ਸ੍ਰੀਲੰਕਾ: ਰਾਸ਼ਟਰਪਤੀ ਉਤੇ ਅਸਤੀਫੇ ਲਈ ਦਬਾਅ

ਕੋਲੰਬੋ: ਸ੍ਰੀਲੰਕਾ ‘ਚ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਤਹਿਤ ‘ਗਾਲੇ ਫੇਸ ਗਰੀਨ‘ ਪਾਰਕ ਵਿਚ ਇਕੱਠੇ ਹੋਏ 10 ਹਜ਼ਾਰ ਤੋਂ ਵੱਧ ਦੀ ਗਿਣਤੀ ‘ਚ ਲੋਕਾਂ ਨੇ ਰਾਤ ਭਰ ਰੋਸ ਮੁਜ਼ਾਹਰੇ ਕੀਤੇ। ਬਰਤਾਨੀਆ ਤੋਂ 1948 ‘ਚ ਆਜ਼ਾਦੀ ਹਾਸਲ ਕਰਨ ਮਗਰੋਂ ਸ੍ਰੀਲੰਕਾ ਸਭ ਤੋਂ ਖਰਾਬ ਵਿੱਤੀ ਸੰਕਟ ‘ਚੋਂ ਲੰਘ ਰਿਹਾ ਹੈ। ਦੇਸ਼ ਦੇ ਲੋਕ ਕਈ ਘੰਟਿਆਂ ਦੀ ਬਿਜਲੀ ਕਟੌਤੀ ਅਤੇ ਗੈਸ, ਖੁਰਾਕੀ ਤੇ ਹੋਰ ਜਰੂਰੀ ਵਸਤਾਂ ਦੀ ਘਾਟ ਖਿਲਾਫ ਕਈ ਹਫਤਿਆਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਹਨ।

ਸ੍ਰੀਲੰਕਾ ਦੀ ਪ੍ਰਮੁੱਖ ਤਾਮਿਲ ਪਾਰਟੀ ‘ਤਾਮਿਲ ਕੌਮੀ ਗੱਠਜੋੜ` (ਟੀ.ਐਨ.ਏ.) ਨੇ ਕਿਹਾ ਕਿ ਉਹ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਵਿਰੋਧੀ ਧਿਰ ਦੀ ਹਮਾਇਤ ਕਰਨ ਲਈ ਤਿਆਰ ਹਨ। ਟੀ.ਐਨ.ੲ.ੇ ਦੇ ਬੁਲਾਰੇ ਐੱਮਏ ਸੁਮੰਥੀਰਨ ਨੇ ਕਿਹਾ, ‘ਅਸੀਂ ਬੇਭਰੋਸਗੀ ਮਤਾ ਲਿਆਉਣ ਅਤੇ ਰਾਸ਼ਟਰਪਤੀ ਖਿਲਾਫ ਮਹਾ ਦੋਸ਼ ਦਾ ਕੇਸ ਚਲਾਉਣ ਸਬੰਧੀ ਵਿਰੋਧੀ ਧਿਰ ਦੇ ਕਦਮਾਂ ਦੀ ਹਮਾਇਤ ਕਰਾਂਗੇ। ਸਰਕਾਰ ਨੂੰ ਰਾਜਪਕਸੇ ਪਰਿਵਾਰ ਦੇ ਮੈਂਬਰਾਂ ਨੂੰ ਸੱਤਾ `ਚੋਂ ਹਟਾਏ ਜਾਣ ਸਬੰਧੀ ਲੋਕਾਂ ਦੀ ਮੰਗ ਸਮਝਣੀ ਚਾਹੀਦੀ ਹੈ।`