ਕਿਤੇ ਤਾਂ ਕੋਈ ਹੈ!

ਹਰਜੀਤ ਦਿਓਲ, ਬਰੈਂਪਟਨ
ਪ੍ਰਾਚੀਨ ਕਾਲ ਤੋਂ ਮਨੁੱਖ ਨਵੇਂ ਦਿਸਹੱਦੇ ਲੱਭਦਾ ਆਇਆ ਹੈ ਅਤੇ ਇਸ ਦੀ ਬੇਚੈਨ ਰੂਹ ਕਦੇ ਟਿਕ ਕੇ ਨਹੀਂ ਬੈਠੀ। ਇਸ ਵਿਸ਼ਾਲ ਧਰਤੀ ਨੂੰ ਇਹਨੇ ਗਾਹ ਮਾਰਿਆ ਤੇ ਇਸ ਦਾ ਹਰ ਖੱਲ ਖੂੰਜਾ ਫਰੋਲ ਸੁੱਟਿਆ।

ਜਦ ਵਾਰੀ ਆਈ ਆਕਾਸ਼ `ਚ ਚਮਕਦੇ ਸਿਤਾਰਿਆਂ ਦੀ ਤਾਂ ਇਸ ਸਿਰੜੀ ਜੀਵ ਨੇ ਓਧਰ ਨੀਝ ਲਾ ਵੇਖਣਾ ਸ਼ੁਰੂ ਕੀਤਾ। ਵਿਕਸਤ ਦਿਮਾਗ ਦੇ ਮਾਲਕ ਇਨਸਾਨ ਨੇ ਸੌਰ ਮੰਡਲ ਦੀ ਨਾਪ ਜੋਖ ਕਰਨ `ਚ ਬਹੁਤੀ ਦੇਰ ਨਹੀਂ ਲਾਈ। ਜਿਓਂ ਜਿਓਂ ਤਕਨੀਕੀ ਜਾਣਕਾਰੀ ਵਿਕਸਤ ਹੁੰਦੀ ਗਈ ਸੂਰਜ ਦੁਆਲੇ ਘੁੰਮਦੇ ਨੌਂ ਗ੍ਰਹਿ ਇਸ ਲਈ ਕੋਈ ਅਜੂਬਾ ਨਹੀਂ ਰਹੇ। ਪੌਣੇ ਚਾਰ ਲੱਖ ਕਿਲੋਮੀਟਰ ਦੂਰ ਚੰਨ `ਤੇ ਤਾਂ ਮਨੁੱਖ ਗੇੜਾ ਵੀ ਮਾਰ ਆਇਆ ਅਤੇ ਪੌਣੇ ਛੇ ਹਜ਼ਾਰ ਮਿਲੀਅਨ ਕਿਲੋਮੀਟਰ ਦੂਰ ਸੂਰਜ ਮੰਡਲ ਦੇ ਆਖਰੀ ਗ੍ਰਹਿ ਪਲੂਟੋ ਨੇੜਿਓਂ ਇਸ ਦੀਆਂ ਤਸਵੀਰਾਂ ਲੈਂਦੇ ਹੋਏ ਰਾਕਟ ਲੰਘਾ ਦਿੱਤਾ। ਛੇਤੀ ਹੀ ਪਤਾ ਲੱਗ ਗਿਆ ਕਿ ਇਨ੍ਹਾਂ ਗ੍ਰਹਾਂ `ਤੇ ਕੋਈ ਵਿਕਸਤ (ਇੰਟੈਲੀਜੈਂਟ) ਸਭਿਅਤਾ ਨਹੀਂ ਹੈ ਪਰ ਸੂਖਮਜੀਵੀਆਂ ਦੀ ਹੋਂਦ ਦੇ ਸੰਕੇਤ ਤਾਂ ਅਕਸਰ ਮਿਲਦੇ ਹੀ ਰਹਿੰਦੇ ਹਨ। 1960 ਤੱਕ ਸੌਰ ਮੰਡਲ ਤੋਂ ਬਾਹਰ ਨਜ਼ਰੀਂ ਪੈਂਦੀਆਂ ਆਕਾਸ਼ਗੰਗਾਵਾਂ (ਗਲੈਕਸੀਜ਼) ਬਾਰੇ ਕੋਈ ਠੋਸ ਜਾਣਕਾਰੀ ਨਹੀਂ ਸੀ ਪਰ ਤਾਕਤਵਰ ਦੂਰਬੀਨਾਂ, ਰੇਡੀਓ ਤਰੰਗਾਂ ਅਤੇ ਲੇਜ਼ਰ ਬੀਮ ਤਕਨੀਕਾਂ ਦੀ ਬਦੌਲਤ ਮਨੁੱਖ ਨੇ ਵਿਸ਼ਾਲ ਬ੍ਰਹਿਮੰਡ ਗਾਹ ਮਾਰਿਆ। ਲੱਖਾਂ ਹੋਰ ਸੂਰਜ ਅਤੇ ਉਨ੍ਹਾਂ ਦੁਆਲੇ ਘੁੰਮਦੇ ਗ੍ਰਹਿ ਨਜ਼ਰ ਆਏ ਪਰ ਮਨੁੱਖੀ ਉਤਸੁਕਤਾ ਦੀ ਤਾਂ ਕੋਈ ਸੀਮਾ ਨਹੀਂ। ਫੇਰ ਧਰਤੀ ਵਰਗੇ ਗ੍ਰਹਾਂ ਦੀ ਖੋਜ ਕੀਤੀ ਗਈ ਜਿਨ੍ਹਾਂ `ਤੇ ਵਿਕਸਤ ਜੀਵਨ ਹੋਣ ਦੀ ਸੰਭਾਵਨਾ ਜਤਾਈ ਗਈ। ਤਾਜ਼ਾ ਜਾਣਕਾਰੀਆਂ ਅਨੁਸਾਰ ਅਜਿਹੇ ਕਈ ਸੂਰਜ ਮੰਡਲ ਖੋਜੇ ਜਾ ਚੁੱਕੇ ਹਨ ਜਿਨ੍ਹਾਂ ਦੁਆਲੇ ਘੁੰਮਦੇ ਧਰਤੀ ਵਰਗੇ ਗ੍ਰਹਾਂ ਉੱਤੇ ਧਰਤੀ ਵਰਗਾ ਵਾਤਾਵਰਨ ਹੋ ਸਕਦਾ ਹੈ ਭਾਵ ਜੀਵਨ ਦੇ ਅਨੂਕੂਲ। ਜੇਕਰ ਓਥੇ ਜੀਵਨ ਪੱਲਰਨ ਦਾ ਸੰਜੋਗ ਬਣਿਆ ਸੀ ਤਾਂ ਲਾਜ਼ਮੀ ਤੌਰ `ਤੇ ਸਾਡੇ ਨਾਲੋਂ ਜਿ਼ਆਦਾ ਵਿਕਸਤ(ਇੰਟੈਲੀਜੈਂਟ) ਸਭਿਅਤਾਵਾਂ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਇਹ ਕਿਆਸੀਆਂ ਸਭਿਅਤਾਵਾਂ ਸਾਥੋਂ ਸੈਂਕੜੇ ਪ੍ਰਕਾਸ਼ ਵਰ੍ਹੇ ਦੂਰ ਹਨ।
ਭਾਵੇਂ ਅੱਜ ਦੀ ਘੜੀ ਇਹ ਫਾਸਲਾ ਤੈਅ ਕਰ ਓਥੇ ਅੱਪੜਨਾ ਸੰਭਵ ਨਹੀਂ ਪਰ ਜਿਸ ਰਫਤਾਰ ਨਾਲ ਵਿਗਿਆਨ ਅੱਜ ਹੈਰਾਨੀਜਨਕ ਪੁਲਾਂਘਾਂ ਪੁੱਟ ਰਿਹਾ ਹੈ ਏਲੀਅਨ ਸਭਿਅਤਾਵਾਂ ਨਾਲ ਸੰਪਰਕ ਦਾ ਸੁਫਨਾ ਅਸੰਭਵ ਨਹੀਂ। ਤਾਕਤਵਰ ਰੇਡੀਓ ਸੰਕੇਤ ਭੇਜੇ ਜਾ ਰਹੇ ਹਨ ਤਾਂ ਜੋ ਗਲੈਕਸੀ (ਆਕਾਸ਼ਗੰਗਾ) ਵਿਚ ਮੌਜੂਦ ਕਿਸੇ ਵਿਕਸਤ ਦੁਨੀਆ ਵੱਲੋਂ ਹੰੁਗਾਰਾ ਮਿਲ ਸਕੇ। ਇਹ ਹੰਭਲੇ ਬਹੁਤੇ ਖਰਚੀਲੇ ਹੋਣ ਸਦਕਾ ਇਸ ਪਾਸੇ ਹੋ ਰਹੀ ਪ੍ਰਗਤੀ ਭਾਵੇਂ ਮੱਠੀ ਹੈ ਪਰ ਵਿਗਿਆਨੀਆਂ ਦੇ ਸਿਰੜ ਅੱਗੇ ਅਸੰਭਵ ਕੁਝ ਵੀ ਨਹੀਂ। ਇਸ ਪਾਸੇ ਲੱਗੇ ਇੱਕ ਵਿਗਿਆਨੀ ਨੇ ਲਿਖਿਆ ਹੈ ਕਿ 1977 ਵਿਚ ਓਹਾਇਓ ਵਿਖੇ ਤਾਇਨਾਤ ਇਕ ਐਂਟੀਨਾ ਨੇ ਸੰਪਰਕ ਸੰਕੇਤ ਫੜੇ ਪਰ ਸਾਡੇ ਵੱਲੋਂ ਤੁਰੰਤ ਮੌਨੀਟਰ ਨਾ ਹੋਣ ਸਦਕਾ ਇਹ ਦੁਹਰਾਏ ਨਹੀਂ ਗਏ ਕਿਓਂਕਿ ਹੋ ਸਕਦਾ ਹੈ ਉਨ੍ਹਾਂ (ਏਲੀਅਨ) ਛੇਤੀ ਕਿਸੇ ਹੋਰ ਪਾਸੇ ਨਿਸ਼ਾਨਾ ਸਾਧ ਲਿਆ ਹੋਵੇ। ਦਿਨੋ-ਦਿਨ ਵਿਗਿਆਨੀਆਂ ਦੀ ਇਹ ਧਾਰਨਾ ਮਜ਼ਬੂਤ ਹੁੰਦੀ ਜਾ ਰਹੀ ਹੈ ਕਿ ਇਸ ਬ੍ਰਹਿਮੰਡ ਵਿਚ ਅਸੀਂ ਇਕੱਲੇ ਨਹੀਂ, ਕਿਤੇ ਤਾਂ ਕੋਈ ਹੈ ਜੋ ਸਾਨੂੰ ‘ਹੈਲੋ’ ਕਹਿਣ ਲਈ ਬੇਤਾਬ ਹੈ ਤੇ ਅਸੀਂ ਸੁਣਨ ਲਈ। ਇਸ ਖੂਬਸੂਰਤ ਧਰਤੀ ਨੂੰ ਜੇਕਰ ਆਪੋ ਆਪਣੇ ਧਰਮਾਂ ਅਤੇ ਨਸਲਾਂ ਦੀ ਰਾਖੀ ਲਈ ਲੜ ਰਹੇ ਕੱਟਰ ਧਰਮੀਆਂ ਪਰਮਾਣੂ ਬੰਬਾਂ ਨਾਲ ਤਬਾਹ ਨਹੀਂ ਕਰ ਲਿਆ ਤਾਂ ਨਿਸ਼ਚਤ ਤੌਰ `ਤੇ ਇੱਕ ਦਿਨ ਵਿਗਿਆਨੀਆਂ ਜੀਵਨ ਨਾਲ ਭਰਪੂਰ ਧਰਤੀ ਵਰਗਾ ਕੋਈ ਹੋਰ ਗ੍ਰਹਿ ਤਲਾਸ਼ ਕਰ ਹੀ ਲੈਣਾ ਹੈ। ਹੋ ਸਕਦਾ ਹੈ ਨਵੇਂ ਲੱਭੇ ਗਏ ਗ੍ਰਹਿ `ਤੇ ਸਾਡੇ ਨਾਲੋਂ ਜਿ਼ਆਦਾ ਬੁੱਧੀਮਾਨ ਸਭਿਅਤਾ ਮੌਜੂਦ ਹੋਵੇ। ਫਰਜ਼ ਕਰੋ ਸਾਡੇ ਨਾਲੋਂ ਕਿਤੇ ਵੱਧ ਵਿਕਸਤ ਏਲੀਅਨ ਸਭਿਅਤਾ ਨਾਲ ਸਾਡਾ ਵਾਹ ਪੈਂਦਾ ਹੈ ਤਾਂ ਅਸੀਂ ਉਨ੍ਹਾਂ ਦੀਆਂ ਵਿਕਸਤ ਤਕਨੀਕੀ ਜਾਣਕਾਰੀਆਂ ਜ਼ਰੂਰ ਹਾਸਲ ਕਰਨ ਦਾ ਯਤਨ ਕਰਾਂਗੇ ਅਤੇ ਸੋਚੋ ਉਹ ਸਾਡੇ ਕੋਲੋਂ ਕੀ ਹਾਸਲ ਕਰਨਗੇ? ਧਰਮ ਸਥਾਨਾਂ ਵਿਚ ਨਿਭਾਈ ਜਾਂਦੀ ਪਾਠ ਪੂਜਾ ਜਾਂ ਇਹੋ ਜਿਹੇ ਸਥਾਨਾਂ `ਤੇ ਲੱਗੇ ਲਾਊਡ ਸਪੀਕਰਾਂ ਬਾਰੇ ਵਿਵਾਦ! ਆਪਣੇ ਧਾਰਮਕ ਸੰਕੀਰਨ ਅਮਲਾਂ `ਤੇ ਲਾਜ਼ਮੀ ਤੌਰ `ਤੇ ਸਾਨੂੰ ਸ਼ਰਮਿੰਦਾ ਹੋਣਾ ਪਵੇਗਾ। ਧਰਮਾਂ ਦੀਆਂ ਸੀਮਤ ਹੱਦਾਂ ਵਿਚ ਭਟਕ ਰਹੀ ਲੋਕਾਈ ਨੂੰ ਸਮਝਣਾ ਚਾਹੀਦਾ ਹੈ ਕਿ ਬ੍ਰਹਿਮੰਡ ਦੇ ਗੁੱਝੇ ਭੇਤਾਂ ਦੀਆਂ ਪਰਤਾਂ ਫਰੋਲ ਰਹੇ ਵਿਗਿਆਨੀ ਹੀ ਅਸਲ ਵਿਚ ਰੱਬ ਦੀ ਸੱਚੀ ਅਰਾਧਨਾ ਕਰ ਰਹੇ ਹਨ।