ਫਰੀਦਕੋਟ ਰਿਆਸਤ ਦੀ ਸ਼ਾਹੀ ਵਸੀਅਤ ਖਿਲਾਫ ਫੈਸਲੇ ਨੂੰ ਚੁਣੌਤੀ

ਫ਼ਰੀਦਕੋਟ: ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਜਾਇਦਾਦ ਬਾਰੇ ਵਸੀਅਤ ਦਾ ਮਾਮਲਾ ਉਲਝਦਾ ਜਾ ਰਿਹਾ ਹੈ। 
ਮਹਾਰਾਣੀ ਦੀਪਇੰਦਰ ਕੌਰ ਤੇ ਮਹਾਰਾਵਲ ਖੇਵਾ ਜੀ ਟਰੱਸਟ ਨੇ ਸਾਂਝੇ ਤੌਰ ‘ਤੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਅਪੀਲ ਦਾਇਰ ਕਰਕੇ ਸ਼ਾਹੀ ਜਾਇਦਾਦ ਨੂੰ ਸਾਂਭ ਸੰਭਾਲ ਬਾਰੇ ਲਿਖੀ ਵਸੀਅਤ ਤੇ ਸਥਾਪਤ ਕੀਤੇ ਟਰੱਸਟ ਨੂੰ ਚੰਡੀਗੜ੍ਹ ਦੇ ਸਿਵਲ ਜੱਜ ਰਜਨੀਸ਼ ਕੁਮਾਰ ਸ਼ਰਮਾ ਵੱਲੋਂ 25 ਜੁਲਾਈ ਨੂੰ ਤੋੜਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਦਾਲਤ ਵੱਲੋਂ ਸੁਣਾਇਆ ਫੈਸਲਾ ਕਾਨੂੰਨ ਤੇ ਤੱਥਾਂ ਦੇ ਉਲਟ ਹੈ। ਇਸ ਲਈ ਇਸ ਬਾਰੇ ਨਜ਼ਰਸਾਨੀ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ ਅੰਮ੍ਰਿਤਪਾਲ ਕੌਰ ਨੇ 1992 ਵਿਚ ਚੰਡੀਗੜ੍ਹ ਦੀ ਅਦਾਲਤ ਵਿਚ ਕੇਸ ਕਰਕੇ ਦਾਅਵਾ ਕੀਤਾ ਸੀ ਕਿ ਉਸ ਦੇ ਪਿਤਾ ਨੇ ਆਪਣੀ ਜ਼ਿੰਦਗੀ ਵਿਚ ਕੋਈ ਵਸੀਅਤ ਨਹੀਂ ਲਿਖੀ ਬਲਕਿ ਉਸ ਦੇ ਕੁਝ ਨਜ਼ਦੀਕੀਆਂ ਨੇ ਮਹਾਰਾਜਾ ਦੀ ਮੌਤ ਤੋਂ ਬਾਅਦ ਝੂਠੀ ਵਸੀਅਤ ਤਿਆਰ ਕਰਕੇ ਫ਼ਰੀਦਕੋਟ ਰਿਆਸਤ ਦੀ 25 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਉਪਰ ਕਬਜ਼ਾ ਕਰ ਲਿਆ। ਰਾਜ ਕੁਮਾਰੀ ਅੰਮ੍ਰਿਤਪਾਲ ਕੌਰ ਨੇ ਆਪਣੇ ਦਾਅਵੇ ਵਿਚ ਕਿਹਾ ਸੀ ਕਿ ਇੱਕ ਜੂਨ 1982 ਨੂੰ ਲਿਖੀ ਵਸੀਅਤ ਜਾਅਲੀ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਹੈ ਕਿ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਮਹਾਰਾਜਾ ਸਦਮੇ ਵਿਚ ਸਨ ਤੇ ਉਸ ਦੇ ਅਹਿਲਕਾਰਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਝੂਠੀ ਵਸੀਅਤ ਤਿਆਰ ਕਰ ਲਈ ਤੇ 1989 ਵਿਚ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਾਹੀ ਜਾਇਦਾਦ ਦੀ ਸਾਂਭ ਸੰਭਾਲ ਲਈ ਮਹਾਰਾਵਲ ਖੇਵਾ ਜੀ ਟਰੱਸਟ ਸਥਾਪਤ ਕਰ ਦਿੱਤਾ ਜੋ ਮੌਜੂਦਾ ਸਮੇਂ ਵਿਚ ਸ਼ਾਹੀ ਜਾਇਦਾਦਾਂ ਦੀ ਦੇਖ ਭਾਲ ਕਰ ਰਿਹਾ ਹੈ।
ਅਦਾਲਤ ਨੇ ਰਾਜ ਕੁਮਾਰੀ ਅੰਮ੍ਰਿਤਪਾਲ ਕੌਰ ਦੇ ਦੋਸ਼ਾਂ ਨੂੰ ਸਹੀ ਮੰਨਦਿਆਂ ਇਸੇ ਸਾਲ 25 ਜੁਲਾਈ ਨੂੰ ਫ਼ਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ ਕਾਨੂੰਨੀ ਐਲਾਨਦਿਆਂ ਵਸੀਅਤ ਤੇ ਟਰੱਸਟ ਨੂੰ ਰੱਦ ਕਰ ਦਿੱਤਾ ਸੀ। ਟਰੱਸਟ ਦੇ ਸੀæਈæਓ, ਐਲ਼ਐਮ ਗੁਪਤਾ ਤੇ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਮਹਿਤਾਬ ਨੇ ਦਾਅਵਾ ਕੀਤਾ ਹੈ ਕਿ ਵਸੀਅਤ ਤੇ ਟਰੱਸਟ ਮਹਾਰਾਜਾ ਦੀ ਇੱਛਾ ਤੇ ਲਿਖਤ ਮੁਤਾਬਕ ਹੀ ਬਣਾਏ ਗਏ ਹਨ, ਇਸ ਲਈ ਇਨ੍ਹਾਂ ਨੂੰ ਰੱਦ ਕਰਨ ਵਾਲਾ ਫੈਸਲਾ ਕਾਨੂੰਨੀ ਤੌਰ ‘ਤੇ ਗਲਤ ਹੈ। ਇਸੇ ਕਰ ਕੇ ਉਨ੍ਹਾਂ ਹੁਣ ਅਦਾਲਤ ਦਾ ਦਰ ਖੜਕਾਇਆ ਹੈ।

Be the first to comment

Leave a Reply

Your email address will not be published.