ਖੋਜੀ ਮਸੀਹੇ

ਹਰਜੀਤ ਦਿਓਲ, ਬਰੈਂਪਟਨ
ਦੱਖਣੀ ਧਰੁਵ (ਅੰਟਾਰਕਟਿਕ) ਦੇ ਗੁੱਝੇ ਭੇਦਾਂ ਦੀ ਥਾਹ ਪਾਉਣ ਲਈ ਆਸਟਰੇਲੀਆ ਸਰਕਾਰ ਦੁਆਰਾ ਤਿਆਰ ਕੀਤੀ ਗਈ 31 ਬੰਦਿਆਂ ਦੀ ਟੀਮ ਦਾ ਲੀਡਰ ਤੀਹ ਸਾਲਾ ਡਗਲਸ ਮਾਅਸਨ ਬਣਾਇਆ ਗਿਆ। ਉਹ ਖੋਜ ਕਾਰਜਾਂ ਦਾ ਚੰਗਾ ਅਭਿਅਸਤ ਸੀ।

ਇਸ ਮਿਸ਼ਨ ਦਾ ਉਦੇਸ਼ 2000 ਮੀਲ `ਚ ਫੈਲੇ ਅਣਜਾਣ ਤੇ ਅਭੇਦ ਦੱਖਣੀ ਧਰੁਵ ਦੇ ਨਕਸ਼ੇ ਅਤੇ ਹੋਰ ਭੂ-ਵਿਗਿਆਨ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਇਸ ਦੁਰਗਮ ਤੇ ਜੋਖਮ ਭਰੇ ਬਰਫੀਲੇ ਮਹਾਦੀਪ ਦੀ ਯਾਤਰਾ ਕਰਨਾ ਸੀ। ਨਵੰਬਰ 1912 ਨੂੰ ਇਸ ਟੀਮ ਨੇ ਇਕ ਖਾੜੀ ਦੇ ਕਿਨਾਰੇ ਆਪਣੀ ਝੁੱਗੀ (ਹਟ) ਸਥਾਪਤ ਕੀਤੀ। ਇਹ ਸਥਾਨ ਅਤਿਅੰਤ ਤੇਜ਼ ਹਵਾਵਾਂ (200 ਮੀਲ ਪ੍ਰਤੀ ਘੰਟਾ) ਤੇ ਭਿਆਨਕ ਠੰਢ ਵਾਲਾ ਖੇਤਰ ਜਾਣਿਆ ਜਾਂਦਾ ਸੀ। ਤਿੰਨ-ਤਿੰਨ ਬੰਦਿਆਂ ਦੀਆਂ ਅੱਠ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਰਸਤਿਆਂ ਰਾਹੀਂ ਉਨ੍ਹਾਂ ਮੰਜ਼ਲ ਵੱਲ ਕੂਚ ਕੀਤਾ। ਡਗਲਸ ਮਾਅਸਨ ਦੀ ਟੀਮ ਵਿਚ ਸਨ 29 ਸਾਲਾ ਜੇਵੀਅਰ ਮਰਟ ਅਤੇ 25 ਸਾਲਾ ਬਲਗ੍ਰੇਵ ਨਿਨੀ। ਦੋਨੋਂ ਖੋਜ ਕਾਰਜ ਦੇ ਮਾਹਿਰ ਸਨ। ਸਲੇਜਾਂ (ਬਰਫ ਉੱਤੇ ਕੁੱੱਤਿਆਂ ਜਾਂ ਘੋੜਿਆਂ ਨਾਲ ਖਿੱਚੀਆਂ ਜਾਣ ਵਲੀਆਂ ਗੱਡੀਆਂ) ਜੋ ਜ਼ਰੂਰੀ ਸਾਜ਼ੋ-ਸਾਮਾਨ ਜਿਵੇਂ ਤੰਬੂ, ਖਾਦ ਪਦਾਰਥ, ਰੱਸੇ ਤੇ ਸੱਬਲਾਂ ਆਦਿ ਨਾਲ ਲੱਦੀਆਂ ਸਨ, ਨੂੰ ਦਰਜਨ ਕੁ ਕੁੱਤਿਆਂ ਨੇ ਖਿਚਦੇ ਹੋਏ ਮੰਜ਼ਲ ਵੱਲ ਵਧਣਾ ਸ਼ੁਰੂ ਕੀਤਾ। 35 ਦਿਨ ਦਾ ਸਫਰ ਤੈਅ ਕਰ ਕੇ ਇਹ ਤਿਕੜੀ 14 ਦਸੰਬਰ ਨੂੰ ਕੋਈ 300 ਮੀਲ ਦਾ ਪੰਧ ਮੁਕਾ ਚੁੱਕੀ ਸੀ। ਦੋ ਵੱਡੇ ਗਲੇਸ਼ੀਅਰ ਅਤੇ ਕਿੰਨੀਆਂ ਹੀ ਬਰਫੀਲੀਆਂ ਡੂੰਘੀਆਂ ਦਰਾਰਾਂ ਪਾਰ ਕੀਤੀਆਂ ਗਈਆਂ ਸਨ। ਅੱਜ ਦੁਪਹਿਰ ਵੇਲੇ ਜਦ ਮਾਅਸਨ ਇੱਕ ਡੂੰਘੀ ਦਰਾਰ ਲਾਗਿਓਂ ਬਚਦੇ ਹੋਏ ਆਪਣੀ ਸਲੇਜ ਸਹਿਤ ਦੂਜੇ ਪਾਸੇ ਪੁੱਜਾ, ਉਸ ਕੁੱਤੇ ਦੀ ਮੱਧਮ ਜਿਹੀ ਚੀਕ ਸੁਣੀ। ਉਸ ਪਲਟ ਕੇ ਦੇਖਿਆ ਤਾਂ ਠਠੰਬਰ ਗਿਆ। ਪਿੱਛੇ ਦੂਰ ਦੂਰ ਤੱਕ ਸਲੇਜ `ਤੇ ਸਾਥੀ ਨਿਨੀ ਦਾ ਨਾਮੋ ਨਿਸ਼ਾਨ ਨਹੀਂ ਦਿਖਿਆ। ਅੱਗੇ ਜਾਂਦਾ ਮਰਟ ਵੀ ਪਿੱਛੇ ਮੁੜ ਆਇਆ ਸੀ। ਦੋਵਾਂ ਆਪਣੇ ਆਪ ਨੂੰ ਰੱਸਿਆਂ ਨਾਲ ਬੱਨ੍ਹ ਕੇ ਡੂੰਘੀ ਖੱਡ ਵਿਚ ਝਾਕਿਆ। ਜੋ ਦਿਖਿਆ ਓਹ ਹੌਲਨਾਕ ਸੀ। ਕੋਈ 200 ਫੁਟ ਥੱਲੇ ਇੱਕ ਕੁੱਤਾ ਬੇਹਰਕਤ ਪਿਆ ਸੀ ਤੇ ਨੇੜੇ ਕੁਝ ਹੋਰ ਸਾਮਾਨ ਬਿਖਰਿਆ ਪਿਆ ਸੀ ਤੇ ਨਿਨੀ ਦੀ ਕੋਈ ਉੱਘ ਸੁੱਘ ਨਹੀਂ। ਦੋਵਾਂ ਉੱਚੀ ਆਵਾਜ਼ `ਚ ਪੁਕਾਰਿਆ ਪਰ ਕੋਈ ਪ੍ਰਤੀਕਰਮ ਨਹੀਂ ਆਇਆ। ਜ਼ਾਹਰ ਸੀ ਨਿਨੀ ਕੁਝ ਕੁੱਤਿਆਂ ਤੇ ਭਰੀ ਸਲੇਜ ਸਮੇਤ ਥੱਲੇ ਹੋਰ ਡੂੰਘੀ ਦਰਾਰ ਵਿਚ ਜਾ ਡਿੱਗਿਆ ਸੀ ਤੇ ਮੌਤ ਨਿਸ਼ਚਤ ਸੀ। ਥੱਲੇ ਉਤਰਨ ਲਈ ਲੋੜ ਜੋਗਾ ਰੱਸਾ ਨਹੀਂ ਸੀ ਕਿੳਂੁਕਿ ਬਹੁਤਾ ਸਾਜ਼ੋ-ਸਾਮਾਨ ਅਤੇ ਖਾਦ ਪਦਾਰਥ ਇਸ ਮੌਤ ਦੇ ਖੂਹ `ਚ ਸਮਾ ਚੁੱਕਾ ਸੀ। ਆਖਰ ਉਨ੍ਹਾਂ ਹੋਣੀ ਨੂੰ ਮਨਜੂ਼ਰ ਕਰਦੇ ਹੋਏ ਵਾਪਸੀ ਦਾ ਸਫਰ ਸ਼ੁਰੂ ਕੀਤਾ। ਬਿਨਾ ਟੈਂਟ ਰਾਤ ਕੱਟਣੀ ਮੌਤ ਦਾ ਕਾਰਨ ਬਣਦੀ ਇਸ ਲਈ ਉਨ੍ਹਾਂ ਬਚੇ ਖੁਚੇ ਸਾਮਾਨ ਨਾਲ ਇੱਕ ਛੋਟਾ ਆਰਜ਼ੀ ਟੈਂਟ ਤਿਆਰ ਕੀਤਾ ਤੇ ਬਚੇ ਥੋੜ੍ਹੇ ਜਿਹੇ ਭੋਜਨ ਨੂੰ ਸੰਜਮ ਨਾਲ ਵਰਤਣਾ ਅਰੰਭ ਕੀਤਾ। ਕੁਝ ਦਿਨ ਤਾਂ ਵਾਪਸੀ ਸਫਰ ਠੀਕ ਨਿਬੜਿਆ ਪਰ ਕਿਉਂਕਿ ਕੁੱਤਿਆਂ ਦੀ ਖੁਰਾਕ ਘਟ ਗਈ ਸੀ, ਇਕ ਇਕ ਕਰ ਕੇ ਕੁੱਤਿਆਂ ਜਵਾਬ ਦੇ ਦਿੱਤਾ। ਜਦ ਦੋਵਾਂ ਖੋਜੀਆਂ ਦਾ ਆਪਣਾ ਭੋਜਨ ਵੀ ਖਤਮ ਹੋ ਗਿਆ ਤਾਂ ਸਾਹਸੱਤ ਹੀਣ ਕੁੱਤਿਆਂ ਨੂੰ ਗੋਲੀ ਮਾਰੀ ਗਈ ਤੇ ਉਨ੍ਹਾਂ ਦਾ ਮੀਟ ਵਰਤਿਆ ਗਿਆ। ਬੜੀ ਘੱਟ ਰਫਤਾਰ ਨਾਲ ਕੁਝ ਹੋਰ ਦਿਨ ਯਾਤਰਾ ਜਾਰੀ ਰੱਖੀ ਜਾ ਸਕੀ ਕਿਉਂਕਿ ਹੁਣ ਇੱਕ ਕੁੱਤੇ ਨਾਲ ਉਹ ਆਪ ਵੀ ਸਲੇਜ ਖਿੱਚ ਰਹੇ ਸਨ। ਵਜ਼ਨ ਘੱਟ ਕਰਨ ਲਈ ਕੁਝ ਹੋਰ ਸਾਮਾਨ ਸੁੱਟਣਾ ਪੈ ਗਿਆ। ਬਰਫੀਲੇ ਝੱਖੜਾਂ ਉਨ੍ਹਾਂ ਦਾ ਸਫਰ ਦੁਸ਼ਵਾਰ ਕਰੀ ਰੱਖਿਆ ਪਰ ਜੀਵਨ ਦੀ ਆਸ `ਚ ਉਹ ਅੱਗੇ ਵਧਦੇ ਰਹੇ। ਅਚਾਨਕ ਜੇਵੀਅਰ ਮਰਟ ਬੀਮਾਰ ਪੈ ਗਿਆ ਤੇ ਉਸ ਤੁਰਨੋ ਨਾਂਹ ਕਰ ਦਿੱਤੀ। ਮਾਅਸਨ ਦੇਖਿਆ ਕਿ ਮਰਟ ਪੈਂਟ ਵਿਚ ਹੀ ਪਖਾਨਾ ਕਰ ਦਿੱਤਾ ਹੈ, ਤਾਂ ਉਸ ਇੱਕ ਨਰਸ ਵਾਂਗ ਉਸ ਨੂੰ ਸਾਫ ਕਰ ਸਲੀਪਿੰਗ ਬੈਗ ਵਿਚ ਲਿਟਾ ਦਿੱਤਾ। ਕੰਮ ਚਲਾਊ ਟੈਂਟ `ਚ ਪਿਆ ਮਰਟ ਉਸ ਰਾਤ ਸਰਸਾਮ ਦਾ ਸਿ਼ਕਾਰ ਹੋ ਗਿਆ। ਉਹ ਜਰਮਨ `ਚ ਅਵਾਤਵਾ ਬੋਲਦਾ ਰਿਹਾ ਤੇ ਅੰਤ ਸਵੇਰ ਤੱਕ ਪ੍ਰਾਣ ਤਿਆਗ ਗਿਆ। ਮਾਅਸਨ ਨੇ ਉਸ ਦੀ ਦੇਹ ਨੂੰ ਬਰਫ `ਚ ਦਬਾ ਕੇ ਸਲੇਜ ਦੇ ਵਾਧੂ ਰਨਰਾਂ ਨਾਲ ਉਸ ਉੱਪਰ ਇਕ ਕਰਾਸ ਖੜ੍ਹਾ ਕਰ ਦਿੱਤਾ। ਅੱਜ 8 ਜਨਵਰੀ ਸੀ ਤੇ ਮੌਤ ਨੂੰ ਸਿ਼ਕਸਤ ਦੇਣ ਲਈ ਇਕੱਲੇ ਮਾਅਸਨ ਨੂੰ ਕੋਈ 100 ਮੀਲ ਦਾ ਪੰਧ ਤੈਅ ਕਰ ਕੇ ਬੇਸ ਕੈਂਪ ਦੇ ਹਟ ਤੱਕ ਪਹੁੰਚਣਾ ਜ਼ਰੂਰੀ ਸੀ। ਉਸ ਸਫਰ ਜਾਰੀ ਰੱਖਿਆ ਪਰ ਕੁਦਰਤ ਉਸ ਦਾ ਹੋਰ ਇਮਤਿਹਾਨ ਲੈਣਾ ਸੀ। ਅਚਾਨਕ ਓਹ ਪੋਲੀ ਬਰਫ ਥੱਲੇ ਢਕੇ ਖੂਹ ਵਿਚ ਜਾ ਡਿੱਗਾ ਤੇ ਆਪਣੇ ਨਾਲ ਬੰਨ੍ਹੇ 14 ਫੁਟ ਰੱਸੇ ਸਹਾਰੇ ਲਟਕਣ ਲੱਗਾ ਕਿਉਂਕਿ ਰੱਸੇ ਦਾ ਦੂਸਰਾ ਸਿਰਾ ਸਲੇਜ ਨਾਲ ਬੰਨ੍ਹਿਆ ਸੀ ਤੇ ਸਲੇਜ ਬਰਫ `ਚ ਅਟਕ ਗਈ ਸੀ। ਥੱਲੇ ਮੌਤ ਦੇ ਮੂੰਹ ਵਿਚ ਤਾਂ ਜਾਣੋ ਬਚ ਗਿਆ ਪਰ ਇੱਥੋਂ ਨਿਕਲਣਾ ਕਠਨ ਸੀ। ਕੁਝ ਦੇਰ ਉਹ ਆਪਣੀ ਮੌਤ ਦੇ ਰੂਬਰੂ ਹੁੰਦਾ ਰਿਹਾ ਕਿਉਂਕਿ ਇੱਥੇ ਲਟਕਦਾ ਓਹ ਹੌਲੀ-ਹੌਲੀ ਫਰੀਜ਼ ਹੋ ਜਾਣਾ ਸੀ। ਉਸ ਬਚਣ ਲਈ ਆਖਰੀ ਸਾਹ ਤੱਕ ਕੋਸਿ਼ਸ਼ ਕਰਨਾ ਠਾਣ ਲਿਆ। ਰੱਸੇ ਉੱਪਰ ਕੁਝ ਕੁਝ ਫਾਸਲੇ `ਤੇ ਗੰਢਾਂ ਸਨ ਜਿਸ ਦਾ ਇਸਤੇਮਾਲ ਕਰ ਉਸ ਨੇ ਉੱਪਰ ਵਧਣਾ ਸ਼ੁਰੂ ਕੀਤਾ ਪਰ ਅੱਧ `ਚ ਜਾ ਕੇ ਉਹ ਤਿਲ੍ਹਕ ਕੇ ਫਿਰ ਥੱਲੇ ਆ ਡਿੱਗਾ। ਉਸ ਸੋਚਿਆ ਅੰਤ ਆ ਗਿਆ ਹੈ। ਅਚਾਨਕ ਉਸ ਨੂੰ ਆਪਣੇ ਚਹੇਤੇ ਕਵੀ ਰਾਬਰਟ ਸਰਵਸ ਦੇ ਬੋਲ ਯਾਦ ਆਏ ‘ਬਸ ਇੱਕ ਜੋ਼ਰਦਾਰ ਹੰਭਲਾ ਹੋਰ! ਮਰਨਾ ਸੌਖਾ ਹੈ ਪਰ ਜੀਵਤ ਰਹਿਣ ਲਈ ਸੰਘਰਸ਼ ਕਰਨਾ ਹੀ ਬਹਾਦਰੀ ਹੈ’। ਉਸ ਆਪਣੀ ਸਾਰੀ ਤਾਕਤ ਇਸ ਆਖਰੀ ਹੰਭਲੇ ਵਿਚ ਝੋਂਕ ਦਿੱਤੀ ਤੇ ਰੱਸੇ ਦੇ ਸਿਰੇ ਤੱਕ ਅੱਪੜ ਕੇ ਖੱਡ ਤੋਂ ਬਾਹਰ ਆ ਡਿੱਗਾ। ਹਾਲ ਦੀ ਘੜੀ ਓਹ ਬਚ ਗਿਆ ਸੀ ਪਰ ਕੀ ਭੁੱਖੇ ਭਾਣੇ ਓਹ ਬਚਦਾ ਸਫਰ ਪੂਰਾ ਕਰ ਸਕੇਗਾ? ਸ਼ਾਇਦ ਨਹੀਂ। ਮਾਅਸਨ ਦਾ ਮਰਨਾ ਤਾਂ ਤੈਅ ਸੀ ਪਰ ਉਹ ਚਾਹੁੰਦਾ ਸੀ ਕਿ ਆਪਣੀ ਡਾਇਰੀ ਓਹ ਕਿਸੇ ਤਰ੍ਹਾਂ ਬੇਸ ਕੈਂਪ ਪਹੁੰਚਾ ਸਕੇ ਜਿਸ ਵਿਚ ਬਹੁਤ ਬਹੁਮੁੱਲੀਆਂ ਜਾਣਕਾਰੀਆਂ ਦਰਜ ਸਨ। ਭੋਜਨ ਖਤਮ ਸੀ। ਉਸ ਬੈਗ ਫਰੋਲਿਆ ਤੇ ਅਚਾਨਕ ਖੁਸ਼ੀ ਨਾਲ ਚੀਕ ਪਿਆ। ‘ਹਿੰਮਤੇ ਮਰਦਾਂ, ਮਦਦੇ ਖੁਦਾ’ ਸਹੀ ਜਾਪਿਆ ਕਿਉਂਕਿ ਉਸ ਬੈਗ `ਚ ਇੱਕ ਮੀਟ ਸੂਪ ਦਾ ਡੱਬਾ ਲੱਭ ਪਿਆ ਸੀ। ਉਸ ਓਹ ਪੀਤਾ ਤੇ ਸਫਰ ਜਾਰੀ ਰੱਖਿਆ, ਭਾਵਂੇ ਹੁਣ ਓਹ ਬੇਦਮ ਹੋ ਚੁੱਕਾ ਸੀ ਤੇ ਠੰਢ ਨਾਲ ਉਸ ਦੇ ਹੱਥ ਪੈਰ ਜਵਾਬ ਦੇਣ ਲੱਗੇ ਸਨ। ਅਰਧ ਬੇਹੋਸ਼ੀ ਦੇ ਆਲਮ `ਚ ਡਿੱਕਡੋਲੇ ਖਾਂਦਾ ਓਹ ਅਚਾਨਕ ਅੱਖਾਂ `ਤੇ ਯਕੀਨ ਨਾ ਕਰ ਸਕਿਆ ਜਦ ਉਸ ਸਾਮ੍ਹਣੇ ਕੁਝ ਦੂਰ ਬੇਸ ਕੈਂਪ ਹੱਟ ਦੇਖੀ। ਕੀ ਇਹ ਸੁਫਨਾ ਸੀ? ਨਹੀਂ। ਪਰ ਉਸ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ ਜਦ ਉਸ ਓਥੇ ਕੁਝ ਬੰਦਿਆਂ ਦੇ ਪਰਛਾਵੇਂ ਵੀ ਦੇਖੇ। ਉਨ੍ਹਾਂ ਵੀ ਮਾਅਸਨ ਨੂੰ ਦੇਖ ਲਿਆ ਸੀ ਤੇ ਫੌਰਨ ਦੌੜ ਕੇ ਆਪਣੇ ਲੀਡਰ ਨੂੰ ਚੁੱਕ ਕੇ ਬੇਸ ਕੈਂਪ ਹੱਟ ਵਿਚ ਲੈ ਗਏ। ‘ਅਰੌਰਾ’ ਨਾਮੀ ਬਚਾਅ ਸਿ਼ਪ ਉੱਥੋਂ ਕੁਝ ਸਮਾਂ ਪਹਿਲਾਂ ਚਲਾ ਗਿਆ ਸੀ ਪਰ ਛੇ ਬੰਦੇ ਇਸ ਕੈਂਪ `ਚ ਛੱਡ ਦਿੱਤੇ ਗਏ ਸਨ ਤਾਂ ਕਿ ਕੋਈ ਭਟਕਿਆ ਖੋਜੀ ਵਾਪਸ ਆ ਸਕਿਆ ਤਾਂ ਬਚਾਇਆ ਜਾ ਸਕੇ। ਕੁਝ ਮਹੀਨਿਆਂ ਬਾਅਦ ਸਿ਼ਪ ਵਾਪਸ ਆਉਣਾ ਸੀ ਪਰ ਬੇਸ ਕੈਂਪ `ਚ ਜੀਵਤ ਰਹਿਣ ਦਾ ਪੂਰਾ ਸਾਜ਼ੋ-ਸਾਮਾਨ ਉਪਲੱਬਧ ਸੀ। ਫਰਵਰੀ 1914 `ਚ ਮਾਅਸਨ ਆਸਟਰੇਲੀਆ ਅੱਪੜਿਆ ਜਿੱਥੇ ਉਸ ਦਾ ਜੌਰਜ ਪੰਜਵੇਂ ਨੇ ਸ਼ਾਹੀ ਸਨਮਾਨ ਕੀਤਾ। ਉਸ ਦੀਆਂ ਡਾਇਰੀ ਰਿਪੋਰਟਾਂ ਭੂ- ਵਿਗਿਆਨ ਲਈ ਅਨਮੋਲ ਸਾਬਤ ਹੋਈਆਂ। 1958 ਵਿਚ ਉਸ ਮਹਾਨ ਖੋਜੀ ਦੀ ਮੌਤ `ਤੇ ਆਸਟਰੇਲੀਆ `ਚ ਰਾਸ਼ਟਰੀ ਸ਼ੋਕ ਮਨਾਇਆ ਗਿਆ। ਆਪਣੇ ਦੇਸ਼, ਕੌਮ ਤੇ ਧਰਮ ਲਈ ਜੂਝਦੇ ਅਨੇਕਾਂ ਦੇਖੇ ਜਾਂਦੇ ਹਨ ਪਰ ਇਸ ਸਭ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਗਿਆਨ ਵਾਧੇ ਲਈ ਜੂਝਦੇ ਹੋਏ ਜਾਨਾਂ ਵਾਰਨ ਵਾਲੇ ਵਿਰਲੇ ਹੀ ਹੁੰਦੇ ਹਨ। ਇਨ੍ਹਾਂ ਖੋਜੀ ਜੁਝਾਰੂਆਂ ਨੂੰ ਸਲਾਮ! ( ਜਨਵਰੀ 2013 ਦੇ ਨੈਸ਼ਨਲ ਜਿਓਗ੍ਰਾਫਿਕ `ਚ ਛਪੇ ਲੇਖ ਤੇ ਆਧਾਰਤ)

-ਹਰਜੀਤ ਦਿਉਲ