ਗੋਰਖ ਧੰਦਾ

ਜਗਮੀਤ ਸਿੰਘ ਪੰਧੇਰ
ਫੋਨ: 98783-37222
ਸੱਥ ‘ਚ ਬੈਠਾ ਜਾਗਰ ਉਠ ਕੇ ਘਰ ਨੂੰ ਜਾਣ ਲੱਗਿਆ ਤਾਂ ਉਸਨੂੰ ਚੱਕਰ ਜਿਹਾ ਆ ਗਿਆ ਤੇ ਉਹ ਉਥੇ ਹੀ ਬੈਠ ਗਿਆ। ਕੋਲ ਬੈਠੇ ਇੱਕ ਨੌਜਵਾਨ ਨੇ ਪੁੱਛਿਆ, ‘ਕਿਉਂ ਤਾਇਆ ਕੀ ਗੱਲ ਹੋਗੀ?’

‘ਕੁਸ ਨੀ ਮੱਲਾ, ਸ਼ਰੀਰ ਮਾੜ੍ਹਾ ਜਿਹਾ ਗੇੜਾ ਖਾ ਗਿਆ ਸੀ।’ ਜਾਗਰ ਦੇ ਮੂੰਹੋਂ ਨਿੱਕਲਿਆ।
‘ਮੈਂ ਛੱਡ ਕੇ ਆਵਾਂ ਘਰੇ।’
‘ਨਹੀਂ ਨਹੀਂ, ਇਹ ਤਾਂ ਊਈਂ ਹੋ ਗਿਆ ਮੈਂ ਚਲਿਆ ਜਾਊਂਗਾ। ਐਂ ਕੀ ਐ।’ ਕਹਿ ਕੇ ਜਾਗਰ ਹੌਲੀ-ਹੋਲੀ ਉਠਿਆ ਤੇ ਘਰ ਨੂੰ ਹੋ ਤੁਰਿਆ। ਡਰ ਨਾਲ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਆਉਣ ਲੱਗੇ। ‘ਹੋਰ ਈ ਨਾ ਕਿਤੇ’ ‘ਇੱਕ ਤਾਂ ਆਹ ਸਾਲੇ ਦਿਲ ਦੇ ਦੌਰੇ ਹਰੇਕ ਨੂੰ ਈ ਪਈ ਜਾਂਦੇ ਨੇ, ਫੋਰਾ ਈ ਲੱਗਦੈ ਬੱਸ’ ਅਜਿਹੀਆਂ ਸੋਚਾਂ ਵਿਚ ਘਿਰਿਆ ਉਹ ਘਰ ਜਾਣ ਦੀ ਬਜਾਏ ਰਾਹ ਵਿਚ ਪੈਂਦੇ ਭੋਲੇ ਡਾਕਟਰ ਦੇ ਘਰ ਚਲਾ ਗਿਆ।
‘ਆ ਬਈ ਬਾਬਾ, ਕਿਵੇਂ ਸੁਸਤ ਜਿਹਾ ਲੱਗਦੈਂ? ਸ਼ਰੀਰ ਤਾਂ ਵੱਲ ਐ?’ ਭੋਲੇ ਡਾਕਟਰ ਨੇ ਅੰਦਰ ਵੜਦੇ ਨੂੰ ਹੀ ਪੁੱਛ ਲਿਆ।
‘ਵੱਲ ਹੁੰਦਾ ਤਾਂ ਤੇਰੇ ਕੋਲ ਈ ਆਉਣਾ ਸੀ? ਮੈਨੂੰ ਚੱਕਰ ਜਿਹਾ ਆ ਗਿਆ। ਮਖਿਆ ਤੈਨੂੰ ਦਖਾ ਲਵਾਂ, ਕੋਈ ਹੋਰ ਈ ਨਾ ਕਿਤੇ…?’ ਮਨ ਦਾ ਡਰ ਉਸਨੇ ਦੱਸ ਦਿੱਤਾ।
‘ਚੰਗਾ ਕੀਤਾ ਬਾਬਾ, ਅੱਜ ਕੱਲ੍ਹ ਪਤਾ ਕੁਸ ਨੀ ਲੱਗਦਾ। ਆਪਾਂ ਚੈਕ ਕਰ ਲੈਨੇ ਆਂ।’ ਏਨਾ ਆਖ ਉਹ ਨਬਜ਼ `ਤੇ ਹੱਥ ਰੱਖ ਕੇ ਘੜੀ ਵੱਲ ਨਿਗ੍ਹਾ ਮਾਰਦਾ ਬੋਲਿਆ,’ ਗੱਲ ਤਾਂ ਥੋੜ੍ਹੀ ਜਿਹੀ ਗੜਬੜ ਲੱਗਦੀ ਐ ਬਾਬਾ। ਆਪਾਂ ਨੂੰ ਮੰਡੀ ਸ਼ਰਮੇ ਡਾਕਟਰ ਨੂੰ ਦਿਖਾਉਣਾ ਪਊ।’
‘ਕਿਉਂ ਮੱਲਾ ਕੋਈ ਫਿਕਰ ਆਲੀ ਗੱਲ ਐ?’ ਜਾਗਰ ਡਰ ਜਿਹਾ ਗਿਆ ਸੀ।
‘ਨਹੀਂ ਨਹੀਂ ਬਾਬਾ, ਐਡੇ ਫਿਕਰ ਆਲੀ ਗੱਲ ਕੋਈ ਨੀ। ਹੁਣ ਤਾਂ ਮੈਂ ਦਵਾਈ ਦੇ ਦਿੰਨਾਂ। ਕੱਲ ਨੂੰ ਡਾਕਟਰ ਸ਼ਰਮੇ ਕੋਲ ਚਲਿਆ ਜਾਈਂ। ਮੈਂ ਫੋਨ ਕਰ ਦਊਂ। ਆਪਣੀ ਘਰ ਦੀ ਗੱਲ ਐ ਓਹਦੇ ਨਾਲ। ਸ਼ਹਿਰੀ ਡਾਕਟਰ ਛਿੱਲ ਲਾਹੀ ਜਾਂਦੇ ਨੇ। ਮੈਂ ਤੈਨੂੰ ਇੱਕ ਪਰਚੀ ਲਿਖ ਕੇ ਵੀ ਦੇ ਦਿੰਨਾ। ਸਮਝ ਗਿਆ ਨਾ ਬਾਬਾ?’ ਭੋਲੇ ਡਾਕਟਰ ਨੇ ਸਾਰੀ ਗੱਲ ਇੱਕੋ ਸਾਹ ਵਿਚ ਸਮਝਾ ਦਿੱਤੀ।
‘ਆਹੋ ਮੱਲਾ, ਸਮਝ ਗਿਆ।’ ਏਨਾ ਆਖ ਉਹ ਪੈਸੇ ਦੇ ਕੇ ਦਵਾਈ ਲੈ ਘਰ ਨੂੰ ਤੁਰ ਪਿਆ।
‘ਕੀ ਗੱਲ ਅੱਜ ਜੀਅ ਈ ਨੀ ਕੀਤਾ ਘਰ ਆਉਣ ਨੂੰ? ਮੈਂ ਕਦ ਦੀ ਬਾਹਰ ਨੂੰ ਝਾਕੀ ਜਾਨੀ ਆਂ’। ਅੰਦਰ ਵੜਦੇ ਹੀ ਬਿਸ਼ਨੀ ਦੀ ਨਹੋਰੇ ਵਾਲੀ ਅਵਾਜ਼ ਸੁਣਾਈ ਦਿੱਤੀ।
ਓਏ ਕਾਹਨੂੰ।’ ਏਨਾ ਆਖ ਜਾਗਰ ਨੇ ਸਾਰੀ ਕਹਾਣੀ ਬਿਸ਼ਨੀ ਨੂੰ ਦੱਸ ਦਿੱਤੀ।
‘ਲੈ ਭੋਲਾ ਤੈਂ ਕਿੱਧਰੋਂ ਡਾਕਟਰ ਕੱਢ ਲਿਆ? ਓਸੇ ਸ਼ਰਮੇ ਡਾਕਟਰ ਕੋਲ ਦੋ-ਚਾਰ ਮਹੀਨੇ ਲਾ ਕੇ ਡਾਕਟਰ ਬਣ ਗਿਆ।’ ਬਿਸ਼ਨੀ ਨੂੰ ਭੋਲੇ `ਤੇ ਭੋਰਾ ਭਰੋਸਾ ਨਹੀਂ ਸੀ। ਪਰ ਅੰਦਰੋਂ ਉਹ ਵੀ ਡਰ ਜਿਹੀ ਗਈ ਸੀ। ‘ਚੱਲ ਤੂੰ ਜਾਇਆ ਕੱਲ੍ਹ ਨੂੰ ਸ਼ਰਮੇ ਕੋਲ, ਘੱਟੋ ਘੱਟ ਉਹ ਡਾਕਟਰ ਤਾਂ ਹੈ। ਪੱਕਾ ਪਤਾ ਤਾਂ ਲੱਗ ਜੂ।’
ਰੋਟੀ-ਪਾਣੀ ਤੋਂ ਪਿੱਛੋਂ ਦਵਾਈ ਦੀ ਖੁਰਾਕ ਲੈ ਕੇ ਜਾਗਰ ਤਾਂ ਝੱਟ ਘੁਰਾੜੇ ਮਾਰਨ ਲੱਗ ਗਿਆ ਪਰ ਬਿਸ਼ਨੀ ਨੂੰ ਵੱਡੀ ਰਾਤ ਤੱਕ ਨੀਂਦ ਨਾ ਆਈ।
ਦੂਜੇ ਦਿਨ ਸਵੇਰੇ ਸਵੱਖਤੇ ਹੀ ਜਾਗਰ ਮੰਡੀ ਜਾਣ ਲਈ ਤੁਰਨ ਲੱਗਿਆ ਤਾਂ ਬਿਸ਼ਨੀ ਕਹਿੰਦੀ, ‘ਤੂੰ ਕਹੇਂ ਤਾ ਮੈਂ ਚੱਲਾਂ ਨਾਲ?’
‘ਨਾ ਤੂੰ ਮੈਨੂੰ ਫੜ ਕੇ ਬੈਠੇਂਗੀ। ਊਈਂ ਜਬ੍ਹਲੀਆਂ ਮਾਰੀ ਜਾਊ।’ ਜਾਗਰ ਭੱਜ ਕੇ ਪਿਆ ਤੇ ਅੱਡੇ ਵੱਲ ਨੂੰ ਤੁਰ ਪਿਆ। ਪਿੱਛੇ ਖੜੀ ਬਿਸ਼ਨੀ ਜਾਂਦੇ ਵੱਲ ਦੇਖ ਸੋਚੀ ਜਾਵੇ ‘ਕਿਉਂ, ਹੁਣ ਮੈਂ ਤੈਨੂੰ ਫੜ ਕੇ ਵੀ ਨੀ ਬਹਿ ਸਕਦੀ?’
ਜਾਗਰ ਨੇ ਭੋਲੇ ਵਾਲੀ ਪਰਚੀ ਬਾਹਰ ਸਟੂਲ `ਤੇ ਬੈਠੇ ਮੁੰਡੇ ਰਾਹੀਂ ਡਾ. ਸ਼ਰਮੇ ਕੋਲ ਭੇਜ ਦਿੱਤੀ ਤੇ ਡਾਕਟਰ ਨੇ ਝੱਟ ਉਸਨੂੰ ਅੰਦਰ ਸੱਦ ਲਿਆ।
‘ਹਾਂ ਬਾਬਾ ਜੀ ਕੀ ਤਕਲੀਫ ਐ?’ ਡਾਕਟਰ ਨੇ ਫੋਨ ‘ਤੇ ਗੱਲ ਕਰਦੇ ਕਰਦੇ ਵਿਚੋਂ ਹੀ ਪੁੱਛਿਆ।
‘ਜੀ ਹੁਣ ਤਾਂ ਕੋਈ ਤਕਲੀਫ ਨੀ। ਬੱਸ ਕੱਲ੍ਹ ਚੱਕਰ ਜਿਹਾ ਆ ਗਿਆ ਸੀ। ਭੋਲੇ ਨੂੰ ਦਿਖਾਇਆ ਸੀ। ਉਹਨੇ ਥੋਡੇ ਕੋਲ ਭੇਜਤਾ।’
‘ਅੱਛਾ ਅੱਛਾ, ਓਹਦਾ ਫੋਨ ਵੀ ਆਇਆ ਸੀ। ਤੁਸੀਂ ਚਿੰਤਾ ਨਾ ਕਰੋ। ਇੰਝ ਕਰੋ ਬਾਹਰ ਖਿੜਕੀ `ਤੇ ਪੈਸੇ ਜਮ੍ਹਾਂ ਕਰਵਾ ਕੇ ਨਾਲ ਦੇ ਕਮਰੇ ‘ਚ ਜਾ ਕੇ ਈ.ਸੀ.ਜੀ. ਕਰਵਾ ਲਉ।’ ਇੱਕ ਪਰਚੀ ਫੜਾਉਂਦੇ ਹੋਏ ਸ਼ਰਮੇ ਨੇ ਫੋਨ ‘ਤੇ ਗੱਲ ਕਰਨੀ ਫੇਰ ਸੁ਼ਰੂ ਕਰ ਦਿੱਤੀ ਤੇ ਜਾਗਰ ਪਰਚੀ ਫੜ ਕੇ ਬਾਹਰ ਨਿੱਕਲ ਗਿਆ।
ਪੈਸੇ ਜਮ੍ਹਾਂ ਕਰਵਾ ਕੇ ਜਾਗਰ ਦੱਸੇ ਮੁਤਾਬਕ ਨਾਲ ਦੇ ਕਮਰੇ ਵਿਚ ਵੜਿਆ ਤਾਂ ਇੱਕ ਕੁੜੀ ਚਿੱਟਾ ਜਿਹਾ ਕੋਟ ਪਹਿਨੀ ਫੋਨ `ਤੇ ਉਂਗਲਾਂ ਮਾਰਨ ਲੱਗੀ ਹੋਈ ਸੀ। ਹੱਥ ਫੜੀ ਪਰਚੀ ਉਸ ਨੇ ਕੁੜੀ ਵੱਲ ਵਧਾਈ ਤਾਂ ਕੁੜੀ ਨੇ ਕਿੰਨਾ ਚਿਰ ਤਾਂ ਉਸ ਵੱਲ ਕੋਈ ਧਿਆਨ ਹੀ ਨਾ ਦਿੱਤਾ। ਫੇਰ ਉਸਨੇ ਹੱਥ ‘ਚੋਂ ਪਰਚੀ ਝਪੱਟਾ ਮਾਰ ਕੇ ਖੋਹ ਲਈ।
‘ਚੱਲੋ ਬਾਬਾ ਜੀ, ਕਮੀਜ਼ ਲਾਹ ਕੇ ਟੇਬਲ `ਤੇ ਲੇਟ ਜਾਓ।’ ਏਨਾ ਆਖ ਉਹ ਫੇਰ ਫੋਨ ਵਿਚ ਰੁੱਝ ਗਈ।
ਜਾਗਰ ਨੇ ਝਕਦੇ-ਝਕਦੇ ਕੁੜਤਾ ਲਾਹਿਆ ਤੇ ਜੁੱਤੀ ਲਾਹ ਕੇ ਟੇਬਲ `ਤੇ ਲੱਤਾਂ ਲਮਕਾ ਕੇ ਬੈਠ ਗਿਆ ਤੇ ਅਗਲੇ ਹੁਕਮ ਦੀ ਉਡੀਕ ਕਰਨ ਲੱਗਾ।
‘ਥੋਨੂੰ ਕਿਹਾ ਬਾਬਾ ਜੀ ਲੇਟ ਜਾਓ।’ ਕੁੜੀ ਜਾਗਰ ਨੂੰ ਔਖੀ ਜਿਹੀ ਬੋਲੀ।
ਜਾਗਰ ਉਸਦੀ ਅਵਾਜ਼ ਸੁਣਨ ਸਾਰ ਇੱਕ ਦਮ ਟੇਬਲ `ਤੇ ਸਿੱਧਾ ਲਿਟ ਗਿਆ।
ਨਰਸ ਨੇ ਫਟਾ-ਫਟ ਉਸਦੀ ਛਾਤੀ `ਤੇ ਗੂੰਦ ਜਿਹੀ ਲਾ ਕੇ ਟੂਟੀਆਂ ਜਿਹੀਆਂ ਚਿਪਕਾ ਦਿੱਤੀਆਂ ਤੇ ਮਸ਼ੀਨ ਚਲਾ ਦਿੱਤੀ ਅਤੇ ਕੁੱਝ ਪਲਾਂ ਬਾਅਦ ਹੀ ਟੂਟੀਆਂ ਪੁੱਟ ਕੇ ਉਸਦੀ ਛਾਤੀ `ਤੇ ਰੂੰ ਘਿਸਾ ਦਿੱਤੀ।
‘ਚਲੋ ਉਠੋ, ਕਮੀਜ਼ ਪਾ ਲਓ।’ ਨਰਸ ਦੀ ਹੁਕਮ ਵਰਗੀ ਆਵਾਜ਼ ਜਾਗਰ ਨੂੰ ਸੁਣਾਈ ਦਿੱਤੀ।
ਜਾਗਰ ਕੁੜਤਾ ਪਾ ਕੇ ਸੁਰਤ ਸਿਰ ਹੋਇਆ ਤਾਂ ਨਰਸ ਨੇ ਇੱਕ ਲੰਮੀ ਸਾਰੀ ਪਰਚੀ ਤਹਿਆਂ ਲਾ ਕੇ ਹੱਥ ਫੜਾ ਦਿੱਤੀ।
‘ਲਓ ਆਹ ਡਾਕਟਰ ਸਾਹਿਬ ਕੋਲ ਲੈ ਜਾਓ।’ ਏਨਾ ਕਹਿੰਦੇ ਹੋਏ ਨਰਸ ਨੇ ਫੋਨ ਫੇਰ ਚੁੱਕ ਲਿਆ।
‘ਬੀਬਾ, ਊਂ ਠੀਕ ਤਾਂ ਐ? ਕੋਈ ਖਤਰਾ ਤਾਂ ਨੀ?’ ਜਾਗਰ ਨੇ ਕੰਬਦੇ ਹੋਏ ਹੱਥ ਨਾਲ ਪਰਚੀ ਫੜਦੇ ਹੋਏ ਬੇਨਤੀ ਕੀਤੀ।
‘ਮੈਨੂੰ ਨੀ ਪਤਾ, ਇਹ ਤਾਂ ਡਾਕਟਰ ਸਾਹਿਬ ਈ ਦੱਸਣਗੇ।’ ਖਹਿੜਾ ਜਿਹਾ ਛੁਡਾਉਂਦੇ ਹੋਏ ਨਰਸ ਫੇਰ ਮੋਬਾਈਲ ਵਿਚ ਰੁੱਝ ਗਈ।
ਜਾਗਰ ਈ.ਸੀ.ਜੀ. ਦੀ ਰਿਪੋਰਟ ਲੈ ਕੇ ਡਾਕਟਰ ਕੋਲ ਹਾਜ਼ਰ ਹੋ ਗਿਆ। ਡਾਕਟਰ ਲੰਬੀ ਸਾਰੀ ਪਰਚੀ ਖੋਲ੍ਹ ਕੇ ਬੜੇ ਗੌਰ ਨਾਲ ਨਿਗ੍ਹਾ ਮਾਰਨ ਲੱਗਿਆ। ਜਾਗਰ ਦਾ ਮਨ ਡਾਕਟਰ ਦੇ ਮੂੰਹੋਂ ਕੁੱਝ ਚੰਗਾ ਸੁਣਨ ਲਈ ਕਾਹਲਾ ਸੀ।
‘ਬਾਬਾ ਜੀ, ਤੇਜ਼ ਤੁਰਨ ਨਾਲ ਦਮ ਵੀ ਚੜ੍ਹਦਾ ਹੋਵੇਗਾ?’ ‘ਹਾਂ ਜੀ, ਆਹ ਕੱਲ਼੍ਹ ਦਾ ਤਾਂ ਕੁਸ ਜਾਅਦੇ ਈ ਚੜ੍ਹਦੈ।’ ਜਾਗਰ ਡਰ ਜਿਹੇ ‘ਚੋਂ ਬੋਲਿਆ।
‘ਬੱਸ ਰਿਪੋਰਟ ਵੀ ਇਹੋ ਦੱਸਦੀ ਐ। ਥੋੜ੍ਹਾ ਜਿਹਾ ਨੁਕਸ ਆ ਰਿਹੈ ਰਿਪੋਰਟ ਵਿਚ। ਦੋ ਟੈਸਟ ਲੁਧਿਆਣਿਓਂ ਕਰਵਾਉਣੇ ਪੈਣਗੇ, ਪੱਕਾ ਪਤਾ ਉਨ੍ਹਾਂ ਤੋਂ ਲੱਗੇਗਾ।’ ਡਾਕਟਰ ਹਾਲੇ ਕੁੱਝ ਹੋਰ ਕਹਿਣ ਹੀ ਲੱਗਾ ਸੀ ਕਿ ਜਾਗਰ ਵਿਚੋਂ ਹੀ ਬੋਲ ਪਿਆ, ‘ਜੀ… ਲੁਧਿਆਣਿਓਂ..?’
‘ਹਾਂ ਜੀ, ਬਾਬਾ ਜੀ। ਜੇ ਆਪਾਂ ਪੱਕਾ ਇਲਾਜ ਕਰਵਾਉਣੈ ਤਾਂ ਓਥੇ ਜਾਣਾ ਹੀ ਪਵੇਗਾ। ਤੁਸੀਂ ਫਿਕਰ ਨਾ ਕਰੋ। ਮੈਂ ਪਰਚੀ ਲਿਖ ਕੇ ਦੇ ਦੇਵਾਂਗਾ। ਉਹ ਆਪਣੇ ਘਰ ਦੇ ਬੰਦੇ ਨੇ। ਤੁਸੀਂ ਸਰਾਭਾ ਨਗਰ ਚਲੇ ਜਾਇਓ, ਓਥੇ ਦਰਵੇਸ਼ ਲੈਬ ਵਾਲੇ ਨੇ। ਕਿਸੇ ਨੂੰ ਨਾਲ ਲੈ ਜਾਇਓ। ਹੈ ਕੋਈ ਲੁਧਿਆਣੇ ਦਾ ਜਾਣੂੰ ਨਾਲ ਜਾਣ ਵਾਲਾ? ਨਹੀਂ ਤਾਂ ਮੈਂ ਭੋਲੇ ਨੂੰ ਹੀ ਫੋਨ ਕਰ ਦਿੰਨਾ।’ ਡਾਕਟਰ ਨੇ ਜਾਗਰ ਦੇ ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾ ਹੀ ਸਵਾਲ ਕਰ ਦਿੱਤਾ।
‘ਨਹੀਂ ਜੀ ਆਪਾਂ ਭੋਲੇ ਦਾ ਕੰਮ ਕਾਹਨੂੰ ਛੁਡਾਉਣੈ? ਹੈਗਾ ਮੇਰਾ ਪੋਤਾ ਬੰਟੀ ਲੁਧਿਆਣੇ ਦੀ ਗਲੀ-ਗਲੀ ਜਾਣਦੈ। ਰਹਿੰਦਾ ਤਾਂ ਆਪਦੇ ਮਾਂ-ਪਿਓ ਨਾਲ ਸਾਥੋਂ ਅੱਡ ਐ ਪਰ ਸਾਡਾ ਵਾਹਵਾ ਮੋਹ ਕਰਦੈ।’ ਡਾਕਟਰ ਦੇ ਸਵਾਲ ਦਾ ਜਵਾਬ ਦਿੰਦਾ ਦਿੰਦਾ ਉਹ ਥੋੜ੍ਹਾ ਅਟਕ ਕੇ ਫੇਰ ਬੋਲਿਆ, ‘ਪਰ ਡਾਕਟਰ ਸਾਹਬ,..ਭੋਲਾ ਤਾਂ ਆਂਹਦਾ ਸੀ ਬਈ ਤੁਸੀਂ ਈ ਸਾਰਾ ਕੁੱਝ ਕਰ ਲਵੋਂਗੇ?’
‘ਆਹੋ ਬਾਬਾ ਜੀ ਭੋਲੇ ਨੇ ਤਾਂ ਠੀਕ ਈ ਕਿਹੈ। ਕਰਨਾ ਤਾਂ ਸਾਰਾ ਕੁੱਝ ਆਪਾਂ ਹੀ ਐ ਪਰ ਪਹਿਲਾਂ ਬਿਮਾਰੀ ਦੀ ਜੜ੍ਹ ਲੱਭਣੀ ਜਰੂਰੀ ਐ। ਓਥੇ ਤਾਂ ਆਪਾਂ ਟੈਸਟ ਈ ਕਰਵਾਉਣੇ ਨੇ। ਇਲਾਜ ਤਾਂ ਆਪਾਂ ਏਥੇ ਈ ਕਰਾਂਗੇ। ਵਾਰ ਵਾਰ ਲੁਧਿਆਣੇ ਨੀ ਭੇਜਦੇ’। ਡਾਕਟਰ ਨੇ ਗੱਲ ਸਮਝਾਉਂਦੇ ਹੋਏ ਇੱਕ ਪਰਚੀ ਲਿਖ ਕੇ ਜਾਗਰ ਦੇ ਹੱਥ ਫੜਾਉਂਦੇ ਹੋਏ ਫੇਰ ਆਖਿਆ, ‘ਆਹ ਕੁੱਝ ਦਵਾਈਆਂ ਤੁਸੀਂ ਬਾਹਰੋਂ ਲੈ ਜਾਓ। ਕੱਲ੍ਹ ਨੂੰ ਹੀ ਚਲੇ ਜਾਇਓ, ਲੇਟ ਨਾ ਕਰਿਓ। ਆਹ ਰਿਪੋਰਟ ਵਾਲਾ ਲਫ਼ਾਫ਼ਾ ਵੀ ਸਾਂਭ ਕੇ ਨਾਲ ਹੀ ਰੱਖਿਓ’। ਡਾਕਟਰ ਨੇ ਸਾਰਾ ਕੁੱਝ ਜਾਗਰ ਨੂੰ ਫੜਾਉਂਦੇ ਅਗਲੇ ਮਰੀਜ਼ ਨੂੰ ਆਵਾਜ਼ ਮਾਰ ਲਈ।
ਜਾਗਰ ਸਾਰਾ ਕੁੱਝ ਸੰਭਾਲ ਕੇ ਝੋਲੇ ‘ਚ ਪਾਉਂਦਾ ਬਾਹਰ ਨਿਕਲ ਗਿਆ। ਬਾਹਰੋਂ ਦਵਾਈਆਂ ਖ੍ਰੀਦੀਆਂ ਤੇ ਕੰਬਦੀਆਂ ਜਿਹੀਆਂ ਲੱਤਾਂ ਘਸੀਟਦਾ ਮਸਾ ਟੈਂਪੂ ਅੱਡੇ ਅੱਪੜਿਆ। ਸੋਚਾਂ ਵਿਚ ਡੁੱਬਿਆ, ਆਪਣੇ ਆਲੇ ਦੁਆਲੇ ਤੋਂ ਬੇਖ਼ਬਰ ਕਦੋਂ ਉਹ ਪਿੰਡ ਵਾਲੇ ਅੱਡੇ `ਤੇ ਪਹੁੰਚ ਗਿਆ, ਪਤਾ ਹੀ ਨਾ ਲੱਗਿਆ। ਢਿੱਲੀ ਜਿਹੀ ਚਾਲ ਨਾਲ ਤੁਰਿਆ ਜਾਂਦਾ ਸੋਚਣ ਲੱਗਿਆ, ‘ਬਿਸ਼ਨੀ ਨੂੰ ਸਾਰਾ ਕੁਸ ਦੱਸਾਂ ਕਿ ਨਾ? ਕੀ ਦੱਸਣੈ, ਐਵੇਂ ਫਿਕਰ ਨਾਲ ਮਰੀ ਜਾਊ, ਪਰ ਲੁਧਿਆਣੇ ਜਾਣੈ? ਚੱਲ ਕੋਈ ਹੋਰ ਬਹਾਨਾ ਲਾ ਦਿਆਂਗੇ’ ਪਰ…ਬੰਟੀ, ਉਹਨੂੰ ਨਾਲ ਲਿਜਾਣਾ ਪੈਣੈ, ‘ਇਹ ਤਾਂ ਹੁਣ ਦੱਸਣਾ ਈ ਪੈਣੈ ਜਾਗਰ ਸਿਆਂ’। ਆਪਣੇ ਮਨ ਨਾਲ ਭੰਨ੍ਹਾਂ-ਘੜ੍ਹਤਾਂ ਕਰਦਾ ਉਹ ਘਰ ਪਹੁੰਚ ਗਿਆ ਅਤੇ ਸਾਹਮਣੇ ਪਏ ਮੰਜੇ `ਤੇ ਜਾ ਢੇਰੀ ਹੋਇਆ। ਬਿਸ਼ਨੀ ਪਾਣੀ ਦਾ ਗਲਾਸ ਲੈ ਕੇ ਭੱਜੀ ਆਈ, ‘ਹਾਏ, ਹਾਏ ਤੈਨੂੰ ਕੀ ਹੋ ਗਿਆ? ਐਂ ਪੈ ਗਿਆ ਆ ਕੇ। ਲੈ ਉਠ ਪਾਣੀ ਦੀ ਘੁੱਟ ਪੀ।’ ਜਾਗਰ ਨੇ ਟੇਢਾ ਜਿਹਾ ਹੋ ਕੇ ਗਲਾਸ ਫੜ ਕੇ ਪਾਣੀ ਪੀ ਲਿਆ ਅਤੇ ਕੁੱਝ ਸ਼ਾਂਤੀ ਨਾਲ ਫੇਰ ਲੰਮਾ ਪੈ ਗਿਆ। ‘ਨਾ ਫੇਰ ਕੀ ਕਹਿੰਦਾ ਡਾਕਟਰ? ਦਵਾਈ ਦੇ `ਤੀ? ਕੁਸ ਦੱਸ ਤਾਂ ਸਈ’ ਬਿਸ਼ਨੀ ਇੱਕੋ ਸਾਹ ਕਈ ਸਵਾਲ ਕਰ ਗਈ।
‘ਠਹਿਰ ਜਾ ਭੋਰਾ, ਦਮ ਤਾਂ ਲੈ ਲੈਣ ਦੇ। ਦੱਸ ਦੂੰ ਸਾਰਾ ਕੁਸ’ ਜਾਗਰ ਨਰਮਾਈ ਨਾਲ ਬੋਲਿਆ।
‘ਚਲ ਚੰਗਾ, ਮੈਂ ਚਾਹ ਦੀ ਘੁੱਟ ਬਣਾਉਨੀ ਆਂ, ਤੂੰ ਬਿੰਦ ਰਾਮ ਕਰ ਲੈ।’ ਏਨਾ ਆਖ ਉਹ ਰਸੋਈ ਵੱਲ ਚਲੀ ਗਈ।
ਚਾਹ ਪੀਂਦੇ ਹੋਏ ਜਾਗਰ ਨੇ ਸਾਰੀ ਗੱਲ ਬਿਸ਼ਨੀ ਨੂੰ ਸੁਣਾ ਦਿੱਤੀ। ਪਰ ਜਦੋਂ ਉਸਨੇ ਲੁਧਿਆਣੇ ਵਾਲੀ ਗੱਲ ਦੱਸੀ ਤਾਂ ਉਹ ਤਾਂ ਇੱਕ ਦਮ ਭੜਕ ਪਈ, ‘ਲੁਧਿਆਣੇ? ਤੈਨੂੰ ਕੀ ਹੋਇਐ, ਤੂੰ ਤਾਂ ਚੰਗਾ ਭਲੈਂ। ਲੁਧਿਆਣੇ ਤਾਂ…‘ਅੱਗੇ ਕਹਿੰਦੀ ਕਹਿੰਦੀ ਉਹ ਰੁਕ ਗਈ।
‘ਪਰ ਹੁਣ ਕੀ ਕਰੀਏ, ਆਪਾਂ ਨੂੰ ਵੱਧ ਪਤੈ ਕਿ ਡਾਕਟਰਾਂ ਨੂੰ?’ ਜਾਗਰ ਨੇ ਮਨ ਲਗਦੀ ਗੱਲ ਆਖ ਬਿਸ਼ਨੀ ਨੂੰ ਚੁੱਪ ਕਰਵਾ ਦਿੱਤਾ।
‘ਚੱਲ ਊਂ ਤਾਂ ਮਨ ‘ਚ ਸੰਕਾ ਨੀ ਰਹੂ। ਆਪਾਂ ਕੱਲ੍ਹ ਨੂੰ ਈ ਚਲਦੇ ਆਂ ਲੁਧਿਆਣੇ। ਤੈਨੂੰ ਉਹਨੇ ਦੱਸਿਆ ਤਾਂ ਹੋਊਗਾ ਬਈ ਕਿੱਥੇ ਜਾਣੈ?’ ਬਿਸ਼ਨੀ ਦੇ ਮਨ ਦਾ ਡਰ ਬੋਲਿਆ।
‘ਐਵੇਂ ਨਾ ਬੋਲੀ ਜਾਹ, ਤੂੰ ਕੀ ਕਰੇਂਗੀ ਓਥੇ? ਮੈਂ ਓਧਰੋਂ ਬੰਟੀ ਨੂੰ ਲੈ ਜੂੰ ਨਾਲ। ਨਾਲੇ ਉਹ ਸਾਰਾ ਕੁਸ ਜਾਣਦੈ ਓਥੇ ਦਾ।’ ਜਾਗਰ ਔਖਾ ਜਿਹਾ ਹੋ ਕੇ ਬੋਲਿਆ।
‘ਆਹੋ, ਚੱਲ ਠੀਕ ਐ। ਮੈਂ ਜਾਨੀ ਆਂ ਹੁਣੇ ਓਧਰ। ਕਹਿ ਕੇ ਆਉਨੀ ਆਂ ਉਹਨੂੰ।’ ਬਿਸ਼ਨੀ ਜਾਗਰ ਦਾ ਜਵਾਬ ਉਡੀਕਣ ਤੋਂ ਪਹਿਲਾਂ ਹੀ ਸਿਰ `ਤੇ ਚੁੰਨੀ ਠੀਕ ਕਰਦੀ ਦਰੋਂ ਬਾਹਰ ਹੋ ਗਈ ਅਤੇ ਥੋੜ੍ਹੀ ਦੇਰ ਬਾਅਦ ਹੀ ਬੰਟੀ ਉਹਦੇ ਪਿੱਛੇ-ਪਿੱਛੇ ਆ ਪਹੁੰਚਿਆ।
‘ਓ ਸੁਣਾ ਬਈ ਬਾਬੇ, ਆ ਗਿਆ ਫੇਰ ਡਾਕਟਰਾਂ ਦੇ ਅੜਿੱਕੇ?’ ਅੰਦਰ ਵੜਨ ਸਾਰ ਹੀ ਬੰਟੀ ਨੇ ਚੋਟ ਮਾਰੀ।
‘ਫੇਰ ਹੁਣ ਹੋਰ ਕੀ ਕਰਾਂ?’ ਜਾਗਰ ਔਖਾ ਜਿਹਾ ਬੋਲਿਆ।
‘ਕਰਨਾ ਕੀ ਆਂ, ਆਪਾਂ ਚੱਲਾਂਗੇ ਲੁਧਿਆਣੇ। ਕੀ ਕਹਿੰਦਾ ਸ਼ਰਮਾ ਡਾਕਟਰ ਕਿੱਥੇ ਜਾਣੈ? ਲਿਆ ਦਖਾ ਤਾਂ ਪਰਚੀ।’ ਬੰਟੀ ਨੇ ਜਾਗਰ ਨੂੰ ਪੁੱਛਿਆ।
‘ਉਹ ਕਹਿੰਦਾ ਸੀ ਦਰਵੇਸ਼ ਵਾਲਿਆਂ ਦੇ ਜਾਇਓ। ਲੈ ਫੜ, ਤੂੰ ਆਪੇ ਈ ਦੇਖ ਲੈ। ਵਿਚ ਇੱਕ ਲੰਮੀ ਸਾਰੀ ਪਰਚੀ ਐ। ਉਹਦੇ `ਤੇ ਬਲਦ-ਮੂਤਣਾ ਜਿਹਾ ਬਣਿਆ ਹੋਇਐ। ਉਹਨੂੰ ਦੇਖ ਕੇ ਈ ਸ਼ਰਮੇ ਨੇ ਲੁਧਿਆਣੇ ਭੇਜਿਐ’। ਝੋਲਾ ਬੰਟੀ ਵੱਲ ਨੂੰ ਕਰਦੇ ਹੋਏ ਜਾਗਰ ਬੋਲਿਆ।
‘ਬਲਦ ਮੂਤਣਾ? ਓਹ ਕੀ ਬਈ ਬਾਬੇ?’ ਬੰਟੀ ਨੇ ਝੋਲ਼ੇ ਵਿਚੋਂ ਪਰਚੀਆਂ ਕੱਢਦੇ ਹੈਰਾਨੀ ਜਿਹੀ ਨਾਲ ਪੁੱਛਿਆ।
‘ਓਏ ਅੱਛਾ ਇਹਨੂੰ ਕਹਿਨੈ ਬਲਦ ਮੂਤਣਾ…ਵਾਹ ਬਈ ਬਾਬੇ’ ਬੰਟੀ ਈ.ਸੀ.ਜੀ. ਵਾਲੀ ਪਰਚੀ ਖੋਲ੍ਹਦਾ ਹੋਇਆ ਠਹਾਕਾ ਮਾਰ ਕੇ ਹੱਸ ਪਿਆ। ਪਰ ਛੇਤੀ ਹੀ ਉਸ ਨੇ ਗੱਲ ਬਦਲ ਲਈ। ‘ਲੈ ਫੇਰ ਤੜਕੇ ਸਾਝਰੇ ਤਿਆਰ ਹੋ ਜੀਂ। ਦਰਵੇਸ਼ ਲੈਬ ਵਾਲਿਆਂ ਦੇ ਈ ਜਾਣੈ। ਓਥੇ ਤਾਂ ਮੇਰਾ ਇੱਕ ਜੁੱਟ ਵੀ ਕੰਮ ਕਰਦੈ। ਤੂੰ ਫਿਕਰ ਨਾ ਕਰ ਸਭ ਕੁੱਝ ਸੈਟ ਹੋ ਜੂ।’ ਪਰਚੀਆਂ ਝੋਲ਼ੇ ਵਿਚ ਪਾ ਕੇ ਫੜਾਉਂਦਾ ਹੋਇਆ ਬੰਟੀ ਆਪਣੇ ਘਰ ਨੂੰ ਤੁਰ ਗਿਆ। ਜਾਗਰ ਮੰਜੇ `ਤੇ ਟੇਢਾ ਜਿਹਾ ਹੋ ਗਿਆ ਅਤੇ ਬਿਸ਼ਨੀ ਅਣਮੰਨੇ ਜਿਹੇ ਮਨ ਨਾਲ ਰੋਟੀ ਟੁੱਕ ਦੇ ਆਹਰ ਲੱਗ ਤਾਂ ਗਈ ਪਰ ਬਿੰਦੇ ਝੱਟੇ ਉਸਦੀ ਨਿਗ੍ਹਾ ਜਾਗਰ ਵੱਲ ਨੂੰ ਹੀ ਜਾਈ ਜਾਵੇ। ਚਾਰ ਕੁ ਫੁਲਕੇ ਲਾਹ ਕੇ ਉਹ ਜਾਗਰ ਦੇ ਮੰਜੇ ਕੋਲ ਹੀ ਚੁੱਕ ਲਿਆਈ।’ ਲੈ ਉਠ, ਖਾ ਲੈ ਦੋ ਚਾਰ ਬੁਰਕੀਆਂ, ਕੁਸ ਆਂਦਰਾਂ ਨੂੰ ਲੇਸ ਆਵੇ। ਮੈਂ ਭਾਂਡੇ ਕਰ ਕੇ ਕੋਸਾ ਜਿਹਾ ਦੁੱਧ ਲੈ ਕੇ ਆਉਨੀ ਆਂ।’
‘ਦੁੱਧ ਤਾਂ ਮੈਂ ਕਹਿਨਾ ਰਹਿਣ ਦੇ, ਕਹਿੰਦੇ ਆ ਬਈ ਦੁੱਧ ਮਾੜਾ ਹੁੰਦੈ’। ਜਾਗਰ ਨੇ ਸੁਣਿਆ-ਸੁਣਾਇਆ ਡਰ ਜਤਾਇਆ।
‘ਲੈ ਮਾੜਾ ਹੁੰਦੈ? ਇਨ੍ਹਾਂ ਦੀ ਜਣਦੀ ਦਾ ਸਿਰ। ਦੇਖ ਤਾਂ ਸਈ ਤੇਰਾ ਹਾਲ ਕੀ ਹੋਇਆ ਪਿਐ? ਭੋਰਾ ਜਾਨ ਪਊ ਹੱਡਾਂ ‘ਚ। ਮੈਤੋਂ ਤਾਂ ਦੇਖਿਆ ਨੀ ਜਾਂਦਾ ਐਂ।’ ਬਿਸ਼ਨੀ ਦੇ ਔਖ ‘ਚੋਂ ਨਿਕਲੇ ਬੋਲ ਜਾਗਰ ਦੇ ਮਨ ਨੂੰ ਚੰਗੇ ਜਿਹੇ ਲੱਗੇ।
‘ਚੰਗਾ ਇਉਂ ਕਰੀਂ, ਅੱਜ ਤੂੰ ਆਪਦੀ ਮੰਜੀ ਵੀ ਐਥੇ ਮੇਰੇ ਕੋਲ਼ ਈ ਡਾਹ ਲੀਂ’। ਜਾਗਰ ਦੇ ਬੋਲ ਸੁਣ ਕੇ ਤੁਰੀ ਜਾਂਦੀ ਬਿਸ਼ਨੀ ਕੁੱਝ ਬੋਲੀ ਤਾਂ ਨਾ, ਪਰ ਗੱਲ ਉਹਦੇ ਮਨ ਦੀ ਹੋਈ ਕਰਕੇ ਉਹ ਚੱਕਵੇਂ ਪੈਰੀਂ ਹੋ ਗਈ।
ਕੰਮ ਧੰਦਾ ਮੁਕਾ ਬਿਸ਼ਨੀ ਆਪਣੀ ਮੰਜੀ ਜਾਗਰ ਦੇ ਕੋਲ ਹੀ ਡਾਹ ਕੇ ਪੈਣ ਲੱਗੀ ਤਾਂ ਉਸ ਤੋਂ ਰਿਹਾ ਨਾ ਗਿਆ, ‘ਨਾ, ਊਂ ਕੁਸ ਦੁਖਦਾ ਤਾਂ ਨੀ ਤੇਰਾ’?
‘ਓ ਨਹੀਂ ਕੁਸ ਨੀ ਦੁਖਦਾ। ਤੂੰ ਸੌਂ ਜਾ ਚੁੱਪ ਕਰਕੇ।’ ਜਾਗਰ ਖਿਝ ਕੇ ਬੋਲਿਆ।
ਦੋਵੇਂ ਪਾਸੇ ਮਾਰਦੇ ਬਿਨਾ ਬੋਲੇ ਹੀ ਇੱਕ ਦੂਜੇ ਨਾਲ ਗੱਲਾਂ ਕਰਦੇ ਪਏ ਰਹੇ। ਫੇਰ ਪਤਾ ਨਹੀਂ ਕਦੋਂ ਕੀਹਦੀ ਅੱਖ ਲੱਗ ਗਈ। ਸਵੇਰੇ ਜਦੋਂ ਬਿਸ਼ਨੀ ਦੀ ਅੱਖ ਖੁੱਲ਼੍ਹੀ ਤਾਂ ਉਸਦੀ ਨਿਗ੍ਹਾ ਝੱਟ ਜਾਗਰ ਦੇ ਮੰਜੇ ਵੱਲ ਗਈ। ਉਹ ਘੂਕ ਸੁੱਤਾ ਪਿਆ ਸੀ। ਬਿਸ਼ਨੀ ਨੇ ਚਾਹ ਬਣਾ ਕੇ ਦੋ ਘੁੱਟਾਂ ਭਰੀਆਂ ਤੇ ਜਾਗਰ ਦਾ ਗਲਾਸ ਢਕ ਕੇ ਰੱਖ ਦਿੱਤਾ। ਚਾਰ ਪੰਜ ਪਰੌਂਠੇ ਬਣਾ ਕੇ ਲਫ਼ਾਫ਼ੇ ਵਿਚ ਪਾ ਦਿੱਤੇ। ਜਾਗਰ ਉਠ ਕੇ ਮੂੰਹ `ਤੇ ਛਿੱਟੇ ਮਾਰਨ ਹੀ ਲੱਗਿਆ ਸੀ ਕਿ ਜਾਗਰ ਦਾ ਮੁੰਡਾ ਅੰਦਰ ਵੜਦਾ ਬੋਲਿਆ, ‘ਕਿਵੇਂ ਐ ਬਾਪੂ, ਬੰਟੀ ਕਹਿੰਦਾ ਲੁਧਿਆਣੇ ਜਾਣੈ। ਮੈਂ ਚੱਲਾਂ ਨਾਲ?’
‘ਕਿਉਂ ਸਾਰੇ ਟੱਬਰ ਨੇ ਕੀ ਕਰਨੈ ਓਥੇ? ਬੰਟੀ ਹੈਗਾ ਬੱਸ ਬਥੇਰੈ।’ ਜਾਗਰ ਨੇ ਪਰਨੇ ਨਾਲ ਮੂੰਹ ਪੂੰਜਦੇ ਹੋਏ ਤੋੜ ਕੇ ਜਵਾਬ ਦੇ ਦਿੱਤਾ ਅਤੇ ਮੂੰਹ ਵਿਚ ਕੁੱਝ ਬੁੜਬੁੜ ਕੀਤੀ, ‘ਆਇਐ ਵੱਡਾ ਹੇਜ ਦਖਾਉਣ..’। ਬੰਟੀ ਦਾ ਪਿਓ, ਜਾਗਰ ਦਾ ਰੁਖ ਦੇਖ ਕੇ ਘਰ ਨੂੰ ਮੁੜ ਗਿਆ। ਜਾਗਰ ਨੇ ਚਾਹ ਦਾ ਗਲਾਸ ਹਾਲੇ ਮੂੰਹ ਨੂੰ ਲਾਇਆ ਹੀ ਸੀ ਕਿ ਬੰਟੀ ਨੇ ਮੋਟਰ ਸਾਈਕਲ ਲਿਆ ਦਰਾਂ ਮੂਹਰੇ ਲਾਇਆ।’ ਹਾਂ ਬਈ ਬਾਬੇ ਚੱਲੀਏ ਫੇਰ, ਤਿਆਰ ਐਂ?’
‘ਤਿਆਰ ਈ ਆਂ, ਤਿਆਰ ਨੂੰ ਮੈਂ ਕੀ ਘੋੜੇ ਬੀੜਨੇ ਐਂ? ਪਰ ਤੂੰ ਆਹ ਮੋਟਰ ਸੈਕਲ ਕਿਉਂ ਧੂਹੀ ਫਿਰਦੈਂ? ਚੰਗੇ ਭਲੇ ਟੈਂਪੂ ਜਾਂਦੇ ਐ, ਗਾਹਾਂ ਬਸ ਫੜ ਲਾਂ ਗੇ।’ ਜਾਗਰ ਨੂੰ ਮੋਟਰ ਸਾਈਕਲ `ਤੇ ਬੈਠਣਾ ਔਖਾ ਲਗਦਾ ਸੀ।
‘ਓ ਮਖਿਆ ਕਿੱਥੇ ਟੈਂਪੂਆਂ, ਬਸਾਂ `ਤੇ ਧੱਕੇ ਖਾਂਦੇ ਫਿਰਾਂਗੇ? ਨਾਲੇ ਅੱਜ ਤਾਂ ਤੇਰੇ ਸਿਰ `ਤੇ ਕੀ ਪ੍ਰਵਾਹ ਐ? ਤੇਲ ਵੀ ਤੇਰਾ ਤੇ ਮੋਟਰ ਸਾਈਕਲ ਵੀ ਤੇਰਾ। ਪੈਸੇ ਵਾਹਵਾ ਚੱਕ ਲੀਂ ਨਾਲ, ਕੋਈ ਠੰਢਾ-ਤੱਤਾ ਵੀ ਪੀਆਂਗੇ ਫੇਰ ਅੱਜ ਤਾਂ।’ ਬੰਟੀ ਨੇ ਜਾਣ ਬੁੱਝ ਕੇ ਚਮਲਾਹਟ ਜਿਹੀ ਕੀਤੀ।
‘ਤੇਰੀਆਂ ਆਹ ਘਤਿੱਤਾਂ ਨਾ ਗਈਆਂ, ਚੱਲ ਤੁਰ ਹੁਣ।’ ਜਾਗਰ ਪਰਨਾ ਠੀਕ ਜਿਹਾ ਕਰ ਕੇ ਬੰਨ੍ਹਦੇ ਹੋਏ ਝੋਲਾ ਚੁੱਕ ਕੇ ਤੁਰ ਪਿਆ। ਬਿਸ਼ਨੀ ਪਰੌਂਠਿਆਂ ਵਾਲਾ ਲਫ਼ਾਫ਼ਾ ਬੰਟੀ ਨੂੰ ਫੜਾਉਣ ਲੱਗੀ ਤਾਂ ਉਸ ਪੁੱਛ ਲਿਆ, ‘ਇਹ ਕੀ ਐ ਬੇਬੇ?’
‘ਵੇ ਪਰੌਂਠੇ ਐ, ਓਥੇ ਭੁੱਖ ਲੱਗੂ।’
‘ਲੈ ਕਿਤੇ ਹੋਰ? ਅੱਜ ਤਾਂ ਕਿਸੇ ਹੋਟਲ-ਹੂਟਲ ‘ਚ ਈ ਛਕਾਂਗੇ ਤਾਜ਼ੀਆਂ-ਤਾਜ਼ੀਆਂ। ਨਾਲੇ ਬਾਬਾ, ਅੱਜ ਤਾਂ ਪੱਗ ਬੰਨ੍ਹ ਲੈਂਦਾ, ਲੁਧਿਆਣੇ ਚੱਲੇ ਆਂ’ ਬੰਟੀ ਨੇ ਮਖੌਲ ਕਰਦੇ ਹੋਏ ਮੋਟਰ ਸਾਈਕਲ ਨੂੰ ਚਾਬੀ ਲਾ ਲਈ।
‘ਪੱਗ ਬੰਨ੍ਹਣ ਨੂੰ ਮੈਂ ਸਹੁਰੀਂ ਚੱਲਿਆਂ ਕੰਜਰਾ? ਚੱਲ ਤੁਰ ਸਿੱਧਾ ਹੋ ਕੇ।’ ਜਾਗਰ ਪਰੌਠਿਆਂ ਵਾਲਾ ਲਫ਼ਾਫ਼ਾ ਝੋਲ਼ੇ ‘ਚ ਪਾ ਕੇ ਬੰਟੀ ਦੇ ਪਿੱਛੇ ਬੈਠਦਾ ਬੋਲਿਆ। ਬੰਟੀ ਦੇ ਮਖੌਲਾਂ ਨੇ ਉਸਦਾ ਚਿਤ ਕੁੱਝ ਥਾਂ-ਸਿਰ ਕਰ ਦਿੱਤਾ ਸੀ। ਬੰਟੀ ਨੇ ਜਾਣ-ਬੁੱਝ ਕੇ ਮੋਟਰ ਸਾਈਕਲ ਨੂੰ ਝਟਕਾ ਮਰਵਾ ਕੇ ਭਜਾ ਲਿਆ। ਬਿਸ਼ਨੀ ਦਰ ‘ਚ ਖੜ੍ਹੀ ਫਿਕਰ ਜਿਹੇ ਨਾਲ ਉਨ੍ਹਾਂ ਦੇ ਪਿੱਛੇ ਦੇਖਦੀ ਰਹੀ।
ਪੌਣੇ ਘੰਟੇ ਵਿਚ ਬੰਟੀ ਨੇ ਮੋਟਰ ਸਾਈਕਲ ਦਰਵੇਸ਼ ਲੈਬ ਮੂਹਰੇ ਜਾ ਲਾਇਆ। ਬਾਬੇ ਤੋਂ ਪਰਚੀਆਂ ਵਾਲਾ ਝੋਲ਼ਾ ਫੜ, ਉਸਨੂੰ ਬਾਹਰਲੇ ਬੈਂਚ `ਤੇ ਬਿਠਾ ਉਹ ਸਿੱਧਾ ਆਪਣੇ ਮਿੱਤਰ ਸੋਨੂੰ ਦੇ ਕਮਰੇ ਵਿਚ ਚਲਾ ਗਿਆ। ਸ਼ਰਮੇ ਦੀਆਂ ਪਰਚੀਆਂ ਤੇ ਈ.ਸੀ.ਜੀ. ਦੀ ਰਿਪੋਰਟ ਦੇਖ ਕੇ ਸੋਨੂੰ ਬੋਲਿਆ, ‘ਬਾਬੇ ਨੂੰ ਕੁੱਝ ਨੀ ਹੋਇਆ ਯਾਰ। ਐਵੇਂ ਵਾਧੂ ਦਾ ਚੱਕਰ ਪਾਇਐ। ਮਾੜਾ ਮੋਟਾ ਕੋਈ ਮੇਹਦੇ ‘ਚ ਨੁਕਸ ਪੈ ਗਿਆ ਹੋਊ। ਤੈਨੂੰ ਪਤਾ ਈ ਐ, ਕੀ ਕੁਝ ਚੱਲੀ ਜਾਂਦੈ ਅੱਜ-ਕੱਲ੍ਹ। ਨਾਲੇ ਸ਼ਰਮੇ ਦਾ ਤਾਂ ਕੰਮ ਈ ਏਹੀ ਆ। ਹਰ ਰੋਜ਼ ਦੋ ਤਿੰਨ ਮਰੀਜ਼ ਤਾਂ ਓਸ ਦੇ ਹੀ ਹੁੰਦੇ ਐ।’
‘ਮੈਨੂੰ ਤਾਂ ਪਹਿਲਾਂ ਈ ਸ਼ੱਕ ਸੀ ਪਰ ਬਾਬੇ ਦੀ ਤਾਂ ਤਸੱਲੀ ਕਰਾਉਣੀ ਪਊ।’
‘ਹਾਂ ਇਹ ਗੱਲ ਤਾਂ ਹੈ। ਤੂੰ ਇਉਂ ਕਰ ਬਾਬੇ ਨੂੰ ਮੇਰੇ ਕੋਲ ਲੈ ਆ। ਬਾਕੀ ਮੈਂ ਆਪੇ ਸੰਭਾਲ ਲਊਂ।’ ਸੋਨੂੰ ਨੇ ਦਿਮਾਗ ‘ਚ ਸਕੀਮ ਬਣਾ ਲਈ।
ਬੰਟੀ, ਬਾਬੇ ਨੂੰ ਸੋਨੂੰ ਦੇ ਕਮਰੇ ‘ਚ ਲੈ ਆਇਆ। ਜਾਗਰ ਡਰਦਾ-ਡਰਦਾ ਅੰਦਰ ਨੂੰ ਵੜੇ।’ ਆ ਜੋ ਬਾਬਾ ਜੀ, ਆ ਜੋ। ਬਹਿ ਜਾਓ ਅਰਾਮ ਨਾਲ ਐਸ ਸਟੂਲ `ਤੇ। ਕੋਈ ਚਿੰਤਾ ਵਾਲੀ ਗੱਲ ਨੀ, ਮੈਂ ਰਿਪੋਰਟਾਂ ਦੇਖ ਲਈਆਂ ਸਾਰੀਆਂ’। ਸੋਨੂੰ ਨੇ ਸਟੂਲ ਵੱਲ ਇਸ਼ਾਰਾ ਕਰਦੇ ਹੋਏ ਏਨੀ ਗੱਲ ਆਖ ਕੇ ਜਾਗਰ ਦਾ ਅੱਧਾ ਦੁੱਖ ਤੋੜ ਦਿੱਤਾ। ‘ਮੈਂ ਆਹ ਦੋ ਦਵਾਈਆਂ ਲਿਖ ਦਿੰਨਾਂ। ਇਹ ਲੈ ਲਿਓ ਤਿੰਨ ਦਿਨ, ਬੱਸ’। ਬੰਟੀ ਦੇ ਅਗਲੇ ਬੋਲਾਂ ਨੇ ਜਾਗਰ ਦੀ ਚਿੰਤਾ ਖਤਮ ਕਰ ਦਿੱਤੀ।
‘ਮੈਂ ਤਾਂ ਜੀ ਅਸਲ ‘ਚ ਆਹ ਲੰਬੀ ਸਾਰੀ ਪਰਚੀ ਦੇਖ ਕੇ ਈ ਡਰ ਗਿਆ।’ ਜਾਗਰ ਨੇ ਮਨ ਦੀ ਗੱਲ ਦੱਸੀ।
‘ਨਾ ਬਾਬਾ ਹੁਣ ਓਹੀ ਗੱਲ ਕਹਿ ਨਾ ਜਿਹੜੀ ਮੈਨੂੰ ਕਹਿੰਦਾ ਸੀ’। ਬੰਟੀ ਨੇ ਗੱਲ ਚੁੱਕ ਲਈ।
‘ਕੀ ਓਏ, ਐਵੇਂ ਭਕਾਈ ਨਾ ਕਰੀ ਜਾਹ।’ ਜਾਗਰ ਨੇ ਗੱਲ ਟਾਲਣੀ ਚਾਹੀ।
‘ਓਹੀ, ‘ਬਲਦ-ਮੂਤਣਾ’।’ ਸੋਨੂੰ ਤੇ ਬੰਟੀ ਠਹਾਕਾ ਮਾਰ ਕੇ ਉਚੀ ਉਚੀ ਹੱਸ ਪਏ। ਜਾਗਰ ਦੇ ਚੇਹਰੇ `ਤੇ ਵੀ ਮੁਸਕਰਾਹਟ ਆ ਗਈ।
‘ਜਾਓ ਹੁਣ, ਮੌਜਾਂ ਕਰੋ ਦਾਦਾ ਪੋਤਾ। ਨਿੱਕਲ ਗਏ ਗੋਰਖਧੰਦੇ `ਚੋਂ।’ ਸੋਨੂੰ ਦੀ ਕਹੀ ਗੱਲ ਸੁਣ ਬੰਟੀ ਉਸ ਨਾਲ ਹੱਥ ਮਿਲਾ ਕੇ ਮੁਸਕਾਉਂਦਾ ਹੋਇਆ ਬਾਹਰ ਵੱਲ ਤੁਰ ਪਿਆ। ਜਾਗਰ ਨੂੰ ਭਾਵੇਂ ਪੂਰੀ ਗੱਲ ਸਮਝ ਨਹੀਂ ਪਈ ਪਰ ਉਹ ਹੌਸਲੇ ਨਾਲ ਸਾਬਤ ਕਦਮੀਂ ਉਸ ਦੇ ਪਿੱਛੇ ਪਿੱਛੇ ਚੱਲ ਪਿਆ।