ਬਾਪ ਨੂੰ ਚੇਤੇ ਕਰਦਿਆਂ…….

ਡਾ. ਗੁਰਬਖ਼ਸ਼ ਸਿੰਘ ਭੰਡਾਲ
ਬਾਪ ਨੂੰ ਸਦਾ ਲਈ ਵਿਛੜਿਆਂ ਅੱਜ ਤਿੰਨ ਸਾਲ ਹੋ ਗਏ ਨੇ। ਪਰ ਇਉਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੈ। ਕਦੇ ਜਾਪਦਾ ਬਾਪ ਨੇ ਅਜੇ ਕੱਲ੍ਹ ਹੀ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ। ਦਰਅਸਲ ਬਾਪ ਤੁਹਾਡੇ ਅਵਚੇਤਨ ਵਿਚ ਹਰਦਮ ਰਹਿੰਦਾ। ਉਹ ਜਾ ਕੇ ਵੀ ਕਿਧਰੇ ਨਹੀਂ ਜਾਂਦਾ। ਤੁਹਾਡੇ ਮੁਹਾਂਦਰੇ ਵਿਚ, ਤੁਹਾਡੇ ਚਿੱਤ-ਚੇਤੇ ਵਿਚ, ਤੁਹਾਡੀ ਕਰਮ-ਸ਼ੈਲੀ ਵਿਚ, ਜੀਵਨ-ਜਾਚ ਵਿਚ, ਤੁਹਾਡੀ ਫਿਤਰਤ ਵਿਚ, ਪ੍ਰਤੀਬੱਧਤਾ ਵਿਚ ਤੁਹਾਡੇ ਸੱਚ ਵਿਚ, ਤੁਹਾਡੀ ਹਿੰਮਤ, ਹੌਸਲੇ, ਹੱਠ ਅਤੇ ਹਮਦਰਦੀ ਭਰੇ ਵਿਹਾਰ ਵਿਚ ਬਾਪ ਹਾਜ਼ਰ-ਨਾਜ਼ਰ। ਉਹ ਅਦਿੱਖ ਹੁੰਦਿਆਂ ਵੀ ਦ੍ਰਿਸ਼ਮਾਨ ਹੁੰਦਾ। ਸਿਰਫ਼ ਅਸੀਂ ਹੀ ਕਈ ਵਾਰ ਜਾਣਦਿਆਂ ਹੋਇਆਂ ਵੀ ਉਸ ਤੋਂ ਦੂਰੀ ਬਣਾਉਣ ਦੀ ਕੁਤਾਹੀ ਕਰਦੇ।

ਬਾਪ ਤਿੰਨ ਸਾਲ ਪਹਿਲਾਂ ਪੂਰਾ ਹੋਇਆ ਸੀ ਕਿਉਂਕਿ ਉਸਨੇ ਆਪਣੀ ਜੀਵਨ-ਯਾਤਰਾ ਨੂੰ ਪੂਰੀ ਸਮਰਪਿਤਾ, ਸੰਤੋਖ, ਸੰਤੁਸ਼ਟੀ ਅਤੇ ਸਹਿਜ ਨਾਲ ਪੂਰਾ ਕੀਤਾ। ਉਹ ਸੁਖਨ ਦਾ ਵਾਰਸ ਸਕੂਨ ਦਾ ਸਿਰਨਾਵਾਂ ਅਤੇ ਜੀਵਨ ਦੇ ਹਰ ਰੰਗ ਨੂੰ ਮਾਣਦਿਆਂ ਚੜ੍ਹਦੀ ਕਲਾ ਵਿਚ ਰਹਿਣ ਦਾ ਆਦੀ ਸੀ। ਇਸ ਕਰਕੇ ਹੀ ਉਸਨੇ ਜੀਵਨ ਦੇ ਉਤਰਾਵਾਂ ਚੜਾਵਾਂ ਵਿਚ ਕਦੇ ਵੀ ਹਾਰ ਨਹੀਂ ਸੀ ਮੰਨੀ। ਨਾ ਹੀ ਕਦੇ ਹੈਂਕੜ ਵਿਚ ਆ ਕੇ ਕੋਈ ਗਲਤ ਕਦਮ ਉਠਾਇਆ ਸੀ।
ਬਹੁਤ ਚੇਤੇ ਆਉਂਦਾ ਹੈ ਬਾਪ ਪਰ ਵਕਤ ਦੀ ਕੇਹੀ ਤਰਾਸਦੀ ਕਿ ਉਨ੍ਹਾਂ ਦੇ ਪੂਰਾ ਹੋਣ ਤੋਂ ਬਾਅਦ ਕੋਵਿਡ ਹੋਣ ਕਰਕੇ ਅਸੀਂ ਤਿੰਨ ਸਾਲ ਤੀਕ ਆਪਣੇ ਪਿੰਡ ਵੀ ਨਾ ਜਾ ਸਕੇ ਤਾਂ ਕਿ ਬਾਪ ਨਾਲ ਜੁੜੀਆਂ ਥਾਵਾਂ ਨੂੰ ਨਤਮਸਤਕ ਹੋਈਏ। ਉਨ੍ਹਾਂ ਦੀਆਂ ਨਿੱਤ ਵਰਤੋਂ ਦੀਆਂ ਉਨ੍ਹਾਂ ਵਸਤਾਂ ਦੀ ਛੋਹ ਮਾਣ ਸਕੀਏ ਜਿਨ੍ਹਾਂ ਨੇ ਉਸਦਾ ਸਾਰੀ ਉਮਰ ਸਾਥ ਨਿਭਾਇਆ। ਭਾਵੇਂ ਉਹ ਸਾਈਕਲ ਹੋਵੇ, ਹਵੇਲੀ ਵਿਚ ਲਵੇਰੀਆਂ ਹੋਣ ਜਾਂ ਗੁਰਦੁਆਰੇ ਜਾਣ ਦਾ ਨਿੱਤਨੇਮ ਹੋਵੇ। ਉਸ ਗੁਦੁਆਰੇ ਅਰਦਾਸ ਹੀ ਨਾ ਕਰ ਸਕੇ ਜਿਸ ਗੁਰਦੁਆਰੇ ਤੋਂ ਆ ਕੇ ਬਾਪ ਨੇ ਆਖ਼ਰੀ ਸਫ਼ਰ `ਤੇ ਜਾਣ ਦੀ ਤਿਆਰੀ ਕਰ ਲਈ ਸੀ।
ਸੱਚੀਂ ਅੰਬਰ ਵਰਗਾ ਸੀ ਬਾਪ ਜਿਸ ਸਦਕਾ ਮੈਂ ਤਾਰਿਆਂ ਦੀ ਛਾਵੇਂ ਖੇਡਿਆ, ਸੂਰਜਾਂ ਨਾਲ ਆੜੀ ਪਾਈ, ਚੰਨ-ਮਾਮਾ ਤੋਂ ਕਹਾਣੀਆਂ ਸੁਣੀਆਂ ਅਤੇ ਚਾਨਣੀਆਂ ਰਾਤਾਂ `ਚ ਖੂਬ ਨਹਾਇਆ। ਬਾਪ ਅੰਬਰ ਹੀ ਸੀ ਤਾਂ ਹੀ ਉਸਨੇ ਵਿਸ਼ਾਲ ਸੁਪਨਿਆਂ ਦਾ ਜਾਗ ਲਾਇਆ
ਤੇ ਅੰਬਰ ਜੇਡੀ ਪ੍ਰਵਾਜ਼ ਭਰਨ ਦਾ ਗੁਰ ਸਿਖਾਇਆ। ਬਾਪ ਜਾਣਦਾ ਸੀ ਕਿ ਬੱਚਿਆਂ ਦਾ ਆਸਮਾਨ ਜੇਡਾ ਹੋਣ ਲਈ ਉਨ੍ਹਾਂ ਦੇ ਮਸਤਕ ਵਿਚ ਸੋਚਾਂ ਦੇ ਸੂਰਜ, ਪੈਰਾਂ ਵਿਚ ਸਫ਼ਰ ਤੇ ਪੈੜਾਂ ਵਿਚ ਉਦਮ ਉਗਾਉਣਾ ਜ਼ਰੂਰੀ ਹੁੰਦਾ ਹੈ। ਤਾਂ ਹੀ ਉਸਨੇ ਸਾਡੀ ਬਚਪਨੀ ਬੀਹੀ ਵਿਚ ਮਿਹਨਤ ਦਾ ਚਿਰਾਗ ਜਗਾਈ ਰੱਖਿਆ। ਉਹ ਤਾਰਿਆਂ ਕੋਲੋਂ ਸਲਾਹ ਲੈਂਦਾ, ਸੂਰਜ ਕੋਲੋਂ ਰਾਹ ਪੁੱਛਦਾ, ਅਕਾਸ਼-ਗੰਗਾ ਤੋਂ ਉਤਸ਼ਾਹ ਤੇ ਅੰਤਰੀਵ `ਚੋਂ ਉਮਾਹ ਲੈ ਕਰਮ-ਭੂਮੀ ਵਿਚ ਚਾਨਣ ਬੀਜਦਾ ਰਿਹਾ। ਤਦ ਹੀ ਮੈਂ ਉਸ ਚਾਨਣ ਦੀ ਨਿੱਕੀ ਜਿਹੀ ਕਾਤਰ ਹਾਂ, ਜੋ ਬੁੱਝੇ ਅੱਖਰਾਂ ਦੀ ਕੁੱਖ ਵਿਚ ਅਰਥਾਂ ਦੀ ਜੋਤ ਜਗਾੳਂੁਦਿਆਂ, ਬਾਪ ਦਾ ਕਰਜ਼ ਉਤਾਰ ਰਿਹਾ ਹਾਂ।
ਬਾਪੂ! ਤੌਫ਼ੀਕ ਦਿੰਦਾ ਰਹੀਂ ਕਿ ਮੈਂ ਹਰਫ਼ਾਂ `ਚ ਜੁਗਨੂੰਆਂ ਦੀ ਖੇਤੀ ਕਰਦਾ ਰਹਾਂ। ਬਾਪ ਨੂੰ ਤਾਂ ਮੈਂ ਰੋਜ਼ ਮਿਲਦਾ ਹਾਂ, ਅਚੇਤ ਅਤੇ ਸਚੇਤ ਰੂਪ ਵਿਚ। ਤਾਂ ਹੀ ਹਰਫ਼ ਵੀ ਗਵਾਹੀ ਭਰਦੇ ਨੇ; ਬਾਪ ਦੇ ਸਦੀਵੀ ਤੁਰ ਜਾਣ ਤੋਂ ਬਾਅਦ ਵੀ ਮੈਂ ਹਰ ਰੋਜ਼ ਉਸ ਨੂੰ ਇਵੇਂ ਮਿਲਦਾ ਹਾਂ ਜੀਕੂੰ ਹਵਾ `ਚ ਸੁਗੰਧ ਦਾ ਰਮਾਉਣਾ, ਫੁੱਲ ਦੀ ਜੂਹੇ ਤਿਤਲੀਆਂ ਦਾ ਮੰਡਰਾਉਣਾ, ਰੁਮਕਦੀ ਪੌਣ ਦਾ ਪੱਤਿਆਂ ਨੂੰ ਸਰਸਰਾਉਣਾ, ਦਰਿਆ ਦਾ ਸਮੁੰਦਰ `ਚ ਸਮਾਉਣਾ ਤੇ ਨੀਂਦ `ਚ ਸੁਪਨਿਆਂ ਦਾ ਆਉਣਾ।
ਬਾਪ ਵੀ ਧੁੱਪ ਹੱਥੀਂ ਭੇਜਦਾ ਹੈ ਦੁਆਵਾਂ, `ਵਾਵਾਂ ਰਾਹੀਂ ਘੱਲਦਾ ਹੈ ਆਸ਼ਾਵਾਂ, ਸੋਚਾਂ `ਚ ਧਰਦਾ ਹੈ ਕਿਰਨ-ਕਿਰਿਆਵਾਂ, ਖਿ਼ਆਲਾਂ ਵਿਚ ਉਗਾਉਂਦਾ ਹੈ ਕਵਿਤਾਵਾਂ, ਲੂਆਂ `ਚ ਬਣਦਾ ਹੈ ਠੰਡੀਆਂ ਛਾਵਾਂ, ਤੇ ਪੈਰਾਂ ਦੇ ਨਾਮ ਕਰ ਜਾਂਦਾ ਮੰਜ਼ਲ ਦਾ ਸਿਰਨਾਵਾਂ।
ਸੱਚੀਂ! ਕਿੰਨਾ ਚੰਗਾ ਲੱਗਦਾ ਹੈ ਬਾਪ ਦਾ ਅਚੇਤ ਆਵੇਸ਼ੀ, ਇਲਹਾਮੀ, ਅਲਾਹੀ ਤੇ ਅਨੂਠਾ ਮਿਲਣਾ ਅਤੇ ਉਸਦੀ ਅਦਿੱਖ ਰਹਿਨੁਮਾਈ ਦਾ ਵਿਸਮਾਦੀ ਹੁਲਾਰ।
ਬਾਪ ਨਾਲ ਜੁੜੀਆਂ ਬਹੁਤ ਸਾਰੀਆ ਯਾਦਾਂ ਮਨ ਦੀ ਬੀਹੀ ਵਿਚ ਫੇਰਾ ਪਾਉਂਦੀਆਂ ਰਹਿੰਦੀਆਂ ਅਤੇ ਆਪਣੇ ਮੂਕ ਹੋਕਰੇ ਨਾਲ ਸੋਚਾਂ ਤੇ ਸੰਵੇਦਨਾਵਾਂ ਨੂੰ ਹੁਲਾਰਾ ਦਿੰਦੀਆਂ। ਮੇਰੇ ਬੀਤੇ ਹੋਏ ਨੂੰ ਮੇਰੇ ਰੂਬਰੂ ਕਰਦੀਆਂ। ਇਹ ਬੀਤਿਆ ਹੋਇਆ ਕੱਲ੍ਹ ਹੀ ਹੁੰਦਾ ਜਿਸ ਵਿਚੋਂ ਤੁਹਾਡਾ ਮੌਜੂਦਾ ਰੂਪ ਉਜਾਗਰ ਹੁੰਦਾ। ਬਾਪ ਦੀਆਂ ਮੱਤਾਂ ਤੁਹਾਡੀ ਜੀਵਨ-ਸ਼ੈਲੀ ਨੂੰ ਸਮੁੱਚ ਵਿਚ ਪ੍ਰਭਾਵਿਤ ਕਰਦੀਆਂ। ਇਸ ਨਾਲ ਤੁਹਾਡਾ ਜੀਵਨ ਪ੍ਰਤੀ ਨਜ਼ਰੀਆ ਬਦਲਦਾ ਜਿਸ ਨੇ ਤੁਹਾਨੂੰ ਅਤੇ ਤੁਹਾਡੇ ਵਿਅਕਤੀਤਵ ਨੂੰ ਪ੍ਰਦਰਸ਼ਤ ਕਰਨਾ ਹੁੰਦਾ।
ਬਾਪ ਬੜਾ ਹਿਰਖ਼ ਨਾਲ ਦੇਖਦਾ ਸੀ ਜਦ ਉਹ ਪਿੰਡ ਦੇ ਕਿਸੇ ਪੜ੍ਹੇ-ਲਿਖੇ ਨੂੰ ਦੇਖਦਾ ਸੀ। ਉਸਦੇ ਮਨ ਵਿਚ ਤਮੰਨਾ ਹੁੰਦੀ ਕਿ ਉਸਦੇ ਬੱਚੇ ਵੀ ਚੰਗਾ ਪੜ੍ਹ ਜਾਣ। ਬਾਪ ਨੂੰ ਬੜਾ ਫ਼ਖਰ ਹੁੰਦਾ ਸੀ ਜਦ ਕੋਈ ਉਸਦੇ ਪ੍ਰਫ਼ੈਸਰ ਪੁੱਤ ਬਾਰੇ ਗੱਲ ਕਰਦਾ ਜਾਂ ਕਦੇ ਕਦਾਈਂ ਕਿਸੇ ਅਖਬਾਰ ਵਿਚ ਛਪੇ ਲੇਖ ਬਾਰੇ ਜਿ਼ਕਰ ਛਿੜਦਾ। ਇਹ ਬਾਪ ਦੇ ਅਚੇਤ ਵਿਚ ਬੈਠੀ ਉਸ ਆਸ਼ਾ ਦੀ ਪੂਰਤੀ ਹੀ ਸੀ ਜਿਹੜੀ ਉਸਨੂੰ ਔਲਾਦ ਕੋਲੋਂ ਮਿਲੀ ਸੀ। ਕਈ ਵਾਰ ਮਾਪੇ ਆਪਣੇ ਅਪੂਰਨ ਸੁਪਨੇ ਔਲਾਦ ਰਾਹੀਂ ਪੂਰਾ ਕਰਨਾ ਲੋਚਦੇ।
ਬਾਪ ਨੂੰ ਬੜਾ ਚਾਅ ਸੀ ਕਿ ਉਸਦੇ ਬੱਚੇ ਵੀ ਵਿਦੇਸ਼ ਜਾਣ ਕਿਉਂਕਿ ਸਾਡਾ ਗੁਆਂਢੀ ਸ. ਹਜ਼ਾਰਾ ਸਿੰਘ ਜਦ ਵੀ ਵਲੈਤੋਂ ਆਉਂਦਾ ਤਾਂ ਉਸਦਾ ਟੌਹਰ ਦੇਖਣ ਵਾਲਾ ਹੁੰਦਾ ਸੀ ਜੋ ਆਮ ਪੇਂਡੂਆਂ ਦੇ ਮਨਾਂ ਵਿਚ ਵਲਾਇਤੀ ਚਕਾਚੌਂਧ ਪੈਦਾ ਕਰਨ ਅਤੇ ਬਾਹਰ ਜਾਣ ਦੀ ਲਾਲਸਾ ਨੂੰ ਹੋਰ ਚਮਕਾਉਂਦਾ ਸੀ। ਵਲਾਇਤ ਵਿਚ ਜਾਣ ਵਾਲੇ ਸਭ ਤੋਂ ਪਹਿਲਾਂ ਦੁਆਬੇ ਵਾਲੇ ਹੀ ਸਨ। ਬਾਅਦ ਵਿਚ ਮੈਂ ਵੀ ਕੈਨੇਡਾ ਆ ਗਿਆ। ਹੁਣ ਤਾਂ ਸਾਰੇ ਭੈਣ-ਭਰਾਵਾਂ ਦੇ ਬੱਚੇ ਕੈਨੇਡਾ ਜਾਂ ਅਮਰੀਕਾ ਵਿਚ ਹਨ। ਬਾਪ ਦੀ ਵਿਦੇਸ਼ ਜਾਣ ਦੀ ਰੀਝ ਨੂੰ ਪੂਰਾ ਕਰਨ ਲਈ ਮੈਂ ਉਨ੍ਹਾਂ ਨੂੰ ਕੈਨੇਡਾ ਵਿਚ ਵਿਜ਼ਟਰ ਵਜੋਂ ਸੱਦਣ ਲਈ ਦੋ ਵਾਰ ਕੋਸਿ਼ਸ਼ ਕੀਤੀ ਪਰ ਨਾਕਾਮ ਰਿਹਾ। ਇਕ ਵਾਰ ਤਾਂ ਬਰੈਂਪਟਨ ਦੇ ਐਮਪੀ ਦਾ ਪੱਤਰ ਵੀ ਲਾਇਆ ਪਰ ਮੈਂ ਕਾਮਯਾਬ ਨਾ ਹੋ ਸਕਿਆ। ਬਾਪ ਨੂੰ ਬੜਾ ਚਾਅ ਸੀ ਕੈਨੇਡਾ ਆਉਣ ਅਤੇ ਆਪਣੇ ਬੱਚਿਆਂ ਨੂੰ ਕੈਨੇਡਾ ਵਿਚ ਸੈੱਟ ਹੋਇਆ ਦੇਖਣ ਦਾ। ਪਰ ਇਹ ਤਮੰਨਾ ਪੂਰੀ ਨਹੀਂ ਸੀ ਹੋ ਰਹੀ। ਮੈਂ ਮੀਡੀਆ ਵਿਚ ਹੋਣ ਕਾਰਨ `ਕੇਰਾਂ ਕੈਨੇਡਾ ਦੇ ਇੰਮੀਗਰੇਸ਼ਨ ਮਨਿਸਟਰ ਨੂੰ ਪ੍ਰੈਸ ਕਾਨਫਰੰਸ ਵਿਚ ਇਸ ਮਕਸਦ ਲਈ ਮਿਲਿਆ। ਉਸਨੇ ਭਰੋਸਾ ਦਿਵਾਇਆ ਕਿ ਜਦ ਹੁਣ ਅਪਲਾਈ ਕੀਤਾ ਤਾਂ ਮੈਨੂੰ ਜਾਣਕਾਰੀ ਦੇਣਾ, ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ। ਮਨ ਨੂੰ ਧਰਵਾਸ ਜਿਹਾ ਹੋਇਆ। ਇਹ ਗੱਲ ਜੂਨ 2014 ਦੀ ਹੈ ਅਤੇ ਫਿਰ ਸਤੰਬਰ 2014 ਵਿਚ ਅਸੀਂ ਕੈਨੇਡਾ ਨੂੰ ਛੱਡ ਕੇ ਅਮਰੀਕਾ ਆ ਗਏ ਅਤੇ ਬਾਪ ਨੂੰ ਕੈਨੇਡਾ ਸੱਦਣ ਦਾ ਟੀਚਾ ਅਪੂਰਨ ਹੀ ਰਹਿ ਗਿਆ। ਕਦੇ ਕਦਾਈਂ ਬਾਪ ਦੇ ਮਨ ਵਿਚ ਕੈਨੇਡਾ ਨਾ ਜਾ ਸਕਣ ਕਾਰਨ ਮਾੜੀ ਜਿਹੀ ਮਾਯੂਸੀ ਪੈਦਾ ਹੁੰਦੀ ਸੀ ਪਰ ਉਹ ਸਦਾ ਰੱਬ ਦੀ ਰਜ਼ਾ ਵਿਚ ਖੁਸ਼ ਰਹਿਣ ਵਾਲੇ ਸਨ। ਪਰ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਜਦ ਵੀ ਉਨ੍ਹਾਂ ਦੇ ਪਰਿਵਾਰ ਵਿਚੋਂ ਕੋਈ ਇੰਡੀਆ ਜਾਂਦਾ।
`ਕੇਰਾਂ ਮੇਰੀ ਬੇਟੀ ਆਪਣੇ ਬੱਚਿਆਂ ਨਾਲ ਪਿੰਡ ਗਈ ਤਾਂ ਅਸੀਂ ਸਾਰਿਆਂ ਨੇ ਬਾਪ ਨਾਲ ਚਾਰ ਪੀਹੜੀਆਂ ਦੀ ਸਾਂਝੀ ਫੋਟੋ ਖਿਚਵਾਈ। ਉਸ ਵੇਲੇ ਬਾਪ ਆਪਣੇ ਭਰੇ ਭਕੁੰਨੇ ਪਰਿਵਾਰ ਵਿਚ ਬੈਠਾ ਫੁਲਿਆ ਨਹੀਂ ਸੀ ਸਮਾ ਰਿਹਾ। ਦਰਅਸਲ ਜਦ ਕਿਸੇ ਬਜੁ਼ਰਗ ਦੀਆਂ ਚਾਰ ਪੀਹੜੀਆਂ ਉਸਦੀ ਆਗੋਸ਼ ਦਾ ਨਿੱਘ ਮਾਣਦੀਆਂ ਹੋਣ ਤਾਂ ਬਜ਼ੁਰਗ ਲਈ ਸੱਤੇ ਬਹਿਸ਼ਤਾਂ ਉਸਦੀ ਝੋਲੀ `ਚ ਹੁੰਦੀਆਂ। ਇਸ ਨਾਲ ਜਿਹੜਾ ਸਕੂਨ ਘਰ ਦੇ ਸਭ ਤੋਂ ਵੱਡੇ ਬਜ਼ੁਰਗ ਨੂੰ ਮਿਲਦਾ, ਉਸਨੂੰ ਅੱਖਰਾਂ `ਚ ਬਿਆਨ ਨਹੀਂ ਕੀਤਾ ਜਾ ਸਕਦਾ।
ਬਾਪ ਸਾਰੀ ਉਮਰ ਖੇਤੀ ਵਿਚ ਹੀ ਰੁੱਝਾ ਰਿਹਾ। ਉਸ ਲਈ ਕਿਰਤ ਕਰਨੀ ਅਤੇ ਹੱਕ-ਸੱਚ `ਤੇ ਪਹਿਰਾ ਦੇਣਾ ਹੀ ਸਭ ਤੋਂ ਵੱਡਾ ਧਰਮ ਸੀ। ਉਹ ਕਦੇ ਕਦਾਈਂ ਗੱਡਾ ਲੈ ਕੇ ਬਾਬੇ ਬਕਾਲੇ ਮੱਸਿਆ ਜਾਂਦਾ ਸੀ। ਕਈ ਵਾਰ ਉਹ ਸਾਈਕਲ `ਤੇ ਹੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੇਲੇ ਜਾਂਦਾ ਸੀ। ਉਮਰ ਵਧਣ ਨਾਲ ਉਸਦਾ ਫੇਰਾ-ਤੋਰਾ ਘਟ ਗਿਆ। ਹੁਣ ਉਹ ਨਿੱਤਨੇਮ ਵਾਂਗ ਪਿੰਡ ਤੋਂ ਦੋ ਕੁ ਮੀਲ ਦੂਰ ਪੱਡੇ ਬੇਟ ਵਿਖੇ ਗੁਰਦੁਆਰੇ ਜਾਣ ਲੱਗ ਪਿਆ। ਸਵੇਰੇ ਪੰਜ ਤੋਂ ਗਿਆਰਾਂ ਵਜੇ ਤੱਕ ਕੜਾਹ ਪ੍ਰਸ਼ਾਦ ਦੀ ਸੇਵਾ ਕਰਨੀ ਅਤੇ ਫਿਰ ਘਰ ਆ ਜਾਣਾ। `ਕੇਰਾਂ ਮੈਂ ਪੰਜਾਬ ਗਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਆਪਾਂ ਦੋਵੇਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਾਣਾ। ਪਹਿਲਾਂ ਤਾਂ ਨਾਂਹ-ਨੁੱਕਰ ਕੀਤੀ ਪਰ ਬਾਅਦ ਵਿਚ ਜਾਣ ਲਈ ਮੰਨ ਗਏ। ਤੁਰਨ ਵਿਚ ਔਖਿਆਈ ਦੇ ਬਾਵਜੂਦ ਕਾਰ ਦੀ ਪਾਰਕਿੰਗ ਤੋਂ ਗੁਰੁਦੁਅਰਾ ਸਾਹਿਬ ਤੱਕ ਤੁੱਰ ਕੇ ਗਏ। ਪਰਿਕਰਮਾ ਕੀਤੀ, ਪੰਜ ਇਸ਼ਨਾਨ ਕੀਤਾ। ਮੈਂ ਜ਼ੋਰ ਲਾਇਆ ਕਿ ਆਪਾਂ ਬਜੁ਼ਰਗਾਂ ਵਾਲੀ ਲਾਈਨ ਵਿਚ ਜਾ ਕੇ ਮੱਥਾ ਟੇਕ ਲੈਂਦੇ ਹਾਂ ਪਰ ਉਹ ਨਾ ਮੰਨੇ ਅਤੇ ਪੂਰੀ ਆਸਥਾ ਨਾਲ ਆਮ ਲਾਈਨ ਵਿਚ ਖੜ੍ਹ ਕੇ ਮੱਥਾ ਟੇਕਿਆ। ਬਾਹਰ ਆ ਕੇ ਜਦ ਉਨ੍ਹਾਂ ਨਾਲ ਸਰੋਵਰ ਦੇ ਕੰਢੇ ਬੈਠ ਕੇ ਫੋਟੋ ਖਿਚਵਾਈ ਤਾਂ ਉਨ੍ਹਾਂ ਦੇ ਨੂਰਾਨੀ ਚਿਹਰੇ ਦੀ ਭਾਅ ਵਿਚੋਂ ਉਨ੍ਹਾਂ ਦੀ ਅੰਦਰਲੀ ਖੁਸ਼ੀ ਨੂੰ ਦੇਖ ਕੇ ਮੈਨੂੰ ਇਉਂ ਲੱਗਾ ਜਿਵੇਂ ਮੈਂ ਦੋ ਤੀਰਥ ਨਹਾ ਲਏ ਹੋਣ। ਅਜਿਹੇ ਪਲ ਬਹੁਤ ਘੱਟ ਮਿਲਦੇ ਨੇ ਜਦ ਤੁਸੀਂ ਆਪਣੇ ਬਾਪ ਦੀ ਛਾਂ ਹੇਠ ਜਿ਼ੰਦਗੀ ਦੇ ਉਨ੍ਹਾਂ ਸੁਖਦ ਪਲਾਂ ਨੂੰ ਜੀਵਨ ਦਾ ਖਜ਼ਾਨਾ ਬਣਾ ਲੈਂਦੇ ਹੋ ਜਿਨ੍ਹਾਂ ਵਿਚੋਂ ਤੁਸੀਂ ਤਾਅ-ਉਮਰ ਸੁਖਨ ਨੂੰ ਮਾਨਣਾ ਹੁੰਦਾ। ਹੁਣ ਸੋਚਦਾ ਹਾਂ ਉਹ ਕਿੰਨਾ ਭਲਾ ਵੇਲਾ ਸੀ ਜਦ ਬਾਪ ਨਾਲ ਹਰਿਮੰਦਰ ਸਾਹਿਬ ਦੀ ਜਿ਼ਆਰਤ ਕੀਤੀ। ਨਹੀਂ ਪਰਤ ਕੇ ਆਉਣਾ ਬੀਤਿਆ ਸਮਾਂ ਅਤੇ ਹੁਣ ਕਦੇ ਨਹੀਂ ਕਰ ਸਕਣੀ ਬਾਪ ਨਾਲ ਤੀਰਥ ਅਸਥਾਨ ਦੀ ਯਾਤਰਾ ਅਤੇ ਨਾ ਹੀ ਮਿਲਣੀ ਹੈ ਬਜੁ਼ਰਗੀ ਅਸੀਸਾਂ ਦੀ ਆਬਸ਼ਾਰ। ਮਾਪਿਆਂ ਨਾਲ ਮਿਲੇ ਵਕਤ ਦੇ ਹਰ ਪਲ ਨੂੰ ਇਉਂ ਵਰਤੋ ਕਿ ਉਹ ਪਲ ਯਾਦਗਾਰੀ ਹੋ ਜਾਣ ਕਿਉਂਕਿ ਪਤਾ ਨਹੀਂ ਕਦੋਂ ਸਾਡੇ ਬਜ਼ੁਰਗ ਮਾਪਿਆਂ ਨੇ ਜਿੰ਼ਦਗੀ ਨੂੰ ਸਦਾ ਲਈ ਅਲਵਿਦਾ ਕਹਿ ਜਾਣਾ। ਫਿਰ ਇਕ ਪਛਤਾਵਾ ਹੀ ਬੰਦੇ ਦੀ ਝੋਲੀ ਵਿਚ ਰਹਿ ਜਾਂਦਾ। ਪਰ ਪਛਤਾਵੇ ਵਿਚੋਂ ਕੁਝ ਵੀ ਹਾਸਲ ਨਹੀਂ ਹੁੰਦਾ।
ਬਾਪ ਦੀ ਸਭ ਤੋਂ ਵੱਡੀ ਖੂਬਸੂਰਤੀ ਸੀ ਕਿ ਉਹ ਆਣੀਆਂ ਪੋਤੀਆਂ ਨੂੰ ਭਾਈ ਸਹਿਜੂ ਭਾਈ ਮੈਰਾ ਸਿਆਂ, ਭਾਈ ਨੂਰੇ ਆਦਿ ਨਾਵਾਂ ਨਾਲ ਬੁਲਾਉਂਦਾ ਸੀ। ਬਹੁਤ ਮੋਹ ਕਰਦਾ ਸੀ ਉਨ੍ਹਾਂ ਨਾਲ। ਜਦ ਵੀ ਉਸਨੇ ਸ਼ਹਿਰ ਆਉਣਾ ਤਾਂ ਸਾਈਕਲ਼ ਨਾਲ ਟੰਗੇ ਝੋਲੇ ਦੀ ਫਰੋਲਾ ਫਰਾਲੀ ਪੋਤੀਆਂ ਸਭ ਤੋਂ ਪਹਿਲਾਂ ਕਰਦੀਆਂ ਸਨ। ਉਹ ਅਕਸਰ ਹੀ ਸਵੇਰੇ ਆ ਕੇ ਸ਼ਾਮ ਨੂੰ ਵਾਪਸ ਪਿੰਡ ਚਲੇ ਜਾਂਦੇ ਸਨ। ਪਰ ਜਦ ਪੋਤੀਆਂ ਦਾ ਮਨ ਕਰਨਾ ਤਾਂ ਉਨ੍ਹਾਂ ਨੇ ਸਾਈਕਲ ਨੂੰ ਜਿੰਦਰਾ ਲਾ ਕੇ ਚਾਬੀ ਲੁਕਾ ਲੈਣੀ। ਫਿਰ ਉਨ੍ਹਾਂ ਨੂੰ ਪੋਤੀਆਂ ਦੀ ਜਿ਼ੱਦ ਸਾਹਵੇਂ ਮਜਬੂਰਨ ਰਾਤ ਰਹਿਣਾ ਪੈਂਦਾ। ਉਨ੍ਹਾਂ ਨੂੰ ਬੜਾ ਚਾਅ ਸੀ ਜਦ ਉਸਦੀਆਂ ਸਾਰੀਆਂ ਪੋਤੀਆਂ ਹੀ ਕੈਨੇਡਾ-ਅਮਰੀਕਾ ਆ ਗਈਆਂ। ਉਹ ਤਾਂ ਫੁੱਲੇ ਨਹੀਂ ਸੀ ਸਮਾਉਂਦੇ ਜਦ ਅਮਰੀਕਾ ਵਿਚ ਵੱਸਦੀਆਂ ਦੋਵੇਂ ਡਾਕਟਰ ਪੋਤੀਆਂ ਉਸਨੂੰ ਮਿਲਣ ਪਿੰਡ ਜਾਂਦੀਆਂ ਸਨ। ਸੱਚੀਂ ਅਨਪੜ੍ਹ ਮਾਪਿਆਂ ਨੂੰ ਕਿੰਨਾ ਹੁਲਾਸ ਮਿਲਦਾ ਹੈ ਜਦ ਉਨ੍ਹਾਂ ਦੀ ਔਲਾਦ ਅਮਰੀਕਾ ਵਿਚ ਵਿਦਿਅਕ ਪ੍ਰਾਪਤੀਆਂ ਕਰਦੀ ਹੈ। ਬਾਪ ਤਾਂ ਉਦੋਂ ਵੀ ਬੜਾ ਪ੍ਰਸੰਨ ਹੋਇਆ ਸੀ ਜਦ ਉਸਨੂੰ ਪਤਾ ਲੱਗਾ ਸੀ ਕਿ ਮੈਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗਾ ਹਾਂ। ਉਸਦਾ ਕਹਿਣਾ ਸੀ ਚੱਲ ਚੰਗਾ ਹੋਇਆ ਕਿਸੇ ਆਹਰੇ ਤਾਂ ਲੱਗਾ। ਇਥੇ ਕੀਤੀ ਹੋਈ ਪੜ੍ਹਾਈ ਤੇਰੀ ਅਮਰੀਕਾ ਵਿਚ ਵੀ ਕੰਮ ਆ ਗਈ।
ਬਾਪ ਨੂੰ ਗਿਆਂ ਤਿੰਨ ਸਾਲ ਹੀ ਹੋਏ ਨੇ ਪਰ ਇਨ੍ਹਾਂ ਤਿੰਨਾਂ ਸਾਲਾਂ ਵਿਚ ਬਹੁਤ ਕੁਝ ਬਿਖਰ ਗਿਆ ਏ। ਰਿਸ਼ਤਿਆਂ ਦਾ ਜ਼ਰਜ਼ਰੀਪਣ ਵੀ ਉਜਾਗਰ ਹੋਇਆ। ਇਨ੍ਹਾਂ ਵਿਚ ਪਨਪਦੇ ਕੂੜ-ਕਪਟ, ਲੋਭ-ਲਾਲਚ ਅਤੇ ਫਰੇਬ ਦਾ ਪਰਦਾ ਵੀ ਫਾਸ਼ ਹੋ ਗਿਆ। ਬਾਪ ਦੇ ਜਾਣ ਦੀ ਹੀ ਦੇਰ ਸੀ ਕਿ ਰਿਸ਼ਤੀ ਤੰਦਾਂ ਦੇ ਟੁੱਟਣ ਦਾ ਖੜਾਕ ਵੀ ਨਾ ਹੋਇਆ। ਇਸ ਤਿੜਕਣ ਨੇ ਘਰ ਦੀਆਂ ਕੰਧਾਂ ਵੀ ਹਿਲਾ ਦਿੱਤੀਆਂ ਅਤੇ ਖੇਤਾਂ ਵਿਚ ਉਗਦੀਆਂ ਵੱਟਾਂ ਨੂੰ ਕਬਰਾਂ ਬਣਾਉਣ ਵਿਚ ਵੀ ਕੋਈ ਕਸਰ ਨਾ ਛੱਡੀ। ਮਾਪੇ ਘਰ ਦਾ ਬੰਨ੍ਹ ਹੁੰਦੇ। ਸਾਰੇ ਸੰਬੰਧਾਂ ਦਾ ਕੇਂਦਰ ਬਿੰਦੂ। ਉਨ੍ਹਾਂ ਦੇ ਹੁੰਦਿਆਂ ਪਿੰਡ ਦੇ ਪੁਰਾਣੇ ਘਰ ਨੂੰ ਸਿਜਦਾ ਕਰਨ ਨੂੰ ਵਾਰ ਵਾਰ ਜੀਅ ਕਰਦਾ ਪਰ ਉਨ੍ਹਾਂ ਦੇ ਜਾਣ ਨਾਲ ਹੀ ਰੁੱਸ ਗਿਆ ਪਿੰਡ। ਮੂੰਹ ਫੇਰ ਲਿਆ ਫਿਰਨੀ ਨੇ ਅਤੇ ਮੱਥੇ `ਤੇ ਤਿਊੜੀਆਂ ਉਕਰਾਈਆਂ ਫਿਰਦੀਆਂ ਨੇ ਉਹ ਗਲੀਆਂ ਜਿਨ੍ਹਾਂ ਵਿਚ ਖੇਡ ਕੇ ਜਵਾਨ ਹੋਏ ਸਾਂ। ਜਿਨ੍ਹਾਂ ਵਿਚ `ਕੱਲੇ ਕੱਛੇ `ਚ ਦੌੜਦਿਆਂ ਭੱਜਦਿਆਂ ਹੀ ਜਹਾਜ਼ `ਤੇ ਬੈਠਣ ਦੇ ਸੁਪਨੇ ਲਏ ਸਨ। ਬਹੁਤ ਤਿੜਕਦਾ ਹੈ ਮਨ। ਮਨ ਦੀ ਚੀਸ ਨੂੰ ਕਲਮ ਵੀ ਉਲਥਾਉਣ ਤੋਂ ਨਾਬਰ ਹੋ ਗਈ ਤਾਂ ਕਲਮ ਫਿਸ ਪਈ;
ਜਿ਼ੰਦਗੀ ਦੀ ਬੀਹੀ ਵਿਚ
ਗੁੰਮ ਹੋਈਆਂ ਪੈੜਾਂ ਦੀ
ਲੈਂਦਾ ਰਹਾਂ ਹਰਦਮ ਸੂਹਾਂ।
ਜਿਸਦੀ ਆਗੋਸ਼ ਵਿਚ
ਸੁਪਨੇ ਸੀ ਅੱਖ ਪੁੱਟੀ
ਕਿਥੇ ਨੇ ਗਵਾਚ ਗਈਆਂ ਜੂਹਾਂ?
ਕੱਚੇ ਜਿਹੇ ਘਰ ਦਿਆਂ
ਨੀਵੇਂ ਜਿਹੇ ਦਰਾਂ ਵਿਚ
ਸੁੱਚੇ ਚਾਅ ਚੋਂਦੇ ਸੀਗੇ ਤੇਲ।
ਵਿਹੜੇ ਦਿਆਂ ਰੰਗਾਂ ਜਿਹੀ
ਸਰਘੀ ਦੀ ਧੁੱਪ ਵਿਚ
ਭਾਉਂਦੀ ਸੀ ਭਾਵਾਂ `ਤੇ ਤ੍ਰੇਲ।
ਖੁੱਲ੍ਹੇ ਰਹਿੰਦੇ ਬਾਰ ਥਾਣੀ
ਲੰਘਦੀ ਹੋਈ ਭੂਰ ਸਦਾ
ਭਿਉਂ ਦੇਂਦੀ ਸੁੱਕੀਆਂ ਬਰੂਹਾਂ।

ਨਿੱਕੀ ਜਹੀ ਕੋਠੜੀ `ਚ
ਵੱਡਾ ਪਰਿਵਾਰ ਰਹਿੰਦਾ
ਜਾਣਦਾ ਸੀ ਜਿ਼ੰਦਗੀ ਦਾ ਰਾਜ਼।
ਨੀਵੀਂ ਜਿਹੀ ਛੱਤ ਉਤੋਂ
ਅੰਬਰਾਂ ਨੂੰ ਛੂਹਣ ਲਈ
ਭਰੀ ਸੀਗੀ ਲੰਮੀ ਪ੍ਰਵਾਜ਼।
ਅਸੀਸਾਂ-ਅਰਦਾਸਾਂ ਸੰਗ
ਤੋਰਿਆ ਸੀ ਜਿਨ੍ਹਾਂ ਉਦੋਂ
ਰੂਹ ਵਿਚ ਵੱਸਦੀਆਂ ਨੇ ਰੂਹਾਂ।

ਕਾਨਿਆਂ ਦੀ ਛੱਤ ਵਿਚੋਂ
ਕਿਰ ਰਹੀ ਮਿੱਟੀ ਉਦੋਂ
ਟੋਂਹਦੀ ਸੀਗੀ ਮੁੱਖੜੇ ਦੀ ਭਾਅ।
ਤਿੱਪ ਤਿੱਪ ਚੋਂਦੀ ਹੋਈ
ਛੱਤ ਦੇ ਸੰਗੀਤ ਵਿਚ
ਕਰਦਾ ਸੀ ਕੌਣ ਪ੍ਰਵਾਹ?
ਖਾਲੀ ਪਏ ਭੜੋਲਿਆਂ `ਚ
ਚੁੰਗ ਕੁ ਅਨਾਜ ਉਦੋਂ
ਲੱਗਦਾ ਸੀ ਸਾਨੂੰ ਮਣੀ ਮੂੰਹਾਂ।

ਸਮਿਆਂ ਦੀ ਧੁੰਦ `ਚ
ਗਵਾਚੇ ਹੋਏ ਪਲਾਂ ਦਾ
ਕੋਈ ਵੀ ਸਿਰਾ ਨਾ ਥਿਆਵੇ।
ਚਿਹਰਿਆਂ ਦਾ ਚੰਨ ਨਾ
ਉਤਰੇ ਬਨੇਰਿਆਂ ਤੋਂ
ਚਾਨਣੀ ਨਾ ਮੰਨੀਂ ਛਿੜਕਾਵੇ।
ਦੂਰ ਪ੍ਰਦੇਸੀਂ ਬੈਠਾ
ਘਰ ਦੇ ਫਰੇਬ ਦੇਖ
ਆਉਂਦੇ ਜਾਂਦੇ ਚੇਤਿਆਂ ਨੂੰ ਲੂਹਾਂ।
ਅੱਜ ਤਰੋਤਾਜ਼ਾ ਹੋ ਗਿਆ ਹੈ ਬਾਪ ਦਾ ਆਖ਼ਰੀ ਪਲ ਜਦ ਉਸਨੇ ਆਖਰੀ ਸਫ਼ਰ `ਤੇ ਜਾਣ ਤੋਂ ਪਹਿਲਾਂ ਬੇਹੋਸ਼ ਹੁੰਦਿਆਂ ਵੀ ਅੱਖਾਂ ਖੋਲ ਕੇ ਜੀਅ ਭਰ ਕੇ ਮੇਰੇ ਵੱਲ ਦੇਖਿਆ ਸੀ। ਉਨ੍ਹਾਂ ਦੀ ਤੱਕਣੀ ਅੱਜ ਵੀ ਮੇਰੇ ਚੇਤਿਆਂ ਵਿਚ ਤਾਰੀ ਹੈ। ਯਾਦ ਹੈ ਉਨ੍ਹਾਂ ਦੇ ਦੀਦਿਆਂ ਵਿਚ ਸਹਿਜ, ਸੰਤੁਸ਼ਟੀ ਅਤੇ ਸਕੂਨ ਦਾ ਦ੍ਰਿਸ਼। ਉਨ੍ਹਾਂ ਨੇ ਸ਼ਾਂਤੀ ਨਾਲ ਮੂਕ ਅਲਵਿਦਾ ਕਹੀ ਅਤੇ ਲੰਮਾ ਸਾਰਾ ਹਟਕੋਰਾ ਭਰ ਕੇ ਸਦਾ ਲਈ ਅੱਖਾਂ ਮੀਟ ਲਈਆਂ। ਕਿੰਨੀ ਸੁਖਨਮਈ ਸੀ ਇਹ ਅਲਵਦਾਇਗੀ ਕਿ ਉਨ੍ਹਾਂ ਆਪਣੇ ਜੇਠੇ ਪੁੱਤ ਨੂੰ ਸਿਰਹਾਣੇ ਬੈਠਿਆਂ ਦੇਖਿਆ। ਉਹ ਰੂਹ ਨਾਲ ਪੁੱਤ ਨੂੰ ਨਿਹਾਰ ਕੇ ਅਤੇ ਬਹੁਤ ਸਾਰੀਆਂ ਦੁਆਵਾਂ ਦੇ ਕੇ ਸਦਾ ਲਈ ਰੁੱਖ਼ਸਤ ਹੋਏ। ਇਹ ਦੁਆਵਾਂ ਹੀ ਨੇ ਜਿਨ੍ਹਾਂ ਨੇ ਸਾਰੀ ਉਮਰ ਮੇਰੇ ਨਾਲ ਰਹਿਣਾ ਅਤੇ ਇਹਾਂ੍ਹ ਵਿਚੋਂ ਹੀ ਮੈਂ ਆਪਣੀ ਕੀਰਤੀ ਨੂੰ ਅਕੀਦਤ ਯੋਗ ਬਣਾਉਣ ਲਈ ਉਦਮ ਕਰਦੇ ਰਹਿਣਾ ਹੈ।