ਦੇਵਤੇ

ਸੁਰਿੰਦਰ ਗੀਤ
ਸੁਰਿੰਦਰ ਗੀਤ ਦੀ ਕਹਾਣੀ ‘ਦੇਵਤੇ’ ਸਮਾਜ ਦੇ ਚੰਗੇ ਅਤੇ ਮਾੜੇ, ਦੋਵੇਂ ਪੱਖ ਬਾਖੂਬੀ ਉਜਾਗਰ ਕਰਦੀ ਹੈ। ਸਮਾਜਕ ਆਰਥਕ ਗਿਣਤੀਆਂ-ਮਿਣਤੀਆਂ ਮਨੁੱਖ ਨੂੰ ਅਕਸਰ ਲੀਹ ਤੋਂ ਲਾਹ ਦਿੰਦੀਆਂ ਹਨ ਪਰ ਇਸੇ ਸਮਾਜ ਅੰਦਰ, ਵੱਡੇ ਦਿਲ-ਗੁਰਦੇ ਵਾਲੇ ਬਥੇਰੇ ਜਿਊੜੇ ਵੀ ਵੱਸਦੇ ਹਨ ਜਿਹੜੇ ਡਿੱਗੇ ਮਨੁੱਖ ਨੂੰ ਬਾਂਹ ਤੋਂ ਫੜ ਕੇ ਉਠਣ ਦਾ ਸਬਬ ਬਣਦੇ ਹਨ।

ਮੈਂ ਸਿਟੀ ਹਾਲ ’ਚ ਟਰਾਂਸਪੋਰਟ ਪਲੈਨਿੰਗ ‘ਚ ਕੰਮ ਕਰਦੀ ਸਾਂ। ਇਕ ਦਿਨ ਮੈਂ ਕੈਫੇਟੇਰੀਏ ਵਿਚ ਕਾਫ਼ੀ ਦਾ ਕੱਪ ਲੈਣ ਗਈ। ਮੈਂ ਦੇਖਿਆ, ਕੈਸ਼ ਮਸ਼ੀਨ ‘ਤੇ ਇਕ 50 ਕੁ ਸਾਲ ਦੀ ਪੰਜਾਬੀ ਔਰਤ ਬੜੇ ਸੁਚੱਜੇ ਢੰਗ ਨਾਲ ਗਾਹਕ ਨਿਪਟਾ ਰਹੀ ਸੀ। ਸਭ ਨੂੰ ਗੁਡ ਮਾਰਨਿੰਗ ਕਹਿ ਕੇ ਪੈਸੇ ਫੜਨੇ ਤੇ ਬੜੇ ਅਦਬ ਨਾਲ ਸਾਮਾਨ ਕਾਗਜ਼ ਦੇ ਲਿਫਾਫੇ ’ਚ ਪਾ ਗਾਹਕ ਨੂੰ ਫੜਾਉਣ ਲੱਗਿਆਂ ‘ਹੈਵ ਏ ਨਾਈਸ ਡੇਅ’ ਕਹਿਣਾ ਸਿੱਧ ਕਰਦਾ ਸੀ ਕਿ ਉਹ ਆਪਣੇ ਕੰਮ ਵਿਚ ਮੁਹਾਰਤ ਰੱਖਦੀ ਹੈ। ਉਮਰ ਦੇ ਪੰਜਾਵਿਆਂ ਵਿਚ ਵੀ ਉਹ ਬਹੁਤ ਸੋਹਣੀ ਲੱਗ ਰਹੀ ਸੀ। ਜਵਾਨੀ ਵਿਚ ਤਾਂ ਕਾਫ਼ੀ ਸੁਨੱਖੀ ਰਹੀ ਹੋਵੇਗੀ। ਮੈਂ ਮਨ ਹੀ ਮਨ ਸੋਚਿਆ।
ਮੇਰੀ ਵਾਰੀ ਆਉਣ ‘ਤੇ ਉਸ ਮੈਨੂੰ ‘ਸਤਿ ਸ੍ਰੀ ਅਕਾਲ ਬੁਲਾਈ’ ਤੇ ਮੈਂ ਪੁੱਛ ਲਿਆ ਕਿ ਕੀ ਉਹ ਅੱਜ ਪਹਿਲੇ ਦਿਨ ਕੰਮ ‘ਤੇ ਆਈ ਹੈ।
ਉਹ ਕਾਹਲੀ ਨਾਲ ਪੈਸੇ ਫੜਾਉਂਦਿਆਂ ਬੋਲੀ, ‘ਨਹੀਂ ਕੁਝ ਦਿਨਾਂ ਤੋਂ ਆ ਰਹੀ ਹਾਂ।’
ਗਾਹਕਾਂ ਦੀ ਲੰਬੀ ਕਤਾਰ ਦੇਖ ਕੇ ਮੈਂ ਬਹੁਤੀ ਗੱਲ ਕਰਨੀ ਠੀਕ ਨਾ ਸਮਝੀ। ਪਰ ਉਸਦੀ ਕਮੀਜ਼ `ਤੇ ਟੰਗੀ ਨੇਮ ਪਲੇਟ ਤੋਂ ਉਸਦਾ ਨਾਮ ਪੜ੍ਹ ਲਿਆ-ਪ੍ਰੀਤ ਬਰਾੜ।
ਉਸ ਤੋਂ ਬਾਅਦ ਉਸਦਾ ਮਿਲਣਾ ਆਮ ਹੋ ਗਿਆ। ਉਹ ਦੂਰੋਂ ਦੇਖ ਮੈਨੂੰ ਹੈਲੋ ਆਖਦੀ ਤੇ ਮੈਂ ਵੀ ਉਸ ਨਾਲ ਨੇੜਤਾ ਦਿਖਾਉਣ ਲੱਗ ਪਈ। ਮੇਰੇ ਤੇ ਉਸਦੇ ਕੰਮ ਦਾ ਟਾਈਮ ਨਹੀਂ ਸੀ ਮਿਲਦਾ, ਇਸ ਕਾਰਨ ਹੈਲੋ ਦਾ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ।
ਸਮਾਂ ਬੀਤਦਾ ਗਿਆ। ਦਿਨ, ਮਹੀਨੇ ਤੇ ਫਿਰ ਦੋ ਸਾਲ। ਇਕ ਦਿਨ ਮੈਂ ਉਸਨੂੰ ਟਰੇਨ ਵਿਚ ਇਕ ਸੀਟ `ਤੇ ਬੈਠਿਆਂ ਦੇਖ ਹੈਰਾਨ ਹੋ ਗਈ। ਸਬੱਬ ਨਾਲ ਉਸਦੇ ਨਾਲ ਦੀ ਸੀਟ ਖ਼ਾਲੀ ਸੀ। ਉਸਨੂੰ ਦੇਖ ਮੈਨੂੰ ਚਾਅ ਜਿਹਾ ਚੜ੍ਹ ਗਿਆ।
ਮੈਂ ਉਸਦੇ ਨਾਲ ਦੀ ਖਾਲੀ ਪਈ ਸੀਟ `ਤੇ ਬੈਠ ਗਈ। ਉਸਨੇ ਆਪਣੇ ਪਰਸ `ਚੋਂ ਨੋਟਬੁੱਕ ਕੱਢੀ ਤੇ ਮੇਰਾ ਫ਼ੋਨ ਨੰਬਰ ਮੰਗਣ ਲੱਗੀ।
ਮੈਂ ਆਪਣੇ ਦਫਤਰ ਦਾ ਆਪਣੀ ਪਰਸਨਲ ਲਾਈਨ ਦਾ ਨੰਬਰ ਦੇ ਦਿੱਤਾ ਪਰ ਉਸਨੇ ਘਰ ਦਾ ਫੋਨ ਵੀ ਮੰਗ ਲਿਆ। ਮੈਂ ਬਿਨਾਂ ਕਿਸੇ ਝਿਜਕ ਦੇ ਦੋਨੋਂ ਫੋਨ ਉਸ ਨੂੰ ਲਿਖਵਾ ਦਿੱਤੇ।
ਨੋਟਬੁੱਕ ਪਰਸ ਵਿਚ ਪਾਉਦਿਆਂ ਉਸਨੇ ਪੁੱਛਿਆ, ਕੀ ਗਿੱਲ ਗੋਤ ਤੁਹਾਡੇ ਸਹੁਰਿਆਂ ਦਾ ਹੈ। ਮੈਨੂੰ ਇਸ ਸਵਾਲ `ਤੇ ਕੋਈ ਹੈਰਾਨੀ ਨਾ ਹੋਈ। ਪੰਜਾਬੀ ਔਰਤਾਂ ਕਿਸੇ ਨੂੰ ਮਿਲਣ ਸਮੇਂ ਪੇਕਿਆਂ-ਸਹੁਰਿਆਂ ਦੇ ਪਿੰਡ ਤੇ ਗੋਤ ਬਾਰੇ ਜ਼ਰੂਰ ਗੱਲ ਕਰਦੀਆਂ ਹਨ।
‘ਹਾਂ, ਗਿੱਲ ਮੇਰੇ ਸਹੁਰਿਆਂ ਦਾ ਗੋਤ ਹੈ ਤੇ ਮੇਰੇ ਪੇਕੇ ਧਾਲੀਵਾਲ ਹਨ।’
ਮੇਰੇ ਮੂੰਹੋਂ ‘ਧਾਲੀਵਾਲ’ ਸੁਣ ਉਸ ਦੀਆਂ ਅੱਖਾਂ ਚਮਕ ਉਠੀਆਂ।
‘ਲੈ ਫਿਰ ਤਾਂ ਆਪਾਂ ਭੈਣਾਂ-ਭੈਣਾਂ ਹੋਈਆਂ, ਕਹਿ ਕੇ ਉਸਨੇ ਮੇਰਾ ਹੱਥ ਆਪਣੇ ਹੱਥ ਵਿਚ ਘੁੱਟ ਲਿਆ। ਮੈਨੂੰ ਵੀ ਉਹ ਡਾਢੀ ਪਿਆਰੀ ਲੱਗੀ।
ਉਸ ਦੱਸਿਆ ਕਿ ਉਸਨੇ ਨਵਾਂ ਘਰ ਲੈ ਲਿਆ ਹੈ ਅਤੇ ਕੰਮ `ਤੇ ਟਰੇਨ `ਤੇ ਹੀ ਆਇਆ ਕਰੇਗੀ।
ਉਹ ਮੈਨੂੰ ਕੁਝ ਉਦਾਸ ਜਾਪੀ। ਪਹਿਲੀ ਵਾਰ ਟਰੇਨ ‘ਚ ਏਨਾ ਕੋਲ ਹੋ ਕੇ ਮਿਲੀ ਸੀ। ਉਦਾਸੀ ਦਾ ਕਾਰਨ ਪੁੱਛਣਾ ਮੁਨਾਸਿਬ ਨਾ ਸਮਝਿਆ। ਮੈਂ ਏਨਾ ਹੀ ਕਹਿ ਸਕੀ, ‘ਘਰ ਪਰਿਵਾਰ ਸਭ ਠੀਕ ਹੈ?’
ਉਸਨੇ ਮਾਮੂਲੀ ਜਿਹੀ ‘ਹਾਂ’ ਵਿਚ ਸਿਰ ਹਿਲਾਇਆ।
ਮੈਂ ਸਮਝ ਗਈ ਕਿ ਸਭ ਠੀਕ ਨਹੀਂ ਹੈ।
ਪਰ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ। ਟਰੇਨ ਦੀ ਤੇਜ਼ ਰਫ਼ਤਾਰ ਨੇ ਛੇ ਸੱਤ ਮਿੰਟਾਂ ਵਿਚ ਹੀ ਸਿਟੀ ਹਾਲ ਦੇ ਸਟੇਸ਼ਨ ‘ਤੇ ਲਾ ਦਿੱਤਾ। ਅਸੀਂ ਦੋਨੋਂ ਕਾਹਲੇ ਕਦਮੀਂ ਸਿਟੀ ਹਾਲ ਪੁੱਜ ਗਈਆਂ। ਉਹ ਕੈਫੇਟੇਰੀਏ ਵਿਚ ਚਲੀ ਗਈ ਤੇ ਮੈਂ ਆਪਣੇ ਦਫਤਰ।
ਹੁਣ ਉਹ ਮੈਨੂੰ ਕਦੇ ਕਦੇ ਟਰੇਨ ਵਿਚ ਮਿਲ ਜਾਂਦੀ ਸੀ। ਅਕਸਰ ਹੀ ਉਦਾਸ ਰਹਿੰਦੀ। ਕਦੇ ਫਾਲਤੂ ਗੱਲ ਨਾ ਕਰਦੀ। ਕਰਦੀ ਵੀ ਕਿਵੇਂ, ਸਮਾਂ ਹੀ ਨਹੀਂ ਸੀ ਮਿਲਿਆ ਕਦੇ। ਟਰੇਨ ‘ਚ ਮਿਲਣਾ ਤੇ ਗੱਲ ਇਕ ਦੂਸਰੇ ਨੂੰ ਹੈਲੋ ਕਹਿਣ ਤੱਕ ਹੀ ਸੀਮਤ ਰਹਿੰਦੀ। ਸਾਰੀ ਟਰੇਨ ਭਰੀ ਹੋਈ ਹੁੰਦੀ। ਬਹੁਤ ਲੋਕ ਡੰਡਿਆਂ ਨੂੰ ਹੱਥ ਪਾਈ ਖੜ੍ਹੇ ਹੁੰਦੇ। ਟਰੇਨ ਤੋਂ ਉਤਰ ਕੇ ਲੇਟ ਹੋਣ ਦੇ ਡਰੋਂ ਭੱਜ ਪੈਣਾ। ਉਸਨੂੰ ਮੇਰੇ ਤੋਂ ਜਿ਼ਆਦਾ ਕਾਹਲ ਹੁੰਦੀ।
ਸਮਾਂ ਬੀਤਦਾ ਗਿਆ। ਦਿਨ ਮਹੀਨੇ ਤੇ ਫਿਰ ਪੂਰਾ ਸਾਲ ਲੰਘ ਗਿਆ।
ਇਕ ਦਿਨ ਮੇਰੇ ਡੈਸਕ ਵਾਲੇ ਫੋਨ ਦੀ ਘੰਟੀ ਖੜਕੀ। ਫ਼ੋਨ ਦੀ ਕਾਲਰ ਆਈ ਡੀ ਤੋਂ ‘ਕੈਫੇਟੇਰੀਆ’ ਪੜ੍ਹ ਲਿਆ। ਪ੍ਰੀਤ ਹੀ ਹੋਣੀ ਹੈ, ਹੋਰ ਕੀਹਨੇ ਫੋਨ ਕਰਨਾ ਹੈ ਓਥੋਂ।
ਮੈਂ ਹੌਲੀ ਜਿਹੀ ਹੈਲੋ ਕਿਹਾ।
‘ਭੈਣੇ! ਮਨ ਉਦਾਸ ਸੀ। ਬਰੇਕ `ਤੇ ਸੀ, ਸੋਚਿਆ ਤੁਹਾਡੇ ਨਾਲ ਗੱਲ ਕਰ ਲਵਾਂ।’
ਮੈਂ ਸਮਝ ਗਈ ਕਿ ਗੱਲ ਮਿੰਟ ਜਾਂ ਦੋ ਮਿੰਟ ਦੀ ਨਹੀਂ ਹੋਣੀ। ਇਸ ਲਈ ਦਫ਼ਤਰ ਦੇ ਸਮੇਂ ਠੀਕ ਨਹੀਂ ਹੋਵੇਗਾ। ਮੈਂ ਪਿਆਰ ਤੇ ਅਪਣੱਤ ਜਤਾਉਂਦੇ ਹੋਏ ਕਿਹਾ, ‘ਪ੍ਰੀਤ, ਇਸ ਵੇਲੇ ਦਫ਼ਤਰ ‘ਚ ਕੰਮ ਬਹੁਤ ਹੈ। ਆਪਾਂ ਬਾਅਦ ਵਿਚ ਗੱਲ ਕਰਾਂਗੇ। ਜੇ ਠੀਕ ਸਮਝੋ ਤਾਂ ਮੈਂ ਸ਼ਾਮ ਨੂੰ ਘਰ ਜਾ ਕੇ ਫੋਨ ਕਰਾਂ।’
‘ਤੁਹਾਡਾ ਲੰਚ ਟਾਈਮ ਕਦੋਂ ਹੁੰਦਾ ਹੈ?’ ਉਸਨੇ ਪੁੱਛਿਆ।
ਮੈਂ ਸਮਝ ਗਈ ਕਿ ਉਹ ਮੈਨੂੰ ਮਿਲਣਾ ਚਾਹੁੰਦੀ ਹੈ।
‘ਮੈਂ ਬਾਰ੍ਹਾਂ ਤੇ ਇਕ ਵਜੇ ਦੇ ਵਿਚਕਾਰ ਕਦੋਂ ਵੀ ਬਰੇਕ ਲੈ ਸਕਦੀ ਹਾਂ। ਇਕ ਘੰਟਾ ਵਿਹਲ ਹੁੰਦੀ ਹੈ। ਤੁਹਾਡੇ ਹਿਸਾਬ ਨਾਲ ਮੈਂ ਥੱਲੇ ਕੈਫੇਟੇਰੀਏ ਮੂਹਰੇ ਆ ਜਾਵਾਂਗੀ।
ਮਿੱਥੇ ਸਮੇਂ ਅਨੁਸਾਰ ਮੈਂ ਕੈਫੇਟੇਰੀਏ ਦੇ ਬਾਹਰ ਨਿਕਲਣ ਵਾਲੇ ਦਰਵਾਜ਼ੇ ਕੋਲ ਚਲੀ ਗਈ। ਉਹ ਬਹੁਤ ਉਦਾਸ ਸੀ। ਅੱਖਾਂ ਦੀ ਲਾਲੀ ਦੱਸ ਰਹੀ ਸੀ ਕਿ ਉਹ ਹੁਣੇ ਹੁਣੇ ਰੋ ਕੇ ਹਟੀ ਹੈ। ਮੈਨੂੰ ਦੇਖ ਕੇ ਉਸ ਦੀਆਂ ਅੱਖਾਂ ਦੋਬਾਰਾ ਭਰ ਆਈਆਂ। ਬਿਨਾਂ ਇਕ ਦੂਸਰੇ ਨਾਲ ਗੱਲ ਕੀਤਿਆਂ ਨਾਲ ਲੱਗਦੇ ਪਾਰਕ ਵਿਚ ਬੈਠ ਗਈਆਂ।
‘ਅੱਜ ਬਹੁਤ ਸੋਹਣਾ ਦਿਨ ਹੈ। ਧੁੱਪ ਵੀ ਬਹੁਤ ਪਿਆਰੀ ਹੈ’, ਮੈਂ ਚੁੱਪ ਤੋੜਨ ਲਈ ਕਿਹਾ।
ਉਸਨੇ ਮੇਰੀ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ। ਮੈਨੂੰ ਜਾਪਿਆ ਜਿਵੇਂ ਉਸਨੇ ਮੇਰੀ ਗੱਲ ਸੁਣੀ ਹੀ ਨਹੀਂ। ਮੈਂ ਕੋਸ਼ਿਸ਼ ਕਰ ਰਹੀ ਸਾਂ ਕਿ ਕਿਵੇਂ ਨਾ ਕਿਵੇਂ ਉਹ ਆਪਣੇ ਦਿਲ ਦੀ ਭੜਾਸ ਕੱਢੇ, ਜਿਸ ਕਾਰਨ ਉਹ ਮਿਲਣਾ ਚਾਹੁੰਦੀ ਸੀ।
ਦੋ ਕੁ ਮਿੰਟ ਦੀ ਚੁੱਪ ਤੋਂ ਬਾਅਦ ਮੈਂ ਕਿਹਾ, ‘ਪ੍ਰੀਤ, ਤੇਰੀਆਂ ਅੱਖਾਂ ਲਾਲ ਕਿਉਂ ਹਨ ਤੇ ਨਾਲੇ ਤੂੰ ਉਦਾਸ ਲੱਗਦੀ ਹੈਂ।’
ਉਸ ਦੀਆਂ ਅੱਖਾਂ ਫਿਰ ਭਰ ਆਈਆਂ। ਆਪਣੇ ਪਰਸ `ਚੋਂ ਪੇਪਰ ਨੈਪਕਿਨ ਕੱਢ ਉਹ ਅੱਖਾਂ ਪੂੰਝਣ ਲੱਗੀ।
ਮੈਂ ਹੌਲੀ ਹੌਲੀ ਉਸਦੀ ਬਾਂਹ ਪਲੋਸ ਰਹੀ ਸਾਂ ਤੇ ਉਹ ਰੋ ਰਹੀ ਸੀ।
ਦੋ ਕੁ ਮਿੰਟ ਰੋ ਕੇ ਉਸ ਨੇ ਕੁਝ ਕਹਿਣ ਦਾ ਹੌਸਲਾ ਕੀਤਾ। ‘ਭੈਣ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ।’
ਉਸਦੀ ਗੱਲ ਸੁਣ ਕੇ ਮੈਂ ਕਿਹਾ, ‘ਹਾਂ ਪ੍ਰੀਤ, ਇਹ ਤਾਂ ਹੈ।’
‘ਭੈਣੇ ਮੇਰੀ ਤਾਂ ਲੰਬੀ ਕਹਾਣੀ ਹੈ। ਮਨ ਬਾਹਲਾ ਹੀ ਭਰਿਆ ਪਿਆ ਸੀ। ਅੱਜ ਖਿਆਲ ਆਇਆ ਕਿ ਭੈਣ ਨਾਲ ਦੁੱਖ ਸਾਂਝਾ ਕਰਦੀ ਹਾਂ। ਇਸ ਸ਼ਹਿਰ ਵਿਚ ਤੁਸੀਂ ਹੀ ਮੈਨੂੰ ਮੇਰੇ ਲੱਗਦੇ ਹੋ।’ ਕਹਿੰਦਿਆਂ ਉਸਨੇ ਮੇਰਾ ਹੱਥ ਫੜ ਲਿਆ।
ਮੈਂ ਘੜੀ ਦੇਖੀ। ਟਾਈਮ ਤਾਂ ਭੱਜਿਆ ਹੀ ਜਾਂਦਾ ਸੀ।
ਮੈਂ ਆਪਣੇ ਬੈਗ `ਚੋਂ ਦੋ ਸੈਂਡਵਿਚ ਕੱਢੇ। ਇਕ ਉਸਨੂੰ ਫੜਾ ਦੂਜਾ ਆਪ ਖਾਣ ਲੱਗ ਪਈ। ਉਸਨੇ ਅੱਧਾ ਕੁ ਸੈਂਡਵਿਚ ਖਾਧਾ ਤੇ ਬਾਕੀ ਦਾ ਲਪੇਟ ਕੇ ਆਪਣੇ ਪਰਸ ਵਿਚ ਇਹ ਕਹਿੰਦਿਆਂ ਪਾ ਲਿਆ ਕਿ ਠਹਿਰ ਕੇ ਖਾਵਾਂਗੀ।
‘ਭੈਣ, ਤੁਸੀਂ ਕਿੱਥੇ ਰਹਿੰਦੇ ਹੋ?’
‘ਮਾਨਟਰੇ ਪਾਰਕ’, ‘ਫਿਰ ਤਾਂ ਨੇੜੇ ਹੀ ਹੈ। ਮੈਂ ਵਾਈਟਹਾਰਨ ‘ਚ ਰਹਿੰਦੀ ਹਾਂ,’
ਉਸਨੇ ਘੜੀ ਦੇਖੀ। ਲੰਚ ਦਾ ਸਮਾਂ ਖਤਮ ਹੋ ਚੁੱਕਾ ਸੀ ਤੇ ਉਹ ਕਾਹਲੀ ਨਾਲ ਉਠ ਖਲੋਤੀ।
ਮੈਂ ਕੈਫੇਟੇਰੀਏ ਤਕ ਉਸਦਾ ਸਾਥ ਦਿੱਤਾ ਤੇ ਕੁਝ ਦੇਰ ਲਈ ਮੇਨ ਲੌਬੀ ਵਿਚ ਨਿਵੇਕਲੀ ਜੇਹੀ ਕੁਰਸੀ ਦੇਖ ਕੇ ਬੈਠ ਗਈ ਕਿਉਂਕਿ ਮੇਰੇ ਕੋਲ ਅਜੇ ਅੱਧਾ ਕੁ ਘੰਟਾ ਬਾਕੀ ਸੀ। ਮੈਂ ਉਸ ਬਾਰੇ ਸੋਚ ਰਹੀ ਸਾਂ। ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਦੁਆਲੇ ਘੁੰਮ ਰਹੇ ਸਨ।
ਮੈਂ ਤਾਂ ਇਹ ਵੀ ਨਹੀਂ ਪੁੱਛਿਆ ਕਿ ਉਸਦੇ ਘਰ ਵਿਚ ਕੌਣ-ਕੌਣ ਹਨ। ਉਸਦਾ ਪਤੀ ਕੀ ਕਰਦਾ ਹੈ। ਉਸਦੇ ਬੱਚੇ ਕਿੰਨੇ ਹਨ ਵਗੈਰਾ ਵਗੈਰਾ…।
ਕੀਤੇ ਵਾਅਦੇ ਅਨੁਸਾਰ ਮੈਂ ਰੋਟੀ ਪਾਣੀ ਤੋਂ ਵਿਹਲੀ ਹੋ ਫ਼ੋਨ ਕੀਤਾ ਪਰ ਉਸਨੇ ਜਵਾਬ ਨਾ ਦਿੱਤਾ। ਸੌਣ ਤੋਂ ਪਹਿਲਾਂ ਦੋ ਕੁ ਵਾਰ ਮੈਂ ਕੋਸ਼ਿਸ਼ ਕੀਤੀ ਪਰ ਉਸਨੇ ਫ਼ੋਨ ਨਹੀਂ ਚੁੱਕਿਆ।
ਸੋਚਿਆ ਕਿਸੇ ਕੰਮ ਵਿਚ ਮਸ਼ਰੂਫ ਹੋਵੇਗੀ। ਕਲ੍ਹ ਨੂੰ ਟਰੇਨ ਵਿਚ ਮਿਲ ਜਾਵੇਗੀ।
ਉਹ ਟਰੇਨ ਵਿਚ ਨਹੀਂ ਮਿਲੀ। ਮੈਂ ਕੈਫ਼ੀਟੇਰੀਏ ਵਿਚ ਨਿਗ੍ਹਾ ਮਾਰੀ। ਉਹ ਓਥੇ ਵੀ ਨਹੀਂ ਸੀ। ਲੰਚ ਟਾਈਮ ਫ਼ੋਨ ਕੀਤਾ। ਕੇਵਲ ਫੋਨ ਦੀ ਘੰਟੀ ਦੀ ਆਵਾਜ਼ ਆਈ। ਚਿੱਤ ਤਾਂ ਕੀਤਾ, ਉਸ ਦੇ ਘਰ ਜਾ ਕੇ ਪਤਾ ਕਰਾਂ, ਪਰ ਮੇਰੇ ਕੋਲ ਤਾਂ ਉਸਦਾ ਐਡਰੈੱਸ ਨਹੀਂ ਹੈ। ਵਿਚਾਰੀ ਕਿੰਨੇ ਪਿਆਰ ਨਾਲ ‘ਭੈਣ’ ਕਹਿੰਦੀ ਹੈ ਤੇ ਨਾਲੇ ਹੈ ਵੀ ਧਾਲੀਵਾਲਾਂ ਦੀ ਧੀ।
ਅਗਲਾ ਦਿਨ ਸ਼ਨਿਚਰਵਾਰ ਸੀ। ਕੰਮ ਤੋਂ ਛੁੱਟੀ ਸੀ। ਛੁੱਟੀ ਵਾਲੇ ਦਿਨ ਮੈਂ ਅਕਸਰ ਕੁਝ ਦੇਰੀ ਨਾਲ ਉਠਦੀ ਪਰ ਫ਼ੋਨ ਦੀ ਘੰਟੀ ਨੇ ਜਗਾ ਦਿੱਤਾ। ‘ਭੈਣੇ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ।’
ਉਸਦੇ ਬੋਲ ਵਿਚ ਲੋਹੜੇ ਦੀ ਅਪਣੱਤ ਸੀ।
‘ਹਾਂ…ਹਾਂ ਪ੍ਰੀਤ…ਮੈਨੂੰ ਤੇਰੀ ਚਿੰਤਾ ਹੋ ਰਹੀ ਸੀ। ਚੰਗਾ ਕੀਤਾ ਤੂੰ ਫ਼ੋਨ ਕਰ ਲਿਆ।’
‘ਭੈਣ ਤੂੰ ਮੇਰੇ ਘਰ ਆ ਸਕਦੀ ਹੈਂ?’

ਮੈਂ ਮਿੰਟ ਕੁ ਲਈ ਸੋਚਿਆ ਤੇ ਕਿਹਾ, ‘ਹਾਂ, ਆ ਸਕਦੀ ਹਾਂ ਪਰ ਜ਼ਰਾ ਠਹਿਰ ਕੇ। ਮੈਂ ਤਾਂ ਅਜੇ ਬਿਸਤਰੇ ਵਿਚ ਹੀ ਪਈ ਹਾਂ। ਮੇਰੇ ਹਸਬੈਂਡ ਵੈਨਕੂਵਰ ਗਏ ਹੋਏ ਹਨ। ਘਰ ਦਾ ਕੁਝ ਕੰਮ ਕਰ ਲਵਾਂ ਤੇ ਫਿਰ ਮੈਂ ਵਿਹਲੀ ਹੀ ਹਾਂ।’
‘ਭੈਣੇ…ਮਨ ਬਹੁਤ ਹੀ ਖਰਾਬ ਹੈ।’
‘ਕਿਹੜੀ ਗੱਲੋਂ’, ਉਹ ਫਿਰ ਰੋਣ ਲੱਗ ਪਈ।
‘ਪ੍ਰੀਤ, ਫਿਕਰ ਨਾ ਕਰ। ਮੈਂ ਬਾਰ੍ਹਾਂ ਕੁ ਵਜੇ ਆ ਜਾਵਾਂਗੀ। ਆਪਣਾ ਐਡਰੈੱਸ ਲਿਖਵਾ।’
ਜਿਵੇਂ ਹੀ ਮੈਂ ਐਡਰੈੱਸ ਲਿਖਿਆ, ਇਕ ਸੋਚ ਨੇ ਮੈਨੂੰ ਘੇਰ ਲਿਆ। ਮੈਂ ਵੀ ਕਿੰਨੀ ਪਾਗਲ ਹਾਂ। ਇਹ ਤਾਂ ਪੁੱਛਿਆ ਹੀ ਨਹੀਂ ਕਿ ਉਸਦੇ ਘਰ ਹੋਰ ਕੌਣ ਹੋਵੇਗਾ। ਜੇ ਕਿਤੇ ਕੋਈ ਪਰਿਵਾਰਕ ਲੜਾਈ-ਝਗੜਾ ਹੋਇਆ ਤਾਂ ਕਿਤੇ ਮੇਰੇ ਜਾਣ ਨਾਲ ਵਧ ਹੀ ਨਾ ਜਾਵੇ।
ਉਸ ਦੇ ਘਰ ਬਾਰੇ ਜਾਣਕਾਰੀ ਲੈਣ ਲਈ ਮੈਂ ਦੋਬਾਰਾ ਫੋਨ ਕਰ ਲਿਆ। ਉਸਨੇ ਦੱਸਿਆ ਕਿ ਇਸ ਸਮੇਂ ਇਕੱਲੀ ਹੈ।
ਘਰ ਦਾ ਕੰਮ ਕਾਹਲੀ ਨਾਲ ਨਿਪਟਾ ਕੇ ਮੈਂ ਬਾਰ੍ਹਾਂ ਕੁ ਵਜੇ ਉਸ ਦੇ ਘਰ ਪੁੱਜ ਗਈ। ਲਿਵਿੰਗ ਰੂਮ ਦੀ ਸ਼ੀਸ਼ੇ ਦੀ ਬਾਰੀ ’ਚ ਖੜ੍ਹੀ ਉਹ ਮੈਨੂੰ ਉਡੀਕ ਰਹੀ ਸੀ। ਸ਼ਾਇਦ ਅਜੇ ਨਾਤ੍ਹੀ ਵੀ ਨਹੀਂ ਸੀ। ਘਰ ਪਾਉਣ ਵਾਲਾ ਕਾਟਨ ਦਾ ਪੰਜਾਬੀ ਸੂਟ ਪਾਇਆ ਹੋਇਆ ਸੀ ਤੇ ਉਹ ਵੀ ਵੱਟੋ-ਵੱਟ ਹੋਇਆ ਪਿਆ ਸੀ। ਵਾਲ ਵੀ ਅਣ-ਵਾਹੇ ਜਿਹੇ ਲੱਗਦੇ ਸਨ। ਚਿਹਰੇ ‘ਤੇ ਉਦਾਸੀ ਦੇ ਬੱਦਲ ਏਨ੍ਹੇ ਸੰਘਣੇ ਸਨ ਕਿ ਉਸਦਾ ਅਸਲ ਚਿਹਰਾ ਦਿਖਾਈ ਨਹੀਂ ਸੀ ਦਿੰਦਾ। ਅੱਖਾਂ ਸੁੱਜੀਆਂ ਹੋਈਆਂ ਤੇ ਲਾਲ ਸਨ।
ਮੈਂ ਨਿਗ੍ਹਾ ਸਾਰੇ ਘਰ ‘ਤੇ ਮਾਰੀ। ਗੁਜ਼ਾਰੇ ਕੁ ਜੋਗਾ ਦੋ ਬੈਡਰੂਮ ਦਾ ਘਰ ਸੀ ਤੇ ਛੋਟੀ ਜੇਹੀ ਕਿਚਨ। ਬੇਸਮੈਂਟ ਖਾਲੀ ਜਾਪਦੀ ਸੀ। ਇਕ ਬੈਡਰੂਮ ਵਿਚ ਕੁਝ ਸਾਮਾਨ ਖਿੱਲਰਿਆ ਪਿਆ ਸੀ। ਕਿਚਨ `ਚ ਚਾਹ ਵਾਲਾ ਪਤੀਲਾ ਸਟੋਵ ਉਪਰ ਹੀ ਪਿਆ ਸੀ। ਮੈਂ ਬਿਨਾਂ ਕਿਸੇ ਉਚੇਚ ਦੇ ਸੋਫੇ `ਤੇ ਬੈਠ ਗਈ। ਉਹ ਮੇਰੇ ਨਾਲ ਲੱਗ ਕੇ ਬੈਠ ਗਈ ਜਿਵੇਂ ਬੈਠਣ ਲਈ ਵੀ ਸਹਾਰਾ ਭਾਲਦੀ ਹੋਵੇ। ਉਸਦੇ ਚਿਹਰੇ ਤੇ ਅੱਖਾਂ ਤੋਂ ਜਾਣ ਲਿਆ ਕਿ ਇਹ ਕਿਸੇ ਵੱਡੀ ਮੁਸੀਬਤ ਵਿਚ ਹੈ। ਦੋ ਕੁ ਮਿੰਟ ਬੈਠ ਉਹ ਚਾਹ ਲਿਆਉਣ ਲਈ ਉਠੀ। ਮੈਂ ਵੀ ਕਿਚਨ `ਚ ਉਸਦੇ ਮਗਰ ਚਲੀ ਗਈ।
‘ਪ੍ਰੀਤ ਤੂੰ ਇਕੱਲੀ ਹੀ ਰਹਿੰਦੀ ਹੈਂ ਏਥੇ,’ ਮੈਂ ਕਿਹਾ।
ਉਹ ਫਿਰ ਰੋਣ ਲੱਗ ਪਈ।
ਮੈਂ ਕੁਝ ਸਖਤੀ ਨਾਲ ਕਿਹਾ, ਗੱਲ ਤਾਂ ਦੱਸ। ਤੈਨੂੰ ਕੀ ਮੱਦਦ ਚਾਹੀਦੀ ਹੈ?’
‘ਮੇਰੀ ਬੇਟੀ ਅੱਜ ਮੈਨੂੰ ਛੱਡ ਕੇ ਚਲੀ ਗਈ ਹੈ। ਮੇਰਾ ਤਾਂ ਮਰ ਜਾਣ ਨੂੰ ਜੀਅ ਕਰਦਾ ਹੈ। ਕੀ ਦੱਸਾਂ, ਗਲਤੀਆਂ ਤਾਂ ਸਾਰੀਆਂ ਮੇਰੀਆਂ ਹੀ ਹਨ। ਉਸਨੂੰ ਕਿਵੇਂ ਦੋਸ਼ੀ ਕਹਾਂ। ਉਹ ਤਾਂ ਆਪਣੇ ਥਾਂ ਸੱਚੀ ਹੈ,’ ਉਸਨੇ ਬੜਾ ਹੀ ਜ਼ੋਰ ਲਾ ਕੇ ਆਪਣੇ ਮੂੰਹੋਂ ਇਹ ਸ਼ਬਦ ਕੱਢੇ।
ਫਿਰ…।
‘ਭੈਣ ਕੀ ਦੱਸਾਂ, ਜਦੋਂ ਮੱਤ ਮਾਰੀ ਜਾਂਦੀ ਹੈ ਓਦੋਂ ਪਤਾ ਨੀ ਲੱਗਦਾ, ‘ਉਸਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੇ ਕਿਹਾ।
‘ਉਹ ਤਾਂ ਹੈ,’ ਮੈਂ ਉਸਦੇ ਚਿਹਰੇ ਵੱਲ ਤੱਕਦਿਆਂ ਕਿਹਾ।
ਮੇਰੇ ਪਹੁੰਚਣ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਚਾਹ ਉਸਨੇ ਦੋ ਕੱਪਾਂ ਵਿਚ ਪਾਈ ਤੇ ਟੇਬਲ ੱਤੇ ਰੱਖ ਲਈ। ਉਸਦੇ ਜਿਵੇਂ ਹੱਥ ਤਾਂ ਕੀ ਸਾਰਾ ਸਰੀਰ ਹੀ ਕੰਬ ਰਿਹਾ ਸੀ।
‘ਹਾਂ ਦੱਸ ਕੀ ਗੱਲ ਹੈ, ਮੈਂ ਗੱਲ ਤੋਰਨ ਲਈ ਕਿਹਾ’।
ਭੈਣ, ਕੀ ਦੱਸਾਂ। ਕਹਾਣੀ ਅਜੀਬ ਜੇਹੀ ਹੈ। 1985 ‘ਚ ਮੇਰਾ ਵਿਆਹ ਹੋ ਗਿਆ। ਮੁੰਡਾ ਏਧਰੋਂ ਗਿਆ ਸੀ ਵਿਆਹ ਕਰਵਾਉਣ। ਸਾਰਾ ਕੁਝ ਮੇਰੀ ਸਹਿਮਤੀ ਨਾਲ ਹੋਇਆ। ਘਰ-ਬਾਰ ਚੰਗਾ ਸੀ ਪਰ ਉਹਦੀ ਲੱਤ ਵਿਚ ਨੁਕਸ ਸੀ। ਮਾੜਾ ਜਿਹਾ ਲੰਗੜਾ ਕੇ ਤੁਰਦਾ ਸੀ। ਮੇਰੇ ਪਿਉ ਕੋਲ ਕੁਲ ਤਿੰਨ ਏਕੜ ਜ਼ਮੀਨ ਸੀ। ਅਸੀਂ ਚਾਰ ਭੈਣ ਭਰਾ ਸਾਂ। ਭਰਾ ਤਿੰਨਾਂ ਭੈਣਾਂ ਤੋਂ ਛੋਟਾ ਸੀ। ਮੈਂ ਸਾਰਿਆਂ ਤੋਂ ਵੱਡੀ ਸੀ। ਬੀ.ਏ. ਕਰ ਲਈ ਸੀ। ਬਾਪੂ ਨੇ ਬੇਬੇ ਨਾਲ ਸਲਾਹ ਕੀਤੀ ਕਿ ਜੇਕਰ ਪ੍ਰੀਤ ਮਨ ਜਾਵੇ ਤਾਂ ਆਪਣੀ ਸਾਰੀ ਕਬੀਲਦਾਰੀ ਨਜਿੱਠੀ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਦੀ ਦਾਜ ਦੀ ਕੋਈ ਮੰਗ ਨਹੀਂ ਸੀ।
‘ਅੱਛਾ’।
‘ਮੈਂ ਮੰਨ ਗਈ। ਵਿਆਹ ਹੋ ਗਿਆ। ਏਥੋਂ ਵੈਨਕੂਵਰੋਂ ਮੇਰੀ ਭੂਆ ਵੀ ਵਿਆਹ `ਤੇ ਗਈ ਹੋਈ ਸੀ। ਵੀਹ ਕੁ ਦਿਨਾਂ ਬਾਅਦ ਜਗਦੀਪ ਵਾਪਿਸ ਵਿਨੀਪੈਗ ਆ ਗਿਆ। ਸਾਰਾ ਕੁਝ ਨਾਰਮਲ ਚੱਲਦਾ ਰਿਹਾ। ਮੇਰੇ ਸਹੁਰੇ ਘਰ ਵਿਚ ਮੇਰਾ ਮਾਣ-ਤਾਣ ਹੋਣ ਲੱਗਾ। ਜਗਦੀਪ ਦੇ ਵਾਪਿਸ ਆਉਣ ਬਾਅਦ ਮੇਰੀ ਭੂਆ ਨੇ ਮੈਨੂੰ ਪੱਟੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਮੁੰਡਾ ਲੰਗ ਮਾਰ ਕੇ ਤੁਰਦਾ ਤੇਰੇ ਨਾਲ ਭੋਰਾ ਵੀ ਨਹੀਂ ਜੱਚਦਾ। ਕੈਨੇਡਾ ਸੱਦ ਕੇ ਤਿੰਨਾਂ ਕੁੜੀਆਂ ਦੇ ਰਿਸ਼ਤੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਕਰਨੇ ਆ ਇਨ੍ਹਾਂ ਨੇ, ਕਾਕੇ ‘ਤੇ ਵੀ ਕਬਜ਼ਾ ਕਰ ਲੈਣਾ ਹੈ।’
‘ਕਾਕਾ…ਉਹ ਕੌਣ?’
‘ਮੇਰਾ ਭਰਾ। ਸਾਰੀਆਂ ਭੈਣਾਂ ਤੋਂ ਛੋਟਾ,’ ਉਸਨੇ ਹਓਕਾ ਲੈਂਦਿਆਂ ਕਿਹਾ।
ਮੈਂ ਪਾਣੀ ਦਾ ਗਲਾਸ ਉਸਨੂੰ ਫੜਾ ਦਿੱਤਾ। ਉਸਨੇ ਪਾਣੀ ਦੀ ਘੁੱਟ ਭਰੀ। ਪ੍ਰੀਤ ਦੇ ਹੱਥ ਕੰਬ ਰਹੇ ਸਨ। ਮੈਂ ਪ੍ਰੀਤ ਦੇ ਹੱਥੋਂ ਗਲਾਸ ਟੇਬਲ ‘ਤੇ ਰੱਖਦਿਆਂ ਕਿਹਾ, ਫਿਰ ਕੀ ਹੋਇਆ ਪ੍ਰੀਤ?’
ਮੇਰੀ ਭੂਆ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਚੁੱਪ ਕਰ ਕੇ ਕੈਨੇਡਾ ਆ ਜਾ। ਵੈਨਕੂਵਰ ਦੀ ਸੀਟ ਬੁੱਕ ਕਰਵਾਵੀਂ। ਕਿਸੇ ਨੂੰ ਵੀ ਆਪਣੀ ਸਕੀਮ ਦੀ ਭਿਣਕ ਨਾ ਪੈਣ ਦੇਵੀਂ।
ਜਗਦੀਪ ਨੇ ਜਾਣ ਸਾਰ ਮੇਰਾ ਅਪਲਾਈ ਕਰ ਦਿੱਤਾ। ਪੰਜਾਂ ਕੁ ਮਹੀਨਿਆਂ ਬਾਅਦ ਮੇਰਾ ਵੀਜ਼ਾ ਆ ਗਿਆ।
ਮੇਰੀ ਸੀਟ ਬੁੱਕ ਹੋ ਗਈ। ਜਗਦੀਪ ਨੇ ਦਿਲ ਖੋਲ੍ਹ ਕੇ ਸ਼ਾਪਿੰਗ ਕਰਨ ਲਈ ਮੈਨੂੰ ਪੈਸੇ ਭੇਜੇ। ਮੈਂ ਆਪਣੀ ਸੱਸ ਤੇ ਨਨਾਣਾਂ ਲਈ ਸੂਟ ਖਰੀਦੇ। ਜਿਵੇਂ ਮੇਰੀ ਸੱਸ ਕਹੀ ਗਈ ਮੈਂ ਓਸੇ ਤਰ੍ਹਾਂ ਕਰਦੀ ਗਈ। ਕਿਸੇ ਨੂੰ ਭੋਰਾ ਵੀ ਸ਼ੱਕ ਨਾ ਹੋਇਆ।
ਵੈਨਕੂਵਰ ਤੋਂ ਅੱਗੇ ਮੇਰੀ ਸੀਟ ਵਿਨੀਪੈਗ ਦੀ ਬੁੱਕ ਹੋਈ ਸੀ, ਪਰ ਮੈਂ ਵਿਨੀਪੈਗ ਗਈ ਹੀ ਨਾ। ਮੇਰੀ ਭੂਆ ਮੈਨੂੰ ਵੈਨਕੂਵਰ ਏਅਰਪੋਰਟ ਤੋਂ ਆਪਣੇ ਘਰ ਲੈ ਗਈ। ਉਨ੍ਹਾਂ ਦਿਨਾਂ ਵਿਚ ਇਮੀਗਰੇਸ਼ਨ ਦੀ ਮੋਹਰ ਏਅਰਪੋਰਟ ‘ਤੇ ਹੀ ਲੱਗ ਜਾਂਦੀ ਸੀ ਤੇ ਮੇਰੇ ਪਾਸਪੋਰਟ ‘ਤੇ ਵੀ ਪੱਕੀ ਮੋਹਰ ਲੱਗ ਗਈ।
ਮੈਂ ਹੈਰਾਨ ਹੋ ਗਈ ਕਿ ਇਸ ਨੇ ਏਡਾ ਵੱਡਾ ਧੋਖਾ ਕੀਤਾ!
‘ਆਹ ਤਾਂ ਤੂੰ ਬਹੁਤ ਮਾੜਾ ਕੀਤਾ।’
‘ਬੱਸ, ਭੂਆ ਦੇ ਆਖੇ ਕਰੀ ਗਈ। ਭੂਆ ਨੇ ਕਿਹਾ ਸੀ ਕਿ ਜਗਦੀਪ ਨਾਲ ਜਦ ਤਲਾਕ ਹੋ ਗਿਆ ਤਾਂ ਤੇਰਾ ਕਿਸੇ ਚੰਗੇ ਸੋਹਣੇ ਸੁਨੱਖੇ ਮੁੰਡੇ ਨਾਲ ਵਿਆਹ ਕਰਾਂਗੇ। ਤੇਰੇ ਵਿਚ ਕੀ ਨੁਕਸ ਹੈ। ਬੀ. ਏ. ਕੀਤੀ ਹੋਈ ਹੈ। ਸੋਹਣੀ ਸੁਨੱਖੀ ਹੈਂ। ਲੰਗੇ ਜਿਹੇ ਤੋਂ ਕੀ ਲੈਣਾ ਹੈ। ਮੇਰੀ ਮੱਤ ਮਾਰੀ ਗਈ। ਉਸਦਾ ਸੱਸ-ਸਹੁਰਾ ਤੇ ਮੇਰਾ ਫੁੱਫੜ ਵੀ ਸਾਰੀ ਸਾਜ਼ਿਸ਼ ਵਿਚ ਸ਼ਾਮਿਲ ਸੀ। ਮੇਰੀ ਭੂਆ ਡਰਾਮਾ ਕਰੇ ਮੇਰੇ ਮਾਂ-ਪਿਓ ਮੂਹਰੇ ਕਿ ਇਹ ਜਗਦੀਪ ਨਾਲ ਰਹਿਣਾ ਨਹੀਂ ਚਾਹੁੰਦੀ। ਇਹ ਕਹਿੰਦੀ ਆ ਮੈਂ ਕੁਝ ਖਾ ਕੇ ਮਰ ਜਾਵਾਂਗੀ ਜੇ ਕਿਸੇ ਨੇ ਮੈਨੂੰ ਜਗਦੀਪ ਕੋਲ ਜਾਣ ਨੂੰ ਕਿਹਾ ਤਾਂ। ਮੇਰਾ ਬਾਪੂ ਵਿਚਾਰਾ ਮਰਨ ਵਾਲਾ ਹੋ ਗਿਆ। ਉਸਨੇ ਇੰਡੀਆ ਵੱਸਦੇ ਜਗਦੀਪ ਦੇ ਚਾਚੇ ਦੇ ਪੈਰੀਂ ਪੱਗ ਰੱਖੀ ਕਿ ਇਸ ਵਿਚ ਉਸਦਾ ਕੋਈ ਕਸੂਰ ਨਹੀਂ। ਜਗਦੀਪ ਤੇ ਉਸਦੇ ਮਾਂ ਪਿਓ ਨੇ ਮੈਨੂੰ ਮੇਰੇ ਹਾਲ ‘ਤੇ ਛੱਡ ਦਿੱਤਾ। ਮੈਂ ਭੂਆ ਜੋਗੀ ਰਹਿ ਗਈ।
ਜਗਦੀਪ ਨਾਲ ਤਲਾਕ ਹੋ ਗਿਆ। ਭੂਆ, ਮੈਨੂੰ ਆਪਣੇ ਨਾਲ ਇੰਡੀਆ ਲੈ ਗਈ ਤੇ ਮੇਰਾ ਵਿਆਹ ਆਪਣੇ ਦਿਓਰ ਨਾਲ ਕਰ ਦਿੱਤਾ। ਅਸੀਂ ਪਿੰਡ ਗਈਆਂ ਹੀ ਨਹੀਂ। ਚੰਡੀਗੜ੍ਹ ਹੀ ਰਹੀਆਂ। ਓਥੇ ਹੀ ਕੋਰਟ ਮੈਰਿਜ ਕੀਤੀ। ਕਿਸੇ ਨੂੰ ਵੀ ਸਾਡੀ ਭਿਣਕ ਨਾ ਪਈ। ਗੁਰਨੇਕ ਨੇ ਆਪਣੇ ਪਿਆਰ ਨੂੰ ਧੋਖਾ ਦੇ, ਕਸਮਾਂ ਵਾਅਦੇ ਤੋੜ ਮੇਰੇ ਨਾਲ ਵਿਆਹ ਕਰਵਾ ਲਿਆ। ਏਥੇ ਆ ਕੇ ਉਹ ਕਦੇ ਕਦੇ ਆਖਦਾ, ਨਾ ਤੂੰ ਚੰਗਾ ਕੀਤਾ ਤੇ ਨਾ ਮੈਂ। ਦੋਨੋਂ ਹੀ ਗੁਨਾਹਗਾਰ ਹਾਂ।
ਮੈਂ ਤੇ ਗੁਰਨੇਕ ਨੇ ਰਲ ਕੇ ਮੇਰੇ ਘਰਦਿਆਂ ਦਾ ਅਪਲਾਈ ਕਰ ਦਿੱਤਾ। ਉਨ੍ਹਾਂ ਦੇ ਏਥੇ ਆਉਣ ਤੋਂ ਦਸ ਕੁ ਦਿਨਾਂ ਬਾਅਦ, ਗੁਰਨੇਕ ਦਾ ਐਕਸੀਡੈਂਟ ਹੋ ਗਿਆ। ਤੁਰ ਗਿਆ ਜਹਾਨੋਂ, ਉਸਦੀ ਭੁੱਬ ਨਿਕਲ ਗਈ।
‘ਓਹੋ…ਬਹੁਤ ਮਾੜਾ ਹੋਇਆ,’ ਮੈਂ ਉਸਦਾ ਹੱਥ ਘੁਟਦਿਆ ਕਿਹਾ।
‘ਹਾਂ ਭੈਣੇ…ਇਹ ਤਾਂ ਹੋਣਾ ਹੀ ਸੀ। ਮੇਰੇ ਗੁਨਾਹਾਂ ਦੀ ਸਜ਼ਾ ਮੈਨੂੰ ਮਿਲਣੀ ਹੀ ਸੀ। ਅਮਨ ਦਾ ਜਨਮ ਗੁਰਨੇਕ ਦੀ ਮੌਤ ਤੋਂ ਬਾਅਦ ਹੋਇਆ,’ ਅੱਖਾਂ ਪੂੰਝਦਿਆਂ ਉਸ ਕਿਹਾ।
‘ਅਮਨ…?’ ਮੈਂ ਉਤਸੁਕਤਾ ਨਾਲ ਕਿਹਾ।
ਸਾਰਾ ਕੁਝ ਸੰਖੇਪ ਵਿਚ ਹੀ ਦੱਸ ਰਹੀ ਸੀ। ਇਉਂ ਜਾਪਦਾ ਸੀ ਜਿਵੇਂ ਇਕ ਇਕ ਸ਼ਬਦ ਉਸਨੂੰ ਡੰਗ ਰਿਹਾ ਹੋਵੇ ਤੇ ਉਹ ਆਪਣੇ ਹੀ ਸ਼ਬਦਾਂ ਤੋਂ ਬਚ ਰਹੀ ਹੋਵੇ।
ਪ੍ਰੀਤ ਨੇ ਵੱਡਾ ਸਾਰਾ ਹਓਕਾ ਲਿਆ ਤੇ ਫੁੱਟ-ਫੁੱਟ ਰੋਣ ਲੱਗ ਪਈ ਤੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਲਈ। ਉਸਦੇ ਮੂੰਹੋਂ ਮਸਾਂ ਹੀ ਨਿਕਲਿਆ , ‘ਅਮਨ ਮੇਰੀ ਬੇਟੀ’।
‘ਅਮਨ ਕਿੱਥੇ ਹੈ,।’ ਮੈਂ ਕਿਹਾ।
ਰੋਣ ਦੀ ਆਵਾਜ਼ ਹੋਰ ਉਚੀ ਹੋ ਗਈ ਤੇ ਕੁਝ ਸੰਭਲ ਕੇ ਕਹਿਣ ਲੱਗੀ , ‘ਅੱਜ ਉਹ ਮੈਨੂੰ ਇਕੱਲੀ ਨੂੰ ਛੱਡ ਕੇ ਆਪਣੇ ਬੁਆਏ ਫਰੈਂਡ ਨਾਲ ਚਲੀ ਗਈ। ਉਸਨੂੰ ਕੈਲਗਰੀ ਯੂਨੀਵਰਸਿਟੀ ਵਿਚ ਦਾਖਲਾ ਮਿਲ ਗਿਆ ਤੇ ਓਹਦੀ ਖਾਤਿਰ ਹੀ ਮੈਂ ਵੈਨਕੂਵਰ ਛੱਡ ਕੇ ਕੈਲਗਰੀ ਆਈ ਸੀ।’
‘ਚੱਲ ਕੋਈ ਨਾ! ਇਹਦੇ ਵਿਚ ਕਿਹੜੀ ਰੋਣ ਵਾਲੀ ਗੱਲ ਹੈ। ਇਥੇ ਬੱਚੇ ਇਉਂ ਹੀ ਕਰਦੇ ਹਨ। ਤੈਨੂੰ ਮਿਲਣ ਆ ਜਾਇਆ ਕਰੇਗੀ।’ ਪ੍ਰੀਤ ਨੇ ਸਿਰ ਉਤਾਂਹ ਚੁੱਕਿਆ। ਮੇਰੇ ਵੱਲ ਦੇਖਿਆ…ਕੁਝ ਮਿੰਟਾਂ ਲਈ ਚੁੱਪ ਰਹੀ। ਬੋਲਣ ਦਾ ਯਤਨ ਕਰਦੀ ਪਰ ਰੁਕ ਜਾਂਦੀ। ਆਖਿਰ ਹੌਸਲਾ ਕਰ ਕੇ ਆਖ ਹੀ ਦਿੱਤਾ, ‘ਜਿਹੜਾ ਮੁੰਡਾ ਅਮਨ ਦਾ ਬੁਆਏ ਫਰੈਂਡ ਹੈ ਉਹ ਜਗਦੀਪ ਦਾ ਮੁੰਡਾ ਹੈ।’
‘ਤੈਨੂੰ ਕਿਵੇਂ ਪਤੈ, ਮੈਂ ਹੈਰਾਨੀ ਨਾਲ ਕਿਹਾ।’
‘ਜਿਸ ਦਿਨ ਪਹਿਲੇ ਦਿਨ ਅਮਨ ਉਸਨੂੰ ਘਰ ਲੈ ਕੇ ਆਈ ਸੀ ਤਾਂ ਮੈਂ ਗੱਲਾਂ-ਗੱਲਾਂ ‘ਚ ਪਤਾ ਕਰ ਲਿਆ ਸੀ। ਉਸਨੇ ਮੈਨੂੰ ਆਪਣੇ ਸਾਰੇ ਪਰਿਵਾਰ ਦੀਆਂ ਤਸਵੀਰਾਂ ਵੀ ਦਿਖਾਈਆਂ ਸਨ। ਉਹ ਅਮਨ ਦੇ ਨਾਲ ਹੀ ਯੂਨੀਵਰਸਿਟੀ ‘ਚ ਪੜ੍ਹਦਾ ਹੈ। ਓਹ…ਤੇ ਫਿਰ…?
‘ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਅਮਨ, ਰਾਜ ਤੋਂ ਦੂਰ ਚਲੀ ਜਾਵੇ ਪਰ ਜਿਉਂ ਜਿਉਂ ਮੈਂ ਕੋਸ਼ਿਸ਼ ਕਰਦੀ ਉਹ ਓਨਾ ਹੀ ਉਸਦੇ ਨੇੜੇ ਜਾਂਦੀ। ਅਮਨ ਨੂੰ ਪਤਾ ਸੀ ਮੇਰੀ ਸਾਰੀ ਕਹਾਣੀ ਦਾ। ਮੈਨੂੰ ਸੁਣਾ ਵੀ ਦਿੰਦੀ ਕਿ ਮਾਂ ਜੋ ਤੂੰ ਕੀਤਾ ਹੈ, ਮੈਂ ਜ਼ਿੰਦਗੀ ’ਚ, ਅਜਿਹਾ ਕਦੇ ਵੀ ਨਹੀਂ ਕਰਾਂਗੀ। ਅੱਜ ਸਵੇਰੇ ਅਮਨ ਆਪਣਾ ਸਾਮਾਨ ਚੁੱਕ ਕੇ ਰਾਜ ਨਾਲ ਚਲੀ ਗਈ…ਅੱਗੇ ਪਤਾ ਨਹੀਂ ਕੀ ਹੋਣਾ ਹੈ’।
ਪ੍ਰੀਤ ਦੀ ਗੱਲ ਸੁਣ ਕੇ ਮੈਂ ਖੁਦ ਬੇਹੋਸ਼ ਹੋਣ ਵਾਲੀ ਹੋ ਗਈ ਸਾਂ।
ਦਰਵਾਜ਼ੇ ਦੀ ਘੰਟੀ ਖੜਕੀ। ਉਸ ਨੇ ਸ਼ੀਸ਼ੇ ਦੀ ਬਾਰੀ ਤੋਂ ਮਾੜਾ ਜਿਹਾ ਪਰਦਾ ਚੁੱਕ ਕੇ ਵੇਖਿਆ ਤੇ ਦਰਵਾਜ਼ਾ ਖੋਲ੍ਹ ਦਿੱਤਾ। ਰਾਜ, ਅਮਨ ਤੇ ਇਕ ਹੋਰ ਔਰਤ ਅੰਦਰ ਆ ਗਏ। ਔਰਤ ਚੰਗੇ ਸਲੀਕੇ ਵਾਲੀ ਕਾਫੀ ਖੂਬਸੂਰਤ ਸੀ। ਉਸਦਾ ਸਾਦਾ ਤੇ ਸੋਹਣਾ ਪਹਿਰਾਵਾ ਉਸ ਦੀ ਸ਼ਖਸੀਅਤ ਨੂੰ ਨਿਖਾਰ ਰਿਹਾ ਸੀ। ਪ੍ਰੀਤ ਨੇ ਉਸਨੂੰ ਪਛਾਣ ਲਿਆ ਸੀ।
ਉਸ ਔਰਤ ਨੂੰ ਦੇਖ ਪ੍ਰੀਤ ਘਬਰਾ ਗਈ। ਪਰ ਉਸ ਔਰਤ ਨੇ ਪ੍ਰੀਤ ਨੂੰ ਗਲਵਕੜੀ ਪਾ ਲਈ ਤੇ ਚੁੱਪ-ਚਾਪ ਬਿਨਾਂ ਕਿਸੇ ਉਚੇਚ ਦੇ ਸੋਫੇ ‘ਤੇ ਬੈਠ ਗਈ।
ਮੈਂ ਚੁੱਪ-ਚਾਪ ਬੈਠੀ ਹੈਰਾਨ ਹੋ ਰਹੀ ਸਾਂ।
ਉਸ ਔਰਤ ਨੇ ਮੇਰੇ ਬਾਰੇ ਜਾਨਣਾ ਚਾਹਿਆ ਤਾਂ ਪ੍ਰੀਤ ਨੇ ਮੈਨੂੰ ਆਪਣੀ ਵੱਡੀ ਭੈਣ ਕਹਿ ਕੇ ਜਾਣ-ਪਛਾਣ ਕਰਵਾਈ।
ਅਮਨ ਤੇ ਰਾਜ ਕਿਚਨ ਦੀਆਂ ਕੁਰਸੀਆਂ ਖਿੱਚ ਕੇ ਸਭ ਦੇ ਸਾਹਮਣੇ ਬੈਠ ਗਏ। ਰਾਜ ਨੇ ਬੋਲਣਾ ਸ਼ੁਰੂ ਕੀਤਾ।
‘ਇਹ ਮੇਰੇ ਮੰਮੀ ਹਨ। ਮੈਨੂੰ ਆਪਣੇ ਘਰ ਦੀ ਕਹਾਣੀ ਪਤਾ ਸੀ ਕਿ ਕਿਵੇਂ ਇਕ ਔਰਤ ਨੇ ਮੇਰੇ ਡੈਡੀ ਨੂੰ ਧੋਖਾ ਦਿੱਤਾ। ਸਾਡੇ ਪਰਿਵਾਰ `ਤੇ ਕੀ ਬੀਤੀ ਸੀ ਉਸ ਰਾਤ, ਜਿਸ ਦਿਨ ਉਹ ਵੈਨਕੂਵਰ ਏਅਰਪੋਰਟ ਤੋਂ ਮੇਰੇ ਡੈਡੀ ਕੋਲ ਆਉਣ ਦੀ ਬਜਾਇ ਕਿਤੇ ਹੋਰ ਚਲੀ ਗਈ ਸੀ। ਮੈਂ ਰਿਸ਼ਤੇਦਾਰਾਂ ਨੂੰ ਏਹੀ ਗੱਲਾਂ ਕਰਦੇ ਸੁਣ-ਸੁਣ ਵੱਡਾ ਹੋਇਆ ਹਾਂ। ਮੈਨੂੰ ਅਮਨ ਮਿਲ ਗਈ। ਮੈਂ ਦੋਸਤੀ ਦਾ ਹੱਥ ਵਧਾਇਆ ਪਰ ਇਸਨੇ ਹੱਥ ਵਧਾਉਣ ਤੋਂ ਪਹਿਲਾਂ ਮੈਨੂੰ ਦੱਸ ਦਿੱਤਾ ਕਿ ਮੇਰੀ ਮਾਂ ਨੇ ਕਿਸੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਸਾਰੀ ਕਹਾਣੀ ਸੁਣਨ ਪਿੱਛੋਂ ਯਕੀਨ ਹੋ ਗਿਆ ਕਿ ਅਮਨ ਓਸੇ ਔਰਤ ਦੀ ਬੇਟੀ ਹੈ ਜਿਸ ਨੇ ਮੇਰੇ ਡੈਡੀ ਨੂੰ ਏਨੀ ਤਕਲੀਫ਼ ਦਿੱਤੀ ਸੀ।’
‘ਬਾਕੀ ਰਹੀ ਗੱਲ ਮੇਰੇ ਤੇ ਅਮਨ ਦੀ। ਅਸੀਂ ਚੰਗੇ ਦੋਸਤ ਹਾਂ। ਮੈਂ ਤੇ ਅਮਨ ਨੇ ਡਰਾਮਾ ਕੀਤਾ ਸੀ ਘਰੋਂ ਜਾਣ ਦਾ। ਅਸੀਂ ਕਿਤੇ ਵੀ ਨਹੀਂ ਗਏ ਸਾਂ। ਮੈਂ ਮੰਮੀ ਨੂੰ ਕੱਲ੍ਹ ਏਥੇ ਕੈਲਗਰੀ ਬੁਲਾ ਲਿਆ ਸੀ।’
ਪ੍ਰੀਤ ਦੇ ਹੰਝੂ ਦੱਸ ਰਹੇ ਸਨ ਕਿ ਉਹ ਕਿੰਨਾ ਪਛਤਾ ਰਹੀ ਹੈ।
ਪ੍ਰੀਤ ਉਠੀ ਤੇ ਉਸਨੇ ਰਾਜ ਨੂੰ ਗਲਵਕੜੀ ਵਿਚ ਲੈ ਲਿਆ ਤੇ ਕਹਿਣ ਲੱਗੀ, ‘ਪੁੱਤ … ਜੇਕਰ ਏਥੇ ਤੱਕ ਆ ਗਿਆ ਹੈਂ ਤਾਂ ਮੈਨੂੰ ਉਸ ਭਲੇ ਪੁਰਸ਼ ਦੇ ਪੈਰਾਂ ਵਿਚ ਸਿਰ ਰੱਖ ਕੇ ਗੁਨਾਹ ਬਖ਼ਸ਼ਾਉਣ ਦਾ ਮੌਕਾ ਦਵਾ ਦੇ!’
ਇਸ ਤੋਂ ਪਹਿਲਾਂ ਕਿ ਰਾਜ ਕੁਝ ਬੋਲਦਾ, ਉਸਦੀ ਮਾਂ ਨੇ ਅੱਗੇ ਹੋ ਕੇ ਪ੍ਰੀਤ ਨੂੰ ਗਲਵਕੜੀ ‘ਚ ਲੈ ਲਿਆ ਤੇ ਕਹਿਣ ਲੱਗੀ, ‘ਮੇਰੀਏ ਭੈਣੇ, ਮੈਂ ਉਸ ਭਲੇ ਬੰਦੇ ਨੂੰ ਹੀਣ ਭਾਵਨਾ ਨਾਲ ਲੜਦੇ ਵੇਖਿਆ ਹੈ। ਉਹ ਅੱਜ ਵੀ ਸਮਾਜ ਤੋਂ ਕੰਨੀ ਕਤਰਾਉਂਦਾ ਹੈ। ਮੈਂ ਦਿਵਾਵਾਂਗੀ ਤੈਨੂੰ ਮੁਆਫੀ। ਮੈਂ ਕਰਾਂਗੀ ਉਸ ਨੂੰ ਦੁਨੀਆ ਦੇ ਸਾਹਮਣੇ ਸਿਰ ਚੁੱਕ ਕੇ ਜੀਊਣ ਜੋਗਾ। ਤੂੰ ਉਸ ਕੋਲੋਂ ਮੁਆਫੀ ਮੰਗ ਕੇ ਆਪਣੇ ਗੁਨਾਹ ਤੋਂ ਸੁਰਖਰੂ ਹੋ ਜਾਵੀਂ ਤੇ ਉਹ ਤੈਨੂੰ ਮੁਆਫ਼ ਕਰ ਕੇ ਹੀਣ-ਭਾਵਨਾ `ਚੋਂ ਬਾਹਰ ਆ ਜਾਵੇਗਾ। ਉਹ ਬਹੁਤ ਵਧੀਆ ਇਨਸਾਨ ਹੈ।’
ਮੈਂ ਉਨ੍ਹਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਘਰ ਆ ਗਈ। ਸੋਚਿਆ ਕਿ ਮੇਰੀ ਹਾਜ਼ਰੀ ‘ਚ ਖੁੱਲ੍ਹ ਕੇ ਗੱਲ-ਬਾਤ ਨਹੀਂ ਕਰ ਸਕਣਗੇ। ਸ਼ਾਇਦ ਪ੍ਰੀਤ ਵੀ ਏਹੀ ਚਾਹੁੰਦੀ ਸੀ। ਅਗਲੇ ਦਿਨ ਪ੍ਰੀਤ ਦਾ ਫ਼ੋਨ ਆਇਆ।
‘ਭੈਣੇ…ਰਾਜ ਤੇ ਰਾਜ ਦੀ ਅੰਮੀ ਏਥੇ ਹੀ ਹਨ। ਅਮਨ ਵੀ ਘਰ ਹੈ। ਮੈਂ ਕੱਲ੍ਹ ਰਾਤ ਰਾਜ ਦੇ ਡੈਡੀ ਯਾਨਿ ਜਗਦੀਪ ਤੋਂ ਫੋਨ ‘ਤੇ ਮੁਆਫੀ ਮੰਗ ਲਈ ਸੀ। ਉਸ ਨੇ ਮੈਨੂੰ ਮੁਆਫ਼ ਕਰ ਦਿੱਤਾ ਹੈ।
ਭਲਾ ਹੋਵੇ ਰਾਜ ਤੇ ਉਸ ਦੀ ਮਾਂ ਦਾ, ਜਿਨ੍ਹਾਂ ਮੈਨੂੰ ਮੇਰੇ ਗੁਨਾਹ ਦੇ ਭਾਰ ਤੋਂ ਮੁਕਤ ਕਰਵਾ ਦਿੱਤੈ। ਇਸ ਧਰਤੀ `ਤੇ ਅਜਿਹੇ ਦੇਵਤਿਆਂ ਵਰਗੇ ਲੋਕ ਵੀ ਰਹਿੰਦੇ ਹਨ। ਮੈਂ ਤਾਂ ਕਸਰ ਨੀ ਛੱਡੀ ਜਗਦੀਪ ਨਾਲ ਬੁਰਾ ਕਰਨ ਦੀ, ਪਰ ਪਰਮਾਤਮਾ ਨੇ ਉਸ ਨੂੰ ਇਕ ਨੇਕ ਸੁਚੱਜੀ ਤੇ ਸੋਹਣੇ ਦਿਲ ਵਾਲੀ ਔਰਤ ਦਾ ਸਾਥ ਬਖ਼ਸ਼ ਦਿੱਤਾ।
ਚੰਗਾ ਭੈਣੇ, ਮੈਂ ਸੋਚਿਆ ਤੂੰ ਫਿਕਰ ਕਰਦੀ ਹੋਵੇਂਗੀ। ਤੈਨੂੰ ਦੱਸ ਦੇਵਾਂ, ਕਹਿ ਉਸਨੇ ਫੋਨ ਰੱਖ ਦਿੱਤਾ।’
ਮੈਂ ਖਲ੍ਹੋ ਕੇ ਉਨ੍ਹਾਂ ਦੇ ਸਨਮਾਨ ਵਿਚ ਤਾੜੀ ਮਾਰੀ ਤੇ ਮਨ ਹੀ ਮਨ ਕਿਹਾ , ‘ਸਚਮੁੱਚ ਹੀ ਜਗਦੀਪ, ਉਸਦੀ ਪਤਨੀ ਤੇ ਉਨ੍ਹਾਂ ਦਾ ਬੇਟਾ ਰਾਜ ਦੇਵਤੇ ਹਨ।