ਸਾਧਸੰਗਤਿ ਗੁਰ ਸਬਦ ਸੁਰੱਤੀ

ਗੁਰਨਾਮ ਕੌਰ , ਕੈਨੇਡਾ
ਪਹਿਲੀਆਂ ਪੰਜ ਪਉੜੀਆਂ ਦੀ ਤਰ੍ਹਾਂ ਹੀ, ਸੱਤਵੀਂ ਵਾਰ ਦੀ ਇਸ ਛੇਵੀਂ ਪਉੜੀ ਵਿਚ ਵੀ, ਭਾਈ ਗੁਰਦਾਸ ਛੇ ਦੀ ਗਿਣਤੀ ਨੂੰ ਲੈ ਕੇ ਗੁਰਮੁਖਿ ਬਾਰੇ ਬਿਆਨ ਕਰਦੇ ਹਨ।

ਭਾਰਤ ਵਿਚ ਆਮ ਤੌਰ `ਤੇ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ, ਬਸੰਤ, ਗ੍ਰੀਖਮ (ਗਰਮ ਰੁੱਤ), ਪਾਵਸ (ਵਰਖਾ ਰੁੱਤ), ਸਿਸਰ (ਪੱਤਝੜ), ਸਰਦ ਅਤੇ ਹੇਮੰਤ – ਜਿਨ੍ਹਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਗੁਰਮੁਿਖ ਨੇ ਇਨ੍ਹਾਂ ਛੇ ਰੁੱਤਾਂ ਵਿਚ ਸਾਧਨਾ ਕਰ ਕੇ, ਗੁਰੂ ਦੀ ਸਿੱਖਿਆ ਦੀ ਮਿਹਰ ਨਾਲ, ਗੁਰਮਤਿ ਗਿਆਨ ਰਾਹੀਂ ਛੇ ਸ਼ਾਸਤਰਾਂ-ਸਾਂਖ, ਯੋਗ, ਨਿਆਂਇ, ਪੂਰਵ ਮੀਮਾਂਸਾ, ਉਤਰ ਮੀਮਾਂਸਾ ਅਤੇ ਵੇਦਾਂਤ ਨੂੰ ਸਾਧ ਲਿਆ ਹੈ, ਜਿੱਤ ਲਿਆ ਹੈ। ਛੇ ਰਸ ਖੱਟਾ, ਮਿੱਠਾ, ਕਸੈਲਾ, ਕੌੜਾ, ਤਿੱਖਾ ਅਤੇ ਸਲੂਣਾ ਨੂੰ ਵੀ ਸਾਧ ਲਿਆ ਹੈ ਅਰਥਾਤ ਗੁਰਮੁਖਿ ਉਤੇ ਇਨ੍ਹਾਂ ਰਸਾਂ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਇਨ੍ਹਾਂ ਸਭ `ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ; ਉਸ ਨੇ ਛੇ ਰਾਗਾਂ (ਭੈਰੋਂ ਜਾਂ ਭੈਰਵ, ਮਾਲ ਕੌਂਸ, ਹਿੰਡੋਲ, ਦੀਪਕ ਸ੍ਰੀ ਰਾਗ ਅਤੇ ਮੇਘ ਰਾਗ) ਅੱਗੋਂ ਉਨ੍ਹਾਂ ਦੀਆਂ ਰਾਗਣੀਆਂ (ਜਿਨ੍ਹਾਂ ਦੀ ਗਿਣਤੀ ਆਮ ਤੌਰ `ਤੇ ਛੱਤੀ ਮੰਨੀ ਜਾਂਦੀ ਹੈ) ਨੂੰ ਵੀ ਪੂਰੀ ਤਰ੍ਹਾਂ ਪ੍ਰੇਮਾ-ਭਗਤੀ ਵਿਚ ਲਾ ਲਿਆ ਹੈ ਅਰਥਾਤ ਗੁਰਮੁਖਿ ਰਾਗਾਂ ਤੋਂ ਵੀ ਪਾਰ ਪਾ ਕੇ ਭਾਉ-ਭਗਤੀ ਕਰਦਾ ਹੈ। ਉਸ ਨੇ ਛੇ ਚਿਰੰਜੀਵੀਆਂ (ਭਾਰਤੀ ਸ਼ਾਸਤਰਾਂ ਅਨੁਸਾਰ ਲੰਬੇ ਸਮੇਂ ਤੱਕ ਜਿਊਣ ਵਾਲੇ ਜਿਵੇਂ ਮਾਰਕੰਡੇ, ਕਾਕ ਭਸੁੰਡ, ਲੋਮਸ, ਵੇਦ ਵਿਆਸ ਆਦਿ) ਅਤੇ ਛੇ ਜਤੀਆਂ (ਹਨੂਮਾਨ, ਲਛਮਣ, ਗੋਰਖ ਆਦਿ) ਅਤੇ ਛੇ ਯੋਗ-ਚੱਕ੍ਰਾਂ ਆਦਿ ਨੂੰ ਗੁਰਮਤਿ ਰਾਹੀਂ ਸਾਧ ਲਿਆ ਹੈ। ਇਸ ਦਾ ਅਰਥ ਇਥੇ ਇਹ ਹੈ ਕਿ ਉਹ ਗੁਰੂ ਦੀ ਸਿੱਖਿਆ ਰਾਹੀਂ ਗੁਰਮੁਖਿ ਇਨ੍ਹਾਂ ਸਾਰਿਆਂ ਦੀ ਸਿਆਣਪ ਅਤੇ ਵਿਧੀਆਂ ਨੂੰ ਸਮਝਦਾ ਹੈ। ਉਸ ਨੇ ਛੇ ਸ਼ਾਸਤਰਾਂ (ਭਾਰਤੀ ਦਰਸ਼ਨ-ਸ਼ਾਸਤਰ ਜਿਨ੍ਹਾਂ ਦਾ ਉਪਰ ਵੀ ਜ਼ਿਕਰ ਕੀਤਾ ਹੈ), ਛੇ ਕਰਮਾਂ (ਭਾਰਤੀ ਸ਼ਾਸਤਰਾਂ ਅਨੁਸਾਰ ਜਪ, ਹੋਮ, ਸੰਧਿਆ, ਇਸ਼ਨਾਨ, ਅਤਿਥੀ ਪੂਜਾ, ਦੇਵ ਅਰਚਾ ਆਦਿ) ਨੂੰ ਜਿੱਤ ਕੇ, ਗੁਰੂਆਂ ਦੇ ਗੁਰੂ ਅਕਾਲ ਪੁਰਖ ਦੀ ਸੁਰਤਿ ਨਾਲ ਇਕ-ਰਸ ਹੋ ਕੇ ਆਪਣੀ ਸੁਰਤਿ ਜੋੜੀ ਹੈ। ਛੇ ਵਰਤਾਰੇ (ਪੰਜ ਗਿਆਨ ਇੰਦਰੀਆਂ, ਅਤੇ ਛੇਵਾਂ ਮਨ) ਇਨ੍ਹਾਂ ਸਾਰਿਆਂ ਨੂੰ ਸਾਧ ਕੇ ਛੱਤੀ ਕਿਸਮ ਦੇ ਪਖੰਡਾਂ ਵੱਲੋਂ ਆਪਣੇ ਆਪ ਨੂੰ ਰੋਕ ਕੇ ਇਕ-ਰਸ ਪ੍ਰੀਤ ਵਿਚ ਜੋੜ ਲਿਆ ਹੈ। ਕਹਿਣ ਤੋਂ ਭਾਵ ਹੈ ਕਿ ਛੇ ਦਰਸ਼ਨ-ਸ਼ਾਸਤਰਾਂ ਨਾਲ ਜੋ ਛੇ ਛੇ ਪਖੰਡ ਜੁੜੇ ਹੋਏ ਹਨ ਉਨ੍ਹਾਂ ਸਾਰਿਆਂ ਵੱਲੋਂ ਆਪਣੇ ਮਨ ਨੂੰ ਮੋੜ ਕੇ ਗੁਰੂ ਦੀ ਸਿੱਖਿਆ ਨਾਲ ਜੋੜ ਲਿਆ ਹੈ। ਇਸ ਤਰ੍ਹਾਂ ਗੁਰਮੁਖਿ ਨੇ ਸਾਧਸੰਗਤਿ ਵਿਚ ਜਾ ਕੇ ਗੁਰੂ ਦੀ ਦਿੱਤੀ ਮਤਿ ਰਾਹੀਂ ਆਪਣੀ ਸੁਰਤਿ ਨੂੰ ਸ਼ਬਦ ਵਿਚ ਇਕਸੁਰ ਕਰ ਲਿਆ ਹੈ:
ਛਿਅ ਰੁਤੀ ਕਰਿ ਸਾਧਨਾਂ
ਛਿਅ ਦਰਸਨ ਸਾਧੈ ਗੁਰਮਤੀ।
ਛਿਅ ਰਸ ਰਸਨਾ ਸਾਧਿ ਕੈ
ਰਾਗ ਰਾਗਣੀ ਭਾਇ ਭਗਤੀ।
ਛਿਅ ਚਿਰਜੀਵੀ ਛਿਅ ਜਤੀ
ਚੱਕ੍ਰਵਰਤਿ ਛਿਅ ਸਾਧਿ ਜੁਗਤੀ।
ਛਿਅ ਸਾਸਤ੍ਰ ਛਿਅ ਕਰਮ
ਜਿਣਿ ਛਿਅ ਗੁਰਾਂ ਗੁਰਸੁਰਤਿ ਨਿਰਤੀ।
ਛਿਅ ਵਰਤਾਰੇ ਸਾਧਿ ਕੈ
ਛਿਅ ਛਕ ਛਤੀ ਪਵਣ ਪਰਤੀ।
ਸਾਧਸੰਗਤਿ ਗੁਰ ਸਬਦ ਸੁਰੱਤੀ॥6॥
ਅਗਲੀ ਪਉੜੀ ਵਿਚ ਸੱਤ ਦੀ ਗਿਣਤੀ ਨਾਲ ਗੁਰਮੁਖਿ ਦੀ ਵਿਆਖਿਆ ਕੀਤੀ ਹੈ। ਦੱਸਿਆ ਹੈ ਕਿ ਗੁਰਮੁਖਿ ਸੱਤ ਸਮੁੰਦਰਾਂ (ਦੁਨੀਆ ਵਿਚ ਸਮੁੰਦਰਾਂ ਦੀ ਪੂਰੀ ਜਾਣਕਾਰੀ ਤੋਂ ਪਹਿਲਾਂ ਪੁਰਾਣੇ ਸਾਹਿਤ ਵਿਚ ਆਮ ਤੌਰ `ਤੇ ਸਮੁੰਦਰਾਂ ਲਈ ਸੱਤ ਸਮੁੰਦਰਾਂ ਦਾ ਮੁਹਾਵਰਾ ਹੀ ਵਰਤਿਆ ਜਾਂਦਾ ਸੀ) ਅਤੇ ਸੱਤ ਦੀਪਾਂ (ਭਾਰਤੀ ਪ੍ਰੰਪਰਾ ਵਿਚ ਸੱਤ ਦੀਪ ਇਹ ਮੰਨੇ ਜਾਂਦੇ ਸੀ ਜੰਬੂ ਦੀਪ, ਕੁਸ਼ਦੀਪ, ਲਖਣ ਦੀਪ, ਸਵੇਤ ਦੀਪ, ਕਰੋਚ ਦੀਪ, ਸਾਨ ਦੀਪ ਅਤੇ ਪੁਸ਼ਕਰ ਦੀਪ) ਨੂੰ ਲੰਘ ਕੇ ਗਿਆਨ ਰੂਪੀ ਦੀਵਾ ਜਗਾਇਆ ਹੈ। ਸੱਤ ਸੂਤ ਅਰਥਾਤ ਪੰਜ ਗਿਆਨ ਇੰਦਰੇ, ਮਨ ਅਤੇ ਬੁੱਧੀ ਨੂੰ ਇੱਕ ਸੂਤ ਉੱਚੀ ਸੁਰਤਿ ਵਿਚ ਪਰੋਅ ਕੇ ਸੱਤ ਮਿਥਿਹਾਸਕ ਪੁਰੀਆਂ (ਭਾਰਤੀ ਪ੍ਰੰਪਰਾ ਵਿਚ ਧਰੂ ਪੁਰੀ, ਇੰਦ੍ਰ ਪੁਰੀ ਅਤੇ ਸ਼ਿਵ ਪੁਰੀ ਆਦਿ) ਤੋਂ ਉੱਪਰ ਉੱਠ ਜਾਂਦਾ ਹੈ। ਇੱਥੇ ਕਹਿਣ ਤੋਂ ਭਾਵ ਹੈ ਕਿ ਗੁਰਮੁਖਿ ਦਾ ਰਸਤਾ ਇਨ੍ਹਾਂ ਸਾਰੇ ਮਿਥਿਹਾਸਕ ਨਾਵਾਂ-ਥਾਵਾਂ ਤੋਂ ਅੱਗੇ ਨਿਕਲ ਜਾਂਦਾ ਹੈ ਅਤੇ ਉਸ ਦਾ ਗਿਆਨ ਉਚਤਮ ਗਿਆਨ ਹੈ। ਉਹ ਸੱਤ ਸਤੀਆਂ (ਅਹੱਲਿਆ, ਦਰੁਪਦੀ, ਕੁੰਤੀ, ਸੀਤਾ, ਤਾਰਾ ਅਤੇ ਮੰਦੋਤਰੀ ਆਦਿ), ਸੱਤ ਰਿਸ਼ੀਆਂ (ਕਸ਼ਯਪ, ਵਿਸ਼ਵਾਮਿਤਰ, ਗੌਤਮ, ਜਮਦਗਨਿ, ਭਾਰਦਵਾਜ, ਵਸ਼ਿਸ਼ਟ ਅਤੇ ਅੱਤਰੀ), ਦੀ ਅਸਲੀਅਤ ਅਤੇ ਸੱਤ ਸੁਰਾਂ ਦੇ ਅਸਲੀ ਅਰਥਾਂ ਨੂੰ ਸਮਝ ਕੇ ਆਪਣੀ ਪਰਮਾਤਮ-ਲਿਵ ਵਿਚ ਦ੍ਰਿੜ ਰਹਿੰਦਾ ਹੈ। ਗਿਆਨ ਦੇ ਸੱਤੇ ਪੜਾਵਾਂ ਨੂੰ ਪਾਰ ਕਰ ਕੇ ਗੁਰਮੁਖਿ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ ਜੋ ਸਾਰੇ ਗਿਆਨ ਦੇ ਸਾਰੇ ਪੜਾਵਾਂ ਦਾ ਅਧਾਰ ਹੈ। ਸੱਤਾਂ ਅਕਾਸ਼ਾਂ (ਅਕਾਸ਼ ਵੀ ਸੱਤ ਮੰਨੇ ਗਏ ਹਨ ਭੂ, ਭੁਵ, ਸਵ, ਮਹ, ਜਨ, ਤਪ, ਅਤੇ ਸਤ) ਅਤੇ ਸੱਤ ਪਤਾਲਾਂ (ਅਤਲ, ਵਿਤਲ, ਸੁਤਲ, ਰਸਤਾਤਲ ਆਦਿ) ਸਭ ਨੂੰ ਵਸੀਕਾਰ ਕਰ ਕੇ ਉਚਤਮ ਪਦਵੀ ਪ੍ਰਾਪਤ ਕਰਦਾ ਹੈ; ਅਰਥਾਤ ਹਰ ਤਰ੍ਹਾਂ ਦੀ ਕਾਮਨਾ ਤੋਂ ਬੇਲਾਗ ਹੋ ਕੇ ਆਪਣਾ ਧਿਆਨ ਉਸ ਇੱਕ ਅਕਾਲ ਪੁਰਖ ਵੱਲ ਲਾਉਂਦਾ ਹੈ, ਉਸ ਨੂੰ ਕਿਸੇ ਹੋਰ ਪ੍ਰਾਪਤੀ ਦੀ ਇੱਛਾ ਨਹੀਂ ਰਹਿੰਦੀ। ਪਹਾੜਾਂ ਦੀਆਂ ਸੱਤ ਧਾਰਾਂ ਗੰਗਾ, ਜਮੁਨਾ, ਸਰਸਵਤੀ, ਸਤਿਲੁਜ, ਰਾਵੀ, ਬਿਆਸ ਅਤੇ ਝਨਾਂ ਆਦਿ ਨੂੰ ਲੰਘ ਕੇ ਭੈਰਵ ਆਦਿ ਭੂਤ-ਪ੍ਰੇਤ ਆਦਿ ਸਭ ਨੂੰ ਦਲਮਲ ਸੁੱਟਦਾ ਹੈ (ਖੇਤ੍ਰਪਾਲ ਭੈਰੋਂ ਦੀ ਪਦਵੀ ਮੰਨੀ ਗਈ ਹੈ)। ਸੱਤ ਨਛੱਤਰਾਂ ਰੋਹਣੀ ਆਦਿ, ਸੱਤ ਵਾਰਾਂ, ਸੱਤ ਗ੍ਰਹਿਾਂ (ਸੂਰਜ, ਚੰਦਰ, ਮੰਗਲ, ਬੁੱਧ, ਬ੍ਰਹਿਸਪਤੀ ਅਤੇ ਸ਼ਨੀ ਆਦਿ), ਸੱਤ ਸੁਹਾਗਣਾਂ (ਰਿਸ਼ੀਆ ਦੀਆਂ ਪਤਨੀਆਂ) ਆਦਿ ਵਿਚ ਗੁਰਮੁਖ ਨਹੀਂ ਹਾਰਦਾ ਭਾਵ ਉਹ ਅਜਿਹੇ ਵਹਿਮਾਂ ਭਰਮਾਂ ਤੋਂ ਨਿਰਲੇਪ ਹੁੰਦਾ ਹੈ। ਗੁਰਮੁਖਿ ਸਤਿਸੰਗਤ ਦੇ ਆਸਰੇ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ `ਤੇ ਫਤਿਹ ਪਾਉਂਦਾ ਹੈ। ਇਸ ਦਾ ਭਾਵ ਇਹ ਬਣਦਾ ਹੈ ਕਿ ਸੱਤ ਦੀ ਗਿਣਤੀ ਵਾਲੇ ਇਨ੍ਹਾਂ ਪ੍ਰਚੱਲਤ ਵਹਿਮਾਂ-ਭਰਮਾਂ ਵਿਚ ਗੁਰਮੁਖਿ ਨਹੀਂ ਫਸਦਾ, ਨਾ ਹੀ ਉਹ ਅਜਿਹੀਆ ਚੀਜ਼ਾਂ ਤੋਂ ਡਰਦਾ ਅਤੇ ਉਨ੍ਹਾਂ ਦੇ ਵਹਿਮਾਂ ਵਿਚ ਫਸਦਾ ਹੈ ਬਲਕਿ ਉਹ ਸਤਿਸੰਗਤ ਦੇ ਆਸਰੇ ਅਜਿਹੇ ਵਹਿਮਾਂ-ਭਰਮਾਂ `ਤੇ ਫਤਿਹ ਪਾ ਲੈਂਦਾ ਹੈ ਅਤੇ ਆਪਣੀ ਸੁਰਤਿ ਪਰਮਾਤਮ-ਸੁਰਤਿ ਨਾਲ ਜੋੜਦਾ ਹੈ:
ਸਤ ਸਮੁੰਦ ਉਲੰਘਿਆ
ਦੀਪ ਸਤ ਇਕੁ ਦੀਪਕੁ ਬਲਿਆ।
ਸਤ ਸੂਤਿ ਇਕ ਸੂਤਿ ਕਰਿ
ਸਤੇ ਪੁਰੀਆ ਲੰਘਿ ਉਛਲਿਆ।
ਸਤ ਸਤੀ ਜਿਣਿ ਸਪਤ ਰਿਖਿ
ਸਤਿਸੁਰਾ ਜਿਣਿ ਅਟਲੁ ਨ ਟਲਿਆ।
ਸਤੇ ਸੀਵਾਂ ਸਾਧਿ ਕੈ
ਸਤੀਂ ਸੀਵੀਂ ਸੁਫਲਿਓ ਫਲਿਆ।
ਸਤ ਅਕਾਸ ਪਤਾਲ ਸਤ
ਵਸਿਗਤਿ ਕਰਿ ਉਪਰੇਰੈ ਚਲਿਆ।
ਸਤੇ ਧਾਰੀ ਲੰਘਿ ਕੈ ਭੈਰਉ
ਖੇਤ੍ਰਪਾਲ ਦਲ ਮਲਿਆ।
ਸਤੇ ਰੋਹਣਿ ਸਤਿ ਵਾਰ
ਸਤਿ ਸੁਹਾਗਣਿ ਸਾਧਿ ਨ ਢਲਿਆ।
ਗੁਰਮੁਖਿ ਸਾਧਸੰਗਤਿ ਵਿਚਿ ਖਲਿਆ॥7॥
ਅੱਠਵੀਂ ਪਉੜੀ ਵਿਚ ਭਾਈ ਗੁਰਦਾਸ ਅੱਠ ਦੀ ਗਿਣਤੀ ਰਾਹੀਂ ਗੁਰਮੁਖਿ ਦੀ ਕਰਨੀ ਦਾ ਉਲੇਖ ਕਰਦੇ ਹਨ। ਭਾਈ ਸਾਹਿਬ ਅਨੁਸਾਰ ਜਗਿਆਸੂਆਂ ਨੇ ਅੱਠ ਸਿੱਧੀਆਂ (ਆਵਮਾਂ, ਮਹਿਮਾਂ, ਗਰਿਮਾ, ਲਘਿਮਾ, ਪ੍ਰਾਪਤਿ, ਪ੍ਰਾਕਰਮ, ਵਸ਼ਿਤਾ, ਈਸ਼ਤਾ) ਆਦਿ ਨੂੰ ਸਿੱਧ ਕਰਕੇ ਵੀ ਅੰਤ ਨਹੀਂ ਪਾਇਆ। ਸ਼ੇਸ਼ਨਾਗ ਨੇ ਅੱਠ ਕੁਲਾਂ ਦੀ ਸਾਧਨਾ ਕਰ ਕੇ ਵੀ ਸਿਮਰਨ ਦੀ ਕੀਮਤ ਨਹੀਂ ਪਾਈ। ਅੱਠ ਪੰਸੇਰੀਆਂ (ਪੰਜ ਸੇਰ ਦਾ ਵੱਟਾ-ਕਿੱਲੋਗਰਾਮ ਤੋਂ ਪਹਿਲਾਂ ‘ਸੇਰ’ ਪ੍ਰਚੱਲਤ ਸੀ) ਮਿਲ ਕੇ ਇੱਕ ਮਣ (ਭਾਰਤੀ ਮਾਪ ਵਿਚ ਚਾਲੀ ਸੇਰ ਨੂੰ ਇੱਕ ਮਣ ਕਿਹਾ ਜਾਂਦਾ ਸੀ) ਬਣਦਾ ਹੈ ਅਤੇ ਪੰਜ ਨੂੰ ਅੱਠ ਨਾਲ ਗੁਣਾ ਕਰੀਏ ਤਾਂ ਚਾਲੀ ਸੇਰ ਬਣਦਾ ਹੈ। ਜਿਵੇਂ ਚਰਖੇ ਵਿਚ ਅੱਠ ਫੱਟੀਆਂ (ਚਾਰ ਇੱਕ ਪਾਸੇ ਅਤੇ ਚਾਰ ਦੂਜੇ ਪਾਸੇ) ਹੁੰਦੀਆਂ ਹਨ ਪ੍ਰੰਤੂ ਚਰਖਾ ਇੱਕ ਸੂਤ (ਸੂਤ ਦੀ ਵੱਟੀ ਹੋਈ ਮਾਲ੍ਹ) ਦੇ ਆਸਰੇ ਲਿਵ ਲਾ ਕੇ ਇਕਸੂਤ ਚੱਲਦਾ ਹੈ। ਇਸੇ ਤਰ੍ਹਾਂ ਅੱਠ ਪਹਿਰ ਦਾ ਦਿਨ ਅਤੇ ਰਾਤ ਹੁੰਦਾ ਹੈ, ਯੋਗ ਦੇ ਵੀ ਅੱਠ ਅੰਗ (ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ) ਹਨ; ਅੱਠ ਰਾਈ ਦਾ ਇੱਕ ਚੌਲ, ਅੱਠ ਚੌਲ ਦੀ ਇੱਕ ਰੱਤੀ ਅਤੇ ਅੱਠ ਰੱਤੀ ਦਾ ਇੱਕ ਮਾਸਾ ਬਣਾਦਾ ਹੈ। ਇਨ੍ਹਾਂ ਸਾਰਿਆਂ ਦਾ ਆਪਸ ਵਿਚ ਅੱਠ ਦਾ ਸਬੰਧ ਹੈ। ਅੱਠ ਲੱਕੜੀਆਂ ਵਰਗੇ ਕਠੋਰ ਮਨ ਨੂੰ ਵਸ ਵਿਚ ਕਰ ਕੇ ਗੁਰਮੁਖਿ ਨੇ ਇੱਕਸੁਰ ਕਰ ਲਿਆ ਹੈ ਜਿਵੇਂ ਅੱਠ ਧਾਤਾਂ ਨੂੰ ਮਿਲਾ ਕੇ ਇੱਕ ਧਾਤ ਬਣ ਜਾਂਦੀ ਹੈ। ਇਹ ਸਭ ਸਾਧਸੰਗਤਿ ਦੀ ਵਡਿਆਈ ਹੈ ਕਿਉਂਕਿ ਸਾਧਸੰਗਤਿ ਵਿਚ ਜਾਇਆਂ ਹੀ ਇਹ ਪ੍ਰਾਪਤੀ ਸੰਭਵ ਹੁੰਦੀ ਹੈ:
ਅਠੈ ਸਿਧੀ ਸਾਧਿ ਕੈ
ਸਾਧਿਕ ਸਿਧ ਸਮਾਧਿ ਫਲਾਈ।
ਅਸਟਕੁਲੀ ਬਿਖੁ ਸਾਧਨਾ
ਸਿਮਰਣਿ ਸੇਖ ਨ ਕੀਮਤਿ ਪਾਈ।
ਮਣੁ ਹੋਇ ਅਠ ਪੈਸੇਰੀਆ
ਪੰਜੂ ਅਠੇ ਚਾਲੀਹ ਭਾਈ।
ਜਿਉ ਚਰਖਾ ਅਠ ਖੰਭੀਆ
ਇਕਤੁ ਸੂਤਿ ਰਹੈ ਲਿਵ ਲਾਈ।
ਅਠ ਪਹਿਰ ਅਸਟਾਂਗੁ ਜੋਗੁ
ਚਾਵਲ ਰਤੀ ਮਾਸਾ ਰਾਈ।
ਅਠ ਕਾਠਾ ਮਨੁ ਵਸ ਕਰਿ
ਅਸਟ ਧਾਤੁ ਇਕੁ ਧਾਤੁ ਕਰਾਈ।
ਸਾਧਸੰਗਤਿ ਵਡੀ ਵਡਿਆਈ॥8॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਨੌਂ ਦੀ ਗਿਣਤੀ ਰਾਹੀਂ ਵਰਣਨ ਕਰਦੇ ਹਨ ਕਿ ਭਾਵੇਂ ਗੁਰਮੁਖਿ ਨੌਂ ਨਾਥ ਜੋਗੀਆਂ (ਗੋਰਖ ਨਾਥ, ਮਛੰਦਰ ਨਾਥ, ਝੰਗਰ ਨਾਥ, ਭੰਗਰ ਨਾਥ ਆਦਿ) ਨੂੰ ਨੱਥ ਲੈਂਦੇ ਹਨ ਭਾਵ ਹੁਕਮ ਵਿਚ ਤੋਰ ਲੈਂਦੇ ਹਨ ਪ੍ਰੰਤੂ ਆਪ ਨਿਮਾਣੇ ਹੋ ਕੇ ਵਿਚਰਦੇ ਹਨ ਅਤੇ ਕਿਉਂਕਿ ਗੁਰਮੁਖ ਨਾਥਾਂ ਦੇ ਨਾਥ ਅਕਾਲ ਪੁਰਖ ਨੂੰ ਸਭ ਦਾ ਸਹਾਈ ਹੋਣ ਵਾਲਾ ਮੰਨਦੇ ਹਨ। ਨੌਂ ਖ਼ਜ਼ਾਨੇ (ਨੌਂ ਖ਼ਜ਼ਾਨੇ ਪਦਮ, ਮਹਾ ਪਦਮ, ਮਕਰ, ਕੱਛਪ, ਮੁਕੰਦ, ਕੰਦ, ਨੀਲ, ਸੰਖ, ਖਰਬ ਆਦਿ) ਗੁਰਮੁਖਾਂ ਦੇ ਹੁਕਮ ਵਿਚ ਹੁੰਦੇ ਹਨ ਪ੍ਰੰਤੂ ਗਿਆਨ (ਗਿਆਨ ਸਭ ਤੋਂ ਵੱਡੀ ਦੌਲਤ ਹੈ) ਦਾ ਖ਼ਜ਼ਾਨਾ ਗੁਰਮੁਖਿ ਦੇ ਨਾਲ ਨਾਲ ਗੁਰਭਾਈ ਦੀ ਤਰ੍ਹਾਂ ਚੱਲਦਾ ਹੈ; ਕਹਿਣ ਤੋਂ ਭਾਵ ਹੈ ਕਿ ਗਿਆਨ ਸਦੀਵੀ ਗੁਰਮੁਖਾਂ ਦੇ ਅੰਗ ਸੰਗ ਰਹਿੰਦਾ ਹੈ। ਨਵ-ਭਗਤ ਨੌਂ ਕਿਸਮ ਦੀ ਭਗਤੀ (ਸ੍ਰਵਣ, ਕੀਰਤਨ, ਸਿਮਰਨ, ਆਦਿ) ਕਰਦੇ ਹਨ ਪ੍ਰੰਤੂ ਗੁਰਮੁਖਿ ਉਸ ਅਕਾਲ ਪੁਰਖ ਦੀ ਪ੍ਰੇਮਾ-ਭਗਤੀ ਵਿਚ ਆਪਣੀ ਲਿਵ ਜੋੜ ਕੇ ਰੱਖਦੇ ਹਨ ਅਰਥਾਤ ਗੁਰਮੁਖਿ ਲਈ ਪਰਮਾਤਮਾ ਦੇ ਪ੍ਰੇਮ ਵਿਚ ਲੀਨ ਰਹਿਣਾ ਹੀ ਸਭ ਤੋਂ ਵੱਡੀ ਭਗਤੀ ਹੈ। ਗੁਰਮੁਖਿ ਨੌਂ ਗ੍ਰਹਿ (ਨੌਂ ਗੋਲਕਾਂ ਨੱਕ, ਕੰਨ, ਮੂੰਹ, ਅੱਖਾਂ ਆਦਿ) ਨੂੰ ਗ੍ਰਿਹਸਤ ਵਿਚ ਰਹਿੰਦਿਆਂ ਹੀ ਸਾਧ ਲੈਂਦਾ ਹੈ ਭਾਵ ਉਸ ਦੇ ਗਿਆਨ ਇੰਦ੍ਰੇ ਗੁਰਮੁਖਿ ਦੇ ਵੱਸ ਵਿਚ ਹੁੰਦੇ ਹਨ ਅਤੇ ਸਤਿਗੁਰੂ ਦੀ ਵਡਿਆਈ ਹੀ ਹੈ, ਜਿਸ ਨਾਲ ਗੁਰਮੁਖਿ ਆਪਣੇ ਗਿਆਨ ਇੰਦ੍ਰਿਆਂ ਨੂੰ ਗ੍ਰਿਹਸਤ ਵਿਚ ਰਹਿੰਦਿਆਂ ਵੀ ਕਾਬੂ ਵਿਚ ਰੱਖਣਾ ਸਿੱਖ ਲੈਂਦਾ ਹੈ। ਉਹ ਨੌਂ ਭੂਖੰਡਾਂ ਨੂੰ ਜਿੱਤ ਕੇ ਵੀ ਆਪ ਅਖੰਡ ਰਹਿੰਦਾ ਹੈ ਅਰਥਾਤ ਉਸ ਦੀ ਬਿਰਤੀ ਖੰਡਤ ਨਹੀਂ ਹੁੰਦੀ ਅਤੇ ਉਹ ਨੌਂ ਦਰਵਾਜਿਆਂ ਨੂੰ ਲੰਘ ਆਪਣੇ ਨਿਜ-ਘਰ ਅਰਥਾਤ ਆਪਣੇ ਸਵੈ ਵਿਚ ਟਿਕ ਜਾਂਦਾ ਹੈ; ਗੁਰਮੁਖਿ ਗੁਰੂ ਦੀ ਸਿੱਖਿਆ ਅਨੁਸਾਰ ਸਹਿਜ ਮਾਰਗ `ਤੇ ਚੱਲ ਕੇ ਆਪਣੇ ਸਵੈ ਦਾ ਅਨੁਭਵ ਕਰ ਲੈਂਦਾ ਹੈ। ਨੌਂ ਦੀ ਗਿਣਤੀ ਤੋਂ ਅਣਗਿਣਤ ਗਿਣਤੀਆਂ ਤੱਕ ਪਹੁੰਚ ਸਕੀਦਾ ਹੈ ਅਤੇ ਗੁਰਮੁਖਿ ਆਪਣੇ ਸਰੀਰ ਅੰਦਰਲੇ ਨੌਂ ਰਸਾਂ ਨੂੰ ਕਾਬੂ ਕਰ ਕੇ ਸਹਿਜ ਅਵਸਥਾ ਵਿਚ ਸਮਾ ਜਾਂਦਾ ਹੈ। ਗੁਰਮੁਖਿ ਨੂੰ ਉਸ ਸੁਖਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਦਾ ਭਾਵਅਰਥ ਇਹੀ ਹੈ ਕਿ ਗੁਰੂ ਦਾ ਦੱਸਿਆ ਮਾਰਗ ਸਹਿਜ ਮਾਰਗ ਹੈ ਜਿਸ `ਤੇ ਗ੍ਰਹਿਸਤ ਵਿਚ ਰਹਿੰਦਿਆਂ ਵੀ ਗੁਰਮੁਖਿ ਚੱਲਦਾ ਹੈ ਅਤੇ ਆਪਣੇ ਸਵੈ ਦਾ, ਆਪਣੇ ਮੂਲ ਦਾ ਅਨੁਭਵ ਕਰ ਕੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ:
ਨਥਿ ਚਲਾਏ ਨਵੈ ਨਾਥਿ
ਨਾਥਾ ਨਾਥੁ ਅਨਾਥ ਸਹਾਈ।
ਨਉ ਨਿਧਾਨ ਫੁਰਮਾਨ ਵਿਚਿ
ਪਰਮ ਨਿਧਾਨ ਗਿਆਨ ਗੁਰਭਾਈ।
ਨਉ ਭਗਤੀ ਨਉਭਗਤਿ ਕਰਿ
ਗੁਰਮੁਖਿ ਪ੍ਰੇਮ ਭਗਤਿ ਲਿਵ ਲਾਈ।
ਨਉ ਗ੍ਰਿਹ ਸਾਧ ਗ੍ਰਿਹਸਤ ਵਿਚਿ
ਪੂਰੇ ਸਤਿਗੁਰ ਦੀ ਵਡਿਆਈ।
ਨਉ ਖੰਡ ਸਾਧ ਅਖੰਡ ਹੋਇ
ਨਉ ਦੁਆਰਿ ਲੰਘਿ ਨਿਜ ਘਰਿ ਜਾਈ।
ਨਉ ਅੰਗ ਨੀਲ ਅਨੀਲ ਹੋਇ
ਨਉ ਕੁਲ ਨਿਗ੍ਰਹ ਸਹਜਿ ਸਮਾਈ।
ਗੁਰਮੁਖਿ ਸੁਖ ਫਲੁ ਅਲਖੁ ਲਖਾਈ॥9॥
ਦਸਵੀਂ ਪਉੜੀ ਵਿਚ ਦਸਨਾਮੀ ਸੰਨਿਆਸੀਆਂ ਦੇ ਦਸ ਫਿਰਕਿਆਂ (ਗਿਰੀ, ਪੁਰੀ, ਭਾਰਤੀ, ਸੁਰੱਸਤੀ, ਤੀਰਥੀ, ਆਸ਼ਰਮੀ, ਬਨੀ, ਅਰੰਨਯੀ, ਪਰਬਤੀ, ਸਾਗਰ ਆਦਿ) ਵੱਲ ਇਸ਼ਾਰਾ ਕਰਦਿਆਂ ਸਮਝਾਇਆ ਹੈ ਕਿ ਉਸ ਇੱਕ ਸੱਚੇ ਨਾਮ ਤੋਂ ਬਿਨਾਂ ਹੀ ਉਨ੍ਹਾਂ ਨੇ ਆਪਣਾ ਨਾਮ ਗਿਣਵਾਇਆ ਹੈ, ਇਨ੍ਹਾਂ ਸੰਨਿਆਸੀਆਂ ਦੇ ਦਸ ਫਿਰਕਿਆ ਨੇ ਅਕਾਲ ਪੁਰਖ ਦੀ ਥਾਂ ਆਪਣੇ ਨਾਮ ਦਾ ਹੀ ਪ੍ਰਚਾਰ ਕੀਤਾ ਹੈ ਅਰਥਾਤ ਆਪਣੇ ਸੰਨਿਆਸੀ ਹੋਣ ਦਾ ਅਹੰਕਾਰ ਕੀਤਾ ਹੈ। ਇਸੇ ਤਰ੍ਹਾਂ ਵਿਸ਼ਨੂ ਦੇ ਦਸ ਅਵਤਾਰਾਂ (ਮਤਸਯ, ਕੁਰਮ, ਵਰਾਹ, ਨਰਸਿੰਘ, ਵਾਮਨ, ਪਰਸ਼ੁਰਾਮ, ਰਾਮ, ਕ੍ਰਿਸ਼ਨ ਅਤੇ ਬਲਰਾਮ) ਨੇ ਸਰੀਰ ਧਾਰਨ ਕਰਕੇ ਵੀ ਉਸ ਇੱਕ ਪਰਮਾਤਮਾ ਨੂੰ ਨਹੀਂ ਜਾਣਿਆ ਅਤੇ ਆਪਣਾ ਹੀ ਨਾਮ ਜਪਾਇਆ। ਤੀਰਥਾਂ ਅਤੇ ਦਸ ਪੁਰਬਾਂ (ਵਿਸਾਖੀ, ਮਾਘੀ, ਦਿਵਾਲੀ, ਦੁਸਹਿਰਾ, ਟੁਕੜੀ, ਨਿਮਾਣੀ, ਦੁਆਦਸੀ, ਵਿਤੀਪਾਤ, ਵੈਧ੍ਰਿਤ, ਜਨਮ ਅਸਟਮੀ) ਦੇ ਸੰਜੋਗ ਨੇਗੁਰਪੁਰਬ ਦੀ ਬਰਾਬਰੀ ਨਹੀਂ ਕੀਤੀ ਕਿਉਂਕਿ ਇਨ੍ਹਾਂ ਪੁਰਬਾਂ ਵਿਚ ਸੰਸਾਰਕ ਖੁਸ਼ੀ ਤਾਂ ਮਿਲਦੀ ਹੈ ਪ੍ਰੰਤੂ ਗੁਰਪੁਰਬ ਦੀ ਤਰ੍ਹਾਂ ਇਹ ਮਨ ਨੂੰ ਵਾਹਿਗੁਰੂ ਵੱਲ ਨਹੀਂ ਲੈ ਕੇ ਜਾਂਦੇ। ਜਿਨ੍ਹਾਂ ਨੇ ਸਾਧਸੰਗਤਿ ਵਿਚ ਜਾ ਕੇ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਉਸ ਇੱਕ ਅਕਾਲ ਪੁਰਖ ਦਾ ਧਿਆਨ ਨਹੀਂ ਧਰਿਆ ਉਨ੍ਹਾਂ ਦਾ ਮਨ ਦਸਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ ਅਰਥਾਤ ਸਤਿਸੰਗਤਿ ਵਿਚ ਜਾ ਕੇ ਵਾਹਿਗੁਰੂ ਨਾਲ ਮਨ ਨੂੰ ਜੇ ਨਾ ਜੋੜਿਆ ਜਾਵੇ ਤਾਂ ਮਨ ਸਹਿਜ ਅਵਸਥਾ ਨੂੰ ਪ੍ਰਾਪਤ ਨਹੀਂ ਹੁੰਦਾ ਅਤੇ ਉਸ ਦੀ ਭਟਕਣ ਨਹੀਂ ਮੁੱਕਦੀ। ਗੁਰਮਤਿ ਵਿਚ ਮੁਸਲਮਾਨਾਂ ਦੇ ਮੁਹੱਰਮ ਦੇ ਦਸ ਦਿਨ ਅਤੇ ਹਿੰਦੂਆਂ ਦੇ ਦਸ ਯੱਗ (ਅਸ਼ਵਮੇਧ, ਰਾਜਮੇਧ, ਗੋਮੇਧ, ਅਜ, ਨਰ, ਰਾਜਸ, ਬ੍ਰਹਮ ਯੱਗ, ਅਨਜਰ, ਹੇਤ੍ਰ, ਚਾਤ੍ਰ ਆਦਿ) ਨੂੰ ਨਹੀਂ ਮੰਨਿਆ ਗਿਆ, ਇਨ੍ਹਾਂ ਦਾ ਨਿਖੇਧ ਕੀਤਾ ਗਿਆ ਹੈ। ਇਥੇ ਭਾਈ ਗੁਰਦਾਸ ਨੇ ਮੁਹੱਰਮ ਜਾਂ ਯੱਗ ਆਦਿ ਦਾ ਵਰਣਨ ਕੀਤਾ ਹੈ ਕਿਉਂਕਿ ਗੁਰਮਤਿ ਵਿਚ ਸਵੈ-ਅਨੁਭਵ ਅਰਥਾਤ ਆਪਣੇ ਜੋਤਿ-ਸਰੂਪ ਹੋਣ ਦੇ ਅਨੁਭਵ ਲਈ ਇੱਕੋ ਇੱਕ ਸਾਧਨ ਸਾਧਸੰਗਤਿ ਵਿਚ ਜਾ ਕੇ, ਇਕ ਮਨ ਇੱਕ ਚਿੱਤ ਹੋ ਕੇ ਉਸ ਅਕਾਲ ਪੁਰਖ ਦਾ ਨਾਮ ਧਿਆਉਣ ਅਤੇ ਸੇਵਾ ਨੂੰ ਪਰਵਾਨ ਕੀਤਾ ਗਿਆ ਹੈ। ਹੋਰ ਕਿਸੇ ਕਿਸਮ ਦੇ ਸਾਧਨ ਜਿਵੇਂ ਕਿਸੇ ਕਿਸਮ ਨਾਲ ਆਪਣੇ ਸਰੀਰ ਨੂੰ ਕਸ਼ਟ ਦੇਣਾ ਜਾਂ ਯੱਗ ਆਦਿ ਕਰ ਕੇ ਬਲੀ ਵਗੈਰਾ ਦੇਣ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਯੱਗ ਕਰਨਾ ਅਤੇ ਨਾਲ ਹੀ ਅਹਿੰਸਾ ਦੇ ਸਿਧਾਂਤ ਨੂੰ ਮੰਨਣਾ ਸਵੈ-ਵਿਰੋਧੀ ਹੈ ਕਿਉਂਕਿ ਯੱਗ ਵਿਚ ਜਦੋਂ ਬਲੀ ਦਿੱਤੀ ਜਾਂਦੀ ਹੈ ਤਾਂ ਸਿਧਾਂਤ ਦਾ ਨਿਖੇਧ ਆਪਣੇ ਆਪ ਹੋ ਜਾਂਦਾ ਹੈ। ਗੁਰਮੁਖਿ ਗੁਰੂ ਦੀ ਸਿੱਖਿਆ `ਤੇ ਚੱਲਦਿਆਂ ਆਪਣੀਆਂ ਦਸੇ ਇੰਦ੍ਰੀਆਂ (ਪੰਜ ਗਿਆਨ ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਨੂੰ ਵੱਸ ਵਿਚ ਕਰ ਕੇ ਅਤੇ ਆਪਣੇ ਮਨ ਨੂੰ ਬਾਹਰ ਵਾਲੇ ਪਾਸੇ ਤੋਂ ਮੋੜ ਕੇ ਅੰਤਰਮੁਖੀ ਕਰਦਾ ਹੈ ਅਤੇ ਪਰਮਾਤਮਾ ਨਾਲ ਜੋੜਦਾ ਹੈ। ਭਾਈ ਸਾਹਿਬ ਨੇ ਨਤੀਜਾ ਇਹ ਕੱਢਿਆ ਹੈ ਕਿ ਗੁਰਮੁਖਿ ਪੈਰੀਂ ਪੈ ਕੇ ਅਰਥਾਤ ਨਿਮਰਤਾ ਨਾਲ ਜਗਤ ਨੂੰ ਵੀ ਨਿਵਾ ਲੈਂਦਾ ਹੈ ਅਰਥਾਤ ਗੁਰਮੁਖਿ ਨਿਮਰਤਾ ਵਿਚ ਜਿਉਂਦਾ ਹੈ ਅਤੇ ਦੂਸਰਿਆਂ ਨੂੰ ਵੀ ਨਿਮਰਤਾ ਵਿਚ ਜਿਊਣ ਦਾ ਵੱਲ ਦੱਸਦਾ ਹੈ (ਗੁਰਮਤਿ ਵਿਚ ਹਲੀਮੀ ਅਰਥਾਤ ਨਿਮਰਤਾ ਨੂੰ ਗੁਰਮੁਖਿ ਦਾ ਲਾਜ਼ਮੀ ਨੈਤਿਕ ਗੁਣ ਪਰਵਾਨ ਕੀਤਾ ਗਿਆ ਹੈ):
ਸੰਨਿਆਸੀ ਦਸ ਨਾਵ ਧਰਿ
ਸਚ ਨਾਵ ਵਿਣੁ ਨਾਵ ਗਣਾਇਆ।
ਦਸ ਅਵਤਾਰ ਅਕਾਰੁ ਕਰਿ
ਏਕੰਕਾਰੁ ਨ ਅਲਖੁ ਲਖਾਇਆ।
ਤੀਰਥ ਪੁਰਬ ਸੰਜੋਗ ਵਿਚਿ
ਦਸ ਪੁਰਬੀਂ ਗੁਰਪੁਰਬਿ ਨ ਪਾਇਆ।
ਇਕ ਮਨਿ ਇਕ ਨ ਚੇਤਿਓ
ਸਾਧਸੰਗਤਿ ਵਿਣੁ ਦਹਦਿਸਿ ਧਾਇਆ।
ਦਸ ਦਹੀਆਂ ਦਸ ਅਸਵਮੇਧ ਖਾਇ
ਅਮੇਧ ਨਿਖੇਧੁ ਕਰਾਇਆ।
ਇੰਦਰੀਆਂ ਦਸ ਵਸਿ ਕਰਿ
ਬਾਹਰਿ ਜਾਂਦਾ ਵਰਜਿ ਰਹਾਇਆ।
ਪੈਰੀ ਪੈ ਜਗ ਪੈਰੀ ਪਾਇਆ॥10॥
ਇਨ੍ਹਾਂ ਪੰਜ ਪਉੜੀਆਂ ਦਾ ਸਾਰ ਤੱਤ ਇਹ ਨਿਕਲਦਾ ਹੈ ਕਿ ਗੁਰਮੁਖਿ ਇਕ ਅਕਾਲ ਪੁਰਖ ਦੇ ਨਾਮ ਸਿਮਰਨ ਤੋਂ ਬਿਨਾ ਹੋਰ ਕਿਸੇ ਵੀ ਕਿਸਮ ਦੇ ਕਰਮਕਾਂਡ ਵਿਚ ਨਹੀਂ ਪੈਂਦਾ। ਉਹ ਆਪਣੇ ਮਨ ਨੂੰ ਜਿੱਤਦਾ ਹੈ ਅਤੇ ਉਸ ਨੂੰ ਪਰਮਾਤਮਾ ਵਾਲੇ ਪਾਸੇ ਲਾਉਂਦਾ ਹੈ। ਇਸ ਤਰ੍ਹਾਂ ਪਰਮਾਤਮ-ਸੁਰਤਿ ਨਾਲ ਆਪਣੀ ਸੁਰਤਿ ਨੂੰ ਇਕਸੁਰ ਕਰ ਕੇ ਆਪਣੇ ਅੰਦਰ ਵਸ ਰਹੀ ਪਰਮਾਤਮ-ਜੋਤਿ ਦਾ ਅਨੁਭਵ ਕਰਦਾ ਹੈ। ਇਹ ਅਨੁਭਵ ਗੁਰੂ ਦੀ ਦੱਸੀ ਸਿੱਖਿਆ `ਤੇ ਚਲਦਿਆਂ ਸਤਿਸੰਗਤਿ ਵਿਚ ਜਾ ਕੇ ਨਾਮ ਸਿਮਰਨ ਕੀਤਿਆਂ ਸੰਭਵ ਹੁੰਦਾ ਹੈ।