ਡਾ. ਹਮਦਰਦ ਦੀ ਆਵਾਜ਼ ਵਿਚ ਉਰਦੂ ਸ਼ਾਇਰੀ ਦੀਆਂ ਤਿੰਨ ਸਦੀਆਂ

ਗੁਲਜ਼ਾਰ ਸਿੰਘ ਸੰਧੂ
ਬਰਜਿੰਦਰ ਸਿੰਘ ਹਮਦਰਦ ਦੀ ਗਾਇਕੀ ਦਾ ਸ਼ੌਕ ਕਿਸੇ ਤੋਂ ਗੁੱਝਾ ਨਹੀਂ। ਉਹ ਪੰਜਾਬੀ ਦੇ ਨਵੇਂ ਤੇ ਪੁਰਾਣੇ ਕਵੀਆਂ ਨੂੰ ਆਪਣੀ ਸਹਿਜ ਸੁਰੀਲੀ ਆਵਾਜ਼ ਨਾਲ ਦਰਜਨ ਤੋਂ ਵੱਧ ਸੀਡੀਆਂ ਵਿਚ ਕੈਦ ਕਰ ਚੁੱਕਿਆ ਹੈ। ਉਸਦਾ ਨਿਰੋਲ ਉਰਦੂ ਸ਼ਾਇਰੀ ਵੱਲ ਪਰਤਣਾ ਉਰਦੂ ਜ਼ਬਾਨ ਦੇ ਮੱਦਾਹਾਂ ਲਈ ਬੜੀ ਖ਼ੁਸ਼ੀ ਦੀ ਗੱਲ ਹੈ। ਉਸ ਜ਼ਬਾਨ ਵਲ ਜਿਸ ਦੇ ਬਾਰੇ ਕਿਸੇ ਨੇ ਕਿਹਾ ਹੈ:

ਉਰਦੂ ਕਾ ਮੁਸਾਫਰ ਹੈ
ਯਹੀ ਪਹਿਚਾਨ ਹੈ ਉਸਕੀ
ਜਿਸ ਰਾਹ ਸੇ ਗੁਜ਼ਰਤਾ ਹੈ
ਸਲੀਕਾ ਛੋੜ ਜਾਤਾ ਹੈ
ਬਰਜਿੰਦਰ ਸਿੰਘ ਨੇ ਇਸ ਸਲੀਕੇ ਨੂੰ ਨਫਾਸਤ ਪ੍ਰਦਾਨ ਕੀਤੀ ਹੈ। ਤਕਨੀਕੀ ਪੱਖ ਤੋਂ ਬਦਲਵੇਂ ਰੂਪ ਵਿਚ, ਸੀਡੀ ਦੀ ਥਾਂ ਪੈੱਨ ਡਰਾਈਵ ਰਾਹੀਂ। ਖੂਬੀ ਇਹ ਕਿ ਉਸ ਨੇ ਪਿਛਲੇ ਤਿੰਨ ਸੌ ਸਾਲ ਦੀ ਉਰਦੂ ਸ਼ਾਇਰੀ ਵਿਚੋਂ ਅੱਠ ਅਜਿਹੀਆਂ ਗ਼ਜ਼ਲਾਂ ਚੁਣੀਆਂ ਹਨ ਜਿਨ੍ਹਾਂ ਵਿਚ ਰਵਾਨੀ ਵੀ ਹੈ ਤੇ ਮਹਿਕ ਵੀ। ਕਮਾਲ ਤੇ ਲਾਸਾਨੀ। ਸਭ ਤੋਂ ਪਹਿਲੀ ਗ਼ਜ਼ਲ ਖਵਾਜ਼ਾ ਮੀਰ ਦਰਦ (1720-1785) ਦੀ ਹੈ। ਬੋਲ ਹਨ:
ਸਾਕੀਆ! ਯਾਂ ਲਗ ਰਹਾ ਹੈ ਚਲ ਚਲਾਵ
ਜਬ ਤਲਕ ਬਸ, ਚਲ ਸਕੇ,
ਸਾਗਰ ਚਲੇ
‘ਦਰਦ’ ਕੁਛ ਮਾਲੂਮ ਹੈ
ਯੇ ਲੋਗ ਸਭ,
ਕਿਸ ਤਰਫ ਸੇ ਆਏ ਥੇ
ਕਿਧਰ ਚਲੇ?
ਮੋਮਨ ਖਾਂ ਮੋਮਨ (1808-1852) ਇਸ ਗੱਲ ਨੂੰ ਅੱਗੇ ਤੋਰਦਾ ਹੈ:
ਤੁਮ ਹਮਾਰੇ ਕਿਸੀ ਤਰਾ ਨਾ ਹੂਏ
ਵਰਨਾ ਦੁਨੀਆਂ ਮੇਂ
ਕਿਆ ਨਹੀਂ ਹੋਤਾ
ਉਹ ਪਰ ਆਪਣੇ ਦਿਲ ਦੀ ਗੱਲ ਕਹਿਣਾ ਵੀ ਨਹੀਂ ਭੁੱਲਦਾ:
ਤੁਮ ਮੇਰੇ ਪਾਸ ਹੋਤੇ ਹੋ ਗੋਇਆ
ਜਬ ਕੋਈ ਦੂਸਰਾ ਨਹੀਂ ਹੋਤਾ
ਉਰਦੂੂ ਅਦਬ ਦੇ ਸ਼ੌਕੀਨ ਜਾਣਦੇ ਹਨ ਕਿ ਮੋਮਨ ਦੇ ਉਪ੍ਰੋਕਤ ਸ਼ਿਅਰ ਉੱਤੇ ਮਿਰਜ਼ਾ ਗਾਲਿਬ ਏਨਾ ਫਿਦਾ ਹੋਇਆ ਸੀ ਕਿ ਉਹ ਇਸ ਇਕੱਲੇ ਸ਼ਿਅਰ ਉੱਤੇ ਆਪਣੇ-ਕਲਾਮ ਦਾ ਮੁਕੰਮਲ ਦੀਵਾਨ ਵਾਰਨ ਲਈ ਤਿਆਰ ਸੀ। ਬਰਜਿੰਦਰ ਸਿੰਘ ਇਸ ਦੇ ਮੁਕਾਬਲੇ ਵਿਚ ਨਵਾਬ ਮਿਰਜ਼ਾ ਖਾਂ ਦਾਗ (1831-1905) ਨੂੰ ਲਿਆ ਖਲਾਰਦਾ ਹੈ:
ਖਾਤਿਰ ਸੇ ਯਾ ਲਿਹਾਜ਼ ਸੇ
ਮੈਂ ਮਾਨ ਤੋਂ ਗਯਾ
ਝੂਠੀ ਕਸਮ ਸੇ ਆਪਕਾ
ਈਮਾਨ ਤੋਂ ਗਯਾ
ਦੇਖਾ ਹੈ ਬੁੱਤ-ਕਦੇ ਮੇਂ ਜੋ
ਐ ਸ਼ੇਖ ਕੁੱਛ ਨਾ ਪੂਛ
ਈਮਾਨ ਕੀ ਤੋ ਯਹ ਹੈ
ਕਿ ਈਮਾਨ ਤੋ ਗਯਾ
ਫੇਰ ਬਰਜਿੰਦਰ ਸਿੰਘ ਦਾ ਸ਼ੌਕ ਉਸਨੂੰ ਮਾਨਵ ਦੇ ਨਿੱਜ ਵੱਲ ਖਿੱਚ ਲਿਆਉਂਦਾ ਹੈ ਜਿਸਦੀ ਤਰਜ਼ਮਾਨੀ ਫਿਰਾਕ ਗੋਰਖਪੁਰੀ (1896-1982) ਦੇ ਹੇਠ ਲਿਖੇ ਸ਼ਿਅਰ ਕਰਦੇ ਹਨ:
ਜਿਨਕੋ ਇਤਨਾ ਯਾਦ ਕਰੋ ਹੋ
ਚਲਤੇ ਫਿਰਤੇ ਸਾਏ ਥੇ
ਉਨਕੋ ਮਿਟੇ ਤੋ ਮੁੱਦਤ ਗੁਜ਼ਰੀ
ਨਾਮ ਓ ਨਿਸ਼ਾਂ ਕਿਆ ਪੂਛੇ ਹੋ
ਅਕਸਰ ਗਹਿਰੀ ਸੋਚ ਮੇਂ ਉਨਕੋ
ਖੋਯਾ ਖੋਯਾ ਪਾਵੇਂ ਹੈਂ
ਅਬ ਤੋ ਫਿਰਾਕ ਕਾ ਕੁਛ ਰੋਜ਼ੋਂ ਸੇ
ਜੋ ਆਲਮ ਕਿਆ ਪੂਛੋ ਹੋ
ਅਜਿਹੀ ਲਾਪ੍ਰਵਾਹ ਪਹੰੁਚ ਨੂੰ ਹੌਸਲਾ ਦੇਣ ਲਈ ਸਾਡਾ ਗਾਇਕ ਯਗਾਨਾ ਯਾਸ ਚੰਗੇਜ਼ੀ (1884-1956) ਵਰਗੇ ਉਸ ਸ਼ਾਇਰ ਦਾ ਦਾਮਨ ਜਾ ਫੜਦਾ ਹੈ ਜਿਸਦੇ ਨਾਂ ਤੋਂ ਮੇਰੇ ਵਰਗੇ ਅਨੇਕਾਂ ਪਾਠਕ ਤੇ ਸਰੋਤੇ ਵੀ ਜਾਣੂ ਨਹੀਂ:
ਮੁਸੀਬਤ ਕਾ ਪਹਾੜ ਆਖਿਰ
ਕਿਸੀ ਦਿਨ ਕਟ ਹੀ ਜਾਏਗਾ
ਮੁਝੇ ਸਰ ਮਾਰ ਕਰ ਤੇਸ਼ੇ ਸੇ
ਮਰ ਜਾਨਾ ਨਹੀਂ ਆਤਾ
ਦਿਲ ਏ ਬੇਹੌਸਲਾ ਹੈ
ਇਕ ਜ਼ਰਾ ਸੀ ਠੇਸ ਕਾ ਮਹਿਮਾ
ਵੁਹ ਆਂਸੂ ਕਿਆ ਪੀਏਗਾ
ਜਿਸ ਕੋ ਗਮ ਖਾਨਾ ਨਹੀਂ ਆਤਾ
ਇਸ ਤੋਂ ਪਹਿਲਾਂ ਕਿ ਬਰਜਿੰਦਰ ਸਿੰਘ ਦੀ ਅਗਲੀ ਪਸੰਦ ਦੀ ਗੱਲ ਕਰੀਏ ਮਿਰਜ਼ਾ ਗਾਲਿਬ ਦੇ ਮੱਦਾਹ ਉਸਦਾ ਹੇਠ ਲਿਖਿਆ ਸ਼ਿਅਰ ਗੁਣਗੁਣਾਏ ਬਿਨਾਂ ਨਹੀਂ ਰਹਿ ਸਕਦੇ:
ਨਗਮਾ ਹਾਏ ਗਮ ਕੋ ਬੀ ਐ
ਿ
ਦਲ ਗ਼ਨੀਮਤ ਜਾਨੀਏ
ਬੇਸਦਾ ਹੋ ਜਾਏਗਾ ਯੇਹ
ਸਾਜ਼ ਏ ਹਸਤੀ ਏਕ ਦਿਨ
ਪਰ ਸਾਡਾ ਗਾਇਕ ਮਿਰਜ਼ਾ ਗਾਲਿਬ ਦੀ ਟੇਕ ਲਏ ਬਿਨਾਂ ਮੁਹੰਮਦ ਨੂਰ ਨਾਰਵੀ (1878-1962) ਦੇ ਬੋਲ ਲੱਭ ਲਿਆੳਂੁਦਾ ਹੈ:
ਆਪ ਜਿਨ ਕੇ ਕਰੀਬ ਹੋਤੇ ਹੈਂ,
ਵੁਹ ਬੜੇ ਖ਼ੁਸ਼ ਨਸੀਬ ਹੋਤੇ ਹੈਂ
ਮੁਝ ਸੇ ਮਿਲਨਾ,
ਫਿਰ ਆਪ ਕਾ ਮਿਲਨਾ
ਆਪ ਕਿਸ ਕੋ ਨਸੀਬ ਹੋਤੇ ਹੈਂ
ਬਰਜਿੰਦਰ ਸਿੰਘ ਨੂੰ ਸਮਤੋਲ ਬਣਾਈ ਰੱਖਣ ਦੀ ਜਾਚ ਹੈ। ਜਿ਼ੰਦਗੀ ਵਿਚ ਹੀ ਨਹੀਂ ਗਾਇਕੀ ਵਿਚ ਵੀ। ਮੈਂ ਉਸਦੇ ਇਸ ਤਵਾਜ਼ਨ ਨੂੰ ਪਤਨੀ ਤੇ ਪ੍ਰੇਮਿਕਾ ਦੀ ਉਪਮਾ ਦਿੰਦਾ ਹੈ। ਉਸਦੇ ਜੀਵਨ ਵਿਚ ਪੱਤਰਕਾਰੀ ਇਕ ਪਤਨੀ ਵਾਂਗ ਜੀਵਨ ਨਿਰਵਾਹ ਤੇ ਜ਼ਿੰਦਗੀ ਨੂੰ ਮਜ਼ੇ ਨਾਲ ਜੀਉਣ ਦਾ ਵਸੀਲਾ ਬਣਦੀ ਹੈ ਤੇ ਗਾਇਕੀ ਇਕ ਪ੍ਰੇਮਿਕਾ ਵਾਂਗ ਜ਼ੌਕ ਤੇ ਸ਼ੌਕ ਬਣਾਈ ਰੱਖਣ ਦਾ। ਉਹ ਆਪਣੀ ਇਸ ਭਾਵਨਾ ਨੂੰ ਸ਼ਬਦੀ ਰੂਪ ਦੇਣ ਲਈ ਮੁਹੰਮਦ ਦੀਨ ਤਾਸੀਰ (1902-1958) ਦੇ ਬੋਲ ਲੱਭ ਲੈਂਦਾ ਹੈ:
ਜਾ ਕਰ ਭੀ ਨਾਸ਼ਾਦ ਕੀਆ ਥਾ
ਆ ਕਰ ਭੀ ਨਾਸ਼ਾਦ ਕਰੋਗੇ
ਉਸਦੀ ਇਸ ਭਾਵਨਾ ਦਾ ਸੰਪੂਰਨ ਵਰਤਾਰਾ ਵੇਖਣਾ ਹੋਵੇ ਤਾਂ ਉਹਦੇ ਵਲੋਂ ਚੁਣੀ ਗਈ ਮਖਮੂਰ ਦੇਹਲਵੀ (1900-1956) ਦੀ ਪੂਰੀ ਜਿਹੜੀ ਅੰਤਿਕਾ ਵਿਚ ਪੇਸ਼ ਹੈ:
ਮਖਮੂਰ ਜਲੰਧਰੀ ਤੇ ਮੇਰਾ ਯਾਰ ਦਲੀਪਾ
ਜਦੋਂ ਮੈਂ ਕਾਲਜ ਦੀ ਵਿਦਿਆ ਖ਼ਤਮ ਕਰ ਕੇ 70 ਸਾਲ ਪਹਿਲਾਂ ਦਿੱਲੀ ਪਹੰੁਚਿਆਂ ਤਾਂ ਕਨਾਟ ਪਲੇਸ ਦਾ ਕਾਫ਼ੀ ਹਾਊਸ ਬੇਕਾਰ ਤੇ ਬੇਰੁਜ਼ਗਾਰ ਲੇਖਕਾਂ ਤੇ ਕਲਾਕਾਰਾਂ ਦਾ ਅੱਡਾ ਸੀ। ਏਥੇ ਇੰਦਰ ਕੁਮਾਰ ਗੁਜਰਾਲ ਵਰਗੇ ਸਿਆਸਤਦਾਨ ਵੀ ਅਕਸਰ ਹਾਜ਼ਰ ਹੰੁਦੇ ਸਨ। ਉਰਦੂ ਸ਼ਾਇਰ ਮਖਮੂਰ ਜਲੰਧਰੀ ਤੇ ਵਿਅੰਗਕਾਰ ਫਿਕਰ ਤੌਂਸਵੀ ਵੀ ਦੋਵੇਂ ਉਰਦੂ ‘ਮਿਲਾਪ’ ਵਿਚ ਬਰਸਰ ਏ ਰੋਜ਼ਗਾਰ ਸਨ। ਫਿਕਰ ਤੌਂਸਵੀ ਨੂੰ ਕਾਫੀ ਹਾਊਸ ਵਿਚ ਆਪਣੇ ਕਾਲਮ ‘ਪਿਆਜ਼ ਕੇ ਛਿਲਕੇ’ ਵਾਸਤੇ ਮਸਾਲਾ ਮਿਲ ਜਾਂਦਾ ਸੀ ਤੇ ਮਖਮੂਰ ਨੂੰ ਨਾਟਕ ਲਿਖਣ ਲਈ ਲੋੜੀਂਦੀ ਸਮੱਗਰੀ, ਉਹ ਆਪਣੇ ਨਾਟਕਾਂ ਦੀ ਕਮਾਈ ਨੂੰ ਬਾਲਾਈ ਆਮਦਨ ਕਹਿੰਦਾ ਸੀ ਜਿਹੜੀ ਕਾਫੀ ਹਾਊਸ ਜਾਂ ਸ਼ਾਮ ਦੀ ਦਾਰੂ ਦੇ ਕੰਮ ਆਉਂਦੀ ਸੀ। ਉਂਝ ਉਸਨੂੰ ਆਪਣੀ ਸ਼ਾਇਰੀ `ਤੇ ਮਾਣ ਸੀ। ਨਾਟਕ ਦੇ ਪਲਾਟ ਦੀ ਕਾਫੀ ਹਾਊਸ ਦੇ ਫੇਰੇ ਤੋਰੇ ਕਾਰਨ ਕਦੀ ਘਾਟ ਨਹੀਂ ਸੀ ਹੋਈ। ਉਧਰ ਰੇਡੀਓ ਵਾਲਿਆਂ ਦੀ ਬੰਦਸ਼ ਸੀ ਕਿ ਉਸਨੂੰ ਮਹੀਨੇ ਵਿਚ ਚਾਰ ਨਾਟਕਾਂ ਤੋਂ ਵੱਧ ਭਾਵ ਸੌ ਰੁਪਏ ਤੋਂ ਵੱਧ ਪੈਸੇ ਨਹੀਂ ਸਨ ਦੇ ਸਕਦੇ। ਇਕ ਵਾਰੀ ਸਟੇਸ਼ਨ ਮਾਸਟਰ ਨੂੰ ਭੁਲੇਖਾ ਲੱਗ ਗਿਆ ਤੇ ਉਸਨੇ ਇਕ ਫਾਲਤੂ ਨਾਟਕ ਦੀ ਮੰਗ ਕੀਤੀ ਤਾਂ ਮਖਮੂਰ ਨੇ ਦਿਨ ਰਾਤ ਇਕ ਕਰ ਕੇ ਮੰਗ ਪੂਰੀ ਕਰ ਦਿੱਤੀ। ਜਦ ਸਟੇਸ਼ਨ ਮਾਸਟਰ ਨੇ ਆਪਣੇ ਭੁਲੇਖੇ ਦੀ ਖਿਮਾ ਮੰਗ ਕੇ ਇਸ ਨਾਟਕ ਦੇ ਪੈਸੇ ਦੇਣ ਦੀ ਮਜਬੂਰੀ ਜਤਲਾਈ ਤਾਂ ਮਖਮੂਰ ਨੇ ਨਾਟਕ ਦੇ ਲੇਖਕ ਦਾ ਨਾਂ ਦਲੀਪ ਸਿੰਘ ਉਰਫ ਦਲੀਪਾ ਲਿਖ ਦਿੱਤਾ ਜਿਹੜਾ ਕੈਂਪ ਕਾਲਜ ਵਿਚ ਮੇਰਾ ਹਮ-ਜਮਾਤੀ ਸੀ। ਮਿਲਣ ਵਾਲੀ ਮਾਇਆ ਤਾਂ ਉਝ ਵੀ ਕਾਫੀ ਤੇ ਸੋਮ ਰਸ ਲਈ ਹੀ ਸੀ। ਆਕਾਸ਼ਬਾਣੀ ਵਾਲਿਆਂ ਦਾ ਟਾਈਪਿਸਟ ਦਲੀਪੇ ਦਾ ਵੀ ਜਾਣੂ ਸੀ। ਉਸਨੂੰ ਮਿਲਿਆ ਤਾਂ ਉਸਨੇ ਦਲੀਪੇ ਦੇ ਨਾਂ ਵਾਲੇ ਨਾਟਕ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ। ਉਸਦਾ ਅੰਤਲਾ ਵਾਕ ਨੋਟ ਕਰਨ ਵਾਲਾ ਸੀ। ‘‘ਸਾਡੇ ਦਫ਼ਤਰ ਵਾਲੇ ਐਵੇਂ ਹੀ ਮਖਮੂਰ ਨੂੰ ਪੈਸੇ ਲੁਟਾਈ ਜਾਂਦੇ ਹਨ। ਅਸਲ ਨਾਟਕ ਤਾਂ ਮੈਂ ਅੱਜ ਟਾਈਪ ਕੀਤਾ ਹੈ ਜਿਸਦੇ ਮੁਕਾਬਲੇ ਵਿਚ ਮਖਮੂਰ ਦੇ ਨਾਟਕ ਤਾਂ ਇਸ ਦੇ ਪੈਰਾਂ ਵਰਗੇ ਵੀ ਨਹੀਂ ਹੰੁਦੇ।’’

ਅੰਤਿਕਾ
ਮਖਮੂਰ ਦੇਹਕਵੀ
ਕਿਸੀ ਸੇ ਮੇਰੀ ਮੰਜ਼ਿਲ ਕਾ
ਪਤਾ ਪਾਇਆ ਨਹੀਂ ਜਾਤਾ,
ਜਹਾਂ ਮੈਂ ਹੰੂ ਫਰਿਸ਼ਤੋਂ ਸੇ
ਵਹਾਂ ਜਾਇਆ ਨਹੀਂ ਜਾਤਾ।
ਮੇਰੇ ਟੂਟੇ ਹੂਏ ਪਾਏ-ਤਲਬ ਕਾ
ਮੁਝ ਪੇ ਅਹਿਸਾਂ ਹੈ,
ਤੁਮਹਾਰੇ ਦਰ ਸੇ ਉੱਠ ਕਰ
ਅਬ ਕਹੀਂ ਜਾਇਆ ਨਹੀਂ ਜਾਤਾ।
ਮੁਹੱਬਤ ਹੋ ਹੀ ਜਾਤੀ ਹੈ, ਮੁਹੱਬਤ ਕੀ ਨਹੀਂ ਜਾਤੀ।
ਯਹ ਸ਼ੋਲਾ ਖ਼ੁਦ ਭੜਕ ਉਠਤਾ ਹੈ,
ਭੜਕਾਇਆ ਨਹੀਂ ਜਾਤਾ।
ਚਮਨ ਤੁਮ ਸੇ ਮੁਬਾਰਕ ਹੈ,
ਬਹਾਰੇਂ ਤੁਮ ਸੇ ਜਿ਼ੰਦਾ ਹੈਂ,
ਤੁਮਹਾਰੇ ਸਾਮਨੇ ਫੂਲੋਂ ਸੇ,
ਮੁਰਝਾਇਆ ਨਹੀਂ ਜਾਤਾ।
ਹਰ ਇਕ ਦਾਗੇ ਤਮੰਨਾ ਕੋ,
ਕਲੇਜੇ ਸੇ ਲਗਾਇਆ ਹੈ,
ਕਿ ਘਰ ਆਈ ਹੂਈ ਦੌਲਤ ਕੋ,
ਠੁਕਰਾਇਆ ਨਹੀਂ ਜਾਤਾ।
ਮੁਹੱਬਤ ਕੇ ਲੀਏ ਕੁਛ
ਖਾਸ ਦਿਲ ਮਖਸੂਸ ਹੋਤੇ ਹੈਂ,
ਯੇਹ ਵੁਹ ਨਗ਼ਮਾ ਹੈ ਜੋ
ਹਰ ਸਾਜ਼ ਪੇ ਗਾਇਆ ਨਹੀਂ ਜਾਤਾ।
ਮੁਹੱਬਤ ਅਸਲ ਮੇਂ ‘ਮਖਮੂਰ’ ਵੋਹ
ਰਾਜ਼ੇ ਹਕੀਕਤ ਹੈ,
ਸਮਝ ਮੇਂ ਆ ਗਯਾ ਹੈ,
ਫਿਰ ਭੀ ਸਮਝਾਇਆ ਨਹੀਂ ਜਾਤਾ।