ਨਵੀਂ ਦਿੱਲੀ: ਰਾਜ ਸਭਾ ਵਿਚ ਮੈਂਬਰਾਂ ਵੱਲੋਂ ਸਰਕਾਰੀ ਰਿਕਾਰਡ ਵਿਚ ਭਗਤ ਸਿੰਘ ਨੂੰ ਸ਼ਹੀਦ ਨਾ ਦਰਸਾਉਣ ਸਬੰਧੀ ਉਠਾਈ ਆਵਾਜ਼ ਤੋਂ ਬਾਅਦ ਸਰਕਾਰ ਨੂੰ ਇਸ ਸਬੰਧੀ ਢੁਕਵੇਂ ਕਦਮ ਚੁੱਕਣ ਪ੍ਰਤੀ ਭਰੋਸਾ ਦਿਵਾਉਣਾ ਪਿਆ। ਪਾਰਲੀਮਾਨੀ ਮਾਮਲਿਆਂ ਦੇ ਰਾਜ ਮੰਤਰੀ ਰਾਜੀਵ ਸ਼ੁਕਲਾ ਨੇ ਰਾਜ ਸਭਾ ਵਿਚ ਕਿਹਾ ਕਿ ਜੇ ਭਗਤ ਸਿੰਘ ਦਾ ਨਾਂ ਰਿਕਾਰਡ ਵਿਚ ਨਹੀਂ ਹੈ ਤਾਂ ਇਸ ਨੂੰ ਲਿਆਂਦਾ ਜਾਵੇਗਾ। ਸਰਕਾਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਹੀਦ ਮੰਨਦੀ ਹੈ ਤੇ ਸ਼ਹੀਦ ਦਾ ਦਰਜਾ ਵੀ ਦਿੰਦੀ ਹੈ।
ਸ੍ਰੀ ਸ਼ੁਕਲਾ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਰਾਜ ਸਭਾ ਵਿਚ ਮੈਂਬਰਾਂ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਸ ਗੱਲ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਦੇਸ਼ ਦੇ ਮਹਾਨ ਆਜ਼ਾਦੀ ਸੰਗਰਾਮੀਏ ਨੂੰ ਸਰਕਾਰੀ ਰਿਕਾਰਡ ਸ਼ਹੀਦ ਦਾ ਦਰਜਾ ਹੀ ਨਹੀਂ ਦਿੰਦਾ। ਇਹ ਪ੍ਰਗਟਾਵਾ ਇਕ ਆਰਟੀਆਈ ਦੇ ਜਵਾਬ ਵਿਚ ਦੇਸ਼ ਦੇ ਗ੍ਰਹਿ ਵਿਭਾਗ ਵੱਲੋਂ ਕੀਤਾ ਗਿਆ ਸੀ। ਇਹ ਮਾਮਲਾ ਜਨਤਾ ਦਲ (ਯੂ) ਦੇ ਮੈਂਬਰ ਕੇæਸੀæ ਤਿਆਗੀ ਵੱਲੋਂ ਉਠਾਇਆ ਗਿਆ।
ਉਨ੍ਹਾਂ ਕਿਹਾ ਕਿ ਦੇਸ਼ ਹੁਣੇ-ਹੁਣੇ 67ਵਾਂ ਆਜ਼ਾਦੀ ਦਿਵਸ ਮਨਾ ਕੇ ਹਟਿਆ ਹੈ ਪਰ ਅਜੇ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ। ਸ੍ਰੀ ਤਿਆਗੀ ਦੀ ਹਮਾਇਤ ਉਤੇ ਆਉਂਦਿਆਂ ਅਨੇਕਾਂ ਹੋਰ ਮੈਂਬਰਾਂ ਨੇ ਵੀ ਮੰਗ ਕੀਤੀ ਕਿ ਸ਼ਹੀਦ ਦਾ ਨਾਂ ਸਰਕਾਰੀ ਰਿਕਾਰਡ ਵਿਚ ਸ਼ਾਮਲ ਕੀਤਾ ਜਾਵੇ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਸਰਕਾਰ ਸ਼ਹੀਦ ਭਗਤ ਸਿੰਘ ਦਾ ਪੂਰਾ ਸਤਿਕਾਰ ਕਰਦੀ ਹੈ। ਸਾਲ 2008 ਵਿਚ ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੀ ਮੰਤਰੀ ਅੰਬਿਕਾ ਸੋਨੀ ਨੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਉਨ੍ਹਾਂ ਦੀ ਯਾਦ ਵਿਚ ਸਿੱਕੇ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਸਰਕਾਰ ਨੇ ਜ਼ਿਲ੍ਹਾ ਨਵਾਂ ਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਹੈ।
ਮਹਾਨ ਆਜ਼ਾਦੀ ਘੁਲਾਟੀਏ ਦੇ ਭਤੀਜੇ ਦਾ ਲੜਕਾ ਯਾਦਵਿੰਦਰ ਸਿੰਘ, ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਮੁਹਿੰਮ ਵਿੱਢਣ ਬਾਰੇ ਯੋਜਨਾ ਬਣਾ ਰਿਹਾ ਹੈ।
ਸ਼ ਯਾਦਵਿੰਦਰ ਸਿੰਘ ਮੁਤਾਬਕ ਅਪਰੈਲ ਵਿਚ ਗ੍ਰਹਿ ਮੰਤਰਾਲੇ ਨੂੰ ਸੂਚਨਾ ਅਧਿਕਾਰ ਤਹਿਤ ਪੁੱਛਿਆ ਗਿਆ ਸੀ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਕਦੋਂ ਸ਼ਹੀਦ ਐਲਾਨਿਆ ਗਿਆ ਸੀ ਤੇ ਜੇ ਨਹੀਂ ਐਲਾਨਿਆ ਗਿਆ ਤਾਂ ਸਰਕਾਰ ਇਸ ਬਾਰੇ ਕੀ ਕਰ ਰਹੀ ਹੈ। ਮਈ ਵਿਚ ਗ੍ਰਹਿ ਮੰਤਰਾਲੇ ਨੇ ਜਵਾਬ ਵਿਚ ਦੱਸਿਆ ਕਿ ਮੰਤਰਾਲੇ ਕੋਲ ਇਸ ਤਰ੍ਹਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਜੋ ਤਿੰਨਾਂ ਨੂੰ ਸ਼ਹੀਦ ਕਰਾਰ ਦਿੰਦਾ ਹੋਵੇ।
ਇਹ ਜਵਾਬ ਮਿਲਣ ਪਿੱਛੋਂ ਯਾਦਵਿੰਦਰ ਨੇ ਭਗਤ ਸਿੰਘ ਤੇ ਹੋਰਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਕੋਈ ਹਾਂਪੱਖੀ ਜਵਾਬ ਨਹੀਂ ਦਿੱਤਾ ਤੇ ਹੁਣ ਉਹ ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ।
ਇਸੇ ਦੌਰਾਨ ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਕੋਲ ਆਜ਼ਾਦੀ ਸੰਘਰਸ਼ ਵਿਚ ਮਰਨ ਵਾਲੇ ਵਿਅਕਤੀਆਂ ਨੂੰ ਸ਼ਹੀਦ ਐਲਾਨਣ ਦੀ ਕੋਈ ਨੀਤੀ ਮੌਜੂਦ ਨਹੀਂ ਹੈ। ਅਸਲ ਵਿਚ ਨੀਮ ਫ਼ੌਜੀ ਬਲਾਂ ਦੇ ਜਵਾਨ ਜਿਹੜੇ ਗ੍ਰਹਿ ਮੰਤਰਾਲੇ ਹੇਠ ਕੰਮ ਕਰਦੇ ਹਨ, ਨੂੰ ਸ਼ਹੀਦ ਨਹੀਂ ਐਲਾਨਿਆ ਜਾਂਦਾ ਭਾਵੇਂ ਉਨ੍ਹਾਂ ਨੇ ਅਤਿਵਾਦੀਆਂ ਖਿਲਾਫ਼ ਲੜਦਿਆਂ ਭਾਰੀ ਜਾਨੀ ਨੁਕਸਾਨ ਉਠਾਇਆ ਹੋਵੇ। ਜੂਨ ਵਿਚ ਕੇਦਾਰਨਾਥ ਹੈਲੀਕਾਪਟਰ ਹਾਦਸੇ ਵਿਚ 20 ਵਰਦੀਧਾਰੀ ਮੁਲਾਜ਼ਮਾਂ ਦੀ ਮੌਤ ਇਸ ਦੀ ਸਪਸ਼ਟ ਉਦਾਹਰਨ ਹੈ।
ਹੈਲੀਕਾਪਟਰ ‘ਤੇ ਪੰਜ ਹਵਾਈ ਫ਼ੌਜ ਤੇ 15 ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਸਵਾਰ ਸਨ। ਹਵਾਈ ਫ਼ੌਜ ਦੇ ਮੁਲਾਜ਼ਮਾਂ ਨੂੰ ਤਾਂ ਸ਼ਹੀਦ ਵਜੋਂ ਸਨਮਾਨਤ ਕੀਤਾ ਗਿਆ ਜਦਕਿ ਆਈæਟੀæਬੀæਪੀ ਦੇ ਜਵਾਨਾਂ ਨੂੰ ਮ੍ਰਿਤਕ ਐਲਾਨਿਆ ਗਿਆ। ਇਥੇ ਦੱਸਣਯੋਗ ਹੈ ਕਿ ਅੰਗਰੇਜ਼ ਹਕੂਮਤ ਨੇ ਸਾਜ਼ਿਸ਼ ਦੇ ਮਾਮਲੇ ਵਿਚ 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਸੀ।
Leave a Reply