ਲੋਕਾਂ ਦੇ ਨੁਮਾਇੰਦਿਆਂ ਦੀ ਭੂਮਿਕਾ ਅਤੇ ਪੰਜਾਬ

ਗੁਰਪ੍ਰੀਤ ਸਿੰਘ ਤੂਰ
+91-98158-00405
ਰਾਜੇ ਦਾ ਜਿਹੋ ਜਿਹਾ ਰਿਸ਼ਤਾ ਪਰਜਾ ਨਾਲ ਹੁੰਦਾ ਸੀ, ਉਹੋ ਜਿਹਾ ਰਿਸ਼ਤਾ ਵਿਧਾਨਕਾਰਾਂ ਦਾ ਹਲਕੇ ਦੀ ਪਰਜਾ ਨਾਲ ਹੋਣਾ ਚਾਹੀਦਾ ਹੈ। ਪਿਛਲੇ ਕਈ ਵਰ੍ਹਿਆਂ ਤੋਂ ਇਹ ਰਿਸ਼ਤਾ ਲਗਾਤਾਰ ਨਿਵਾਣ ਵੱਲ ਵਗਿਆ। ਇਸ ਰਿਸ਼ਤੇ ਨੂੰ ਪਿਛਲੇ ਹਾਲਾਤ ਅਤੇ ਮੌਜੂਦਾ ਸਥਿਤੀ ਵਿਚ ਉਪਜੀ ਆਸ ਦੀ ਕਿਰਨ ਦੇ ਪ੍ਰਸੰਗ ਵਿਚ ਵਿਚਾਰਿਆ ਜਾ ਰਿਹਾ ਹੈ।

ਚੋਣਾਂ ਨੂੰ ਲੋਕਤੰਤਰ ਦਾ ਥੰਮ੍ਹ ਆਖਿਆ ਗਿਆ ਹੈ ਪਰ ਚੋਣਾਂ ਕਾਰਨ ਸਮਾਜ ਧੜੇਬੰਦੀ ਦਾ ਸ਼ਿਕਾਰ ਹੋਇਆ ਹੈ। ਚੋਣਾਂ ਵਿਚ ਹੋਈਆਂ ਜਿੱਤਾਂ-ਹਾਰਾਂ ਨੇ ਕੁੜੱਤਣ ਤੇ ਬਦਲੇ ਦੀ ਭਾਵਨਾ ਨੂੰ ਜਨਮ ਦਿੱਤਾ। ਜਿੱਤੇ ਲੋਕ ਤਾਕਤ ਦੀ ਵਰਤੋਂ ਕਰਨ ਲੱਗੇ ਤੇ ਸਮਾਜ ਵਿਚ ਵੰਡੀਆਂ ਪੈ ਗਈਆਂ। ਗਲਤ ਮੁਕੱਦਮੇ ਦਰਜ ਹੋਣ ਲੱਗੇ ਅਤੇ ਮੁਕੱਦਮਿਆਂ ਵਿਚ ਬੇਕਸੂਰ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗਾ। ਜੁਰਮ ਦੀਆਂ ਧਾਰਾਵਾਂ ਆਪਣੇ ਅਨੁਸਾਰ ਬਦਲੀਆਂ ਜਾਣ ਲੱਗੀਆਂ। ਬੇਕਸੂਰ ਲੋਕਾਂ ਨੂੰ ਇਰਾਦਾ ਕਤਲ ਅਤੇ ਕਤਲ ਜਿਹੀਆਂ ਗੰਭੀਰ ਧਾਰਾਵਾਂ ਦਾ ਸਾਹਮਣਾ ਕਰਨਾ ਪਿਆ। ਆਮ ਲੋਕਾਂ ਨੂੰ ਦੁੱਖਾਂ-ਤਕਲੀਫਾਂ ‘ਚੋਂ ਲੰਘਣਾ ਪਿਆ ਤੇ ਭਾਈਚਾਰਕ ਸਾਂਝ ਨੂੰ ਗੰਭੀਰ ਸੱਟ ਵੱਜੀ। ਜਾਣੇ-ਅਣਜਾਣੇ ਤੇ ਸਿੱਧੇ-ਅਸਿੱਧੇ ਰੂਪ ਵਿਚ ਕੁਝ ਵਿਧਾਨਕਾਰ ਇਸ ਸਭ ਦਾ ਹਿੱਸਾ ਬਣਦੇ ਰਹੇ ਹਨ। ਅਜਿਹੇ ਹਾਲਾਤ ਦਾ ਸਮਾਜ ਵਿਰੋਧੀ ਅਨਸਰਾਂ ਨੇ ਭਰਪੂਰ ਫਾਇਦਾ ਉਠਾਇਆ। ਅਗਲਾ ਸਫਰ ਤੈਅ ਕਰਦਿਆਂ ਅਜਿਹੇ ਹਾਲਾਤ ਨੇ ਨਾਜਾਇਜ਼ ਕਬਜ਼ਿਆਂ, ਫਿਰੌਤੀਆਂ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਜਨਮ ਦਿੱਤਾ। ਇਹੋ ਹਾਲਾਤ ਨਸ਼ਿਆਂ ਦੇ ਪਾਸਾਰ ਤੇ ਗੈਂਗਸਟਰ ਕਲਚਰ ਦੇ ਵਾਧੇ ਲਈ ਵੀ ਜ਼ਿੰਮੇਵਾਰ ਬਣੇ।
ਇੱਥੋਂ ਆਪਾਂ ਨੂੰ ਪਿੱਛੇ ਮੁੜਨਾ ਪਵੇਗਾ। ਮੰਦ-ਭਾਵਨਾ ਤੋਂ ਸਦ-ਭਾਵਨਾ, ਵੈਰ ਵਿਰੋਧ ਤੋਂ ਮੇਲ ਮਿਲਾਪ, ਦੁਸ਼ਮਣੀ ਤੋਂ ਦੋਸਤੀ, ਭਾਈਚਾਰਕ ਸਾਂਝ ਦੀਆਂ ਇਹ ਪੁੰਗਰੀਆਂ ਤੰਦਾਂ ਹਨ। ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲੜਾਈ-ਝਗੜੇ ਦੀਆਂ ਨਾਂ-ਮਾਤਰ ਘਟਨਾਵਾਂ ਇਸ ਸਫਰ ਦਾ ਸ਼ੁਭ ਸੰਕੇਤ ਹਨ। ‘ਅੱਜ ਪੰਜਾਬ ਦੇ ਤਿੰਨ ਕਰੋੜ ਵਾਸੀ ਮੁੱਖ ਮੰਤਰੀ ਦੀ ਸਹੁੰ ਚੁੱਕ ਰਹੇ ਹਨ’, ਸਹੁੰ ਚੁੱਕਣ ਸਮੇਂ ਮੁੱਖ ਮੰਤਰੀ (ਭਗਵੰਤ ਮਾਨ) ਦੇ ਕਹੇ ਇਹ ਸ਼ਬਦ ਇਸ ਪੱਖ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਹੈ। ਹੋਲੀ ਵਾਲੇ ਦਿਨ ਹਰਿਆਣਾ ਦੇ ਮੁੱਖ ਮੰਤਰੀ (ਮਨੋਹਰ ਲਾਲ ਖੱਟਰ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਮੱਥੇ ‘ਤੇ ਤਿਲਕ ਲਾਉਣਾ ਭਾਈਚਾਰਕ ਸਾਂਝ ਦਾ ਵੱਡਾ ਸੁਨੇਹਾ ਹੈ। ਭਾਈਚਾਰਕ ਸਾਂਝ ‘ਚ ਪਈਆਂ ਤਰੇੜਾਂ ਕਾਰਨ ਪੰਜਾਬ ਦਾ ਅਥਾਹ ਨੁਕਸਾਨ ਹੋਇਆ ਹੈ। ‘ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ, ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ’। ਪੰਜਾਬ ਦੀ ਧਰਤੀ ਭਾਈਚਾਰਕ ਸਾਂਝ ਦੀਆਂ ਅਜਿਹੀਆਂ ਕਲਮਾਂ ਨਾਲ ਭਰੀ ਪਈ ਹੈ। ਵਿਧਾਇਕਾਂ ਦੇ ਥੋੜ੍ਹੇ-ਬਹੁਤੇ ਛਿੱਟਿਆਂ ਨਾਲ ਹੀ ਹਰੀਆਂ-ਭਰੀਆਂ ਕਰੂੰਬਲਾਂ ਪੁੰਗਰ ਪੈਣੀਆਂ ਹਨ। ਕੋਲ ਖੜ੍ਹੇ ਵਿਅਕਤੀਆਂ ਲਈ ਸੰਜਮ ਤੇ ਸਾਹਮਣੇ ਖੜ੍ਹੇ ਵਿਅਕਤੀਆਂ ਲਈ ਸਨਮਾਨ ਇਸ ਵੇਲੇ ਤੁਹਾਡੀਆਂ ਦੋਵੇਂ ਮੁੱਠੀਆਂ ਰੰਗਾਂ ਨਾਲ ਭਰੀਆਂ ਹੋਈਆਂ ਹਨ। ਰੱਬ ਕਰੇ, ਵਿਧਾਨ ਸਭਾ ਦਾ ਇਹ ਕਾਲ ਭਾਈਚਾਰਕ ਸਾਂਝ ਦੇ ਤੌਰ ‘ਤੇ ਜਾਣਿਆ ਜਾਵੇ।
ਇਲਾਕੇ ਦਾ ਵਿਕਾਸ ਉਚੇਚੇ ਧਿਆਨ ਦੀ ਮੰਗ ਕਰਦਾ ਹੈ। ਅੱਜ ਵੀ ਵਿਕਾਸ ਪੱਖੋਂ ਅਸੀਂ ਗਲੀਆਂ-ਨਾਲੀਆਂ, ਇੰਟਰਲੌਕਿੰਗ ਟਾਈਲਾਂ, ਧਰਮਸ਼ਾਲਾਵਾਂ ਤੇ ਸ਼ਮਸ਼ਾਨਘਾਟ ਤੱਕ ਹੀ ਸੀਮਤ ਹਾਂ। ਪਿੰਡਾਂ ਤੇ ਕਸਬਿਆਂ ਵਿਚ ਹੋਣ ਵਾਲੇ ਕੰਮਾਂ ਦੀ ਸੂਚੀ ਤਿਆਰ ਕਰਵਾਈ ਜਾਵੇ। ਸਾਡੇ ਵਿਧਾਨਕਾਰ ਵਿਕਾਸ ਪੱਖੋਂ ਜ਼ਿਲ੍ਹਾ ਲੁਧਿਆਣਾ ਦਾ ਚਕਰ ਪਿੰਡ ਦੇਖਣ ਜਾਣ। ਅਸੀਂ ਸਰਵੇ ਕਰਵਾਈਏ ਤੇ ਸਾਡੇ ਕੋਲ ਇਲਾਕੇ ਦੇ ਅੰਕੜੇ ਆਧਾਰਿਤ ਮੁਕੰਮਲ ਸੂਚਨਾ ਹੋਵੇ। ਇਸ ਸਾਰੇ ਕੰਮ ਲਈ ਯੋਜਨਾਬੰਦੀ ਅਤੀ ਮਹੱਤਵਪੂਰਨ ਹੈ। ਪ੍ਰਾਂਤ ਅਤੇ ਕੇਂਦਰ ਦੀਆਂ ਭਲਾਈ ਸਕੀਮਾਂ ਆਪਣੇ ਹਲਕੇ ਵਿਚ ਲੈ ਕੇ ਆਈਏ। ਵਿਕਾਸ ਦੇ ਕੰਮ ਵਾਤਾਵਰਨ ਅਨੁਕੂਲ ਹੋਵਣ, ਜੇ ਅਸੀਂ ਚੱਪੇ-ਚੱਪੇ ‘ਤੇ ਟਾਈਲਾਂ ਲਾ ਦਈਏ ਤਾਂ ਧਰਤੀ ਵਿਚ ਪਾਣੀ ਕਿਵੇਂ ਸਮੋ ਸਕੇਗਾ ਅਤੇ ਪੌਦੇ ਕਿਵੇਂ ਉਗਾ ਸਕਾਂਗੇ? ਪੇਂਡੂ ਵਿਕਾਸ, ਸਾਇੰਸ ਤੇ ਤਕਨਾਲੋਜੀ, ਗਵਰਨੈਂਸ, ਪ੍ਰਦੂਸ਼ਣ ਬੋਰਡ ਆਦਿ ਅਦਾਰਿਆਂ ਦੀ ਵਿਕਾਸ ਦੇ ਕੰਮਾਂ ਲਈ ਮਦਦ ਲਈ ਜਾ ਸਕਦੀ ਹੈ। ਸਕੂਲਾਂ ਅਤੇ ਹਸਪਤਾਲਾਂ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ, ਇਸ ਸਮੇਂ ਪਿੰਡਾਂ ਵਿਚ ਪਸ਼ੂ ਹਸਪਤਾਲਾਂ ਦੀ ਵੱਡੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਵਿਧਾਨਕਾਰਾਂ ਦਾ ਇੱਕ ਵ੍ਹੱਟਸਐਪ ਗਰੁੱਪ ਹੋਵੇ, ਜਿੱਥੇ ਵਿਕਾਸ ਤੇ ਭਲਾਈ ਦੇ ਕੰਮਾਂ-ਕਾਰਾਂ ਦੀਆਂ ਤਸਵੀਰਾਂ ਅਤੇ ਇਸ ਸਬੰਧੀ ਮਹੱਤਵਪੂਰਨ ਸੂਚਨਾਵਾਂ ਸਾਂਝੀਆਂ ਕੀਤੀਆਂ ਜਾਣ।
ਵਿਆਹਾਂ ਅਤੇ ਸਮਾਜਕ ਸਮਾਗਮਾਂ ਦੇ ਫਜ਼ੂਲ ਖਰਚਿਆਂ ਕਾਰਨ ਆਮ ਲੋਕ ਆਰਥਕ ਤੰਗੀਆਂ-ਤਰੁਸ਼ੀਆਂ ਵਿਚ ਪੀੜੇ ਜਾ ਰਹੇ ਹਨ। ਜਾਇਦਾਦਾਂ ਵਿਕ ਰਹੀਆਂ ਹਨ ਅਤੇ ਕਰਜ਼ੇ ਦੀਆਂ ਪੰਡਾਂ ਨਿਰੰਤਰ ਭਾਰੀਆਂ ਹੋ ਰਹੀਆਂ ਹਨ। ਪੰਜਾਬ ਵਿਚ ਪ੍ਰਤੀ ਵਰ੍ਹੇ ਵਿਆਹਾਂ ਲਈ ਕਿੰਨੀਆਂ ਜਾਇਦਾਦਾਂ ਵੇਚੀਆਂ ਗਈਆਂ ਤੇ ਕਿੰਨੀਆਂ ਰਕਮਾਂ ਖਰਚ ਹੋਈਆਂ, ਜੇ ਇਹ ਅੰਕੜੇ ਇਕੱਠੇ ਕੀਤੇ ਜਾਣ ਤਾਂ ਸਨਸਨੀਖੇਜ਼ ਤੱਥ ਸਾਡੇ ਸਾਹਮਣੇ ਆਉਣਗੇ। ਪਿਛਲੇ ਸਮਿਆਂ ‘ਤੇ ਝਾਤੀ ਮਾਰੀਏ ਤਾਂ ਇਸ ਪੱਖੋਂ ਧਾਰਮਿਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਯਤਨ ਨਾਂ-ਮਾਤਰ ਹੀ ਹਨ। ਇਸ ਸਮੇਂ ਵਿਧਾਨਕਾਰਾਂ ਕੋਲ ਖਾਲੀ ਮੈਦਾਨ ਹੈ। ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਲੋਕਾਂ ਨੂੰ ਸਮਾਜਿਕ ਸਮਾਗਮਾਂ ‘ਤੇ ਘੱਟ ਖਰਚ ਕਰਨ ਲਈ ਉਤਸ਼ਾਹਿਤ ਕਰਨਾ ਅਤੀ ਲੋੜੀਂਦਾ, ਸ਼ਲਾਘਾਯੋਗ ਅਤੇ ਲਾਹੇਵੰਦ ਯਤਨ ਹੋਵੇਗਾ। ਅੰਦਾਜ਼ਨ ਵਿਧਾਨਕਾਰਾਂ ਨੂੰ ਪ੍ਰਤੀ ਦਿਨ ਦੋ ਤੋਂ ਚਾਰ ਸਮਾਗਮਾਂ ‘ਤੇ ਜਾਣ ਅਤੇ ਲੋਕਾਂ ਨੂੰ ਗੈਰ-ਰਸਮੀ ਅਤੇ ਰਸਮੀ ਤੌਰ ‘ਤੇ ਸੰਬੋਧਨ ਕਰਨ ਦੇ ਮੌਕੇ ਮਿਲਦੇ ਰਹਿੰਦੇ ਹਨ, ਅਜਿਹੇ ਮੌਕਿਆਂ ‘ਤੇ ਉਨ੍ਹਾਂ ਨੂੰ ਘੱਟ ਖਰਚਿਆਂ ਲਈ ਪ੍ਰੇਰਨਾ ਚਾਹੀਦਾ ਹੈ। ਘੱਟ ਖਰਚਾ ਕਰਨ ਵਾਲੇ ਲੋਕਾਂ ਨੂੰ ਇਕੱਠਾਂ ਵਿਚ ਮਾਨ-ਸਨਮਾਨ ਦਿੱਤਾ ਜਾਵੇ ਤੇ ਮੀਡੀਆ ਵਿਚ ਇਸ ਨੂੰ ਉਭਾਰਿਆ ਜਾਵੇ। ਇਸ ਖੇਤਰ ਵਿਚ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਰਾਹੀਂ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਪੱਖੋਂ ਤੁਹਾਨੂੰ ਰੋਲ ਮਾਡਲ ਬਣ ਕੇ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ।
ਲਗਭਗ ਹਰ ਰੋਜ਼ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈ ਮੌਤ ਦੀ ਖਬਰ ਅਖਬਾਰ ਵਿਚ ਹੁੰਦੀ ਹੈ। ਨਸ਼ਿਆਂ ਦੀ ਰੋਕਥਾਮ ਬੱਤੀ ਬੁਝਾਉਣ ਜਾਂ ਪਾਣੀ ਦੀ ਟੂਟੀ ਬੰਦ ਕਾਰਨ ਵਾਂਗ ਨਹੀਂ ਹੈ। ਇਸ ਪੇਚੀਦਾ ਤੇ ਗੰਭੀਰ ਸਮੱਸਿਆ ਦੇ ਕਈ ਕਾਰਨ ਹਨ। ਹਰ ਹਲਕੇ ਵਿਚ ਨਸ਼ਾ ਛੁਡਾਓ ਤੇ ਮੁੜ ਵਸਾਓ ਸੈਂਟਰ ਚੱਲ ਰਹੇ ਹਨ। ਵਿਧਾਨਕਾਰਾਂ ਨੂੰ ਅਜਿਹੇ ਸੈਂਟਰਾਂ ਦੀ ਵਿਸ਼ੇਸ਼ ਨਿਗਰਾਨੀ ਕਰਨੀ ਚਾਹੀਦੀ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਮੁਹੱਈਆ ਕਰਵਾਉਣ ਦਾ ਉਨ੍ਹਾਂ ਕੋਲ ਅਹਿਮ ਪਲੈਟਫਾਰਮ ਹੈ। ਨਸ਼ਿਆਂ ਵਿਰੁੱਧ ਯਤਨ ਉਨ੍ਹਾਂ ਨੂੰ ਆਪਣੀ ਪਹਿਲ ਸੂਚੀ ਵਿਚ ਸ਼ਾਮਲ ਕਰਨੇ ਚਾਹੀਦੇ ਹਨ।
1978 ਦੀ ਗੱਲ ਹੈ। ਸ. ਦਲੀਪ ਸਿੰਘ ਵਾਸੀ ਤਲਵੰਡੀ ਕਲਾਂ, ਜ਼ਿਲ੍ਹਾ ਲੁਧਿਆਣਾ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸਨ। ਮੰਤਰੀ ਜੀ ਨੇ ਡਿਪਟੀ ਕਮਿਸ਼ਨਰ (ਲੁਧਿਆਣਾ) ਤੋਂ ਪਰਮਿਟ ਜਾਰੀ ਕਰਵਾ ਕੇ ਵੀਹ ਬੋਰੀਆਂ ਸੀਮਿੰਟ ਖਰੀਦਿਆ। ਮਹੀਨੇ ਕੁ ਬਾਅਦ ਇੱਕ ਸ਼ਾਮ ਉਹ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਪਰ ਉਦੋਂ ਤੱਕ ਡਿਪਟੀ ਕਮਿਸ਼ਨਰ ਦਫਤਰ ਵਿਚੋਂ ਉੱਠ ਚੁੱਕੇ ਸਨ। ਉਹ ਪੁੱਛ-ਪੁੱਛ ਕੇ ਰੈੱਡ ਕਰਾਸ ਭਵਨ ਪਹੁੰਚੇ ਪਰ ਡਿਪਟੀ ਕਮਿਸ਼ਨਰ ਅੱਗੇ ਚਲੇ ਗਏ। ਇੰਜ ਇੱਕ ਦੋ ਥਾਵਾਂ ‘ਤੇ ਹੋਰ ਲੱਭ ਕੇ ਉਹ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਜੀਪ ਵਿਚ ਬੈਠ ਕੇ ਉਨ੍ਹਾਂ ਦੀ ਉਡੀਕ ਕਰਨ ਲੱਗੇ। ਦਿਨ ਛੋਟੇ ਸਨ, ਹਨੇਰੇ ਹੋੋਏ ਡਿਪਟੀ ਕਮਿਸ਼ਨਰ ਘਰ ਵਾਪਸ ਆਏ। ਮੰਤਰੀ ਜੀ ਨੂੰ ਘਰ ਦੇ ਬਾਹਰ ਉਡੀਕ ਕਰਦਿਆਂ ਦੇਖ ਉਨ੍ਹਾਂ ਬੇਨਤੀ ਕੀਤੀ ਕਿ ਆਦੇਸ਼ ਦਿਓ। ਜੀਪ ਦੇ ਮਗਰ ਟਰਾਲੀ ਸੀ, ਉਸ ਟਰਾਲੀ ਵਿਚ ਅੱਠ ਬੋਰੀਆਂ ਸੀਮਿੰਟ ਪਿਆ ਸੀ, ਮੰਤਰੀ ਜੀ ਕਹਿੰਦੇ ਮੇਰਾ ਬਾਰਾਂ ਬੋਰੀਆਂ ਨਾਲ ਕੰਮ ਮੁਕੰਮਲ ਹੋ ਗਿਆ, ਤੁਸੀਂ ਇਹ ਸੀਮਿੰਟ ਕਿਸੇ ਲੋੜਵੰਦ ਨੂੰ ਜਾਰੀ ਕਰ ਦਿਓ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਰੋਡਵੇਜ਼ ਦੀਆਂ ਬੱਸਾਂ ਦੀਆਂ ਇੱਕ, ਦੋ ਤੇ ਤਿੰਨ ਨੰਬਰ ਸੀਟਾਂ ਪਿੱਛੇ ਲਿਖਿਆ ਹੁੰਦਾ ਸੀ- ਇਹ ਸੀਟਾਂ ਐਮ.ਐਲ.ਏਜ਼. ਲਈ ਰਾਖਵੀਆਂ ਹਨ!
24 ਜੁਲਾਈ 1994 ਨੂੰ ਮੈਂ ਨਵਾਂ ਸ਼ਹਿਰ ਵਿਖੇ ਸਰਕਾਰੀ ਨੌਕਰੀ ‘ਤੇ ਹਾਜ਼ਰ ਹੋਇਆ ਸੀ। ਤੀਜੇ ਦਿਨ ਨਵਾਂ ਸ਼ਹਿਰ ਵਿਚ ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਨੇ ਰਾਹੋਂ ਤੋਂ ਸਤਲੁਜ ਦਰਿਆ ਵੱਲ ਭੂਮੀ ਸੰਭਾਲ ਮਹਿਕਮੇ ਵੱਲੋਂ ਖਾਲ ਪੱਕੇ ਕਰਨ ਸਬੰਧੀ ਉਦਘਾਟਨ ਕਰਨ ਆਉਣਾ ਸੀ। ਉਦਘਾਟਨ ਵਾਲੇ ਪੱਥਰ ਤੋਂ ਪਰਦਾ ਹਟਾਉਣ ਤੋਂ ਬਾਅਦ ਮੰਤਰੀ ਜੀ ਪੱਕੇ ਖਾਲ-ਖਾਲ ਤੁਰਨ ਲੱਗੇ। ਉਹ ਚਾਰ ਸੌ ਮੀਟਰ ਤੱਕ ਗਏ ਜਿੱਥੇ ਪਾਣੀ ਖੇਤ ਵਿਚ ਪੈਂਦਾ ਸੀ। ਮੰਤਰੀ ਜੀ ਨੇ ਝੁਕ ਕੇ ਸੀਮਿੰਟ ‘ਤੇ ਹੱਥ ਘਸਾਇਆ ਅਤੇ ਪੁੱਛਿਆ- “ਸੀਮਿੰਟ ਕਿਹੜਾ ਲਾਇਆ?” ਵਾਪਸ ਮੁੜਦਿਆਂ ਠੇਕੇਦਾਰ ਨੇ ਸਟੋਰ ‘ਚ ਪਈਆਂ ਅੰਬੂਜਾ ਸੀਮਿੰਟ ਦੀਆਂ ਖਾਲੀ ਬੋਰੀਆਂ ਉਨ੍ਹਾਂ ਨੂੰ ਦਿਖਾਈਆਂ। ਠੇਕੇਦਾਰ ਨੂੰ ਰਤਾ ਪਾਸੇ ਕਰਦਿਆਂ ਉਨ੍ਹਾਂ ਬੁੱਕਲ ਜਿਹੀ ਵਿਚ ਪੁੱਛਿਆ, “ਅਫਸਰਾਂ ਨੂੰ ਥੋੜ੍ਹਾ ਬਹੁਤਾ ਦਿੱਤਾ?” ਉਸ ਨੇ ਹੱਥ ਜੋੜ ਦਿੱਤੇ। ਲੋਕਾਂ ਸਾਹਮਣੇ ਉਨ੍ਹਾਂ ਮਹਿਕਮੇ ਦੀ ਤਾਰੀਫ ਕੀਤੀ ਅਤੇ ਨਵਾਂ ਸ਼ਹਿਰ ਪਹੁੰਚ ਕੇ ਐਸ.ਡੀ.ਓ. ਅਤੇ ਐਕਸੀਅਨ ਲਈ ਪ੍ਰਸੰਸਾ ਪੱਤਰ ਜਾਰੀ ਕਰਨ ਦੇ ਆਦੇਸ਼ ਦਿੱਤੇ।
ਪਿਛਲੇ ਵਰ੍ਹੇ ਦੀ ਗੱਲ ਹੈ। 52 ਆਰ.ਬੀ. ਜ਼ਿਲ੍ਹਾ ਗੰਗਾਨਗਰ ਵਿਚ ਸਮਾਗਮ ਦੌਰਾਨ ਮੇਜ਼ ਦੁਆਲੇ ਬੈਠੇ ਸੱਤ-ਅੱਠ ਵਿਅਕਤੀਆਂ ਨੂੰ ਮੈਂ ਪੁੱਛਿਆ ਕਿ ਪੰਜਾਬ ਤੇ ਰਾਜਸਥਾਨ ਦੇ ਵਿਧਾਇਕਾਂ ਦੇ ਕੰਮ-ਕਾਰ ਤੇ ਵਿਚਰਨ-ਵਿਹਾਰ ਵਿਚ ਕੀ ਅੰਤਰ ਹੈ? ਇੱਕ ਵਿਅਕਤੀ ਨੇ ਆਖਿਆ, “ਮਲੋਟ ਨੇੜੇ ਮੈਰਿਜ ਪੈਲੇਸ ਵਿਚ ਬਰਾਤ ਆਉਣ ‘ਤੇ ਅਰਦਾਸ ਹੋ ਰਹੀ ਸੀ। ਤਦ ਪੰਜਾਬ ਦੇ ਇੱਕ ਵਿਧਾਇਕ ਆਏ, ਪੁਲਿਸ ਦੀ ਗੱਡੀ ਹੂਟਰ ਮਾਰਦੀ ਹੋਈ, ਉਨ੍ਹਾਂ ਨਾਲ ਆਪਣੀ ਗੱਡੀ ਤੋਂ ਇਲਾਵਾ ਦੋ ਗੱਡੀਆਂ ਹੋਰ ਸਨ। ਪੰਦਰਾਂ ਕੁ ਬੰਦਿਆਂ ਨੇ ਨਾਸ਼ਤਾ ਕੀਤਾ ਅਤੇ ਅੱਧੇ ਕੁ ਘੰਟੇ ਬਾਅਦ ਉਹ ਹੂਟਰ ਮਾਰਦੇ ਹੋਏ ਲਾਮ ਲਸ਼ਕਰ ਸਮੇਤ ਬਠਿੰਡੇ ਵਾਲੀ ਸੜਕ ਪੈ ਗਏ। ਰਾਜਸਥਾਨ ਦੇ ਵਿਧਾਇਕ ਨਾਲ ਪੁਲਿਸ ਵਰਦੀ ਵਿਚ ਇੱਕ ਕਰਮਚਾਰੀ ਸੀ ਅਤੇ ਡਰਾਈਵਰ ਸਿਵਲ ਕੱਪੜਿਆਂ ਵਿਚ, ਜੀਪ ਵਿਚ ਕੁੱਲ ਤਿੰਨ ਜਣੇ ਸਨ। ਪੁਲਿਸ ਵਰਦੀ ਵਾਲਾ ਸਾਰਾ ਦਿਨ ਗੱਡੀ ‘ਚ ਬੈਠਾ ਰਿਹਾ ਜਾਂ ਗੱਡੀ ਕੋਲ ਖੜ੍ਹਾ ਰਿਹਾ। ਡਰਾਈਵਰ ਨੇ ਉਸ ਨੂੰ ਉੱਥੇ ਹੀ ਖਾਣਾ ਲਿਆ ਕੇ ਦਿੱਤਾ। ਰਾਜਸਥਾਨ ਦੇ ਵਿਧਾਇਕ ਡੋਲੀ ਤੁਰਨ ਬਾਅਦ ਧੀ ਦੇ ਬਾਪ ਨੂੰ ਸਨੇਹ ਨਾਲ ਮਿਲ ਕੇ ਗਏ।” ਪੰਜਾਬ ਦੀ ਮਿੱਟੀ ਸਾਧਾਰਨ ਤੇ ਲੋਕ-ਹਿਤੈਸ਼ੀ ਰਾਜਨੀਤਕ ਤੇ ਪ੍ਰਸ਼ਾਸਨਿਕ ਪੈੜਾਂ ਨੂੰ ਤਰਸੀ ਪਈ ਹੈ। ਅਵਾਮ ਨੂੰ ਵੀ.ਆਈ.ਪੀ. ਕਲਚਰ ਤੋਂ ਨਿਜਾਤ ਸਮੇਂ ਦਾ ਵਿਸ਼ੇਸ਼ ਸੁਨੇਹਾ ਹੈ। ਕਿਹਾ ਜਾਂਦਾ ਹੈ ਕਿ ਵਿਧਾਇਕ ਬਣਨ ਲਈ ਪੁਸ਼ਤਾਂ ਲੰਘ ਜਾਂਦੀਆਂ ਹਨ। ਲੋਕਾਂ ਨੇ ਆਪਣੇ ਘਰਾਂ ‘ਤੇ ਰਵਾਇਤੀ ਪਾਰਟੀਆਂ ਦੇ ਝੰਡੇ ਲਾ ਕੇ ਵੀ ਤੁਹਾਡੀ ਉਂਗਲ ਫੜੀ ਹੈ। ਉਨ੍ਹਾਂ ਤੁਹਾਨੂੰ ਅਥਾਹ ਮਾਣ-ਸਤਿਕਾਰ ਦਿੱਤਾ ਹੈ। ਉਨ੍ਹਾਂ ਆਪਣਾ ਭਵਿੱਖ ਤੁਹਾਡੀ ਝੋਲੀ ਪਾਇਆ ਹੈ।