ਜਤਿੰਦਰ ਪਨੂੰ
ਆਜ਼ਾਦੀ ਦਾ ਦਿਨ ਆਇਆ ਤੇ ਲੰਘ ਗਿਆ ਹੈ। ਪਹਿਲਾਂ ਪਹਿਲ ਇਹ ਦਿਨ ਭਾਵਨਾ ਦਾ ਪ੍ਰਤੀਕ ਹੁੰਦਾ ਸੀ ਤੇ ਲੋਕ ਇਸ ਨੂੰ ਕਿਸੇ ਧਾਰਮਿਕ ਪੁਰਬ ਵਾਂਗ ਉਡੀਕਦੇ ਸਨ। ਸਾਨੂੰ ਯਾਦ ਹੈ ਕਿ ਆਜ਼ਾਦੀ ਤੋਂ ਦਸ-ਬਾਰਾਂ ਸਾਲ ਬਾਅਦ, ਜਦੋਂ ਅਸੀਂ ਅਜੇ ਬੱਚੇ ਸਾਂ, ਕਈ ਬਜ਼ੁਰਗ ਹੌਕਾ ਭਰ ਕੇ ਆਖਦੇ ਸਨ ਕਿ ਸਾਡੇ ਟੱਬਰ ਦਾ ਭਾਵੇਂ ਫਲਾਣਾ ਜੀਅ ਵੀ ਇਸ ਆਜ਼ਾਦੀ ਦੇ ਲੇਖੇ ਲੱਗ ਗਿਆ ਤੇ ਕਈ ਹੋਰ ਵੀ ਜਾਨਾਂ ਗੁਆ ਬੈਠੇ; ਪਰ ਚਲੋ! ਦੇਸ਼ ਆਜ਼ਾਦ ਤਾਂ ਇੱਕ ਵਾਰੀ ਹੋ ਗਿਆ। ਉਨ੍ਹਾਂ ਨੂੰ ਆਪਣਿਆਂ ਦੇ ਗਿਆਂ ਦਾ ਝੋਰਾ ਵੀ ਮਹਿਸੂਸ ਹੁੰਦਾ ਤੇ ਆਪਣੇ ਦੇਸ਼ ਦੇ ਗੁਲਾਮੀ ਦੇ ਸੰਗਲ ਕੱਟੇ ਜਾਣ ਦੀ ਤਸੱਲੀ ਵੀ ਹੁੰਦੀ ਸੀ। ਸਕੂਲਾਂ ਵਿਚ ਵੀ ਮਾਸਟਰ ਸਿਰਫ ਛੁੱਟੀ ਨਹੀਂ ਸਨ ਕਰ ਕੇ ਤੋਰ ਦਿੰਂਦੇ, ਆਪਣੀ ਸਮਝ ਮੁਤਾਬਕ ਬੱਚਿਆਂ ਨੂੰ ਆਜ਼ਾਦੀ ਦੀ ਲੜਾਈ ਬਾਰੇ ਦੱਸਦੇ ਹੁੰਦੇ ਸਨ ਤੇ ਫਿਰ ਇਹ ਵੀ ਕਹਿੰਦੇ ਸਨ ਕਿ ਦੇਸ਼ ਭਗਤਾਂ ਨੇ ਕੁਰਬਾਨੀ ਕੀਤੀ, ਹੁਣ ਦੇਸ਼ ਦੀ ਤਰੱਕੀ ਤੁਸੀਂ ਬੱਚਿਆਂ ਨੇ ਕਰਨੀ ਹੈ। ਬਾਹਲਾ ਸਮਾਂ ਨਹੀਂ ਸੀ ਗੁਜ਼ਰਿਆ ਤੇ ਇਹ ਗੱਲਾਂ ਸੁਣਨ ਦੀ ਥਾਂ ਆਜ਼ਾਦੀ ਨੂੰ ਸਿਰਫ ਛੁੱਟੀ ਤੇ ਲੀਡਰਾਂ ਵੱਲੋਂ ਤਿਰੰਗੇ ਝੰਡੇ ਹੇਠ ਖੜ੍ਹੇ ਹੋ ਕੇ ਬੇਸ਼ਰਮੀ ਨਾਲ ਝੂਠ ਬੋਲਣ ਦਾ ਦਿਨ ਬਣਾ ਦਿੱਤਾ ਗਿਆ।
ਫਿਰ ਅਸੀਂ ਉਹ ਦਿਨ ਵੀ ਦੇਖੇ, ਜਦੋਂ ਸਰਕਾਰਾਂ ਚਲਾਉਣ ਵਾਲਿਆਂ ਵੱਲੋਂ ਲੋਕਾਂ ਨਾਲ ਧੋਖੇ ਦਾ ਹਾਲੇ ਮੁੱਢਲਾ ਦੌਰ ਸੀ। ਕਦੀ-ਕਦਾਈਂ ਕਿਸੇ ਲੀਡਰ ਦੇ ਬੇਈਮਾਨੀ ਦੇ ਕਿੱਸੇ ਸਾਹਮਣੇ ਆਉਣ ਉਤੇ ਲੋਕ ਕਹਿਣ ਲੱਗ ਪਏ ਸਨ ਕਿ ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਜ਼ਮਾਨਾ ਚੰਗਾ ਸੀ, ਪਰ ਨਾਲ ਬੈਠਾ ਕੋਈ ਦੂਜਾ ਕਹਿ ਦਿੰਦਾ ਸੀ ਕਿ ਅੰਗਰੇਜ਼ਾਂ ਦਾ ਜ਼ਮਾਨਾ ਚੰਗਾ ਨਹੀਂ ਸੀ, ਉਸ ਯੁੱਗ ਵਿਚ ਸਾਡੀ ਨਾ ਕੋਈ ਇੱਜ਼ਤ ਸੀ, ਨਾ ਜਿਉਂਦੇ ਰਹਿਣ ਦਾ ਯਕੀਨ ਹੁੰਦਾ ਸੀ ਅਤੇ ਜਦੋਂ ਮਰਜ਼ੀ ਕੋਈ ਅੰਗਰੇਜ਼ ਅਫਸਰ ਹੁਕਮ ਦੇ ਕੇ ਗੋਲੀ ਚਲਵਾ ਸਕਦਾ ਸੀ। ਕਿਸੇ ਵਿਰਲੇ ਆਗੂ ਦੇ ਦਲ-ਬਦਲੀ ਦੀ ਖਬਰ ਆਈ ਤੋਂ ਲੋਕ ਉਦੋਂ ਇਹ ਕਹਿੰਦੇ ਹੁੰਦੇ ਸਨ ਕਿ ਜਿਸ ਪਾਰਟੀ ਨੇ ਆਗੂ ਬਣਨ ਜੋਗਾ ਕੀਤਾ ਸੀ, ਉਸ ਨੂੰ ਛੱਡਣ ਨਾਲੋਂ ਤਾਂ ਬੰਦਾ ਮਰ ਗਿਆ ਚੰਗਾ ਹੁੰਦਾ ਹੈ। ਹੁਣ ਉਹ ਵੀ ਦਿਨ ਨਹੀਂ ਰਹੇ। ਪਿਛਲੇ ਤੀਹ ਕੁ ਸਾਲਾਂ ਤੋਂ ਲੀਡਰ ਜਿੰਨੀ ਤੇਜ਼ੀ ਨਾਲ ਰਾਜਸੀ ਚੋਲੇ ਬਦਲਣ ਲੱਗ ਪਏ ਹਨ, ਉਸ ਬਾਰੇ ਕਿਸੇ ਕਾਰਟੂਨਿਸਟ ਨੇ ਇਹ ਖਾਕਾ ਵੀ ਪੇਸ਼ ਕਰ ਦਿੱਤਾ ਸੀ ਕਿ ਜਿੱਤੇ ਹੋਏ ਲੀਡਰ ਨੂੰ ਵਧਾਈ ਦੇਣ ਗਏ ਆਮ ਆਦਮੀ ਨੇ ਜਦੋਂ ਉਸ ਨੂੰ ਜੱਫੀ ਪਾਈ ਤਾਂ ਲੀਡਰ ਦਾ ਕੁੜਤਾ ਉਸ ਦੀਆਂ ਬਾਂਹਾਂ ਵਿਚ ਰਹਿ ਗਿਆ, ਲੀਡਰ ਦੂਜੀ ਪਾਰਟੀ ਵਿਚ ਚਲਾ ਗਿਆ ਸੀ। ਜਿਹੜੇ ਲੋਕ ਇਹ ਕਹਿੰਦੇ ਸਨ ਕਿ ਆਪਣੀ ਪਾਰਟੀ ਨੂੰ ਛੱਡਣ ਨਾਲੋਂ ਬੰਦਾ ਮਰ ਗਿਆ ਚੰਗਾ ਹੁੰਦਾ ਹੈ, ਆਗੂ ਨੂੰ ਮਰਦੇ ਨਹੀਂ ਵੇਖ ਸਕਦੇ, ਉਸ ਸੋਚ ਵਾਲੇ ਬੰਦੇ ਆਪ ਹੀ ਹੌਲੀ-ਹੌਲੀ ਮਰਨੇ ਜਾਂ ਉਂਜ ਹੀ ਘੱਟ ਹੋਣੇ ਸ਼ੁਰੂ ਹੋ ਗਏ।
ਦੋ ਕੁ ਗੱਲਾਂ ਹੋਰ ਹੁੰਦੀਆਂ ਸਨ ਜਿਨ੍ਹਾਂ ਦਾ ਖਿਆਲ ਰੱਖ ਕੇ ਮੂੰਹ ਖੋਲ੍ਹਿਆ ਜਾਂਦਾ ਸੀ। ਇਨ੍ਹਾਂ ਵਿਚੋਂ ਇੱਕ ਫੌਜ ਬਾਰੇ ਮਰਿਆਦਾ ਦਾ ਖਿਆਲ ਰੱਖਣ ਦੀ ਲੋੜ ਸਮਝੀ ਜਾਂਦੀ ਸੀ ਤੇ ਦੂਜਾ ਸੰਵਿਧਾਨਕ ਪਦਵੀਆਂ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਦੋ ਵਾਰੀ ਸੋਚਿਆ ਜਾਂਦਾ ਸੀ। ਹੁਣ ਇਨ੍ਹਾਂ ਗੱਲਾਂ ਬਾਰੇ ਸੋਚਣ ਦੀ ਲੋੜ ਵੀ ਨਹੀਂ। ਰਾਸ਼ਟਰਪਤੀ ਬਾਰੇ ਵੀ ਕੋਈ ਕਿਸੇ ਤਰ੍ਹਾਂ ਦੀ ਗੱਲ ਕਹਿ ਸਕਦਾ ਹੈ, ਕਿਉਂਕਿ ਕੁਝ ਇਹੋ ਜਿਹੇ ਰਾਸ਼ਟਰਪਤੀ ਇਹ ਦੇਸ਼ ਚੁਣਨ ਦੀ ਗਲਤੀ ਕਰ ਚੁੱਕਾ ਹੈ ਜਿਨ੍ਹਾਂ ਨੇ ਆਪਣੇ ਸਮੇਂ ਵਿਚ ਨਾ ਰਾਸ਼ਟਰਪਤੀ ਭਵਨ ਦੀ ਮਰਿਆਦਾ ਦਾ ਖਿਆਲ ਕੀਤਾ ਸੀ ਤੇ ਨਾ ਆਪਣੀ ਇੱਜ਼ਤ ਦਾ ਹੀ। ਫੌਜ ਦੇ ਅਫਸਰਾਂ ਵਿਚੋਂ ਵੀ ਕਈ ਇਹੋ ਜਿਹੇ ਮਾੜੇ ਨਿਕਲ ਆਏ। ਨਤੀਜਾ ਇਹੋ ਸੀ ਕਿ ਜਿਵੇਂ ਲੋਕ ਆਜ਼ਾਦੀ ਦੇ ਬਾਅਦ ਆਜ਼ਾਦੀ ਦੇ ਦਿਨ ਬਾਰੇ ਸਤਿਕਾਰ ਨਾਲ ਗੱਲ ਕਰਨਾ ਭੁੱਲ ਗਏ, ਤੇ ਫਿਰ ਕਿਸੇ ਵੀ ਅਸੂਲ ਨੂੰ ਵਜ਼ਨ ਦੇਣਾ ਛੱਡਣ ਲੱਗ ਪਏ, ਉਵੇਂ ਹੀ ਸੰਵਿਧਾਨਕ ਅਹੁਦਿਆਂ ਦਾ ਸਤਿਕਾਰ ਵੀ ਘਟਦਾ ਗਿਆ।
ਹੁਣ ਅਸੀਂ ਬੜੀ ਸੌਖੀ ਸਥਿਤੀ ਵਿਚ ਹਾਂ। ਕਿਸੇ ਮਾਣ-ਮਰਿਆਦਾ ਦਾ ਚੇਤਾ ਰੱਖਣ ਦੀ ਲੋੜ ਹੀ ਨਹੀਂ ਰਹੀ। ਭਾਰਤ ਦਾ ਕੋਈ ਵੀ ਨਾਗਰਿਕ ਆਪਣੀ ਪੱਗ ਕੱਛ ਵਿਚ ਰੱਖ ਕੇ ਕਿਸੇ ਦੀ ਪੱਗ ਲਾਹੁਣ ਤੁਰ ਪਵੇ ਤਾਂ ਕਿਸੇ ਨੂੰ ਇਸ ਤੋਂ ਕੋਈ ਹੈਰਾਨੀ ਨਹੀਂ ਹੁੰਦੀ। ਕਈ ਲੋਕ ਉਸ ਨੂੰ ਜੁਰਅਤ ਵਾਲਾ ਬੰਦਾ ਕਹਿੰਦੇ ਹਨ। ਇਹੋ ਜਿਹੇ ਬੰਦਿਆਂ ਦੀ ਜੁਰਅਤ ਦਾ ਨਤੀਜਾ ਕੀ ਨਿਕਲੇਗਾ, ਇਹ ਗੱਲ ਸੋਚਣ ਦੀ ਕਿਸੇ ਕੋਲ ਵਿਹਲ ਨਹੀਂ ਰਹਿ ਗਈ।
ਸਾਨੂੰ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ। ਕਿਸੇ ਸਮੇਂ ਰੂਸ ਵੱਡੀ ਤਾਕਤ ਹੁੰਦਾ ਸੀ। ਉਥੇ ਰਾਜ ਕਰਦੀ ਸੋਵੀਅਤ ਸਮਾਜਵਾਦੀ ਵਿਚਾਰਧਾਰਾ ਨੂੰ ਮਰਿਆਦਾ ਤੋਂ ਸੱਖਣੇ ਇਹੋ ਜਿਹੇ ਬੰਦਿਆਂ ਨੇ ਰੋਲ ਦਿੱਤਾ ਸੀ ਜਿਨ੍ਹਾਂ ਲਈ ਅਸਲੋਂ ਫੁਕਰਾ ਜਾਪਦਾ ਬੋਰਿਸ ਯੇਲਤਸਿਨ ਵੀ ਹੀਰੋ ਸੀ। ਫਿਰ ਚੌਕਾਂ ਵਿਚ ਵਲਾਦੀਮੀਰ ਲੈਨਿਨ ਵਰਗੇ ਮਹਾਨ ਨੇਤਾ ਦੇ ਬੁੱਤ ਨੂੰ ਉਨ੍ਹਾਂ ਕਾਮਿਆਂ ਨੇ ਕਰੇਨਾਂ ਪਿੱਛੇ ਪਾ ਕੇ ਧੂਹਿਆ ਸੀ ਜਿਨ੍ਹਾਂ ਕਿਰਤੀਆਂ ਦੇ ਰਾਜ ਦੀ ਸਥਾਪਤੀ ਲਈ ਉਹ ਦੁਨੀਆਂ ਨੂੰ ਰਾਹ ਦਿਖਾ ਕੇ ਗਿਆ ਸੀ। ਉਸ ਰੂਸ ਦੇ ਦਬਕੇ ਤੋਂ ਵੀ ਤੇ ਉਸ ਦੀ ਕਿਸੇ ਮਾਮਲੇ ਵਿਚ ਚੁੱਪ ਤੋਂ ਵੀ ਸੰਸਾਰ ਦਾ ਸਾਮਰਾਜਵਾਦ ਤ੍ਰਹਿੰਦਾ ਹੁੰਦਾ ਸੀ, ਪਰ ਉਸ ਦੇ ਬਾਅਦ ਰੂਸ ਕਈ ਸਾਲ ਕਿਸੇ ਖਾਤੇ ਵਿਚ ਗਿਣਨ ਦੇ ਕਾਬਲ ਨਹੀਂ ਸੀ ਰਹਿ ਗਿਆ। ਹੁਣ ਉਠ ਰਿਹਾ ਹੈ ਤਾਂ ਇੱਕ ਨਵੇਂ ਰੁਖ ਤੋਂ ਉਠਣ ਦਾ ਯਤਨ ਕਰ ਰਿਹਾ ਹੈ; ਜਿਹੜਾ ਰੂਸ ਉਦੋਂ ਵਾਲਾ ਸੀ, ਉਹ ਨਹੀਂ ਰਹਿ ਗਿਆ। ਇਸ ਤ੍ਰਾਸਦੀ ਦਾ ਸ਼ਿਕਾਰ ਰੂਸ ਨੂੰ ਅਮਰੀਕੀਆਂ ਨੇ ਇਸ ਕਰ ਕੇ ਬਣਾ ਲਿਆ ਸੀ ਕਿਉਂਕਿ ਸੋਵੀਅਤ ਸਮਾਜਵਾਦੀ ਰੂਸ ਦੀ ਲੀਡਰਸ਼ਿਪ ਲੈਨਿਨ ਦੇ ਕੱਦ-ਬੁੱਤ ਦੀ ਤਾਂ ਕੀ ਹੋਣੀ, ਉਸ ਦੇ ਗਿੱਟਿਆਂ ਤੱਕ ਜਾਣ ਜੋਗੀ ਵੀ ਨਹੀਂ ਸੀ ਰਹਿ ਗਈ ਤੇ ਅਸਲੋਂ ਨਾਕਾਬਲ ਬੰਦੇ ਆਗੂ ਬਣ ਖੜੋਤੇ ਸਨ।
ਜਦੋਂ ਰੂਸ ਉਸ ਤ੍ਰਾਸਦੀ ਦਾ ਸ਼ਿਕਾਰ ਹੋਣਾ ਸ਼ੁਰੂ ਹੋਇਆ ਸੀ, ਉਦੋਂ ਭਾਰਤ ਵਿਚ ਨਵੀਂ ਤ੍ਰਾਸਦੀ ਆਪਣੇ ਲਈ ਲਾਂਘਾ ਬਣਾ ਰਹੀ ਸੀ। ਬਾਬਰੀ ਮਸਜਿਦ ਢਾਹ ਕੇ ਉਥੇ ਰਾਮ ਮੰਦਰ ਬਣਾਉਣ ਲਈ ਮੁਹਿੰਮ ਵਿੱਢ ਕੇ ਤੁਰਨ ਵਾਲੇ ਉਹ ਲੋਕ ਵੀ ਅਤੇ ਹੋਰ ਫਿਰਕੂ ਸੋਚਣੀ ਵਾਲੇ ਉਹ ਲੋਕ ਵੀ, ਜਿਨ੍ਹਾਂ ਦੇ ਵਡੇਰੇ ਆਜ਼ਾਦੀ ਦੀ ਲੜਾਈ ਵਿਚ ਜਾਂ ਤਾਂ ਰੜਕੇ ਨਹੀਂ ਸਨ ਜਾਂ ਅੰਗਰੇਜ਼ ਦੇ ਪਿਛਲੱਗ ਬਣੇ ਫਿਰਦੇ ਸਨ, ਇੱਕ ਦਮ ਆਜ਼ਾਦੀ ਲਹਿਰ ਦੇ ਨਾਇਕਾਂ ਉਤੇ ਹਮਲੇ ਕਰਨ ਤੁਰ ਪਏ ਸਨ। ਦਿੱਲੀ ਤੋਂ ਦੱਖਣ ਤੱਕ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੀ ਖਿੱਲੀ ਉਡਾਈ ਜਾਣ ਲੱਗ ਪਈ ਅਤੇ ਪੰਜਾਬ ਵਿਚ ਕੁਝ ਲੋਕਾਂ ਨੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਬਾਰੇ ਉਲਟਾ-ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਸੀ। ਇਹੋ ਦੌਰ ਸੀ, ਜਦੋਂ ਪਹਿਲੀ ਵਾਰੀ ਗਦਰ ਪਾਰਟੀ ਦੇ ਮਹਾਨ ਦੇਸ਼ ਭਗਤ ਬਾਬਿਆਂ ਵਿਚੋਂ ਸਿੱਖ ਪਿਛੋਕੜ ਵਾਲਿਆਂ ਨੂੰ ਚੁਣ ਕੇ ਉਨ੍ਹਾਂ ਦੀ ਗਿਣਤੀ ਦੇਸ਼ ਦੀ ਆਜ਼ਾਦੀ ਵਿਚ ਸ਼ਹੀਦ ਹੋਏ ਸਿੱਖਾਂ ਦੇ ਤੌਰ ਉਤੇ ਕੀਤੀ ਜਾਣੀ ਸ਼ੁਰੂ ਹੋਈ ਸੀ। ਇਹ ਗੱਲ ਲੁਕਾ ਲਈ ਜਾਂਦੀ ਸੀ ਕਿ ਜਿਹੜੇ ਦੇਸ਼ ਤੋਂ ਆਪਾ ਵਾਰ ਗਏ, ਉਨ੍ਹਾਂ ਦੇ ਜਿਹੜੇ ਸਾਥੀ ਅੰਡੇਮਾਨ ਦੀਆਂ ਉਮਰ ਕੈਦਾਂ ਕੱਟ ਕੇ ਮੁੜੇ ਸਨ, ਉਨ੍ਹਾਂ ਵਿਚੋਂ ਕੋਈ ਵੀ ਗਦਰੀ ਬਾਬਾ ਕਿਸੇ ਇੱਕ ਜਾਂ ਦੂਜੇ ਫਿਰਕੇ ਦੇ ਨਾਂ ਉਤੇ ਰਾਜਨੀਤੀ ਕਰਨ ਵਾਲੀ ਕਿਸੇ ਪਾਰਟੀ ਵਿਚ ਨਹੀਂ ਸੀ ਗਿਆ ਅਤੇ ਆਪਣੀ ਦੇਸ਼ ਭਗਤੀ ਨੂੰ ਭਾਰਤੀ ਰੱਖਿਆ ਸੀ, ਖੇਤਰੀ ਜਾਂ ਫਿਰਕੂ ਰੰਗਤ ਨਹੀਂ ਸੀ ਆਉਣ ਦਿੱਤੀ।
ਇਹ ਸਾਰਾ ਕੁਝ ਕਿਉਂਕਿ ਥੋੜ੍ਹੇ ਸਮੇਂ ਦੇ ਫਰਕ ਨਾਲ ਲੱਗਭੱਗ ਇਕੱਠਾ ਵਾਪਰਿਆ, ਉਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਦੇਸ਼ ਦੀ ਜੇ ਕੋਈ ਲੀਡਰਸ਼ਿਪ ਹੈ ਤਾਂ ਉਹ ਭਾਰਤ ਦੇ ਇਨ੍ਹਾਂ ਹਾਲਾਤ ਨੂੰ ਸੋਵੀਅਤ ਰੂਸ ਦੇ ਹਾਲਾਤ ਨਾਲ ਮੇਲ ਕੇ ਦੇਖੇ, ਫਿਰ ਹਸ਼ਰ ਦਾ ਪਤਾ ਲੱਗ ਜਾਵੇਗਾ। ਚੰਦਰ ਸ਼ੇਖਰ ਨੇ ਕਿਹਾ ਸੀ ਕਿ ਰੂਸ ਵਿਚ ਲੈਨਿਨ ਦੇ ਬੁੱਤ ਤੋੜਨਾ ਸਿਰਫ ਬੁੱਤਾਂ ਦਾ ਤੋੜਨਾ ਨਹੀਂ, ਲੋਕਾਂ ਦੇ ਮਨਾਂ ਅੰਦਰਲੀ ਭਾਵਨਾ ਦਾ ਕਿਨਾਰਾ ਤੋੜ ਕੇ ਉਨ੍ਹਾਂ ਨੂੰ ਬੇਮੁਹਾਰ ਵਹਿਣ ਦੇ ਰਾਹ ਪਾਉਣਾ ਸੀ, ਜਿਸ ਨੂੰ ਸਮਝਿਆ ਨਹੀਂ ਗਿਆ ਅਤੇ ਰੂਸ ਤਬਾਹ ਹੋ ਗਿਆ ਹੈ। ਜਲੰਧਰ ਵਿਚ ਆਣ ਕੇ ਜਦੋਂ ਉਸ ਨੇ ਇਹ ਗੱਲ ਕਹੀ ਤਾਂ ਨਾਲ ਇਹ ਵੀ ਆਖਿਆ ਸੀ ਕਿ ਗਾਂਧੀ ਹੋਵੇ ਜਾਂ ਭਗਤ ਸਿੰਘ, ਰਾਹ ਵੱਖ-ਵੱਖ ਹੋਣ ਦੇ ਬਾਵਜੂਦ ਦੇਸ਼ ਭਗਤੀ ਦੇ ਖਾਤੇ ਵਿਚ ਦੋਵਾਂ ਦਾ ਇੱਕ ਖਾਸ ਥਾਂ ਹੈ ਤੇ ਜਦੋਂ ਇਨ੍ਹਾਂ ਉਤੇ ਹਮਲਾ ਹੋਏ ਤੋਂ ਅਸੀਂ ਚੁੱਪ ਰਹਿੰਦੇ ਹਾਂ, ਤਾਂ ਅਸੀਂ ਰੂਸ ਵਾਂਗ ਭਾਰਤ ਦੀ ਤਬਾਹੀ ਦਾ ਮੁੱਢ ਬੱਝ ਰਿਹਾ ਦੇਖ ਕੇ ਚੁੱਪ ਰਹਿਣ ਵਰਗਾ ਗੁਨਾਹ ਕਰਦੇ ਹਾਂ। ਜੋ ਕੁਝ ਇਸ ਵਾਰੀ ਆਜ਼ਾਦੀ ਦਿਨ ਉਤੇ ਹੋਇਆ ਹੈ, ਉਹ ਚੰਦਰ ਸ਼ੇਖਰ ਦੀਆਂ ਗੱਲਾਂ ਦਾ ਮਹੱਤਵ ਵੀ ਵਧਾ ਦਿੰਦਾ ਹੈ।
ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਤਕਰੀਰਾਂ ਸੁਣਨ ਦੀ ਆਦਤ ਇਨ੍ਹਾਂ ਸਤਰਾਂ ਦਾ ਲੇਖਕ ਚਿਰਾਂ ਦਾ ਛੱਡ ਚੁੱਕਾ ਹੈ। ਉਸ ਕੋਲ ਨਹਿਰੂ-ਗਾਂਧੀ ਪਰਿਵਾਰ ਦਾ ਚਾਲੀਸਾ ਪੜ੍ਹਨ ਅਤੇ ਭਵਿੱਖ ਬਾਰੇ ਚਾਰ ਫੋਕੀਆਂ ਗੱਲਾਂ ਕਹਿ ਛੱਡਣ ਤੋਂ ਸਿਵਾ ਕੁਝ ਹੈ ਹੀ ਨਹੀਂ। ਦੂਜੇ ਪਾਸੇ ਕੁਝ ਲੋਕ ਹਰ ਰੋਜ਼ ਨਵੀਂ ਗੱਲ ਕਹਿੰਦੇ ਹਨ ਤੇ ਆਪਣੀ ਇਸ ਆਦਤ ਨਾਲ ਉਹ ਭੀੜਾਂ ਵੀ ਖਿੱਚ ਸਕਦੇ ਹਨ, ਪਰ ਜਿਹੜੀਆਂ ਗੱਲਾਂ ਉਹ ਕਹਿੰਦੇ ਹਨ, ਉਨ੍ਹਾਂ ਨਾਲ ਦੇਸ਼ ਦੀ ਬੁਨਿਆਦ ਉਤੇ ਵਾਰ ਕੀਤਾ ਜਾਂਦਾ ਹੈ ਤੇ ਭੀੜਾਂ ਨੂੰ ਇਸ ਕੰਮ ਲਈ ਉਸੇ ਤਰ੍ਹਾਂ ਉਕਸਾਇਆ ਜਾਂਦਾ ਹੈ, ਜਿਵੇਂ ਰੂਸ ਵਿਚ ਬੋਰਿਸ ਯੇਲਤਸਿਨ ਨੇ ਭੀੜਾਂ ਨੂੰ ਲੈਨਿਨ ਅਤੇ ਸਮਾਜਵਾਦ, ਦੋਵਾਂ ਵਿਰੁੱਧ ਉਕਸਾਇਆ ਸੀ।
ਇਸ ਚੰਦਰੀ ਖੇਡ ਦਾ ਸਭ ਤੋਂ ਵੱਡਾ ਮੋਹਰਾ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਹੈ ਜਿਸ ਦੀ ਉਠਾਣ ਵੀ ਜਰਮਨੀ ਦੇ ਹਿਟਲਰ ਨਾਲ ਮਿਲਦੀ ਹੈ, ਕਿਰਦਾਰ ਵੀ ਅਤੇ ਬੋਲ-ਬਾਣੀ ਵੀ। ਦੇਸ਼ ਦੇ ਲੋਕ ਇਸ ਨੂੰ ਸਮਝਣ ਤੋਂ ਅਸਮਰਥ ਹਨ। ਅਸਲੋਂ ਸਾਧਾਰਨ ਬੰਦੇ ਤੋਂ ਪਰਦੇ ਹੇਠਲੀ ਆਪਣੀ ਚੁਸਤੀ ਨਾਲ ਉਠਿਆ ਇਹ ਬੰਦਾ ਜਦੋਂ ਥੋੜ੍ਹਾ ਉਪਰ ਹੋਇਆ ਤਾਂ ਜਿਵੇਂ ਹਿਟਲਰ ਨੇ ਇੱਕ ਭਾਈਚਾਰੇ ਨੂੰ ਨਿਸ਼ਾਨੇ ਹੇਠ ਰੱਖਿਆ ਸੀ, ਇਹ ਵੀ ਇੱਕ ਖਾਸ ਘੱਟ-ਗਿਣਤੀ ਨੂੰ ਨਿਸ਼ਾਨਾ ਬਣਾ ਕੇ ਤੁਰ ਪਿਆ। ਹਿਟਲਰ ਵੀ ਬਾਅਦ ਵਿਚ ਉਸ ਇੱਕ ਭਾਈਚਾਰੇ ਦੇ ਆਹੂ ਲਾਹੁਣ ਤੱਕ ਸੀਮਤ ਨਹੀਂ ਸੀ ਰਿਹਾ, ਇਹ ਵੀ ਸਮਾਂ ਪਾ ਕੇ ਹੋਰਨਾਂ ਦੇ ਗਿੱਟੇ ਸੇਕਣ ਦਾ ਰਾਹ ਫੜੇਗਾ, ਪਰ ਉਸ ਦੇ ਭਾਈਬੰਦ ਇਹ ਗੱਲ ਮੰਨਣ ਨੂੰ ਰਾਜ਼ੀ ਨਹੀਂ। ਇੱਕ ਗੱਲ ਉਸ ਦੀ ਤੇ ਹਿਟਲਰ ਦੀ ਹੋਰ ਸਾਂਝੀ ਇਹ ਹੈ ਕਿ ਦੋਵਾਂ ਨੇ ਆਪਣੀ ਸੋਚਣੀ ਨੂੰ ਅੰਜਾਮ ਤੱਕ ਪੁਚਾਉਣ ਦੌਰਾਨ ਗੱਲਾਂ ਨੇਕੀ ਦੀਆਂ ਕੀਤੀਆਂ, ਪਰ ਹਰ ਬੇਈਮਾਨ ਬੰਦਾ ਆਪਣੇ ਨਾਲ ਜੋੜ ਲਿਆ ਸੀ। ਨਰਿੰਦਰ ਮੋਦੀ ਵੀ ਦੇਸ਼ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਨਾਂ ਉਤੇ ਭੜਕਾਉਂਦਾ ਹੈ, ਪਰ ਭ੍ਰਿਸ਼ਟਾਚਾਰ ਕਾਰਨ ਇੱਕ ਕੇਸ ਵਿਚ ਅਦਾਲਤ ਤੋਂ ਕੈਦ ਦੀ ਸਜ਼ਾ ਦਾ ਹੁਕਮ ਸੁਣ ਚੁੱਕੇ ਬੰਗਾਰੂ ਲਕਸ਼ਮਣ ਨੂੰ ਆਪਣੇ ਨਾਲ ਸਟੇਜ ਉਤੇ ਬਿਠਾ ਕੇ ਬੋਲਦਾ ਹੈ। ਯੇਡੀਯੁਰੱਪਾ ਨਾਲ ਉਸ ਦੀ ਸਾਂਝ ਵੀ ਲੁਕੀ ਹੋਈ ਨਹੀਂ ਤੇ ਉਸ ਦਾ ਆਪਣਾ ਇੱਕ ਮੰਤਰੀ ਸਹਿਯੋਗੀ ਸੋਲੰਕੀ ਵੀ ਅਦਾਲਤ ਤੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਲੋਕ ਉਸ ਦੀਆਂ ਗੱਲਾਂ ਸੁਣ ਕੇ ਤਾੜੀਆਂ ਮਾਰਦੇ ਹਨ।
ਆਖਰ ਕਿਉਂ? ਇਸ ਲਈ ਕਿ ਉਸ ਦੀ ਉਠਾਣ ਦਾ ਆਧਾਰ ਕਿਸੇ ਬਾਬਰੀ ਮਸਜਿਦ ਦੀ ਮੁਹਿੰਮ ਨੇ ਤਿਆਰ ਨਹੀਂ ਕੀਤਾ, ਉਦੋਂ ਤੱਕ ਤਾਂ ਉਹ ਨਾ ਤਿੰਨਾਂ ਵਿਚ ਹੁੰਦਾ ਸੀ ਤੇ ਨਾ ਤੇਰਾਂ ਵਿਚ ਗਿਣਿਆ ਜਾਂਦਾ ਸੀ, ਬਲਕਿ ਇਸ ਦਾ ਆਧਾਰ ਭਾਰਤ ਦੀ ਸਰਕਾਰ ਚਲਾਉਣ ਵਾਲਿਆਂ ਨੇ ਆਪ ਪੇਸ਼ ਕੀਤਾ ਹੈ। ਕਦੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਪਾਰਲੀਮੈਂਟ ਵਿਚ ਖੜੋ ਕੇ ਉਸ ਦਾ ਜਵਾਈ ਫਿਰੋਜ਼ ਗਾਂਧੀ ਕਹਿੰਦਾ ਸੀ ਕਿ ਭ੍ਰਿਸ਼ਟਾਚਾਰ ਵਧਦਾ ਜਾ ਰਿਹਾ ਹੈ, ਉਸ ਨੂੰ ਰੋਕਦੇ ਕਿਉਂ ਨਹੀਂ? ਅੱਜ ਭਾਰਤ ਦੀ ਸਰਕਾਰ ਨੂੰ ਚਲਾਉਣ ਵਾਲਾ ਪ੍ਰਧਾਨ ਮੰਤਰੀ ਜਿਸ ਬੀਬੀ ਦੇ ਇਸ਼ਾਰੇ ਦਾ ਮੁਥਾਜ ਹੈ, ਉਸ ਵਿਚਾਰੀ ਨੇ ਇਹੋ ਜਿਹਾ ਜਵਾਈ ਸਹੇੜ ਲਿਆ ਹੈ ਜਿਹੜਾ ਕਿਸੇ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਨ ਦੀ ਥਾਂ ਆਪ ਭ੍ਰਿਸ਼ਟਾਚਾਰ ਦਾ ਭੜੋਲਾ ਹੈ ਤੇ ਉਸ ਦੀ ਸੱਸ ਹੀ ਨਹੀਂ, ਮੁਲਕ ਦੀ ਸਰਕਾਰ ਵੀ ਇੱਕੋ ਬੰਦੇ ਪਿੱਛੇ ਕੁਰਬਾਨ ਹੋਣ ਦੇ ਰਾਹ ਪੈ ਗਈ ਹੈ। ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਰਾਜ ਚਲਾਉਂਦੀ ਬੀਬੀ ਦਾ ਦਾਮਾਦ ਵੱਡਾ ਨਹੀਂ, ਦੇਸ਼ ਵੱਡਾ ਹੈ ਅਤੇ ਇਸ ਦੇ ਪਿੱਛੇ ਦੇਸ਼ ਦੇ ਭਵਿੱਖ ਦੀ ਕੁਰਬਾਨੀ ਨਹੀਂ ਦੇ ਸਕਦੇ, ਸਗੋਂ ਉਸ ਦੇ ਘੇਰੇ ਵਿਚ ਜੁੜੇ ਹੋਏ ਚਾਪਲੂਸ ਉਸ ਦੇ ਵਕੀਲ ਬਣੇ ਹੋਏ ਹਨ। ਇਹ ਚਾਪਲੂਸ ਕੱਲ੍ਹ ਨੂੰ ਕਿਸੇ ਨਰਿੰਦਰ ਮੋਦੀ ਨੂੰ ਵੀ ਇਹੋ ਖਿਦਮਤ ਪੇਸ਼ ਕਰਨ ਤੱਕ ਜਾ ਸਕਦੇ ਹਨ। ਸਵਾਲ ਉਸ ਦੇਸ਼ ਦਾ ਹੈ, ਜਿਸ ਦੇ ਲੋਕਾਂ ਨੂੰ ਆਪਣੇ ਭਵਿੱਖ ਦੀ ਆਸ ਦੀ ਕੋਈ ਕਿਰਨ ਦਿਖਾਈ ਦੇਣ ਦੀ ਥਾਂ ਸਿਰਫ ਕਿੰਤੂਆਂ ਦੀ ਲੜੀ ਲੱਗੀ ਦਿਸ ਰਹੀ ਹੈ। ਉਨ੍ਹਾਂ ਲੋਕਾਂ ਕੋਲ ਹੁਣ ਇੱਕ ਹੀ ਰਾਹ ਰਹਿ ਗਿਆ ਹੈ ਤੇ ਉਹ ਇਹ ਕਿ ਉਹ ਦੋਵਾਂ ਧਿਰਾਂ ਦੇ ਮੁਕਾਬਲੇ ਕਿਸੇ ਤੀਜੇ ਨੂੰ ਪਰਖਣ ਲਈ ਮਾਨਸਿਕ ਪੱਖੋਂ ਤਿਆਰ ਹੋਣ। ਹੋਰ ਕੋਈ ਰਾਹ ਅੱਜ ਦੀ ਘੜੀ ਦਿਖਾਈ ਨਹੀਂ ਦਿੰਦਾ, ਕੱਲ੍ਹ ਬਾਰੇ ਕੱਲ੍ਹ ਜਾਣਦਾ ਹੋਵੇਗਾ।
Leave a Reply