ਸਾਡੇ ਮੁਸਲਿਮ ਹਮਸਾਏ

ਗੁਲਜ਼ਾਰ ਸਿੰਘ ਸੰਧੂ
ਵਿਜੈ ਬੰਬੇਲੀ ਦੀ ਰਚਨਾ ‘ਬੀਤੇ ਨੂੰ ਫਰੋਲਦਿਆਂ’ (ਪੀਪਲਜ਼ ਫੋਰਮ ਬਰਗਾੜੀ, ਪੰਨੇ 130, ਮੁੱਲ 150 ਰੁਪਏ) ਭਾਰਤ ਵਾਸੀਆਂ ਦੇ ਮੁਸਲਿਮ ਹਮਸਾਇਆਂ ਦੀ ਬਾਤ ਪਾਉਂਦੀ ਹੈ। ਉਸਦੇ ਕੁਝ ਕਾਂਡ (1) ਜੈਨਾ!

ਤੰੂ ਵੀ ਚਲੀ ਗਈ (2) ਆਪਣਿਆਂ ਹੱਥੋਂ ਹੀ ਹਾਰ ਗਿਆ ਸੀ ਫਰੀਦ, (3) ਉਬੈਦਉੱਲਾ ਉਰਫ ਸੁਰਜੀਤ ਸਿੰਘ, (4) ਕਿੱਥੇ ਗਏ ਉਹ ਰੰਗਰੇਜ਼, ਨਿਲਾਰੀ ਤੇ ਅਰਾਈਂ, (5) ਮੁੜ ਨਹੀਂ ਆਇਆ ਗਾਮਾ ਗਵੱਈਆ, (6) ਨੱਥਾ ਮਰਾਸੀ, (7) ਨਾਮਾ ਫਾਂਸੀ ਵਾਲਾ ਤੇ (8) ਆਜ਼ਾਦੀ ਦੀ ਖਬਰ ਮੇਰੀ ਕਬਰ ਨੂੰ ਦੇ ਦੇਣਾ, ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅਖੰਡ ਹਿੰਦੁਸਤਾਨ ਦੇ ਮੁਸਲਮਾਨਾਂ ਨੇ ਸੁਤੰਤਰਤਾ ਸੰਗਰਾਮ ਲਈ ਕਿੰਨੀਆਂ ਤੇ ਕਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ। ਸਿਰਫ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿਚ ਸ਼ਹੀਦ ਹੋਏ ਮੁਸਲਮਾਨ 62 ਸੀ, ਜਿਨ੍ਹਾਂ ਦੇ ਨਾਂ-ਪਤੇ ਇਸ ਪੁਸਤਕ ਵਿਚ ਦਰਜ ਹਨ। ਉਨ੍ਹਾਂ ਵਿਚ ਸ਼ੇਖ, ਕਿਸਾਨ, ਦਰਜੀ, ਘੁਮਿਆਰ, ਰਾਜ ਮਿਸਤਰੀ, ਸ਼ਿਲਪੀ, ਸੁਨਿਆਰੇ, ਚੌਕੀਦਾਰ, ਤੇਲੀ, ਧੋਬੀ, ਰੰਗਸਾਜ਼, ਤਰਖਾਣ, ਲੁਹਾਰ, ਪਟਵਾਰੀ ਤੇ ਦੁਕਾਨਦਾਰ ਸਭ ਸ਼ਾਮਲ ਸਨ। ਬੰਬੇਲੀ ਨੇ ਇਸ ਪੁਸਤਕ ਵਿਚ ਇਸ ਕਾਂਡ ਨਾਲ ਜੁੜੇ ਸੈਫ-ਉਦ-ਦੀਨ ਕਿਚਲੂ, ਸੁਜਾ-ਉ-ਦੀਨ ਬਾਰ ਐਟ ਲਾਅ, ਮੀਆਂ ਫਜ਼ਲ ਹੁਸੈਨ ਮੌਲਵੀ ਗੁਲਾਮ ਮੁੱਹਈ-ਓ-ਦੀਨ ਪਲੀਡਰ, ਪੀਰ ਤਾਜ-ਉ-ਦੀਨ, ਬਸ਼ੀਰ ਅਹਿਮਦ, ਬਦਰ-ਉਲ-ਇਲਲਾਮ, ਡਾ. ਹਾਫਿਜ਼ ਮੁਹੰਮਦ, ਮੀਆਂ ਹੁਸੈਨ ਸ਼ਾਹ, ਹਕੀਮ ਅਜਮਲ ਖਾਂ ਤੋਂ ਬਿਨਾ ਸ਼ਹੀਦ, ਮੁਹੰਮਦ ਸ਼ਰੀਫ, ਮੋਸ਼ੀਨ ਸ਼ਾਹ ਤੇ ਅੱਲਾਚੀਨ ਵਰਗੇ ਉਨ੍ਹਾਂ ਮਰਜੀਵੜਿਆਂ ਦੇ ਨਾਂ ਵੀ ਦਿੱਤੇ ਹਨ ਜਿਹੜੇ ਇਕ ਦੋ ਦਿਨ ਪਹਿਲਾਂ ਕੁਰਬਾਨ ਹੋ ਗਏ। ਜੇ ਇਨ੍ਹਾਂ ਵਿਚ ਲੇਖਕ ਤੇ ਕਵੀ ਫਿਰੋਜ਼ਦੀਨ ਸ਼ਰਫ, ਮੁਹੰਮਦ ਹੁਸੈਨ ਅੰਮ੍ਰਿਤਸਰੀ, ਅਮੀਰ ਅਲੀ ਅਮਰ, ਹੁਸੈਨ ਪੁਸ਼ਨਦ, ਅਬਦੁੱਲਾ ਕਾਦਰ ਬੇਗ ਤੇ ਗੁਲਾਮ ਹੁਸੈਨ ਲੁਧਿਆਣਵੀ ਨੂੰ ਵੀ ਸ਼ਾਮਿਲ ਕਰ ਲਈਏ ਤਾਂ ਇਕੱਲੇ ਜਲ੍ਹਿਆਂਵਾਲਾ ਬਾਗ ਸਾਕੇ ਨਾਲ ਦੂਰੋਂ ਨੇੜਿਓਂ ਸਬੰਧ ਰੱਖਣ ਵਾਲੇ ਮੁਸਲਮਾਨਾਂ ਦੀ ਸੂਚੀ ਬਹੁਤ ਲੰਮੀ ਹੋ ਜਾਂਦੀ ਹੈ। ਅਪ੍ਰੈਲ ਮਹੀਨੇ ਵਾਪਰੇ ਇਸ ਸਾਕੇ ਤੋਂ ਬਿਨਾ ਗਦਰ 1857, ਸਿੰਘਾਪੁਰ ਦੀ ਫ਼ੌਜੀ ਬਗਾਵਤ, ਗਦਰ ਪਾਰਟੀ ਲਹਿਰ ਤੇ ਆਜ਼ਾਦ ਹਿੰਦ ਫ਼ੌਜ ਦੇ ਸ਼ਹੀਦਾਂ ਦੀ ਕੁਰਬਾਨੀ ਵੀ ਜੋੜ ਲਈਏ ਤਾਂ ਇਹ ਸੂਚੀ ਹੋਰ ਵੀ ਲੰਮੀ ਹੋ ਜਾਂਦੀ ਹੈ। ਪਤਾ ਲੱਗਦਾ ਹੈ ਕਿ ਸੁਤੰਤਰਤਾ ਪ੍ਰਾਪਤੀ ਵਿਚ ਕਿਸੇ `ਕੱਲੀ-ਕਲਿਹਰੀ ਧਿਰ ਨੇ ਹੀ ਯੋਗਦਾਨ ਨਹੀਂ ਪਾਇਆ, ਜਿਵੇਂ ਕਿ ਹੁਣ ਕੁਝ ਹਾਕਮ ਧਿਰਾਂ ਵਲੋਂ ਪ੍ਰਚਾਰਿਆ ਜਾ ਰਿਹਾ ਹੈ।
ਖੋਜੀ ਪ੍ਰਕਾਸ਼ਕ ਹਰੀਸ਼ ਜੈਨ
ਲੋਕਗੀਤ ਪ੍ਰਕਾਸ਼ਨ ਦਾ ਮਾਲਕ ਹਰੀਸ਼ ਜੈਨ ਖੋਜੀ ਬਿਰਤੀ ਦਾ ਸੁਆਮੀ ਹੈ। ਮੇਰੇ ਦਿੱਲੀ ਤੋਂ ਚੰਡੀਗੜ੍ਹ ਆਉਣ ਉਪਰੰਤ ਮੇਰੀਆਂ ਪੁਸਤਕਾਂ ਉਹੀਓ ਛਾਪਦਾ ਹੈ। ਲੰਘੇ ਸਪਤਾਹ ਉਸਦਾ ਅਸੈਂਬਲੀ ਬੰਬ ਦੇਸ਼ ਬਾਰੇ ਲਿਖਿਆ ਵੱਡਾ ਲੇਖ ਮੀਡੀਆ ਵਿਚ ਵੇਖਣ ਨੂੰ ਮਿਲਿਆ। ਦੋ ਵੱਡੀਆਂ ਕਿਸ਼ਤਾਂ ਵਿਚ ਛਪੇ ਇਸ ਲੇਖ ਨੂੰ ਛੋਟੇ ਪੈਰਿਆਂ ਤੇ ਮੋਟੇ ਅੱਖਰਾਂ ਵਿਚ ਛਾਪੀਏ ਤਾਂ ਇਕ ਕਿਤਾਬ ਦਾ ਮਸਾਲਾ ਬਣ ਜਾਵੇਗਾ। ਹਰੀਸ਼ ਜੈਨ ਦੇ ਲੇਖ ਵਿਚ ਉਸ ਪਿਸਤੌਲ ਦੀ ਪੂਰੀ ਵਿਆਖਿਆ ਹੈ, ਜਿਹੜਾ ਭਗਤ ਸਿੰਘ ਨੇ ਅਸੈਂਬਲੀ ਬੰਬ ਧਮਾਕੇ ਤੋਂ ਪਿੱਛੋਂ ਇਕ ਕੁਰਸੀ ਉੱਤੇ ਸੁੱਟ ਦਿੱਤਾ ਸੀ। ਹਰੀਸ਼ ਨਾਲ ਗੱਲ ਕਰੋ ਤਾਂ ਸਾਂਡਰਸ ਕਤਲ ਕੇਸ ਤੋਂ ਲੈ ਕੇ ਬੰਬ ਧਮਾਕੇ ਤੱਕ ਦੀਆਂ ਸਾਰੀਆਂ ਤਿਥੀਆਂ ਉਸਦੇ ਪੋਟਿਆਂ ਉੱਤੇ ਹਨ। ਉਸ ਬਿਆਨ ਦੀ ਤਫਸੀਲ ਸਮੇਤ ਜਿਹੜਾ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਦਿੱਤਾ ਅਤੇ ਜਿਸਨੂੰ ਜਵਾਹਰ ਲਾਲ ਨਹਿਰੂ ਨੇ ਮਾਹਵਾਰੀ ਪਰਚੇ ‘ਕਾਂਗਰਸ ਸੰਦੇਸ਼’ ਵਿਚ ਉਸੇ ਤਰ੍ਹਾਂ ਉਜਾਗਰ ਕੀਤਾ ਸੀ, ਜਿਵੇਂ ਪੰਜਾਬੀ ਦੀ ਇਕ ਪੱਤਰਿਕਾ ਨੇ ਹਰੀਸ਼ ਜੈਨ ਦੇ ਸਬੰਧਤ ਲੇਖ ਨੂੰ। ਮੇਰਾ ਮੱਤ ਹੈ ਕਿ ਜੇ ਹਰੀਸ਼ ਪ੍ਰਕਾਸ਼ਨ ਦੇ ਧੰਦੇ ਵਿਚ ਨਾ ਪੈਂਦਾ ਤਾਂ ਉਸਨੇ ਸੁਤੰਤਰਤਾ ਸੰਗਰਾਮੀਆਂ ਦਾ ਅੱਛਾ ਖਾਸਾ ਇਤਿਹਾਸਕਾਰ ਹੋਣਾ ਸੀ।
ਪੰਜਾਬੀ ਸਾਹਿਤ ਸਭਾ ਦਿੱਲੀ ਦੀ ਦਿਹਾਤੀ ਲਾਇਬਰੇਰੀ ਸਕੀਮ
ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੀਆਂ ਸਾਹਿਤਕ ਗਤੀਵਿਧੀਆਂ ਵਿਚੋਂ ਦਿਹਾਤੀ ਲਾਇਬਰੇਰੀ ਸਕੀਮ ਦੀ ਚੜ੍ਹਤ ਬਾਰੇ ਬਹੁਤ ਵਧੀਆ ਰਿਪੋਰਟ ਮਿਲੀ ਹੈ। ਖਾਸ ਕਰਕੇ ਕਰੋਨਾ ਕਾਲ ਦੇ ਦਿਨਾਂ ਦੀ। 27 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਈ ਮਿਟਿੰਗ ਵਿਚ ਇਨ੍ਹਾਂ ਲਾਇਬਰੇਰੀਆਂ ਦੇ ਕੁਝ ਪ੍ਰਤੀਨਿਧਾਂ ਨੇ ਦੱਸਿਆ ਕਿ ਕੋਵਿਡ 19 ਦੀਆਂ ਬੰਦਸ਼ਾਂ ਕਾਰਨ ਲੋਕਾਂ ਨੇ ਪੁਸਤਕਾਂ ਦੀ ਸ਼ਰਨ ਲਈ ਤੇ ਕੁਝ ਲਾਇਬਰੇਰੀਆਂ ਵਿਚ ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਦੁੱਗਣੀ-ਤਿਗੁਣੀ ਹੋ ਗਈ। ਕੁਝ ਹੋਰਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਇਲਾਕੇ ਦੇ ਵਿਧਾਨ ਸਭਾ ਦੇ ਸੰਸਦ ਮੈਂਬਰਾਂ ਤੱਕ ਪਹੰੁਚ ਕੀਤੀ ਤਾਂ ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਲਾਇਬਰੇਰੀਆਂ ਦੀ ਸਫਲਤਾ ਲਈ ਖੁੱਲੇ੍ਹ ਗੱਫੇ ਪ੍ਰਦਾਨ ਕੀਤੇ। ਚੇਤੇ ਰਹੇ ਕਿ ਸਭਾ ਵਲੋਂ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ 200 ਪਿੰਡਾਂ ਵਿਚ ਲਾਇਬਰੇਰੀਆਂ ਚਲਾਈਆਂ ਜਾ ਰਹੀਆਂ ਹਨ ਤੇ ਇਨ੍ਹਾਂ ਦੀ ਮੰਗ ਦਿਨੋ-ਦਿਨ ਵਧ ਰਹੀ ਹੈ। ਚੰਡੀਗੜ੍ਹ ਵਾਲੀ ਬੈਠਕ ਵਿਚ ਦਾਸ ਤੋਂ ਬਿਨਾ ਸਭਾ ਦੀ ਚੇਅਰਪਰਸਨ ਰੇਣੁਕਾ ਸਿੰਘ, ਕਾਇਮ ਮੁਕਾਮ ਡਾਇਰੈਕਟਰ, ਬਲਬੀਰ ਮਾਧੋਪੁਰੀ ਤੇ ਖਜ਼ਾਨਚੀ ਕੁਲਦੀਪ ਸਿੰਘ ਭਾਟੀਆ ਨੇ ਸ਼ਿਰਕਤ ਕੀਤੀ।
ਮਾਹਿਲਪੁਰ ਦਾ ਫੁਟਬਾਲ ਕੋਚ ਅਲੀ ਹਸਨ
ਅਲੀ ਹਸਨ ਮਲੇਰਕੋਟਲਾ ਦਾ ਜੰਮਪਲ ਸੀ। ਉਹ 15 ਅਕਤੂਬਰ, 1952 ਨੂੰ ਪਿਤਾ ਮੁਹੰਮਦ ਯਾਕੂਬ ਅਤੇ ਮਾਤਾ ਆਇਸ਼ਾ ਦੇ ਘਰ ਪੈਦਾ ਹੋਇਆ ਅਤੇ ਅੰਗਰੇਜ਼ੀ ਐਮ ਏ ਤੇ ਐਨ ਆਈ ਐਸ ਦੀ ਪੜ੍ਹਾਈ ਖਤਮ ਕਰਨ ਸਾਰ 1975 ਵਿਚ ਮਾਹਿਲਪੁਰ ਦੇ ਵਿਦਿਆਲੇ ਵਿਚ ਫੁੱਟਬਾਲ ਕੋਚ ਜਾ ਲੱਗਿਆ ਤੇ ਉੱਥੋਂ ਦਾ ਹੋ ਕੇ ਰਹਿ ਗਿਆ। 2010 ਤੱਕ ਪੂਰੇ 36 ਸਾਲ। ਬਲਜਿੰਦਰ ਮਾਨ ਨੇ ਆਪਣੀ ‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਨਾਂ ਦੀ ਪੁਸਤਕ ਵਿਚ ਉਸਨੂੰ ਫੁਟਬਾਲ ਦੀ ਨਰਸਰੀ ਦਾ ਮਾਲੀ ਆਖ ਕੇ ਚੇਤੇ ਕੀਤਾ ਹੈ। ਇਹ ਵੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਲਾਡ ਤੇ ਡਾਂਟ ਦੇ ਸਮਤੋਲ ਰਾਹੀਂ ਅਨੁਸ਼ਾਸਨ ਵਿਚ ਬੰਨ੍ਹ ਕੇ ਰੱਖਦਾ ਸੀ। ਉਸ ਨੇ ਆਪਣੀ ਕੋਚਿੰਗ ਦੁਆਰਾ 400 ਤੋਂ ਵੱਧ ਨੈਸ਼ਨਲ ਪੱਧਰ ਦੇ ਖਿਡਾਰੀ ਤਿਆਰ ਕੀਤੇ, ਜਿਨ੍ਹਾਂ ਵਿਚੋਂ ਚਾਰ ਦਰਜਨ ਖਿਡਾਰੀਆਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ। ਉਸਨੂੰ ਪੰਜਾਬ ਸਰਕਾਰ ਨੇ ‘ਲਾਈਫ ਟਾਈਮ ਐਚੀਵਮੈਂਟ ਐਵਾਰਡ’ ਨਾਲ ਸਨਮਾਨਿਆ, ਜਿਸ ਤੋਂ ਪਹਿਲਾਂ ਕਈ ਨਾਮੀ ਸੰਸਥਾਵਾਂ ਉਸਨੂੰ ਬੈਸਟ ਕੋਚ ਸਨਮਾਨ ਦੇ ਚੁੱਕੀਆਂ ਸਨ। ਉਸਦੇ ਦੋਵੇਂ ਬੇਟੇ ਆਸਿਮ ਤੇ ਆਦਿਲ ਵੀ ਉੱਘੇ ਫੁਟਬਾਲਰ ਬਣੇ ਅਤੇ ਦੇਸ ਪ੍ਰਦੇਸ ਵਸੀਆਂ ਬੇਟੀਆਂ ਨਿਧਾ, ਸਾਇਮਾ ਤੇ ਅਜਬੀ ਅੱਜ ਵੀ ਆਪਣੇ ਅੱਬਾ ਦਾ ਨਾਂ ਸੱਤ ਸਮੁੰਦਰਾਂ ਤੋਂ ਪਾਰ ਰੌਸ਼ਨ ਕਰ ਰਹੀਆਂ ਹਨ, ਭਾਵੇਂ ਕਿ ਉਨ੍ਹਾਂ ਦਾ ਅੱਬਾ ਅਕਤੂਬਰ 2021 ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ।
ਉਸਨੂੰ ਮਾਹਿਲਪੁਰ ਲਿਜਾਣ ਵਾਲਾ ਪ੍ਰਿੰਸੀਪਲ ਹਰਭਜਨ ਸਿੰਘ ਸੀ, ਜਿਸਨੂੰ ਖੇਡਾਂ ਤੇ ਖਿਡਾਰੀਆਂ ਦਾ ਸਿਰਤਾਜ ਮੰਨਿਆ ਜਾਂਦਾ ਹੈ। ਮੈਂ ਖੁ਼ਦ ਮਾਹਿਲਪੁਰ ਦੇ ਸਕੂਲ ਤੇ ਕਾਲਜ ਦਾ ਵਿਦਿਆਰਥੀ ਰਿਹਾ ਹਾਂ ਤੇ ਮੈਨੂੰ ਕੱਲ੍ਹ ਵਾਂਗ ਚੇਤੇ ਹੈ ਕਿ ਉੱਥੋਂ ਦੇ ਸਕੂਲ ਦੀ ਰੱਸਾਕਸੀ ਵਾਲੀ ਟੀਮ ਪੰਜਾਂ ਸੱਤਾਂ ਮਿੰਟਾਂ ਵਿਚ ਵਿਰੋਧੀ ਟੀਮ ਦਾ ਜ਼ੋਰ ਲਗਵਾਉਣ ਪਿੱਛੋਂ ਅਜਿਹਾ ਝਟਕਾ ਮਾਰਦੀ ਸੀ ਕਿ ਸਾਰੀ ਟੀਮ ਦੇ ਖਿਡਾਰੀ ਇਕ ਹੱਥ ਛੱਡ ਕੇ ਇਕੱਲੇ ਹੱਥ ਨਾਲ ਮਾਲੀ ਮਾਰ ਲੈਂਦੇ ਸਨ। ਬਲਜਿੰਦਰ ਮਾਨ ਨੇ ਆਪਣੀ ਪੁਸਤਕ ਵਿਚ ਅਲੀ ਹਸਨ ਤੋਂ ਬਿਨਾਂ ਕੋਈ 150 ਖਿਡਾਰੀਆਂ ਦੇ ਸੰਖੇਪ ਰੇਖਾ ਚਿੱਤਰ ਲਿਖੇ ਹਨ ਜਿਸ ਨੂੰ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਨੇ ਬੜੇ ਮਾਣ ਤੇ ਪਿਆਰ ਨਾਲ ਪ੍ਰਕਾਸ਼ਿਤ ਕੀਤਾ ਹੈ।

ਅੰਤਿਕਾ
ਗਦਰ ਪਾਰਟੀ ਦਾ ਫਰਮਾਨ
ਖੁਫੀਆ ਰਾਜ ਸੁਸਾਇਟੀਆਂ ਕਰੋ ਕਾਇਮ
ਰਲ ਮਰਹਟੇ, ਬੰਗਾਲੀਆਂ ਦੇ ਯਾਰ ਹੋ ਜਾਓ
ਹਿੰਦੂ, ਸਿੱਖ ਤੇ ਮੋਮਨੋ ਕਰੋ ਜਲਦੀ
ਇਕ ਦੂਸਰੇ ਦੇ ਮਦਦਗਾਰ ਹੋ ਜਾਓ।