ਤਰੇੜੇ ਸ਼ੀਸ਼ੇ ਦਾ ਕੱਚ-ਸੱਚ ਹੈ ਨਾਵਲ ‘ਵਿਗੜੀ ਹੋਈ ਕੁੜੀ’

ਡਾ ਗੁਰਬਖ਼ਸ਼ ਸਿੰਘ ਭੰਡਾਲ
ਬਖ਼ਸਿ਼ੰਦਰ ਸੰਵੇਦਨਸ਼ੀਲ ਸ਼ਾਇਰ ਹੈ। ਉਸਨੂੰ ਸਮਾਜਿਕ ਪਰਤਾਂ ਅਤੇ ਇਨ੍ਹਾਂ ਦੀਆਂ ਝੀਤਾਂ ਵਿਚੋਂ ਨਜ਼ਰ ਆਉਂਦੇ ਉਸ ਸੱਚ ਨੂੰ ਦੇਖਣ ਤੇ ਸਮਝਣ ਦੀ ਸੋਝੀ ਹੈ ਅਤੇ ਇਸਨੂੰ ਹਰਫ਼ਾਂ ਵਿਚ ਬਾਖੂਬੀ ਉਲਥਾਉਣ ਦਾ ਤਰਤੀਬੀ ਹੁਨਰ ਹੈ।

ਬਖ਼ਸਿ਼ੰਦਰ ਦਾ ਪਲੇਠਾ ਨਾਵਲ ‘ਵਿਗੜੀ ਹੋਈ ਕੁੜੀ’ ਦਰਅਸਲ ਪਰਿਵਾਰਕ, ਸਮਾਜਿਕ, ਆਰਥਿਕ, ਸਰੀਰਕ ਤੇ ਮਨੋਵਿਗਿਆਨਕ ਸਥਿਤੀਆਂ ਦਾ ਦਰਦ ਹੰਢਾਉਂਦੀ, ਖੁਦ ਦੀ ਤਲਾਸ਼ ਕਰਦੀ ਸੰਨੀ ਹੌਂਡਾ ਦੀ ਕਹਾਣੀ ਹੈ। ਇਹ ਕਈ ਪਰਤਾਂ ਰਾਹੀਂ ਉਸਦੀ ਜਿ਼ੰਦਗੀ ਦੇ ਉਜਵਲ ਤੇ ਕਾਲਖ਼ੀ ਪੱਖਾਂ ਨੂੰ ਦ੍ਰਿਸ਼ਮਾਨ ਕਰਦੀ ਹੈ। ਇਹ ਨਾਵਲ ਅਸਲੀਅਤ ਵਰਗੇ ਸੱਚ ਦਾ ਤਸ਼ਬੀਹੀ ਬਿਰਤਾਂਤ ਹੈ ਜਿਸਨੂੰ ਅਜੋਕੇ ਸਮੇਂ ਵਿਚ ਵਿਵਾਦ-ਗ੍ਰਸਤ ਸ਼ਖਸੀਅਤਾਂ ਵਿਚੋਂ ਬੜੀ ਆਸਾਨੀ ਨਾਲ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ।
ਇਸ ਨਾਵਲ ਦੀ ਬਾਖ਼ੂਬੀ ਇਹ ਹੈ ਕਿ ਪ੍ਰਵਾਸ ਦੌਰਾਨ ਜਿ਼ੰਦਗੀ ਨੂੰ ਸਥਾਪਤ ਕਰਨ ਦੀ ਜੱਦੋ-ਜਹਿਦ ਵਿਚ ਜਦ ਪੰਜਾਬੀ ਮਾਪੇ ਖੁਦ ਤੇ ਪਰਿਵਾਰ ਵਲੋਂ ਬੇਮੁਖ ਹੋ ਕੇ ਆਪਣੀ ਔਲਾਦ ਦੀ ਵੀ ਅਣਗਹਿਲੀ ਕਰਦੇ ਹਨ ਤਾਂ ਉਨ੍ਹਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਸਥਾਪਤ ਪਰਿਵਾਰਕ ਰਵਾਇਤਾਂ ਤੋਂ ਤਿਲਕ ਜਾਣਾ ਤੈਅ ਹੁੰਦਾ ਹੈ। ਇਸ ਤਿਲਕਣ ਵਿਚੋਂ ਹੀ ਇਸ ਨਾਵਲ ਦੀ ਨਾਇਕਾ ਸੰਨੀ ਹੌਂਡਾ ਆਪਣੇ ਹਿੱਸੇ ਦੀ ਜਿੰ਼ਦਗੀ ਨੂੰ ਤਲਾਸ਼ਦੀ ਹੋਈ ਅੱਲ੍ਹੜ ਉਮਰੇ ਹੀ ਹਵਸ ਦੇ ਵਹਿਣ ਵਿਚ ਵਹਿ ਜਾਂਦੀ ਹੈ। ਉਹ ਸਰੀਰ ਦੀ ਕਾਮ ਭੁੱਖ ਵੱਲ ਜਿ਼ਆਦਾ ਰੁਚਿਤ ਹੋਣ ਦੇ ਬਾਵਜੂਦ ਆਪਣੇ ਕੈਰੀਅਰ ਬਾਰੇ ਫਿ਼ਕਰਮੰਦ ਰਹਿੰਦੀ ਹੈ। ਉਹ ਤਿੜਕ ਰਹੇ ਅਤੇ ਗਰੀਬੀ ਨਾਲ ਜੂਝਦੇ ਪਰਿਵਾਰ ਲਈ ਛੋਟੀਆਂ-ਮੋਟੀਆਂ ਨੌਕਰੀਆਂ ਵੀ ਕਰਦੀ ਹੈ ਪਰ ਉਹ ਖੁਦ ਨੂੰ ਅਜਿਹੀ ਸਥਿਤੀ ਵਿਚ ਸਥਾਪਤ ਕਰਨਾ ਚਾਹੁੰਦੀ ਹੈ ਜਿੱਥੇ ਜੀਵਨੀ ਸੁਖ-ਸੁਵਿਧਾਵਾਂ ਦੀ ਪੂਰਤੀ ਦੇ ਨਾਲ ਉਸਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਵੀ ਮਿਲੇ ਜਿਨ੍ਹਾਂ ਨੂੰ ਉਹ ਆਪਣੇ ਮਨ ਵਿਚ ਸਮਾਈ ਬੈਠੀ ਹੈ।
ਸੰਨੀ ਹੌਂਡਾ, ਪੀਜ਼ਾ `ਤੇ ਕੰਮ ਕਰਦੀ ਹੈ, ਟੈਕਸ ਫਰਮ ਵਿਚ ਕੰਮ ਕਰਦਿਆਂ ਆਪਣੇ ਮਨਪਸੰਦ ਕਿੱਤੇ ਅਪਨਾਉਣ ਲਈ ਨਰਸਿੰਗ ਦਾ ਕੋਰਸ ਵੀ ਕਰਦੀ ਹੈ। ਉਸਨੂੰ ਮਾਡਲਿੰਗ ਦਾ ਸ਼ੌਕ ਹੈ। ਜਦ ਸੰਨੀ ਦੇ ਇਸ ਸ਼ੌਕ ਬਾਰੇ ਹੀ ਬਲੂ ਫਿਲਮਾਂ ਵਾਲਿਆਂ ਨੂੰ ਸੂਹ ਮਿਲਦੀ ਹੈ ਤਾਂ ਸੰਨੀ ਨੂੰ ਹੌਲੀ ਹੌਲੀ ਇਸ ਇੰਡਸਟਰੀ ਦਾ ਹਿੱਸਾ ਬਣਾ ਲੈਂਦੇ ਹਨ। ਉਹ ਆਪਣੇ ਆਪ ਨੂੰ ਕੁਆਰੀ ਰੱਖਣ ਲਈ ਹਰ ਕੋਸਿ਼ਸ ਕਰਦੀ ਹੈ ਪਰ ਫਿ਼ਲਮ ਇੰਡਸਟਰੀ ਦੇ ਚਲਾਕ ਪੋ੍ਰਡਿਊਸਰ ਉਸ ਦੀਆਂ ਇਨ੍ਹਾਂ ਕੋਸਿ਼ਸ਼ਾਂ ਨੂੰ ਨਾਕਾਮ ਕਰ ਦਿੰਦੇ ਨੇ ਅਤੇ ਉਹ ਖੁੱਲ੍ਹੇ ਰੂਪ ਵਿਚ ਨੰਗੀਆਂ ਫਿਲਮਾਂ ਨੂੰ ਅਪਣਾ ਕੇ ਉਚਾ ਮੁਕਾਮ ਸਿਰਜ ਲੈਂਦੀ ਹੈ। ਸਿੱਖ ਪਰਿਵਾਰ ਵਿਚ ਪੈਦਾ ਹੋਣ ਦੇ ਬਾਵਜੂਦ ਉਸਦੇ ਮਨ ਵਿਚ ਇਕ ਕਸਕ ਜ਼ਰੂਰ ਰਹਿੰਦੀ ਹੈ ਕਿ ਉਹ ਕਿਹੜੇ ਰਾਹੀਂ ਤੁਰ ਪਈ ਹੈ? ਪਰ ਉਹ ਇਸਨੂੰ ਰੱਬ ਦੀ ਮਰਜ਼ੀ ਸਮਝ ਕੇ ਮਨ ਨੂੰ ਸਮਝਾਉਂਦੀ ਹੈ। ਉਹ ਇਕ ਕਮਾਊ ਪੁੱਤ ਬਣ ਕੇ ਕਾਮ `ਚ ਗ੍ਰਸੇ ਭਰਾ ਲਈ ਧੰਨ ਦਾ ਸਰੋਤ ਬਣਦੀ ਹੈ। ਆਪਣੀ ਸ਼ਰਾਬਣ ਮਾਂ ਅਤੇ ਵਿਹਲੜ ਬਾਪ ਲਈ ਅਮੀਰਾਂ ਵਾਲੀਆਂ ਸਹੂਲਤਾਂ ਨੂੰ ਮਾਨਣ ਦਾ ਸਬੱਬ ਬਣ ਚੁੱਕੀ ਹੈ। ਮਾਪੇ ਨਿਕੰਮੇ ਹੋਣ ਕਾਰਨ ਆਪਣੀ ਧੀ ਨੂੰ ਹੋੜ ਵੀ ਨਹੀਂ ਸਕਦੇ ਅਤੇ ਨਾ ਹੀ ਵਰਜ ਸਕਦੇ ਹਨ। ਮਾਪਿਆਂ ਵਲੋਂ ਉਸਦੇ ਕਿੱਤੇ ਬਾਰੇ ਪੁੱਛਣ `ਤੇ ਸੰਨੀ ਹੌਂਡਾ ਮਾਪਿਆਂ ਨੂੰ ਅਜਿਹੇ ਪ੍ਰਸ਼ਨ ਕਰਦੀ ਹੈ ਕਿ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।
ਸੰਨੀ ਹੌਂਡਾ ਆਪਣੇ ਮਨ ਵਿਚ ਇਨ੍ਹਾਂ ਹਾਲਤਾਂ ਵਿਚੋਂ ਬਾਹਰ ਨਿਕਲਣ ਅਤੇ ਪਰਿਵਾਰਕ ਜਿ਼ੰਦਗੀ ਨੂੰ ਮਾਨਣ ਅਤੇ ਸਨਮਾਨ ਯੋਗ ਜੀਵਨ ਜਿਊਣ ਲਈ ਅਦਿੱਖ ਰੂਪ ਵਿਚ ਕੁਝ ਨਾ ਕੁਝ ਅਜਿਹਾ ਸੋਚਦੀ ਅਤੇ ਕਰਦੀ ਰਹਿੰਦੀ ਹੈ। ਆਖਰ ਨੂੰ ਉਹ ਆਪਣੀ ਚਮਕ-ਦਮਕ ਵਾਲੀ ਜਿ਼ੰਦਗੀ ਨੂੰ ਪਿਛਾਂਹ ਛੱਡ ਬੰਬਈ ਦੀ ਫਿਲਮ ਨਗਰੀ ਵਿਚ ਆਪਣੀ ਜਿ਼ੰਦਗੀ ਨੂੰ ਤਲਾਸ਼ਣ ਆਉਂਦੀ ਹੈ। ਬੰਬਈ ਵਿਚ ਆਉਣ `ਤੇ ਉਸਦੀ ਪ੍ਰਸਿੱਧੀ ਤੇ ਬਦਨਾਮੀ ਦੋਵੇਂ ਹੀ ਨਾਲ ਆਉਂਦੀਆਂ ਹਨ ਅਤੇ ਉਹ ਇਨ੍ਹਾਂ ਵਿਚੋਂ ਉਭਰਨ ਲਈ ਹੌਲੀ ਹੌਲੀ ਚੰਗਾ ਮੁਕਾਮ ਸਿਰਜਣ ਵਿਚ ਕਾਮਯਾਬ ਹੋ ਜਾਂਦੀ ਹੈ।
ਇਸ ਨਾਵਲ ਦਾ ਸਾਰਅੰਸ਼ ਇਹ ਹੈ ਕਿ ਕੋਈ ਵੀ ਵਿਅਕਤੀ ਮਾੜਾ ਨਹੀਂ ਹੁੰਦਾ। ਇਹ ਹਾਲਾਤ ਦਾ ਤਕਾਜ਼ਾ ਹੀ ਹੁੰਦਾ ਹੈ ਕਿ ਉਹ ਅਜੇਹੇ ਹਾਲਾਤ ਦੀ ਜਕੜ ਵਿਚ ਆ ਜਾਂਦਾ ਹੈ। ਪਰ ਆਪਣੀ ਹਿੰਮਤ, ਦਲੇਰੀ ਅਤੇ ਸ਼ੁਭ-ਚੇਤਨਾ ਨਾਲ ਹਾਲਾਤ ਵਿਚੋਂ ਨਿਕਲ ਕੇ ਆਪਣੀ ਜਿ਼ੰਦਗੀ ਨੂੰ ਨਵਾਂ ਨਾਮ ਦੇ ਸਕਦਾ ਹੈ। ਚਿੱਕੜ ਵਿਚ ਖਿੜੇ ਹੋਏ ਕਮਲ ਵਰਗੀ ਹੈ ਉਸ ਕੁੜੀ ਦੀ ਕਹਾਣੀ ਜਿਸਨੂੰ ਸਮਾਜ ਮਾੜੀ ਨਜ਼ਰ ਰਾਹੀਂ ਹੀ ਪਛਾਣਦਾ ਸੀ ਪਰ ਉਸ ਦੀਆਂ ਸਥਿਤੀਆਂ ਨੂੰ ਅੱਖੋਂ ਪਰੋਖੇ ਕਰਦਾ ਹੈ। ਬਖ਼ਸਿ਼ੰਦਰ ਵਧਾਈ ਦਾ ਪਾਤਰ ਹੈ ਕਿ ਉਸਨੇ ਸੰਨੀ ਹੌਂਡਾ ਦਾ ਉਹ ਰੂਪ ਪਾਠਕਾਂ ਸਾਹਮਣੇ ਲਿਆਂਦਾ ਹੈ ਜਿਸ ਨੂੰ ਦੁਨੀਆ ਦੀਆਂ ਅੱਖਾਂ ਦੇਖਣ ਤੇ ਸਮਝਣ ਤੋਂ ਨਾਬਰ ਤੇ ਨਾਕਾਮ ਸਨ।
ਇਸ ਨਾਵਲ ਦੀ ਨਾਇਕਾ ਸੰਨੀ ਹੌਂਡਾ ਦੀ ਇੰਟਰਵਿਊ ਲੈਂਦਿਆਂ ਟੀਵੀ ਐਂਕਰ ਵਿੰਗੇ ਟੇਢੇ ਪ੍ਰਸ਼ਨਾਂ ਰਾਹੀਂ ਉਸਦੀ ਬੀਤੀ ਜਿ਼ੰਦਗੀ ਵਿਚੋਂ ਕਾਮੀ ਲੱਜ਼ਤ ਭਾਲਣ ਦੀ ਕੋਸਿ਼ਸ਼ ਕਰਦਾ ਹੈ। ਉਸਦੇ ਜਵਾਬ ਅਤੇ ਇਨ੍ਹਾਂ ਜਵਾਬਾਂ ਦੀ ਤਹਿ ਵਿਚ ਸਚਿਆਈ ਅਤੇ ਇਤਿਹਾਸਕ ਪਰਿਪੇਖ ਵਿਚੋਂ ਉਸਦੀ ਸਮਝ, ਸੋਚ ਅਤੇ ਉਸਦੀ ਰੂਹ ਵਿਚ ਬੈਠੀ ਪਾਕ ਸ਼ਖ਼ਸੀਅਤ ਦੇ ਦਰਸ਼ਕਾਂ ਨੂੰ ਦੀਦਾਰੇ ਹੁੰਦੇ ਨੇ। ਇਨ੍ਹਾਂ ਜਵਾਬਾਂ ਨਾਲ ਐਂਕਰ ਦੀਆਂ ਨੀਵੀਆਂ ਨਜ਼ਰਾਂ, ਬੋਲਾਂ ਵਿਚ ਉਤਰੀ ਨਮੋਸ਼ੀ ਅਤੇ ਮਸਖ਼ਰਾਪਣ ਦਰਸ਼ਕਾਂ ਸਾਹਵੇਂ ਜ਼ਾਹਰ ਹੁੰਦਾ ਹੈ। ਇਹ ਇੰਟਰਵਿਊ ਐਂਕਰ ਦੀਆਂ ਗੁਣਤਰੀ ਚਾਲਾਂ ਸਾਹਵੇਂ ਸੂਰਜ ਵਰਗਾ ਸੰਨੀ ਦਾ ਸੱਚ ਹੈ ਜਿਸ ਸਾਹਵੇਂ ਖਾਮੋਸ਼ ਹੋ ਜਾਂਦੇ ਨੇ ਸੰਨੀ ਦੀ ਜ਼ਮੀਰ `ਤੇ ਊਝਾਂ ਲਾਉਣ ਵਾਲੇ ਅਤੇ ਨਾਇਕਾ ਸਮਾਜ ਵਿਚ ਸਤਿਕਾਰਯੋਗ ਸ਼ਖ਼ਸੀਅਤ ਦਾ ਰੁਤਬਾ ਪ੍ਰਾਪਤ ਕਰਦੀ ਹੈ।
ਇਸ ਨਾਵਲ ਦੀ ਖ਼ੂਬੀ ਇਹ ਵੀ ਹੈ ਕਿ ਬਖਸਿ਼ੰਦਰ ਨੇ ਸੰਨੀ ਦੇ ਕਿਰਦਾਰ ਤੇ ਕਿੱਤੇ ਨੂੰ ਚਿੱਤਰਦਿਆਂ ਵੀ ਇਸਨੂੰ ਕਾਮੀ ਰੂਪ ਦੇਣ ਅਤੇ ਇਸ ਵਿਚੋਂ ਪਾਠਕਾਂ ਲਈ ਕਾਮ-ਸਮੱਗਰੀ ਵਾਲੇ ਦ੍ਰਿਸ਼ਟੀਕੋਣ ਤੋਂ ਨਹੀਂ ਲਿਖਿਆ। ਸਗੋਂ ਬਹੁਤ ਸੰਜਮ, ਸਿਆਣਪ ਅਤੇ ਸਮਰੱਥ ਸ਼ਬਦਾਂ ਨਾਲ ਕਿਰਦਾਰ ਨੂੰ ਸਿਰਜਦਿਆਂ ਕਾਮ ਬਿਰਤਾਂਤ ਵਿਚ ਸਮਾਜਿਕ ਮਰਿਆਦਾਵਾਂ ਦੀ ਪਾਲਣਾ ਕੀਤੀ ਹੈ। ਇਸ ਲਈ ਬਖਸਿ਼ੰਦਰ ਵਧਾਈ ਦਾ ਪਾਤਰ ਹੈ ਵਰਨਾ ਕਈ ਲੇਖਕ ਤਾਂ ਅਜਿਹੀ ਲਿਖ਼ਤ ਵਿਚੋਂ ਖੁਦ ਹੀ ਜਿਸਮੀ ਲਜ਼ੀਜ਼ਤਾ ਨੂੰ ਮਾਨਣ ਲੱਗ ਪੈਂਦੇ ਹਨ।
ਇਸ ਨਾਵਲ ਨੂੰ ਲਿਖ ਕੇ ਬਖਸਿ਼ੰਦਰ ਨੇ ਸਮੇਂ ਦੇ ਸਥਾਪਤ ਫਰੇਮ ਦੇ ਉਲਟ ਅਤੇ ਸਮਾਜ ਵਿਚ ਉਸਰੇ ਬਿਰਤਾਂਤ ਨੂੰ ਵੱਖਰੀ ਅੱਖ ਰਾਹੀਂ ਵੱਖਰੇ ਕੋਣ ਤੋਂ ਦੇਖਿਆ ਹੈ। ਇਸਨੂੰ ਸੁਚੱਜੇ ਸ਼ਬਦਾਂ ਦਾ ਲਿਬਾਸ ਪਾ ਕੇ, ‘ਵਿਗੜੀ ਹੋਈ ਕੁੜੀ’ ਨੂੰ ਸਿਆਣੀ, ਸਮਝਦਾਰ ਅਤੇ ਸੰਤੁਲਤ ਔਰਤ ਦੇ ਰੂਪ ਵਿਚ ਦਿਖਾਇਆ ਹੈ।
ਬਖਸਿ਼ੰਦਰ ਨੂੰ ਅਜਿਹੀ ਜੁਗਤ ਨਾਲ ਨਾਵਲੀ ਕਿਰਤ ਲਿਖਣ ਲਈ ਢੇਰ ਸਾਰੀਆਂ ਮੁਬਾਰਕਾਂ।