ਹੁਣ ਅੰਗਰੇਜ਼ ਵੀ ਪੰਜਾਬ ਵਿਚ ਨੌਕਰੀ ਕਰਨ ਆਉਣਗੇ: ਭਗਵੰਤ ਮਾਨ

ਬਠਿੰਡਾ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ ਪਹਿਲੇ ਕਨਵੋਕੇਸ਼ਨ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਕੇ ਸੂਬੇ ‘ਚੋਂ ਹੁਨਰ ਦੀ ਹਿਜਰਤ ਰੋਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ ਕਿ ਇੱਥੇ ਅੰਗਰੇਜ਼ ਵੀ ਨੌਕਰੀ ਕਰਨ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਕਨੀਕੀ ਸਿੱਖਿਆ ਦਾ ਯੁੱਗ ਹੈ, ਇਸ ਲਈ ਮੌਜੂਦਾ ਸਿੱਖਿਆ ਨੂੰ ਰੁਜ਼ਗਾਰ ਦੀ ਹਾਣੀ ਬਣਾਉਣ ਦੀ ਲੋੜ ਹੈ।
ਉਨ੍ਹਾਂ ਪੰਜਾਬ ਵਿਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬੇ ਵਿਚ ਸਨਅਤ ਪੱਖੀ ਮਾਹੌਲ ਸਿਰਜਣ ਵਾਸਤੇ ਲੋਕਾਂ ਤੋਂ ਕੁਝ ਸਮਾਂ ਮੰਗਦਿਆਂ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ, ਖਾਸ ਕਰ ਕੇ ਲੜਕੀਆਂ ਨੂੰ ਆਪਣੀ ਪਸੰਦ ਦੇ ਖੇਤਰ ਵਿਚ ਮੱਲਾਂ ਮਾਰਨ ਦੀ ਆਜ਼ਾਦੀ ਦੇਣ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ‘ਬੋਲੇ ਸੋ ਨਿਹਾਲ` ਨਾਲ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਲਈ ਆਮਦਨੀ ਦਾ ਸਾਧਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈਕਨਾਲੋਜਿਸਟ ਸਮੱਸਿਆ ਹੱਲ ਕਰਨ ਵਾਲੇ ਹੁੰਦੇ ਹਨ, ਜੋ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੁਖਾਲੇ, ਬਿਹਤਰ ਅਤੇ ਕਿਫ਼ਾਇਤੀ ਢੰਗ-ਤਰੀਕੇ ਤਲਾਸ਼ਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਰਗੇ ਵੱਕਾਰੀ ਇੰਸਟੀਚਿਊਟ ਇਹ ਚੁਣੌਤੀਆਂ ਪੂਰੀਆਂ ਕਰਨ ਲਈ ਟੈਕਨਾਲੋਜਿਸਟ ਤਿਆਰ ਕਰਦੇ ਹਨ। ਉਨ੍ਹਾਂ ਨੌਜਵਾਨ ਟੈਕਨਾਲੋਜਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਰੁਜ਼ਗਾਰ ਦੇ ਮੌਕੇ ਲੱਭਣ ਦੀ ਜਗ੍ਹਾ ਰੁਜ਼ਗਾਰ ਸਿਰਜਣ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੇ ਸਬੰਧਤ ਕਾਲਜਾਂ ਵਿਚ ਉੱਦਮਤਾ ਅਤੇ ਨਵੀਨਤਾ ਲਈ ਉਸਾਰੂ ਮਾਹੌਲ ਸਿਰਜਣ ਦਾ ਸੱਦਾ ਦਿੱਤਾ।