ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਸਿਆਣਪ, ਸਤਿ ਅਤੇ ਨਿਆਉਂ ਆਦਿ ਗੁਣਾਂ ਦੀ ਗੱਲ ਕੀਤੀ ਸੀ। ਇਨ੍ਹਾਂ ਗੁਣਾਂ ਦੇ ਨਾਲ ਹੀ ਅਗਲਾ ਗੁਣ ਹੈ ਸੰਜਮ ਜੋ ਸਿੱਖ ਵਿਅਕਤੀਤਵ ਦਾ ਲਾਜ਼ਮ ਗੁਣ ਮੰਨਿਆ ਗਿਆ ਹੈ। ਇਸੇ ਦੀ ਗੱਲ ਇੱਥੇ ਕੀਤੀ ਜਾਵੇਗੀ।
ਸੰਜਮ: ‘ਸੰਜਮ’ ਜਾਂ ਆਤਮ-ਸੰਜਮ ਵੀ ਇੱਕ ਅਜਿਹਾ ਗੁਣ ਹੈ ਜਿਸ ਨੂੰ ਸਿੱਖ ਨੈਤਿਕਤਾ ਵਿਚ ਵਿਸ਼ੇਸ਼ ਥਾਂ ਹਾਸਲ ਹੈ। ਸੰਜਮ ਨੁੰ ਉਚਤਮ ਵੱਲੋਂ ਨਿਚਤਮ ਨੂੰ ਕਾਬੂ ਕਰਨ ਵਾਲਾ ਵੀ ਅਤੇ ਉਸ ਨੂੰ ਸੇਧ ਦੇਣ ਵਾਲਾ ਵੀ ਮੰਨਿਆ ਗਿਆ ਹੈ। ਗੁਰੂ ਅਮਰਦਾਸ ਇੱਕ ਪ੍ਰਸ਼ਨ ਕਰਦੇ ਹਨ ਕਿ ਹੇ ਅਕਾਲ ਪੁਰਖ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਦ੍ਰਿੜ ਕਰ ਲਵਾਂ, ਕਿਹੜੇ ਗੁਣ ਆਪਣੇ ਅੰਦਰ ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ? ਮੈਨੂੰ ਆਪਣੇ ਆਪ ਤਾਂ ਇਸ ਗੱਲ ਦੀ ਸਮਝ ਨਹੀਂ ਲਗ ਸਕਦੀ। ਜੇ ਤੂੰ ਮੇਰੇ ਤੇ ਮਿਹਰ ਕਰੇਂ ਤਾਂ ਤੇਰਾ ਨਾਮ ਹੀ ਮੇਰਾ ਅਸਲ ਸਾਥੀ ਹੈ (ਜਿਸ ਤੋਂ ਮੈਨੂੰ ਸਮਝ ਲਗ ਸਕਦੀ ਹੈ)। ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿਚ ਗੁਰੂ ਅਮਰਦਾਸ ਸੰਜਮੀ ਪੁਰਸ਼ਾਂ ਦੇ ਹਵਾਲੇ ਨਾਲ ਇਸ ਦਾ ਆਪ ਹੀ ਉਤਰ ਦਿੰਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖ ਨੇ ਆਤਮਕ ਸੂਝ ਬਖ਼ਸ਼ੀ ਹੈ, ਜਿਨ੍ਹਾਂ ਨੂੰ ਉਸ ਦੇ ਦਰ ਦੀ ਸੋਝੀ ਹੋ ਗਈ ਹੈ, ਉਹ ਮਨੁੱਖ ਵਿਕਾਰਾਂ ਵਿਚ ਆਪਣਾ ਜੀਵਨ ਨਸ਼ਟ ਨਹੀਂ ਕਰਦੇ। ਉਨ੍ਹਾਂ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ:
ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ॥
ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ॥3॥
ਜਿਨ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰੁ ਬੂਝ ਬੁਝਾਈ॥
ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ॥6॥ (ਪੰਨਾ 1234)
ਗੁਰੂ ਅਮਰਦਾਸ ਅੱਗੇ ਸਪੱਸ਼ਟ ਕਰਦੇ ਹਨ ਕਿ ਮਹਿਜ ਵਰਤ ਰੱਖਣਾ, ਤਪ ਕਰਨਾ ਆਦਿ ਸੰਜਮ ਨਹੀਂ ਹੈ। ਸੰਜਮ ਅਤੇ ਸੱਚ ਦੀ ਕਾਰ ਕਮਾਉਣਾ ਹੀ ਸੱਚੀ ਕਾਰ ਹੈ। ਸੱਚ ਦੀ ਕਾਰ ਅਤੇ ਸੰਜਮ ਦੋ ਅਜਿਹੇ ਗੁਣ ਹਨ ਜੋ ਮਨੁੱਖ ਦੀਆਂ ਨੀਵੀਆਂ ਬਿਰਤੀਆਂ ਨੂੰ ਕਾਬੂ ਵਿਚ ਰੱਖ ਕੇ ਉਸ ਦੀ ਉਚਤਮ ਬਿਰਤੀਆਂ ਵੱਲ ਪ੍ਰੇਰਨਾ ਦਾ ਕਾਰਨ ਬਣਦੇ ਹਨ।
ਬਾਣੀ ਵਿਚ ਬਹੁਤ ਥਾਂਵਾਂ ‘ਤੇ ਅਜਿਹੇ ਸੰਕੇਤ ਮਿਲ ਜਾਂਦੇ ਹਨ ਜਿਥੇ ਗੁਰੂ ਨਾਨਕ ਸਾਹਿਬ ਜੋਗ ਵਰਗੇ ਕਠਿਨ ਸਾਧਨਾਂ ਰਾਹੀਂ ਆਤਮ-ਸੰਜਮ ਵਰਗੇ ਇੰਤਹਾਪਸੰਦ ਸਾਧਨਾਂ ਦੀ ਨਿਖੇਧੀ ਕਰਦੇ ਹਨ। ਅਜਿਹੀ ਰਹਿਤ ਜਗਿਆਸੂ ਲਈ ਕਠਿਨ, ਹਿੰਸਾਤਮਕ ਸਾਧਨਾਂ ਰਾਹੀਂ ਸਰੀਰ ਦੇ ਵੱਖ ਵੱਖ ਗਿਆਨ-ਇੰਦ੍ਰਿਆ ਦੇ ਸੰਜਮ ਦੀ ਗੱਲ ਕਰਦੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਹਠਜੋਗ ਦਾ ਨਾਮ ਦਿੱਤਾ ਹੈ ਅਤੇ ਨਕਾਰਿਆ ਹੈ। ਉਹ ਇਸੇ ਸਬੰਧ ਵਿਚ ਪ੍ਰਸ਼ਨ ਰੱਖਦੇ ਹਨ ਕਿ ਉਸ ਅਪਹੁੰਚ ਪਰਮਾਤਮਾ ਦੇ ਨਗਰ ਤੱਕ ਕਿਸ ਤਰ੍ਹਾਂ ਪਹੁੰਚ ਸਕੀਦਾ ਹੈ? ਤਾਂ ਇਸ ਦਾ ਉਤਰ ਦਿੰਦੇ ਹਨ ਕਿ ਉਸ ਦੇ ਨਗਰ ਤੱਕ ਉਸ ਦੇ ਨਾਮ ਸਿਮਰਨ ਰਾਹੀਂ ਪਹੁੰਚ ਸਕੀਦਾ ਹੈ, ਇੰਦ੍ਰਿਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ, ਪਰਮਾਤਮ-ਗੁਣਾਂ ਨੂੰ ਆਪਣੇ ਅੰਦਰ ਸੰਭਾਲ ਕੇ ਸਤਿਗੁਰੂ ਦਾ ਸ਼ਬਦ ਕਮਾਉਣਾ ਚਾਹੀਦਾ ਹੈ। ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਮੇਲ ਕਰਾਉਣ ਵਾਲੇ ਗੁਰ-ਸ਼ਬਦ ਨੂੰ ਕਮਾਇਆਂ ਨਿਜ-ਘਰ (ਆਤਮ-ਅਨੁਭਵ) ਤੱਕ ਪਹੁੰਚ ਸਕੀਦਾ ਹੈ, ਪਰਮਾਤਮਾ ਲੱਭ ਲਈਦਾ ਹੈ। ਫਿਰ ਦੁਨਿਆਵੀ ਜਤਨਾਂ ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਰਮਾਤਮਾ ਸ਼੍ਰੋਮਣੀ ਹੈ। ਇਹ ਲੁਕਾਈ ਜਪ-ਤਪ ਕਰਕੇ ਹਾਰ ਗਈ ਹੈ, ਇਸ ਤਰ੍ਹਾ ਦੇ ਹਠ-ਕਰਮਾਂ ਨਾਲ, ਇੰਦ੍ਰਿਆਂ ਨੂੰ ਵੱਸ ਕਰਨ ਦੇ ਉਪਰਾਲਿਆਂ ਨਾਲ ਅਕਾਲ ਪੁਰਖ ਨਹੀਂ ਮਿਲਦਾ। ਜਿਨ੍ਹਾਂ ਨੂੰ ਸਤਿਗੁਰੂ ਦੀ ਦਿੱਤੀ ਮੱਤ ਰਾਹੀਂ ਜੀਵਨ-ਜਾਚ ਦੀ ਸੋਝੀ ਹੋ ਜਾਂਦੀ ਹੈ, ਪਰਮਾਤਮਾ ਦੀ ਮਿਹਰ ਸਦਕਾ ਉਨ੍ਹਾਂ ਦਾ ਉਸ ਨਾਲ ਮੇਲ ਹੋ ਜਾਂਦਾ ਹੈ:
ਤਿਤੁ ਅਗਮ ਤਿਤੁ ਅਗਮਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ॥
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ॥
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ॥
ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ॥
ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ॥
ਨਾਨਕ ਸਹਜਿ ਮਿਲੇ ਜਗਜੀਵਨੁ ਸਤਿਗੁਰ ਬੂਝ ਬੁਝਾਈਐ॥2॥ (ਪੰਨਾ 436)
ਸਿੱਖ ਧਰਮ ਚਿੰਤਨ ਵਿਚ ਆਤਮ-ਸੰਜਮ ਦਾ ਆਦਰਸ਼ ਪ੍ਰਾਪਤ ਕਰਨ ਲਈ ਜੋਗ-ਸਾਧਨਾ ਵਰਗੇ ਇੰਤਹਾਪਸੰਦ ਤਰੀਕਿਆਂ ਨੂੰ ਨਕਾਰ ਕੇ ਆਤਮ-ਸੰਜਮ ਲਈ ਸਹਿਜ-ਮਾਰਗ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਆਮ ਆਦਮੀ ਲਈ ਸੰਭਵ ਹੈ ਕਿਉਂਕਿ ਇਸ ਵਿਚ ਥੋੜਾ ਖਾਣ, ਥੋੜਾ ਸੌਣ ਅਤੇ ਥੋੜਾ ਬੋਲਣ ਵਰਗੇ ਹੋਰ ਤਰੀਕਿਆਂ ਨੂੰ ਅਪਨਾਉਣ ਲਈ ਕਿਹਾ ਗਿਆ ਹੈ। ਇਹ ਇੱਕ ਪਾਸੇ ਬਹੁਤਾ ਖਾਣ, ਬਹੁਤਾ ਸੌਣ ਅਤੇ ਬਹੁਤਾ ਬੋਲਣ ਅਤੇ ਦੂਸਰੇ ਪਾਸੇ ਵਰਤ ਰੱਖਣ, ਨਾ-ਸੌਣ ਅਤੇ ਮੋਨ ਵਰਤ ਦੇ ਵਿਚਕਾਰਲਾ ਰਸਤਾ ਹੈ। ‘ਸਿਧ ਗੋਸਟਿ’ ਵਿਚ ਜੋਗੀ ਗੁਰੂ ਨਾਨਕ ਸਾਹਿਬ ਨੂੰ ਜੋਗ ਦਾ ਗਿਆਨ ਮਾਰਗ ਦੱਸਦਾ ਹੈ ਕਿ ਅਸੀਂ ਦੁਨੀਆਦਾਰੀ ਦੇ ਸੰਸਿਆਂ-ਝਮੇਲਿਆਂ ਤੋਂ ਦੂਰ ਜੰਗਲ ਵਿਚ ਕਿਸੇ ਰੁੱਖ ਦੀ ਛਾਂ ਹੇਠ ਰਹਿੰਦੇ ਅਤੇ ਗਾਜਰ-ਮੂਲੀ ਖਾ ਕੇ ਗੁਜ਼ਾਰਾ ਕਰਦੇ ਹਾਂ, ਤੀਰਥ-ਇਸ਼ਨਾਨ ਕਰਦੇ ਹਾਂ, ਇਸ ਦਾ ਫਲ ‘ਸੁਖ’ ਮਿਲਦਾ ਹੈ ਅਤੇ ਮਨ ਨੂੰ ਕੋਈ ਮੈਲ ਵੀ ਨਹੀਂ ਲਗਦੀ। ਇਸ ਦਾ ਉਤਰ ਦਿੰਦਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਸਲ ਗਿਆਨ ਦੀ ਵਿਚਾਰ ਇਹ ਹੈ ਕਿ ਸੰਸਾਰ ਦੇ ਧੰਦਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾ ਆਵੇ ਅਰਥਾਤ ਧੰਦਿਆਂ ਵਿਚ ਹੀ ਗ਼ਲਤਾਨ ਨਾ ਹੋ ਜਾਵੇ, ਪਰਾਏ ਘਰ ਵਿਚ ਮਨ ਨੂੰ ਡੋਲਣ ਨਾ ਦੇਵੇ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਮਨ ਟਿਕ ਨਹੀਂ ਸਕਦਾ। ਜਿਸ ਮਨੁੱਖ ਨੂੰ ਸਤਿਗੁਰੂ ਨੇ ਨਾਮ ਦਾ ਟਿਕਾਣਾ, ਸ਼ਹਿਰ ਅਤੇ ਘਰ ਦਿਖਾ ਦਿੱਤਾ ਹੈ, ਉਹ ਸੰਸਾਰਕ ਧੰਦਿਆਂ ਵਿਚ ਰਹਿ ਕੇ ਵੀ ਅਡੋਲ ਰਹਿੰਦਾ ਹੈ ਅਤੇ ਨਾਮ ਦਾ ਵਣਜ ਕਰਦਾ ਹੈ; ਉਸ ਮਨੁੱਖ ਦੀ ਨੀਂਦ ਵੀ ਥੋੜੀ ਹੁੰਦੀ ਹੈ ਅਤੇ ਖ਼ੁਰਾਕ ਵੀ, ਅਰਥਾਤ ਉਹ ਦੁਨਿਆਵੀ ਸੁਆਦਾਂ ਵਿਚ ਮਸਰੂਫ ਨਹੀਂ ਰਹਿੰਦਾ:
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋਲਾਈ॥
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥8॥ (ਪੰਨਾ 939)
ਇਸੇ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਨੇ ਲਿਖਿਆ ਹੈ ਕਿ ਗੁਰਸਿੱਖ ਥੋੜਾ ਬੋਲਦਾ ਹੈ, ਥੋੜਾ ਸੌਂਦਾ ਅਤੇ ਖਾਂਦਾ ਹੈ। ਦੂਸਰਿਆਂ ਦੀ ਦੌਲਤ, ਪਰਾਈ ਇਸਤਰੀ ਅਤੇ ਪਰਾਈ ਨਿੰਦਿਆਂ ਤੋਂ ਦੂਰ ਰਹਿੰਦਾ ਹੈ,
ਗੁਰਸਿਖ ਥੋੜਾ ਬੋਲਣਾ ਥੋੜਾ ਸਉਣਾ ਥੋੜਾ ਖਾਣਾ।
ਪਰ ਤਨ ਪਰ ਧਨ ਪਰਹਰੈ ਪਰ ਨਿੰਦਾ ਸੁਣਿ ਮਨਿ ਸਰਮਾਣਾ। (32/2)
ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਵਿਚ ਆਤਮ-ਸੰਜਮ ਲਈ ਹਠ-ਜੋਗ ਵਰਗੀਆਂ ਸਖਤ ਕ੍ਰਿਆਵਾਂ ਦੀ ਨਿਖੇਧੀ ਕੀਤੀ ਗਈ ਹੈ ਪਰ ਸੰਜਮ ਨੂੰ ਸੰਤੁਲਨ ਬਣਾਈ ਰੱਖਣ ਵਾਲੇ ਗੁਣ ਦੇ ਰੂਪ ਵਿਚ ਸਵੀਕਾਰਿਆ ਗਿਆ ਹੈ।
ਗੁਰੂ ਸਾਹਿਬਾਨ ਦੀ ਬਾਣੀ ਵਿਚ ਆਮ ਤੌਰ ਤੇ ‘ਸਤ ਸੰਜਮ’ ਜਾਂ ‘ਸਚ ਸੰਜਮ’ ਮੁਹਾਵਰੇ ਦੀ ਵਰਤੋਂ ਕੀਤੀ ਮਿਲਦੀ ਹੈ ਜਿਸ ਰਾਹੀਂ ਗੁਰੂ ਸਾਹਿਬਾਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਜਮ ਅਜਿਹਾ ਗੁਣ ਹੈ ਜੋ ਸਤਿ ਮਨੁੱਖ ਦੇ ਦੂਸਰੇ ਪਹਿਲੂਆਂ ਨੂੰ ਨਿਯਮਤ ਕਰਦਾ ਹੈ। ਸਤਿ ਜਾਂ ਸਚਿ ਉਚਤਮ ਬਿਰਤੀ ਹੈ ਜੋ ਕਿ ਨੀਵੀਂਆਂ ਬਿਰਤੀਆਂ ਨੂੰ ਨਿਯਮਤ ਕਰਦੀ ਹੈ।
ਦਲੇਰੀ: ਦਲੇਰੀ ਸਿੱਖ ਨੈਤਿਕਤਾ ਦਾ ਕੇਂਦਰੀ ਗੁਣ ਹੈ। ਦਲੇਰੀ ਤੋਂ ਬਗੈਰ ਮਨੁੱਖ ਪਰਮਾਣਿਕਤਾ-ਰਹਿਤ ਹੈ। ਦਲੇਰੀ ਗੁੰਝਲਦਾਰ ਗੁਣ ਹੈ। ਇਸ ਵਿਚ ਭਾਵੇਂ ਹਿੰਮਤ ਅਤੇ ਸੂਰਮਗਤੀ ਦੋਵੇਂ ਇਕੱਠੇ ਇੱਕ ਚਰਿੱਤ੍ਰ ਦੇ ਗੁਣ ਹਨ ਪਰ ਹਾਲਾਤ ਪ੍ਰਤੀ ਇਨ੍ਹਾਂ ਦੀ ਪ੍ਰਤਿਕਿਰਿਆ ਵੱਖਰੀ ਵੱਖਰੀ ਹੁੰਦੀ ਹੈ। ਇਤਿਹਾਸਕ ਤੌਰ ਤੇ ਸਿੱਖ ਧਰਮ ਵਿਚ ਦਲੇਰੀ ਪਹਿਲਾਂ ਆਉਂਦੀ ਹੈ, ਪਰ ਨੈਤਿਕ ਮਹੱਤਤਾ ਤੋਂ ਇਸ ਵਿਚ ਬਹਾਦਰੀ ਦੀ ਸਮਰੱਥਾ ਆਉਣੀ ਜ਼ਰੂਰੀ ਹੈ। ਹਿੰਮਤ ਦੇ ਬਹਾਦਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ, ਵਿਅਕਤੀ ਨੂੰ ਇਹ ਪੱਕਾ ਹੋਣਾ ਚਾਹੀਦਾ ਹੈ ਕਿ ਬਹਾਦਰੀ-ਪ੍ਰਤਿਕਿਰਿਆ ਦੇ ਹਾਲਾਤ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੇ ਨੈਤਿਕ ਜ਼ਾਬਤੇ ਤੋਂ ਬਗੈਰ ਕ੍ਰੋਧ-ਵੱਸ ਹੋ ਕੇ ਮਨੁੱਖ ਦੀ ਪ੍ਰਤਿਕਿਰਿਆ ਹਿੰਸਕ ਵੀ ਹੋ ਸਕਦੀ ਹੈ, ਅਤੇ ਜਿਸ ਨੂੰ ਉਹ ਬਹਾਦਰੀ ਸਿੱਧ ਕਰ ਸਕਦਾ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸੰਤੁਲਨ ਰਾਹੀਂ ਸੇਧੀ ਹੋਈ ਬਹਾਦਰੀ ਹੀ ਅਸਲੀ ਨੈਤਿਕ ਪ੍ਰਕਿਰਿਆ ਹੈ। ਦਲੇਰੀ ਦੀ ਨੈਤਿਕ ਸਮਰੱਥਾ ਤੋਂ ਬਿਨਾਂ, ਮਨੁੱਖ ਦੇਖਣ ਨੂੰ ਭਾਵੇਂ ਬਹਾਦਰ ਲੱਗੇ ਪਰ ਵਿਚੋਂ ਉਹ ਡਰਪੋਕ ਵੀ ਹੋ ਸਕਦਾ ਹੈ।
ਸਿੱਖ ਇਤਿਹਾਸ ਵਿਚ ਪੰਜਵੇਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਦਲੇਰੀ ਦੀ ਸੁਰ ਜ਼ਿਆਦਾ ਪ੍ਰਮੁੱਖ ਹੋ ਗਈ। ਇਹ ਗੱਲ ਵਿਲੱਖਣ ਅਤੇ ਮੌਕਾ-ਮੇਲ ਹੈ ਕਿ ਪੰਜਵੇਂ ਗੁਰੂ ਦਾ ਸਮਾਂ ਦਸ ਗੁਰੂ ਸਾਹਿਬਾਨ ਦੇ ਮੱਧ ਵਿਚ ਆਉਂਦਾ ਹੈ। ਦਲੇਰੀ ਅਤੇ ਬਹਾਦਰੀ ਦੋਵੇਂ ਪੱਖ ਇੱਕ-ਦੂਸਰੇ ਤੋਂ ਅਲੱਗ ਨਹੀਂ ਬਲਕਿ ਸਿੱਖ ਧਰਮ ਵਿਚ ਦੋਵਾਂ ਦਾ, ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸੁਮੇਲ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਲੇਰ ਅਤੇ ਬਹਾਦਰ ਮਨੁੱਖ ਲਈ ਸੂਰਾ, ਸੂਰਬੀਰ, ਨਿਡਰ ਅਤੇ ਨਿਰਭਉ ਸ਼ਬਦ ਵਰਤੇ ਮਿਲਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਦਾ ਸਲੋਕ ਹੈ, ਜਿਸ ਦਾ ਬਹਾਦਰੀ ਅਤੇ ਦਲੇਰੀ ਦੇ ਸਬੰਧ ਵਿਚ ਆਮ ਤੌਰ ਤੇ ਉਚਾਰਨ ਕੀਤਾ ਜਾਂਦਾ ਹੈ। ਭਗਤ ਕਬੀਰ ਜੀ ਅਨੁਸਾਰ ਜਿਹੜਾ ਮਨੁੱਖ ਇਸ ਸੰਸਰ-ਰੂਪੀ ਮੈਦਾਨਿ-ਜੰਗ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਂਦਾ ਹੈ, ਅਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਇੱਕ ਅਜਿਹਾ ਮੌਕਾ ਹੈ ਜਦੋਂ ਇਨ੍ਹਾਂ ਨਾਲ ਲੜਿਆ ਜਾ ਸਕਦਾ ਹੈ, ਉਹ ਅਸਲੀ ਸੂਰਮਾ ਹੈ। ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਮਨ ਵਿਚ ਧੂਹ ਪੈਂਦੀ ਹੈ, ਆਪਣੀ ਸੁਰਤਿ ਪਰਮਾਤਮ-ਚਰਨਾਂ ਵਿਚ ਜੁੜੇ ਰਹਿਣ ਦੀ। ਉਹ ਮਨੁੱਖ ਵੀ ਸੂਰਮਾ ਅਤੇ ਬਹਾਦਰ ਹੈ ਜੋ ਗਰੀਬਾਂ ਦੀ ਖਾਤਰ ਲੜਦਾ ਹੈ, ਟੋਟੇ ਟੋਟੇ ਹੋ ਕੇ ਮਰਦਾ ਹੈ ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ, ਪੈਰ ਪਿੱਛੇ ਨਹੀਂ ਹਟਾਉਂਦਾ। ਆਪਣੀ ਜਿੰਦ ਬਚਾਉਣ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ,
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੇ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥ (ਪੰਨਾ 1105)
ਇਸ ਸ਼ਲੋਕ ਤੋਂ ਸਪੱਸ਼ਟ ਹੈ ਕਿ ਭਗਤ ਕਬੀਰ ਦੀਨ ਦੀ ਖਾਤਰ, ਧਰਮ ਦੀ ਖਾਤਰ ਬਿਨਾਂ ਕਿਸੇ ਹਿਚਕਚਾਹਟ ਦੇ ਜੂਝਣ ਦੀ ਪ੍ਰੇਰਨਾ ਦਲੇਰੀ ਅਤੇ ਬਹਾਦਰੀ ਦੇ ਗੁਣ ਰਾਹੀਂ ਕਰਨ ਦੀ ਕਰਦੇ ਹਨ ਕਿ ਮਨੁੱਖ ਨੇ ਜੀਵਨ-ਸੰਗ੍ਰਾਮ ਵਿਚੋਂ ਭੱਜਣਾ ਨਹੀਂ, ਸਗੋਂ ਬਹਾਦਰੀ ਅਤੇ ਦਲੇਰੀ ਨਾਲ ਇਸ ਦਾ ਮੁਕਾਬਲਾ ਕਰਨਾ ਹੈ। ਇਹ ਇੱਕ ਉਦਾਹਰਣ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖ ਧਰਮ ਚਿੰਤਨ ਵਿਚ ਕਿਸ ਕਿਸਮ ਦੀ ਬਹਾਦਰੀ ਦੀ ਗੱਲ ਕੀਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਉਪਰ ਦਿੱਤੇ ਸਲੋਕ ਅਤੇ ਹੋਰ ਸੰਕੇਤਾਂ ਤੋਂ ਇਹ ਪਤਾ ਲਗਦਾ ਹੈ ਕਿ ਸਿੱਖ ਧਰਮ ਅਨੁਸਾਰ ਬਹਾਦਰੀ ਅਤੇ ਦਲੇਰੀ ਦਾ ਸੰਕਲਪ ਇੱਕ ਅਕਾਲ ਪੁਰਖ ਵਿਚ ਵਿਸ਼ਵਾਸ਼ ਰਾਹੀਂ ਦ੍ਰਿੜ ਕਰਵਾਇਆ ਗਿਆ ਹੈ ਕਿ ਪਰਮਾਤਮਾ ਨਿਆਉਂਸ਼ੀਲ ਹੈ ਅਤੇ ਹਮੇਸ਼ਾ ਇਨਸਾਫ ਵੱਲ ਹੁੰਦਾ ਹੈ ਅਤੇ ਬਹਾਦਰੀ ਦਿਖਾ ਰਹੇ ਮਨੁੱਖ ਅੰਦਰ ਦੈਵੀ ਦਲੇਰੀ ਹੁੰਦੀ ਹੈ। ਸਾਡੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਮਿਸਾਲ ਹੈ ਜਿਨ੍ਹਾਂ ਨੇ ਖਿੜੇ ਮੱਥੇ ਸ਼ਹਾਦਤ ਦਿੱਤੀ। ਆਪਣੇ ਵਿਸ਼ਵਾਸ ਅਤੇ ਬਚਨ ਦੀ ਖ਼ਾਤਰ ਦੁੱਖ ਸਹਿ ਸਕਣ ਵੱਲ ਗੁਰੂ ਅਰਜਨ ਦੇਵ ਇਸ਼ਾਰਾ ਕਰਦੇ ਹਨ ਕਿ ਪਰਮਾਤਮਾ ਦੇ ਸੰਤ ਦੀ ਜੀਵਨ-ਜੁਗਤੀ ਸੁਣ, ਉਸ ਦਾ ਜੀਵਨ ਏਨਾ ਉਚਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਹਮੇਸ਼ਾ ਆਪਣੇ ਨੇੜੇ ਵੱਸਦਾ ਸਮਝਦਾ ਹੈ, ਜੋ ਕੁੱਝ ਅਕਾਲ ਪੁਰਖ ਕਰਦਾ ਹੈ ਉਸ ਨੂੰ ਮਿੱਠਾ ਕਰਕੇ ਮੰਨਦਾ ਹੈ। ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਆਸਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਸੰਤ ਕਰੋੜਾਂ ਦੇ ਪਾਪ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਪਰਮਾਤਮਾ ਦੇ ਸੰਤ ਦੂਸਰਿਆਂ ਦੇ ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਅਤੇ ਦੂਸਰਿਆਂ ਨੂੰ ਆਤਮਕ ਜੀਵਨ ਦੇਣ ਦੀ ਸਮਰੱਥਾ ਰੱਖਦੇ ਹਨ। ਉਹ ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ। ਇਸ ਨਿਮਾਣੀ ਮਾਇਆ ਨੁੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ,
ਕੋਟਿ ਕੋਟਿ ਅਘ ਕਾਟਨਹਾਰਾ॥
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥
ਸੂਰਬੀਰ ਬਚਨ ਕੇ ਬਲੀ॥
ਕਉਲਾ ਬਪੁਰੀ ਸੰਤੀ ਛਲੀ॥3॥ (ਪੰਨਾ 392)
ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਅਕਾਲ ਪੁਰਖ ਭੈ ਤੋਂ ਰਹਿਤ ਹੈ ਅਤੇ ਉਹ ਹਮੇਸ਼ਾ ਮਨੁੱਖ ਦੇ ਨਾਲ, ਉਸ ਦੇ ਹਿਰਦੇ ਵਿਚ ਵੱਸ ਰਿਹਾ ਹੈ, ਫਿਰ ਡਰਨਾ ਕਿਉਂ ਅਤੇ ਕਿਸ ਤੋਂ ਹੈ? ਗੁਰੂ ਨਾਨਕ ਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 840 ਤੇ ਕਹਿੰਦੇ ਹਨ ਕਿ ਜੋ ਮਨੁੱਖ ਪਰਮਾਤਮ-ਸੁਰਤਿ ਨਾਲ ਇੱਕ-ਸੁਰ ਹੋ ਗਿਆ ਹੈ ਉਹ ਮਨੁੱਖ ਕਿਸੇ ਤੋਂ ਭੈ ਨਹੀਂ ਖਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਅਕਾਲ ਪੁਰਖ ਨੂੰ ‘ਨਿਰਭਉ’ ਦਰਸਾਇਆ ਗਿਆ ਹੈ ਅਤੇ ਉਸ ਨੂੰ ‘ਭੈ ਹਰਨ’ ਵੀ ਕਿਹਾ ਗਿਆ ਹੈ ਅਰਥਾਤ ਭੈ ਨੂੰ ਦੂਰ ਕਰਨ ਵਾਲਾ ਕਿਹਾ ਗਿਆ ਹੈ। ਇਸ ਤਰ੍ਹਾਂ ਅਧਿਆਤਮਕਤਾ ਦਲੇਰੀ ਅਤੇ ਬਹਾਦਰੀ ਮਨੁੱਖ ਦੇ ਅੰਦਰ ਭਰਦੀ ਹੈ। ਇਸੇ ਅਧਿਆਤਮਕਤਾ ਨੇ ਸਿੱਖ ਧਰਮ ਨੂੰ ਜ਼ੁਲਮ ਨਾਲ ਟੱਕਰ ਲੈਣ ਲਈ ਦਲੇਰੀ ਅਤੇ ਬਹਾਦਰੀ ਬਖਸ਼ਿਸ਼ ਕੀਤੀ ਜਿਸ ਨੇ ਮੁਗ਼ਲਾਂ ਦੇ ਹਰ ਜ਼ੁਲਮ ਦਾ ਟਾਕਰਾ ਦਲੇਰੀ ਅਤੇ ਬਹਾਦਰੀ ਨਾਲ ਕੀਤਾ। ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿਚ ਇਸੇ ਕਿਸਮ ਦੀ ਬਹਾਦਰੀ ਅਤੇ ਦਲੇਰੀ ਦੀ ਗੱਲ ਕਰਦਿਆਂ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਜਦੋਂ ਹੋਰ ਸਾਰੇ ਹੀਲੇ ਮੁੱਕ ਜਾਣ ਤਾਂ ਤਲਵਾਰ ਉਠਾ ਲੈਣਾ ਜਾਇਜ਼ ਹੁੰਦਾ ਹੈ।
Leave a Reply