੇ ਹਨ। ਉਨ੍ਹਾਂ ਵਿਚ, ਨਗਰ ਖੇੜਾ, ਹਲਟੀ ਵਾਲਾ ਬਰੋਟਾ, ਉੱਚੀ ਬੀਹੀ, ਮਨ ਪਰਚਾਵਾ, ਨਸ਼ੇ ਤੇ ਖੁਦਕੁਸ਼ੀਆਂ, ਅੱਠ ਉੱਦਮੀ ਨੌਜਵਾਨ, ਤਿੰਨ ਪੀੜ੍ਹੀਆਂ ਤੋਂ ਸਫਲ ਨੌਂ ਭੰਗੂ ਭਰਾ, ਕਵੀਸ਼ਰ ਗਾਇਕ ਸ਼ਾਇਰ ਤੇ ਲੇਖਕ, ਸੇਹ ਮਾਸਟਰਾਂ ਦੀ, ਵੈਦ ਹਕੀਮ ਤੇ ਡਾਕਟਰ, ਪੰਜ ਪੀੜ੍ਹੀਆਂ ਤੋਂ ਪੜ੍ਹਿਆ ਟੱਬਰ, ਮੋਹਤਬਰ ਬੰਦੇ, ਪਰਦੇਸੀਂ ਵਸਦਾ ਪਿੰਡ ਤੇ ਪਿੰਡ ਦੇ ਮਸ਼ਹੂਰ ਲਾਣਿਆਂ ਤੋਂ ਲੈ ਕੇ ‘ਮਸ਼ਹੂਰ ਖਿਡਾਰੀ’ ਤੇ ‘ਨਗਰ ਦੇ ਨਾਮਵਰ ਐਥਲੀਟਾਂ’ ਬਾਰੇ ਵੀ ਅਧਿਆਏ ਸ਼ਾਮਲ ਹਨ। ਇੰਜ ਉਸ ਨੇ ਖਿਡਾਰੀਆਂ ਬਾਰੇ ਵੀ ਕਲਮ ਵਾਹ ਦਿੱਤੀ ਹੈ।
‘ਮੇਰੀ ਇਹ ਪੁਸਤਕ’ ਦੇ ਮੁੱਢਲੇ ਸ਼ਬਦਾਂ ਵਿਚ ਉਸ ਨੇ ਲਿਖਿਆ ਹੈ: ਚਾਰ ਸੌ ਪਚਵੰਜਾ ਚੁੱਲ੍ਹਿਆਂ ਤੇ 2182 ਬੰਦਿਆਂ (ਔਰਤਾਂ 1020 ਤੇ ਪੁਰਸ਼ 1162) ਵਾਲੀ ਮੇਰੀ ਛੋਟੀ ਜਿਹੀ ਨਗਰੀ ਵਿਚੋਂ ਕਰੀਬ 100 ਘਰਾਂ ਦੇ ਨੁਮਾਇੰਦੇ ਤਾਂ ਇਕੱਲੇ ਕੈਨੇਡਾ ਵਿਚ ਜਾ ਵਸੇ। ਅਮਰੀਕਾ, ਆਸਟਰੇਲੀਆ, ਇਟਲੀ, ਇੰਗਲੈਂਡ, ਨਿਊਜ਼ੀਲੈਂਡ ਤੇ ਹੋਰ ਦੇਸ਼ਾਂ ਵਿਚਲੇ 65-70 ਵੱਖਰੇ ਹਨ। ਚੁੱਲ੍ਹਿਆਂ ਦੀ ਗਿਣਤੀ ਕਰੀਏ ਤਾਂ ਤੀਜਾ ਹਿੱਸਾ ਪਿੰਡ ਵਿਦੇਸ਼ਾਂ ਵਿਚ ਵਸਦਾ ਹੈ। ਰਾਜਧਾਨੀ ਤੋਂ ਦੂਰ ਹਾਲ ਅਬਾਦ ਇਸ ਨਗਰ ਦੀ ਕੁੱਲ 1253 ਏਕੜ ਜ਼ਮੀਨ ਵਿਚੋਂ 370 ਕਿੱਲੇ ਭੋਇੰ ਅਰਥਾਤ ਤੀਜਾ ਹਿੱਸਾ ਸਿਆੜ ਵਿਕ ਚੁੱਕੇ ਹਨ-70 ਏਕੜ ਆਪਣਿਆਂ ਕੋਲ, ਬਾਕੀ ਸਾਰੀ ਬਾਹਰਲਿਆਂ ਨੇ ਖਰੀਦੀ ਹੈ, ਜੋ ਇਥੇ ਨਹੀਂ ਰਹਿੰਦੇ। ਕੀ ਪਿੰਡ ਉਜੜ ਰਿਹਾ ਹੈ? ਨਹੀਂ। ਇਹ ਗੱਲ ਨਹੀਂ। ਬਦਲ ਜ਼ਰੂਰ ਰਿਹਾ ਹੈ। ਕੀ ਪਿੰਡ ਵਿਚ ਰੁਜ਼ਗਾਰ ਨਹੀਂ? ‘ਅੱਠ ਉੱਦਮੀ ਨੌਜਵਾਨ’ ਜਾਂ ‘ਤਿੰਨ ਪੀੜ੍ਹੀਆਂ ਤੋਂ ਸਫਲ ਨੌਂ ਭੰਗੂ ਭਰਾ’ ਵਰਗੇ ਚੈਪਟਰ ਅਤੇ ਤਿੰਨ ਕਾਮਯਾਬ ਕਿਸਾਨਾਂ ਦੀਆਂ ਮਿਸਾਲਾਂ ਪੜ੍ਹ ਕੇ ਅਸੀਂ ਇਹ ਸਿੱਟਾ ਵੀ ਨਹੀਂ ਕੱਢ ਸਕਦੇ।
ਅੱਜ ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਦੀ ਮੌਜੂਦਾ ਗਿਣਤੀ ਕੁੱਲ 33 ਹੈ। ਜੱਟ ਬਰਾਦਰੀ ਦਾ ਕੋਈ ਬੱਚਾ ਇਥੇ ਨਹੀਂ ਪੜ੍ਹਦਾ। ਹਾਈ ਸਕੂਲ ਵਿਚ ਕੁਲ ਗਿਣਤੀ 83 ਹੈ ਜਿਸ ਵਿਚੋਂ 13 ਕਿਸਾਨ ਅਤੇ ਬਾਕੀ ਸਾਰੇ ਕਿਰਤੀਆਂ ਦੇ ਬੱਚੇ ਹਨ। ਇਨ੍ਹਾਂ ਵਿਚ 5 ਬੱਚੇ ਇਥੇ ਪੱਕੇ ਵਸਦੇ ਪਰਵਾਸੀ ਮਜ਼ਦੂਰਾਂ ਦੇ ਵੀ ਸ਼ਾਮਲ ਹਨ। ਅਜੋਕੀਆਂ ਸਹੂਲਤਾਂ ਦੇ ਬਾਵਜੂਦ ਕਿੰਨੇ ਜਣੇ ਕਾਲਜ ਜਾਣਗੇ, ਕਿੰਨਿਆਂ ਨੂੰ ਸਰਵਿਸ ਮਿਲੇਗੀ, ਕਹਿ ਨਹੀਂ ਸਕਦੇ। ਪਿੰਡ ਦੇ ਬਹੁਗਿਣਤੀ ਬਾਲ ਪਿੰਡ ਵਿਚਲੇ ਸਕੂਲਾਂ ਵਿਚ ਮਾਂ ਬੋਲੀ ਨਹੀਂ ਪੜ੍ਹਦੇ, ਕੂਲ਼ੇ ਬਚਪਨ ਦੌਰਾਨ ਹੀ ਅੰਗਰੇਜ਼ੀ ਸਕੂਲਾਂ ਵੱਲ ਅਹੁਲਦੇ ਹਨ। ਪਰਵਾਸੀ ਮਜ਼ਦੂਰਾਂ ਦੇ ਬੱਚੇ ਪੰਜਾਬੀ ਸਿੱਖਦੇ, ਪੰਜਾਬੀ ਪਹਿਰਾਵਾ ਪਹਿਨਦੇ, ਪੰਜਾਬੀ ਕਲਚਰ ਨੂੰ ਅਪਣਾਅ ਰਹੇ ਹਨ…।
ਇਸ ਪੋਥੀ ਨੂੰ ਪੜ੍ਹਨ ਮਗਰੋਂ ਸੁਤੇ ਸਿੱਧ ਕੀਤੇ ਅਜਿਹੇ ਕਈ ਸਰਵਿਆਂ ਵਿਚੋਂ ਲੰਘਦਿਆਂ ਸ਼ਾਇਦ ਤੁਹਾਡੇ ਮਨ ਵਿਚ ਵੀ ਆਪਣੇ ਮੂਲ ਨੂੰ ਪਛਾਨਣ ਦੀ ਤੀਬਰ ਇੱਛਾ ਜਾਗ ਪਵੇ ਜਿਵੇਂ ਪਾਣੀ ਵਿਚ ਕਮਲ ਦੇ ਫੁੱਲ ਉੱਤੇ ਉਪਜਿਆ ਬੈਠਾ ਪਹਿਲਾ ਇਤਿਹਾਸਕ ਮਾਨਵ ਉਸ ਫੁੱਲ ਹੇਠਲੀ ਜੜ੍ਹ ਨੂੰ ਫੜ ਕੇ ਆਪਣਾ ਮੂਲ ਲੱਭਣ ਲਈ ਸਮੁੰਦਰਾਂ ਨੂੰ ਥੱਲੇ ਹੀ ਥੱਲੇ ਗਾਹੁੰਦਾ ਚੱਲ ਪਿਆ ਸੀ…।
1997 ਵਿਚ ‘ਨਰੰਜਣ ਮਸ਼ਾਲਚੀ’ ਨਾਲ ਨਾਵਲ ਨਿਗਾਰੀ ਦਾ ਸਫ਼ਰ ਸ਼ੁਰੂ ਕਰਨ ਵਾਲਾ ਬਿਲਿੰਗ 2019 `ਚ ਛਪੇ ਆਪਣੇ ਅੱਠਵੇਂ ਨਾਵਲ ‘ਰਿਜ਼ਕ’ ਤਕ ਪੁੱਜ ਚੁੱਕਾ ਹੈ ਜੋ ਅਸਲ ਵਿਚ ਬੰਦੇ ਦੀ ਰਿਜ਼ਕ ਲਈ ਪਰਵਾਸ ਕਰਨ ਦੀ ਕਥਾ ਹੈ। ਬਿਲਿੰਗ ਬਚਪਨ, ਜੁਆਨੀ ਤੇ ਢਲਦੀ ਉਮਰ ਆਪਣੇ ਪਿੰਡ `ਚ ਬਿਤਾਉਣ ਬਾਅਦ ਬੁਢਾਪਾ ਪਰਵਾਸੀ ਹੋਣ ਦਾ ਹੰਢਾਅ ਰਿਹੈ। ਪੇਸ਼ ਹੈ ਉਹਦੀ ਪਿੰਡ ਦੇ ਖਿਡਾਰੀਆਂ ਤੇ ਐਥਲੀਟਾਂ ਬਾਰੇ ਲਿਖੀ ਕਥਾ ਵਾਰਤਾ:
ਕਬੱਡੀ ਤੇ ਫੁੱਟਬਾਲ ਦੇ ਖਿਡਾਰੀ
ਅੱਜਕੱਲ੍ਹ ਬੜੇ ਟੂਰਨਾਮੈਂਟ ਸਾਡੇ ਪਿੰਡਾਂ ਵਿਚ ਹੁੰਦੇ। ਖਰਚਾ ਵੀ ਬਹੁਤ ਜਿ਼ਆਦਾ ਕਰਦੇ। ਵਿੱਤੀ ਸਹਾਇਤਾ ਦੀ ਕਮੀ ਨਹੀਂ ਪਰ ਕੋਈ ਵਿਰਲਾ ਟਾਵਾਂ ਨਗਰ ਹੀ ਖੇਡਾਂ ਨੂੰ ਅਸਲ ਅਰਥਾਂ ਵਿਚ ਸਮਰਪਿਤ ਹੈ ਜਿਸ ਦਾ ਨਿਸ਼ਾਨਾ ਕੇਵਲ ਦਿਖਾਵਾ ਤੇ ਧੂਮ ਧੜੱਕਾ ਨਹੀਂ, ਸਗੋਂ ਖੇਡ ਖੇਡਣੀ ਤੇ ਖੇਡਾਂ ਕਰਵਾਉਣੀਆਂ ਹੋਵੇ। ਖਿਡਾਰੀ ਬਣਾਉਣਾ ਤੇ ਖੇਡ ਭਾਵਨਾ ਪੈਦਾ ਕਰਨੀ ਜਿਸ ਦਾ ਨਿਸ਼ਾਨਾ ਹੋਵੇ। ਜਿ਼ਆਦਾ ਥਾਵਾਂ ਉਤੇ ਮੌਜ ਮੇਲਾ ਪ੍ਰਧਾਨ ਹੈ। ਕਿਸੇ ਸਿਆਸਤਦਾਨ ਨੂੰ ਸੱਦ ਕੇ ਇਕੱਠ ਦਿਖਾਉਣਾ, ਖਾਣਾ ਪੀਣਾ ਅਤੇ ਸਿਆਸਤ ਚਮਕਾਉਣਾ ਅੱਜ ਸਾਡਾ ਮੁਖ ਮਕਸਦ ਬਣ ਗਿਆ ਹੈ। ਜਦੋਂ ਟੂਰਨਾਮੈਂਟ ਹੁੰਦਾ, ਨੇੜਲੇ ਖੂਹਾਂ ਮੋਟਰਾਂ ਉਤੇ ਜਾ ਕੇ ਦੇਖੀਏ। ਵਰਤ ਕੇ ਸੁੱਟੀਆਂ ਸੂਈਆਂ ਸਰਿੰਜਾਂ ਹਰ ਪਾਸੇ ਦਿਖਾਈ ਦੇਣਗੀਆਂ ਜਿਨ੍ਹਾਂ ਦੁਆਰਾ ਨਸ਼ੇ ਦੇ ਟੀਕੇ ਲਾ ਕੇ ਸਾਡੇ ਖਿਡਾਰੀ ਆਪੋ ਆਪਣੀ ਟੀਮ ਵਿਚ ਬਣਾਵਟੀ ਬਾਹੂ ਬਲ ਦੇ ਜੌਹਰ ਦਿਖਾ ਰਹੇ ਹੁੰਦੇ।
ਸਕੂਲਾਂ-ਕਾਲਜਾਂ ਵਿਚ ਵੀ ਸਾਡਾ ਸਾਰਾ ਜ਼ੋਰ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਕਰਵਾਉਣ ਉਤੇ ਲੱਗਿਆ ਹੋਇਐ। ਕੇਵਲ ਇਕਤਰਫ਼ਾ ਵਿਕਾਸ। ਕਿਤਾਬੀ ਕੀੜੇ ਜਾਂ ਵਿੱਦਿਆ ਤੋਂ ਊਣੇ ਖਿਡਾਰੀ। ਵਿਦੇਸ਼ਾਂ ਵਾਂਗ ਖੇਡਾਂ ਤੇ ਪੜ੍ਹਾਈ ਵਿਚ ਤਵਾਜ਼ਨ ਬਣਾਉਣਾ ਸਾਡੀ ਵਿੱਦਿਆ ਦਾ ਕਾਗਜ਼ੀ ਟੀਚਾ ਬੇਸ਼ਕ ਹੋਵੇ ਪਰ ਇਹ ਅਮਲੀ ਹਕੀਕਤ ਨਹੀਂ। ਜਿਹੜੇ ਵਿਦਿਆਰਥੀ ਖੇਡਾਂ ਵਿਚ ਪੈ ਜਾਂਦੇ, ਉਨ੍ਹਾਂ ਦੀ ਬਹੁਗਿਣਤੀ ਨਿਸ਼ਚੇ ਹੀ ਪੜ੍ਹਾਈ ਵਿਚ ਪਛੜ ਜਾਂਦੀ। ਸਾਡੇ ਅਧਿਆਪਕ ਵੀ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ‘ਦੁਰ ਪਰੇ’ ਕਰਦੇ। ਮੈਂ ਕਈ ਅਜਿਹੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਖੇਡਾਂ ਨੂੰ ਨਿਗੂਣੀਆਂ ਸਮਝਦਿਆਂ ਆਪਣੇ ਬੱਚੇ ਬੱਚੀਆਂ ਨੂੰ ਖੇਡਾਂ ਦੀ ਥਾਂ ਉੱਚ ਵਿੱਦਿਆ ਪ੍ਰਾਪਤੀ ਵਾਲੇ ਪਾਸੇ ਪਾਇਆ ਕਿਉਂਕਿ ਖੇਡਾਂ ਉਨ੍ਹਾਂ ਦੀ ਨਜ਼ਰ ਵਿਚ ਉਹ ਰੁਜ਼ਗਾਰ ਮੁਹੱਈਆ ਨਹੀਂ ਕਰਵਾਉਂਦੀਆਂ, ਜੋ ਉੱਚ ਸਿੱਖਿਆ ਕਰਵਾ ਸਕਦੀ।
ਪਰ 1960ਵਿਆਂ ਵਿਚ ਜਦੋਂ ਅਸੀਂ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ, ਹਾਲਾਤ ਵੱਖਰੇ ਸਨ। ਜੀਵਨ ਦੀ ਤੋਰ ਧੀਮੀ ਸੀ। ਅਜੋਕੇ ਸਟੈਂਡਰਡ ਦੇ ਵਿਦਿਅਕ ਅਦਾਰੇ ਨਹੀਂ ਸਨ। ਬੱਸਾਂ ਸਕੂਟਰ ਦੂਰ ਰਹੇ, ਸਾਈਕਲ ਵੀ ਸਾਰਿਆਂ ਕੋਲ ਨਾ ਹੁੰਦੇ। ਸਕੂਲਾਂ, ਕਾਲਜਾਂ ਵਿਚ ਹੁਣ ਜਿੰਨੀਆਂ ਸਹੂਲਤਾਂ ਨਹੀਂ ਸਨ। ਐਪਰ ਉਨ੍ਹਾਂ ਭਲ਼ੇ ਵੇਲਿਆਂ ਵਿਚ ਹਾਈ ਸਕੂਲਾਂ ਦੇ ਪੀਟੀਆਈ ਤੇ ਹੈੱਡਮਾਸਟਰ, ਕਾਲਜਾਂ ਦੇ ਡੀਪੀਈ ਪੇਂਡੂ ਟੈਰਨਾਮੈਂਟਾਂ `ਤੇ ਆਪ ਜਾਂਦੇ। ਵੱਖੋ ਵੱਖਰੇ ਮੇਲਿਆਂ ਵਿਚ ਹੁੰਦੀਆਂ ਖੇਡਾਂ ਦੇ ਮੈਚ ਵੇਖਦੇ। ਉਥੋਂ ਹੋਣਹਾਰ ਖਿਡਾਰੀਆਂ ਨੂੰ ਪਰਖਦੇ, ਚੁਣਦੇ। ਉਨ੍ਹਾਂ ਦੇ ਮਾਪਿਆਂ ਨੂੰ ਘਰ ਜਾ ਕੇ ਮਿਲਦੇ। ਫੀਸ ਮੁਆਫ਼ੀ, ਮੁਫ਼ਤ ਹੋਸਟਲ ਤੇ ਹੋਰ ਸਹੂਲਤਾਂ ਦੇਣ ਦੇ ਲਾਲਚ ਦਿੰਦੇ, ਆਪਣੀ ਸੰਸਥਾ ਵਿਚ ਖਿੱਚ ਲਿਆਉਂਦੇ।
ਗ਼ਰੀਬੀ ਦੇ ਬਾਵਜੂਦ ਮੇਰੇ ਪਿੰਡ ਦੇ ਗਭਰੂਆਂ ਵਿਚ ਉਦੋਂ ਖੇਡਾਂ ਲਈ ਅਥਾਹ ਲਗਨ ਤੇ ਸ਼ੌਕ ਸੀ। ਖੇਡਣ ਦਾ ਚਾਅ ਏਨਾ ਸੀ ਕਿ ‘ਬਰਵਾਲੀ ਵਾਲਿਆਂ’ ਵਜੋਂ ਸਾਡੇ ਪਿੰਡ ਵਿਚ ਮਸ਼ਹੂਰ ਪਰਿਵਾਰ ਦੇ ਚਾਰ ਮੁੰਡੇ ਕਬੱਡੀ ਤੇ ਫੁੱਟਬਾਲ ਖੇਡਦੇ। ਬਚਨਾ, ਬਲੌਰਾ, ਮਲਕੀਤ ਤੇ ਪ੍ਰੀਤਮ। ਸੇਹ ਦੀਆਂ ਕਬੱਡੀ ਤੇ ਫੁੱਟਬਾਲ ਦੀਆਂ ਟੀਮਾਂ ਉਦੋਂ ਇਲਾਕੇ ਵਿਚ ਮਸ਼ਹੂਰ ਸਨ ਜਿਨ੍ਹਾਂ ਦੇ ਨਸ਼ਾ ਰਹਿਤ ਖਿਡਾਰੀ ਖ਼ਾਲਸਾ ਸਕੂਲ ਖੰਨਾ ਅਤੇ ਨੈਸ਼ਨਲ ਹਾਈ ਸਕੂਲ ਮਾਨੂੰਪੁਰ ਦੇ ਪੀਟੀਆਈ ਰਤਨ ਸਿੰਘ ਤੇ ਦੀਦਾਰ ਸਿੰਘ ਵੱਲੋਂ ਕਰਵਾਏ ਕਠਨ ਅਭਿਆਸ ਸਦਕਾ ਪਰਵਾਨ ਚੜ੍ਹੇ। ਇਨ੍ਹਾਂ ਖੇਡਾਂ ਸਦਕਾ ਚੰਗੇ ਰੁਜ਼ਗਾਰ ਦੀ ਪ੍ਰਾਪਤੀ ਹੋਈ। ਉਹ ਬਾਅਦ ਵਿਚ ਵੀ ਲੋਕਲ ਟੂਰਨਾਮੈਂਟਾਂ ਵਿਚ ਸ਼ੌਕ ਵਜੋਂ ਭਾਗ ਲੈਂਦੇ। ਸਾਡੇ ਇਲਾਕੇ ਵਿਚ ਸ਼ਹੀਦ ਕਰਨੈਲ ਸਿੰਘ ਈਸੜੂ ਯਾਦਗਾਰੀ ਟੂਰਨਾਮੈਂਟ ਹਰ ਸਾਲ 15 ਅਗਸਤ ਦੇ ਆਜ਼ਾਦੀ ਦਿਵਸ ਸਮਾਗਮਾਂ ਮੌਕੇ ਕਰਵਾਇਆ ਜਾਂਦਾ। ਮੇਰੇ ਪਿੰਡ ਦੀ ਫੁੱਟਬਾਲ ਟੀਮ ਉਥੇ ਲਗਾਤਾਰ ਤਿੰਨ ਸਾਲ ਫਸਟ ਆਉਂਦੀ ਰਹੀ। ਇਨ੍ਹਾਂ ਵਿਚੋਂ ਪੰਜਾਬ ਖੇਡਿਆ ਪਿਆਰਾ ਸਿੰਘ ਬਿਲਿੰਗ ਪੁਲਿਸ ਵਿਚ, ਸਾਧੂ ਸਿੰਘ ਬਿਲਿੰਗ, ਕਸ਼ਮੀਰਾ ਸਿੰਘ ਭੰਗੂ ਅਤੇ ਤੇਜਾ ਸਿੰਘ ਫੌਜ ਵਿਚ, ਕਸ਼ਮੀਰਾ ਸਿੰਘ ਅਧਿਆਪਕ, ਨਿਰਮਲ ਸਿੰਘ, ਪ੍ਰੀਤਮ ਸਿੰਘ ‘ਡਾਕਟਰ’ ਤੇ ਪ੍ਰੀਤਮ ਸਿੰਘ ਵੱਖੋ-ਵੱਖ ਸਰਕਾਰੀ ਮਹਿਕਮਿਆਂ ਵਿਚ ਤਾਇਨਾਤ ਰਹੇ ਜਦੋਂ ਕਿ ਮਹਿੰਦਰ ਸਿੰਘ ਜਗਦਿਓ ਬਿਜ਼ਨਸ, ਸੁਰਿੰਦਰ ਸਿੰਘ ਬਿਲਿੰਗ ਤੇ ਚਰਨ ਸਿੰਘ ਭੰਗੂ ਤਕੜੀ ਖੇਤੀ ਕਰਦੇ।
ਬਰਵਾਲੀ ਵਾਲਿਆਂ ਦੇ ਲਾਣੇ ਵਿਚੋਂ ਚਾਰ ਭਰਾ ਬਚਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ ਉਰਫ ਬਲੌਰਾ ਅਤੇ ਡਾ. ਪ੍ਰੀਤਮ ਸਿੰਘ ਇਨਾਮੀ ਖਿਡਾਰੀ ਸਨ, ਜਿਨ੍ਹਾਂ ਪੰਜਾਹਵਿਆਂ ਵਿਚ ਸਭ ਤੋਂ ਪਹਿਲਾਂ ਬੰਬਾ ਅਰਥਾਤ ਡੀਜ਼ਲ ਇੰਜਣ ਲਗਾਇਆ। ਉਸ ਬਿਲਿੰਗ ਲਾਣੇ ਨੂੰ ਬੰਬੇ ਵਾਲਿਆਂ ਦੇ ਆਖਦੇ। ਮਾਸਟਰ ਮਲਾਗਰ ਸਿੰਘ, ਮਾਸਟਰ ਕਸ਼ਮੀਰਾ ਸਿੰਘ, ਮਾਸਟਰ ਨਾਜ਼ਰ ਸਿੰਘ, ਡਾ. ਅਮਰੀਕ ਸਿੰਘ, ਦਰਸ਼ਨ ਸਿੰਘ ਤੇ ਧੰਨਾ ਸਿੰਘ ਸਾਰੇ ਚਾਚੇ ਤਾਏ ਦੇ ਪੁੱਤਰ ਪੰਜਾਹਵਿਆਂ ਤੇ ਸੱਠਵਿਆਂ ਵਿਚ ਫੁੱਟਬਾਲ ਦੇ ਉੱਤਮ ਖਿਡਾਰੀ ਰਹੇ। ਚੌਂਕੜੀਆਂ ਦੇ ਲਾਣੇ `ਚੋਂ ਡਾ. ਨਿਰਮਲ ਸਿੰਘ ਫੁੱਟਬਾਲ ਦੇ ਮੋਢੀ ਖਿਡਾਰੀਆਂ ਵਿਚੋਂ ਸਨ। ਜੋਗਿੰਦਰ ਸਿੰਘ ਭੰਗੂ ਵੀ ਪਹਿਲੀ ਪੀੜ੍ਹੀ ਦੇ ਫੁੱਟਬਾਲ ਖਿਡਾਰੀਆਂ ਵਿਚ ਮਸ਼ਹੂਰ ਰਹੇ। ਫੌਜੀ ਸਾਧੂ ਸਿੰਘ ਤੇ ਪਿਆਰਾ ਸਿੰਘ ਭੋਡੂਆਂ ਦੇ ਲਾਣੇ ਵਿਚੋਂ ਫੁੱਟਬਾਲ ਦੇ ਖਿਡਾਰੀ ਹੋਣ ਕਾਰਨ ਫੌਜ ਤੇ ਪੰਜਾਬ ਪੁਲਿਸ ਵਿਚ ਭਰਤੀ ਹੋਏ। ਫੌਜੀ ਤੇਜਾ ਚੋਟੀ ਦਾ ਕਬੱਡੀ ਖਿਡਾਰੀ ਸੀ। ਭੀੜੀ ਗਲੀ ਦਾ ਸੁਰਿੰਦਰ ਸਿੰਘ ਬਿਲਿੰਗ, ਫੌਜੀ ਕਸ਼ਮੀਰਾ ਸਿੰਘ, ਚਰਨ ਸਿੰਘ ਭੰਗੂ, ਮਹਿੰਦਰ ਸਿੰਘ ਜਗਦਿਓ ਤੇ ਪ੍ਰੀਤਮ ਸਿੰਘ ਜਗਦਿਓ ਸਾਰੇ ਹੀ ਆਪਣੇ ਸਮੇਂ ਫੁੱਟਬਾਲ ਦੇ ਤਕੜੇ ਖਿਡਾਰੀ ਰਹੇ।
ਨਗਰ ਦੇ ਨਾਮਵਰ ਐਥਲੀਟ
ਆਲੇ ਦੁਆਲੇ ਦੀ ਸਫਾਈ ਮਗਰੋਂ ਸਰੀਰ ਦੀ ਕਮਾਈ ਆਉਂਦੀ ਹੈ। ਜਿਸਮਾਨੀ ਕਸਰਤ, ਖੇਡਾਂ, ਗਤਕਾ, ਭਲਵਾਨੀ, ਦੌੜਾਂ ਤੇ ਹੋਰ ਕਸਰਤੀ ਕਾਰਜ। ਪੰਜਾਹਵਿਆਂ ਤੇ ਸੱਠਵਿਆਂ ਵਿਚ ਜਦੋਂ ਸਹੂਲਤਾਂ ਵੀ ਨਾ ਹੁੰਦੀਆਂ, ਮੇਰਾ ਪਿੰਡ ਖੇਡਾਂ ਖ਼ਾਸ ਕਰਕੇ ਫੁੱਟਬਾਲ ਅਤੇ ਕਬੱਡੀ ਵਿਚ ਇਲਾਕੇ ਦੇ ਮੋਹਰੀ ਪਿੰਡਾਂ ਵਿਚ ਗਿਣਿਆ ਜਾਂਦਾ। ਉਨ੍ਹਾਂ ਵੇਲਿਆਂ ਵਿਚ ਮਸ਼ਹੂਰ ਫੁੱਟਬਾਲ ਖਿਡਾਰੀਆਂ ਤੇ ਬਰਵਾਲੀ ਲਾਣੇ ਵਿਚੋਂ ਕਬੱਡੀ ਖੇਡਦੇ ਚਾਰ ਭਰਾਵਾਂ ਤੋਂ ਬਿਨਾਂ ਸੁਰਜੀਤ ਸਿੰਘ ਬਿਲਿੰਗ ਉਰਫ਼ ਸੀਤ ਪ੍ਰਧਾਨ, ਫੌਜੀ ਤੇਜਾ ਸਿੰਘ, ਫੌਜੀ ਕਸ਼ਮੀਰਾ ਸਿੰਘ ਭੰਗੂ, ਤੀਜੀ ਪੀੜ੍ਹੀ ਵਿਚ ਮਾਸਟਰ ਮੇਵਾ ਸਿੰਘ ਭੰਗੂ, ਮਾਸਟਰ ਮਹਿੰਦਰ ਸਿੰਘ ਬਿਲਿੰਗ, ਮਾਸਟਰ ਸੁਰਿੰਦਰ ਸਿੰਘ ਬਿਲਿੰਗ, ਡਾਕੀਆ ਸੁੱਚਾ ਸਿੰਘ ਪਰਜਾਪਤ, ਕਿਰਪਾਲ ਸਿੰਘ ਭੰਗੂ ਬਹੁਤ ਤਕੜੀ ਕਬੱਡੀ ਖੇਡਦੇ ਰਹੇ। ਇਨ੍ਹਾਂ ਤੋਂ ਬਾਅਦ ਚੌਥੀ ਪੀੜ੍ਹੀ ਵਿਚੋਂ ਕਸ਼ਮੀਰਾ ਸਿੰਘ, ਜਸਮੇਲ ਸਿੰਘ ਸਪੁੱਤਰ ਫੌਜੀ ਗੰਡਾ ਸਿੰਘ, ਦਲਵੀਰ ਸਿੰਘ ਸਪੁੱਤਰ ਤੇਜਾ ਸਿੰਘ ਦਰਜ਼ੀ ਵੀ ਕਬੱਡੀ ਖੇਡਦੇ ਰਹੇ। ਉਸ ਤੋਂ ਬਾਅਦ ਕਬੱਡੀ ਤੇ ਫੁੱਟਬਾਲ ਵਿਚ ਮੇਰੇ ਪਿੰਡ ਦਾ ਪਛੜ ਜਾਣਾ ਇਕ ਬੁਝਾਰਤ ਹੈ। ਅਥਲੈਟਿਕਸ ਵਿਚ ਜ਼ਰੂਰ ਕਈਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ। ਜਿਨ੍ਹਾਂ ਵਿਚੋਂ ਮਹਿੰਦਰ ਸਿੰਘ ਬਿਲਿੰਗ, ਕੁਲਵੀਰ ਸਿੰਘ ਖਟੜਾ, ਰਵਿੰਦਰ ਸਿੰਘ ਭੰਗੂ ਤੇ ਕਰਮਜੀਤ ਸਿੰਘ ਬਿਲਿੰਗ ਜਿ਼ਕਰਯੋਗ ਹਨ।
ਬੋਰੀ-ਚੁੱਕ ਮਲਾਗਰ ਸਿੰਘ ਬਿਲਿੰਗ ਤੇ ਦਿਆਲ ਸਿੰਘ ਮਹਿਰਾ: ਦੂਜੀ ਪੀੜ੍ਹੀ ਦੇ ਕਬੱਡੀ ਤੇ ਫੁੱਟਬਾਲ ਖਿਡਾਰੀਆਂ ਦੇ ਹਾਣੀ ਬੜੇ ਮਜ਼ਬੂਤ ਤੇ ਜ਼ੋਰਾਵਰ ਸਰੀਰ ਵਾਲੇ ਫੌਜੀ ਮਲਾਗਰ ਸਿੰਘ ‘ਰਛੀਨ ਵਾਲੇ ਲਾਣੇ’ ਵਿਚੋਂ ਅਤੇ ਦਿਆਲ ਸਿੰਘ ਸਪੁੱਤਰ ਈਸ਼ਰ ਸਿੰਘ ਮਹਿਰਾ ਬੋਰੀ ਚੁੱਕਦੇ ਰਹੇ। ਮਿੱਟੀ ਦੀ ਭਰੀ ਹੋਈ ਕੁਇੰਟਲ ਤੋਂ ਵੱਧ ਵਜ਼ਨਦਾਰ ਬੋਰੀ ਨੂੰ ਗੋਡਿਆਂ ਉੱਤੇ ਰੱਖ ਕੇ ਮੋਢਿਆਂ ਉੱਤੇ ਲੈ ਜਾਣਾ ਇਨ੍ਹਾਂ ਦਾ ਮੇਲਿਆਂ ਉੱਤੇ ਦਿਖਾਇਆ ਕਰਤਬ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ। ਉਹ ਦੋਵੇਂ ਇਕੱਲੇ ਇਕੱਲੇ ਬੋਰੀ ਨੂੰ ਪਿੱਠ ਉੱਤੇ ਚੁੱਕ ਕੇ ਪਿੰਡ ਦੇ ਮੁੱਖ ਦਰਵਾਜ਼ੇ ਦੀਆਂ ਪੌੜੀਆਂ ਚੜ੍ਹ ਜਾਂਦੇ। ਦਿਆਲ ਸਿੰਘ ਮਹਿਰਾ, ਮਲਾਗਰ ਸਿੰਘ ਫੌਜੀ ਤੇ ਉਸ ਦਾ ਵੱਡਾ ਭਰਾ ਸੋਹਣ ਸਿੰਘ ਬਿਲਿੰਗ ਤੇ ਛੋਟਾ ਮੇਜਰ ਸਿੰਘ ਓਪਨ ਕਬੱਡੀ ਕਲੱਬ ਦੇ ਵੀ ਤਕੜੇ ਕਬੱਡੀ ਖਿਡਾਰੀ ਰਹੇ। ਮਲਾਗਰ ਸਿੰਘ ਆਪ ਭੰਗੜਾ ਪਾਉਂਦਾ ਰਿਹਾ। ਫੌਜ ਵਿਚ ਨੌਕਰੀ ਕਰਦੇ ਸਮੇਂ ਉਹ ਭੰਗੜਾ ਟੀਮ ਦਾ ਕਪਤਾਨ ਸੀ।
ਮਹਿੰਦਰ ਸਿੰਘ ਬਿਲਿੰਗ ਲੋਕ ਗਾਇਕ ਬਣਨ ਤੋਂ ਪਹਿਲਾਂ ਏ.ਐੱਸ. ਕਾਲਜ ਖੰਨਾ ਤੇ ਸਟੇਟ ਕਾਲਜ ਪਟਿਆਲਾ ਦਾ ਬੈਸਟ ਐਥਲੀਟ ਬਣਿਆ। ਮਾਸਟਰ ਸਰਵਨ ਸਿੰਘ ਤੇ ਦਲਵੀਰ ਸਿੰਘ ਦੋਵੇਂ ਚਾਚਾ ਭਤੀਜਾ ਗੋਲੇ ਦੇ ਤਕੜੇ ਸੁਟਾਵੇ ਸਨ। ਮੋਹਣਾ ਭਗਤ ਸਪੁੱਤਰ ਜਾਗੀਰ ਸਿੰਘ ਜਮਾਂਦਾਰ ਜੋ ਮੂੰਗਲੀਆਂ ਫੇਰਦਾ, ਭਲਵਾਨੀ ਵੀ ਕਰਦਾ। ਕੇਵਲ ਕੌਰ ਸਪੁੱਤਰੀ ਜਿਊਣ ਸਿੰਘ ਬਿਲਿੰਗ ਸਕੂਲੀ ਮੁਕਾਬਲਿਆਂ ਵਿਚ ਪੰਜਾਬ ਵਿਚੋਂ ਪਹਿਲੇ ਨੰਬਰ ਉੱਤੇ ਅਤੇ ਰਾਜਵੰਤ ਕੌਰ ਸਪੁੱਤਰੀ ਅਜਾਇਬ ਸਿੰਘ ਮਹਿਰਾ ਪੰਜਾਬ ਵਿਚੋਂ ਦੌੜ ਵਿਚ ਫਸਟ ਆਈ। ਕੁਲਵੀਰ ਸਿੰਘ ਖੱਟੜਾ ਨੇ ਹੈਮਰ ਥਰੋਅ, ਰਵਿੰਦਰ ਸਿੰਘ ਭੰਗੂ ਹੈਂਡਬਾਲ, ਰਾਜਵਿੰਦਰ ਸਿੰਘ ਬਿਲਿੰਗ, ਕੀਪਾ ਬਿਲਿੰਗ ਤੇ ਤਵਿੰਦਰ ਸਿੰਘ ਨੇ ਪਹਿਲਵਾਨੀ `ਚ ਚੰਗਾ ਨਾਮਣਾ ਖੱਟਿਆ। ਰੌਕ ਬਾਬੇ ਦਾ ਗੱਤਕਾ ਜਥਾ ਮਾਰਸ਼ਲ ਆਰਟ ਦਿਖਾਉਂਦਾ ਰਿਹਾ…।
ਇਹ ਪੁਸਤਕ ਬਿਲਿੰਗ ਨੇ ਸਹਿਜ, ਸਿਮਰ, ਅੰਮ੍ਰਿਤ ਸਮੇਤ ਸੇਹ ਦੇ ਸਾਰੇ ਬੱਚਿਆਂ ਨੂੰ ਸਮਰਪਿਤ ਕੀਤੀ ਹੈ।