ਰੂਸੀ ਹਮਲਾ ਸਿਰਫ ਯੂਕਰੇਨ ਤੱਕ ਹੀ ਸੀਮਤ ਨਹੀਂ: ਜ਼ੇਲੈਂਸਕੀ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਆਪਣੇ ਹਮਲੇ ਰਾਹੀਂ ਪੂਰੇ ਯੂਰਪ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਸ ਦੇ ਦੇਸ਼ ‘ਤੇ ਰੂਸੀ ਹਮਲੇ ਨੂੰ ਰੋਕਣਾ ਸਾਰੀਆਂ ਜਮਹੂਰੀਅਤਾਂ ਦੀ ਸੁਰੱਖਿਆ ਲਈ ਅਹਿਮ ਹੈ। ਜ਼ੇਲੈਂਸਕੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, ”ਰੂਸੀ ਹਮਲਾ ਸਿਰਫ ਯੂਕਰੇਨ ਤੱਕ ਸੀਮਤ ਰਹਿਣ ਦੇ ਇਰਾਦੇ ਨਾਲ ਨਹੀਂ ਕੀਤਾ ਗਿਆ। ਪੂਰਾ ਯੂਰਪੀ ਪ੍ਰੋਜੈਕਟ ਰੂਸ ਦੇ ਨਿਸ਼ਾਨੇ ‘ਤੇ ਹੈ।”

ਉਨ੍ਹਾਂ ਕਿਹਾ, ‘’ਇਸ ਲਈ ਇਹ ਸਿਰਫ ਸਾਰੇ ਜਮਹੂਰੀ ਮੁਲਕਾਂ ਦਾ ਹੀ ਨਹੀਂ, ਸਗੋਂ ਯੂਰਪ ਦੀਆਂ ਸਾਰੀਆਂ ਤਾਕਤਾਂ ਦਾ ਨੈਤਿਕ ਫਰਜ਼ ਹੈ ਕਿ ਉਹ ਸ਼ਾਂਤੀ ਲਈ ਯੂਕਰੇਨ ਦੀ ਇੱਛਾ ਦਾ ਸਮਰਥਨ ਕਰਨ।“ ਉਨ੍ਹਾਂ ਕਿਹਾ, “ਅਸਲ ਵਿਚ ਇਹ ਹਰੇਕ ਸਭਿਅਕ ਦੇਸ਼ ਲਈ ਰੱਖਿਆ ਦੀ ਰਣਨੀਤੀ ਹੈ।“ ਕਈ ਯੂਰਪੀ ਆਗੂਆਂ ਨੇ ਯੁੱਧ ਦੇ ਝੰਬੇ ਦੇਸ਼ ਯੂਕਰੇਨ ਨਾਲ ਇਕਜੁੱਟਤਾ ਦਿਖਾਉਣ ਦੇ ਯਤਨ ਕੀਤੇ ਹਨ। ਜ਼ੇਲੈਂਸਕੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕਰਨ ਲਈ ਬਰਤਾਨੀਆ ਅਤੇ ਆਸਟਰੀਆ ਦੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਲਮੀ ਪੱਧਰ `ਤੇ ਫੰਡ ਇਕੱਠਾ ਕਰਨ ਲਈ ਕਰਵਾਏ ਪ੍ਰੋਗਰਾਮ ਲਈ ਯੂਰਪੀ ਕਮਿਸ਼ਨ ਦੇ ਪ੍ਰਧਾਨ ਦਾ ਵੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਰਾਹੀਂ ਯੂਕਰੇਨੀ ਨਾਗਰਿਕਾਂ ਦੀ ਮਦਦ ਲਈ ਦਸ ਅਰਬ ਯੂਰੋ ਤੋਂ ਵੱਧ ਇਕੱਠੇ ਕੀਤੇ ਗਏ ਹਨ। ਇਸੇ ਦੌਰਾਨ ਯੂਕਰੇਨ ਸਰਹੱਦੀ ਰੱਖਿਆ ਏਜੰਸੀ ਨੇ ਕਿਹਾ ਕਿ ਜੰਗ ਲੜ ਸਕਣ ਦੀ ਉਮਰ ਵਾਲੇ 2200 ਯੂਕਰੇਨੀ ਪੁਰਸ਼ਾਂ ਨੂੰ ਹੁਣ ਤੱਕ ਮਾਰਸ਼ਲ ਲਾਅ ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ।
ਦੂਜੇ ਪਾਸੇ ਇਕ ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਫੌਜੀ ਕਾਰਵਾਈ ਮਗਰੋਂ ਮਿਲੇ ਝਟਕਿਆਂ ਤੋਂ ਬਾਅਦ ਰੂਸ ਨੇ ਯੂਕਰੇਨ ਜੰਗ ਲਈ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਅਮਰੀਕੀ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਰੂਸ ਨੇ ਆਪਣੇ ਸਭ ਤੋਂ ਤਜਰਬੇਕਾਰ ਫੌਜੀ ਅਧਿਕਾਰੀ ਜਨਰਲ ਅਲੈਕਜੈਂਡਰ ਦਿਵੋਨਿਰਕੋਲ ਨੂੰ ਯੂਕਰੇਨ ਜੰਗ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ।
45 ਲੱਖ ਲੋਕਾਂ ਨੇ ਯੂਕਰੇਨ ਛੱਡਿਆ
ਨਿਊ ਯਾਰਕ: ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸੀ ਹਮਲੇ ਮਗਰੋਂ ਯੂਕਰੇਨ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ 45 ਲੱਖ ਹੋ ਗਈ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਵੱਲੋਂ ਆਪਣੇ ਪੋਰਟਲ ‘ਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ, 24 ਫਰਵਰੀ ਤੋਂ ਹੁਣ ਤੱਕ 45.04 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ, ਲਗਭਗ 26 ਲੱਖ ਲੋਕ ਪੋਲੈਂਡ ਗਏ ਅਤੇ 6,86,000 ਤੋਂ ਵੱਧ ਰੋਮਾਨੀਆ ਚਲੇ ਗਏ ਹਨ।