ਪਾਕਿਸਤਾਨ: ਇਮਰਾਨ ਖਾਨ ਹੱਥੋਂ ਖੁੱਸੀ ਪ੍ਰਧਾਨ ਮੰਤਰੀ ਦੀ ਕੁਰਸੀ

ਇਸਲਾਮਾਬਾਦ: ਪਾਕਿਸਤਾਨ ਦੀ ਕੌਮੀ ਅਸੈਂਬਲੀ ‘ਚ ਪ੍ਰਧਾਨ ਮੰਤਰੀ ਇਮਰਾਨ ਖਿਲਾਫ ਬੇਭਰੋਸਗੀ ਮਤਾ ਪਾਸ ਕਰ ਦਿੱਤਾ ਗਿਆ ਹੈ। ਇਮਰਾਨ ਖਿਲਾਫ 174 ਵੋਟਾਂ ਪਈਆਂ ਜਿਸ ਨਾਲ ਮੁਲਕ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਅਗਵਾਈ ਹੇਠਲੀ ਸਰਕਾਰ ਡਿੱਗ ਗਈ ਹੈ।

ਇਮਰਾਨ ਖਾਨ ਦੀ ਹਾਰ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ.ਐਮ.ਐਲ-ਐਨ.) ਦੇ ਆਗੂ ਸ਼ਾਹਬਾਜ਼ ਸ਼ਰੀਫ ਮੁਲਕ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਵੋਟਿੰਗ ਤੋਂ ਪਹਿਲਾਂ ਹੀ ਇਮਰਾਨ ਦੀ ਪਾਰਟੀ ਪੀ.ਟੀ.ਆਈ. ਦੇ ਸੰਸਦ ਮੈਂਬਰ ਅਸੈਂਬਲੀ ਛੱਡ ਕੇ ਚਲੇ ਗਏ ਸਨ। ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦੇਰ ਰਾਤ ਤੱਕ ਸਿਆਸੀ ਨਾਟਕ ਚੱਲਦਾ ਰਿਹਾ। ਪ੍ਰਧਾਨ ਮੰਤਰੀ ਖਿਲਾਫ ਬੇਭਰੋਸਗੀ ਦੇ ਮਤੇ ‘ਤੇ ਵੋਟਿੰਗ ਲਈ ਸ਼ੁਰੂ ਹੋਏ ਕੌਮੀ ਅਸੈਂਬਲੀ ਦੇ ਸੈਸ਼ਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਹੁੰਦੀ ਰਹੀ। ਵੋਟਿੰਗ ਤੋਂ ਪਹਿਲਾਂ ਸਦਨ ਦੇ ਸਪੀਕਰ ਅਸਦ ਕੈਸਰ ਤੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਅਸਤੀਫਾ ਦੇ ਦਿੱਤਾ ਜਿਸ ਮਗਰੋਂ ਪੀ.ਐਮ.ਐਲ.ਐਨ. ਦੇ ਆਗੂ ਅਯਾਜ ਸਾਦਿਕ ਨੂੰ ਸਦਨ ਦਾ ਸਪੀਕਰ ਬਣਾਇਆ ਗਿਆ। ਦੂਜੇ ਪਾਸੇ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਨਾਲ ਹੰਗਾਮੀ ਮੀਟਿੰਗ ਵੀ ਕੀਤੀ ਸੀ। ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਾਰੇ ਹਵਾਈ ਅੱਡਿਆਂ ‘ਤੇ ਅਲਰਟ ਜਾਰੀ ਕਰਦਿਆਂ ਇਸਲਾਮਾਬਾਦ ਦੇ ਸਾਰੇ ਰਾਹ ਵੀ ਸੀਲ ਕਰ ਦਿੱਤੇ ਸਨ।
ਦੱਸ ਦਈਏ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੇਭਰੋਸਗੀ ਦਾ ਮਤਾ ਰੱਦ ਕਰਨ ਵਾਲਾ ਡਿਪਟੀ ਸਪੀਕਰ ਦਾ 3 ਅਪਰੈਲ ਦਾ ਫੈਸਲਾ ਰੱਦ ਕਰਕੇ ਸਰਕਾਰ ਨੂੰ ਵਿਰੋਧੀ ਧਿਰ ਦੇ ਬੇਭਰੋਸਗੀ ਦੇ ਮਤੇ ਦਾ ਸਾਹਮਣਾ ਕਰਨ ਦੀ ਹਦਾਇਤ ਕੀਤੀ ਹੈ। ਬੇਭਰੋਸਗੀ ਮਤਾ ਰੱਦ ਕਰਨ ਦਾ ਕਾਰਨ ਦੱਸਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਵਿਦੇਸ਼ੀ ਸਾਜਿਸ਼ਕਰਤਾ, ਪਾਕਿਸਤਾਨੀ ਵਿਰੋਧੀ ਧਿਰ ਨੂੰ ਮੂਹਰੇ ਲਗਾ ਕੇ ਲੋਕਾਂ ਦੇ ਫਤਵੇ ਨਾਲ ਚੁਣੀ ਸਰਕਾਰ ਡੇਗਣਾ ਚਾਹੁੰਦੇ ਹਨ। ਇਸ ਲਈ ਕੌਮੀ ਅਸੈਂਬਲੀ ਭੰਗ ਕਰਕੇ ਪ੍ਰਧਾਨ ਮੰਤਰੀ ਨੇ 90 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਵਿਰੋਧੀ ਧਿਰ ਨੇ ਇਸ ਨੂੰ ਗੈਰ-ਕਾਨੂੰਨੀ ਅਤੇ ਪਾਕਿਸਤਾਨੀ ਸੰਵਿਧਾਨ ਦੀ ਉਲੰਘਣਾ ਕਰਾਰ ਦਿੰਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਸੀ। ਸੁਪਰੀਮ ਕੋਰਟ ਨੇ ਖੁਦ ਹੀ ਇਸ ਵੱਡੇ ਸੰਵਿਧਾਨਕ ਸੰਕਟ ਦਾ ਨੋਟਿਸ ਲੈ ਕੇ ਸੁਣਵਾਈ ਸ਼ੁਰੂ ਕਰ ਦਿੱਤੀ ਸੀ।
ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਪਾਰਲੀਮਾਨੀ ਜਮਹੂਰੀਅਤ ਵਿਚ ਵਿਰੋਧੀ ਧਿਰ ਨੂੰ ਸਰਕਾਰ ਵਿਚ ਬੇਭਰੋਸਗੀ ਪ੍ਰਗਟ ਕਰਨ ਦਾ ਹੱਕ ਹੈ। ਸਰਕਾਰੀ ਧਿਰ ਨੂੰ ਬਹੁਮਤ ਸਾਬਤ ਕਰਨਾ ਪੈਂਦਾ ਹੈ। ਕੌਮੀ ਅਸੈਂਬਲੀ ਵਿਚ ਇਮਰਾਨ ਸਰਕਾਰ ਘੱਟ ਗਿਣਤੀ ਵਿਚ ਰਹਿ ਗਈ ਕਿਉਂਕਿ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਪਣੇ ਕਈ ਮੈਂਬਰ ਵੀ ਪਾਲਾ ਬਦਲ ਗਏ। ਵਿਰੋਧੀ ਧਿਰ ਨੇ ਇਕਜੁੱਟ ਹੋ ਕੇ ਸ਼ਾਹਬਾਜ਼ ਸ਼ਰੀਫ ਨੂੰ ਆਪਣਾ ਆਗੂ ਚੁਣ ਲਿਆ। ਇਸ ਵਾਰ ਫੌਜ ਦਾ ਕਹਿਣਾ ਹੈ ਕਿ ਇਸ ਸਿਆਸੀ ਸੰਕਟ ਦੌਰਾਨ ਫੌਜ ਉਦਾਸੀਨ ਰਹੇਗੀ। ਇਮਰਾਨ ਖਾਨ ਦੀ ਸਰਕਾਰ ਬਾਰੇ ਕਿਹਾ ਜਾਂਦਾ ਰਿਹਾ ਹੈ ਕਿ ਫੌਜ ਦੀ ਤਾਕਤ ਨਾਲ ਉਹ ਸੱਤਾ ਵਿਚ ਆਏ ਸਨ। ਪਾਕਿਸਤਾਨ ਅੰਦਰ ਫੌਜ ਨੂੰ ਸਥਾਈ ਮਜ਼ਬੂਤ ਸਿਆਸੀ ਧਿਰ ਮੰਨਿਆ ਜਾਂਦਾ ਹੈ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਰਾਹੀਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਪੀਕਰ ਅਤੇ ਡਿਪਟੀ ਸਪੀਕਰ ਸਭ ਨੂੰ ਸੰਕੇਤ ਦੇ ਦਿੱਤਾ ਹੈ ਕਿ ਹੇਰਾਫੇਰੀ ਨਹੀਂ ਚੱਲ ਸਕਦੀ।
ਪਾਕਿਸਤਾਨ ਅੰਦਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ। ਪਾਕਿਸਤਾਨ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਵਿੱਤੀ ਸੰਕਟ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਬਾਰੇ ਲੋਕਾਂ ਨੂੰ ਸੰਤੁਸ਼ਟ ਕਰਵਾਉਣਾ ਅਤੇ ਫੌਜ ਨਾਲ ਤਾਲਮੇਲ ਬਿਠਾਉਣਾ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ।